ਸੁਰ ਨਾਲੋਂ ਵੀ ਯਾਰੀ ‘ਤੇ ਖਰਾ ਉਤਰਦਾ ਰਿਹੈ ਮਲਕੀਤ

ਐਸ਼ ਅਸ਼ੋਕ ਭੌਰਾ
ਸ਼ਰੀਫ ਨੂੰ ਬੇਇਜ਼ਤੀ, ਲੁੱਚੇ ਨੂੰ ਸਨਮਾਨ ਤੇ ਛੜੇ ਨੂੰ ਵਿਆਹ ਕਦੇ ਵੀ ਭੁੱਲਦੇ ਨਹੀਂ ਹੁੰਦੇ, ਤੇ ਗਾਇਕ ਨੂੰ ਉਹ ਗੀਤ, ਕੈਸਿਟ, ਤਵਾ ਜਾਂ ਉਹ ਐਲਬਮ ਹਮੇਸ਼ਾ ਯਾਦ ਰਹਿੰਦੀ ਹੈ ਜਿਹਦੇ ਨਾਲ ਲੋਕਾਂ ਨੇ ਦਿਲ ਦੀਆਂ ਖਿੜਕੀਆਂ, ਮੁਹੱਬਤ ਦੀ ‘ਆਓ ਭਗਤ’ ਨਾਲ ਖੋਲ੍ਹੀਆਂ ਹੋਣ। ‘ਤੂਤਕ ਤੂਤਕ ਤੂਤਕ ਤੂਤੀਆਂ’ ਵਿਚ ਹੋਵੇ ਭਾਵੇਂ ਕੁਝ ਵੀ ਨਾ, ਪਰ ਇਹ ਉਹ ਗੀਤ ਹੈ ਜਿਹੜਾ ਗੈਰ-ਪੰਜਾਬੀ ਲੋਕਾਂ ਵਿਚ ਹੀ ਨਹੀਂ ਵੱਜਿਆ, ਗਿੰਨੀਜ਼ ਬੁੱਕ ਦਾ ਰਿਕਾਰਡ ਹੀ ਨਹੀਂ ਬਣਿਆ, ਸਗੋਂ ਮਾਈਕਲ ਜੈਕਸਨ ਦੀ ਪਹਿਲੀ ਐਲਬਮ ‘ਆਫ਼ ਦਾ ਵਾਲ’ ਨਾਲੋਂ ਵੀ ਵੱਧ ਵਿਕਣ ਦਾ ਅੰਕੜਾ ਬਣਾ ਕੇ ਗਿਆ ਸੀ।æææ

ਤੇ ਗਾਇਕ ਮਲਕੀਤ ਸਿੰਘ ਇਸ ਗੀਤ ‘ਤੇ ਮਾਣ ਕਰਦਾ ਹੈ, ਕਰਦੇ ਵੀ ਰਹਿਣਾ ਚਾਹੀਦਾ ਹੈ, ਭਾਵੇਂ ਉਸ ਦਾ ਰਚਣਹਾਰਾ ਵੀਰ ਰਹੀਮਪੁਰੀ ਮੁੜ ਕੇ ਲੱਭਾ ਹੀ ਨਹੀਂ। ਮਲਕੀਤ ਨੇ ‘ਮਾਂ ਦੇ ਹੱਥਾਂ ਦੀਆਂ ਰੋਟੀਆਂ’ ਤੇ ‘ਕੋਈ ਅਜਮੇਰ ਸ਼ਰੀਫ਼ ਨੂੰ ਤਰਸੇ, ਕੋਈ ਵਿਛੜੇ ਨਨਕਾਣੇ ਨੂੰ’ ਵਰਗੇ ਹੋਰ ਹਿੱਟ ਗੀਤ ਵੀ ਦਿੱਤੇ ਹਨ ਤੇ ਪਿਛਲੇ ਢਾਈ ਕੁ ਦਹਾਕਿਆਂ ਤੋਂ ਜੇ ਉਹਦਾ ਕੱਦ ਵਧਿਆ ਨਹੀਂ, ਤਾਂ ਸੁੰਗੜਿਆ ਵੀ ਨਹੀਂ ਹੈ। ਉਸ ਨੂੰ ਗਾਇਕ ਵਜੋਂ ਸਾਰੇ ਜਾਣਦੇ ਹਨ, ਪਰ ਆਪਣੇ ਇਸ ਮਿੱਤਰ ਗਾਇਕ ਦੀ ਸਿਹਤਮੰਦ ਪਿੱਠਭੂਮੀ ਵੱਲ ਗੇੜਾ ਵੀ ਮਾਰਦੇ ਹਾਂ। ਮਲਕੀਤ ਨੂੰ ਕਾਫ਼ੀ ਹੱਦ ਤੱਕ ਮੈਂ ਵੀ ਇਉਂ ਜਾਣਦਾ ਹਾਂæææ
ਫਗਵਾੜੇ ਵਾਲੇ ਨਰਿੰਦਰ ਠੁਕਰਾਲ ਦੀ ਕੰਪਨੀ ਟੀæਐਮæਸੀæ ਸਭ ਤੋਂ ਪਹਿਲਾਂ ‘ਗੁੜ ਨਾਲੋਂ ਇਸ਼ਕ ਮਿੱਠਾ’ ਨਾਲ ਚੱਲੀ, ਤੇ ਪੈਰ ਇਹਦੇ ਨਾਲ ਗਾਇਕੀ ਵਿਚ ਮਲਕੀਤ ਦੇ ਵੀ ਟਿਕ ਗਏ। ਇਥੋਂ ਕੁ ਹੀ ਮੈਂ ਉਸ ਨੂੰ ਜਾਨਣ ਲੱਗ ਪਿਆ ਸੀ। ਉਹਦੇ ਨਾਲ ਮੁਲਾਕਾਤਾਂ ਪ੍ਰੋæ ਇੰਦਰਜੀਤ ਸਿੰਘ ਦੇ ਘਰ ਜਲੰਧਰ ਹੁੰਦੀਆਂ ਰਹੀਆਂ ਹਨ, ਪਰ ਮੈਂ ਉਹਦੇ ਪਿੰਡ ਹੁਸੈਨਪੁਰ ਕਦੇ ਨਹੀਂ ਗਿਆ, ਤੇ ਇਹੋ ਪਿੰਡ ‘ਕਿਹੜੇ ਪਿੰਡ ਦੀ ਤੂੰ ਨੀ ਸਾਨੂੰ ਦੱਸ ਜਾ ਮੇਲਣੇ’ ਵਾਲੇ ਗਾਇਕ ਲਹਿੰਬਰ ਦਾ ਵੀ ਹੈ।
ਮੇਰੇ ਨਾਲ ਮਲਕੀਤ ਦੀ ਜਿਹੜੀ ਮੁਲਾਕਾਤ ਐਨ ਖੁੱਲ੍ਹ ਕੇ ਹੋਈ, ਉਹ 1992 ਵਿਚ ਇੰਗਲੈਂਡ ਸਥਿਤ ਬਰਮਿੰਘਮ ਉਹਦੇ ਘਰ ਵਿਚ ਹੋਈ ਸੀ। ਉਦੋਂ ਉਹ ‘ਤੂਤਕ ਤੂਤਕ’ ਨਾਲ ਪੂਰਾ ਸਟਾਰ ਬਣ ਚੁੱਕਾ ਸੀ, ਪਰ ਮੇਰੇ ਮਨ ਵਿਚ ਇਸ ਕਰ ਕੇ ਧੁਰ ਅੰਦਰ ਤੱਕ ਚਲੇ ਗਿਆ ਕਿ ਉਹ ਮੈਨੂੰ ਆਪ ਗੱਡੀ ਚਲਾ ਕੇ ਇਕ ਮਹਿਫਿਲ ਵਿਚੋਂ ਲੈ ਕੇ ਗਿਆ, ਆਪਣੇ ਘਰ ਦੋ ਦਿਨ ਰੱਖਿਆ। ਨਾਲ ਮੇਰਾ ਹਮਜਮਾਤੀ ਚਰਨਜੀਤ ਸਿੰਘ ਵੀ ਸੀ ਜੋ ਆਸਟਰੇਲੀਆ ਤੋਂ ਆਇਆ ਹੋਇਆ ਸੀ। ਉਹਦੀ ਪਤਨੀ ਦਲਜੀਤ ਕੌਰ ਨੇ ਸਾਡੀ ਆਓ ਭਗਤ ਵੀ ਬਹੁਤ ਕੀਤੀ। ਇੰਗਲੈਂਡ ਦੇ ਸਮੁੱਚੇ ਗਾਇਕਾਂ ਨੇ ਉਦੋਂ ਮੇਰੇ ਸਨਮਾਨ ਵਿਚ ਜਿਹੜਾ ਵੱਡਾ ਸਮਾਰੋਹ ਕੀਤਾ ਸੀ, ਉਹ ਵੀ ਮਲਕੀਤ ਦਾ ਹੀ ਉੱਦਮ ਸੀ। ਇਸ ਸਮਾਰੋਹ ਵਿਚ ਤਰਲੋਚਨ ਬਿਲਗਾ ਵੀ ਆਇਆ, ਪਰ ਉਹ ਆਪਸ ਵਿਚ ਰਿਸ਼ਤੇਦਾਰ ਹੋ ਕੇ ਵੀ ਬੋਲੇ ਨਾ; ਹਾਲਾਂਕਿ ਉਹ ਦੋਵੇਂ ਜਦੋਂ ਵੀ ਪੰਜਾਬ ਆਉਂਦੇ, ਮੇਰੇ ਕੋਲ ਪਿੰਡ ਗੇੜਾ ਮਾਰਦੇ। ਸ਼ਾਇਦ ਬਹੁਤਿਆਂ ਨੂੰ ਪਤਾ ਹੋਵੇ ਕਿ ‘ਗੋਲਡਨ ਸਟਾਰ ਗਰੁਪ’ ਪਹਿਲਾਂ ਦੋਹਾਂ ਇਕੱਠਿਆਂ ਦਾ ਸੀ, ਤੇ ਜਦੋਂ ਪੈਸਾ ਜਾਂ ਸ਼ੋਹਰਤ ਆ ਜਾਵੇ, ਤਾਂ ਟੁੱਟ-ਭੱਜ ਵੀ ਨਾਲੋ-ਨਾਲ ਹੋਣ ਲੱਗ ਪੈਂਦੀ ਹੈ। ਉਂਜ, ਤਰਲੋਚਨ ਨੂੰ ਇਕੱਲਿਆਂ ਗਾਉਣਾ ਫਿਰ ਬਹੁਤਾ ਰਾਸ ਨਾ ਆਇਆ।
ਸਾਡੀ ਇਥੇ ਗੂੜ੍ਹੀ ਯਾਰੀ ਵਿਚ ਫਿਰ ਦੋ ਕੁ ਸਾਲ ਸਬੰਧਾਂ ਵਿਚ ਚੁੱਪ ਵੀ ਰਹੀ, ਭਾਵੇਂ ਉਹ ਇਸ ਗੱਲ ਤੋਂ ਇਨਕਾਰ ਵੀ ਕਰਦਾ ਰਿਹਾ ਹੈ। ਗੱਲ ਇੱਦਾਂ ਹੋਈ ਕਿ ‘ਤੂਤਕ ਤੂਤਕ’ ਨਾਲ ਮਲਕੀਤ ਦੀ ਪੂਰੀ ਚੜ੍ਹਾਈ ਸੀ, ਤੇ ਉਧਰ ਪ੍ਰੋæ ਮੋਹਨ ਸਿੰਘ ਮੇਲੇ ਵਾਂਗ ਸ਼ੌਂਕੀ ਮੇਲੇ ਦੀ ਵੀ ਬੱਲੇ ਬੱਲੇ ਹੋ ਗਈ ਸੀ। ਅਗਲੇ ਸਾਲ (1993) ਉਹਨੂੰ ਮੈਂ ਮੇਲੇ ਵਿਚ ਆਉਣ ਦਾ ਸੱਦਾ ਦਿੱਤਾ, ਤਾਂ ਉਹਨੇ ਹੱਸ ਕੇ ਮੰਨ ਲਿਆ, ਬਿਨਾਂ ਪੈਸੇ ਲਿਆਂ ਮੁਫ਼ਤ ਆਉਣ ਦਾ। ਦੂਜੇ ਪਾਸੇ, ਗਰਮ ਖਿਆਲੀਏ ਉਹਨੂੰ ਤੂਤਾਂ ਵਾਲੇ ਖੂਹ ‘ਤੇ ਮਿਲਣ ਦੇ ਸੱਦੇ ਵਾਲੀਆਂ ਖਬਰਾਂ ਲੁਆ ਰਹੇ ਸਨ। ਹਾਲਾਤ ਪੰਜਾਬ ਦੇ ਤਪੇ ਪਏ ਸਨ। ਉਨ੍ਹੀਂ ਦਿਨੀਂ ਗੜ੍ਹਸ਼ੰਕਰ ਐਸ਼ਡੀæਐਮæ ਸੀ ਸਤਵੰਤ ਸਿੰਘ ਜੌਹਲ, ਮੇਰਾ ਗੂੜ੍ਹਾ ਮਿੱਤਰ। ਮੈਂ ਉਹਨੂੰ ਮਲਕੀਤ ਦੇ ਆਉਣ ਦੀ ਖਬਰ ਦਿੱਤੀ। ਉਹ ਮੈਨੂੰ ਸਰਕਾਰੀ ਗੱਡੀ ਵਿਚ ਬਿਠਾ ਕੇ ਡਿਪਟੀ ਕਮਿਸ਼ਨਰ ਗੁਰਮੇਲ ਸਿੰਘ ਬੈਂਸ ਕੋਲ ਲੈ ਗਿਆ। ਤੈਅ ਹੋਇਆ ਕਿ 28 ਤੇ 29 ਜਨਵਰੀ ਨੂੰ ਮੇਲਾ ਹੈ, 27 ਨੂੰ ਗੜ੍ਹਸ਼ੰਕਰ ਦੇ ਮਾਹਲ ਥਿਏਟਰ ਵਿਚ ਰੈਡ ਕਰਾਸ ਲਈ ਨਾਈਟ ਕਾਰਵਾਈ ਜਾਵੇ। ਉਨ੍ਹੀਂ ਦਿਨੀਂ ਰੈਡ ਕਾਰਸ ਫੰਡ ਦੀ ਮਹੱਤਤਾ ਬੜੀ ਸੀ। ਬੰਬਾਂ-ਗੋਲੀਆਂ ਨਾਲ ਮਰਨ ਵਾਲਿਆਂ ਨੂੰ ਇਸੇ ਵਿਚੋਂ ਮਦਦ ਦਿੱਤੀ ਜਾਂਦੀ ਸੀ।
ਖੈਰ! ਮਲਕੀਤ ਮੰਨ ਗਿਆ, ਉਂਜ ਉਹਨੇ ਪੈਸੇ ਦੀ ਕੋਈ ਮੰਗ ਨਹੀਂ ਰੱਖੀ, ਪਰ ਮੇਰੇ ਕਹਿਣ ਉਤੇ 25 ਹਜ਼ਾਰ ਰੁਪਏ ਦੇਣ ਦਾ ਫਿਰ ਵੀ ਫੈਸਲਾ ਹੋ ਗਿਆ। ਉਸ ਨਾਈਟ ਲਈ ਜਸਵਿੰਦਰ ਭੱਲਾ ਤੇ ਬਾਲ ਮੁਕੰਦ ਸ਼ਰਮਾ ਨੂੰ ਦਸ ਹਜ਼ਾਰ, ਅਤਰੋ-ਚਤਰੋ ਨੂੰ ਸੱਤ ਹਜ਼ਾਰ ਤੇ ਕਮਲਜੀਤ ਨੀਲੋਂ ਨੂੰ ਇਕੱਤੀ ਸੌ ਵਿਚ ਲਿਆਂਦਾ। ਨਾਈਟ ਸਫ਼ਲ ਰਹੀ ਤੇ ਰੈਡ ਕਰਾਸ ਲਈ ਪੈਸਾ ਵੀ ਚੰਗਾ ਇਕੱਠਾ ਹੋ ਗਿਆ। ਡਿਪਟੀ ਕਮਿਸ਼ਨਰ ਨੂੰ ਮੈਂ ਕਿਹਾ ਕਿ ਖਾਣਾ ਅਸੀਂ ਬੰਗੇ ਜਾ ਕੇ ਖਾ ਲਵਾਂਗੇ ਤੇ ਗਿਆਰਾਂ ਕੁ ਵਜੇ ਸਾਨੂੰ ਪੁਲਿਸ ਦੀ ਬਖਤਰਬੰਦ ਗੱਡੀ ਨਾਲ ਸੁਰੱਖਿਆ ਦੇ ਕੇ ਤੋਰ ਦਿੱਤਾ ਗਿਆ। ਬੰਗੇ ਅਸੀਂ ਖਾਣਾ ਖਾਧਾ, ਮੇਰੇ ਨਾਲ ਆਸਟਰੇਲੀਆ ਤੋਂ ਆਏ ਦੋ ਦੋਸਤ ਵੀ ਸਨ ਜਿਨ੍ਹਾਂ ਕੋਲ ਕੋਈ ਤੇਰਾਂ ਹਜ਼ਾਰ ਡਾਲਰ ਸਨ। ਉਨ੍ਹਾਂ ਨੇ ਅਗਲੇ ਦਿਨ ਨਵਾਂ ਸ਼ਹਿਰ ਵਿਚ ਰਜਿਸਟਰੀ ਕਰਵਾਉਣੀ ਸੀ। ਮਲਕੀਤ ਬੰਗੇ ਤੋਂ ਜਲੰਧਰ ਚਲਾ ਗਿਆ ਤੇ ਅਸੀਂ ਪਿੰਡ ਭੌਰੇ। ਸਵੇਰੇ ਸ਼ੌਂਕੀ ਮੇਲੇ ਦਾ ਵੀ ਪਹਿਲਾ ਦਿਨ ਸੀ। ਅਸੀਂ ਦੋ ਕੁ ਵਜੇ ਪਏ ਹੋਵਾਂਗੇ, ਪਰ ਸਾਡਾ ਨਿੱਕਾ ਜਿਹਾ ਕੁੱਤਾ ਭੌਂਕਣੋਂ ਨਾ ਹਟਿਆ। ਸਾਢੇ ਕੁ ਚਾਰ ਵਜੇ ਪਿੰਡ ਵਿਚ ‘ਲਾ ਲਾ ਲਾ ਲਾ’ ਹੋ ਗਈ, ਅਸੀਂ ਵੀ ਤ੍ਰਭਕ ਕੇ ਉਠੇ; 27 ਜਨਵਰੀ 1993 ਦੀ ਰਾਤ ਨੂੰ ਕਾਲੇ ਕੱਛੇ ਵਾਲਿਆਂ ਨੇ ਪਿੰਡ ਦੇ ਅੱਠ ਵੱਡੇ ਘਰ ਲੁੱਟ ਲਏ ਸਨ। ਪੁਲਿਸ ਨੇ ਜਦੋਂ ਮੁਕਾਬਲੇ ਵਿਚ ਉਹ ਮਾਰੇ ਤਾਂ ਭੇਤ ਖੁੱਲ੍ਹਿਆ ਕਿ ਵਾਰੀ ਮੇਰੀ ਵੀ ਆਉਣੀ ਸੀ, ਪਰ ਘਰ ਵਿਚ ਸਾਰੇ ਜਾਗਦੇ ਹੋਣ ਕਾਰਨ ਉਹ ਖਾਲੀ ਮੁੜ ਗਏ, ਨਹੀਂ ਤਾਂ ਘੱਟੋ-ਘੱਟ ਮਿੱਤਰਾਂ ਦਾ ਤੇਰਾਂ ਹਜ਼ਾਰ ਡਾਲਰ ਤਾਂ ਪੱਕਾ ਗਿਆ ਸੀ।
