ਮਲੇਰਕੋਟਲਾ ਵਿਚ ‘ਹਾਅ ਦੇ ਨਾਅਰੇ’ ਦਾ ਪਿੜ

ਪੰਜਾਬ ਵਿਚ ਸੱਤਾਧਾਰੀਆਂ ਦੀ ਅੱਜ ਕੱਲ੍ਹ ਚੜ੍ਹ ਮੱਚੀ ਹੋਈ ਹੈ। ਆਮ ਲੋਕਾਂ ਦੇ ਹੱਕਾਂ ਉਤੇ ਦਿਨ-ਦਿਹਾੜੇ ਡਾਕੇ ਪੈ ਰਹੇ ਹਨ, ਆਮ ਬੰਦੇ ਨਾਲ ਵਧੀਕੀ-ਦਰ-ਵਧੀਕੀ ਹੋ ਰਹੀ ਹੈ, ਤੇ ਸੁਣਨ-ਗਿਣਨ ਵਾਲਾ ਕਿਤੇ ਕੋਈ ਬਹੁੜ ਨਹੀਂ ਰਿਹਾ। ਸਾਡੇ ਕਾਲਮਨਵੀਸ ਦਲਜੀਤ ਅਮੀ ਵਲੋਂ ਇਸੇ ਨੁਕਤਾ-ਨਿਗ੍ਹਾ ਤੋਂ ਆਪਣੇ ਲੇਖ ਬੀੜੇ ਹੁੰਦੇ ਹਨ।

ਇਸ ਲੇਖ ਵਿਚ ਉਨ੍ਹਾਂ ਮਨਦੀਪ ਕੌਰ ਦੇ ਬਹਾਨੇ ਆਵਾਮ ਨਾਲ ਹੋ ਰਹੇ ਧੱਕੇ ਦੀ ਗੱਲ ਕੀਤੀ ਹੈ ਜਿਸ ਤੋਂ 1200 ਰੁਪਏ ਮਹੀਨਾ ਦੀ ਕੱਚੀ ਨੌਕਰੀ ਵੀ ਖੋਹ ਲਈ ਗਈ। ਉਸ ਦਾ ‘ਕਸੂਰ’ ਸਿਰਫ ਇੰਨਾ ਹੀ ਸੀ ਕਿ ਉਹਨੇ ਭਰੀ ਮਹਿਫਿਲ ਵਿਚ ਮੰਤਰੀ ਨੂੰ ਸਵਾਲ ਕਰਨ ਦਾ ਜੇਰਾ ਕੀਤਾ ਸੀ। -ਸੰਪਾਦਕ

ਦਲਜੀਤ ਅਮੀ
ਫੋਨ: +91-97811-21873

ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਤਕਰੀਬਨ ਪੰਜਾਹ ਹਜ਼ਾਰ ਬੀਬੀਆਂ ਦੁਪਹਿਰ ਦਾ ਖਾਣਾ ਪਕਾਉਂਦੀਆਂ ਅਤੇ ਵਰਤਾਉਂਦੀਆਂ ਹਨ। ਇਨ੍ਹਾਂ ਬੀਬੀਆਂ ਨੂੰ 1200 ਰੁਪਏ ਮਹੀਨਾ ਤਨਖ਼ਾਹ (20 ਡਾਲਰ ਮਹੀਨਾ) ਮਿਲਦੀ ਹੈ। ਇਹ ਤਨਖ਼ਾਹ 2012 ਵਿਚ ਤੈਅ ਹੋਈ ਸੀ। ਇਸ ਤੋਂ ਪਹਿਲਾਂ ਪੰਜ ਸਾਲ ਹਜ਼ਾਰ ਰੁਪਏ ਮਹੀਨਾ ਤਨਖ਼ਾਹ ਮਿਲਦੀ ਸੀ। ਉਸ ਤੋਂ ਪਹਿਲਾਂ ਇਨ੍ਹਾਂ ਨੂੰ 40 ਪੈਸੇ ਪ੍ਰਤੀ ਬੱਚਾ ਰੋਜ਼ ਦਾ ਮਿਹਨਤਾਨਾ ਮਿਲਦਾ ਸੀ। ਹੁਣ ਇਨ੍ਹਾਂ ਨੂੰ ਸਾਲ ਵਿਚ ਦਸ ਮਹੀਨੇ ਤਨਖ਼ਾਹ ਮਿਲਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਬੀਬੀਆਂ ਨੂੰ ਬੀਮੇ ਵਰਗੀ ਕੋਈ ਸਹੂਲਤ ਨਹੀਂ ਮਿਲਦੀ। ਕੱਚੀ ਨੌਕਰੀ ਅਤੇ ਨਿਗੂਣੀ ਤਨਖ਼ਾਹ ਕਾਰਨ ਇਹ ਕੰਮ ਸਮਾਜ ਦੇ ਸਭ ਤੋਂ ਗ਼ਰੀਬ ਤਬਕੇ ਦੇ ਹਿੱਸੇ ਆਇਆ ਹੈ। ਨਤੀਜੇ ਵਜੋਂ ਕੁੱਕ ਵਜੋਂ ਕੰਮ ਕਰਦੀਆਂ ਬੀਬੀਆਂ ਵਿਚ ਦਲਿਤ ਤਬਕੇ ਦਾ ਵੱਡਾ ਹਿੱਸਾ ਹੈ। ਇਸ ਦੇ ਨਾਲ ਹੀ ਇਨ੍ਹਾਂ ਵਿਚ ਵੱਡੀ ਗਿਣਤੀ ਵਿਧਵਾਵਾਂ ਦੀ ਹੈ।
ਸਰਕਾਰੀ ਸਕੂਲਾਂ ਵਿਚ ਕੁੱਕ ਦੀ ਹਾਲਤ ਕਈ ਕੁਝ ਬਿਆਨ ਕਰਦੀ ਹੈ। ਇਕ ਪਾਸੇ ਸਰਕਾਰ ਮੰਨਦੀ ਹੈ ਕਿ ਸਮਾਜ ਵਿਚ ਅਜਿਹਾ ਤਬਕਾ ਹੈ ਜੋ ਦੁਪਹਿਰ ਦੀ ਰੋਟੀ ਦੇ ਲਾਲਚ ਵਿਚ ਬੱਚਿਆਂ ਨੂੰ ਸਕੂਲ ਭੇਜਦਾ ਹੈ। ਦੂਜੇ ਪਾਸੇ ਸਾਡੇ ਸਮਾਜ ਵਿਚ ਅਜਿਹਾ ਤਬਕਾ ਹੈ ਜੋ ਨਿਗੂਣੀ ਤਨਖ਼ਾਹ ਉਤੇ ਕੰਮ ਕਰਨ ਨੂੰ ਤਿਆਰ ਹੈ। ਇਸ ਤਨਖ਼ਾਹ ਦਾ ਅੰਦਾਜ਼ਾ ਇਸ ਤੱਥ ਤੋਂ ਲਾਇਆ ਜਾ ਸਕਦਾ ਹੈ ਕਿ ਇਸ ਨਾਲ ਪੰਜ ਜੀਆਂ ਦੇ ਪਰਿਵਾਰ ਲਈ ਘਿਓ ਅਤੇ ਚੀਨੀ ਵਰਗੀਆਂ ਚੀਜ਼ਾਂ ਬਾਹਰ ਕੱਢ ਕੇ ਵੀ ਸੁੱਕੀ ਰਸਦ ਨਹੀਂ ਖਰੀਦੀ ਜਾ ਸਕਦੀ। ਇਨ੍ਹਾਂ ਹਾਲਾਤ ਵਿਚ ਕੰਮ ਕਰਦੀਆਂ ਬੀਬੀਆਂ ਨੂੰ ਜਥੇਬੰਦ ਕਰਨਾ ਤਾਂ ਮੁਸ਼ਕਿਲ ਕੰਮ ਹੈ। ਕੱਚੀ ਨੌਕਰੀ ਅਤੇ ਨਿਗੂਣੀ ਤਨਖ਼ਾਹ ਕਿਸੇ ਵੀ ਮੁਲਾਜ਼ਮ ਨੂੰ ਜਥੇਬੰਦ ਹੋਣ ਤੋਂ ਰੋਕਣ ਦਾ ਕੰਮ ਕਰਦੀ ਹੈ। ਡੈਮੋਕਰੈਟਿਕ ਮਿੱਡ ਡੇਅ ਮੀਲ ਕੁੱਕ ਫਰੰਟ ਨੇ ਇਹ ਔਖਾ ਕੰਮ ਕਰ ਦਿਖਾਇਆ ਹੈ। ਪਿਛਲੇ ਸਾਲਾਂ ਦੌਰਾਨ ਗ਼ਰੀਬ ਤਬਕੇ ਦੀਆਂ ਬੀਬੀਆਂ ਦੀ ਸ਼ਾਇਦ ਇਹ ਸਭ ਤੋਂ ਅਹਿਮ ਜਥੇਬੰਦੀ ਬਣ ਕੇ ਉਭਰੀ ਹੈ। ਜਥੇਬੰਦੀ ਨੇ ਆਪਣੇ ਮੰਗਾਂ-ਮਸਲਿਆਂ ਤੋਂ ਇਲਾਵਾ ਕਈ ਤਰ੍ਹਾਂ ਦੇ ਸੁਆਲ ਕੀਤੇ ਹਨ ਜੋ ਮੌਜੂਦਾ ਨਿਜ਼ਾਮ ਨਾਲ ਆਵਾਮ ਦੇ ਰਿਸ਼ਤੇ ਲਈ ਅਹਿਮ ਹੈ। ਲੰਘੀਆਂ ਲੋਕ ਸਭਾ ਚੋਣਾਂ ਦੌਰਾਨ ਇਨ੍ਹਾਂ ਬੀਬੀਆਂ ਨੇ ਆਪਣੇ ਅਸਰ ਵਾਲੇ ਹਲਕਿਆਂ ਵਿਚ ਇਕੱਠ ਕੀਤੇ ਅਤੇ ਸਾਰੇ ਉਮੀਦਵਾਰਾਂ ਨੂੰ ਸੱਦਾ ਦਿੱਤਾ। ਇਨ੍ਹਾਂ ਦੀ ਦਲੀਲ ਸੀ ਕਿ ਜੇ ਚੋਣਾਂ, ਜਮਹੂਰੀਅਤ ਦੀ ਸਭ ਤੋਂ ਅਹਿਮ ਸਰਗਰਮੀ ਹਨ ਤਾਂ ਸਾਰੇ ਉਮੀਦਵਾਰਾਂ ਨੂੰ ਆਪਣਾ-ਆਪਣਾ ਪੱਖ ਪੇਸ਼ ਕਰਨਾ ਚਾਹੀਦਾ ਹੈ। ਜ਼ਿਆਦਾਤਰ ਵੱਡੀਆਂ ਪਾਰਟੀਆਂ ਦੇ ਉਮੀਦਵਾਰ ਆਪਣੇ Ḕਰੁਝੇਵਿਆਂ’ ਕਾਰਨ ਇਨ੍ਹਾਂ ਦੇ ਇਕੱਠਾਂ ਉਤੇ ਨਹੀਂ ਪਹੁੰਚੇ। ਇਨ੍ਹਾਂ ਕੁੱਕ ਬੀਬੀਆਂ ਨੇ ਫ਼ੈਸਲਾ ਕੀਤਾ ਕਿ ਆਪਣੇ-ਆਪਣੇ ਪਿੰਡਾਂ ਵਿਚ ਚੋਣ ਪ੍ਰਚਾਰ ਲਈ ਆਏ ਉਮੀਦਵਾਰਾਂ ਨੂੰ ਸੁਆਲ ਪੁੱਛੇ ਜਾਣ।
ਮਲੇਰਕੋਟਲਾ ਲਾਗੇ ਪਿੰਡ ਦਰੋਗੇਵਾਲ ਵਿਚ ਪੰਜਾਬ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਮਨਦੀਪ ਕੌਰ ਨੇ ਸੁਆਲ ਪੁੱਛੇ। ਆਪਣੀ ਬੇਬਾਕੀ ਲਈ ਜਾਣੀ ਜਾਂਦੀ ਮਨਦੀਪ ਕੌਰ ਡੈਮੋਕਰੈਟਿਕ ਮਿੱਡ ਡੇਅ ਮੀਲ ਕੁੱਕ ਫਰੰਟ ਦੀ ਸੂਬਾ ਜਨਰਲ ਸਕੱਤਰ ਹੈ। ਮਨਦੀਪ ਕੌਰ ਨੂੰ ਨੌਕਰੀ ਤੋਂ ਕੱਢਣ ਦੀਆਂ ਧਮਕੀਆਂ ਤਾਂ ਮੌਕੇ ਉਤੇ ਹੀ ਮੁਕਾਮੀ ਅਕਾਲੀ ਆਗੂਆਂ ਨੇ ਦੇ ਦਿੱਤੀਆਂ ਸਨ। ਹੁਣ 22 ਮਾਰਚ ਤੋਂ ਮਨਦੀਪ ਕੌਰ ਮਾਣਕ ਮਾਜਰਾ ਦੇ ਸਰਕਾਰੀ ਸਕੂਲ ਦੇ ਬਾਹਰ ਧਰਨੇ ਉਤੇ ਬੈਠੀ ਹੈ। ਇਸੇ ਸਕੂਲ ਵਿਚ ਮਨਦੀਪ ਕੌਰ ਦੇ ਧੀ-ਪੁੱਤ ਪੜ੍ਹਦੇ ਹਨ ਅਤੇ ਇਸੇ ਵਿਚ ਉਹ ਕੁੱਕ ਵਜੋਂ ਨੌਕਰੀ ਕਰਦੀ ਸੀ। ਦਰੋਗੇਵਾਲ ਦੀ ਮਨਦੀਪ ਕੌਰ ਜੁਲਾਈ 2007 ਤੋਂ ਮਾਣਕ ਮਾਜਰਾ ਕੰਮ ਕਰਨ ਜਾਂਦੀ ਹੈ। ਮਨਦੀਪ ਕੌਰ ਨੂੰ 21 ਫਰਵਰੀ ਨੂੰ ਕੰਮ ਤੋਂ ਹਟਾ ਦਿੱਤਾ ਗਿਆ ਸੀ। ਬਹਾਲੀ ਲਈ ਇਕ ਮਹੀਨਾ ਵੱਖ ਵੱਖ ਦਫ਼ਤਰਾਂ ਵਿਚ ਅਰਜ਼ੀਆਂ ਦੇਣ ਅਤੇ ਅਫ਼ਸਰਾਂ-ਸਿਆਸਤਦਾਨਾਂ ਨੂੰ ਮਿਲਣ ਤੋਂ ਬਾਅਦ ਉਹ ਧਰਨੇ ਉਤੇ ਬੈਠ ਗਈ। ਕਈ ਮੁਲਾਜ਼ਮ, ਮਜ਼ਦੂਰ, ਕਿਸਾਨ ਅਤੇ ਸਿਆਸੀ ਜਥੇਬੰਦੀਆਂ ਨੇ ਉਸ ਦੇ ਪੱਖ ਵਿਚ ਐਕਸ਼ਨ ਕਮੇਟੀ ਬਣਾ ਕੇ ਹਮਾਇਤ ਕੀਤੀ ਹੈ।
ਮਨਦੀਪ ਕੌਰ ਦਾ ਸੰਘਰਸ਼ ਪੰਜਾਬ ਦੇ ਸਿਆਸੀ-ਸਮਾਜਕ ਨਿਜ਼ਾਮ ਅਤੇ ਇੰਤਜ਼ਾਮੀਆ ਦੇ ਗੱਠਜੋੜ ਦੀਆਂ ਕਈ ਪਰਤਾਂ ਖੋਲ੍ਹਦਾ ਹੈ। ਇਕ ਪਾਸੇ Ḕਵਿੱਤ ਮੰਤਰੀ ਦੀ ਬੇਇੱਜ਼ਤੀ ਦਾ ਹਿਸਾਬ ਕਰਨḔ ਵਾਲੇ ਪੰਚ-ਸਰਪੰਚ-ਅਧਿਆਪਕ ਕਾਰਵਾਈ ਕਰਦੇ ਹਨ। ਦੂਜੇ ਪਾਸੇ ਕੋਈ ਸ਼ਰਾਬੀ ਧਰਨੇ ਉਤੇ ਬੈਠੀ ਮਨਦੀਪ ਕੌਰ ਉਤੇ ਹਮਲਾ ਕਰਦਾ ਹੈ ਅਤੇ ਤੀਜੇ ਪਾਸੇ ਇੰਤਜ਼ਾਮੀਆ Ḕਸਿਆਸੀ ਫ਼ੈਸਲਿਆਂ ਨੂੰ ਕਾਨੂੰਨੀ ਰੂਪḔ ਦਿੰਦਾ ਹੈ। ਪਿੰਡ ਦੇ ਸ਼ਰਾਬੀ ਤੋਂ ਵਿੱਤ ਮੰਤਰੀ ਤੱਕ ਦੀ ਲੜੀ ਮਨਦੀਪ ਕੌਰ ਖ਼ਿਲਾਫ਼ ਕਿਉਂ ਸਰਗਰਮ ਹੁੰਦੀ ਹੈ? ਮਨਦੀਪ ਦੇ ਹਵਾਲੇ ਨਾਲ ਇਹ ਸਮਝਣਾ ਜ਼ਰੂਰੀ ਹੈ। ਜਦੋਂ ਸਰਕਾਰ ਆਪਣੇ ਆਪ ਨੂੰ ਬਿਹਤਰੀਨ ਹੋਣ ਦਾ ਖ਼ਿਤਾਬ ਦੇ ਚੁੱਕੀ ਹੈ ਤਾਂ ਉਸ ਨੂੰ ਸੁਆਲ ਕਰਨਾ ਤਾਂ ਵੱਡੀ ਕੁਤਾਹੀ ਹੀ ਮੰਨੀ ਜਾਵੇਗੀ। ਇਹੋ ਮੌਕਾ ਹੈ ਜਦੋਂ ਪਿੰਡ ਦੇ ਚੌਧਰੀ ਆਪਣੀ ਵਫ਼ਾਦਾਰੀ ਦਾ ਸਬੂਤ ਦਿੰਦੇ ਹਨ। ਇਹੋ ਮੌਕਾ ਹੈ ਜਦੋਂ ਬੇਮੁਹਾਰ ਗ਼ੈਰ-ਸਮਾਜਕ ਤੱਤ ਗ਼ਾਲਿਬ ਧਿਰ ਦੇ ਪੱਖ ਵਿਚ ਭੁਗਤਦੇ ਹਨ।
ਇਸੇ ਵੇਲੇ ਇਹ ਸੁਆਲ ਵੀ ਪੁੱਛਣਾ ਬਣਦਾ ਹੈ ਕਿ ਮਨਦੀਪ ਕੌਰ ਵਰਗੀ 1200 ਮਹੀਨਾ ਤਨਖ਼ਾਹ ਲੈਣ ਵਾਲੀ ਬੀਬੀ ਇਸ ਸੰਘਰਸ਼ ਨੂੰ ਕਿਵੇਂ ਤੋਰਦੀ ਹੈ? ਉਹ ਇਸ ਸੰਘਰਸ਼ ਲਈ ਜੇਰਾ ਕਿਵੇਂ ਕਰਦੀ ਹੈ? ਸਰਕਾਰੀ-ਸਿਆਸੀ ਧਿਰ ਦਲੀਲ ਦਿੰਦੀ ਹੈ ਕਿ ਮਨਦੀਪ ਕੌਰ ਦੇ ਨਾਮ ਉਤੇ ਸਿਆਸਤ ਕੀਤੀ ਜਾ ਰਹੀ ਹੈ। ਐਕਸ਼ਨ ਕਮੇਟੀ ਵਿਚ ਸ਼ਾਮਿਲ ਜਥੇਬੰਦੀਆਂ ਤੋਂ ਬਾਅਦ ਇਸ ਤੱਥ ਦੀ ਤਸਦੀਕ ਹੋ ਜਾਂਦੀ ਹੈ ਕਿ ਮਨਦੀਪ ਕੌਰ ਦੇ ਨਾਮ ਉਤੇ ਸਿਆਸਤ ਕੀਤੀ ਜਾ ਰਹੀ ਹੈ। ਜਦੋਂ ਮਨਦੀਪ ਕੌਰ ਨੂੰ ਸਿਆਸੀ ਫ਼ੈਸਲੇ ਤਹਿਤ ਹਟਾਇਆ ਗਿਆ ਹੈ ਤਾਂ ਉਸ ਦਾ ਜੁਆਬ ਗ਼ੈਰ-ਸਿਆਸੀ ਕਿਵੇਂ ਹੋ ਸਕਦਾ ਹੈ ਭਲਾ? ਮੌਜੂਦਾ ਦੌਰ ਵਿਚ ਜੇ ਮਨਦੀਪ ਕੌਰ ਨੂੰ ਨੌਕਰੀ ਤੋਂ ਕੱਢ ਕੇ ਨਿਜ਼ਾਮ ਆਪਣੇ Ḕਫ਼ਾਲਿਆਂ ਤੋਂ ਤਿੱਖੇ ਦੰਦḔ ਦਿਖਾ ਰਿਹਾ ਹੈ ਤਾਂ ਉਸ ਦੇ ਪੱਖ ਵਿਚ ਨਿਤਰੀਆਂ ਜਥੇਬੰਦੀਆਂ ਸਿਆਸਤ ਵਿਚ Ḕਹਾਅ ਦੇ ਨਾਅਰੇḔ ਦੀ ਅਹਿਮੀਅਤ ਨੂੰ ਉਘਾੜ ਰਹੀਆਂ ਹਨ। ਮਲੇਰਕੋਟਲਾ ਤੋਂ ਚਾਰ ਕਿਲੋਮੀਟਰ ਦੂਰ ਮਾਣਕ ਮਾਜਰਾ Ḕਹਾਅ ਦੇ ਨਾਅਰੇḔ ਦੀ ਸਿਆਸਤ ਦਾ ਢੁਕਵਾਂ ਪਿੜ ਤਾਂ ਬਣਦਾ ਹੀ ਹੈ।
ਮੌਜੂਦਾ ਦੌਰ ਵਿਚ ਜ਼ਿਆਦਾਤਰ ਸਿਆਸੀ ਧਿਰਾਂ ਆਪਣੀ ਵੋਟ-ਸਿਆਸਤ ਦਾ ਧਿਆਨ ਰੱਖ ਕੇ ਹੀ ਕੰਮ ਕਰਦੀਆਂ ਹਨ। ਇਹ ਮੁਹਾਵਰਾ ਆਮ ਹੋ ਗਿਆ ਹੈ ਕਿ ਸਿਆਸਤ Ḕਜਣੇ-ਖਣੇḔ ਦੀ ਖੇਡ ਨਹੀਂ ਹੈ। ਇਸੇ ਲਈ ਪਿੰਡ ਦੇ ਚੌਧਰੀਆਂ ਤੋਂ ਲੈ ਕੇ ਮੰਤਰੀ-ਸੰਤਰੀ ਆਵਾਮ ਨੂੰ Ḕਔਕਾਤ ਯਾਦ ਕਰਵਾਉਣḔ ਦੀ ਮਸ਼ਕ ਕਰਦੇ ਰਹਿੰਦੇ ਹਨ। ਜਦੋਂ ਸਿਆਸੀ-ਸਮਾਜਕ ਨਿਜ਼ਾਮ ਉਤੇ ਸੁਆਲ ਕੀਤਾ ਜਾਂਦਾ ਹੈ ਤਾਂ ਇਹ Ḕਸਬਕ ਸਿਖਾਉਣḔ ਦੀ ਮਸ਼ਕ ਤੇਜ਼ ਕਰਦਾ ਹੈ। ਮੌਜੂਦਾ ਦੌਰ ਵਿਚ ਹਮੀਰਗੜ੍ਹ ਤੋਂ ਮੋਗੇ ਤੱਕ ਇਸ ਦੀਆਂ ਮਿਸਾਲਾਂ ਫੈਲੀਆਂ ਹੋਈਆਂ ਹਨ। ਇਹ ਹੋ ਸਕਦਾ ਹੈ ਕਿ ਮਨਦੀਪ ਕੌਰ ਦੇ ਹਵਾਲੇ ਨਾਲ ਚੱਲਦਾ ਸੰਘਰਸ਼ ਕੋਈ ਵੱਡੀ ਪ੍ਰਾਪਤੀ ਨਾ ਹਾਸਲ ਕਰ ਸਕੇ, ਪਰ ਇਸ ਦੇ ਆਪਣੇ ਮਾਅਨੇ ਹਨ। ਇਹ ਸੁਆਲ ਮਨਦੀਪ ਕੌਰ ਦੀ ਪਛਾਣ ਨਾਲ ਜੁੜੇ ਹੋਏ ਹਨ। ਮਨਦੀਪ ਕੌਰ ਗਰੀਬ ਤਬਕੇ ਦੀ ਪੇਂਡੂ ਔਰਤ ਹੈ ਜੋ ਨਿਗੂਣੀ ਤਨਖ਼ਾਹ ਵਾਲੀ ਕੱਚੀ ਨੌਕਰੀ ਤੋਂ ਹਟਾਈ ਗਈ ਹੈ। ਔਰਤ, ਗ਼ਰੀਬ ਅਤੇ ਕੱਚੀ ਮੁਲਾਜ਼ਮ ਹੋਣਾ ਉਸ ਦੀ ਪਛਾਣ ਬਣਦੀ ਹੈ। ਇਸੇ ਤਬਕੇ ਨੂੰ ਹਰ ਸਹੂਲਤ, ਮਾਣ-ਸਤਿਕਾਰ ਅਤੇ ਸੇਵਾ ਤੋਂ ਮਹਿਰੂਮ ਕੀਤਾ ਜਾ ਰਿਹਾ ਹੈ। ਇਸ ਤੋਂ ਸਿਰਫ਼ ਸੀਲ ਕਾਮਾ ਹੋਣ ਦੀ ਤਵੱਕੋ ਕੀਤੀ ਜਾਂਦੀ ਹੈ। ਆਸ ਕੀਤੀ ਜਾਂਦੀ ਹੈ ਕਿ Ḕਥੋੜ੍ਹੇ ਨੂੰ ਬਹੁਤਾ ਕਰ ਕੇ ਜਾਣੇḔ ਅਤੇ ਸਰਕਾਰਾਂ ਦੇ ਗੁਣ ਗਾਵੇ। ਇਸ ਤਬਕੇ ਦੇ ਪੱਖ ਵਿਚ ਕੀਤੀ ਸਿਆਸਤ ਦਰਦਮੰਦੀ ਦਾ ਹੋਕਾ ਹੈ ਜੋ ਅਕਾਲੀ-ਭਾਜਪਾ-ਕਾਂਗਰਸ ਖ਼ਾਸੇ ਵਿਚੋਂ ਗ਼ੈਰ-ਹਾਜ਼ਰ ਹੈ।
ਮਨਦੀਪ ਕੌਰ ਵਾਲਾ ਮਸਲਾ ਸਿਆਸਤ ਵਿਚ ਸੰਘਰਸ਼ ਦੀ ਅਹਿਮੀਅਤ ਨੂੰ ਉਘਾੜਦਾ ਹੈ। ਮੌਜੂਦਾ ਸਿਆਸੀ ਮੁਹਾਵਰਾ ਇਕ ਧਿਰ ਦੀ ਸਰਕਾਰ ਹਰਾਉਣ ਅਤੇ ਦੂਜੀ ਧਿਰ ਦੀ ਸਰਕਾਰ ਬਣਾਉਣ ਤੱਕ ਮਹਿਦੂਦ ਹੁੰਦਾ ਜਾ ਰਿਹਾ ਹੈ। ਦਰਅਸਲ ਇਸ ਦੌਰ ਵਿਚ ਆਵਾਮ ਦੀ ਸੁਣਵਾਈ ਲਗਾਤਾਰ ਘਟਦੀ ਗਈ ਹੈ ਅਤੇ ਸਿਆਸੀ ਪਤਵੰਤਾਸ਼ਾਹੀ ਭਾਰੂ ਹੋਈ ਹੈ। ਜੇ ਹੁਣ ਅਕਾਲੀ-ਭਾਜਪਾ ਦੀ ਪਤਵੰਤਾਸ਼ਾਹੀ ਹੈ ਤਾਂ ਕੱਲ੍ਹ ਕਿਸੇ ਹੋਰ ਦੀ ਸੀ ਅਤੇ ਭਲਕੇ ਕਿਸੇ ਹੋਰ ਦੀ ਹੋਵੇਗੀ। ਮਨਦੀਪ ਕੌਰ ਵਾਲਾ ਮਸਲਾ ਇਸ ਰੁਝਾਨ ਨੂੰ ਵੱਢ ਮਾਰਨ ਦਾ ਤਰੱਦਦ ਹੈ। ਜੇ ਆਵਾਮ ਦੇ ਪੱਖ ਤੋਂ ਸੁਆਲ ਕਰਨ ਦੀ ਰੀਤ ਮਜ਼ਬੂਤ ਹੁੰਦੀ ਹੈ ਤਾਂ ਇਹ ਸਿਆਸੀ-ਸਮਾਜਕ ਨਿਜ਼ਾਮ ਦੇ ਗ਼ਲਬੇ ਨੂੰ ਖੋਰਾ ਲਗਾਉਂਦੀ ਹੈ। ਇਹ ਨਿਜ਼ਾਮ ਦੇ ਮੁਕਾਬਲੇ ਆਵਾਮ ਨੂੰ ਸਮਰੱਥ ਬਣਾਉਂਦੀ ਹੈ ਜੋ ਸਰਕਾਰੀ ਰਿਆਇਤਾਂ ਦੀ ਥਾਂ ਹਕੂਕ ਦੀ ਗੱਲ ਕਰਦਾ ਹੈ।
