ਫਿਰ ਉਲਝਾਇਆ ਜਾ ਰਿਹੈ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ

ਚੰਡੀਗੜ੍ਹ: ਬੇਅੰਤ ਸਿੰਘ ਹੱਤਿਆ ਕਾਂਡ ਸਮੇਤ ਹੋਰ ਕੇਸਾਂ ਵਿਚ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਨਜ਼ਰਬੰਦ ਸਿੰਘਾਂ ਦੀ ਰਿਹਾਈ ਦਾ ਮਸਲਾ ਹੱਲ ਹੋਣ ਦੀ ਥਾਂ ਹੋਰ ਉਲਝਦਾ ਜਾ ਰਿਹਾ ਹੈ। ਇਨ੍ਹਾਂ ਸਿੰਘਾਂ ਦੀ ਰਿਹਾਈ ਲਈ 84 ਸਾਲਾ ਬਾਪੂ ਸੂਰਤ ਸਿੰਘ ਖਾਲਸਾ ਵੱਲੋਂ ਸ਼ੁਰੂ ਕੀਤੀ ਭੁੱਖ ਹੜਤਾਲ ਨੂੰ ਤਕਰੀਬਨ ਸਵਾ ਚਾਰ ਮਹੀਨੇ ਹੋ ਗਏ ਹਨ ਤੇ ਉਨ੍ਹਾਂ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ।

ਬਾਪੂ ਸੂਰਤ ਸਿੰਘ ਦੇ ਇਸ ਸੰਘਰਸ਼ ਵਿਚ ਗਰਮਖਿਆਲੀ ਸਿੱਖ ਜਥੇਬੰਦੀਆਂ ਵੀ ਕੁੱਦ ਪਈਆਂ ਹਨ। ਬੀਤੇ ਦਿਨੀਂ ਇਨ੍ਹਾਂ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਕੋਠੀ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਬਣਾਇਆ ਸੀ ਜੋ ਪੁਲਿਸ ਦੀ ਸਖਤੀ ਕਾਰਨ ਸਫਲ ਨਾ ਹੋ ਸਕਿਆ। ਸ਼੍ਰੋਮਣੀ ਕਮੇਟੀ ਨੇ ਵੀ ਪ੍ਰਦਰਸ਼ਨਕਾਰੀ ਸਿੱਖਾਂ ਨੂੰ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਦੇ ਮੁੱਖ ਗੇਟ ਤੋਂ ਅੰਦਰ ਦਾਖ਼ਲ ਹੋਣ ਤੋਂ ਰੋਕਣ ਲਈ ਟਾਸਕ ਫੋਰਸ ਦੀ ਵਰਤੋਂ ਕੀਤੀ।
ਇਸ ਮੌਕੇ ਬੁਲਾਰਿਆਂ ਨੇ ਅਕਾਲੀ ਦਲ, ਭਾਜਪਾ ਤੇ ਕਾਂਗਰਸ ਨੂੰ ਸੱਤਾ ਤੋਂ ਲਾਂਭੇ ਕਰਕੇ ਖਾਲਿਸਤਾਨ ਬਣਾਉਣ ਦੀ ਲੋੜ ਉਤੇ ਜ਼ੋਰ ਦਿੱਤਾ ਤੇ ਸਿੱਖ ਮਸਲਿਆਂ ਦੇ ਸਥਾਈ ਹੱਲ ਲਈ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਇਕਜੁਟ ਹੋ ਕੇ ਹੰਭਲਾ ਮਾਰਨ ਦੀ ਅਪੀਲ ਕੀਤੀ। ਇਸ ਮੌਕੇ ਇਹ ਚਿਤਾਵਨੀ ਵੀ ਦਿੱਤੀ ਗਈ ਕਿ ਜੇਕਰ ਸੰਘਰਸ਼ ਦੌਰਾਨ ਬਾਪੂ ਸੂਰਤ ਸਿੰਘ ਸ਼ਹੀਦ ਹੋ ਗਏ ਤਾਂ ਸੂਬਾ ਸਰਕਾਰ ਤੇ ਸਿੱਖ ਲੀਡਰਸ਼ਿਪ ਨੂੰ ਨਤੀਜੇ ਭੁਗਤਣੇ ਪੈਣਗੇ। ਅਖੰਡ ਕੀਰਤਨੀ ਜਥੇ ਦੇ ਆਗੂ ਆਰæਪੀæ ਸਿੰਘ ਨੇ ਸ਼੍ਰੋਮਣੀ ਕਮੇਟੀ ਅਤੇ ਸੂਬਾ ਸਰਕਾਰ ਤੇ ਅਕਾਲੀ ਦਲ (ਬਾਦਲ) ਉਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਾਇਆ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰਾਂ ਨੇ ਬੰਦੀ ਸਿੰਘਾਂ ਨੂੰ ਰਿਹਾਅ ਨਾ ਕੀਤਾ ਤਾਂ ਸਿੱਖ ਚੁੱਪ ਨਹੀਂ ਬੈਠਣਗੇ। ਦਮਦਮੀ ਟਕਸਾਲ ਦੇ ਅਮਰੀਕ ਸਿੰਘ ਅਜਨਾਲਾ ਨੇ ਮੁੱਖ ਮੰਤਰੀ ਬਾਦਲ ਉਤੇ ਆਰæਐਸ਼ਐਸ਼ ਦੇ ਪ੍ਰਭਾਵ ਹੇਠ ਕੰਮ ਕਰਨ ਦਾ ਦੋਸ਼ ਲਾਇਆ। ਸਿੱਖ ਯੂਥ ਯੂਨਾਈਟਿਡ ਦੇ ਪ੍ਰਧਾਨ ਪਰਮਜੀਤ ਸਿੰਘ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਦੀ ਹਮਾਇਤ ਦਾ ਐਲਾਨ ਕਰਦਿਆਂ ਹਰ ਜ਼ਿੰਮੇਵਾਰੀ ਨਿਭਾਉਣ ਦੀ ਗੱਲ ਕਹੀ।
ਇਸ ਮੁੱਦੇ ਤੋਂ ਇਲਾਵਾ ਵੀ ਬਾਦਲ ਸਰਕਾਰ ਨੂੰ ਘੇਰਨ ਲਈ ਭਵਿੱਖ ਵਿਚ ਸਾਂਝਾ ਮੰਚ ਤਿਆਰ ਕੀਤਾ ਜਾਵੇਗਾ।
ਜਥੇਬੰਦੀਆਂ ਨੇ ਬੰਦੀ ਸਿੱਖਾਂ ਦੀ ਰਿਹਾਈ ਲਈ ਲੁਧਿਆਣਾ ਵਿਚ ਮਰਨ ਵਰਤ ‘ਤੇ ਬੈਠੇ ਭਾਈ ਸੂਰਤ ਸਿੰਘ ਖਾਲਸਾ ਦੀ ਨਾਜ਼ੁਕ ਹਾਲਤ ਨੂੰ ਮੁੱਖ ਰੱਖਦਿਆਂ ਮੀਟਿੰਗ ਕੀਤੀ। ਇਸ ਵਿਚ ਦੋਸ਼ ਲਾਇਆ ਕਿ ਕੇਂਦਰ ਤੇ ਪੰਜਾਬ ਸਰਕਾਰਾਂ ਦਹਾਕਿਆਂ ਤੋਂ ਜੇਲ੍ਹਾਂ ਵਿਚ ਡੱਕੇ ਬੰਦੀ ਸਿੱਖਾਂ ਦੀ ਰਿਹਾਈ ਲਈ ਕੋਈ ਕਦਮ ਨਾ ਚੁੱਕ ਕੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਰਹੀਆਂ ਹਨ। ਸਮੂਹ ਜਥੇਬੰਦੀਆਂ ਨੇ ਦੋਸ਼ ਲਾਇਆ ਕਿ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਸਰਕਾਰ ਸਿੱਖਾਂ ਨੂੰ ਰਿਹਾਅ ਕਰਨ ਤੋਂ ਇਨਕਾਰੀ ਹੈ। ਹੁਣ ਇਸ ਗੰਭੀਰ ਮੁੱਦੇ ਉਪਰ ਸਮੂਹ ਸਿੱਖ ਸੰਗਠਨ ਇਕਜੁੱਟ ਹੋ ਕੇ ਸੰਘਰਸ਼ ਕਰਨਗੇ। ਭਾਈ ਸੂਰਤ ਸਿੰਘ ਖਾਲਸਾ ਦੇ ਸੰਘਰਸ਼ ਦੇ ਕੋਆਰਡੀਨੇਟਰ ਗੁਰਦੀਪ ਸਿੰਘ ਬਠਿੰਡਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਭਾਈ ਖਾਲਸਾ ਦੇ ਮੂੰਹ ਨੂੰ ਜਬਰੀ ਅੰਨ ਲਾਉਣ ਤੋਂ ਗੁਰੇਜ਼ ਕੀਤਾ ਜਾਵੇ।