æææਤੇ ਫਿਰ ਇਕ ਦਿਨ ਛੱਡ ਕੇ 29 ਜਨਵਰੀ ਮੇਰੀ ਜ਼ਿੰਦਗੀ ਦੇ ਇਤਿਹਾਸ ਵਿਚ ਲਿਖੀ ਗਈ। ਮਲਕੀਤ ਦੇ ਸ਼ੌਂਕੀ ਮੇਲੇ ਵਿਚ ਆਉਣ ਕਰ ਕੇ ਪੂਰਾ ਮਾਹਿਲਪੁਰ ਹੀ ਨੱਕੋ-ਨੱਕ ਭਰ ਗਿਆ ਸੀ, ਤੇ ਨਵਾਂ ਸ਼ਹਿਰ ਤੇ ਹੁਸ਼ਿਆਰਪੁਰ ਦੇ ਪੰਜਾਬ ਰੋਡਵੇਜ਼ ਡਿਪੂਆਂ ਨੇ ਵੀਹ ਵੀਹ ਸਪੈਸ਼ਲ ਬੱਸਾਂ ਲਾਈਆਂ ਸਨ। ਕਰੇਜ਼ ਇੰਨਾ ਸੀ ਕਿ ਜੱਜਾਂ ਸਮੇਤ ਪੂਰਾ ਪ੍ਰਸ਼ਾਸਨ ਪਰਿਵਾਰਾਂ ਨਾਲ ਹੀ ਨਹੀਂ, ਰਿਸ਼ਤੇਦਾਰਾਂ ਨਾਲ ਪਹੁੰਚਿਆ ਸੀ। ਜਦੋਂ ਮਲਕੀਤ ਗਾਉਣ ਲੱਗਾ ਤਾਂ ਸਟੇਜ ‘ਤੇ ਭੀੜ ਪੂਰੀ ਸੀ। ਮੈਂ ਸਾਹਮਣੇ ਪਹਿਲੀ ਕਤਾਰ ਵਿਚ ਡਿਪਟੀ ਕਮਿਸ਼ਨਰ ਗੁਰਮੇਲ ਸਿੰਘ ਬੈਂਸ ਤੇ ਐਸ਼ਐਸ਼ਪੀæ ਆਰæਸੀæ ਸਿੰਘ ਦੇ ਨਾਲ ਦੀ ਕੁਰਸੀ ‘ਤੇ ਬੈਠਾ ਸਾਂ। ਅਚਾਨਕ ਜੇਬ ਨਾਲ ਫੁੱਲ ਲਟਕਾਈ ਇਕ ਮੁੰਡਾ ਮੇਰੇ ਕੋਲ ਆ ਕੇ ਕਹਿਣ ਲੱਗਾ, “ਤੁਹਾਨੂੰ ਪਿੱਛੇ ਕੋਈ ਮਿਲਣਾ ਚਾਹੁੰਦਾ।” ਮੈਂ ਉਠ ਕੇ ਤੁਰ ਗਿਆ। ਮਾਹਿਲਪੁਰ ਦੇ ਸਰਕਾਰੀ ਸਕੂਲ ਦੀ ਗਰਾਉਂਡ ਵਿਚ ਮੇਲਾ ਚੱਲ ਰਿਹਾ ਸੀ ਤੇ ਹਲਕੀ ਹਲਕੀ ਬੂੰਦਾ-ਬਾਂਦੀ ਹੋ ਰਹੀ ਸੀ।
ਪਿੱਛੇ ਗਿਆ ਤਾਂ ਦੋ ਮੁੰਡੇ ਕੰਬਲੀ ਦੀ ਬੁੱਕਲ ਮਾਰੀ ਖੜ੍ਹੇ ਸਨ। ਮੈਂ ਇਹ ਸੋਚ ਕੇ ਗਿਆ ਸੀ ਕਿ ਸ਼ਾਇਦ ਕੋਈ ਗਾਇਕ ਦੇਰ ਨਾਲ ਆਇਆ ਹੋਵੇਗਾ। ਮੁੰਡਿਆਂ ਵਿਚੋਂ ਇਕ ਬੋਲਿਆ, “ਤੇਰਾ ਨਾਂ ਅਸ਼ੋਕ ਭੌਰਾ ਹੈ?” ਮੈਂ ‘ਹਾਂ’ ਕਿਹਾ ਤਾਂ ਦੂਜਾ ਬੋਲਿਆ, “ਸਾਡੇ ਸਿੰਘ ਸ਼ਹੀਦ ਹੋ ਰਹੇ ਨੇ, ਤੇ ਤੂੰ ਤੂੰਬੀਆਂ ਖੜਕਾਉਨੈਂ ਮੇਲਿਆਂ ਵਿਚ।” ਤੇ ਜਿਹੜਾ ਸੱਦਣ ਗਿਆ ਸੀ, ਉਹ ਬੋਲਿਆ, “ਮਲਕੀਤ ਨੂੰ ਤੈਂ ਸੱਦਿਆ?” ਹਾਲਾਤ ਠੀਕ ਨਹੀਂ ਸਨ। ਉਨ੍ਹਾਂ ਵਿਚੋਂ ਇਕ ਨੇ ਕੰਬਲੀ ਚੁੱਕ ਕੇ ਅਸਾਲਟ ਵਿਖਾਈ ਤੇ ਧਮਕੀ ਭਰੇ ਲਹਿਜ਼ੇ ਵਿਚ ਲਾਲ ਅੱਖਾਂ ਨਾਲ ਘੂਰ ਕੇ ਆਖਣ ਲੱਗਾ, “ਜਾਹ ਚਲੇ ਜਾ, ਅਸੀਂ ਮਾਰ ਤੈਨੂੰ ਹੁਣ ਵੀ ਸਕਦੇ ਹਾਂ, ਪਰ ਅਸੀਂ ਦੋਹਾਂ (ਮਲਕੀਤ) ਨੂੰ ਦਿਨ ਚੜ੍ਹਨ ਨਹੀਂ ਦੇਣਾ।”
ਮੈਂ ਘਬਰਾ ਕੇ ਆਇਆ। ਐਸ਼ਐਸ਼ਪੀæ ਦੇ ਕੰਨ ਵਿਚ ਵਾਰਦਾਤ ਦਾ ਵੇਰਵਾ ਦਿੱਤਾ। ਕਮਾਂਡੋ ਹੋਰ ਮੰਗਵਾ ਲਏ ਗਏ। ਸਟੇਜ ਦੁਆਲੇ ਸਕਿਓਰਿਟੀ ਟਾਈਟ ਕਰ ਦਿੱਤੀ ਗਈ ਤੇ ਮੈਨੂੰ ਸਰਕਾਰੀ ਗੱਡੀ ਵਿਚ ਉਥੋਂ ਹੁਸ਼ਿਆਰਪੁਰ ਭੇਜ ਦਿੱਤਾ ਗਿਆ। ਪੁਲਿਸ ਮੁਤਾਬਕ ਉਹ ਮੁੰਡੇ ਉਸ ਦਿਨ ਤਾਂ ਲੱਭੇ ਨਹੀਂ, ਦੌੜੇ ਵੀ ਨਹੀਂ, ਮੇਰੇ ਜਾਣ ਕਰ ਕੇ ਫੁੱਲਾਂ ਵਾਲੇ ਬੈਜ ਲਾ ਕੇ ਰਹੇ ਵੀ ਸਟੇਜ ‘ਤੇ ਹੀ, ਪਰ ਮਲਕੀਤ ‘ਤੇ ਅਟੈਕ ਦਾ ਮੌਕਾ ਹੀ ਨਾ ਮਿਲਿਆ; ਹਾਲਾਂਕਿ ਪੁਲਿਸ ਮੁਕਾਬਲੇ ਵਿਚ ਮਾਰੇ ਸ਼ਾਇਦ ਉਹ ਵੀ ਗਏ ਸਨ। ਮਲਕੀਤ ਨੂੰ ਤਾਂ ਕੀ ਸੁਣਨਾ ਸੀ, ਮੈਂ ਹਫ਼ਤਾ ਘਰ ਹੀ ਨਾ ਮੁੜਿਆ। ਉਸ ਨੂੰ ਇਹ ਗਿਲਾ ਰਿਹਾ ਕਿ ਉਹ ਅੱਧੀ ਜ਼ੁਬਾਨ ਉਤੇ ਇੰਗਲੈਂਡ ਤੋਂ ਮੁਫ਼ਤ ਗਾਉਣ ਆਇਆ ਮੇਲੇ ਉਤੇ, ਪਰ ਉਹਦੀ ਬਾਤ ਨਹੀਂ ਪੁੱਛੀ। ਸਥਿਤੀ ਸਪਸ਼ਟ ਕਰਨ ਨੂੰ ਫਿਰ ਕਈ ਸਾਲ ਲੱਗ ਗਏ।
ਸਾਲ 2000 ਵਿਚ ਫਖ਼ਰ ਜ਼ਮਾਨ ਦੀ ਵਿਸ਼ਵ ਪੰਜਾਬੀ ਕਾਨਫਰੰਸ ਉਤੇ ਲੰਡਨ ਗਿਆ ਤਾਂ ਮਲਕੀਤ ਦਾ ਸੁਨੇਹਾ ਸੁਖਦੇਵ ਕੋਮਲ ਰਾਹੀਂ ਮਿਲਿਆ ਕਿ ‘ਮੇਰੇ ਕੋਲ ਘਰ ਆਵੇ।’ ਉਦੋਂ ਤੱਕ ਸਾਡੇ ਰਿਸ਼ਤਿਆਂ ਵਿਚ ਮੁਹੱਬਤ ਦੀ ਸੁੱਖ-ਸ਼ਾਂਤੀ ਫਿਰ ਪੂਰੀ ਗੂੜ੍ਹੀ ਹੋ ਗਈ ਸੀ। ਫਰਕ ਇਹ ਸੀ ਕਿ ਜਦੋਂ 1992 ਵਿਚ ਗਿਆ ਸਾਂ ਉਹਦੇ ਘਰ, ਤਾਂ ਉਹ ਖੁਸ਼ ਹੋ ਕੇ ਦੱਸ ਰਿਹਾ ਸੀ, “ਅਸ਼ੋਕ ਹੁਣ ਲੋਕ ਪੰਦਰਾਂ ਸੌ ਪੌਂਡ ਵੀ ਭਰ ਦਿੰਦੇ ਹਨ ਇਕ ਪ੍ਰੋਗਰਾਮ ਦਾ।” ਤੇ ਅੱਠ ਸਾਲਾਂ ਵਿਚ ਲੋਕਾਂ ਦੀ ਭਾਅ ਪ੍ਰਤੀ ਖੁਸ਼ੀ ਵੀ ਦੁੱਗਣੀ ਹੋ ਗਈ ਸੀ, ਤੇ ਢਾਈ-ਤਿੰਨ ਹਜ਼ਾਰ ਪੌਂਡ ਉਹਨੂੰ ਮਿਲਣ ਲੱਗ ਪਿਆ ਸੀ। ਫਿਲਮਾਂ ਵਿਚ ਪ੍ਰੀਤੀ ਸਪਰੂ ਸੁਨੱਖਾ ਦੇਖ ਕੇ ਆਪਣੇ ਨਾਲ ਹੀਰੋ ਬਣਾ ਬੈਠੀ ਸੀ, ਪਰ ਇਸ ਤੋਂ ਵੀ ਵੱਡੀ ਗੱਲ ਇਹ ਵੀ ਸੀ ਕਿ ਮਲਕੀਤ ਨੇ ਘਰ ਬਹੁਤ ਵੱਡਾ ਲੈ ਲਿਆ ਸੀ।
