ਬਲਜੀਤ ਬਾਸੀ
ਕਿਸੇ ਕਮਰੇ, ਬਕਸੇ, ਦਰਾਜ਼, ਫਾਟਕ ਆਦਿ ਨੂੰ ਕੁੰਡਾ ਲਾ ਕੇ ਤੇ ਇਸ ਨੂੰ ਕੁੰਜੀ ਨਾਲ ਨਾ-ਖੋਲ੍ਹਣਯੋਗ ਬਣਾਉਣ ਵਾਲੇ ਕਲ-ਪੁਰਜ਼ੇ ਲਈ ਪੰਜਾਬੀ ਵਿਚ ਦੋ ਸ਼ਬਦ ਹਨ, ਜਿੰਦਾ, ਜਿਸ ਨੂੰ ਜਿੰਦਰਾ ਵੀ ਕਿਹਾ ਤੇ ਲਿਖਿਆ ਜਾਂਦਾ ਹੈ ਅਤੇ ਤਾਲਾ। ਠੇਠ ਤੇ ਪਿੰਡਾਂ ਵਿਚ ਆਮ ਵਰਤਿਆ ਜਾਂਦਾ ਸ਼ਬਦ ਪਹਿਲਾ ਹੀ ਹੈ। ਪਿੰਡਾਂ ਵਿਚ ਤਾਲਾ ਉਸ ਕਲ-ਪੁਰਜ਼ੇ ਨੂੰ ਕਹਿੰਦੇ ਹਨ ਜੋ ਬੂਹੇ ਦੇ ਅੰਦਰਲੇ ਪਾਸੇ ਲੱਗਾ ਹੁੰਦਾ ਹੈ ਤੇ ਜਿਸ ਵਿਚ ਅਰਲ ਫਸਾ ਕੇ ਇਸ ਨੂੰ ਬਾਹਰੋਂ ਦਾਤਣ ਜਿੱਡੀ ਚਾਬੀ ਘੁਮਾ ਕੇ ਬੰਦ ਕੀਤਾ ਜਾਂਦਾ ਹੈ।
ਅਸਾਂ ਊੜੇ ਦੀ ਸ਼ਕਲ ਵਾਲੇ ਚਾਪੜ ਜਿੱਡੇ ਸੇਰ ਸੇਰ ਪੱਕੇ ਦੇ ਜਿੰਦੇ ਵੀ ਦੇਖੇ ਹਨ ਤੇ ਕਾਟੋ ਦੇ ਸਿਰ ਜਿੱਡੀਆਂ ਤੋਲੇ ਭਰ ਦੀਆਂ ਜਿੰਦੀਆਂ ਵੀ। ਪਾਕਿਸਤਾਨ ਦੇ ਇਕ ਬੰਦੇ ਨੇ 140 ਕਿਲੋ ਦਾ ਜਿੰਦਾ ਬਣਾਇਆ ਹੈ ਜੋ ਸ਼ਾਇਦ ਦੁਨੀਆਂ ਦਾ ਸਭ ਤੋਂ ਵੱਡਾ ਤੇ ਭਾਰਾ ਜਿੰਦਾ ਹੈ।
ਕਿਆ ਕਹਿਣੇ ਰੂਪੋਵਾਲ ਦੇ ਜਿੰਦਿਆਂ ਦੇ ਜਿਨ੍ਹਾਂ ਦੀਆਂ ਵੱਖੀਆਂ ਵਿਚ ਚੂੜੀਦਾਰ ਚਾਬੀਆਂ ਘੁਮਾ ਘੁਮਾ ਕੇ ਇਸ ਦੇ ਕੁੰਡੇ ਦੀ ਜਕੜ ਨੂੰ ਮਸੀਂ ਢਿੱਲਾ ਕਰੀਦਾ ਸੀ। ਫਿਰ ਤਾਂ ਨੰਬਰਾਂ ਵਾਲੇ ਜਿੰਦੇ, ਇਲੈਕਟ੍ਰਾਨਿਕ ਜਿੰਦੇ ਤੇ ਹੁਣ ਰੀਮੋਟ ਕੰਟਰੋਲ ਜਿੰਦੇ ਵੀ ਬਣ ਗਏ ਹਨ। ਜਿੰਦੇ ਦੀ ਵਰਤੋਂ ਮੁਖ ਤੌਰ ‘ਤੇ ਚੋਰਾਂ ਦੀ ਚੜ੍ਹਾਈ ਨਿਸਫਲ ਕਰਨ ਲਈ ਕੀਤੀ ਜਾਂਦੀ ਹੈ ਪਰ ਨਾਲ ਇਹ ਵੀ ਕਿਹਾ ਜਾਂਦਾ ਹੈ ਕਿ ਜਿੰਦਾ ਤਾਂ ਸਾਧਾਂ ਲਈ ਹੁੰਦਾ ਹੈ। ਘਾਗ ਚੋਰ ਨੂੰ ਦੇਖ ਕੇ ਜਿੰਦਾ ਇਸ ਤਰ੍ਹਾਂ ਆਪੇ ਖੁਲ੍ਹ ਜਾਂਦਾ ਹੈ ਜਿਵੇਂ ਅੱਗ ਦੇਖ ਕੇ ਮੱਖਣ ਪਿਘਲ ਜਾਂਦਾ ਹੈ।
