…ਫਿਰ ਮੈਅ ਕਾ ਤੂਫ਼ਾਂਅ ਹੋ ਗਏ

ਗੁਰਬਚਨ ਸਿੰਘ ਭੁੱਲਰ ਦੇ ਪਲੇਠੇ ਨਾਵਲ ‘ਇਹੁ ਜਨਮੁ ਤੁਮਹਾਰੇ ਲੇਖੇ’ ਵਿਚੋਂ

ਪੰਜਾਬੀ ਸਾਹਿਤ ਜਗਤ ਦੇ ਸਮਰੱਥ ਕਲਮਕਾਰ ਗੁਰਬਚਨ ਸਿੰਘ ਭੁੱਲਰ ਦਾ ਪਲੇਠਾ ਨਾਵਲ ‘ਇਹੁ ਜਨਮੁ ਤੁਮਹਾਰੇ ਲੇਖੇ’ ਹਾਲ ਹੀ ਵਿਚ ਛਪਿਆ ਹੈ। ਪਾਠਕਾਂ ਅਤੇ ਆਲੋਚਕਾਂ ਨੇ ਇਸ ਨਾਵਲ ਨੂੰ ਭਰਪੂਰ ਹੁੰਗਾਰਾ ਦਿੱਤਾ ਹੈ। ਭੁੱਲਰ ਨੇ ਇਸ ਲਿਖਤ ਵਿਚ ਆਜ਼ਾਦ ਖਿਆਲ ਨਾਇਕਾ ਬਾਰੇ ਗੱਲਾਂ ਦੇ ਬਹਾਨੇ ਸਮਾਜ ਦੇ ਵੱਖ ਵੱਖ ਪੱਖਾਂ ਦੀ ਖੂਬ ਚੀਰ-ਫਾੜ ਕੀਤੀ ਹੈ, ਪਰ ਉਨ੍ਹਾਂ ਨਾਇਕਾ ਦੇ ਪਤੀ ਦਾ ਜੋ ਕਿਰਦਾਰ ਪੇਸ਼ ਕੀਤਾ ਹੈ, ਉਹ ਇਸ ਨਾਵਲ ਦਾ ਹਾਸਲ ਹੈ। ਪੂਰੇ 400 ਸਫਿਆਂ ਵਿਚ ਫੈਲੇ ਇਸ ਦਿਲਚਸਪ ਅਤੇ ਜ਼ੋਰਦਾਰ ਨਾਵਲ ਦਾ ਇਕ ਅੰਸ਼ ਅਸੀਂ ਆਪਣੇ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ।

-ਸੰਪਾਦਕ

ਨਾਵਲ ਬਾਰੇ ਲੇਖਕæææ
ਮੇਰੇ ਨਾਵਲ ‘ਇਹੁ ਜਨਮੁ ਤੁਮਹਾਰੇ ਲੇਖੇ’ ਦੀ ਨਾਇਕਾ ਕਿਸੇ ਨਾਰੀ ਦੀ ਥਾਂ ਨਾਰੀ-ਸੋਚ ਹੈ ਜਿਸ ਦੀ ਧੁਰੀ ਮਨਚਾਹਿਆ ਆਜ਼ਾਦ ਜੀਵਨ ਜਿਉਣ ਦੀ ਕਲਪਨਾ, ਕਾਮਨਾ ਤੇ ਕੋਸ਼ਿਸ਼ ਹੈ; ਨਾਇਕ ਕਿਸੇ ਪੁਰਸ਼ ਦੀ ਥਾਂ ਸਮਾਜ ਹੈ ਜਿਸ ਦੇ ਇਕ ਹੱਥ ਵਿਚ ਮਨੁੱਖ ਨੂੰ ਜੰਗਲ ਤੋਂ ਸਭਿਅਕ ਜੀਵਨ ਤੱਕ ਲਿਆਉਣ ਵਾਲੀ ਨੇਮਾਂ ਦੀ ਪੱਟ-ਕੂਲੀ ਡੋਰ ਹੈ ਅਤੇ ਦੂਜੇ ਹੱਥ ਵਿਚ ਅਮੋੜ ਮਨੁੱਖ ਨੂੰ ਕਾਬੂ ਵਿਚ ਰੱਖਣ ਵਾਸਤੇ ਬੰਨ੍ਹਣਾਂ-ਵਰਜਨਾਂ ਦੀ ਮੁੰਜ ਦੀ ਰੱਸੀ ਹੈ। ਇਸ ਉਪਰੰਤ, ਸਮਾਜ ਪ੍ਰੰਪਰਾਵਾਂ ਤੇ ਰਹੁਰੀਤਾਂ, ਨੇਮਾਂ ਤੇ ਕਾਨੂੰਨਾਂ, ਵਿਆਹ ਤੇ ਪਰਿਵਾਰ ਦੀ ਸੰਸਥਾ ਅਤੇ ਸਦਾਚਾਰ ਤੇ ਦੁਰਾਚਾਰ ਦੇ ਸਿਧਾਂਤ ਜਿਹੇ ਅਸਤਰਾਂ-ਸ਼ਸਤਰਾਂ ਨਾਲ ਵੀ ਲੈਸ ਹੈ। ਨਾਰੀ-ਸੋਚ ਬਹੁਤੀਆਂ ਸੂਰਤਾਂ ਵਿਚ ਤਾਂ ਖੰਭ ਹੁੰਦਿਆਂ ਵੀ ਸਮਾਜਕ ਲਛਮਣਕਾਰਾਂ ਨੂੰ ਖੁਸ਼ੀ ਖੁਸ਼ੀ ਜਾਂ ਥੋੜ੍ਹੇ ਬਹੁਤੇ ਰੋਸ ਨਾਲ ਹੌਕਾ ਲੈ ਕੇ ਆਪਣੀ ਹੋਣੀ ਵਜੋਂ ਪਰਵਾਨ ਕਰ ਲੈਂਦੀ ਹੈ, ਪਰ ਕੁਝ ਸੂਰਤਾਂ ਵਿਚ ਨਾਬਰ ਵੀ ਹੋ ਜਾਂਦੀ ਹੈ। ਉਹ ਸਮਾਜ ਦੇ ਅਸਤਰਾਂ-ਸ਼ਸਤਰਾਂ ਦੇ ਬਾਵਜੂਦ ਆਪਣੀ ਮੁਕਤ ਸੋਚ ਦੇ ਖੰਭਾਂ ਦੇ ਬਲ ਨਾਲ ਸਮਾਜਕ ਪ੍ਰਬੰਧ ਦੀ ਗੁਰੂਤਾ-ਸ਼ਕਤੀ ਨੂੰ ਚੀਰ ਜਾਂਦੀ ਹੈ ਅਤੇ ਮਨਚਾਹੇ ਤੇ ਮਨਚਿਤਵੇ ਅੰਬਰਾਂ ਦੀਆਂ ਉਚੀਆਂ ਉਡਾਰੀਆਂ ਭਰਨ ਦੇ ਸਮਰੱਥ ਰਹਿੰਦੀ ਹੈ। ਵਿਗਿਆਨ ਅਨੁਸਾਰ, ਧਰਤੀ ਦੀ ਗੁਰੂਤਾ-ਖਿੱਚ ਪਾਰ ਕਰ ਕੇ ਉਚੇ ਅੰਬਰੀਂ ਪਹੁੰਚੇ ਪੁਲਾੜ ਯਾਤਰੀਆਂ ਦੇ ਤਨ-ਮਨ ਉਤੇ ਬੜੇ ਦੀਰਘ ਪ੍ਰਭਾਵ ਪੈਂਦੇ ਹਨ। ਕੀ ਮਨੋਵਿਗਿਆਨ ਅਨੁਸਾਰ, ਸਮਾਜਕ ਗੁਰੂਤਾ ਨੂੰ ਚੀਰ ਕੇ ਸਵੈ-ਸਿਰਜੇ ਅੰਬਰਾਂ ਵਿਚ ਉਡੀ ਨਾਬਰ ਨਾਰੀ ਦੇ ਤਨ-ਮਨ ਉਤੇ ਵੀ ਕੋਈ ਦੀਰਘ ਪ੍ਰਭਾਵ ਪੈਂਦੇ ਹਨ ਜਾਂ ਨਹੀਂ? ਬੱਸ ਇਹੋ ਸਵਾਲ ਇਸ ਨਾਵਲ ਦਾ ਸਰੋਕਾਰ ਹੈ। -ਗੁਰਬਚਨ ਸਿੰਘ ਭੁੱਲਰ

ਮਾਹੌਲ ਵਿਚ ਨਸ਼ਾ ਘੁਲਦਾ ਗਿਆ। ਇਸ ਮਦਮਸਤ ਮਾਹੌਲ ਵਿਚ ਜਗਦੀਪ ਤੇ ਚਰਨਜੀਤ ਦੇ ਪੈਰ ਕਦੋਂ ਡਗਮਗਾਉਣ ਲੱਗੇ, ਪਤਾ ਵੀ ਨਾ ਲੱਗਿਆ। ਰਫ਼ਤਾ ਰਫ਼ਤਾ ਹਾਲਾਤ “ਪਹਿਲੇ ਮੈਅ, ਫਿਰ ਮੈਅਕਦਾ, ਫਿਰ ਮੈਅ ਕਾ ਤੂਫ਼ਾਂਅ ਹੋ ਗਏ।” ਤੂਫ਼ਾਨ ਵਿਚ ਉਖੜੇ ਪੈਰ ਅਕਸਰ ਧਰਤੀ ਦੀ ਛੁਹ ਗੁਆ ਬੈਠਦੇ ਹਨ।
ਤੇ ਇਕ ਦਿਨ ਅਜਿਹੀ ਹੀ ਅੱਗੇ-ਪਿਛੇ ਤੋਂ ਬੇਸੁਧ ਹਾਲਤ ਵਿਚæææ
ਉਸ ਦਿਨ ਬੁੱਧਵਾਰ ਸੀ। ਬੁੱਧਵਾਰ, ਗੁਰਮੁਖ ਸਿੰਘ ਦਾ ਮਾਰੋ-ਮਾਰ ਚਲਦੀ ਦੁਕਾਨ ਦੇ ਖਲਜਗਣ ਤੋਂ ਮੁਕਤੀ ਦਾ ਦਿਨ। ਨਿਰਮੋਹੀ ਹੁੰਦੀ ਜਾਂਦੀ ਜਗਦੀਪ ਨਾਲ ਵਾਹ ਦਾ ਦਿਨ! ਕਦੀ ਕਦੀ ਅਤੀਤ ਨੂੰ ਸਿਮਰਨ ਦਾ ਦਿਨ ਅਤੇ ਕਦੀ ਕਦੀ ਸਾਹਮਣੇ ਆ ਅੱਖਾਂ ਵਿਚ ਅੱਖਾਂ ਪਾ ਕੇ ਦੇਖਣ ਦਾ ਜਤਨ ਕਰਨ ਲੱਗੇ ਭਵਿੱਖ ਵੱਲੋਂ ਅੱਖਾਂ ਬੰਦ ਕਰਦੇ ਰਹਿਣ ਦਾ ਦਿਨ। ਪਰ ਅੱਖਾਂ ਬੰਦ ਕਰਿਆਂ ਹੋਣੀਆਂ ਕਦੋਂ ਟਲਦੀਆਂ ਹਨ। ਮੈਅ ਦੇ ਤੂਫ਼ਾਨ ਵਿਚ ਗੋਤੇ ਖਾਂਦੀ ਜਗਦੀਪ ਨੇ ਆ ਕੇ ਆਖਿਆ, “ਇਕ ਕੰਮ ਸੀ ਤੁਹਾਡੇ ਤੱਕ।”
ਗੁਰਮੁਖ ਸਿੰਘ ਆਪਣੇ ਕਮਰੇ ਵਿਚ ਕੁਰਸੀ ਉਤੇ ਬੈਠਾ ਅਖਬਾਰ ਪੜ੍ਹ ਰਿਹਾ ਸੀ। ਜਗਦੀਪ ਦੀ ਗੱਲ ਸੁਣ ਕੇ ਉਸ ਦਾ ਡਰਨਾ ਸੁਭਾਵਿਕ ਸੀ। ਉਹ ਜਦੋਂ “ਇਕ ਗੱਲ ਕਹਿਣੀ ਸੀ” ਜਾਂ “ਇਕ ਕੰਮ ਸੀ” ਆਖਦੀ, ਕੋਈ ਨਾ ਕੋਈ ਨਵੀਂ ਮੁਸ਼ਕਿਲ ਖੜ੍ਹੀ ਕਰ ਦਿੰਦੀ। ਉਹਨੇ ਕੁਝ ਬੋਲਣ ਦੀ ਥਾਂ ਅਖਬਾਰ ਲਾਂਭੇ ਰੱਖਿਆ ਜਿਸ ਦਾ ਭਾਵ ਸੀ, “ਹਾਂ, ਦੱਸ? ਕੀ ਗੱਲ ਹੈ?”
ਜਗਦੀਪ ਨੂੰ ਲੱਗਿਆ, ਉਹਦੇ ਪੈਰਾਂ ਹੇਠੋਂ ਧਰਤੀ ਪਾਟ ਰਹੀ ਹੈ ਅਤੇ ਉਹ ਨਿੱਘਰਦੀ ਜਾ ਰਹੀ ਹੈ। ਉਹ ਗੱਲ ਦੇ ਲਮਕਣ ਤੋਂ ਡਰ ਰਹੀ ਸੀ। ਗੁਰਮੁਖ ਨਾਲ ਸਾਹਮਣਾ ਛੇਤੀ ਖਤਮ ਕਰਨ ਵਾਸਤੇ ਉਹ ਸਭ ਵਿਸਤਾਰ ਲਾਂਭੇ ਛੱਡ ਕੇ ਬੋਲੀ, “ਇਨ੍ਹਾਂ ਕਾਗਜ਼ਾਂ ਉਤੇ ਦਸਤਖ਼ਤ ਕਰ ਦਿਓ। ਵਕੀਲ ਦੇ ਤਿਆਰ ਕੀਤੇ ਹੋਏ ਆਪਸੀ ਰਜ਼ਾਮੰਦੀ ਨਾਲ ਤਲਾਕ ਦੇ ਕਾਗਜ਼ ਸਨ।” ਉਹਨੇ ਕਾਗਜ਼ਾਂ ਉਤੇ ਤੇਜ਼ੀ ਨਾਲ ਚੱਲਵੀਂ ਨਜ਼ਰ ਮਾਰੀ। ਚਿਹਰੇ ਉਤੋਂ ਇਕ ਛਿਣ ਵਾਸਤੇ ਕਾਲਾ ਪਰਛਾਵਾਂ ਜਿਹਾ ਲੰਘਿਆ ਪਰ ਮਨ ਦਾ ਪੂਰਾ ਬਲ ਜੁਟਾ ਕੇ ਉਸ ਕਾਲੇ ਪਰਛਾਵੇਂ ਨੂੰ ਪੂੰਝਦਿਆਂ ਉਹਨੇ ਦੂਜੀ ਕੁਰਸੀ ਵੱਲ ਇਸ਼ਾਰਾ ਕੀਤਾ, “ਬੈਠ!”
ਜਗਦੀਪ ਖੜ੍ਹੀ ਰਹੀ, “ਨਹੀਂ, ਮੈਂ ਬੈਠਣਾ ਨਹੀਂ। ਤੁਸੀਂ ਕਿੰਨਾ ਵੀ ਕਹੋ, ਕੋਈ ਦਲੀਲਾਂ ਦਿਓ, ਮੈਂ ਇਹ ਫੈਸਲਾ ਬਦਲਣਾ ਨਹੀਂ। ਬੱਸ ਤੁਸੀਂ ਕਦੀ ਜੋ ਮੈਨੂੰ ਪਿਆਰ ਕੀਤਾ ਸੀ, ਉਸ ਸਦਕਾ ਦਸਤਖ਼ਤ ਕਰ ਕੇ ਮੈਨੂੰ ਬੰਧਨ-ਮੁਕਤ ਕਰ ਦਿਓ?”
ਗੁਰਮੁਖ ਸਿੰਘ ਕਹਿਣਾ ਚਾਹੁੰਦਾ ਸੀ, “ਜੇ ਘਰ, ਪਰਿਵਾਰ, ਬੱਚੇ, ਪਤੀ ਸਭ ਕੁਝ ਤੈਨੂੰ ਬੰਧਨ ਲਗਦਾ ਹੈ, ਜ਼ਰੂਰ ਤੇਰੇ ਦਿਮਾਗ਼ ਨੂੰ ਇਲਾਜ ਦੀ ਲੋੜ ਹੈ”, ਪਰ ਕਿਹਾ ਨਹੀਂ। ਉਹ ਇਹ ਵੀ ਚਿਤਾਰਨਾ ਚਾਹੁੰਦਾ ਸੀ ਕਿ “ਜੇ ਵਿਆਹੁਤਾ ਜੋੜੀ ਵਿਚ ਪਤੀ-ਪਤਨੀ ਵਾਲੇ ਸਬੰਧਾਂ ਦੇ ਖਾਤਮੇ ਨੂੰ ਤਲਾਕ ਕਿਹਾ ਜਾਂਦਾ ਹੈ ਜਾਂ ਕਿਹਾ ਜਾ ਸਕਦਾ ਹੈ, ਅਜਿਹਾ ਤਲਾਕ ਤਾਂ ਤੂੰ ਅੱਜ ਅਦਾਲਤੀ ਤਲਾਕ ਮੰਗਣ ਤੋਂ ਬਹੁਤ ਪਹਿਲਾਂ ਆਪ ਹੀ ਦੇ ਦਿੱਤਾ ਸੀ”, ਪਰ ਚਿਤਾਰਿਆ ਨਹੀਂ।
ਅਸਲ ਵਿਚ ਇਸ ਤਲਾਕ ਦੀ ਬੁਨਿਆਦ ਤਾਂ ਉਸੇ ਦਿਨ ਟਿਕ ਗਈ ਸੀ ਜਦੋਂ ਜਗਦੀਪ ਨੇ ਪਹਿਲੀ ਵਾਰ ਗੁਰੀ ਜਾਂ ਗੁਰੂ ਦੀ ਥਾਂ ਉਸ ਨੂੰ ‘ਤੁਸੀਂ’ ਆਖ ਕੇ ਬੁਲਾਇਆ ਸੀ। ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਮੋਹਨ ਸਿੰਘ ਆਇਆ ਕਰਦਾ ਸੀ। ਆਪਣੇ ਆਪ ਨੂੰ ‘ਤੁਸੀਂ’ ਸੁਣ ਕੇ ਉਹ ਜਾਣ ਗਿਆ ਸੀ, ਇਹਦੇ ਪੈਰ ਦੋਵਾਂ ਦਾ ਸਾਂਝਾ ਸਾਵਾਂ ਪੱਧਰਾ ਰਾਹ ਛੱਡ ਕੇ ਨਵੀਂ ਪਗਡੰਡੀ ਉਤੇ ਤੁਰਨ ਲੱਗੇ ਹਨ। ਚਾਹੁੰਦਾ ਸੀ, ਅਹਿਸਾਸ ਕਰਾਵੇ, “ਇਹ ਪਗਡੰਡੀ ਸ਼ੁਰੂ ਵਿਚ ਕੁਝ ਦੂਰ ਕਿੰਨੀ ਵੀ ਹਰਿਆਲੀ-ਫੁਲਿਆਲੀ ਧਰਤੀ ਤੋਂ ਗੁਜ਼ਰਦੀ ਹੋਵੇ, ਅੰਤ ਨੂੰ ਵੀਰਾਨ ਔਝੜ ਵਿਚ ਮਰ-ਮੁੱਕ ਜਾਵੇਗੀ ਤੇ ਅੱਗੇ ਤੈਨੂੰ ਕੋਈ ਰਾਹ ਦਿਖਾਈ ਨਹੀਂ ਦੇਣਾ”, ਪਰ ਅਹਿਸਾਸ ਕਰਵਾਇਆ ਨਹੀਂ। ਉਹ ਦੀਪੀ ਦੇ ਸੁਭਾਅ ਨੂੰ ਅੰਦਰੋਂ-ਬਾਹਰੋਂ ਜਾਣਦਾ ਸੀ, ਕੁਝ ਕਹਿਣ ਦਾ ਉਕਾ ਕੋਈ ਅਸਰ ਨਹੀਂ ਸੀ ਹੋਣਾ। ਜੇ ਕੋਈ ਅਸਰ ਹੋਣਾ ਸੀ, ਆਪਣੇ ਹੰਢਾਏ ਤਲਖ ਤਜਰਬੇ ਦਾ ਹੀ ਹੋਣਾ ਸੀ। ਤਾਂ ਵੀ ਆਵਾਜ਼ ਵਿਚ ਕੁਝ ਤਲਖੀ, ਕੁਝ ਉਲਾਂਭਾ, ਕੁਝ ਮਿਹਣਾ ਮਿਲਾ ਕੇ ਉਹਦੀ ‘ਕਦੀ ਕੀਤੇ ਪਿਆਰ’ ਵਾਲੀ ਗੱਲ ਦਾ ਜਵਾਬ ਦੇਣਾ ਜ਼ਰੂਰੀ ਹੋ ਗਿਆ ਸੀ, “ਕਦੀ?” ਜਗਦੀਪ, ਪਿਆਰ ਜੋ ਮੈਂ ਤੈਨੂੰ ਕਦੀ ਕੀਤਾ ਸੀ? ਮੈਂ ਤਾਂ ਤੈਨੂੰ ਅੱਜ ਵੀ, ਹੁਣ ਵੀ ਉਹੋ ਪਿਆਰ ਕਰਦਾ ਹਾਂ। ਮੇਰੇ ਪਿਆਰ ਨੂੰ ਮਹਿਸੂਸ ਕਰਨ ਦੀ ਤੇਰੀ ਸ਼ਕਤੀ ਹੀ ਖੀਣ ਹੋ ਗਈ। ਤੂੰ ਉਸ ਨਿਭਾਗੇ ਪੱਥਰ ਵਾਂਗ ਹੈਂ ਜੋ ਸਾਉਣ ਦੀ ਵਰ੍ਹਦੀ ਫੁਹਾਰ ਵਿਚ ਪਿਆਸ ਬੁਝਾਉਂਦੇ ਖੇਤਾਂ, ਮੈਦਾਨਾਂ, ਬਿਰਛ-ਬੂਟਿਆਂ, ਛੱਤਾਂ-ਵਿਹੜਿਆਂ ਦੇ ਵਿਚਕਾਰ ਇਕ ਬੂੰਦ ਜੀਰਨ ਤੋਂ ਵੀ ਅਸਮਰੱਥ ਅਣਭਿੱਜ ਪਿਆ ਰਹਿੰਦਾ ਹੈ।” ਉਹਨੇ ਇਕਦਮ ਗੱਲ ਬਦਲੀ, “ਮੈਂ ਇਹ ਗੱਲਾਂ ਛੇੜ ਕੇ ਤੇਰੇ ਨਾਲ ਉਲਝਣਾ ਨਹੀਂ ਚਾਹੁੰਦਾ, ਪਰ ਕੁਝ ਗੱਲਾਂ ਤਾਂ ਕਰਨੀਆਂ ਹੀ ਪੈਣਗੀਆਂ। ਬੈਠ।”
ਉਹ ਨੀਵੀਂ ਪਾ ਕੇ ਬੈਠ ਗਈ ਤੇ ਚੁੰਨੀ ਦਾ ਕੋਨਾ ਉਂਗਲ ਉਤੇ ਵਾਰ ਵਾਰ ਲਪੇਟਣ ਤੇ ਉਧੇੜਨ ਲੱਗੀ। ਗੁਰਮੁਖ ਸਿੰਘ ਨੇ ਪੁੱਛਿਆ, “ਮੈਂ ਤਾਂ ਕਦੀ ਤੇਰੇ ਕਿਸੇ ਕੰਮ ਜਾਂ ਕਦਮ ਦਾ ਜ਼ਾਹਿਰਾ ਵਿਰੋਧ ਨਹੀਂ ਕੀਤਾ। ਮੈਂ ਤਾਂ ਤੇਰਾ ਦਿੱਤਾ ਜ਼ਹਿਰ ਦਾ ਹਰ ਘੁੱਟ ਸ਼ਿਵ ਜੀ ਵਾਂਗ ਆਪਣੇ ਗਲੇ ਵਿਚ ਸਾਂਭਦਾ ਰਿਹਾ ਹਾਂ, ਫੇਰ ਤੈਨੂੰ ਇਹ ਕਦਮ ਚੁੱਕਣ ਦੀ ਕੀ ਲੋੜ ਪੈ ਗਈ?”
