ਪੰਜਾਬ ਦੇ ਸਿੱਖੀ ਸਰੂਪ ਨੂੰ ਸਰਾਪ ਦਾ ਸਵਾਲ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਆਏ ਦਿਨ ਅਖ਼ਬਾਰਾਂ ਵਿਚ ਬਹੁ-ਭਾਂਤੀ ਸਮੱਗਰੀ ਛਪਦੀ ਰਹਿੰਦੀ ਹੈ। ਕੋਈ ਲਿਖਤ ਖੁਸ਼ੀਆਂ-ਖੇੜੇ ਵੰਡਦੀ ਪ੍ਰਤੀਤ ਹੁੰਦੀ ਹੈ ਤੇ ਕੋਈ ਸੋਗਮਈ ਮੂਡ ਬਣਾ ਦਿੰਦੀ ਹੈ। ਕਿਸੇ ਕਿਸੇ ਰਚਨਾ ‘ਤੇ ਤਰਸ ਆਉਣ ਲੱਗ ਪੈਂਦਾ ਹੈ ਕਿ ਇਹ ਮਿਆਰੀ ਲਿਖਤ ਅਖ਼ਬਾਰਾਂ ਦੀ ਰੱਦੀ ਵਿਚ ਰੁਲ-ਖੁਲ ਜਾਣ ਵਾਲੀ ਨਹੀਂ, ਸਗੋਂ ਸਾਂਭ ਸਾਂਭ ਰੱਖੀ ਜਾਣ ਵਾਲੀ ਕਿਸੇ ਕਿਤਾਬ ਦਾ ਹਿੱਸਾ ਬਣਨੀ ਚਾਹੀਦੀ ਸੀ।

ਅਜਿਹੀਆਂ ਲਿਖਤਾਂ ਨੂੰ ਕਲਾ, ਸਾਹਿਤ, ਧਰਮ ਜਾਂ ਇਤਿਹਾਸ ਨਾਲ ਡੂੰਘਾ ਤਿਹੁ-ਮੋਹ ਰੱਖਣ ਵਾਲੇ ਪਾਰਖੂ ਪਾਠਕ ਨਿਜੀ ਫਾਈਲਾਂ ਵਿਚ ਸਾਂਭ ਕੇ ਰੱਖ ਲੈਂਦੇ ਹਨ। ਕੁਝ ਲਿਖਤਾਂ ਪਾਠਕ ਦੇ ਦਿਲ ਵਿਚ ਸੁੱਤੇ ਪਏ ਸਵਾਲਾਂ ਨੂੰ ਸਿਰਫ ਜਗਾਉਂਦੀਆਂ ਹੀ ਨਹੀਂ, ਸਗੋਂ ਸਾਣ ‘ਤੇ ਲਾ ਕੇ ਹੋਰ ਪ੍ਰਚੰਡ ਕਰ ਦਿੰਦੀਆਂ ਹਨ।
ਕੈਨੇਡਾ ਤੋਂ ਛਪਦੀ ਇਕ ਅਖ਼ਬਾਰ ਮੇਰੇ ਸਾਹਮਣੇ ਪਈ ਹੈ ਜਿਸ ਵਿਚ ਗਿਆਨੀ ਜ਼ੈਲ ਸਿੰਘ ਦੇ ਸਹਾਇਕ ਰਹੇ ਤੇ ਸਾਬਕਾ ਐਮæਪੀæ ਤਰਲੋਚਨ ਸਿੰਘ ਦਾ ਲੇਖ ਪੜ੍ਹਿਆ। ਇਸ ਵਿਚ ਉਨ੍ਹਾਂ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨਾਲ ਕੀਤੀ ਵਿਦੇਸ਼ ਯਾਤਰਾ ਦਾ ਵਰਣਨ ਕੀਤਾ ਹੈ। ਕਿਸੇ ਮੌਕੇ ਆਜ਼ਾਦ ਦੇਸ਼ ਗਿਣੇ ਜਾਂਦੇ ਹਾਂਗਕਾਂਗ ਤੇ ਮਕਾਉ ਨਾਂ ਦੇ ਦੋ ਸ਼ਹਿਰਾਂ ਦਾ ਇਤਿਹਾਸਕ ਤੇ ਭੂਗੋਲਿਕ ਪਿਛੋਕੜ ਬਿਆਨ ਕਰਨ ਦੇ ਨਾਲ ਨਾਲ ਦੋਹਾਂ ਸ਼ਹਿਰਾਂ ਵਿਚ ਵੱਸਦੇ ਸਿੱਖਾਂ ਦੇ ਸਥਾਨਕ ‘ਸਟੇਟਸ’ ਬਾਰੇ ਵੀ ਉਨ੍ਹਾਂ ਬੜੀ ਖੂਬਸੂਰਤੀ ਨਾਲ ਲਿਖਿਆ ਹੈ।
