ਅੰਮ੍ਰਿਤਸਰ: ਕੈਲੰਡਰ ਵਿਵਾਦ ਨੇ ਸਿੱਖ ਸੰਗਤ ਵਿਚ ਇਕ ਵਾਰ ਫਿਰ ਭੰਬਲਭੂਸਾ ਪੈਦਾ ਕਰ ਦਿੱਤਾ ਹੈ। ਇਸ ਵਿਵਾਦ ਕਾਰਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਦੋ ਵਾਰ ਮਨਾਇਆ ਜਾਵੇਗਾ। ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਵੱਲੋਂ ਨਵੇਂ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ 22 ਮਈ ਨੂੰ ਮਨਾਇਆ ਗਿਆ ਹੈ ਪਰ ਮੂਲ ਨਾਨਕਸ਼ਾਹੀ ਕੈਲੰਡਰ ਦੇ ਸਮਰਥਕਾਂ ਵੱਲੋਂ ਇਹ ਸ਼ਹੀਦੀ ਪੁਰਬ 16 ਜੂਨ ਨੂੰ ਮਨਾਇਆ ਜਾਵੇਗਾ।
ਮੂਲ ਨਾਨਕਸ਼ਾਹੀ ਕੈਲੰਡਰ ਦੇ ਸਮਰਥਕਾਂ ਵਿਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸਰਨਾ ਭਰਾਵਾਂ ਦੀ ਅਗਵਾਈ ਵਾਲਾ ਦਿੱਲੀ ਅਕਾਲੀ ਦਲ, ਵੱਖ-ਵੱਖ ਸਿੱਖ ਜਥੇਬੰਦੀਆਂ ਦਾ ਬਣਿਆ ਪੰਥਕ ਤਾਲਮੇਲ ਸੰਗਠਨ, ਦਲ ਖਾਲਸਾ ਤੇ ਹੋਰ ਸਿੱਖ ਜਥੇਬੰਦੀਆਂ ਸ਼ਾਮਲ ਹਨ। ਇਨ੍ਹਾਂ ਵੱਲੋਂ ਸ਼ਹੀਦੀ ਪੁਰਬ 16 ਜੂਨ ਨੂੰ ਮਨਾਇਆ ਜਾ ਰਿਹਾ ਹੈ। ਇਸੇ ਕਾਰਨ ਹੀ ਭਾਰਤ ਸਥਿਤ ਪਾਕਿਸਤਾਨੀ ਸਫ਼ਾਰਤਖਾਨੇ ਨੇ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਦੇ ਸਿੱਖ ਸ਼ਰਧਾਲੂਆਂ ਨੂੰ 22 ਮਈ ਨੂੰ ਸ਼ਹੀਦੀ ਪੁਰਬ ਮਨਾਉਣ ਵਾਸਤੇ ਪਾਕਿਸਤਾਨ ਜਾਣ ਵਾਸਤੇ ਵੀਜ਼ੇ ਵੀ ਨਹੀਂ ਦਿੱਤੇ ਹਨ। ਪੀæਜੀæਪੀæਸੀæ ਵੱਲੋਂ ਉਥੇ ਇਹ ਸ਼ਹੀਦੀ ਪੁਰਬ 16 ਜੂਨ ਨੂੰ ਮਨਾਉਣ ਦਾ ਐਲਾਨ ਕੀਤਾ ਗਿਆ ਹੈ। 16 ਜੂਨ ਨੂੰ ਹੀ ਸ਼ਹੀਦੀ ਅਸਥਾਨ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਦੀ ਕਾਰ ਸੇਵਾ ਸ਼ੁਰੂ ਹੋਵੇਗੀ। ਇਸ ਵਿਚ ਸ਼ਾਮਲ ਹੋਣ ਲਈ ਸਰਨਾ ਭਰਾਵਾਂ ਦੀ ਅਗਵਾਈ ਹੇਠ 400 ਸਿੱਖ ਸ਼ਰਧਾਲੂਆਂ ਦਾ ਜਥਾ ਸੜਕ ਮਾਰਗ ਰਾਹੀਂ ਪਾਕਿਸਤਾਨ ਜਾਵੇਗਾ।