“ਮੈਂ ਫਿਲਮਾਂ ਵਾਸਤੇ ਕਹਾਣੀਆਂ ਤੇ ਗੀਤ ਲਿਖਣ ਬੰਬਈ ਜਾ ਰਹੀ ਹਾਂ। ਮੇਰਾ ਪੰਜਾਬੀ ਵਿਚ ਹੀ ਨਹੀਂ, ਪੰਜਾਬੀ ਤੋਂ ਬਾਹਰ ਵੀ ਬਹੁਤ ਨਾਂ ਹੈ। ਉਥੋਂ ਦੀ ਸਫ਼ਲਤਾ ਵਿਚੋਂ ਮੁੜ ਇਥੇ ਪਰਤਣਾ ਮੇਰੇ ਵਾਸਤੇ ਸੰਭਵ ਨਹੀਂ ਹੋਣਾ। ਆਪਣਾ ਰਿਸ਼ਤਾ ਮੇਰੇ ਨਾਲ ਨਾਲ ਤੁਹਾਡੇ ਲਈ ਵੀ ਬੇਮਾਅਨੀ ਹੋ ਕੇ ਰਹਿ ਜਾਵੇਗਾ।”
“ਮੇਰੀ ਗੱਲ ਛੱਡ, ਮੇਰੇ ਵਾਸਤੇ ਤਾਂ ਇਹ ਰਿਸ਼ਤਾ ਬੇਮਾਅਨੀ ਹੈ ਜਾਂ ਨਹੀਂ, ਹੁੰਦਾ ਜਾਂ ਨਹੀਂ, ਇਹ ਗੱਲ ਹਾਲ ਦੀ ਘੜੀ ਰਹਿਣ ਹੀ ਦੇਈਏ। ਮੈਂ ਤਾਂ ਇਕ ਪਾਸੇ ਰਿਹਾ, ਪਰ ਤੇਰੇ ਦੋ ਬੱਚੇ ਵੀ ਤਾਂ ਹਨ ਜੋ ਬਚਪਨ ਵਿਚੋਂ ਨਿਕਲਣ ਦੀ ਉਮਰ ਦੇ ਹੋ ਰਹੇ ਨੇ?”
“ਬੱਚਿਆਂ ਨੂੰ ਮੌਕੇ ਅਨੁਸਾਰ ਜੋ ਮਰਜ਼ੀ ਆਖ ਦੇਣਾ, ਮੈਂ ਤਾਂ ਕੋਲ ਹੋਣਾ ਨਹੀਂ।”
“ਤੇਰਾ ਮਤਲਬ ਹੈ, ਕੋਈ ਝੂਠ ਬੋਲ ਦੇਵਾਂ ਜਾਂ ਫੇਰ ਦੋਸ਼ ਤੇਰੇ ਸਿਰ, ਯਾਨਿ ਉਨ੍ਹਾਂ ਦੀ ਗੈਰਹਾਜ਼ਰ ਮਾਂ ਦੇ ਸਿਰ ਪਾ ਦਿਆਂ? ਚੱਲ, ਬੱਚਿਆਂ ਨੂੰ ਮੈਂ ਆਪੇ ਨਜਿੱਠਾਂਗਾ”, ਉਹਨੇ ਕਿਹਾ, “ਇਕ ਸਮੱØਸਿਆ ਹੋਰ ਵੀ ਹੈ। ਬੰਬਈ ਜਿਸ ਸਮੁੰਦਰ ਦੇ ਕਿਨਾਰੇ ਵਸੀ ਹੋਈ ਹੈ, ਉਸ ਤੋਂ ਵੱਧ ਖਾਰੀ, ਨਿਰਦਈ ਤੇ ਕਰੂਰ ਹੈ। ਉਸ ਅਣਜਾਣੇ ਸ਼ਹਿਰ ਦੀ ਬੇਲਿਹਾਜ ਫ਼ਿਲਮ ਨਗਰੀ ਵਿਚ ਤੂੰ ਇਕੱਲੀ ਜਦੋ-ਜਹਿਦ ਕਰੇਂਗੀ? ਹਾਬੜੇ ਹੋਏ ਮਰਦਾਂ ਦੀ ਇਸ ਦੁਨੀਆਂ ਵਿਚ ਇਕੱਲੀ ਔਰਤ ਦੀ ਜਦੋ-ਜਹਿਦ! ਬੰਬਈ ਫਤਿਹ ਕਰਨ ਲਈ ਤੁਰਨ ਤੋਂ ਪਹਿਲਾਂ ਇਹ ਅੰਜਾਮ ਵੀ ਸੋਚਿਆ ਹੈ ਤੂੰ?”
ਉਹਨੇ ਗਲਾ ਸਾਫ਼ ਕੀਤਾ, “ਚਰਨਜੀਤ ਵੀ ਮੇਰੇ ਨਾਲ ਜਾਵੇਗਾ। ਉਹ ਫਿਲਮਾਂ ਦੀ ਆਰਟ ਡਾਇਰੈਕਸ਼ਨ ਦੇਵੇਗਾ।”
ਗੁਰਮੁਖ ਸਿੰਘ ਦਾ ਸ਼ੱਕ ਸੱਚ ਨਿਕਲਿਆ, “ਮੈਨੂੰ ਜੇ ਯਕੀਨ ਨਹੀਂ ਤਾਂ ਸ਼ੱਕ ਜ਼ਰੂਰ ਸੀ।æææ ਦੋ ਗੱਲਾਂ ਤੇਰੇ ਧਿਆਨ ਵਿਚ ਲਿਆਉਂਦਾ ਹਾਂ। ਇਕ ਤਾਂ, ਰੱਬ ਕਰੇ ਸਫ਼ਲਤਾ ਵਿਚ ਤੇਰਾ ਯਕੀਨ ਸਹੀ ਨਿਕਲੇ, ਪਰ ਇਹ ਗਲਤ ਵੀ ਤਾਂ ਹੋ ਸਕਦਾ ਹੈ। ਦੂਜੀ ਗੱਲ, ਤੇਰੇ ਪਾਰੇ ਵਰਗੇ ਕਲਾਕਾਰੀ ਸੁਭਾਅ ਨੂੰ ਮੈਥੋਂ ਵੱਧ ਕੋਈ ਨਹੀਂ ਜਾਣਦਾ। ਕਲਾਕਾਰ ਚਰਨਜੀਤ ਵੀ ਹੈ। ਦੂਰੋਂ ਪਿਆਰ ਦਾ ਦਮ ਭਰਨਾ ਹੋਰ ਗੱਲ ਹੁੰਦੀ ਹੈ। ਇਕੱਠੇ ਰਹਿੰਦਿਆਂ ਜੀਵਨ ਦੇ ਕੌੜੇ ਸੱਚ ਸਾਹਮਣੇ ਆਉਣ ਲਗਦੇ ਨੇ ਤੇ ਪਿਆਰ ਦਾ ਰੰਗ ਖੁਰਨ ਲਗਦਾ ਹੈ। ਰੱਬ ਨਾ ਕਰੇ, ਜੇ ਮੇਰੇ ਇਹ ਦੋਵੇਂ ਡਰ ਸੱਚੇ ਹੋ ਜਾਣæææ!”
