ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿਚ ਮਰਿਆਦਾ ਦੀਆਂ ਧੱਜੀਆਂ ਉਡਦੀਆਂ ਡਿਜ਼ੀਟਲ ਮੀਡੀਆ ਰਾਹੀਂ ਦੁਨੀਆਂ ਭਰ ਵਿਚ ਵੇਖੀਆਂ ਗਈਆਂ ਜਿਸ ਨਾਲ ਹਰ ਪੰਜਾਬੀ ਨੇ ਨਮੋਸ਼ੀ ਮਹਿਸੂਸ ਕੀਤੀ। ਪੰਜਾਬ ਵਿਚ ਅਮਨ ਕਾਨੂੰਨ ਦੀ ਹਾਲਤ ਬਾਰੇ ਵਿਧਾਨ ਸਭਾ ਵਿਚ ਗਰਮਾ ਗਰਮਾ ਬਹਿਸ ਦੌਰਾਨ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਕਾਂਗਰਸ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਇਕ-ਦੂਜੇ ਨੂੰ ਗਾਲ੍ਹਾਂ ਕੱਢਣ ‘ਤੇ ਉਤਰ ਆਏ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਦੌਰਾਨ ਉੱਠ ਕੇ ਕੁਝ ਬੋਲਣ ਦੀ ਕੋਸ਼ਿਸ਼ ਕੀਤੀ ਪਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਬਿਠਾ ਦਿੱਤਾ ਤੇ ਉਹ ਕੁਝ ਨਾ ਕਹਿ ਸਕੇ। ਫਿਰ ਸਾਰਾ ਸਮਾਂ ਬਜ਼ੁਰਗ ਸਿਆਸਤਦਾਨ ਅਤੇ ਫਖਰ-ਏ-ਕੌਮ ਦੀ ਕਲਗੀ ਸਜਾਈ ਬੈਠੇ ਪ੍ਰਕਾਸ਼ ਸਿੰਘ ਬਾਦਲ ਚੁੱਪਚਾਪ ਬੈਠੇ ਰਹੇ ਅਤੇ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਵੀ ਇਕਪਾਸੜ ਕਾਰਵਾਈ ਕਰਦੇ ਹੋਏ ਕਾਂਗਰਸੀ ਮੈਂਬਰ ਰਾਣਾ ਗੁਰਜੀਤ ਸਿੰਘ ਨੂੰ ਅਸੱਭਿਅਕ ਭਾਸ਼ਾ ਦੀ ਵਰਤੋਂ ਕਰ ਕੇ ਸਦਨ ਦੀ ਮਰਿਆਦਾ ਭੰਗ ਕਰਨ ਦੇ ਦੋਸ਼ ਤਹਿਤ ਇਜਲਾਸ ਵਿਚੋਂ ਮੁਅੱਤਲ ਕਰ ਦਿੱਤਾ। ਉਧਰ, ਕਾਂਗਰਸੀ ਮੈਂਬਰਾਂ ਨੇ ਵੀ ਸਦਨ ਦੇ ਵਿਚਕਾਰ ਆ ਕੇ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਅੰਮ੍ਰਿਤਸਰ ਵਿਚ ਥਾਣੇਦਾਰ ਦੇ ਹੱਤਿਆ ਕਾਂਡ ਵਿਚ ਉਨ੍ਹਾਂ ਦੀ ਭੂਮਿਕਾ ਹੋਣ ਦੇ ਦੋਸ਼ ਲਾਏ ਤੇ ਉਨ੍ਹਾਂ ਦੀ ਬਰਖ਼ਾਸਤਗੀ ਮੰਗੀ।
ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਦਨ ਵਿਚ ਹੋਈਆਂ ਘਟਨਾਵਾਂ ਤੋਂ ਬਾਅਦ ਖੁੱਲ੍ਹ ਕੇ ਸ਼ ਮਜੀਠੀਆ ਦੀ ਹਮਾਇਤ ਕੀਤੀ। ਸਦਨ ਵਿਚ ਹਾਕਮ ਤੇ ਵਿਰੋਧੀ ਧਿਰ ਦੇ ਮੈਂਬਰਾਂ ਦਰਮਿਆਨ ਤਲਖ਼ੀ ਵਾਲਾ ਮਾਹੌਲ ਉਸ ਵੇਲੇ ਬਣਿਆ ਜਦੋਂ ਕਾਂਗਰਸ ਦੇ ਵਿਧਾਇਕ ਲਾਲ ਸਿੰਘ ਨੇ ਸ਼ ਮਜੀਠੀਆ ‘ਤੇ ਅਪਰਾਧੀਆਂ ਦੀ ਸਰਪ੍ਰਸਤੀ ਦੇ ਦੋਸ਼ ਲਾਉਂਦਿਆਂ ਸਾਰੇ ਕਾਂਗਰਸੀ ਮੈਂਬਰਾਂ ਸਮੇਤ ਸਪੀਕਰ ਦੇ ਆਸਣ ਸਾਹਮਣੇ ਆ ਕੇ ਸਰਕਾਰ ਅਤੇ ਮਜੀਠੀਆ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਹੀ ਮਾਲ ਮੰਤਰੀ ਮਜੀਠੀਆ ਨੇ ਕਾਨੂੰਨ ਵਿਵਸਥਾ ਦੇ ਮੁੱਦੇ ‘ਤੇ ਬਹਿਸ ਜਾਰੀ ਰੱਖਦਿਆਂ ਕਾਂਗਰਸੀ ਵਿਧਾਇਕਾਂ ‘ਤੇ ਅਪਰਾਧੀਆਂ ਦਾ ਸਾਥ ਦੇਣ ਦੇ ਜਵਾਬੀ ਦੋਸ਼ ਲਾਏ। ਉਨ੍ਹਾਂ ਨੇ ਕਾਂਗਰਸ ਦੇ ਰਾਣਾ ਗੁਰਜੀਤ ਸਿੰਘ, ਬਲਬੀਰ ਸਿੰਘ ਸਿੱਧੂ, ਗੁਰਕੀਰਤ ਸਿੰਘ ਕੋਟਲੀ ਅਤੇ ਓਮ ਪ੍ਰਕਾਸ਼ ਸੋਨੀ ‘ਤੇ ਅਪਰਾਧਿਕ ਸਰਗਰਮੀਆਂ ਵਿਚ ਸ਼ਾਮਲ ਹੋਣ ਦੇ ਦੋਸ਼ ਲਾਏ। ਰਾਣਾ ਗੁਰਜੀਤ ਸਿੰਘ ਉਤੇ ਨਾਮਧਾਰੀ ਸੁਖਦੇਵ ਸਿੰਘ ਨਾਲ ਸਬੰਧਾਂ ਦੇ ਦੋਸ਼ ਲਾਉਂਦਿਆਂ ਮਜੀਠੀਆ ਨੇ ਕਿਹਾ ਕਿ ਨਾਮਧਾਰੀ ਦੇ ਲਾਇਸੈਂਸ ਦੀ ਸਿਫਾਰਸ਼ ਰਾਣਾ ਗੁਰਜੀਤ ਨੇ ਕੀਤੀ ਸੀ। ਮਜੀਠੀਆ ਨੇ ਪੌਂਟੀ ਚੱਢਾ ਕਤਲ ਕਾਂਡ ਵਿਚ ਵੀ ਰਾਣਾ ਦੀ ਸ਼ਮੂਲੀਅਤ ਦੇ ਦੋਸ਼ ਮੜ੍ਹ ਦਿੱਤੇ। ਇਸ ਮੌਕੇ ਰਾਣਾ ਗੁਰਜੀਤ ਸਿੰਘ ਵੱਲੋਂ ਵਿਰੋਧ ਕਰਨ ‘ਤੇ ਮਜੀਠੀਆ ਨੇ ਉਨ੍ਹਾਂ ਪ੍ਰਤੀ ਖੁੱਲ੍ਹ ਕੇ ਅਪਸ਼ਬਦਾਂ ਦੀ ਵਰਤੋਂ ਕੀਤੀ ਅਤੇ ਗਾਲ੍ਹਾਂ ‘ਤੇ ਉੱਤਰ ਆਏ। ਇਸ ਮੌਕੇ ਅਕਾਲੀ ਦਲ ਦੀਆਂ ਮਹਿਲਾ ਵਿਧਾਇਕ ਵੀ ਸ਼ ਮਜੀਠੀਆ ਦੇ ਨਾਲ ਹੀ ਬੈਠੀਆਂ ਸਨ ਪਰ ਉਨ੍ਹਾਂ ਨੇ ਭੋਰਾ ਪਰਵਾਹ ਨਾ ਕੀਤੀ। ਦੋਵਾਂ ਵਿਚਾਲੇ ਹੋਏ ਤਕਰਾਰ ਤੋਂ ਬਾਅਦ ਵਿਧਾਨ ਸਭਾ ਦਾ ਮਾਹੌਲ ਬੇਹੱਦ ਅਸ਼ਾਂਤ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਬਹੁ ਗਿਣਤੀ ਵਿਧਾਇਕ ਸ਼ ਮਜੀਠੀਆ ਦੀ ਹਮਾਇਤ ਲਈ ਅੱਗੇ ਆ ਗਏ। ਹੱਥੋਪਾਈ ਤੱਕ ਦੀ ਨੌਬਤ ਆ ਗਈ ਪਰ ਹੋਰਾਂ ਮੈਂਬਰਾਂ ਨੇ ਵਿਚ ਪੈ ਕੇ ਹਾਲਤ ਨੂੰ ਸੰਭਾਲ ਲਿਆ। ਦੂਜੇ ਪਾਸੇ ਸਪੀਕਰ ਨੇ ਵਿਰੋਧੀ ਧਿਰ ਨੂੰ ਸਦਨ ਵਿਚ ਹੋਈਆਂ ਅਣਸੁਖਾਵੀਆਂ ਘਟਨਾਵਾਂ ‘ਤੇ ਮੁਆਫ਼ੀ ਮੰਗਣ ਲਈ ਕਿਹਾ ਤਾਂ ਕਾਂਗਰਸੀ ਹੋਰ ਭੜਕ ਗਏ। ਉਨ੍ਹਾਂ ਦਾ ਕਹਿਣਾ ਸੀ ਕਿ ਗਾਲ੍ਹਾਂ ਤਾਂ ਮਜੀਠੀਆ ਨੇ ਕੱਢੀਆਂ ਹਨ ਤੇ ਫਿਰ ਵਿਰੋਧੀ ਧਿਰ ਦੇ ਮੈਂਬਰ ਵੱਲੋਂ ਮੁਆਫ਼ੀ ਮੰਗਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਰਾਣਾ ਗੁਰਜੀਤ ਸਿੰਘ ਜਾਂ ਤਾਂ ਮੁਆਫ਼ੀ ਮੰਗਣ ਤੇ ਜਾਂ ਫਿਰ ਉਨ੍ਹਾਂ ਨੂੰ ਸਦਨ ਵਿਚੋਂ ਕੱਢਿਆ ਜਾਵੇ। ਇਸ ‘ਤੇ ਸਪੀਕਰ ਨੇ ਰਾਣਾ ਗੁਰਜੀਤ ਸਿੰਘ ਨੂੰ ਸਦਨ ਦੇ ਰਹਿੰਦੇ ਦਿਨਾਂ ਲਈ ਮੁਅੱਤਲ ਕਰ ਦਿੱਤਾ।
__________________________________________
ਮਜੀਠੀਏ ਨੇ ਪੰਜਾਬੀਅਤ ਦਾ ਸਿਰ ਨੀਵਾਂ ਕੀਤਾ: ਮਨਪ੍ਰੀਤ ਬਾਦਲ
ਚੰਡੀਗੜ੍ਹ: ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ‘ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਮਜੀਠੀਆ ਨੇ ਵਿਧਾਨ ਸਭਾ ਵਿਚ ਗਾਲੀ ਗਲੋਚ ਕਰਕੇ ਪੂਰੀ ਪੰਜਾਬੀਅਤ ਦਾ ਸਿਰ ਸ਼ਰਮ ਨਾਲ ਨੀਵਾਂ ਕਰ ਦਿੱਤਾ ਹੈ। ਜਦੋਂਕਿ 1934 ਵਿਚ ਲਾਹੌਰ ਵਿਖੇ ਵਿਧਾਨ ਸਭਾ ਦਾ ਉਦਘਾਟਨ ਉਸ ਦੇ ਪੜਦਾਦਾ ਸੁੰਦਰ ਸਿੰਘ ਮਜੀਠੀਆ (ਖੇਤੀਬਾੜੀ ਮੰਤਰੀ) ਨੇ ਕੀਤਾ ਸੀ ਤੇ ਅੱਜ ਉਨ੍ਹਾਂ ਦੇ ਪੜਪੋਤੇ ਬਿਕਰਮ ਸਿੰਘ ਮਜੀਠੀਆ ਨੇ ਵਿਧਾਨ ਸਭਾ ਦੀ ਮਰਿਆਦਾ ਨੂੰ ਲੀਰੋ-ਲੀਰ ਕਰਕੇ ਰੱਖ ਦਿੱਤਾ ਹੈ।ਉਨ੍ਹਾਂ ਕਿਹਾ ਕਿ ਅੱਜ ਅਕਾਲੀ ਭਾਜਪਾ ਸਰਕਾਰ ਸੱਚ ਸੁਣਨ ਨੂੰ ਤਿਆਰ ਨਹੀਂ ਜਦੋਂਕਿ ਸੂਬੇ ਵਿਚ ਹਰ ਪਾਸੇ ਕਤਲੋਗਾਰਤ ਤੇ ਲੁੱਟ ਖੋਹ ਹੋ ਰਹੀ ਹੈ। ਦਿਨ ਦਿਹਾੜੇ ਧੀਆਂ ਭੈਣਾਂ ਨੂੰ ਅਗਵਾ ਕੀਤਾ ਜਾ ਰਿਹਾ ਹੈ।