ਮੇਰਾ ਇਕ ਰਿਸ਼ਤੇਦਾਰ ਮੈਨੂੰ ਉਹਦੇ ਬਰਮਿੰਘਮ ਲਾਗੇ ਹੀ ਨਵੇਂ ਘਰ ਵਿਚ ਲੈ ਗਿਆ। ਮਲਕੀਤ ਘੁੱਟ ਕੇ ਮਿਲਿਆ, “ਆਹ ਸਰਦੂਲ ਵੀ ਹੁਣੇ ਗਿਐ, ਬੜਾ ਖਲਾਰਾ ਪਾ ਕੇ ਗਏ ਨੇ ਮੀਰ-ਆਲਮ, ਪਰ ਨੂਰੀ ਇਸ ਘਰ ਵਿਚ ਹੋਰ ਵੀ ਸੁਨੱਖੀ ਲੱਗਦੀ ਸੀ।” ਤੇ ਫਿਰ ਉਹ ਉਵੇਂ ਹੱਸ ਪਿਆ ਜਿਵੇਂ ਸਾਰੇ ਜਾਣਦੇ ਨੇ ਕਿ ਜਦੋਂ ਉਹ ਨਿੱਕੀਆਂ ਅੱਖਾਂ ਘੁੱਟ ਕੇ ਬੁੱਲਾਂ ਵਿਚ ਹੱਸੇ ਤਾਂ ਅੰਦਰੋਂ ਖੁਸ਼ ਹੁੰਦੈ। ਚਾਹ ਪੀ ਕੇ ਪੁੱਛਣ ਲੱਗਾ, “ਅੱਜ ਕੋਈ ਕੰਮ ਤਾਂ ਨਹੀਂ?” ਫਿਰ ‘ਨਹੀਂ’ ਸੁਣ ਕੇ ਬੋਲਿਆ, “ਜੇ ਇਸ ਮੁੰਡੇ ਨੇ ਜਾਣਾ ਤਾਂ ਚਲਾ ਜਾਵੇ, ਤੂੰ ਭੌਰੇ ਅੱਜ ਦਾ ਦਿਨ ਮੇਰੇ ਨਾਲ ਗੁਜ਼ਾਰ। ਤੈਨੂੰ ਨਵੀਂਆਂ ਗੱਲਾਂ ਦੱਸੂੰ, ਤੂੰ ਹੈਰਾਨ ਰਹਿ ਜਾਵੇਂਗਾ ਕਿ ਦੁਨੀਆਂ ‘ਤੇ ਤਰੱਕੀ ਹੋ ਕਿੰਨੀ ਗਈ ਹੈ?”
ਮੇਰਾ ਰਿਸ਼ਤੇਦਾਰ ਮੁੰਡਾ ਚਲਾ ਗਿਆ, ਉਹਨੇ ਘਰ ਘੁਮਾ ਕੇ ਵਿਖਾਇਆ। ਘਰ ਦੇਖ ਕੇ ਚਿੱਤ ਮੇਰਾ ਵੀ ਬਾਗੋ-ਬਾਗ ਹੋ ਗਿਆ। ਫਿਰ ਉਹਨੇ ਚਾਬੀਆਂ ਵਾਲੇ ਗੁੱਛੇ ਵਿਚੋਂ ਇਕ ਬਟਨ ਦੱਬ ਕੇ ਗਰਾਜ ਖੋਲ੍ਹਿਆ ਤਾਂ ਝੱਟ ਦੇਣੀ ਦੱਸਣ ਲੱਗਾ, “ਰਿਮੋਟ ਨਾਲ ਟੀæਵੀæ ਤਾਂ ਚੱਲਦੇ ਸਨ, ਵੇਖ ਲੈ ਦਰਵਾਜ਼ਾ ਵੀ ਖੁੱਲ੍ਹ ਗਿਆ।” ਨਵੀਂ ਮਰਸੀਡੀਜ਼ ਬਾਹਰ ਕੱਢੀ ਤਾਂ ਬੋਲਿਆ, “ਮਿੱਤਰਾ! ਇੱਦਾਂ ਦੀਆਂ ਕਾਰਾਂ ਵਿਚ ਤਾਂ ਤੂੰ ਬਹੁਤ ਬੈਠਿਆ ਹੋਵੇਂਗਾ, ਪਰ ਅੰਦਰ ਜਿਹੜੇ ਯੰਤਰ ਲੱਗੇ ਆ, ਉਹ ਤਾਂ ਇੰਗਲੈਂਡ ਵਿਚ ਮੈਂ ਵੀ ਪਹਿਲੀ ਵਾਰ ਦੇਖੇ ਆ, ਫਿਰ ਤੂੰ ਕਿਥੇ ਦੇਖੇ ਹੋਣੇ ਆ। ਗੱਡੀ ਵਿਚ ਵੇਖੀਂ ਤੀਵੀਂ ਕਿੰਨਾ ਮਿੱਠਾ ਬੋਲਦੀ ਐæææ ਰਾਹ ਦੱਸਦੀ ਜਾਊ।” ਪੰਦਰਾਂ ਸਾਲ ਪਹਿਲਾਂ ਨੇਵੀਗੇਸ਼ਨ ਦਾ ਇਹ ਕ੍ਰਿਸ਼ਮਾ ਮੇਰੇ ਲਈ ਵੀ ਮੰਗਲ ਗ੍ਰਹਿ ‘ਤੇ ਚੜ੍ਹਨ ਵਾਲਾ ਸੀ।
ਜਿਸ ਰਿਮੋਟ ਨਾਲ ਉਹਨੇ ਗਰਾਜ ਦੀ ਡੋਰ ਖੋਲ੍ਹੀ ਸੀ, ਉਸੇ ਨਾਲ ਫਿਰ ਬਾਹਰਲਾ ਗੇਟ ਖੋਲ੍ਹ ਕੇ ਹੱਸ ਪਿਆ, “ਤੀਵੀਂ ਰਿਮੋਟ ਵਿਚੋਂ ਵੀ ਬੋਲਣੀ ਚਾਹੀਦੀ ਸੀ।”
ਨੇਵੀਗੇਟਰ ਵਿਚ ਉਹਨੇ ਐਡਰੈਸ ਭਰਿਆ ਤੇ ਕਹਿਣ ਲੱਗਾ, “ਲੈ ਅਸ਼ੋਕ, ਬੱਸ ਸਟੇਰਿੰਗ ਸੰਭਾਲਣਾ ਅੱਖਾਂ ਮੀਚ ਕੇ, ਤੀਵੀ ਬੋਲੀ ਜਾਵੇਗੀ, ਇਧਰ ਨੂੰ ਮੁੜੋ, ਦੋ ਮੀਲ ‘ਤੇ ਸੱਜੇ ਨੂੰ ਜਾਣਾ, ਫਿਰ ਡੇਢ ਮੀਲ ‘ਤੇ ਖੱਬੇ ਨੂੰ, ਤੇ ਸੱਜੇ ਪਾਸੇ ਆ ਗਿਆ ਡੈਸਟੀਨੇਸ਼ਨæææਤੈਨੂੰ ਪਤਾ ਈ ਹੋਣੈ ਪਈ ਟਿਕਾਣਾ?”
