ਡਾæ ਗੁਰਨਾਮ ਕੌਰ, ਕੈਨੇਡਾ
ਭਗਤ ਕਬੀਰ ਦਾ ਇਹ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1105 ‘ਤੇ ਦਰਜ਼ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਜਿਸ ਜੀਵਨ ਦਰਸ਼ਨ ਦਾ ਸੰਸਾਰ ਦੀ ਭਲਾਈ ਹਿਤ ਪ੍ਰਕਾਸ਼ਨ ਕੀਤਾ ਗਿਆ ਹੈ, ਉਸ ਦਾ ਸਬੰਧ ਮਨੁੱਖ ਦੀ ਦੁਨਿਆਵੀ ਅਤੇ ਪਰਮਾਰਥਕ ਜ਼ਿੰਦਗੀ-ਦੋਵਾਂ ਨਾਲ ਹੈ। ਸਿੱਖ ਫਲਸਫੇ ਅਨੁਸਾਰ ਦੁਨਿਆਵੀ ਅਤੇ ਅਧਿਆਤਮਕ ਜੀਵਨ ਇੱਕ-ਦੂਸਰੇ ਨਾਲ ਜੁੜੇ ਹੋਏ ਹਨ, ਦੋਵਾਂ ਨੂੰ ਅਲੱਗ ਅਲੱਗ ਕਰਕੇ ਨਹੀਂ ਜੀਵਿਆ ਜਾ ਸਕਦਾ। ਭਗਤ ਕਬੀਰ ਦਾ ਇਹ ਸਲੋਕ ਦੁਨਿਆਵੀ ਅਤੇ ਅਧਿਆਤਮਕ ਦੋਹਾਂ ਦਾ ਦਿਸ਼ਾ-ਨਿਰਦੇਸ਼ ਕਰਦਾ ਹੈ। ਅਧਿਆਤਮਕ ਤੌਰ ‘ਤੇ ਕਾਮ, ਕ੍ਰੋਧ, ਲੋਭ, ਮੋਹ ਅਤੇ ਹਉਮੈ ਮਨੁੱਖ ਦੇ ਵੈਰੀ ਹਨ, ਉਸ ਦੇ ਰਸਤੇ ਦਾ ਰੋੜਾ ਹਨ ਅਤੇ ਦੁਨਿਆਵੀ ਤੌਰ ‘ਤੇ ਅਨਿਆਂ, ਜ਼ਬਰ ਅਤੇ ਜ਼ੁਲਮ ਮਨੁੱਖ ਦੇ ਵੈਰੀ ਹਨ ਜਿਸ ਦਾ ਉਸ ਨੂੰ ਟਾਕਰਾ ਕਰਨਾ ਪੈਂਦਾ ਹੈ। ਇਸ ਸਲੋਕ ਵਿਚ ਭਗਤ ਕਬੀਰ ਕਹਿੰਦੇ ਹਨ ਕਿ ਹੁਣ ਧੌਂਸੇ ‘ਤੇ ਚੋਟ ਵੱਜ ਗਈ ਹੈ ਅਤੇ ਯੁੱਧ ਕਰਨ ਦਾ ਸਮਾਂ ਆ ਗਿਆ ਹੈ।
ਅਧਿਆਤਮਕ ਸੰਦਰਭ ਵਿਚ ਕਿਹਾ ਹੈ ਕਿ ਜਿਹੜਾ ਮਨੁੱਖ ਇਸ ਸੰਸਾਰ-ਰੂਪ ਯੁੱਧ ਦੇ ਮੈਦਾਨ ਵਿਚ ਬਹਾਦਰੀ ਨਾਲ ਵਿਕਾਰਾਂ ਦੇ ਮੁਕਾਬਲੇ ‘ਤੇ ਅੜ ਜਾਂਦਾ ਹੈ ਅਤੇ ਇਹ ਸਮਝਦਾ ਹੈ ਕਿ ਇਹ ਮਨੁੱਖਾ-ਜੀਵਨ ਹੀ ਅਜਿਹਾ ਮੌਕਾ ਹੈ ਜਦੋਂ ਕਾਮਾਦਿਕ ਵੈਰੀਆਂ ਨਾਲ ਲੜਿਆ ਜਾ ਸਕਦਾ ਹੈ, ਉਹ ਮਨੁੱਖ ਹੀ ਅਸਲੀ ਸੂਰਮਾ ਹੈ। ਉਸ ਦੇ ਦਸਮ-ਦੁਆਰ ਵਿਚ ਜਦੋਂ ਸ਼ਬਦ-ਰੂਪ ਧੌਂਸਾ ਵੱਜਦਾ ਹੈ ਤਾਂ ਉਸ ਦੇ ਨਿਸ਼ਾਨੇ ‘ਤੇ ਚੋਟ ਪੈਂਦੀ ਹੈ ਅਤੇ ਉਹ ਸਮਝਦਾ ਹੈ ਕਿ ਹੁਣ ਜੂਝਣ ਦਾ ਸਮਾਂ ਹੈ। ਦੁਨਿਆਵੀ ਸੰਦਰਭ ਵਿਚ ਉਹ ਮਨੁੱਖ ਸੂਰਮਾ ਹੈ ਜੋ ਅਨਿਆਂ ਦੇ ਖਿਲਾਫ, ਦੀਨ ਅਤੇ ਦੁਖੀਆਂ, ਗਰੀਬਾਂ ਦੀ ਖਾਤਰ ਲੜਦਾ ਹੈ, ਉਹ ਯੁੱਧ ਦੇ ਮੈਦਾਨ ਵਿਚ ਟੋਟੇ ਟੋਟੇ ਹੋ ਕੇ ਕੱਟ ਜਾਂਦਾ ਹੈ, ਮਰ ਜਾਂਦਾ ਹੈ ਪਰ ਗਰੀਬ ਦੀ ਫੜੀ ਹੋਈ ਬਾਂਹ ਨਹੀਂ ਛੱਡਦਾ। ਅਜਿਹਾ ਮਨੁੱਖ ਹੀ ਬਹਾਦਰ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਮਰਨਾ ਸੂਰਮਿਆਂ ਦਾ ਹੱਕ ਹੈ, ਬਹਾਦਰਾਂ ਦਾ ਅਧਿਕਾਰ ਹੈ ਜੇ ਉਨ੍ਹਾਂ ਦਾ ਮਰਨਾ ਪ੍ਰਵਾਨ ਹੋ ਜਾਂਦਾ ਹੈ। ਮਨੁੱਖੀ-ਜੀਵਨ ਅਕਾਲ ਪੁਰਖ ਦੀ ਬਖਸ਼ਿਸ਼ ਹੈ, ਉਸ ਦੀ ਮਿਹਰ ਹੈ ਕਿਉਂਕਿ ਮਨੁੱਖ ਪਰਮਾਤਮਾ ਦੇ ਹੁਕਮ ਅੰਦਰ, ਜਦੋਂ ਉਹ ਆਪਣੀ ਜੋਤਿ ਮਨੁੱਖ ਦੇ ਸਰੀਰ ਵਿਚ ਰੱਖਦਾ ਹੈ ਤਾਂ ਸੰਸਾਰ ‘ਤੇ ਆਉਂਦਾ ਹੈ ਅਤੇ ਉਸ ਦੇ ਹੁਕਮ ਵਿਚ ਹੀ ਇਸ ਸੰਸਾਰ ਤੋਂ ਚਲਿਆ ਜਾਂਦਾ ਹੈ। ਇਸ ਲਈ ਮਰਨ ਨੂੰ ਮੰਦਾ ਨਹੀਂ ਕਹਿਣਾ ਚਾਹੀਦਾ। ਮਨੁੱਖ ਨੂੰ ਸਿਰਫ ਏਨਾ ਪਤਾ ਹੋਣਾ ਚਾਹੀਦਾ ਹੈ ਕਿ ਉਸ ਨੇ ਜਿਉਣਾ ਕਿਵੇਂ ਹੈ ਅਰਥਾਤ ਉਸ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈ ਜਿਸ ਨਾਲ ਉਹ ਅਕਾਲ ਪੁਰਖ ਦੀ ਨਜ਼ਰ ਵਿਚ ਪ੍ਰਵਾਨ ਹੋ ਕੇ ਜੀਵੇ ਅਤੇ ਇਸ ਸੰਸਾਰ ਤੋਂ ਇੱਜ਼ਤ ਸਹਿਤ ਜਾਵੇ।
ਅਜਿਹੇ ਜੀਵਨ ਤੋਂ ਬਾਅਦ ਜਦੋਂ ਉਹ ਇਸ ਸੰਸਾਰ ਤੋਂ ਜਾਵੇਗਾ ਤਾਂ ਉਸ ਨੂੰ ਅਕਾਲ ਪੁਰਖ ਦੀ ਹਜ਼ੂਰੀ ਵਿਚ ਵੀ ਇੱਜ਼ਤ ਮਿਲਦੀ ਹੈ। ਪਤਿ ਸੇਤੀ ਜਿਉਣਾ ਅਤੇ ਪਤਿ ਸੇਤੀ ਇਸ ਸੰਸਾਰ ਤੋਂ ਜਾਣਾ, ਇਹੀ ਸਹੀ ਜੀਵਨ ਹੈ। ਇਸ ਤਰ੍ਹਾਂ ਜੋ ਮਨੁੱਖ ਅਕਾਲ ਪੁਰਖ ਪ੍ਰਤੀ ਸਮਰਪਣ ਵਾਲਾ ਜੀਵਨ ਜਿਉਂ ਕੇ, ਉਸ ਦੇ ਹਜ਼ੂਰ ਕਬੂਲ ਹੋ ਕੇ ਮਰਦੇ ਹਨ, ਉਹ ਅਸਲ ਸੂਰਮੇ ਹਨ ਅਤੇ ਮਰਨਾ ਸੂਰਮਿਆਂ ਦਾ ਹੱਕ ਹੈ। ਸੂਰਮੇ ਕੌਣ ਹਨ? ਸੂਰਮੇ ਉਹ ਹਨ ਜਿਨ੍ਹਾਂ ਨੂੰ ਅਕਾਲ ਪੁਰਖ ਦੀ ਹਜ਼ੂਰੀ ਵਿਚ ਇੱਜ਼ਤ ਅਤੇ ਮਾਣ ਮਿਲਦਾ ਹੈ ਅਤੇ ਇਥੋਂ ਵੀ ਇੱਜ਼ਤ ਨਾਲ ਜਾਂਦੇ ਹਨ। ਇਸ ਇੱਜ਼ਤ ਵਾਲੇ ਜੀਵਨ ਲਈ, ਪਤਿ ਸੇਤੀ ਜਿਉਣ ਲਈ ਮਨੁੱਖ ਨੂੰ ਆਪਣਾ ਸਿਰ ਤਲੀ ‘ਤੇ ਰੱਖ ਕੇ ਇਸ ਜੀਵਨ ਰਸਤੇ ‘ਤੇ ਪੈਰ ਧਰਨਾ ਪੈਂਦਾ ਹੈ। ਇੱਥੋਂ ਹੀ ਸਿੱਖ ਧਰਮ ਚਿੰਤਨ ਵਿਚ ਸ਼ਹਾਦਤ ਦਾ ਸੰਕਲਪ ਸ਼ੁਰੂ ਹੁੰਦਾ ਹੈ। ਸਿੱਖ ਧਰਮ ਚਿੰਤਨ ਅਨੁਸਾਰ ਸਾਰੇ ਮਨੁੱਖ ਉਸ ਪਰਮਾਤਮਾ ਦੀ ਸਿਰਜਣਾ ਹੋਣ ਦੇ ਨਾਤੇ ਉਸ ਦੇ ਬੱਚੇ ਹਨ ਅਤੇ ਉਹ ਸਾਰਿਆਂ ਦਾ ਪਿਤਾ ਹੈ। ਉਹ ਆਪਣੀ ਰਚਨਾ ਵਿਚ ਇੱਕ-ਰਸ ਵਿਆਪਕ ਹੈ। ਇਸ ਲਈ ਉਸ ਦੀ ਨਜ਼ਰ ਵਿਚ ਸਾਰੇ ਬਰਾਬਰ ਹਨ ਅਤੇ ਸਭ ਦੇ ਸਮਾਜਿਕ, ਧਾਰਮਿਕ ਅਤੇ ਅਧਿਆਤਮਕ ਅਧਿਕਾਰ ਬਰਾਬਰ ਹਨ। ਹਰ ਮਨੁੱਖ ਨੂੰ ਭਾਵੇਂ ਉਹ ਇਸਤਰੀ ਹੈ ਜਾਂ ਪੁਰਸ਼, ਜਿਉਣ ਅਤੇ ਥੀਣ ਦਾ ਇੱਕੋ ਜਿਹਾ ਹੱਕ ਹੈ। ਪਰਮਾਤਮਾ ਦੀ ਨਜ਼ਰ ਵਿਚ ਜਨਮ, ਜਾਤ, ਨਸਲ ਜਾਂ ਧਰਮ ਕਰਕੇ ਕੋਈ ਉਚਾ ਜਾਂ ਨੀਵਾਂ ਨਹੀਂ ਹੈ। ਸ਼ਹਾਦਤ ਦਾ ਅਰਥ ਹੈ, ਸਤਿ ਦੀ ਗਵਾਹੀ। ਸਤਿ ਤੋਂ ਇਥੇ ਭਾਵ ਸਰਬ-ਵਿਆਪਕ ਸਤਿ (ਯੂਨੀਵਰਸਲ ਟਰੁਥ) ਹੈ। ਇਸ ਲਈ ਸਿੱਖ ਧਰਮ ਚਿੰਤਨ ਵਿਚ ਸ਼ਹਾਦਤ ਦਾ ਘੇਰਾ ਬਹੁਤ ਵਿਆਪਕ ਹੈ। ਸਿੱਖ ਧਰਮ ਚਿੰਤਨ ਵਿਚ ‘ਸਰਬੱਤ ਦਾ ਭਲਾ’ ਅਕਾਲ ਪੁਰਖ ਕੋਲੋਂ ਮੰਗਿਆ ਜਾਂਦਾ ਹੈ, ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਜਾਂਦੀ ਹੈ। ਇਸ ਲਈ ਇਸ ਵਿਚ ਸਾਰੀ ਮਨੁੱਖਤਾ ਸ਼ਾਮਲ ਹੈ। ਸਿੱਖ ਧਰਮ ਵਿਚ ਸ਼ਹਾਦਤ ਦਾ ਆਦਰਸ਼ ਸਿਰਫ ਆਪਣੇ ਧਰਮ, ਸਵੈਮਾਨ, ਆਜ਼ਾਦੀ ਅਤੇ ਇੱਜ਼ਤ ਦੀ ਹੀ ਰੱਖਿਆ ਦੀ ਸ਼ਾਹਦੀ ਭਰਨਾ ਹੀ ਨਹੀਂ ਬਲਕਿ ਸਾਰੀ ਮਨੁੱਖਤਾ ਦੇ ਇਨ੍ਹਾਂ ਮੌਲਿਕ ਅਧਿਕਾਰਾਂ ਦੀ ਰੱਖਿਆ ਲਈ ਜੂਝਣਾ ਹੈ। ਇਸ ਲਈ ਇਹ ਸਰਬ-ਵਿਆਪਕ ਨਿਆਂ ਲਈ ਜੂਝਣਾ ਹੈ। ਇਸ ਦੀਆਂ ਉਦਾਹਰਣਾਂ ਸਾਨੂੰ ਸਿੱਖ ਇਤਿਹਾਸ ਵਿਚੋਂ ਮਿਲ ਜਾਂਦੀਆਂ ਹਨ। ਗੁਰੂ ਸਾਹਿਬਾਨ ਅਨੁਸਾਰ ਜਿਸ ਸਿਧਾਂਤ ਦਾ ਅਮਲੀ ਰੂਪ ਵਿਚ ਪ੍ਰਕਾਸ਼ਨ ਨਹੀਂ ਹੋ ਸਕਦਾ, ਉਹ ਸਿਧਾਂਤ ਬੇਕਾਰ ਹੈ। ਇਸ ਤਰ੍ਹਾਂ ਸ਼ਹਾਦਤ ਦਾ ਜੋ ਸਿਧਾਂਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਦਿੱਤਾ ਗਿਆ ਹੈ, ਉਸ ਨੂੰ ਗੁਰੂ ਸਾਹਿਬਾਨ ਨੇ ਆਪਣੇ ਜੀਵਨ ਵਿਚ ਜੀਵਿਆ।
ਗੁਰੂ ਨਾਨਕ ਸਾਹਿਬ ਦੇ ਸਮੇਂ ਵਿਚ ਬਾਬਰ ਨੇ ਹਿੰਦੁਸਤਾਨ ‘ਤੇ ਹਮਲਾ ਕੀਤਾ ਅਤੇ ਜਿਸ ਕਿਸਮ ਦੇ ਜ਼ੁਲਮ ਉਸ ਨੇ ਆਪਣੀ ਫੌਜ ਨਾਲ ਇਥੋਂ ਦੀ ਜਨਤਾ ‘ਤੇ ਕੀਤੇ, ਕੱਟ-ਵੱਢ ਅਤੇ ਲੁੱਟ-ਖਸੁੱਟ ਕੀਤੀ ਉਸ ਦਾ ਹਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਮਿਲ ਜਾਂਦਾ ਹੈ। ਗੁਰੂ ਨਾਨਕ ਸਾਹਿਬ ਨੇ ਬਾਬਰ ਦੇ ਜ਼ੁਲਮਾਂ ਦੇ ਖਿਲਾਫ ਅਵਾਜ਼ ਉਠਾਈ। ਬਾਬਰ ਦੀ ਤੁਲਨਾ ਉਨ੍ਹਾਂ ਨੇ ‘ਜਮ’ ਨਾਲ ਕੀਤੀ ਅਤੇ ਉਸ ਦੇ ਫੌਜ ਲੈ ਕੇ ਹਿੰਦੁਸਤਾਨ ‘ਤੇ ਹਮਲਾ ਕਰਨ ਨੂੰ ਕਾਬਲ ਤੋਂ ‘ਪਾਪ ਕੀ ਜੰਞ’ ਲੈ ਕੇ ਆਉਣਾ ਕਿਹਾ ਹੈ। ਬਾਬਰ ਦੇ ਆਉਣ ਨਾਲ ਅਤੇ ਹਿੰਦੁਸਤਾਨ ਦੇ ਤਖਤ ‘ਤੇ ਕਾਬਜ ਹੋ ਜਾਣ ਨਾਲ ਹਿੰਦੁਸਤਾਨ ਵਿਚ ਮੁਗਲ ਸਮਰਾਜ ਦੀ ਨੀਂਹ ਰੱਖੀ ਗਈ ਅਤੇ ਹਿੰਦੁਸਤਾਨੀ ਜਨਤਾ ‘ਤੇ ਜ਼ੁਲਮ ਦੇ ਦੌਰ ਦੀ ਵੀ ਨੀਂਹ ਰੱਖੀ ਗਈ। ਧਰਮ ਦੇ ਨਾਂ ‘ਤੇ ਲੋਕਾਂ ਉਤੇ ਬੇਹੱਦ ਜ਼ੁਲਮ ਢਾਹੇ ਗਏ ਅਤੇ ਉਨ੍ਹਾਂ ਨੂੰ ਇਸਲਾਮ ਧਾਰਨ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਰਿਹਾ। ਸਿੱਖ ਧਰਮ ਵਿਚ ਸ਼ਹਾਦਤ ਦੀ ਪਹਿਲੀ ਉਦਾਹਰਣ ਪੰਜਵੇਂ ਗੁਰੂ ਅਰਜਨ ਦੇਵ ਦੀ ਸ਼ਹਾਦਤ ਹੈ। ਇਸ ਵਿਸਥਾਰ ਵਿਚ ਨਾ ਜਾਂਦੇ ਹੋਏ ਕਿ ਚੰਦੂ ਗੁਰੂ ਸਾਹਿਬ ਦੀ ਸ਼ਹਾਦਤ ਵਿਚ ਵਿਚੋਲਾ ਕਿਵੇਂ ਬਣਿਆ, ਅਸਲੀ ਤੱਥ ਦਾ ਸੰਖੇਪ ਇਹ ਹੈ ਕਿ ਗੁਰੂ ਅਰਜਨ ਦੇਵ ਵੱਲੋਂ ‘ਗ੍ਰੰਥ ਸਾਹਿਬ’ ਦਾ ਸੰਕਲਨ ਕਰ ਲੈਣ ‘ਤੇ ਅਕਬਰ ਬਾਦਸ਼ਾਹ ਪਾਸ ਸ਼ਿਕਾਇਤ ਕੀਤੀ ਗਈ ਕਿ ‘ਗ੍ਰੰਥ ਸਾਹਿਬ’ ਵਿਚ ਮੁਸਲਿਮ ਪੈਗੰਬਰਾਂ, ਕਾਜ਼ੀਆਂ, ਮੁੱਲ੍ਹਾਂ, ਹਿੰਦੂ ਧਰਮ ਦੇ ਦੇਵੀ-ਦੇਵਤਿਆਂ ਅਤੇ ਅਵਤਾਰਾਂ ਆਦਿ ਦੇ ਖਿਲਾਫ ਲਿਖਤਾਂ ਹਨ। ‘ਗ੍ਰੰਥ ਸਾਹਿਬ’ ਵਿਚੋਂ ਬਾਣੀ ਸੁਣਨ ਤੋਂ ਬਾਅਦ ਅਕਬਰ ਬਾਦਸ਼ਾਹ ਦੀ ਤਸੱਲੀ ਹੋ ਗਈ ਅਤੇ ਉਸ ਨੇ ਸੋਨੇ ਦੀਆਂ ਮੋਹਰਾਂ ਨਾਲ ਗ੍ਰੰਥ ਸਾਹਿਬ ਦਾ ਸਤਿਕਾਰ ਕੀਤਾ। ਉਸ ਤੋਂ ਬਾਅਦ ਉਸ ਦਾ ਪੁੱਤਰ ਜਹਾਂਗੀਰ ਗੱਦੀ ‘ਤੇ ਬੈਠਿਆ ਜਦ ਕਿ ਅਕਬਰ ਜਹਾਂਗੀਰ ਦੇ ਪੁੱਤਰ ਖੁਸਰੋ ਨੂੰ ਆਪਣਾ ਜਾਂ-ਨਸ਼ੀਨ ਬਣਾਉਣਾ ਚਾਹੁੰਦਾ ਸੀ। ਅੱਗੇ ਜੋ ਵਾਪਰਿਆ, ਇਸ ਇਤਿਹਾਸ ਤੋਂ ਸਾਰੇ ਜਾਣੂ ਹਨ।