ਬੁਢੜੀ ਨੂੰਹਾਂ ਤੋਂ ਬਚਾਉਣ ਲਈ ਘਿਉ ਦੀ ਪੀਪੀ ਨੂੰ ਜਿੰਦਰਾ ਮਾਰ ਦਿੰਦੀ ਹੈ ਪਰ ਜਦ “ਪੁੱਤਾਂ ਘਰ ਸੰਭਾਲੇ ਰਾਮ, ਨੂੰਹਾਂ ਜਿੰਦਰੇ ਮਾਰੇ ਰਾਮ।” ਤਾਂ ਬੁਢੜੀ ਨੂੰ ਕੀਤੀ ਦਾ ਫਲ ਮਿਲਦਾ ਹੈ।
ਪੰਜਾਬ ਵਿਚ ਰੋਪੜ ਦੇ ਤੇ ਦੇਸ਼ ਭਰ ਵਿਚ ਅਲੀਗੜ੍ਹ ਦੇ ਜਿੰਦੇ ਮਸ਼ਹੂਰ ਹਨ। ਅਲੀਗੜ੍ਹ ਦੇ ਇਕ ਉਪਨਗਰ ਦਾ ਤਾਂ ਨਾਂ ਹੀ ਤਾਲਾ ਨਗਰੀ ਮਸ਼ਹੂਰ ਹੋ ਗਿਆ ਹੈ। ਜਿੰਦਾ ਨਾਮੀਂ ਕਲ-ਪੁਰਜ਼ੇ ਦਾ ਇਤਿਹਾਸ ਓਨਾ ਹੀ ਪੁਰਾਣਾ ਹੋਵੇਗਾ ਜਿੰਨਾ ਚੋਰੀ ਦਾ। ਨਿਸਚੇ ਹੀ ਉਦੋਂ ਜਿੰਦੇ ਅਣਘੜਤ ਜਿਹੇ ਹੀ ਹੁੰਦੇ ਹੋਣਗੇ। ਪ੍ਰਾਚੀਨ ਅਸੀਰੀਆ ਵਿਚ ਸਭ ਤੋਂ ਪੁਰਾਣੇ ਕੁੰਜੀ ਨਾਲ ਖੁਲ੍ਹਣ ਵਾਲੇ ਜਿੰਦਿਆਂ ਦੀ ਸੋਅ ਮਿਲੀ ਹੈ। ਇਸ ਪਿਛੋਂ ਕੀਲੀਆਂ ਵਾਲੇ ਜਿੰਦੇ ਬਣਾਏ ਗਏ। ਆਮ ਜਿੰਦਾ ਲੁਕਵੀਆਂ ਚੜ੍ਹਾਂ ਨੂੰ ਕੁੰਜੀ ਨਾਲ ਘੁਮਾ ਕੇ ਖੋਲ੍ਹਿਆ ਜਾਂਦਾ ਹੈ। ਮੁੱਕਦੀ ਗੱਲ, ਚਾਬੀ ਦੇ ਬਾਹਰਲੇ ਅਤੇ ਜਿੰਦੇ ਦੇ ਅੰਦਰਲੇ ਤਾਲ-ਮੇਲ ਨਾਲ ਜਿੰਦਾ ਆਪਣੀ ਜਕੜ ਛੱਡਦਾ ਹੈ। ਤਦੇ ਇਸ ਨੂੰ ਤਾਲਾ ਵੀ ਕਿਹਾ ਜਾਂਦਾ ਹੈ ਤੇ ਇਸ ਨੂੰ ਖੋਲ੍ਹਣ ਵਾਲੀ ਸ਼ੈਅ ਨੂੰ ਤਾਲੀ। ਬਾਬੇ ਦੇ ਕੰਨ ਵਿਚ ਜਿੰਨਾ ਚਿਰ ਬੋਬੋ ਨਹੀਂ ਵੜਦੀ, ਬਾਬਾ ਆਪਣੀ ਅੜੀ ਨਹੀਂ ਛੱਡਦਾ। ਤਾਲੀ ਵੀ ਦੋ ਹੱਥਾਂ ਦੇ ਤਾਲ-ਮੇਲ ਨਾਲ ਵੱਜਦੀ ਹੈ। ਮੁਢਲੇ ਤੌਰ ‘ਤੇ ਸ਼ਾਇਦ ਜਿੰਦੇ ਅਤੇ ਕੁੰਜੀ ਦੋਵਾਂ ਦੇ ਜੋੜ ਨੂੰ ਹੀ ਜਿੰਦਾ ਕਿਹਾ ਜਾਂਦਾ ਹੋਵੇਗਾ। ਸੰਸਕ੍ਰਿਤ ਵਿਚ ਇਕ ਸ਼ਬਦ ਹੈ ਤਾਲ-ਯੰਤਰ ਜਿਸ ਦਾ ਅਰਥ ਹੈ ਜਿੰਦਾ-ਕੁੰਜੀ।
ਇਕ ਗੱਲ ਹੋਰ ਹੈ ਕਿ ਜਿੰਦਾ/ਜਿੰਦਰਾ ਸ਼ਬਦ ਪੰਜਾਬ ਵਿਚ ਇਕ ਹੋਰ ਜੰਤਰ ਲਈ ਵੀ ਵਰਤਿਆ ਜਾਂਦਾ ਹੈ। ਇਕ ਕੋਸ਼ ਅਨੁਸਾਰ ਉਸ ਦੀ ਪਰਿਭਾਸ਼ਾ ਹੈ, “ਇਕ ਬੰਦੇ ਦੇ ਖੜੇ ਰੁੱਖ ਲੱਗੀ ਡਾਂਗ ਨੂੰ ਦੱਬਣ ‘ਤੇ ਅਤੇ ਦੂਜੇ ਵਲੋਂ ਥੱਲਵੀਂ ਫੱਟੀ ਨੂੰ ਬੰਨ੍ਹੀਆਂ ਰਾਸਾਂ ਖਿੱਚਣ ‘ਤੇ ਖੇਤਾਂ ਵਿਚ ਵੱਟਾਂ ਪਾਉਣ ਵਾਲਾ ਜਟਕਾ ਸੰਦ।” ਕਿਆ ਖੂਬ ਰੇਖਾ-ਚੱਤਰ ਉਲੀਕਿਆ ਗਿਆ ਹੈ, ਇਸ ਜਟਕੇ ਸੰਦ ਦਾ। ਪਰ ਇਥੇ ਜਟਕਾ ਸ਼ਬਦ ਫਬਦਾ ਨਹੀਂ, ਇਹ ਅਪਮਾਨਸੂਚਕ ਹੈ। ਮਹਾਨ ਕੋਸ਼ ਅਨੁਸਾਰ ਇਸ ਜਟਕੇ ਸੰਦ ਲਈ ਇਹ ਸ਼ਬਦ ਇਸ ਲਈ ਵਰਤਿਆ ਜਾਂਦਾ ਹੈ ਕਿ ਇਸ ਦੀ ਸ਼ਕਲ ਜਿੰਦਰੇ ਵਰਗੀ ਹੁੰਦੀ ਹੈ ਪਰ ਪਤਾ ਨਹੀਂ ਕਿਹੜੇ ਪਾਸਿਓਂ। ਲਹਿੰਦੀ ਵਿਚ ਇਸ ਸ਼ਬਦ ਦਾ ਇਕ ਰੂਪ ਜੰਦਰ ਹੈ ਜੋ ਪਣ-ਚੱਕੀ ਜਾਂ ਘਰਾਟ ਲਈ ਵਰਤਿਆ ਜਾਂਦਾ ਹੈ। ਅਸਲ ਵਿਚ ਜਿੰਦਾ/ਜਿੰਦਰਾ ਸ਼ਬਦ ਜੰਤਰ ਸ਼ਬਦ ਦਾ ਹੀ ਬਦਲਿਆ ਰੂਪਾਂਤਰ ਹੈ। ਪਰ ਜੰਤਰ ਸ਼ਬਦ ਦੇ ਅਰਥ ਜਿੰਦਰੇ ਨਾਲੋਂ ਵਧੇਰੇ ਵਿਆਪਕ ਹਨ। ਪੰਜਾਬੀ ਵਿਚ ਜੰਤਰ ਕਿਸੇ ਵੀ ਮਸ਼ੀਨ ਜਾਂ ਕਲ ਪੁਰਜ਼ੇ ਲਈ ਇਕ ਆਮ ਸ਼ਬਦ ਹੈ।