ਦੋਹਾਂ ਸ਼ਹਿਰਾਂ ਦੇ ਪ੍ਰਸ਼ਾਸਨ ਵਿਚ ਅਹਿਮ ਅਹੁਦਿਆਂ ‘ਤੇ ਕੰਮ ਕਰਦੇ ਸਿੱਖਾਂ ਵਲੋਂ ਆਪਣਾ ਸਿੱਖੀ ਸਰੂਪ (ਕੇਸ, ਦਾੜ੍ਹੀ ਤੇ ਦਸਤਾਰ) ਸਾਂਭਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਲੇਖਕ ਨੇ ਉਥੇ ਪੰਜਾਬ ਤੋਂ ਪਹੁੰਚਣ ਵਾਲੇ ਸਿੱਖ ਨੌਜਵਾਨਾਂ ਦੀਆਂ ਧਰਮ ਤੇ ਸਦਾਚਾਰ ਵਿਹੂਣੀਆਂ ਸਰਗਰਮੀਆਂ ਦਾ ਦੁਖੀ ਦਿਲ ਨਾਲ ਵਰਣਨ ਕੀਤਾ ਹੈ। ਉਹ ਲੇਖ ਇਥੋਂ ਸ਼ੁਰੂ ਕਰਦੇ ਹਨ, “æææਲੋਕਲ ਸਿੱਖਾਂ ਨੇ ਆਪਣੀ ਹੋਂਦ ਨੂੰ ਕਾਇਮ ਰੱਖਿਆ ਹੋਇਆ ਹੈ। ਅੱਜ ਕੱਲ੍ਹ ਪੰਜਾਬੋਂ ਆਏ ਕਈ ਨੌਜਵਾਨ ਏਜੰਟਾਂ ਕਾਰਨ ਇਥੇ ਰੁਲ ਰਹੇ ਹਨ। ਕੀ ਕਰਨ, ਗੁਰਦੁਆਰਾ ਉਨ੍ਹਾਂ ਨੂੰ ਸੰਭਾਲ ਰਿਹਾ ਹੈæææ।”
ਲੇਖ ਵਿਚ ਬਾਅਦਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਜਾ ਰਹੇ ਲੋਕਲ ਸਿੱਖਾਂ ਦੀ ਫੋਟੋ ਲਾ ਕੇ ਲੇਖਕ ਨੇ ਹਾਂਗਕਾਂਗ ਦੇ ਗੁਰਦੁਆਰਿਆਂ ਵਿਚ ਪੰਜਾਬ ਤੋਂ ਆਏ ਸਿੱਖ ਗੱਭਰੂਆਂ ਦੇ ਕਾਰਨਾਮੇ ਦੁਖੀ ਦਿਲ ਨਾਲ ਬਿਆਨੇ ਹਨ, “æææਇਕ ਗੱਲ ਹੋਰ ਜੋ ਅਸੀਂ (ਉਥੇ) ਦੇਖੀ ਕਿ (ਸਥਾਨਕ ਬਾਸ਼ਿੰਦਾ) ਸਿੱਖ ਪੂਰੀ ਸ਼ਾਨ ਵਿਚ ਦਸਤਾਰ ਸਜਾ ਕੇ ਰੱਖਦਾ ਹੈ।