ਮਨਦੀਪ ਕੌਰ ਦੀ ਹੋਣੀ ਜੇ ਕੋਟਲੇ ਵਾਲੀ ਹਰਦੀਪ ਕੌਰ ਨਾਲ ਜੁੜਦੀ ਹੈ ਤਾਂ ਹਮੀਰਗੜ੍ਹ ਵਾਲੀ ਅੰਗਰੇਜ਼ ਕੌਰ ਨਾਲ ਵੀ ਜੁੜਦੀ ਹੈ। ਇਨ੍ਹਾਂ ਦੀ ਕੋਈ ਤੰਦ ਵਰ੍ਹਦੀਆਂ ਗੋਲੀਆਂ ਵਿਚ ਇਰਾਕ ਕਮਾਈ ਕਰਨ ਗਏ ਨਛੱਤਰ ਨਾਲ ਵੀ ਜੁੜਦੀ ਹੈ। ਜੇ ਮਨਦੀਪ ਕੌਰ 20 ਡਾਲਰ ਮਹੀਨੇ ਦੀ ਤਨਖ਼ਾਹ ਵਾਲੀ ਨੌਕਰੀ ਲਈ ਸੰਘਰਸ਼ ਕਰ ਰਹੀ ਹੈ ਤਾਂ 30 ਡਾਲਰ ਦੀ ਦਿਹਾੜੀ ਕਰਨ ਨਛੱਤਰ ਇਰਾਕ ਪਰਤ ਗਿਆ ਹੈ। ਨਛੱਤਰ ਦੇ ਜਾਣ ਉਤੇ ਪੰਜਾਬ ਨੇ ਸੁਆਲ ਨਹੀਂ ਕੀਤਾ, ਪਰ ਇਹ ਬੀਬੀਆਂ ਸੁਆਲ ਕਰ ਰਹੀਆਂ ਹਨ। ਮਨਦੀਪ ਦੇ ਮਾਮਲੇ ਵਿਚ ਪਿੰਡ ਦੇ ਚੌਧਰੀਆਂ, ਸਰਕਾਰੀ ਮੁਲਾਜ਼ਮਾਂ ਅਤੇ ਸਿਆਸਤਦਾਨਾਂ ਤੋਂ ਮੰਤਰੀ ਤੱਕ ਇਕੋ ਦਲੀਲ ਦਿੰਦੇ ਹਨ ਕਿ Ḕਇਹ ਬੋਲਦੀ ਬਹੁਤ ਹੈ।Ḕ ਦਰਦਮੰਦ ਸਿਆਸਤ ਮਨਦੀਪ ਦੇ ਬੋਲਾਂ ਨੂੰ ਦਲੇਰੀ ਕਰਾਰ ਦਿੰਦੀ ਹੈ। ਮੌਜੂਦਾ ਨਿਜ਼ਾਮ ਮਨੁੱਖ ਤੋਂ ਇਹੋ ਦਲੇਰੀ ਖੋਹਣਾ ਚਾਹੁੰਦਾ ਹੈ ਤਾਂ ਜੋ ਸ਼ਹਿਰੀ ਮਹਿਜ਼ ਸ਼ਰਧਾਲੂ ਬਣ ਕੇ ਰਹਿ ਜਾਵੇ। ਇਸੇ ਲਈ ਤਾਂ ਸਲਾਹ ਦਿੱਤੀ ਜਾਂਦੀ ਹੈ ਕਿ ਕਿਸੇ ਹੋਰ ਸੂਬੇ ਦੀ ਬਦਤਰ ਹਾਲਤ ਦੇਖ ਕੇ ਸਬਰ ਕੀਤਾ ਜਾਵੇ। ਮਨਦੀਪ ਇਸੇ ਸਲਾਹ ਨੂੰ ਧਮਕੀ ਵਜੋਂ ਪ੍ਰਵਾਨ ਕਰਨ ਦਾ ਨਾਮ ਹੈ। ਮਨਦੀਪ ਸ਼ਹਿਰੀ ਨੂੰ ਸ਼ਰਧਾਲੂ ਦੀ ਥਾਂ ਦਲੀਲਮੰਦ ਮਨੁੱਖ ਵਜੋਂ ਪ੍ਰਵਾਨ ਕਰਨ ਦਾ ਸੰਘਰਸ਼ ਹੈ। ਮਨਦੀਪ ਪੰਜਾਬ ਅੰਦਰਲੇ Ḕਉਤਰ ਪ੍ਰਦੇਸ਼Ḕ ਜਾਂ ḔਬਿਹਾਰḔ ਨੂੰ ਬੇਪਰਦ ਕਰਨ ਦੀ ਮਸ਼ਕ ਹੈ।