ਅੱਧ ਕੁ ਜਿਹੇ ਵਿਚ ਜਾ ਕੇ ਫਿਰ ਬੋਲਿਆ, “ਲੈ ਹੁਣ ਇਹ ਜਗਮੋਹਨ ਕੌਰ ਜਿਧਰ ਨੂੰ ਕਹਿੰਦੀ ਆ, ਉਹਦੇ ਉਲਟ ਮੋੜ ਕੇ ਦਿਖਾਉਨਾਂæææਦੇਖੀ ਜਾਈਂ, ਹੁੰਦਾ ਕੀ ਐ? ਤੇ ਜਦੋਂ ਬੀਬੀ ਬੋਲੀ, ‘ਮੇਕ ਏ ਯੂ ਟਰਨ ਐਂਡ ਟੇਕ ਲੈਫ਼ਟ’, ਤਾਂ ਤਾੜੀ ਵਜਾ ਕੇ ਉਚੀ ਦੇਣੀ ਹੱਸ ਪਿਆ, “ਵੇਖਿਆ ਕਮਾਲ! ਇਹਨੂੰ ਕਮਲੀ ਨੂੰ ਇਹ ਵੀ ਪਤੈ ਕਿ ਆਪਾਂ ਜਿਥੇ ਜਾਣਾ, ਉਥੇ ਨਹੀਂ ਜਾ ਰਹੇ। ਭਲਾ ਇੰਨੀ ਮਹਿੰਗੀ ਪਹਿਲਾਂ ਤਾਂ ਗੱਡੀ ਨ੍ਹੀਂ ਹੋਣੀ ਕਿਸੇ ਗਾਇਕ ਕੋਲ, ਤੇ ਜੇ ਗੁਰਦਾਸ ਕੋਲ ਹੋਈ ਤਾਂ ਵਿਚ ਤੀਵੀਂ ਦੀ ਇੰਨੀ ਮਿੱਠੀ ਆਵਾਜ਼ ਨ੍ਹੀਂ ਹੋ ਸਕਦੀ।”
ਬਣਾ ਸਵਾਰ ਕੇ ਮਲਕੀਤ ਫਿਰ ਕਹਿਣ ਲੱਗਾ, “ਕਈਆਂ ਦੀ ਗੱਡੀ ‘ਚ ਬੰਦਾ ਬੋਲਦਾ ਪਰ ਆਪਾਂ ਥੋੜੇ ਪੈਸੇ ਵੱਧ ਖਰਚ ਕਰਕੇ ਤੀਵੀਂ ਰਖ ਲਈ ਹੈ, ਇਹ ਸਾਨੂੰ ਦੱਸਦੀ ਹੈ ਰਾਹ ਕਿ ਕਿਧਰ ਨੂੰ ਜਾਣੈ” ਤੇ ਉਦਣ ਮੈਨੂੰ ਪੜ੍ਹਿਆ-ਲਿਖਿਆ ਹੋਇਆ ਹੋਣ ਦੇ ਬਾਵਜੂਦ ਪਹਿਲੀ ਵਾਰੀ ਪਤਾ ਲੱਗਾ ਕਿ ਮੈਂ ਉਲੂ ਕਿਵੇਂ ਬਣ ਗਿਆ ਸੀ ਤੇ ਉਲੂਆਂ ਨੂੰ ਦਿਨ ਨੂੰ ਦੀਹਦਾ ਕਿਉਂ ਨਹੀਂ ਹੁੰਦਾ।
ਘਰ ਆ ਕੇ ਫਿਰ ਉਹ ਬਾਰ ਵਿਚ ਬਹੁਤ ਦੇਰ ਬੈਠਾ ਰਿਹਾ। ਦੋ ਕੁ ਪੈਗ ਪੀ ਕੇ ਮੈਂ ਵੀ ਕਿਹਾ, “ਮਲਕੀਤ, ਦੱਸਾਂ ਉਸ ਦਿਨ ਕੀ ਹੋਇਆ ਸੀ ਮਾਹਿਲਪੁਰ ਸ਼ੌਂਕੀ ਮੇਲੇ ‘ਤੇ?”