ਗੁਰੂ ਸਾਹਿਬ ਸਾਹਮਣੇ ਦੋ ਰਸਤੇ ਸਨ-ਜ਼ੁਰਮਾਨਾ ਭਰਨਾ ਜਾਂ ਸ਼ਹਾਦਤ ਦੇਣੀ ਅਤੇ ਪੰਜਵੇਂ ਪਾਤਿਸ਼ਾਹ ਨੇ ਸ਼ਹਾਦਤ ਦਾ ਰਾਹ ਚੁਣਿਆ। ਜਹਾਂਗੀਰ ਦੇ ਸਮੇਂ ਤੋਂ ਹੀ ਹਿੰਦੁਸਤਾਨੀ ਜਨਤਾ ਨੂੰ ਜ਼ਬਰੀ ਇਸਲਾਮ ਕਬੂਲ ਕਰਾਉਣ ਦੀ ਮੁਹਿੰਮ ਸ਼ੁਰੂ ਹੋ ਚੁੱਕੀ ਸੀ ਜਿਸ ਨੇ ਔਰੰਗਜ਼ੇਬ ਦੇ ਰਾਜਕਾਲ ਵਿਚ ਬਹੁਤ ਹੀ ਵਿਕਰਾਲ ਰੂਪ ਧਾਰਨ ਕਰ ਲਿਆ ਸੀ। ਕਿਸੇ ਧਰਮ ਨੂੰ ਮੰਨਣਾ ਅਤੇ ਉਸ ਅਨੁਸਾਰ ਆਪਣੇ ਇਸ਼ਟ ਨੂੰ ਧਿਆਉਣਾ ਮਨੁੱਖ ਦਾ ਮੌਲਿਕ ਅਧਿਕਾਰ ਹੈ ਅਤੇ ਹਰ ਇੱਕ ਨੂੰ ਇਹ ਹੱਕ ਮਾਨਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਪਰ ਕਿਸੇ ਹੋਰ ਦੀ ਕੀਮਤ ‘ਤੇ ਨਹੀਂ। ਸਿੱਖ ਗੁਰੂ ਸਾਹਿਬਾਨ ਵੇਦਾਂ ਨੂੰ ਨਹੀਂ ਸੀ ਮੰਨਦੇ ਜੋ ਹਿੰਦੂ ਧਰਮ ਗ੍ਰੰਥ ਹਨ, ਨਾ ਹੀ ਉਨ੍ਹਾਂ ਦਾ ਹਿੰਦੂ ਧਾਰਮਿਕ ਚਿੰਨ੍ਹਾਂ ਜਿਵੇਂ ਜੰਞੂ ਅਤੇ ਤਿਲਕ ਨਾਲ ਕੋਈ ਸਰੋਕਾਰ ਸੀ ਪਰ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਕਸ਼ਮੀਰੀ ਪੰਡਤਾਂ ਦੀ ਬੇਨਤੀ ‘ਤੇ ਉਨ੍ਹਾਂ ਦੇ ਇਸ ਧਾਰਮਿਕ ਅਧਿਕਾਰ ਦੀ ਰੱਖਿਆ ਲਈ ਸ਼ਹਾਦਤ ਦਿੱਤੀ। ਕਿਉਂ? ਕਿਉਂਕਿ ਸਿੱਖ ਧਰਮ ਦਰਸ਼ਨ ਅਨੁਸਾਰ ਇਹ ਕਿਸੇ ਵੀ ਮਨੁੱਖ ਦਾ ਮੁਢਲਾ ਹੱਕ ਹੈ, ਉਸ ਦੀ ਮੁਢਲੀ ਆਜ਼ਾਦੀ ਹੈ ਜੋ ਉਸ ਨੂੰ ਮਿਲਣੀ ਚਾਹੀਦੀ ਹੈ। ਕਿਸੇ ਨੂੰ ਇਸ ਵਿਚ ਦਖਲ ਦੇਣ ਦਾ ਹੱਕ ਨਹੀਂ ਭਾਵੇਂ ਉਹ ਔਰੰਗਜ਼ੇਬ ਵਰਗਾ ਬਾਦਸ਼ਾਹ ਹੀ ਕਿਉਂ ਨਾ ਹੋਵੇ। ਗੁਰੂ ਤੇਗ ਬਹਾਦਰ ਅਤੇ ਉਨ੍ਹਾਂ ਦੇ ਨਾਲ ਗਏ ਸਿੱਖਾਂ ਦੇ ਸਾਹਮਣੇ ਦੋ ਰਸਤੇ ਸਨ-ਇਸਲਾਮ ਕਬੂਲ ਕਰਨਾ ਜਾਂ ਸ਼ਹਾਦਤ ਦੇਣੀ। ਗੁਰੂ ਸਾਹਿਬ ਅਤੇ ਉਨ੍ਹਾਂ ਦੀ ਸੰਗਤਿ ਵਿਚ ਸਿੱਖਾਂ ਨੇ ਸ਼ਹਾਦਤ ਦੀ ਚੋਣ ਕੀਤੀ।
ਹਿੰਦੁਸਤਾਨੀ ਜਨਤਾ ‘ਤੇ ਔਰੰਗਜ਼ੇਬ ਦੇ ਜ਼ੁਲਮ ਏਨੇ ਜ਼ਿਆਦਾ ਵਧ ਗਏ ਸਨੀ ਕਿ ਦਸਵੇਂ ਗੁਰੂ ਗੋਬਿੰਦ ਸਿੰਘ ਨੂੰ ਉਸ ਦੇ ਜੁਲਮ ਨੂੰ ਰੋਕਣ ਲਈ ਤਲਵਾਰ ਉਠਾਉਣੀ ਪਈ। ਉਨ੍ਹਾਂ ਨੇ ਨਿਰਭਉ ਅਤੇ ਨਿਰਵੈਰ ਸਮਾਜ ਦੀ ਸਿਰਜਣਾ ਦੇ ਤਹਿਤ ਸਿੱਖ ਇਲਹਾਮ, ‘ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥’ ਦਾ ਅਮਲੀ ਪ੍ਰਕਾਸ਼ਨ ਕਰਦਿਆਂ 1699 ਦੀ ਵਿਸਾਖੀ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਸਿਰਜਿਆ। ਗੁਰੂ ਸਾਹਿਬ ਨੇ ਕਿਸੇ ਰਾਜ ਦੀ ਪ੍ਰਾਪਤੀ ਜਾਂ ਕਬਜੇ ਲਈ ਮੁਗਲਾਂ ਜਾਂ ਹਿੰਦੂ ਪਹਾੜੀ ਰਾਜਿਆਂ ਨਾਲ ਯੁੱਧ ਨਹੀਂ ਕੀਤੇ ਬਲਕਿ ਮਨੁੱਖ ਦੇ ‘ਪਤਿ ਸਹਿਤ’ ਜਿਉਣ ਦੇ ਅਧਿਕਾਰ ਲਈ, ਮਨੁੱਖਤਾ ‘ਤੇ ਹੋ ਰਹੇ ਜ਼ੁਲਮ ਨੂੰ ਟੱਕਰ ਦੇਣ ਲਈ ਯੁੱਧ ਕੀਤੇ। ਪੋਹ ਦਾ ਮਹੀਨਾ ਸਿੱਖ ਇਤਿਹਾਸ ਵਿਚ ਬਹੁਤ ਮਹੱਤਵਪੂਰਨ ਹੈ। ਇਹ ਉਹ ਮਹੀਨਾ ਹੈ ਜਿਸ ਵਿਚ ਸਰਬ ਲੋਕਾਈ ਦੇ ਮੌਲਿਕ ਅਧਿਕਾਰ ਆਪਣੇ ‘ਇਸ਼ਟ’, ਆਪਣੇ ਧਰਮ ਨੂੰ ਮੰਨਣ ਦੇ ਹੱਕ ਦੀ ਰਾਖੀ ਲਈ ਦਸਮ ਪਾਤਿਸ਼ਾਹ ਹਜ਼ੂਰ ਦੇ ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੇ ਸ਼ਹਾਦਤ ਦਿੱਤੀ। ਸਾਹਿਬਜ਼ਾਦਾ ਫਤਿਹ ਸਿੰਘ ਲਿਖਤੀ ਇਤਿਹਾਸ ਵਿਚ ਸਭ ਤੋਂ ਛੋਟੀ ਉਮਰ ਸਿਰਫ ਛੇ ਸਾਲ (1699-1705) ਦਾ ਸ਼ਹੀਦ ਹੈ ਜੋ ਗੁਰੂ ਮਹਾਰਾਜ ਦੇ ਚਾਰ ਪੁੱਤਰਾਂ ਵਿਚੋਂ ਸਭ ਤੋਂ ਛੋਟਾ ਸੀ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਦੀ ਉਮਰ ਤਕਰੀਬਨ ਨੌਂ ਸਾਲ (1696-1705) ਸੀ। 26 ਦਸੰਬਰ ਨੂੰ ਹਰ ਸਾਲ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਸ਼ਹੀਦੀ ਪੁਰਬ ਫਤਿਹਗੜ੍ਹ ਸਾਹਿਬ ਵਿਖੇ ਮਨਾਇਆ ਜਾਂਦਾ ਹੈ। ਏਨੀ ਛੋਟੀ ਉਮਰ ਵਿਚ ਉਨ੍ਹਾਂ ਨੇ ਸਿੱਖੀ ਸਿਧਾਂਤਾਂ ਕਿ ਹਰ ਮਨੁੱਖ ਨੂੰ ਆਪਣੇ ਧਰਮ ਨੂੰ ਮੰਨਣ, ਉਸ ‘ਤੇ ਅਮਲ ਕਰਨ ਅਤੇ ਆਪਣੇ ਇਸ਼ਟ ਨੂੰ ਧਿਆਉਣ ਦਾ ਅਧਿਕਾਰ ਹੈ, ਕਿਸੇ ਨੂੰ ਇਸ ਹੱਕ ਵਿਚ ਦਖਲ ਦੇਣ, ਇਸ ਆਜ਼ਾਦੀ ਨੂੰ ਖੋਹਣ ਦਾ ਹੱਕ ਨਹੀਂ ਹੈ, ਲਈ ਆਪਣੀਆਂ ਨਿੱਕੀਆਂ ਜਿੰਦੜੀਆਂ ਵਾਰ ਦਿੱਤੀਆਂ। ਛੇ ਸਾਲ ਦੀ ਕੋਮਲ ਉਮਰ ਵਿਚ ਬਾਬਾ ਫਤਿਹ ਸਿੰਘ ਨੇ ਸਰਹੰਦ ਦੇ ਫੌਜਦਾਰ ਵਜ਼ੀਰਖਾਨ ਅਤੇ ਕਾਜ਼ੀਆਂ ਨੂੰ ਇਹ ਦਿਖਾ ਦਿੱਤਾ ਕਿ ਤਸੀਹਿਆਂ ਦਾ ਡਰ, ਕੋਈ ਜ਼ੁਲਮ ਉਨ੍ਹਾਂ ਦੇ ਵਿਸ਼ਵਾਸ ਨੂੰ ਹਿਲਾ ਨਹੀਂ ਸਕਦਾ। ਸਮੇਂ ਦੀ ਹਕੂਮਤ ਦਾ ਜ਼ੁਲਮ ਅਤੇ ਤਸੀਹੇ ਬਾਬਾ ਫਤਿਹ ਸਿੰਘ ਅਤੇ ਬਾਬਾ ਜ਼ੋਰਾਵਰ ਸਿੰਘ ਦੇ ਹੌਸਲੇ, ਦ੍ਰਿੜਤਾ ਅਤੇ ਆਜ਼ਾਦੀ ਨੂੰ ਕੁਚਲ ਨਹੀਂ ਸਕੇ। ਹਾਕਮ ਅਤੇ ਕਾਜ਼ੀਆਂ ਵੱਲੋਂ ਇਸਲਾਮ ਕਬੂਲ ਕਰਨ ਲਈ ਦਿੱਤੇ ਗਏ ਐਸ਼ੋ-ਇਸ਼ਰਤ ਦੇ ਲਾਲਚ ਉਨ੍ਹਾਂ ਨੂੰ ਕਿਣਕਾ ਮਾਤਰ ਵੀ ਹਿਲਾ ਨਹੀਂ ਸਕੇ। ਉਨ੍ਹਾਂ ਨੇ ਨਿਰਭੈ ਅਤੇ ਸ਼ਾਂਤ-ਚਿੱਤ ਹੋ ਕੇ ਆਪਣਾ ਧਰਮ ਤਿਆਗਣ ਨਾਲੋਂ ਸ਼ਹਾਦਤ ਦੇ ਕੇ ਸਿੱਖੀ ਦੀ ਚੜ੍ਹਦੀ ਕਲਾ ਦੇ ਸਿਧਾਂਤ ਨੂੰ ਕਾਇਮ ਰੱਖਿਆ। ਏਨੀ ਛੋਟੀ ਉਮਰ ਵਿਚ ਸਾਹਿਬਜ਼ਾਦਿਆਂ ਵਿਚ ਏਨਾ ਹੌਸਲਾ, ਹਿੰਮਤ ਅਤੇ ਬਹਾਦਰੀ ਸੀ ਕਿ ਉਹ ਮੁਗਲਾਂ ਵੱਲੋਂ ਦਿੱਤੇ ਲਾਲਚਾਂ ਨੂੰ ਬਿਨਾਂ ਕਿਸੇ ਭੈ ਦੇ ਠੋਕਰ ਮਾਰ ਸਕਣ। ਉਨ੍ਹਾਂ ਨੇ ਇਸਲਾਮ ਕਬੂਲ ਕਰਕੇ ਐਸ਼ ਦੀ ਜ਼ਿੰਦਗੀ ਜਿਉਣ ਨਾਲੋਂ ਜਿਉਂਦੇ ਕੰਧਾਂ ਵਿਚ ਚਿਣੇ ਜਾਣ ਨੂੰ ਤਰਜ਼ੀਹ ਦਿੱਤੀ। ਦੁਨੀਆਂ ਦੇ ਇਤਿਹਾਸ ਵਿਚ ਏਨੀ ਛੋਟੀ ਉਮਰ ਦੇ ਬੱਚਿਆਂ ਵੱਲੋਂ ਏਨੇ ਦ੍ਰਿੜ ਇਰਾਦੇ ਨਾਲ ਮਨੁੱਖਤਾ ਦੇ ਸੱਚੇ-ਉਚੇ ਅਸੂਲਾਂ ਤੇ ਪਹਿਰਾ ਦਿੰਦੇ ਹੋਏ ਜ਼ੁਲਮ ਦੀ ਇੰਤਹਾ ਨੂੰ ਸਹਿ ਕੇ ਸ਼ਹਾਦਤ ਦੇਣ ਦੀ ਮਿਸਾਲ ਹੋਰ ਕਿਧਰੇ ਨਹੀਂ ਮਿਲਦੀ। ਸ਼ਹਾਦਤ ਦਾ ਰਸਤਾ ਚੁਣਿਆ ਹੋਇਆ ਰਸਤਾ ਹੈ। ਇਸ ਰਸਤੇ ਦੀ ਚੋਣ ਉਨ੍ਹਾਂ ਨੇ ਆਪਣੇ ਸਾਹਮਣੇ ਰੱਖੇ ਗਏ ਰਸਤਿਆਂ ਵਿਚੋਂ ਕੀਤੀ। ਜਿਉਂ ਹੀ ਬੁਰਜ ਵਿਚ ਮਾਤਾ ਗੁਜਰੀ ਜੀ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਪਤਾ ਲੱਗਿਆ ਉਨ੍ਹਾਂ ਨੇ ਆਪਣੇ ਪ੍ਰਾਣ ਤਿਆਗ ਦਿੱਤੇ।