ਇਸੇ ਤਰ੍ਹਾਂ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਤੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਵੀ ਇਸ ਮਾਮਲੇ ਵਿਚ ਪੀæਜੀæਪੀæਸੀæ ਦੇ ਫ਼ੈਸਲੇ ਦਾ ਸਮਰਥਨ ਕਰਦਿਆਂ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਹੀਦੀ ਪੁਰਬ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 16 ਜੂਨ ਨੂੰ ਮਨਾਉਣ।
ਕੇਂਦਰੀ ਗੁਰੂ ਸਿੰਘ ਸਭਾ ਦੇ ਆਗੂ ਗੁਰਪ੍ਰੀਤ ਸਿੰਘ ਨੇ ਵੀ ਸਿੱਖ ਸੰਗਤ ਨੂੰ ਆਖਿਆ ਕਿ ਪੰਥ ਪ੍ਰਵਾਨਿਤ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਸ਼ਹੀਦੀ ਪੁਰਬ 16 ਜੂਨ ਨੂੰ ਮਨਾਇਆ ਜਾਵੇ। ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਵਰ੍ਹੇ ਨਵਾਂ ਕੈਲੰਡਰ ਜਾ ਕੀਤਾ ਗਿਆ ਸੀ ਜਿਸ ਨੂੰ ਭਾਰਤ ਸਮੇਤ ਵੱਡੀ ਗਿਣਤੀ ਵਿਦੇਸ਼ੀ ਸਿੱਖ ਜਥੇਬੰਦੀਆਂ ਨੇ ਰੱਦ ਕਰ ਦਿੱਤਾ ਹੈ। ਪੰਜ ਸਿੰਘ ਸਾਹਿਬਾਨ ਵੱਲੋਂ ਕੈਲੰਡਰ ਵਿਵਾਦ ਹੱਲ ਕਰਨ ਲਈ ਬਣਾਈ 18 ਮੈਂਬਰੀ ਕਮੇਟੀ ਵੀ ਵਿਵਾਦਾਂ ਵਿਚ ਘਿਰੀ ਹੋਈ ਹੈ। ਕਮੇਟੀ ਵਿਚ ਨਾਨਕਸ਼ਾਹੀ ਕੈਲੰਡਰ ਸਮਰਥਕ ਘੱਟ ਤੇ ਆਲੋਚਕ ਵਧੇਰੇ ਹਨ। ਇਸ ਕਮੇਟੀ ਵਿਚ ਸਮਰਥਕ ਵਜੋਂ ਇਕੱਲੇ ਪਾਲ ਸਿੰਘ ਪੁਰੇਵਾਲ ਨੂੰ ਹੀ ਸ਼ਾਮਲ ਕੀਤਾ ਗਿਆ ਹੈ। ਪੰਜ ਸਿੰਘ ਸਾਹਿਬਾਨਾਂ ਵੱਲੋਂ ਜੋ ਕੈਲੰਡਰ ਜਾਰੀ ਕੀਤਾ ਗਿਆ ਹੈ, ਉਹ ਨਾ ਤਾਂ 2003 ਵਾਲੇ ਮੂਲ ਨਾਨਕਸ਼ਾਹੀ ਕੈਲੰਡਰ ਤੇ ਨਾ ਹੀ 2010 ਵਾਲੇ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਨਾਲ ਮੇਲ ਖਾਂਦਾ ਹੈ
_____________________________________
ਪਾਕਿ ਨੇ 150 ਸਿੱਖ ਸ਼ਰਧਾਲੂਆਂ ਨੂੰ ਨਾ ਦਿੱਤੇ ਵੀਜ਼ੇ
ਨਵੀਂ ਦਿੱਲੀ: ਪਾਕਿਸਤਾਨ ਹਾਈ ਕਮਿਸ਼ਨਰ ਨੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਵਿਚ ਪਾਕਿਸਤਾਨ ਜਾਣ ਦੇ ਚਾਹਵਾਨ 150 ਸ਼ਰਧਾਲੂਆਂ ਨੂੰ ਵੀਜ਼ਾ ਨਹੀਂ ਦਿੱਤਾ। ਸ਼ਹੀਦੀ ਦਿਵਸ ਮਨਾਏ ਜਾਣ ਦੀਆਂ ਤਰੀਕਾਂ ਵਿਚ ਫ਼ਰਕ ਆਉਣ ਕਾਰਨ ਵੀਜ਼ਾ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਾਹੁੰਦੀ ਸੀ ਕਿ ਸ਼ਰਧਾਲੂਆਂ ਨੂੰ 22 ਜੂਨ ਲਈ ਵੀਜ਼ਾ ਦਿੱਤਾ ਜਾਵੇ ਪਰ ਪਾਕਿਸਤਾਨ ਹਾਈ ਕਮਿਸ਼ਨ ਦਾ ਕਹਿਣਾ ਸੀ ਕਿ ਪਾਕਿਸਤਾਨ ਸਰਕਾਰ 16 ਜੂਨ ਨੂੰ ਸ਼ਹੀਦੀ ਦਿਹਾੜਾ ਮਨਾ ਰਹੀ ਹੈ ਤੇ ਉਦੋਂ ਹੀ ਵੀਜ਼ੇ ਦਿੱਤੇ ਜਾਣਗੇ।
_____________________________________
ਅਕਾਲ ਤਖਤ ਵਾਲੇ ਕੈਲੰਡਰ ਨੂੰ ਮੰਨੇ ਪਾਕਿਸਤਾਨ ਕਮੇਟੀ
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਿਹਾ ਹੈ ਕਿ ਪਾਕਿਸਤਾਨ ਸਿੱਖ ਗੁਰਦਵਾਰਾ ਕਮੇਟੀ ਅਕਾਲ ਤਖ਼ਤ ਵੱਲੋਂ ਜਾਰੀ ਕੀਤੇ ਗਏ ਕੈਲੰਡਰ ਮੁਤਾਬਕ ਹੀ ਸਿੱਖ ਗੁਰੂਆਂ ਦੇ ਸ਼ਹੀਦੀ ਤੇ ਜਨਮ ਦਿਹਾੜੇ ਮਨਾਵੇ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਿੱਖਾਂ ਦਾ ਸਰਵਉੱਚ ਸਥਾਨ ਹੈ ਤੇ ਇਸ ਵੱਲੋਂ ਕੀਤੇ ਗਏ ਹੁਕਮ ਦੀ ਹਰ ਸਿੱਖ ਨੂੰ ਪਾਲਣਾ ਕਰਨੀ ਚਾਹੀਦੀ ਹੈ। ਜਥੇਦਾਰ ਅਵਤਾਰ ਸਿੰਘ ਨੇ ਇਥੇ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਤੋਂ ਬਾਅਦ ਆਖਿਆ ਕਿ ਸ਼੍ਰੋਮਣੀ ਕਮੇਟੀ ਅਕਾਲ ਤਖ਼ਤ ਤੋਂ ਪ੍ਰਵਾਨਿਤ ਕੈਲੰਡਰ ਨੂੰ ਹੀ ਮਾਨਤਾ ਦੇਵੇਗੀ। ਇਸੇ ਕੈਲੰਡਰ ਅਨੁਸਾਰ ਗੁਰਪੁਰਬ ਤੇ ਸ਼ਹੀਦੀ ਪੁਰਬ ਮਨਾਇਆ ਜਾਵੇਗਾ। ਅਕਾਲ ਤਖ਼ਤ ਵੱਲੋਂ ਜੇਕਰ ਸ਼ਹੀਦੀ ਪੁਰਬ 22 ਮਈ ਨੂੰ ਮਨਾਉਣ ਦੇ ਹੁਕਮ ਦਿੱਤੇ ਗਏ ਹਨ ਤਾਂ ਇਹ ਕੌਮ ਨੂੰ ਮੰਨਣੇ ਚਾਹੀਦੇ ਹਨ।