“ਛੱਡ ਪਰ੍ਹੇæææਤੂੰ ਤਾਂ ਖਿਸਕ ਗਿਆ ਹੋਣਾ ਕਿ ਕਿਤੇ ਸਾਜ਼ੀਆਂ ਦੀ ਪੇਮੈਂਟ ਨਾ ਮੰਗ ਲਵੇ।”
ਮੈਂ ਉਹਦਾ ਹੱਥ ਘੁੱਟ ਕੇ ਕਿਹਾ, “ਨਹੀਂ ਇੱਦਾਂ ਨਹੀਂ ਸੀ, ਤੇ ਸੱਚ ਆਹ ਸੀ।” ਮਾਹਿਲਪੁਰ ਦੀ ਉਹ ਘਟਨਾ ਮੈਂ ਉਹਨੂੰ ਅੱਠ ਸਾਲ ਬਾਅਦ ਸੁਣਾਈ, ਤਾਂ ਉਹ ਉਲਰ ਕੇ ਕਹਿਣ ਲੱਗਾ, “ਫਿਰ ਤਾਂ ਬਚ ਗਏæææ ਪਾ ਹੋਰ ਇਕ ਪੈਗ।” ਤੇ ਫਿਰ ਰੱਜ ਕੇ ਗੱਲਾਂ ਕਰਨ ਵਾਲਾ ਉਹ ਦਿਨ ਸੀ।
ਜਿੱਦਣ ਅਮਰੀਕਾ ਪਹਿਲੀ ਵਾਰ ਆਇਆ, ਮੈਂ ਦਸ ਦਿਨ ਇੰਗਲੈਂਡ ਰੁਕ ਕੇ ਆਇਆ। ਉਹ ਮੈਨੂੰ ਸੋਹੋ ਰੋਡ ‘ਤੇ ਪੱਬ ਦੇ ਬਾਹਰ ਮਿਲਣ ਆਇਆ। ਮੇਰੇ ਹੱਥ ਉਤੇ ਪੰਜ ਸੌ ਧਰ ਕੇ ਕਹਿੰਦਾ, “ਆਹ ‘ਅਜੀਤ’ ਦੀ ਪੇਮੈਂਟ, ਤੇ ਆਹ ਸੌ ਪੌਂਡ ਤੇਰੇ ਲਈ ਅਮਰੀਕਾ ਵਾਸਤੇ। ਬਾਕੀ ਉਥੇ ਆਪਾਂ ਮਿਲਦੇ ਰਹਾਂਗੇ।” ਇਹਦੇ ਵਿਚੋਂ ਅੱਸੀ ਹਜ਼ਾਰ ‘ਅਜੀਤ’ ਵਿਚ ਪ੍ਰਕਾਸ਼ਤ ਇੰਗਲੈਂਡ ਦੇ ਸਪਲੀਮੈਂਟ ਵਿਚਲੇ ਇਸ਼ਤਿਹਾਰ ਦਾ ਸੀ।
ਹੁਣ ਅੱਠ ਸਾਲ ਹੋ ਗਏ ਨੇ, ਫੋਨ ‘ਤੇ ਹੀ ਇਕ ਵਾਰ ਮਿਲਿਆ ਸੀ। ਕਦੋਂ ਅਮਰੀਕਾ ਆਉਂਦਾ, ਪਤਾ ਨ੍ਹੀਂ ਲਗਦਾ। ਇਕ ਗੱਲ ਉਹਦੇ ਨਾਲ ਜੁੜੀ ਮੈਨੂੰ ਹੋਰ ਵੀ ਯਾਦ ਰਹੇਗੀ ਕਿ ‘ਤੂਤਕ ਤੂਤਕ’ ਨਾਲ ਜਲੰਧਰ ਦੂਰਦਰਸ਼ਨ ‘ਤੇ ਉਹਦੇ ਨਾਲ ਭੰਗੜਾ ਪਾਉਣ ਵਾਲਾ ਸਰਬਜੀਤ ਚੀਮਾ ਬਾਅਦ ਵਿਚ ਵਧੀਆ ਗਵੱਈਆ ਬਣ ਗਿਆ ਸੀ।
ਮਲਕੀਤ ਮੇਰਾ ਢਿੱਡ ਵਿਚਲਾ ਮਿੱਤਰ ਰਹੇਗਾ ਹੀ।
_____________________
ਕਬਰਾਂ ਵਿਚ ਵਿਲਕਦਾ ਬਾਪ
ਅੱਧੀ ਰਾਤੀਂ ਬੁੱਢਾ ਬਾਪੂ ਕਬਰਾਂ ਰਿਹਾ ਏ ਫੋਲ,
ਜਿਹੜੇ ਤੈਨੂੰ ਖਾ ਗਏ ਪੁੱਤਰਾ, ਸੁਣਦੇ ਨਹੀਂ ਉਹ ਬੋਲ।
ਮਾਂ ਤੇਰੀ ਦੇ ਦੀਦੇ ਦੋਵੇਂ, ਰੋ ਰੋ ਹੋਏ ਬੇਹਾਲ,
ਕੰਧਾਂ-ਕੌਲਿਆਂ ਦੇ ਗਲ ਲੱਗ ਕੇ ਉਹ ਵੀ ਲੱਭਦੀ ਕਾਲ।
ਤੋੜੀ ਕਿਉਂ ਡੰਗੋਰੀ ਸਾਡੀ, ਪੁੱਛੀਏ ਕਿੰਜ ਸਰਕਾਰਾਂ ਨੂੰ,
ਚਿੱਤ ਕਰੇ ਤੇਰੇ ਨਾਲ ਫੂਕ ਦਿਆਂ ਧੂੜ ਉਡਾਉਂਦੀਆਂ ਕਾਰਾਂ ਨੂੰ।
ਪਰਸੋਂ ਵਿਧਵਾ ਹੋ ਗਈ ਪਾਲ, ਕੱਲ੍ਹ ਪੁੱਤ ਮਰ ਗਿਆ ਧੰਨੇ ਦਾ,
ਪਤਾ ਨਹੀਂ ਹੁਣ ਕੀ ਬਣੇਗਾ Ḕਕੱਲੇ ਜਾਗਰ ਅੰਨੇ ਦਾ।
ਮਿੱਠੀ ਤੇਰੀ ਲੱਗਦੀ ਮੈਨੂੰ ਢੇਰੀ ਕੋਈ ਸਮੈਕਾਂ ਦੀ,
ਘਰ ਘਰ ਇਹੀ ਕਹਾਣੀ ਚੱਲ ਪਈ ਵੈਲੀ ਪੁੱਤ ਨਲਾਇਕਾਂ ਦੀ।
ਮੇਰੇ ਵਾਂਗੂੰ ਖਾਕ ਪਤਾ ਨਹੀਂ ਕਿਹੜਾ ਹੋਰ ਫਰੋਲੇਗਾ,
ਹੋਈ ਹੰਕਾਰੀ ਹੋਣੀ ਮੂਹਰੇ, ਲਗਦਾ ਨਹੀਂ ਕੋਈ ਬੋਲੇਗਾ।
ਮੱਛੀਆਂ ਦੀ ਗੱਲ ਮੁੱਕ ਗਈ, ਰੌਲਾ ਮਗਰਮੱਛਾਂ ਦਾ ਪੈਂਦਾ ਏ,
ਭੋਇੰ ਖਾ ਲਈ, ਪੁੱਤ ਨਿਗਲ ਲਿਆ, ਬਾਕੀ ਕੀ ਹੁਣ ਰਹਿੰਦਾ ਏ?
ਕੱਲ੍ਹ ਨੂੰ ḔਭੌਰੇḔ ਕਬਰਾਂ ਦੇ ਵਿਚ ਕਿਹੜਾ ਬਾਪੂ ਰੋਵੇਗਾ?
ਰਾਜਨੀਤਾਂ ਦੇ ਕੱਫਣ ਦੇ ਵਿਚ ਕਿਹਦਾ ਪੁੱਤਰ ਹੋਵੇਗਾ?
-ਐਸ਼ ਅਸ਼ੋਕ ਭੌਰਾ