æææਸਾਬਤ ਸੂਰਤ ਹੋਣ ਦਾ ਉਸ ਨੂੰ ਮਾਣ ਹੈ, ਪਰ ਅੱਜ ਕੱਲ੍ਹ ਪੰਜਾਬ ਤੋਂ ਜਿਹੜੇ ਨੌਜਵਾਨ ਉਥੇ ਜਾ ਰਹੇ ਹਨ (ਜਾਇਜ਼ ਜਾਂ ਨਾਜਾਇਜ਼ ਢੰਗ ਨਾਲ), ਉਹ ਪਤਿਤ ਹਨ। ਉਹ ਉਥੇ ਜਾ ਕੇ ਮਾਹੌਲ ਵਿਗਾੜ ਰਹੇ ਹਨ।æææ ਇਕ ਤਾਂ ਉਹ ਗੁਰਦੁਆਰੇ ਵਿਚ ਪਨਾਹ ਲੈਂਦੇ ਹਨ, ਦੂਜਾ ਉਹ ਬਿਨਾਂ ਦਸਤਾਰ ਤੇ ਕੇਸਾਂ ਤੋਂ ਆਪਣਾ ‘ਹੁਲੀਆ ਵਿਗਾੜ ਕੇ’ ਸਿੱਖਾਂ ਬਾਰੇ (ਸਿੱਖੀ ਸਰੂਪ ‘ਤੇ) ਸ਼ੱਕ ਪਾ ਰਹੇ ਹਨ।”
ਸ਼ ਤਰਲੋਚਨ ਸਿੰਘ ਕਰੁਣਾਮਈ ਸ਼ਬਦਾਂ ਵਿਚ ਲਿਖਦੇ ਹਨ, “ਕਦੇ ਪੰਜਾਬ ਸਿੱਖੀ ਦਾ ਘਰ ਸੀ, ਤੇ ਇਥੋਂ ਸਿੱਖੀ ਦੀ ਲਹਿਰ ਬਾਹਰ ਫੈਲਦੀ ਸੀæææਅੱਜ ਪੰਜਾਬ ਤੋਂ ਏਜੰਟਾਂ ਰਾਹੀਂ ਗਲਤ ਕਾਗਜ਼ਾਂ ਦੇ ਆਧਾਰ ‘ਤੇ ਵਿਦੇਸ਼ ਜਾਣ ਵਾਲੇ (ਨੌਜਵਾਨ) ਪਹਿਲਾਂ ਕੇਸ ਕਤਲ ਕਰਵਾਉਂਦੇ ਹਨ, ਫਿਰ ਵਿਦੇਸ਼ੀ ਧਰਤੀ ਵਿਚ ਦਾਖਲ ਹੁੰਦੇ ਹਨæææਰੁਜ਼ਗਾਰ ਦੀ ਤਲਾਸ਼ ਵਿਚ ਸਿੱਖੀ ਦਾ ਘਾਣ ਹੋ ਰਿਹਾ ਹੈ।” ਪੰਜਾਬ ਦੀ ਸਿੱਖੀ ਨੂੰ ਹੀ ਪਏ ਕਿਸੇ ਸਰਾਪ ਦਾ ਸਵਾਲ ਉਠਾਉਂਦਿਆਂ, ਉਨ੍ਹਾਂ ਹੋਰ ਦੇਸ਼ਾਂ/ਸ਼ਹਿਰਾਂ ਦੇ ਨਾਂ ਵੀ ਗਿਣਾਏ ਹਨ ਜਿਥੇ ਪੰਜਾਬ ਦੇ ਸਿੱਖ ਨੌਜਵਾਨ ਵੱਡੀ ਗਿਣਤੀ ਵਿਚ ਸਿੱਖੀ ਸਰੂਪ ਤੋਂ ਮੁਨਕਰ ਹੋ ਰਹੇ ਹਨ।
“æææਕੇਵਲ ਹਾਂਗਕਾਂਗ ਹੀ ਨਹੀਂ, ਜਿਥੇ ਕਿਤੇ ਵੀ ਮੈਂ ਗਿਆ ਹਾਂ; ਸਿੰਗਾਪੁਰ, ਕੁਆਲਾਲੰਪੁਰ, ਕੁਵੈਤ, ਦੋਹਾ, ਦੁਬਈ, ਸਿਡਨੀ, ਮੈਲਬਰਨ, ਹਰ ਪਾਸੇ ਸਿੱਖੀ ਨੂੰ ਚੈਲੰਜ ਪੰਜਾਬ ਵਿਚੋਂ ਗਏ ਨੌਜਵਾਨ ਕਰ ਰਹੇ ਹਨ। ਉਥੋਂ ਦੇ ਵਸਨੀਕ ਹੈਰਾਨ ਹਨ ਕਿ ਸਿੱਖ ਧਰਮ ਨੂੰ ਕੀ ਹੋ ਗਿਆ ਹੈ?”