ਉਹਨੇ ਗੱਲ ਕੱਟੀ, “ਦੋਵਾਂ ਵਿਚੋਂ ਕੋਈ ਵੀ ਗੱਲ ਸੱਚ ਨਹੀਂ ਹੋਵੇਗੀ।” ਉਹ ਇਨ੍ਹਾਂ ਗੱਲਾਂ ਨਾਲ ਬੇਚੈਨ ਹੋ ਉਠੀ, “ਮੇਰਾ ਕੁਝ ਵੀ ਹੋਵੇ, ਬੱਸ, ਤੁਸੀਂ ਦਸਤਖ਼ਤ ਕਰ ਦਿਓ।”
“ਤੇਰਾ ਕੁਝ ਵੀ ਹੋਵੇ?” ਉਹ ਹੈਰਾਨ ਹੋਇਆ, “ਖੈਰ, ਮੈਂ ਇਹ ਸਭ ਕੁਝ ਤੈਨੂੰ ਫੈਸਲਾ ਬਦਲਾਉਣ ਵਾਸਤੇ ਬਿਲਕੁਲ ਨਹੀਂ ਆਖ ਰਿਹਾ। ਮੈਂ ਇਹ ਕਹਿਣਾ ਚਾਹੁੰਦਾ ਹਾਂ, ਤਲਾਕ ਤੂੰ ਤਦ ਲਵੇਂ ਜੇ ਮੈਂ ਤੁਹਾਡੇ ਪਿਛੇ ਪੁਲਿਸ ਲਾਉਣੀ ਹੋਵੇ। ਤੈਨੂੰ ਪਤਾ ਹੈ, ਅਜਿਹਾ ਕੋਈ ਕਦਮ ਚੁੱਕ ਕੇ ਮੈਂ ਆਪਣੇ ਹੀ ਸਿਰ ਵਿਚ ਸੁਆਹ ਨਹੀਂ ਪਾਉਣ ਲਗਿਆ। ਮੇਰਾ ਹੌਕਾ ਵੀ ਬਾਹਰ ਨਿਕਲਿਆ, ਤੇਰੇ ਅਖਬਾਰਾਂ-ਰਸਾਲਿਆਂ ਵਾਲੇ ਤੇ ਲੇਖਕ ਮੇਰੀ ਇੱਜ਼ਤ ਦੀਆਂ ਧੱਜੀਆਂ ਉਡਾ ਦੇਣਗੇ। ਮੈਂ ਸਿਰਫ਼ ਇਹ ਆਖ ਰਿਹਾ ਹਾਂ, ਤੂੰ ਇਸ ਘਰ ਦਾ ਬੂਹਾ ਬੰਦ ਕਰ ਕੇ ਨਾ ਜਾ। ਮੇਰੀ ਪਤਨੀ ਨਾ ਸਹੀ, ਤੂੰ ਮੇਰੇ ਬੱਚਿਆਂ ਦੀ ਮਾਂ ਹੈਂ ਜਿਸ ਦੀ ਉਨ੍ਹਾਂ ਨੂੰ ਲੋੜ ਹੈ।”
ਜਗਦੀਪ ਦੀ ਬਚੀ-ਖੁਚੀ ਜ਼ਮੀਰ ਵਾਸਤੇ ਹੋਰ ਸਹਿਣ ਕਰਨਾ ਮੁਸ਼ਕਿਲ ਹੋ ਗਿਆ। ਉਹ ਕਾਹਲੀ ਨਾਲ ਉਠੀ ਅਤੇ ਬਿਨਾਂ ਕੁਝ ਵੀ ਕਹੇ ਤੁਰ ਚੱਲੀ। ਗੁਰਮੁਖ ਸਿੰਘ ਨੇ ਕਿਹਾ, “ਹਾਂ, ਤੁਹਾਡੇ ਜਾਣ ਤੋਂ ਪਹਿਲਾਂ ਮੈਂ ਚਰਨਜੀਤ ਨੂੰ ਜ਼ਰੂਰ ਮਿਲਣਾ ਚਾਹਾਂਗਾ। ਉਸ ਨੂੰ ਹੁਣੇ ਬੁਲਾ ਦੇਣਾ।”
ਜਗਦੀਪ ਦਹਿਲੀਜ਼ ਕੋਲ ਰੁਕੀ ਅਤੇ ਡਰੀ ਹੋਈ ਆਵਾਜ਼ ਵਿਚ ਬੋਲੀ, “ਤੁਹਾਡਾ ਉਸ ਨਾਲ ਕੀ ਵਾਹ-ਵਾਸਤਾ? ਉਸ ਤੋਂ ਤੁਸੀਂ ਕੀ ਲੈਣਾ ਹੈ ਮਿਲ ਕੇ?”
ਗੁਰਮੁਖ ਸਿੰਘ ਵਿਹੁਲੀ ਹਾਸੀ ਹੱਸਿਆ, “ਕਮਾਲ ਹੈ, ਉਹ ਆਦਮੀ ਮੇਰੀ ਜ਼ਨਾਨੀ, ਮੇਰੇ ਬੱਚਿਆਂ ਦੀ ਮਾਂ ਉਧਾਲ ਕੇ ਲੈ ਚੱਲਿਆ, ਤੂੰ ਕਹਿੰਦੀ ਹੈਂ, ਉਸ ਨਾਲ ਮੇਰਾ ਕੀ ਵਾਹ-ਵਾਸਤਾ? ਖੈਰæææਮੈਂ ਉਸ ਤੋਂ ਕੁਝ ਨਹੀਂ ਲੈਣਾ। ਤੇ ਦੇਣ ਨੂੰ ਉਸ ਬਿਚਾਰੇ ਕੋਲ ਹੈ ਵੀ ਕੀ? ਉਹ ਤਾਂ ਖੁਦ ਦੂਜਿਆਂ ਦੀਆਂ ਚੀਜ਼ਾਂ ਚੋਰੀ ਕਰਦਾ ਫਿਰਦਾ ਹੈæææਤੂੰ ਬੇਫਿਕਰ ਰਹਿ। ਮੈਂ ਕੋਈ ਵੀ ਅਜਿਹੀ ਗੱਲ ਨਹੀਂ ਕਹਾਂਗਾ ਜੋ ਉਸ ਨੂੰ ਚੁਭੇ ਜਾਂ ਤੈਨੂੰ ਬੁਰੀ ਲੱਗੇ। ਮੈਨੂੰ ਇਹ ਅਹਿਸਾਸ ਹੈ ਕਿ ਉਸ ਨੂੰ ਕੁਝ ਕਹਿਣ ਦਾ ਮੈਨੂੰ ਕੋਈ ਅਧਿਕਾਰ ਨਹੀਂ। ਹਾਂ, ਤੈਨੂੰ ਕਹਿਣ ਦਾ ਜ਼ਰੂਰ ਹੈ। ਪਰ ਜਦੋਂ ਤੈਨੂੰ ਰੋਕਣ ਵਿਚ ਅਸਫ਼ਲ ਹਾਂ, ਉਸ ਨੂੰ ਕਿਸ ਹੱਕ ਨਾਲ ਕੁਝ ਕਹਿ ਸਕਦਾ ਹਾਂ? ਡਰ ਨਾ, ਮੈਂ ਤੁਹਾਡੇ ਪ੍ਰੋਗਰਾਮ ਵਿਚ ਕੋਈ ਵਿਘਨ ਨਹੀਂ ਪਾਉਣ ਲੱਗਿਆ। ਬੱਸ, ਉਸ ਨੂੰ ਆਖ, ਮੈਨੂੰ ਇਕ ਵਾਰ ਮਿਲ ਜਾਵੇ।”
ਚਰਨਜੀਤ ਆਇਆ ਤਾਂ ਗੁਰਮੁਖ ਸਿੰਘ ਆਰਾਮ ਕੁਰਸੀ ਉਤੇ ਬੇਆਰਾਮ ਲੇਟਿਆ ਹੋਇਆ ਸੀ। ਉਹਦਾ ਦਿਲ ਕੀਤਾ, ਕਹੇ, “ਭਾਪਾ ਜੀ, ਤੁਸੀਂ ਮੈਨੂੰ ਬੁਲਾਇਆ ਸੀ?” ਪਰ ਕੁਝ ਵੀ ਬੋਲਣ ਤੋਂ ਅਸਮਰੱਥ ਉਹ ਨਿਮਾਣਿਆਂ ਵਾਂਗ ਖਲੋ ਗਿਆ। ਆਹਟ ਨਾਲ ਗੁਰਮੁਖ ਸਿੰਘ ਬੈਠਾ ਹੋ ਗਿਆ ਅਤੇ ਦੂਜੀ ਕੁਰਸੀ ਵੱਲ ਇਸ਼ਾਰਾ ਕੀਤਾ।
ਉਹ ਚੁੱਪਚਾਪ ਬੈਠ ਗਿਆ ਤਾਂ ਗੁਰਮੁਖ ਸਿੰਘ ਬੋਲਿਆ, “ਤੁਹਾਨੂੰ ਜਗਦੀਪ ਨੇ ਸਾਡੇ ਵਿਚਕਾਰ ਹੋਈ ਗੱਲਬਾਤ ਦੱਸ ਹੀ ਦਿੱਤੀ ਹੋਵੇਗੀ। ਤੁਹਾਨੂੰ ਮੈਂ ਤੁਹਾਡਾ ਸੋਚਿਆ ਕਦਮ ਰੋਕਣ ਵਾਸਤੇ ਆਖਣ ਲਈ ਨਹੀਂ ਬੁਲਾਇਆ। ਜਦ ਮੈਂ ਜਗਦੀਪ ਨੂੰ, ਜੋ ਮੇਰੀ ਪਤਨੀ ਹੈ, ਮੇਰੇ ਦੋ ਬੱਚਿਆਂ ਦੀ ਮਾਂ ਹੈ, ਰੋਕਣ ਵਿਚ ਕਾਮਯਾਬ ਨਹੀਂ ਹੋ ਸਕਿਆ, ਤੁਹਾਨੂੰ ਮੈਂ ਕਿਸ ਹੱਕ ਨਾਲ ਰੋਕਣ ਬਾਰੇ ਸੋਚ ਸਕਦਾ ਹਾਂ, ਤਾਂ ਵੀ ਮੈਂ ਇਕ ਗੱਲ ਕਹਿਣੀ ਜ਼ਰੂਰੀ ਸਮਝਦਾ ਹਾਂ। ਮੇਰੇ ਨਾਲ ਇਸ ਬਾਰੇ ਤਾਂ ਜ਼ਰੂਰ ਸਹਿਮਤ ਹੋਵੇਗੇ ਕਿ ਤੁਸੀਂ ਜਗਦੀਪ ਨੂੰ ਕਿੰਨਾ ਵੀ ਜਾਣਦੇ ਹੋਵੋ, ਮੇਰੇ ਜਿੰਨਾ ਨਹੀਂ ਜਾਣਦੇ। ਬਹੁਤ ਜਜ਼ਬਾਤੀ, ਪਾਰੇ ਵਰਗਾ ਤਰਲ ਸੁਭਾਅ ਹੈ ਉਸ ਦਾ। ਤੁਸੀਂ ਵੀ ਕਲਾਕਾਰ ਹੋ। ਕਲਾਕਾਰ ਸਭ ਜਜ਼ਬਾਤੀ ਹੀ ਹੁੰਦੇ ਨੇ, ਜਿਨ੍ਹਾਂ ਦੀ ਬੁੱਧੀ ਦੀ ਨਕੇਲ ਵੀ ਜਜ਼ਬਿਆਂ ਦੇ ਹੱਥ ਹੁੰਦੀ ਹੈ। ਕਈ ਤਾਂ ਵਿਸ਼ਵਾਸਘਾਤੀ ਹੋਣ ਦੀ ਹੱਦ ਤੱਕ ਜਜ਼ਬਿਆਂ ਦੇ ਗੁਲਾਮ ਹੋ ਜਾਂਦੇ ਨੇ। ਖੈਰ, ਇਹ ਚਰਚਾ ਰਹਿਣ ਦੇਈਏ। ਮੈਂ ਤੁਹਾਨੂੰ ਸਿਰਫ਼ ਇਕ ਗੱਲ ਕਹਿਣੀ ਹੈæææ।”
