ਪੰਜਾਬ ਵਿਚ ਮਿਸ਼ਨ-2017 ਲਈ ਸਰਗਰਮ ਹੋਈ ‘ਆਪ’

ਪਟਿਆਲਾ: ਪੰਜਾਬ ਵਿਚ ਆਮ ਆਦਮੀ ਪਾਰਟੀ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਉਤੇ ਨਿਗ੍ਹਾ ਟਿਕਾ ਲਈ ਹੈ। ਪਾਰਟੀ ਵੱਲੋਂ ਪੂਰੇ ਪੰਜਾਬ ਵਿਚ ਦੋ ਮਹੀਨਿਆਂ ਅੰਦਰ ਹੀ ਮਹਿਲਾ ਵਿੰਗ, ਯੂਥ ਵਿੰਗ ਤੇ ਵਿਦਿਆਰਥੀ ਵਿੰਗ ਦਾ ਗਠਨ ਕੀਤਾ ਜਾਵੇਗਾ ਜਦਕਿ ਚਾਰ ਮਹੀਨਿਆਂ ਵਿਚ ਪੰਜਾਬ ਬਾਡੀ ਦਾ ਐਲਾਨ ਕੀਤਾ ਜਾਵੇਗਾ। ਪਾਰਟੀਆਂ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਸੂਬੇ ਦੇ ਲੋਕਾਂ ਸਾਹਮਣੇ ਸੱਤਾ ਧਿਰ ਦਾ ਮਜ਼ਬੂਤ ਬਦਲ ਪੇਸ਼ ਕੀਤਾ ਜਾਵੇਗਾ।

2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦਾ ਮੁੱਖ ਮੰਤਰੀ ਲਈ ਚਿਹਰਾ ਪਾਰਟੀ ਦੀ ਪੀæਏæਸੀæ ਦੀ ਬੈਠਕ ਵਿਚ ਤੈਅ ਹੋਵੇਗਾ। ਆਮ ਆਦਮੀ ਪਾਰਟੀ ਦੇ ਕੌਮੀ ਆਗੂ ਤੇ ਪੰਜਾਬ ਵਿਚ ਆਬਜ਼ਰਵਰ ਸੰਜੇ ਸਿੰਘ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਦਿੱਲੀ ਵਰਗੀ ਜਿੱਤ ਹਾਸਲ ਕਰੇਗੀ। ਪਾਰਟੀ ਦਾ ਮੁੱਖ ਮੁੱਦਾ ਭ੍ਰਿਸ਼ਟਾਚਾਰ ਹੋਵੇਗਾ ਤੇ ਦਿੱਲੀ ਮਾਡਲ ਨੂੰ ਪੰਜਾਬ ਵਿਚ ਲਾਗੂ ਕਰਕੇ ‘ਆਪ’ ਦਾ ਝੰਡਾ ਬੁਲੰਦ ਕੀਤਾ ਜਾਵੇਗਾ। ਸੂਬੇ ਵਿਚ ‘ਬੇਈਮਾਨ ਭਜਾਓ ਪੰਜਾਬ ਬਚਾਓ’ ਯਾਤਰਾ ਨੂੰ ਮਿਲੇ ਹੁੰਗਾਰੇ ਪਿੱਛੋਂ ਪਾਰਟੀਆਂ ਆਗੂਆਂ ਦੇ ਹੌਸਲੇ ਬੁਲੰਦ ਹਨ। ਸ੍ਰੀ ਸੰਜੇ ਸਿੰਘ ਨੇ ਕਿਹਾ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਵਿਚ ਮਾਰੇ ਗਏ ਲੋਕਾਂ ਦੇ ਸਬੰਧੀਆਂ ਦੀ ਪੀੜ ਦਾ ਅਹਿਸਾਸ ਕਿਸੇ ਪਾਰਟੀ ਨੂੰ ਨਹੀਂ ਹੋਇਆ, 30 ਸਾਲ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਚਾਹੇ 49 ਦਿਨਾਂ ਲਈ ਬਣੀ ਪਰ ਐਸ਼ਆਈæਟੀ ਦਾ ਗਠਨ ਕਰ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਕਦਮ ਚੁੱਕ ਅਹਿਮ ਭੂਮਿਕਾ ਅਦਾ ਕੀਤੀ ਸੀ। ਇਸ ਮਾਮਲੇ ਵਿਚ ਕੇਂਦਰ ਸਰਕਾਰ ਵੱਲੋਂ ਕੋਈ ਮਦਦ ਮਿਲੇ ਜਾਂ ਨਾ ਮਿਲੇ ‘ਆਪ’ ਦੀ ਸਰਕਾਰ ਬਗ਼ੈਰ ਮੋਹਤਾਜ਼ਗੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਤੇ ਪਰਿਵਾਰਾਂ ਨੂੰ ਸਹਾਇਤਾ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਅਗਾਮੀ ਚੋਣਾਂ ਵਿਚ ਪੰਜਾਬ ਵਿਚ ਦਿੱਲੀ ਵਾਲਾ ਇਤਿਹਾਸ ਦੁਹਰਾਉਂਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ। ਸੰਜੇ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਭ੍ਰਿਸ਼ਟਾਚਾਰ, ਨਸ਼ਾਖੋਰੀ, ਜ਼ਮੀਨ ਮਾਫ਼ੀਆ, ਟਰਾਂਸਪੋਰਟ ਮਾਫ਼ੀਆ, ਐਜੂਕੇਸ਼ਨ ਮਾਫ਼ੀਆ ਤੇ ਰੇਤਾ-ਬਜਰੀ ਮਾਫ਼ੀਆ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ। ਪੰਜਾਬ ਦੇ ਕਿਸਾਨਾਂ ਦੀ ਹਾਲਤ ਇੰਨੀ ਬੁਰੀ ਹੋ ਗਈ ਹੈ ਕਿ ਉਹ ਖ਼ੁਦਕੁਸ਼ੀਆਂ ਲਈ ਮਜਬੂਰ ਹਨ। ਮੋਗਾ ਕਾਂਡ ਨੇ ਸਾਬਤ ਕਰ ਦਿੱਤਾ ਹੈ ਕਿ ਸਰਕਾਰ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਸਰਕਾਰ ਤੋਂ ਇਸ ਕਦਰ ਦੁਖੀ ਹਨ ਕਿ ਉਨ੍ਹਾਂ ਨੇ ਹੁਣ 2017 ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਜਿਤਾਉਣ ਦਾ ਮਨ ਬਣਾ ਲਿਆ ਹੈ।
ਉਨ੍ਹਾਂ ਕਿਹਾ ਕਿ ‘ਬੇਈਮਾਨ ਭਜਾਓ, ਪੰਜਾਬ ਬਚਾਓ’ ਜਨ ਚੇਤਨਾ ਯਾਤਰਾ ਦੀ ਸਫ਼ਲਤਾ ਦਾ ਸਿਹਰਾ ਪੰਜਾਬ ਦੇ ਕਨਵੀਨਰ ਸਮੇਤ ਸਾਰੇ ਜ਼ਿਲ੍ਹਿਆਂ ਦੇ ਕਨਵੀਨਰਾਂ ਤੇ ਸਰਗਰਮ ਵਲੰਟੀਅਰਾਂ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਪੂਰੇ ਪੰਜਾਬ ਵਿਚ ਦੋ ਮਹੀਨਿਆਂ ਅੰਦਰ ਹੀ ਮਹਿਲਾ ਵਿੰਗ, ਯੂਥ ਵਿੰਗ ਤੇ ਵਿਦਿਆਰਥੀ ਵਿੰਗ ਦਾ ਗਠਨ ਕੀਤਾ ਜਾਵੇਗਾ ਜਦਕਿ ਚਾਰ ਮਹੀਨਿਆਂ ਵਿਚ ਪੰਜਾਬ ਬਾਡੀ ਦੀ ਐਲਾਨ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਮੋਗਾ ਕਾਂਡ ਵਰਗੀਆਂ ਘਿਨੌਣੀਆਂ ਵਾਰਦਾਤਾਂ ਖ਼ਿਲਾਫ਼ ਆਮ ਆਦਮੀ ਪਾਰਟੀ ਸੜਕਾਂ ਉਤੇ ਆ ਕੇ ਸੰਘਰਸ਼ ਕਰੇਗੀ। ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਅੱਜ ਪੰਜਾਬ ਦੇ ਬਹਾਦਰ, ਅਣਖੀ ਤੇ ਨਿਆਂਪਸੰਦ ਲੋਕ ਅਕਾਲੀ-ਭਾਜਪਾ ਤੇ ਕਾਂਗਰਸ ਦੀਆਂ ਲੋਕ ਵਿਰੋਧੀ ਨੀਤੀਆਂ ਤੇ ਧੱਕੇਸ਼ਾਹੀਆਂ ਤੋਂ ਤੰਗ ਆ ਚੁੱਕੇ ਹਨ, ਇਸ ਲਈ ਉਹ ਇਸ ਨਿਜ਼ਾਮ ਨੂੰ ਬਦਲਣ ਲਈ ਕਾਹਲੇ ਹਨ। ਉਨ੍ਹਾਂ ਕਿਹਾ ਕਿ 2017 ਵਿਚ ਹੋਣ ਵਾਲੀਆਂ ਅਸੈਂਬਲੀ ਚੋਣਾਂ ਦੌਰਾਨ ਪੰਜਾਬ ਵਿਚ ਵੀ ਆਮ ਆਦਮੀ ਪਾਰਟੀ ਨੂੰ ਦਿੱਲੀ ਵਾਂਗ ਹੂੰਝਾਂ ਫੇਰ ਜਿੱਤ ਪ੍ਰਾਪਤ ਹੋਵੇਗੀ।
_________________________________________________
ਯਾਦਵ ਧੜੇ ਵੱਲੋਂ ਵੀ ਪੈਰ ਜਮਾਉਣ ਲਈ ਮਸ਼ਕਾਂ ਤੇਜ਼
ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿਚ ਨਵੀਂ ਹਿਲਜੁੱਲ ਹੋ ਰਹੀ ਹੈ। ਆਮ ਆਦਮੀ ਪਾਰਟੀ ਤੋਂ ਬਾਗੀ ਹੋਏ ਯੋਗੇਂਦਰ ਯਾਦਵ ਧੜਾ ਵੀ ਲੁਧਿਆਣਾ ਵਿਚ ਸਵਰਾਜ ਸੰਵਾਦ ਪ੍ਰੋਗਰਾਮ ਕਰਕੇ ਸੂਬੇ ਦੀ ਰਾਜਨੀਤੀ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ। ਯਾਦਵ ਦਾ ਕਹਿਣਾ ਹੈ ਕਿ ਬਦਲਾਅ ਦੀ ਰਾਜਨੀਤੀ ਦਾ ਆਰੰਭ ਪੰਜਾਬ ਤੋਂ ਹੀ ਕੀਤਾ ਜਾ ਰਿਹਾ ਹੈ। ਪੰਜਾਬ ਵਿਚ 2017 ਦੀਆਂ ਵਿਧਾਨ ਸਭਾ ਚੋਣਾਂ ਲੜਨ ਬਾਰੇ ਯਾਦਵ ਦਾ ਕਹਿਣਾ ਹੈ ਕਿ ਸਵਰਾਜ ਲਹਿਰ ਦਾ ਮੁੱਖ ਏਜੰਡਾ ਹੀ ਦੇਸ਼ ਦੀ ਰਾਜਨੀਤੀ ਵਿਚ ਬਦਲਾਅ ਲੈ ਕੇ ਆਉਣਾ ਹੈ। ਪਹਿਲਾਂ ਪੰਜਾਬ ਦੇ ਲੋਕਾਂ ਨਾਲ ਥਾਂ-ਥਾਂ ਜਾ ਕੇ ਸੰਵਾਦ ਕੀਤਾ ਜਾਵੇਗਾ। ਫੇਰ ਲੋਕਾਂ ਦੀ ਰਾਏ ਅਨੁਸਾਰ ਹੀ ਚੋਣ ਲੜਨ ਬਾਰੇ ਰਣਨੀਤੀ ਬਣੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਕਾਲੀ ਦਲ ਦਾ ਨਹੀਂ ਸਗੋਂ ਬਾਦਲ ਪਰਿਵਾਰ ਦਾ ਰਾਜ ਹੈ ਜਿਸ ਤੋਂ ਪੰਜਾਬ ਨੂੰ ਮੁਕਤੀ ਮਿਲਣੀ ਜ਼ਰੂਰੀ ਹੈ।