ਇਹ ਤਾਂ ਸੀ ਵਿਦੇਸ਼ੀ ਧਰਤੀ ‘ਤੇ ਪਹੁੰਚੇ ਹੋਏ ਪੰਜਾਬ ਦੇ ਨੌਜਵਾਨਾਂ ਦਾ ਨਕਸ਼ਾ। ਵੈਸੇ ਨਿਰਪੱਖ ਸਿੱਖ ਚਿੰਤਕ, ਪੱਤਰਕਾਰ ਤੇ ਸੈਲਾਨੀ ਬਿਰਤੀ ਵਾਲੇ ਆਮ ਸਿੱਖ ਵੀ ਇਸ ਗੱਲ ਨਾਲ ਮੁਤਫ਼ਿਕ ਹਨ ਕਿ ਪੰਜਾਬ ਦੀ ਬਨਿਸਬਤ, ਦਿੱਲੀ, ਮੁੰਬਈ, ਕੋਲਕਾਤਾ ਆਦਿ ਦੁਰਾਡੇ ਸ਼ਹਿਰਾਂ ਦੇ ਸਿੱਖ ਪਰਿਵਾਰਾਂ ਦੇ ਬੱਚੇ ਸਾਬਤ ਸੂਰਤ ਹਨ। ਇਥੋਂ ਤੱਕ ਕਿ ਪੰਜਾਬ ਦੇ ਗੁਆਂਢੀ ਸੂਬਿਆਂ ਹਰਿਆਣਾ, ਹਿਮਾਚਲ ਤੇ ਜੰਮੂ ਕਸ਼ਮੀਰ ਵਿਚ ਵੀ ਸਿੱਖ ਬੱਚੇ ਸਿੱਖੀ ਸਰੂਪ ਨੂੰ ਪ੍ਰਣਾਏ ਹੋਏ ਹਨ; ਭਾਵ ਪੰਜਾਬ ਵਾਲੀ ਕੇਸ-ਦਸਤਾਰ ਵਿਰੋਧੀ ਹਨੇਰੀ ਪੰਜਾਬ ਤੋਂ ਬਾਹਰਲੇ ਪ੍ਰਾਂਤਾਂ/ਸ਼ਹਿਰਾਂ ਵਿਚ ਨਹੀਂ ਚੱਲਦੀ।
ਇਸ ਤੱਥ ਨੂੰ ਸਹੀ ਠਹਿਰਾਉਣ ਹਿਤ ਬੀਤੇ ਸਾਲ ਸਾਡੇ ਪਿੰਡ (ਦੁਪਾਲਪੁਰ) ਹੋਏ ਇਕ ਵਿਆਹ ਦਾ ਕਿੱਸਾ ਇਥੇ ਲਿਖਣਾ ਮੁਨਾਸਬ ਹੋਵੇਗਾ, ਫੌਜ ਵਿਚੋਂ ਸੇਵਾ ਮੁਕਤ ਹੋ ਕੇ ਪਿੰਡ ਆਣ ਵਸੇ ਅੰਮ੍ਰਿਤਧਾਰੀ ਕੈਪਟਨ ਦੀ ਪੜ੍ਹੀ-ਲਿਖੀ ਬੇਟੀ ਨੇ ਆਪਣੇ ਮਾਂ-ਬਾਪ ਨੂੰ ਦੱਸਿਆ ਕਿ ਮੇਰੇ ਲਈ ਸਾਬਤ ਸੂਰਤ ਲੜਕਾ ਹੀ ਲੱਭਿਓ। ਕੈਪਟਨ ਨੇ ਪੰਜਾਬ ਵਿਚ ਦੂਰ-ਨੇੜੇ ਰਹਿੰਦੇ ਸਾਰੇ ਰਿਸ਼ਤੇਦਾਰਾਂ, ਮਿੱਤਰਾਂ-ਦੋਸਤਾਂ ਕੋਲ ਦੌੜ-ਭੱਜ ਕੀਤੀ। ਕਲੀਨਸ਼ੇਵ ਮੁੰਡਿਆਂ ਦੀਆਂ ਬਥੇਰੀਆਂ ਦੱਸਾਂ ਪਈ ਜਾਣ, ਪਰ ਬੇਟੀ ਦੀ ਚਾਹਤ ‘ਤੇ ਪੂਰਾ ਉਤਰਦਾ ਕੋਈ ਲੜਕਾ ਨਾ ਮਿਲਿਆ। ਬੇਟੀ ਦੀ ਵਧਦੀ ਜਾਂਦੀ ਉਮਰ ਮਾਪਿਆਂ ਦੀ ਚਿੰਤਾ ਵਧਾ ਰਹੀ ਸੀ। ਆਖਰਕਾਰ ਜੰਮੂ ਕਸ਼ਮੀਰ ਦੇ ਇਕ ਗੁਰਸਿੱਖ ਨੌਜਵਾਨ ਦਾ ਰਿਸ਼ਤਾ ਮਿਲਿਆ। ਅਸੂਲਪ੍ਰਸਤ ਕੈਪਟਨ ਨੇ ਮੈਰਿਜ ਪੈਲੇਸਾਂ ਵਾਲਾ ‘ਹੁੜਦੰਗ ਮਚਾਊ’ ਵਿਆਹ ਕਰਨ ਦੀ ਥਾਂ, ਘਰੇ ਹੀ ਮੰਡਪ ਸਜਾਇਆ। ਪਿੰਡ ਦੇ ਗੁਰਦੁਆਰੇ ਵਿਚ ਹੋਏ ਇਸ ਅਨੰਦ ਕਾਰਜ ਮੌਕੇ ਅਨੋਖਾ ਦ੍ਰਿਸ਼ ਦੇਖਣ ਨੂੰ ਮਿਲਿਆ। ਵਿਆਹ ਵਿਚ ਸ਼ਾਮਲ ਮੇਰੇ ਮਿੱਤਰਾਂ-ਦੋਸਤਾਂ ਨੇ ਮੈਨੂੰ ਫੋਟੋਆਂ ਵੀ ਭੇਜੀਆਂ ਤੇ ਹੈਰਾਨ ਹੁੰਦਿਆਂ ਇਹ ਅਨੋਖੀ ਤੇ ਦਿਲਚਸਪ ਜਾਣਕਾਰੀ ਵੀ ਦਿੱਤੀ ਕਿ ਜੰਮੂ ਕਸ਼ਮੀਰ ਤੋਂ ਆਈ ਬਰਾਤ ਵਿਚ ਕੋਈ ਇਕ ਜਣਾ ਵੀ ਕੇਸਾਂ ਦੀ ਬੇਅਦਬੀ ਕਰਨ ਵਾਲਾ ਨਹੀਂ ਸੀ; ਇਥੋਂ ਤੱਕ ਕਿ ਕੁਝ ਹਲਕੀ ਉਮਰ ਦੇ ਲੜਕਿਆਂ ਨੇ ਵੀ ਛੋਟੇ ਪਟਕਿਆਂ ਦੀ ਬਜਾਏ ਰੰਗ-ਬਰੰਗੀਆਂ ਦਸਤਾਰਾਂ ਹੀ ਸਜਾਈਆਂ ਹੋਈਆਂ ਸਨ। ਪੁਤੇਤਿਆਂ ਦੀ ਇਹ ਸ਼ਾਨ, ਪਰ ਧੇਤਿਆਂ ਵਾਲੇ ਪਾਸੇ ਬੈਠੇ (ਪੰਜਾਬ ਵਾਸੀ) ਰਿਸ਼ਤੇਦਾਰਾਂ ਵਿਚ ਕੋਈ ਟਾਂਵਾਂ-ਟੱਲਾ ਸਾਬਤ-ਸੂਰਤ, ਬਾਕੀ ਸਾਰੇ ਕੰਨੀਂ ਮੁੰਦਰਾਂ ਵਾਲੇ, ਜੋ ਸਿਰਾਂ ‘ਤੇ ਰੁਮਾਲ ਬੰਨ੍ਹੀ ਬੈਠੇ ਸਨ।