ਨੀਵੀਂ ਪਾਈਂ ਬੈਠੇ ਚਰਨਜੀਤ ਨੇ ਇਕ ਵਾਰ ਉਪਰ ਦੇਖਿਆ ਕਿ ਉਹਨੇ ਅਜਿਹੀ ਕੀ ਗੱਲ ਕਹਿਣੀ ਹੈ, ਪਰ ਸਿੱਧਾ ਨਾ ਦੇਖ ਸਕਣ ਕਰ ਕੇ ਫੇਰ ਨੀਵੀਂ ਪਾ ਲਈ।
ਗੁਰਮੁਖ ਸਿੰਘ ਨੇ ਗੱਲ ਮੁਕਾਈ, “ਜੇ ਕਦੀæææਕਦੀ ਵੀ ਅਜਿਹੀ ਘੜੀ ਆ ਜਾਵੇ ਕਿ ਤੁਹਾਡੇ ਰਾਹ ਵੱਖ ਹੋ ਜਾਣ, ਇਹਨੂੰ ਬੇਮੁਰੱਵਤ ਦੁਨੀਆਂ ਵਿਚ ਇਕੱਲੀ ਖੜ੍ਹੀ ਛੱਡ ਕੇ ਕਿਧਰੇ ਤੁਰ ਨਾ ਜਾਣਾ। ਇਹ ਯਾਦ ਰੱਖਣਾ, ਇਹ ਇਕ ਪਤੀ ਦੀ ਪਤਨੀ ਨਾ ਸਹੀ, ਦੋ ਬੱਚਿਆਂ ਦੀ ਮਾਂ ਜ਼ਰੂਰ ਹੈ। ਰੱਬ ਕਰੇ, ਇਹ ਘੜੀ ਛੇਤੀ ਆਵੇ ਤੇ ਆਵੇਗੀ ਵੀ ਜ਼ਰੂਰ। ਮੈਨੂੰ ਆਪਣੀ ਪਰਵਾਹ ਨਹੀਂ, ਡਰ ਇਹ ਹੈ, ਸਮਾਜ ਨੇ ਕਿਸੇ ਨਾਲ ਉਧਲ ਗਈ ਮਾਂ ਦੇ ਬੱਚੇ ਆਖ ਕੇ ਦੋਵਾਂ ਮਾਸੂਮਾਂ ਦਾ ਜਿਉਣਾ ਹਰਾਮ ਕਰ ਦੇਣਾ ਹੈ। ਜਿਉਂ ਜਿਉਂ ਉਹ ਹੋਸ਼ ਸੰਭਾਲਣਗੇ, ਮਾਂ ਦੀਆਂ ਕਰਨੀਆਂ ਦੇ ਅਰਥ ਸਮਝ ਸਮਝ ਕੇ ਪਰੇਸ਼ਾਨ ਵੀ ਹੋਇਆ ਕਰਨਗੇ ਤੇ ਪਸ਼ੇਮਾਨ ਵੀ। ਮੈਂ ਜੇ ਸਖਤ ਰੀਐਕਸ਼ਨ ਨਹੀਂ ਦਿਖਾਉਂਦਾ, ਇਸ ਕਰ ਕੇ ਨਹੀਂ ਕਿ ਮੈਂ ਜਗਦੀਪ ਤੋਂ ਜਾਂ ਤੈਥੋਂ ਡਰਦਾ ਹਾਂ, ਸਿਰਫ਼ ਇਸ ਕਰ ਕੇ ਕਿ ਉਸ ਹਾਲਤ ਵਿਚ ਸਮਾਜ ਦੀ ਸਾਡੇ ਘਰ ਦੇ ਵਿਹੜੇ ਵਿਚ ਬੁੱਕਾਂ ਭਰ ਭਰ ਸੁੱਟੀ ਸੁਆਹ ਮੇਰੇ ਬੇਦੋਸ਼ੇ ਮਾਸੂਮ ਬੱਚਿਆਂ ਦੇ ਮੂੰਹ-ਸਿਰ ਉਤੇ ਪਵੇਗੀ।”
ਚਰਨਜੀਤ ਨੂੰ ਸੱਚ ਦੇ ਹਜ਼ੂਰ ਇਕ ਪਲ ਵੀ ਹੋਰ ਖਲੋਣਾ ਦੁੱਭਰ ਹੋ ਗਿਆ। ਉਹ ਹੰਭਲਾ ਮਾਰ ਕੇ ਮੁਸ਼ਕਿਲ ਨਾਲ ਉਠਿਆ ਤੇ ਪੈਰ ਘੜੀਸਦਾ, ਨੀਵੀਂ ਪਾਈਂ, ਕੁਝ ਵੀ ਬੋਲੇ ਬਿਨਾਂ ਕਮਰਿਉਂ ਬਾਹਰ ਤੁਰ ਪਿਆ।
ਜਦੋਂ ਬੰਬਈ ਜਾਣ ਦਾ ਫੈਸਲਾ ਹੋਇਆ, ਜਗਦੀਪ ਤੇ ਚਰਨਜੀਤ ਨੂੰ ‘ਹਿਤੈਸ਼ੀ’ ਦੀ ਬਹੁਤੀ ਚਿੰਤਾ ਨਹੀਂ ਸੀ। ਇਕ ਤਾਂ ਇਲਸਟਰੇਸ਼ਨਾਂ ਕੁਝ ਹੀ ਰਚਨਾਵਾਂ ਨਾਲ ਜਾਂਦੀਆਂ ਸਨ, ਸਾਰੀਆਂ ਨਾਲ ਨਹੀਂ। ਦੂਜੇ, ਹਿਤੈਸ਼ੀ ਜੀ ਦੇ ਕਈ ਚਿਤਰਕਾਰਾਂ ਨਾਲ ਸਬੰਧ ਸਨ ਅਤੇ ਉਨ੍ਹਾਂ ਨੂੰ ਨਿੱਜੀ ਧਿਆਨ ਦੇ ਕੇ ਕੰਮ ਕਰਾਉਣਾ ਵੀ ਆਉਂਦਾ ਸੀ। ਉਨ੍ਹਾਂ ਨੇ ਚਰਨਜੀਤ ਦੇ ਚਲੇ ਜਾਣ ਨਾਲ ਪਾਠਕਾਂ ਨੂੰ ਕੋਈ ਖਾਸ ਫਰਕ ਮਹਿਸੂਸ ਨਹੀਂ ਸੀ ਹੋਣ ਦੇਣਾ। ਇਹ ਵੀ ਚੰਗਾ ਹੋਇਆ, ‘ਹਿਤੈਸ਼ੀ’ ਦੀਆਂ ਅਗਲੇ ਮਹੀਨੇ ਦੀਆਂ ਫਾਈਲਾਂ ਅਜੇ ਆਈਆਂ ਨਹੀਂ ਸਨ। ਉਨ੍ਹਾਂ ਦੇ ਬੰਬਈ ਜਾਣ ਦੀ ਖਬਰ ਤਾਂ ਗੁਰਮੁਖ ਸਿੰਘ ਤੋਂ ਹਿਤੈਸ਼ੀ ਜੀ ਤੱਕ ਪਹੁੰਚ ਹੀ ਜਾਵੇਗੀ। ਅਸਲ ਪ੍ਰੇਸ਼ਾਨੀ ਚਰਨਜੀਤ ਲਈ ‘ਚਿਰਾਗ’ ਨੂੰ ਤਿੰਨ ਵਾਰ ਤਲਾਕ ਕਹਿਣ ਦੀ ਸੀ। ਅਨਵਰ ਸਾਹਿਬ ਨੇ ਸਜਾਵਟ ਦਾ ਸਾਰਾ ਕੰਮ ਉਸ ਉਤੇ ਛੱਡ ਰੱਖਿਆ ਸੀ ਅਤੇ ਉਹਦਾ ਅਚਾਨਕ ਜਾਣਾ ਉਨ੍ਹਾਂ ਲਈ ਯਕੀਨਨ ਮੁਸ਼ਕਿਲ ਖੜ੍ਹੀ ਕਰੇਗਾ। ਉਨ੍ਹਾਂ ਨੂੰ, ਜਿਨ੍ਹਾਂ ਨੇ ਉਸ ਦੀ ਏਨੀ ਕਦਰ ਕੀਤੀ ਸੀ, ਸਭ ਖੁੱਲ੍ਹਾਂ ਦੇ ਛੱਡੀਆਂ ਸਨ, ਪੱਤਰਕਾਰੀ ਦੀ ਦੁਨੀਆਂ ਵਿਚ ਪ੍ਰਸਿੱਧੀ ਦੁਆਈ ਸੀ ਅਤੇ ਹਰ ਗੱਲ, ਹਰ ਮੰਗ ਪੂਰੀ ਕੀਤੀ ਸੀ, ਉਹ ਇਹ ਖਬਰ ਕਿਵੇਂ ਦੇ ਸਕੇਗਾ। ਪਰ ਇਤਲਾਹ ਤਾਂ ਕਰਨੀ ਹੀ ਪੈਣੀ ਸੀ। ਉਨ੍ਹਾਂ ਵਰਗੇ ਇਨਸਾਨ ਨੂੰ ਦੱਸੇ ਬਿਨਾਂ ਵੀ ਤਾਂ ਨਹੀਂ ਸੀ ਜਾਇਆ ਜਾ ਸਕਦਾ ਅਤੇ ਹੋਰ ਕਿਤੋਂ ਉਨ੍ਹਾਂ ਨੂੰ ਖਬਰ ਮਿਲਣੀ ਨਹੀਂ ਸੀ।
ਜਦੋਂ ਚਰਨਜੀਤ ‘ਚਿਰਾਗ’ ਦੇ ਦਫਤਰ ਅਨਵਰ ਸਾਹਿਬ ਦਾ ਦਰਵਾਜ਼ਾ ਠਕੋਰ ਰਿਹਾ ਸੀ, ਜਗਦੀਪ ਦੇ ਚੇਤੇ ਦੇ ਬੰਬਈਆ ਮਾਹੌਲ ਵਿਚ ਸਾਹਿਰ ਸਾਹਿਬ ਆ ਪਰਗਟ ਹੋਏ। ਉਹਨੇ ਡਾਕ ਰਾਹੀਂ ਆਈ ਉਨ੍ਹਾਂ ਦੀ ਆਖਰੀ ਕਵਿਤਾ “ਚਲੋ ਇਕ ਬਾਰ ਫਿਰ ਸੇ, ਅਜਨਬੀ ਬਨ ਜਾਏਂ ਹਮ ਦੋਨੋਂ” ਕਾਹਲੀ ਕਾਹਲੀ ਪੜ੍ਹੀ ਅਤੇ ਇਕਦਮ ਮਨ ਵਿਚ ਜਾਗੀਆਂ ਸਤਰਾਂ ਲਿਖਣ ਲੱਗੀ:
ਇਉਂ ਨਾ ਤੂੰ ਫੇਰ ਅੱਖੀਆਂ
ਇਉਂ ਨਾ ਨਕਾਰ ਮੈਨੂੰ।
ਕਵਿਤਾ ਜ਼ਰਾ ਮੈਂ ਮੁਸ਼ਕਿਲ
ਫਿਰ ਤੋਂ ਵਿਚਾਰ ਮੈਨੂੰ।
ਕੋਈ ਹੋਰ ਪੜ੍ਹ ਨਾ ਸਕਦਾ
ਤਫ਼ਸੀਰ ਕਰ ਨਾ ਸਕਦਾ,
ਮੈਂ ਸਤਰ ਸਤਰ ਤੇਰੀ
ਤੂੰ ਹੀ ਉਚਾਰ ਮੈਨੂੰ।
ਕੁਝ ਹੋਰ ਗੂੜ੍ਹੀ ਹੋਵਾਂ
ਕੁਝ ਹੋਰ ਰੰਗ ਉਭਰਨ,
ਤੂੰ ਦਿਲ ਦੇ ਵਰਕਿਆਂ ‘ਤੇ
ਏਦਾਂ ਉਤਾਰ ਮੈਨੂੰ।
ਜੇ ਕਹਿ ਦਏਂ ਤੂੰ ਮੈਨੂੰ
‘ਮੈਂ ਕਰਦਾਂ ਪਿਆਰ ਤੈਨੂੰ’,
ਕਰ ਦੇਣਗੇ ਮੁਕੰਮਲ
ਇਹ ਲਫਜ਼ ਚਾਰ ਮੈਨੂੰ।
ਤੈਥੋਂ ਜੇ ਮੁੱਖ ਮੈਂ ਮੋੜਾਂ
ਕੀਤਾ ਜੇ ਕੌਲ ਤੋੜਾਂ,
ਤੂੰ ਹਰਫ਼ ਹਰਫ਼ ਕਰ ਕੇ
ਦੇਵੀਂ ਖਿਲਾਰ ਮੈਨੂੰ।
ਅਨਵਰ ਸਾਹਿਬ ਦੇ ਸਾਹਮਣੇ ਬੈਠਦਿਆਂ ਚਰਨਜੀਤ ਨੇ ਹੱਥ ਜੋੜੇ, “ਮੁਝੇ ਮੁਆਫ਼ ਕਰ ਦੇਨਾ, ਅੱਬੂਜਾਨ, ਮੈਂ ਆਜ ਹੀ ਦਿੱਲੀ ਛੋਡ ਕਰ ਬੰਬਈ ਜਾ ਰਹਾ ਹੂੰ। ਇਸ ਸੇ ਜ਼ਿਆਦਾ ਕੁਛ ਮੈਂ ਆਪ ਕੋ ਬਤਾ ਨਹੀਂ ਪਾਊਂਗਾ।”
ਅਨਵਰ ਸਾਹਿਬ ਉਹਦੇ ‘ਅੱਬੂਜਾਨ’ ਕਹਿਣ ਤੋਂ ਹੀ ਮਾਮਲੇ ਦੀ ਸੰਜੀਦਗੀ ਸਮਝ ਗਏ। ਉਹ ਜਾਣ ਗਏ, ਚਰਨਜੀਤ ਇੰਟਰਵਿਊ ਵਾਲੇ ਦਿਨ ਕਹੀ ਗੱਲ ‘ਔਰ ਅੱਬੂਜਾਨ ਤੁਮ ਕਹੋਗੇ ਨਹੀਂ’ ਚੇਤੇ ਕਰ ਰਿਹਾ ਹੈ। ਬੋਲੇ, “ਬਰਖੁਰਦਾਰ, ਬਾਤ ਕੁਛ ਜ਼ਿਆਦਾ ਹੀ ਸੰਜੀਦਾ ਲਗਤੀ ਹੈ। ਤੋ ਮੈਂ ਤੁਮ ਸੇ ਕੁਛ ਪੂਛੂੰਗਾ ਭੀ ਨਹੀਂ ਔਰ ਤੁਮ੍ਹੇਂ ਰੋਕੂੰਗਾ ਭੀ ਨਹੀਂ। ਮਗਰ ਇਤਨਾ ਜ਼ਰੂਰ ਕਹੂੰਗਾ, ਮੁਝੇ ਔਰ ‘ਚਿਰਾਗ’ ਕੋ ਬਹੁਤ ਕਰਾਰੀ ਚੋਟ, ਬਹੁਤ ਗਹਿਰਾ ਜ਼ਖ਼ਮ ਦੇ ਕਰ ਜਾ ਰਹੇ ਹੋ, ਮੀਆਂ! ਅਬ ਉਨ੍ਹੀਂ ਆਰਟ ਐਂਡ ਆਰਟ ਵਾਲੇ ਨਾਮਾਕੂਲ ਮਰਦੂਦੋਂ ਕੇ ਪਾਸ ਜਾਨਾ ਹੋਗਾ ਔਰ ਅੰਜਾਮ ਭੀ ਭੁਗਤਨੇ ਹੋਂਗੇ।”
“ਆਪ ਮੁਝੇ ਮੁਆਫ ਜ਼ਰੂਰ ਕਰ ਦੀਜੀਏਗਾ। ਏਕ ਵਾਅਦਾ ਰਹਾ, ਅੱਲਾ ਨਾ ਕਰੇ, ਮੁਝੇ ਅਗਰ ਕਭੀ ਦਿੱਲੀ ਲੌਟਨਾ ਪੜਾ, ਆਪ ਕੇ ਦਰ ਪੇ ਹੀ ਆਵਾਜ਼ ਦੂੰਗਾ।”
ਅਨਵਰ ਸਾਹਿਬ ਨੇ ਕੁਰਸੀ ਤੋਂ ਉਠ ਕੇ ਉਹਦਾ ਹੱਥ ਫੜ ਲਿਆ ਅਤੇ ਭਾਰੀ ਆਵਾਜ਼ ਵਿਚ ਕਹਿਣ ਲੱਗੇ, “ਜਾਉ ਮੀਆਂ, ਮੇਰੀ ਤਰਫ਼ ਸੇ ਦਿਲ ਪੇ ਕੋਈ ਬੋਝ ਲੀਏ ਬਿਨਾਂ ਜਾਉ। ਜਿਤਨੇ ਗੁਜ਼ਰੇ, ਦਿਨ ਬਹੁਤ ਅੱਛੇ ਗੁਜ਼ਰੇ। ਯਹੀ ਬਹੁਤ ਹੈ। ਹਮੇਸ਼ਾ ਕਾ ਸਾਥ ਕੌਨ ਨਿਭਾਤਾ ਹੈ ਭਾਈ। ਵੁਹ ਅਪਨੇ ਕੈਫ਼ੀ ਸਾਹਿਬ ਕਹਿਤੇ ਹੈਂ ਨਾ, ‘ਅਰੇ ਦੇਖੀ ਜ਼ਮਾਨੇ ਕੀ ਯਾਰੀ, ਬਿਛੜੇ ਸਭੀ ਬਾਰੀ ਬਾਰੀ!’ ਭਈ, ਵੁਹ ਤੋ ਆਗੇ ਏਕ ਬਾਤ ਔਰ ਭੀ ਕਹਿਤੇ ਹੈਂ ਜੋ ਮੈਂ ਨਹੀਂ ਕਹਿਨਾ ਚਾਹੂੰਗਾ, ‘ਮਤਲਬ ਕੀ ਦੁਨੀਆ ਹੈ ਸਾਰੀ!’æææ ਜਿਸ ਭੀ ਕਾਮ ਸੇ ਚਲੇ ਹੋ, ਪਰਵਰਦਿਗਾਰ ਤੁਮਹੇ ਕਾਮਯਾਬੀ ਦੇ!”
***
ਜਗਦੀਪ ਅਤੇ ਚਰਨਜੀਤ ਦੇ ਬੰਬਈ ਜਾਣ ਨਾਲ ਪੰਜਾਬੀ ਦੇ ਹੀ ਨਹੀਂ, ਹਿੰਦੀ ਅਤੇ ਉਰਦੂ ਦੇ ਸਾਹਿਤਕ ਹਲਕਿਆਂ ਵਿਚ ਵੀ ਤੂਫ਼ਾਨ ਆ ਗਿਆ। ਲੇਖਕਾਂ-ਲੇਖਿਕਾਵਾਂ ਵਿਚ ਤਾਂ ਚਬਾਚਬੀ ਹੋਣੀ ਹੀ ਸੀ, ਅਖਬਾਰਾਂ ਵਿਚ ਵੀ ਡੱਬੀਆਂ ਲਾ ਲਾ ਕੇ ਬੜੀ ਕੋਝੀ ਸੁਰ ਵਾਲੀਆਂ ਖਬਰਾਂ ਛਪੀਆਂ, “ਚਿਤਰਕਾਰ ਆਸ਼ਕ ਕਵਿਤਰੀ ਨੂੰ ਲੈ ਕੇ ਫਰਾਰ!”, “ਆਸ਼ਕ ਨਾਲ ਉੱਧਲੀ ਪ੍ਰਸਿੱਧ ਕਵਿੱਤਰੀ!”, “ਪਤੀ ਤੇ ਬੱਚੇ ਛੱਡ ਕੇ ਅਧੇੜ ਲੇਖਿਕਾ ਜਵਾਨ ਆਸ਼ਕ ਨਾਲ ਭੱਜੀ!” ਤੇ ਅਜਿਹੀਆਂ ਹੀ ਹੋਰ ਗਾਲ਼ਾਂ ਵਰਗੀਆਂ ਸੁਰਖੀਆਂ।
ਸਮੁੱਚ ਵਿਚ ਤਾਂ ਪੰਜਾਬੀ ਸਾਹਿਤਕਾਰਾਂ ਨੇ ਇਸ ਘਟਨਾ ਨਾਲ ਅਤੇ ਅਜਿਹੀਆਂ ਸੁਰਖੀਆਂ ਨਾਲ ਨਮੋਸ਼ੀ ਜਿਹੀ ਹੀ ਮੰਨੀ ਪਰ ਕੁਝ ਲੋਕ ਵੱਖਰਾ ਵੀ ਸੋਚਦੇ ਸਨ। ਕਈ ਲੇਖਕ ਚਰਨਜੀਤ ਨਾਲ ਰਸ਼ਕ ਕਰਦੇ, ਉਹ ਟੀਸੀ ਦਾ ਬੇਰ ਤੋੜ ਕੇ ਲੈ ਗਿਆ ਸੀ। ਕਈ ਲੇਖਿਕਾਵਾਂ ਜਗਦੀਪ ਨਾਲ ਰਸ਼ਕ ਕਰਦੀਆਂ, ਉਸ ਨੇ ਕਿਸੇ ਪੜੇ-ਪਰਿਵਾਰ ਜਾਂ ਸੜੇ-ਸਮਾਜ ਦੀ ਪਰਵਾਹ ਕੀਤੇ ਬਿਨਾਂ ਮਨਮਰਜ਼ੀ ਦਾ ਸਾਥ ਹਾਸਲ ਕਰ ਲਿਆ ਸੀ। ਉਹ ਪਹਿਲਾਂ ਹੀ ਕਸੈਲੇ ਰਿਸ਼ਤਿਆਂ ਵਾਲੇ ਪਤੀਆਂ ਵੱਲ ਹੋਰ ਕੌੜ ਨਜ਼ਰਾਂ ਨਾਲ ਦੇਖਦੀਆਂ, ਜਿਨ੍ਹਾਂ ਨੇ ਉਨ੍ਹਾਂ ਦਾ ਵੱਡੀਆਂ ਲੇਖਿਕਾਵਾਂ ਬਣਨ ਦਾ ਰਾਹ ਬੰਦ ਕਰ ਛੱਡਿਆ ਸੀ। ਉਨ੍ਹਾਂ ਦਾ ਮੱਤ ਸੀ ਕਿ ਉਨ੍ਹਾਂ ਕੋਲ ਪ੍ਰਸਿੱਧ ਹੋਣ ਵਾਸਤੇ ਜਗਦੀਪ ਵਾਲੀਆਂ ਸਭ ਖਾਸੀਅਤਾਂ ਹਨ, ਜੇ ਨਹੀਂ ਤਾਂ ਬੱਸ ਇਹ ਨਹੀਂ ਕਿ ਜਦੋਂ ਜਿਸ ਨਾਲ ਦਿਲ ਚਾਹੇ, ਇਸ਼ਕ ਕਰ ਸਕਣ। ਜੇ ਵੱਸ ਚਲਦਾ, ਕਈ ਤਾਂ ਅੱਜ ਹੀ ਪਤੀਆਂ ਨੂੰ ਤਿਆਗ ਕੇ ਆਸ਼ਕਾਂ ਨਾਲ ਬੰਬਈ ਦੀ ਰੇਲ ਚੜ੍ਹ ਜਾਂਦੀਆਂ।