__________________________________________
ਸਪੀਕਰ ਅਟਵਾਲ ਨੇ ਧਰਮ ਨਹੀਂ, ਧੜਾ ਨਿਭਾਇਆ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਪੱਤਰਕਾਰਾਂ ਦੇ ਸਵਾਲਾਂ ਵਿਚ ਅਜਿਹੇ ਘਿਰੇ ਕਿ ਉਨ੍ਹਾਂ ਨੂੰ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਸਦਨ ਵਿਚ ਵਰਤੇ ਅਪਸ਼ਬਦਾਂ ਦੀ ਨਿੰਦਾ ਕਰਨੀ ਪਈ। ਸ਼ ਅਟਵਾਲ ਨੇ ਵਿਰੋਧੀ ਧਿਰ ਵੱਲੋਂ ਕੀਤੀ ਜਾ ਰਹੀ ਨਾਅਰੇਬਾਜ਼ੀ ਬਾਰੇ ਆਪਣਾ ਪੱਖ ਸਪੱਸ਼ਟ ਕਰਨ ਲਈ ਆਪਣੇ ਚੈਂਬਰ ਵਿਚ ਪ੍ਰੈਸ ਕਾਨਫਰੰਸ ਬੁਲਾਈ ਸੀ। ਪੱਤਰਕਾਰਾਂ ਨੇ ਸਪੀਕਰ ਨੂੰ ਪੁੱਛਿਆ ਕਿ ਸਦਨ ਵਿਚ ਮਜੀਠੀਆ ਵੱਲੋਂ ਵੀ ਗਾਲ੍ਹਾਂ ਕੱਢੀਆਂ ਗਈਆਂ; ਉਨ੍ਹਾਂ ਸਿਰਫ਼ ਵਿਰੋਧੀ ਧਿਰ ਦੇ ਮੈਂਬਰ ਰਾਣਾ ਗੁਰਜੀਤ ਸਿੰਘ ਵਿਰੁੱਧ ਹੀ ਮੁਅੱਤਲੀ ਵਰਗੀ ਕਾਰਵਾਈ ਕਿਉਂ ਕੀਤੀ ਗਈ। ਸ਼ ਅਟਵਾਲ ਨੇ ਕਿਹਾ ਕਿ ਸਪੀਕਰ ਨੇ ਤਾਂ ਪੇਸ਼ ਮਤੇ ‘ਤੇ ਹੀ ਕਾਰਵਾਈ ਕਰਨੀ ਹੁੰਦੀ ਹੈ। ਵਿਰੋਧੀ ਧਿਰ ਨੂੰ ਆਪਣਾ ਪੱਖ ਰੱਖਣ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਨਹੀਂ ਰੱਖਿਆ। ਸਪੀਕਰ ਨੇ ਇਹ ਗੱਲ ਸਪੱਸ਼ਟ ਕੀਤੀ ਕਿ ਮਜੀਠੀਆ ਨੇ ਸਦਨ ਵਿਚ ਜੋ ਕਿ ਵੀ ਸ਼ਬਦ ਬੋਲੇ ਹਨ, ਉਸ ਦੀ ਨਿੰਦਾ ਕਰਨੀ ਬਣਦੀ ਹੈ। ਇਸੇ ਦੌਰਾਨ ਸਪੀਕਰ ਨੂੰ ਪੁੱਛਿਆ ਗਿਆ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਮਹਿਲਾ ਪੱਤਰਕਾਰ ਨੂੰ ਗਾਲ੍ਹ ਦੀ ਭਾਸ਼ਾ ਦੱਸਣ ਲਈ ਕਿਹਾ ਸੀ ਜੋ ਇਕ ਮਹਿਲਾ ਦਾ ਅਪਮਾਨ ਕਰਨ ਦੇ ਤੁਲ ਹੈ ਤਾਂ ਸ਼ ਅਟਵਾਲ ਨੇ ਕਿਹਾ ਕਿ ਜੇ ਉਪ ਮੁੱਖ ਮੰਤਰੀ ਨੇ ਅਜਿਹਾ ਕੀਤਾ ਤਾਂ ਉਹ ਇਸ ਦੀ ਵੀ ਨਿੰਦਾ ਕਰਦੇ ਹਨ। ਇਹ ਪੁੱਛਣ ‘ਤੇ ਕਿ ਹੁਣ ਤਾਂ ‘ਯੂਟਿਊਬ’ ਉਤੇ ਨਸ਼ਰ ਵੀਡੀਓ ਵਿਚ ਜ਼ਾਹਿਰ ਹੋ ਗਿਆ ਹੈ ਕਿ ਮਜੀਠੀਆ ਨੇ ਗਾਲ੍ਹਾਂ ਕੱਢੀਆਂ ਹਨ, ਹੁਣ ਉਨ੍ਹਾਂ ਨੂੰ ਮਜੀਠੀਆ ਖਿਲਾਫ ਕਾਰਵਾਈ ਲਈ ਕਿਸ ਤਰ੍ਹਾਂ ਦੇ ਸਬੂਤਾਂ ਦੀ ਲੋੜ ਹੈ ਤਾਂ ਉਹ ਕੁਝ ਨਾ ਬੋਲ ਸਕੇ ਅਤੇ ਉਨ੍ਹਾਂ ਸਿਰ ਨੀਵਾਂ ਕਰ ਲਿਆ। ਲੱਗ ਰਿਹਾ ਸੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਪ੍ਰਧਾਨ ਸੁਖਬੀਰ ਬਾਦਲ ਦੇ ‘ਸਾਲਾ ਸਾਹਿਬ’ ਖਿਲਾਫ ਬੋਲਣ ਤੋਂ ਡਰ ਰਹੇ ਸਨ।
_____________________________________________
ਜੀਜੇ ਸਾਲੇ ਦੀ ਬੁਰਛਾਗਰਦੀ; ‘ਨੰਨੀ ਛਾਂ’ ਕੁਝ ਵੀ ਨਾ ਬੋਲੀ
ਚੰਡੀਗੜ੍ਹ: ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਵਿਧਾਨ ਸਭਾ ਗਾਲ੍ਹਾਂ ਕੱਢ ਕੇ ਸਮੁੱਚੀ ਔਰਤ ਜਾਤ ਦੀ ਬੇਇਜ਼ਤੀ ਕੀਤੀ ਗਈ। ਉਸ ਦੇ ਜੀਜੇ ਉਪ ਮੁੱਖ ਮੰਤਰੀ ਸੁਖਬਰਿ ਸਿੰਘ ਬਾਦਲ ਨੇ ਵੀ ਉਸ ਦਾ ਪੱਖ ਪੂਰਿਆ। ਮਜੀਠਆ ਦੀ ਭੈਣ ਅਤੇ ਕੁੜੀਆਂ ਲਈ ਰੱਖਿਆ ਤੇ ਸੁਰੱਖਿਆ ਲਈ ‘ਨੰਨ੍ਹੀ ਛਾਂ’ ਚਲਾਉਣ ਵਾਲੀ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਇਸ ਮਾਮਲੇ ਵਿਚ ਉਕਾ ਹੀ ਨਹੀਂ ਬੋਲੇ। ਇਸ ਤੋਂ ਪਹਿਲਾਂ ਫਰੀਦਕੋਟ ਵਿਚ ਸ਼ਰੁਤੀ ਮਾਮਲੇ ਅਤੇ ਛੇਹਰਟਾ ਵਿਚ ਥਾਣੇਦਾਰ ਦੇ ਕਤਲ ਦੇ ਮਾਮਲੇ ਵੀ ਉਨ੍ਹਾਂ ਆਪਣੀ ਜ਼ੁਬਾਨ ਨੂੰ ਤਾਲਾ ਜੜੀ ਰੱਖਿਆ ਸੀ। ਯਾਦ ਰਹੇ ਕਿ ਛੇਹਰਟਾ ਵਿਚ ਆਪਣੀ ਧੀ ਦੀ ਇਜ਼ਤ ਬਚਾਉਣ ਆਏ ਥਾਣੇਦਾਰ ਨੂੰ ਹਰਸਿਮਰਤ ਦੀ ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਅਤੇ ਫਰੀਦਕੋਟ ਵਿਚ ਅਕਾਲੀ ਦਲ ਦਾ ਖਾਸਮ-ਖਾਸ ਨਿਸ਼ਾਨ ਸਿੰਘ, ਸ਼ਰੂਤੀ ਨੂੰ ਘਰੋਂ ਚੁੱਕ ਕੇ ਲੈ ਗਿਆ ਸੀ।
Leave a Reply