ਪਿੰਡ ਜਾ ਕੇ ਮੈਂ ਖੁਦ ਇਸ ਵਿਆਹ ਦੀ ਮੂਵੀ ਦੇਖ ਕੇ ਤਸੱਲੀ ਕੀਤੀ। ਮੈਨੂੰ ਇਹ ਵੀ ਪਤਾ ਲੱਗਿਆ ਕਿ ਜੰਮੂ ਕਸ਼ਮੀਰੀਆਂ ਦੀ ਬਰਾਤ ਵਿਚ ਆਏ ਕਈ ਪਤਵੰਤੇ ਸਿੱਖਾਂ ਨੇ ‘ਪੰਜਾਬ ਦੀ ਸਿੱਖੀ’ ਉਤੇ ਗਿਲਾਨੀ ਪ੍ਰਗਟਾਉਂਦਿਆਂ ਅਨੰਦ ਕਾਰਜ ਦੀ ਸਮਾਪਤੀ ਮੌਕੇ ਤਿੱਖੇ ਨਿਹੋਰੇ ਵੀ ਮਾਰੇ; ਜਿਵੇਂ ਸ਼ ਤਰਲੋਚਨ ਸਿੰਘ ਨੇ ਆਪਣੇ ਲੇਖ ਵਿਚ ਸਵਾਲ ਖੜ੍ਹਾ ਕੀਤਾ ਹੈ ਕਿ ਪੰਜਾਬ ਹੀ ਕਿਉਂ ਸਰਾਪਿਆ ਗਿਆ ਹੈ?
ਅਮਰੀਕਾ ਤੋਂ ਹੀ ਆਪਣਾ ਬੇਟਾ ਪੰਜਾਬ ਵਿਆਹੁਣ ਗਏ ਇਕ ਸਰਦਾਰ ਜੀ ਨੇ ਵੀ ਅਜੀਬ ਗੱਲ ਸੁਣਾਈ। ਵਿਆਹ ਤੋਂ ਬਾਅਦ ਮੈਰਿਜ ਸਰਟੀਫਿਕੇਟ ਬਣਾਉਣ ਲਈ ਉਹ ਕਚਹਿਰੀਆਂ ਵਿਚ ਗਏ। ਸਰਦਾਰ ਜੀ ਕਹਿੰਦੇ, ਕਈ ਜਣਿਆਂ ਨੇ ਮੇਰੇ ਮੁੰਡੇ ਵੱਲ ਦੇਖ ਕੇ ਪੁੱਛਿਆ ਕਿ ਮੁੰਡਾ ‘ਬਾਹਰੋਂ’ ਆਇਆ ਲਗਦੈ? ਕਹਿੰਦੇ, ਮੈਂ ਇਕ ਵੀਰ ਨੂੰ ਪੁੱਛ ਹੀ ਲਿਆ ਕਿ ਤੁਸੀਂ ਸਾਡੇ ਮੁੰਡੇ ਦੇ ਟੌਹਰ-ਟੱਪੇ ਤੋਂ ਹੀ ‘ਬਾਹਰਲਾ’ ਹੋਣ ਦਾ ਇਮਕਾਨ ਲਾਈ ਜਾਂਦੇ ਹੋ? ਸਰਦਾਰ ਜੀ ਕਹਿੰਦੇ, ਉਸ ‘ਪੰਜਾਬੀ’ ਦਾ ਜਵਾਬ ਸੁਣ ਕੇ ਮੇਰਾ ਮੂੰਹ ਹੀ ਅੱਡਿਆ ਰਹਿ ਗਿਆ, “ਐਹੋ ਜਿਹੇ ਖੁੱਲ੍ਹੀਆਂ ਦਾੜ੍ਹੀਆਂ ਤੇ ਪੱਗਾਂ ਵਾਲੇ ਮੁੰਡੇ ਹੁਣ ਪੰਜਾਬ ਵਿਚ ਕਿਥੇ ਆ ਜੀ।”
ਪੰਜਾਬ ਦੀ ਜਵਾਨੀ ਵਿਚ ਹਿੰਸਕ ਪ੍ਰਵਿਰਤੀਆਂ, ਬੇਮੁਹਾਰੀ ਜੀਵਨ ਸ਼ੈਲੀ, ਨਸ਼ੇੜੀ ਰੁਚੀਆਂ ਤੇ ਧਰਮ ਤੋਂ ਮੂੰਹ ਮੋੜਨ ਦੇ ਕਾਰਨ ਲੱਭਣੇ ਸਮਾਜ ਸ਼ਾਸਤਰੀਆਂ ਦਾ ਕੰਮ ਹੈ। ਜਿਥੋਂ ਤੱਕ ਸਿੱਖ ਗੱਭਰੂਆਂ ਵਲੋਂ ਆਪਣੇ ਧਰਮ ਤੋਂ ਮੋਹ-ਭੰਗ ਹੋਣ ਦੀ ਗੱਲ ਹੈ, ਮੇਰੇ ਨਿਜੀ ਵਿਚਾਰ ਮੁਤਾਬਕ ਇਸ ਵਰਗ ਦੀ ਘੋਰ ਨਿਰਾਸ਼ਾ ਦਾ ਕਾਰਨ ਹੈ, ਸਿੱਖੀ ਦੇ ਸੋਮੇ ਸਿਆਸਤ ਦੇ ਜੂਲ਼ੇ ਥੱਲੇ ਨਪੀੜੇ ਗਏ ਹਨ। ਸਿੱਖ ਹਿੱਤਾਂ ਦੀ ਪਹਿਰੇਦਾਰ ਸਿਆਸੀ ਪਾਰਟੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ, ਅਤਿ ਦੇ ਸਵਾਰਥੀ ਮਲਕ ਭਾਗੋਆਂ ਦੀ ਜਕੜ ਵਿਚ ਆ ਗਏ ਹਨ। ਧਾਰਮਿਕ ਕੇਂਦਰਾਂ ਵਿਚ ਹੋ ਰਹੇ ਕੁਫ਼ਰ ਨੂੰ ਪੰਜਾਬ ਦੀ ਸਿੱਖ ਜਵਾਨੀ ਬਹੁਤ ਨੇੜਿਓਂ ਦੇਖਣ ਕਰ ਕੇ ਬਦਜਨ ਹੋ ਗਈ, ਤੇ ਹੋ ਰਹੀ ਹੈ। ਫਾਰਸੀ ਦੀ ਕਹਾਵਤ ‘ਚਿ: ਕੁਫ਼ਰ ਅਜ਼ ਕæਾਅਬਾ ਬਰਖੇਜ਼ਦ, ਕੁਜ਼ਾ ਮਾਨਦ ਮੁਸਲਮਾਨੀ’ (ਅਰਥਾਤ, ਜੇ ਕਾਅਬੇ ਵਿਚ ਹੀ ਕੁਫ਼ਰ ਹੋਣ ਲੱਗ ਜਾਵੇ ਤਾਂ ਇਸਲਾਮ ਕਿਥੇ ਰਹੇਗਾ)।
ਅਜੀਬ ਇਤਫ਼ਾਕ: ਲੇਖ ਲਿਖਦਿਆਂ ਅਚਾਨਕ ਉਠ ਕੇ ‘ਸਪੋਕਸਮੈਨ’ ਅਖ਼ਬਾਰ (23 ਮਈ 2015, ਸਨਿਚਰਵਾਰ) ਪੜ੍ਹਨ ਲੱਗਾ। ਸੰਪਾਦਕੀ ਵਿਚਲੇ ਇਹ ਵਾਕ ਮੇਰੇ ਇਸ ਲੇਖ ਦਾ ਜਵਾਬ ਹੀ ਜਾਪੇ, “ਸਿੱਖੀ ਦਾ ਚਿਹਰਾ-ਮੋਹਰਾ ਜਾਂ ਸਿੱਖੀ ਸਰੂਪ ਉਥੇ ਹੀ ਖਤਮ ਹੈ, ਜਿਥੇ ਸਿੱਖ ਸਿਆਸਤਦਾਨ ਸੱਤਾ ਉਤੇ ਕਾਬਜ਼ ਹੈ। ਬਾਹਰਲੇ ਸੂਬਿਆਂ ਵਿਚ ਜਾ ਕੇ ਵੇਖ ਲਓ, ਭਾਰਤ ਵਿਚ ਕਿਧਰੇ ਵੀ ਸਿੱਖ ਸਰੂਪ ਦਾ ਇੰਨਾ ਮਾੜਾ ਹਾਲ ਨਹੀਂ, ਜਿੰਨਾ ਪੰਜਾਬ ਵਿਚ ਹੈ।”