ਬੰਦੀ ਸਿੰਘ ਦੀ ਰਿਹਾਈ ਲਈ ਇਸ ਤੋਂ ਪਹਿਲਾਂ ਭਾਈ ਗੁਰਬਖਸ਼ ਸਿੰਘ ਲੰਬਾ ਸਮਾਂ ਭੁੱਖ ਹੜਤਾਲ ‘ਤੇ ਬੈਠ ਚੁੱਕੇ ਹਨ ਪਰ ਸਰਕਾਰ ਕਾਨੂੰਨੀ ਅੜਿੱਕੇ ਦੱਸ ਕੇ ਆਪਣਾ ਪੱਲਾ ਝਾੜਦੀ ਰਹੀ ਹੈ। ਭਾਈ ਗੁਰਬਖਸ਼ ਸਿੰਘ ਦੇ ਜਿਨ੍ਹਾਂ ਸੱਤ ਬੰਦੀ ਸਿੱਖਾਂ ਦੀ ਪੱਕੀ ਰਿਹਾਈ ਦੀ ਉਹ ਮੰਗ ਕੀਤੀ ਸੀ, ਉਨ੍ਹਾਂ ਵਿਚ ਭਾਈ ਵਰਿਆਮ ਸਿੰਘ (ਬਰੇਲੀ ਜੇਲ੍ਹ, ਯੂæਪੀæ ਵਿਚ 1990 ਤੋਂ ਬੰਦ ਹੈ), ਭਾਈ ਲਾਲ ਸਿੰਘ (ਨਾਭਾ ਜੇਲ੍ਹ, ਪੰਜਾਬ ਵਿਚ 1992 ਤੋਂ ਬੰਦ ਹੈ), ਭਾਈ ਗੁਰਦੀਪ ਸਿੰਘ ਖੈਰਾ (ਗੁਰਬਰਗ ਜੇਲ੍ਹ, ਕਰਨਾਟਕ ਵਿਚ 1990 ਤੋਂ ਬੰਦ ਹੈ), ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ ਤੇ ਭਾਈ ਸ਼ਮਸ਼ੇਰ ਸਿੰਘ (ਬੁੜੈਲ ਜੇਲ੍ਹ, ਚੰਡੀਗੜ੍ਹ ਵਿਚ 1995 ਤੋਂ ਬੰਦ ਹਨ) ਤੇ ਪ੍ਰੋæ ਦਵਿੰਦਰ ਪਾਲ ਸਿੰਘ ਭੁੱਲਰ (ਤਿਹਾੜ ਜੇਲ੍ਹ, ਦਿੱਲੀ ਵਿਚ 1995 ਤੋਂ ਬੰਦ) ਸ਼ਾਮਲ ਹਨ। ਇਨ੍ਹਾਂ ਸਾਰੇ ਸੱਤ ਬੰਦੀ ਸਿੱਖਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ, ਜਦਕਿ ਉਹ 19-24 ਸਾਲਾਂ ਤੋਂ ਜੇਲ੍ਹਾਂ ਵਿਚ ਬੰਦ ਹਨ।
______________________________________
ਪੰਥਕ ਮੁੱਦਿਆਂ ਤੋਂ ਟਲਦੀ ਰਹੀ ਹੈ ਸ਼੍ਰੋਮਣੀ ਕਮੇਟੀ
ਅੰਮ੍ਰਿਤਸਰ: ਬੰਦੀ ਸਿੰਘਾਂ ਦੀ ਰਿਹਾਈ ਸਮੇਤ ਹੋਰ ਪੰਥਕ ਮੁੱਦਿਆਂ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਦੇ ਵੀ ਗੰਭੀਰਤਾ ਨਹੀਂ ਵਿਖਾਈ। ਸ਼੍ਰੋਮਣੀ ਕਮੇਟੀ ਇਹ ਮੁੱਦੇ ਉਦੋਂ ਹੀ ਚੁੱਕਦੀ ਹੈ ਜਦੋਂ ਇਨ੍ਹਾਂ ਦੇ ਹੱਲ ਲਈ ਕੋਈ ਵੱਡਾ ਸੰਘਰਸ਼ ਛਿੜਦਾ ਹੈ। ਜਦੋਂ ਪਿਛਲੇ ਸਾਲ ਬੰਦੀ ਸਿੰਘਾਂ ਦੀ ਰਿਹਾਈ ਲਈ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਭੁੱਖ ਹੜਤਾਲ ਕੀਤੀ ਸੀ ਤਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਸਮੇਤ ਹੋਰ ਆਗੂਆਂ ਨੇ ਕੇਂਦਰੀ ਮੰਤਰੀਆਂ ਨਾਲ ਇਕ ਤੋਂ ਬਾਅਦ ਇਕ ਮੁਲਾਕਾਤ ਕੀਤੀ ਤੇ ਮਸਲੇ ਦੇ ਹੱਲ ਦਾ ਭਰੋਸਾ ਵੀ ਮਿਲਿਆ ਪਰ ਬਾਅਦ ਵਿਚ ਸਭ ਭੁਲਾ ਦਿੱਤਾ ਗਿਆ।
______________________________________
ਸਰਕਾਰ ਦਾ ਕਾਨੂੰਨੀ ਅੜਿੱਕਿਆਂ ਵਾਲਾ ਬਹਾਨਾ
ਚੰਡੀਗੜ੍ਹ: ਪੰਜਾਬ ਸਰਕਾਰ ਜੇਲ੍ਹਾਂ ਵਿਚ ਬੰਦ ਸਿੰਘਾਂ ਦੀ ਰਿਹਾਈ ਵਿਚ ਕਾਨੂੰਨੀ ਅੜਿੱਕੇ ਦੱਸ ਦੇ ਆਪਣਾ ਪੱਲਾ ਝਾੜਦੀ ਰਹੀ ਹੈ। ਸਰਕਾਰ ਦਾ ਤਰਕ ਹੈ ਕਿ ਸੁਪਰੀਮ ਕੋਰਟ ਨੇ ਸੂਬਾ ਸਰਕਾਰਾਂ ਤੋਂ ਇਹ ਹੱਕ ਖੋ ਲਏ ਹਨ। ਪੰਜਾਬ ਪੁਲਿਸ ਦੇ ਮੁਖੀ ਸੁਮੇਧ ਸੈਣੀ ਦਾ ਕਹਿਣਾ ਹੈ ਕਿ ਕਾਨੂੰਨ ਮੁਤਾਬਕ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਸਕਦਾ। ਸੂਰਤ ਸਿੰਘ ਖ਼ਾਲਸਾ ਨੇ 82 ਸਿੰਘਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ ਤੇ ਇਨ੍ਹਾਂ ਵਿਚੋਂ 25 ਵਿਅਕਤੀਆਂ ਨੂੰ ਹਾਲੇ ਤੱਕ ਸਜ਼ਾ ਨਹੀਂ ਮਿਲੀ। ਸੂਚੀ ਵਿਚ 16 ਅਜਿਹੇ ਕੈਦੀ ਹਨ, ਜਿਨ੍ਹਾਂ ਨੂੰ ਉਮਰ ਕੈਦ ਤੋਂ ਘੱਟ ਸਜ਼ਾ ਹੋਈ ਹੈ। ਸਜ਼ਾ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਆਪ ਰਿਹਾਅ ਹੋ ਜਾਣਾ ਹੈ। ਖ਼ਾਲਸਾ ਵੱਲੋਂ ਜਿਹੜੇ ਅੱਠ ਸੀਨੀਅਰ ਨਾਗਰਿਕਾਂ ਦੀ ਰਿਹਾਈ ਮੰਗੀ ਗਈ ਹੈ ਉਹ ਵਿਅਕਤੀ ਸਾਲ 1987 ਵਿਚ ਲੁਧਿਆਣੇ ਦੇ ਬੈਂਕ ਵਿਚ ਡਾਕਾ ਮਾਰਨ ਦੇ ਦੋਸ਼ ਹੇਠ ਸਜ਼ਾ ਭੁਗਤ ਰਹੇ ਹਨ। ਇਨ੍ਹਾਂ ਨੂੰ 7 ਤੋਂ 10 ਸਾਲ ਦੀ ਸਜ਼ਾ ਮਿਲੀ ਹੈ। ਇਸ ਸੂਚੀ ਵਿਚ ਸ਼ਾਮਲ ਇਕ ਵਿਅਕਤੀ ਨੂੰ ਮੌਤ ਦੀ ਸਜ਼ਾ ਮਿਲੀ ਹੈ, ਜੋ ਚੰਡੀਗੜ੍ਹ ਨਾਲ ਸਬੰਧਤ ਹੈ। ਉਨ੍ਹਾਂ ਦਾ ਇਹ ਵੀ ਦਾਅਵਾ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਵਿਚ ਇਸ ਵੇਲੇ 3665 ਉਮਰ ਕੈਦੀ ਹਨ ਤੇ ਫਿਲਹਾਲ 223 ਕੈਦੀ ਹੀ ਅਜਿਹੇ ਹਨ ਜੋ ਰਿਹਾਅ ਕੀਤੇ ਜਾਣ ਲਈ ਨਿਰਧਾਰਤ ਸ਼ਰਤਾਂ ਪੂਰੀਆਂ ਕਰਦੇ ਹਨ।