ਅਖਬਾਰਾਂ ਦਾ ਪ੍ਰਤੀਕਰਮ ਬਹੁਤ ਉਲਾਰ ਸੀ। ਉਨ੍ਹਾਂ ਦੇ ਸੰਪਾਦਕਾਂ ਨੂੰ ਰਚਨਾਵਾਂ ਭੇਜਣ ਤੋਂ, ਇੰਟਰਵਿਊਆਂ ਦੇ ਬਹਾਨੇ ਮੁਲਾਕਾਤਾਂ ਦਾ ਮੌਕਾ ਦੇਣ ਤੋਂ ਜਗਦੀਪ ਦੇ ਇਨਕਾਰ ਦਾ ਬਦਲਾ ਲੈਣ ਦਾ ਮਸਾਂ ਮੌਕਾ ਮਿਲਿਆ ਸੀ। ਈਰਖਾ ਵਿਚ ਸੜੇ-ਭੁੱਜੇ ਲੋਕ ਉਸ ਤੱਕ ਆਪਣੀ ਅਪਹੁੰਚਤਾ ਦਾ ਗਿਣ ਗਿਣ ਕੇ ਬਦਲਾ ਲੈ ਰਹੇ ਸਨ। ਇਕ ਧਾਰਮਿਕ-ਰਾਜਨੀਤਕ ਪਾਰਟੀ ਨਾਲ ਜੁੜੇ ਹੋਏ ਅਖਬਾਰ ਨੇ ਤਾਂ ਪੂਰੀ ਮੁਹਿੰਮ ਹੀ ਛੇੜ ਦਿੱਤੀ। ਉਸ ਦਾ ਕਹਿਣਾ ਸੀ, ਗੁਰਸਿੱਖ ਪਰਿਵਾਰ ਵਿਚ ਜੰਮ-ਪਲ ਕੇ ਸਿਗਰਟ ਸ਼ਰਾਬ ਪੀਂਦੀ ਲੇਖਿਕਾ ਨੇ ਆਖਰੀ ਤਿਣਕੇ ਵਰਗੇ ਇਸ ਕਦਮ ਨਾਲ ਪੂਰੀ ਕੌਮ ਦੇ ਪੱਲੇ ਨਮੋਸ਼ੀ ਪਾਈ ਹੈ ਜਿਸ ਕਾਰਨ ਉਹਦਾ ਮੁਕੰਮਲ ਬਾਈਕਾਟ ਹੋਣਾ ਚਾਹੀਦਾ ਹੈ। ਇਕ ਅਖਬਾਰ ਨੇ ਤਾਂ ਉਹਨੂੰ ਗੈਰ-ਪੰਜਾਬਣ ਐਲਾਨੇ ਜਾਣ ਦੀ ਸ਼ੁਰਲੀ ਤੱਕ ਛੱਡ ਦਿੱਤੀ। ਸਕੂਲੀ-ਕਾਲਜੀ ਕੋਰਸਾਂ ਵਿਚੋਂ ਉਸ ਦੀਆਂ ਰਚਨਾਵਾਂ ਕੱਢੇ ਜਾਣ ਦੀ ਮੰਗ ਹੋਣ ਲੱਗੀ ਅਤੇ ਉਹਦੀਆਂ ਸਾਹਿਤਕ ਪੁਸਤਕਾਂ ਦੇ ਪੰਜਾਬ ਵਿਚ ਦਾਖ਼ਲੇ ਉਤੇ ਪਾਬੰਦੀ ਦੇ ਮਤੇ ਪਾਸ ਹੋਣ ਲੱਗੇ। ਕੁਝ ਛੋਟੇ-ਮੋਟੇ ਲੇਖਕਾਂ ਨੇ ਇਕ-ਦੋ ਥਾਂ ਉਹਦੀਆਂ ਕਿਤਾਬਾਂ ਵੀ ਸਾੜੀਆਂ।
ਇਕ ਹੋਰ ਅਖਬਾਰ ਦਾ ਸੰਪਾਦਕ ਇਸ ਤੋਂ ਵੀ ਅੱਗੇ ਲੰਘ ਗਿਆ। ਇਹ ਉਹੋ ਸੱਜਣ ਸੀ ਜਿਸ ਨੇ ਜਗਦੀਪ ਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਣ ਸਮੇਂ ਵਿਰੋਧ ਦਾ ਝੰਡਾ ਬੁਲੰਦ ਕੀਤਾ ਸੀ। ਉਸ ਸਮੇਂ ਉਹਨੇ ਇਨਾਮੀ ਪੁਸਤਕ ‘ਪੌਣਾਂ ਹੱਥ ਸੰਦੇਸ਼’ ਚੁੱਕੀ ਸੀ ਅਤੇ ਐਤਵਾਰ ਦੇ ਸਾਹਿਤਕ ਅੰਕ ਵਿਚ ਇਕ ਇਕ ਕਰ ਕੇ ਪਹਿਲੀ ਤੋਂ ਅੰਤਲੀ ਕਵਿਤਾ ਤੱਕ ਦੀ ਲੜੀਵਾਰ ਆਲੋਚਨਾ ਸ਼ੁਰੂ ਕਰ ਦਿੱਤੀ ਸੀ। ਆਲੋਚਨਾ ਕਾਹਦੀ ਸੀ, ਆਲੋਚਨਾ ਦੇ ਨਾਂ ਉਤੇ ਹਰ ਕਵਿਤਾ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਸਨ। ਕਿਸੇ ਰਚਨਾ ਦੀ ਨਿਰਪੱਖ ਨਿਰਖ-ਪਰਖ ਕਰਨ ਦੀ ਥਾਂ ਜਦੋਂ ਨਿੰਦਿਆਂ ਜਾਂ ਪ੍ਰਸੰਸਾ ਦਾ ਉਦੇਸ਼ ਪਹਿਲਾਂ ਹੀ ਮਿਥ ਲਿਆ ਜਾਵੇ, ਉਸ ਨਜ਼ਰੀਏ ਤੋਂ ਲਿਖਦੇ ਰਹਿਣਾ ਕੋਈ ਔਖਾ ਨਹੀਂ ਹੁੰਦਾ। ਜੇ ਕੋਈ ਚਾਹੇ, ਤਰਕ ਦਾ ਰਾਹ ਤਜ ਕੇ ਦੁਨੀਆ ਦੀ ਕਿਸੇ ਵੀ ਮਹਾਨ ਰਚਨਾ ਨੂੰ ਕੱਖੋਂ ਹੌਲੀ ਸਿੱਧ ਕਰ ਸਕਦਾ ਹੈ। ਮਿਸਾਲ ਵਜੋਂ, ਇਕ ਦਿਨ ਇਕ ਕਵਿਤਾ ਦੀਆਂ ਸਿਰਫ਼ ਇਹ ਦੋ ਸਤਰਾਂ ਲੈ ਕੇ ਪੂਰਾ ਲੇਖ ਲਿਖਿਆ ਹੋਇਆ ਸੀ:
ਤੇਰੇ ਰੰਗਲੇ ਇਸ਼ਕ ਦੀ ਮਹਿਕ ਮਿੱਠੀ,
ਸਾਡੇ ਸਾਹਾਂ ਦੀ ਲੜੀ ਨੂੰ ਤੋਰਦੀ ਏ।
ਸਾਨੂੰ ਖਾਣ ਤੇ ਪੀਣ ਦੀ ਸੁਧ ਕੋਈ ਨਾ,
ਘੁੱਟ ਭਰੀ ਦੀਦਾਰ ਦੇ ਲੋਰ ਦੀ ਏ।
ਉਹਦੀਆਂ ਦਲੀਲਾਂ ਨੇ ਇਹ ਰਾਹ ਫੜਿਆ: “ਇਸ਼ਕ ਨਿਰਾਕਾਰ ਹੁੰਦਾ ਹੈ। ਨਿਰਾਕਾਰ ਚੀਜ਼ ਵਿਚ ਕੇਹਾ ਰੰਗ, ਕੇਹੀ ਮਹਿਕ ਤੇ ਕੇਹਾ ਸੁਆਦ? ਉਸ ਨੂੰ ਰੰਗਲਾ ਕਹਿਣਾ ਜਾਂ ਉਸ ਵਿਚੋਂ ਮਹਿਕ ਆਉਂਦੀ ਕਹਿਣਾ ਜਾਂ ਉਸ ਦਾ ਮਿੱਠਾ ਸੁਆਦ ਕਹਿਣਾ ਸੁਧੀ ਮੂਰਖਤਾ ਹੈ। ਇਸ਼ਕ ਕੋਈ ਫੁੱਲ ਨਹੀਂ ਜਿਸ ਦਾ ਰੰਗ ਵੀ ਹੋਵੇ ਤੇ ਮਹਿਕ ਵੀ ਹੋਵੇ। ਮਿੱਠੀ ਤਾਂ ਖਾਣ ਵਾਲੀ ਚੀਜ਼ ਹੁੰਦੀ ਹੈ, ਜਿਵੇਂ ਗੁੜ-ਸ਼ੱਕਰ ਜਾਂ ਲੱਡੂ-ਬਰਫੀ। ਚੀਜ਼ ਦੇ ਮਿੱਠੀ ਹੋਣ ਦਾ ਪਤਾ ਮੂੰਹ ਵਿਚ ਪਾ ਕੇ ਲਗਦਾ ਹੈ। ਮਹਿਕ ਸੁੰਘਣ ਵਾਲੀ ਚੀਜ਼ ਹੈ। ਕਿਸੇ ਚੀਜ਼ ਨੂੰ ਸੁੰਘਿਆ ਨੱਕ ਰਾਹੀਂ ਜਾਂਦਾ ਹੈ। ਨੱਕ ਨੂੰ ਮਿੱਠੀ ਕੌੜੀ ਚੀਜ਼ ਦਾ ਪਤਾ ਨਹੀਂ ਲਗਦਾ, ਖੁਸ਼ਬੂ ਜਾਂ ਬਦਬੂ ਦਾ ਪਤਾ ਲਗਦਾ ਹੈ। ਇਸ਼ਕ ਕੋਈ ਮਿੱਠੀ ਮਹਿਕਦਾਰ ਚੀਜ਼ ਨਹੀਂ। ਇਸ਼ਕ ਤਾਂ ਜੱਫ਼ੀਆਂ ਤੇ ਚੁੰਮੀਆਂ ਦਾ ਅਤੇ ਹੋਰ ਅੱਗੇ ਦਾ ਰੂਪ ਧਾਰਦਾ ਹੈ। ਹਾਂ ਜੇ ਮਾਸ਼ੂਕ ਨੇ ਲਿਪਸਟਿਕ ਲਾਈ ਹੋਵੇ ਅਤੇ ਉਹ ਮਿੱਠੀ ਹੋਵੇ, ਉਸ ਸੂਰਤ ਵਿਚ ਇਸ਼ਕ ਨੂੰ ਮਿੱਠਾ ਜ਼ਰੂਰ ਕਿਹਾ ਜਾ ਸਕਦਾ ਹੈ! ਏਨੀ ਹੀ ਮੂਰਖਾਨਾ ਗੱਲ ਮਨੁੱਖ ਦੀ ਸਾਹਾਂ ਦੀ ਲੜੀ ਦਾ ਰੰਗਲੇ ਇਸ਼ਕ ਦੀ ਮਿੱਠੀ ਮਹਿਕ ਦੇ ਸਹਾਰੇ ਚੱਲਣਾ ਹੈ। ਸਾਹਾਂ ਦੀ ਲੜੀ ਰੋਟੀ-ਪਾਣੀ ਜਿਹੀਆਂ ਸਥੂਲ ਚੀਜ਼ਾਂ ਦੇ ਸਹਾਰੇ ਚਲਦੀ ਹੈ, ਰੰਗਾਂ ਅਤੇ ਮਹਿਕਾਂ ਜਿਹੀਆਂ ਫਜ਼ੂਲ ਚੀਜ਼ਾਂ ਦੇ ਸਹਾਰੇ ਨਹੀਂ। ਜੇ ਇਸ ਤੋਂ ਵੀ ਵੱਡੀ ਫਜ਼ੂਲੀਅਤ ਦੇ ਦਰਸ਼ਨ ਕਰਨੇ ਹੋਣ, ਦੀਦਾਰ ਦਾ ਲੋਰ ਪੜ੍ਹ ਲਵੋ। ਦੀਦਾਰ ਅੱਖਾਂ ਨਾਲ ਕੀਤਾ ਜਾਂਦਾ ਹੈ ਅਤੇ ਲੋਰ ਮੂੰਹ ਨਾਲ ਖਾਧੀ-ਪੀਤੀ ਕਿਸੇ ਨਸ਼ੇ ਵਾਲੀ ਵਸਤ ਦਾ ਚੜ੍ਹਦਾ ਹੈ। ਜਦੋਂ ਇਹ ਆਪੇ ਮਹਾਨ ਬਣੀ ਸਾਧਾਰਨ ਤੋਂ ਵੀ ਘਟੀਆ ਲਿਖਣ ਵਾਲੀ ਲੇਖਿਕਾ ਖੁਦ ਮੰਨਦੀ ਹੈ ਕਿ ਉਸ ਨੂੰ ਖਾਣ-ਪੀਣ ਦੀ ਕੋਈ ਸੁੱਧ ਹੀ ਨਹੀਂ, ਫੇਰ ਘੁੱਟ ਕਿਵੇਂ ਭਰ ਲਈ? ਦੀਦਾਰ ਅਤੇ ਲੋਰ ਦੋਵੇਂ ਨਿਰਾਕਾਰ ਵਸਤਾਂ ਹਨ, ਇਨ੍ਹਾਂ ਵਿਚੋਂ ਕਿਸੇ ਦੀ ਵੀ ਘੁੱਟ ਨਹੀਂ ਭਰੀ ਜਾ ਸਕਦੀ। ਇਸ ਮਹਾਨ ਕਵਿੱਤਰੀ ਨੂੰ ਮੇਰਾ ਚੈਲਿੰਜ ਹੈ ਕਿ ਖਾਣਾ-ਪੀਣਾ ਤਿਆਗ ਕੇ ਰੰਗਲੇ ਇਸ਼ਕ ਦੀ ਮਿੱਠੀ ਮਹਿਕ ਦੀਦਾਰ ਦੇ ਲੋਰ ਦੀ ਘੁੱਟ ਦੇ ਸਹਾਰੇ ਜਿਉਂ ਕੇ ਤਾਂ ਦਿਖਾਵੇ, ਜੇ ਦੋ ਦਿਨਾਂ ਵਿਚ ਨਾਨੀ ਯਾਦ ਨਾ ਆ ਜਾਵੇ।”
ਹੁਣ ਉਹਨੇ “ਪਾਠਕਾਂ ਦੀ ਜ਼ੋਰਦਾਰ ਮੰਗ ਕਾਰਨ” ਇਹ ਲੇਖ ਲੜੀ ਦੁਬਾਰਾ ਛਾਪਣੀ ਸ਼ੁਰੂ ਕਰ ਦਿੱਤੀ ਸੀ। ਇਸ ਲੀਹ ਉਤੇ ਉਹਦੇ ਵਿਚਾਰਾਂ ਦੀ ਰੇਲ ਦੁਬਾਰਾ ਹਰ ਐਤਵਾਰ ਮਾਰੋ-ਮਾਰ ਕਰਦੀ ਉਸੇ ਰਫਤਾਰ ਨਾਲ ਭੱਜਣ ਲੱਗੀ ਜਿਸ ਨਾਲ ਪੰਜਾਬ ਮੇਲ ਕਵਿੱਤਰੀ ਅਤੇ ਉਹਦੇ ਚਿਤਰਕਾਰ ਦੋਸਤ ਨੂੰ ਦਿੱਲੀ ਤੋਂ ਬੰਬਈ ਲੈ ਕੇ ਗਈ ਸੀ। ਉਹਨੇ ਇਸ ਲੇਖ ਲੜੀ ਦੀ ਸਮਾਪਤੀ ਮਗਰੋਂ ਇਕ ਨਵੀਂ ਲੇਖ ਲੜੀ ਸ਼ੁਰੂ ਕਰਨ ਦੀ ਜਾਣਕਾਰੀ ਵੀ ਦੇ ਦਿੱਤੀ।
ਉਹ ਲੜੀ ਜਗਦੀਪ ਦੇ ਇਸ਼ਕਾਂ ਦੇ ਕਿੱਸਿਆਂ ਦੀ ਹੋਣੀ ਸੀ। ਹਰ ਐਤਵਾਰ ਨਵਾਂ ਇਸ਼ਕ! ਇਸ ਵਿਚ ਮੋਹਨ ਸਿੰਘ ਅਤੇ ਸਾਹਿਰ ਵਰਗੇ ਮਘਦੇ ਰਿਸ਼ਤੇ ਤਾਂ ਹੋਣੇ ਹੀ ਸਨ, ਭਰਪੂਰ ਸਿੰਘ ਸ਼ਾਂਤ ਅਤੇ ਸਾਧੂ ਸਿੰਘ ਫੱਕਰ ਵਰਗੇ ਇਸ਼ਕ ਦੇ ਇਕਪਾਸੀ ਦਾਅਵੇਦਾਰਾਂ ਦੇ ਨਾਲ ਨਾਲ ਅਜਿਹੇ ਆਸ਼ਕ ਵੀ ਸ਼ਾਮਲ ਹੋਣੇ ਸਨ ਜਿਨ੍ਹਾਂ ਨੂੰ ਕਰੋਲ ਬਾਗ ਦੇ ਭੂਗੋਲ ਤੱਕ ਦਾ ਵੀ ਪਤਾ ਨਹੀਂ ਸੀ। ਸੰਪਾਦਕ ਨੇ ਇਹ ਐਲਾਨ ਵੀ ਕੀਤਾ ਸੀ ਕਿ ਉਹਦੇ ਜਿਹੜੇ ਇਸ਼ਕ ਅਜੇ ਤੱਕ ਲੋਕਾਂ ਦੀ ਜਾਣਕਾਰੀ ਤੋਂ ਛੁਪੇ ਰਹੇ ਹਨ, ਉਹ ਲੱਭਣ ਵਾਸਤੇ ਵੀ ਖੋਜੀ ਲਾ ਦਿੱਤੇ ਗਏ ਸਨ, ਤੇ ਇਸ ਲੜੀ ਦੀ ਟੀਸੀ ਹੋਣੀ ਸੀ ਚਰਨਜੀਤ ਦੇ ਇਸ਼ਕ ਦੀ ਕਥਾ-ਕਹਾਣੀ।
ਪੰਜਾਬ ਦੇ ਕਈ ਅਖਬਾਰਾਂ ਦਾ ਪੱਤਰਕਾਰੀ ਦੇ ਪਾਣੀਆਂ ਵਿਚ ਘੋਲਿਆ ਜਾ ਰਿਹਾ ਇਹ ਗਾਰਾ ਉਨ੍ਹਾਂ ਲੋਕਾਂ ਤੱਕ ਪੁੱਜ ਹੀ ਨਹੀਂ ਸੀ ਰਿਹਾ ਜੋ ਇਹਦੇ ਪਾਤਰ ਸਨ। ਗੁਰਮੁਖ ਸਿੰਘ ਕੋਲ ਇਹ ਅਖਬਾਰ ਆਉਂਦੇ ਹੀ ਨਹੀਂ ਸਨ। ਉਹਨੂੰ ਕੋਈ ਭੇਜਦਾ ਵੀ ਨਹੀਂ ਸੀ ਕਿਉਂਕਿ ਅਖਬਾਰਾਂ ਵਾਲਿਆਂ ਅਤੇ ਲੇਖਕਾਂ ਪਾਠਕਾਂ ਦੀ ਨਜ਼ਰ ਵਿਚ ਉਹ ਤਾਂ ਮਜ਼ਲੂਮ ਸੀ ਜਿਸ ਦੇ ਜ਼ਖਮਾਂ ਉਤੇ ਇਨ੍ਹਾਂ ਲਿਖਤਾਂ ਦਾ ਲੂਣ ਭੁੱਕਣਾ ਠੀਕ ਨਹੀਂ ਸੀ। ਹਿਤੈਸ਼ੀ ਜੀ ਵਰਗੇ ਲੋਕ ਵੀ, ਜਿਨ੍ਹਾਂ ਕੋਲ ਡਾਕ ਵਿਚ ਪਛੜ ਕੇ ਹੀ ਸਹੀ, ਅਜਿਹੇ ਅਖਬਾਰ ਰਸਾਲੇ ਪਹੁੰਚਦੇ ਸਨ, ਉਹਦੇ ਨਾਲ ਇਹ ਜ਼ਿਕਰ ਕਰਨਾ ਵਾਜਬ ਨਹੀਂ ਸਨ ਸਮਝਦੇ ਤੇ ਖਲਨਾਇਕੀ ਨਾਇਕ-ਨਾਇਕਾ ਤਾਂ ਉਨ੍ਹਾਂ ਦੀ ਮਾਰ ਤੋਂ ਬਹੁਤ ਦੂਰ ਸਮੁੰਦਰ ਕਿਨਾਰੇ ਬੈਠੇ ਚੜ੍ਹਦੀਆਂ ਲਹਿੰਦੀਆਂ ਲਹਿਰਾਂ ਗਿਣ ਰਹੇ ਸਨ!