ਗੁਰੂ ਗੋਬਿੰਦ ਸਿੰਘ ਜਦੋਂ ਅਨੰਦਪੁਰ ਦਾ ਕਿਲਾ ਖਾਲੀ ਕਰਕੇ ਤੁਰੇ ਤਾਂ ਮੁਗਲੀਆ ਫੌਜ ਅਤੇ ਪਹਾੜੀ ਰਾਜਿਆਂ ਦੀ ਮਿਲੀ-ਜੁਲੀ ਫੌਜ ਆਪਣੀਆਂ ਸਾਰੀਆਂ ਕਸਮਾਂ ਤੋੜ ਕੇ ਪਿੱਛਾ ਕਰਨ ਲੱਗੀ। ਗੁਰੂ ਸਾਹਿਬ ਨੇ ਗਿਣਤੀ ਦੇ ਸਿੰਘਾਂ ਸਮੇਤ ਚਮਕੌਰ ਦੀ ਕੱਚੀ ਗੜ੍ਹੀ ਵਿਚ ਡੇਰਾ ਕੀਤਾ ਤਾਂ ਲੱਖਾਂ ਦੀ ਗਿਣਤੀ ਵਿਚ ਮੁਗਲ ਫੌਜ ਨੇ ਗੜ੍ਹੀ ਨੂੰ ਘੇਰਾ ਪਾ ਲਿਆ। ਗੁਰੂ ਸਾਹਿਬ ਨੇ ਇਥੇ ਮੁਗਲਾਂ ਨਾਲ ਯੁੱਧ ਕਰਦਿਆਂ ਸੰਸਾਰ ਨੂੰ ਦਿਖਾ ਦਿੱਤਾ ਕਿ ਉਨ੍ਹਾਂ ਲਈ ਆਪਣੇ ਪੁੱਤਰਾਂ ਅਤੇ ਖਾਲਸੇ ਵਿਚ ਕੋਈ ਫਰਕ ਨਹੀਂ ਹੈ। ਗੁਰੂ ਸਾਹਿਬ ਨੇ ਸਿੰਘਾਂ ਨੂੰ ਪੰਜ ਪੰਜ ਦੀ ਟੋਲੀ ਵਿਚ ਗੜ੍ਹੀ ਤੋਂ ਬਾਹਰ ਭੇਜ ਕੇ ਯੁੱਧ ਕਰਨ ਦਾ ਫੈਸਲਾ ਕੀਤਾ ਤਾਂ ਪਹਿਲੀ ਟੋਲੀ ਵਿਚ ਸਾਹਿਬਜ਼ਾਦਾ ਅਜੀਤ ਸਿੰਘ ਲੜਾਈ ਦੇ ਮੈਦਾਨ ਵਿਚ ਆਏ ਜਿਨ੍ਹਾਂ ਦੀ ਉਮਰ ਉਸ ਵੇਲੇ ਸਿਰਫ 18 ਸਾਲ ਸੀ। ਉਨ੍ਹਾਂ ਨੇ ਜਿਸ ਸਿੱਖੀ ਸਿਦਕ ਨਾਲ ਦੁਸ਼ਮਣ ਨਾਲ ਟੱਕਰ ਲਈ, ਸਿੱਖ ਇਤਿਹਾਸ ਉਸ ਦਾ ਗਵਾਹ ਹੈ। ਬਾਬਾ ਅਜੀਤ ਸਿੰਘ ਦੀ ਸ਼ਹੀਦੀ ਤੋਂ ਬਾਅਦ ਅਗਲੀ ਟੋਲੀ ਲੈ ਕੇ ਸਾਹਿਬਜ਼ਾਦਾ ਜੁਝਾਰ ਸਿੰਘ, ਜਿਸ ਦੀ ਉਮਰ ਸਿਰਫ 16 ਸਾਲ ਸੀ, ਯੁੱਧ ਦੇ ਮੈਦਾਨ ਵਿਚ ਨਿਤਰੇ। ਏਨੀ ਛੋਟੀ ਉਮਰ ਵਿਚ ਸਾਹਿਬਜ਼ਾਦਿਆਂ ਨੇ ਇਸ ਗੱਲ ਦਾ ਸਬੂਤ ਦੇ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਦਾ ਇਕ ਇਕ ਸਿੱਖ ਦੁਸ਼ਮਣ ਦੇ ਲੱਖਾਂ ‘ਤੇ ਭਾਰੂ ਹੈ। ਸਾਹਿਬਜ਼ਾਦਿਆਂ ਦਾ ਸਿੱਖੀ-ਸਿਦਕ, ਦ੍ਰਿੜ ਵਿਸ਼ਵਾਸ ਅਤੇ ਹੌਸਲੇ ਕਾਰਨ ਹੀ ਉਨ੍ਹਾਂ ਦੇ ਨਾਮ ਨਾਲ ਉਚੇ ਅਤੇ ਸੁੱਚੇ ਸਤਿਕਾਰ ਦਾ ਸ਼ਬਦ ‘ਬਾਬਾ’ ਜੁੜਿਆ ਹੈ। ਇਸ ਤਰ੍ਹਾਂ ਸਿਰਫ ਕੁੱਝ ਦਿਨਾਂ ਦੇ ਫਰਕ ਨਾਲ ਵੱਡੇ ਅਤੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਸ਼ਹੀਦੀ ਪਾ ਗਏ ਅਤੇ ਦੁਨੀਆਂ ਨੂੰ ਪਤਿ ਸਹਿਤ ਜਿਉਣ ਦਾ ਰਸਤਾ ਦਿਖਾ ਗਏ।
Leave a Reply