ਗੁਰੂ ਅਰਜਨ ਦੇਵ ਦੇ ਕੁਝ ਸ਼ਬਦਾਂ ਵਿਚ ‘ਜੀਅ ਜੰਤ੍ਰ’ ਸ਼ਬਦ ਜੁੱਟ ਆਇਆ ਹੈ ਜਿਵੇਂ, “ਜੀਅ ਜੰਤ੍ਰ ਸਭਿ ਤੇਰੇ ਥਾਪੇ॥” ਮਹਾਨ ਕੋਸ਼ ਨੇ ਮਨੁਖੀ ਦੇਹ ਨੂੰ ਇਕ ਜੰਤਰ ਜਾਂ ਮਸ਼ੀਨ ਦੇ ਨਿਆਈਂ ਸਮਝਦਿਆਂ ਇਸ ਦਾ ਅਰਥ ‘ਦੇਹ’ ਹੀ ਕੀਤਾ ਹੈ ਪਰ ਸਾਹਿਬ ਸਿੰਘ ਦੇ ਇਕ ਸੰਕੇਤ ਅਨੁਸਾਰ ਇਹ ਜੀਵ ਦਾ ਬਹੁਵਚਨ ਹੈ। ਕਿਹੜੇ ਨਿਯਮ ਅਨੁਸਾਰ ਅਜਿਹਾ ਹੈ? ਕੁਝ ਨਹੀਂ ਦੱਸਿਆ। ਸ਼ਾਇਦ ਉਹ ਜੰਤੂ ਦਾ ਬਹੁਵਚਨ ਕਹਿਣਾ ਚਾਹੁੰਦੇ ਹੋਣ, ਪਰ ਗੱਲ ਉਥੇ ਹੀ ਖੜੀ ਹੈ। ‘ਜੀਆ ਜੰਤ’ ਸ਼ਬਦ ਜੁੱਟ ਆਮ ਚਲਦਾ ਹੈ, ਗੁਰੂ ਅਮਰ ਦਾਸ ਸਾਹਿਬ ਦੀ ਇਕ ਤੁਕ ਦੇਖੋ, “ਜਿਤੁ ਹਰਿਆ ਸਭੁ ਜੀਅ ਜੰਤੁ॥” ਸੋ ਸੰਭਵ ਹੈ ਕਿਸੇ ਉਕਾਈ ਕਾਰਨ ḔਜੰਤੁḔ ਦਾ ਹੀ Ḕਜੰਤ੍ਰḔ ਬਣ ਗਿਆ ਹੋਵੇ। ਜਾਣਕਾਰ ਸੱਜਣ ਵਧੇਰੇ ਰੋਸ਼ਨੀ ਪਾ ਸਕਦੇ ਹਨ।
ਜੰਤੂ ਸ਼ਬਦ ਦਾ ਜੰਤਰ ਨਾਲ ਕੋਈ ਨਿਰੁਕਤਕ ਸਬੰਧ ਨਹੀਂ। ਇਸ ਬਾਰੇ ਕਦੇ ਫਿਰ ਲਿਖਾਂਗੇ। ਜੰਤਰ ਦਾ ਸੁੰਗੜਿਆ ਰੂਪ ਜੰਤ ਵਾਜੇ ਦੇ ਅਰਥਾਂ ਵਿਚ ਆਇਆ ਹੈ। “ਕਬੀਰ ਜੋ ਹਮ ਜੰਤੁ ਬਜਾਵਤੇ ਟੂਟਿ ਗਈ ਸਭ ਤਾਰ॥” “ਨਾਨਕ ਵਜਦਾ ਜੰਤੁ ਵਜਾਇਆ” (ਗੁਰੂ ਅਮਰ ਦਾਸ), ਪਰ ਇਥੇ ਵੀ ਇਹੋ ਸ਼ੰਕਾ ਹੈ। ਭਗਤ ਕਬੀਰ ਦੀ ਇਕ ਹੋਰ ਤੁਕ ਜੋ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਨਹੀਂ, ਵਿਚ ਵਾਜੇ ਦੇ ਅਰਥਾਂ ਵਿਚ ਜੰਤ੍ਰ ਸ਼ਬਦ ਆਇਆ ਹੈ, “ਕਬੀਰ ਜੰਤ੍ਰ ਨ ਬਾਜਹੀ ਟੂਟਿ ਗਯਾ ਸਬ ਤਾਰ।” ਜੰਤਰੀ ਸ਼ਬਦ ਦਾ ਇਕ ਅਰਥ ਵਜਾਉਣ ਵਾਲਾ ਵੀ ਹੈ ਅਤੇ ਪੰਚਾਂਗਪਤ੍ਰ ਵੀ, ਜਿਸ ਵਿਚ ਰਾਸ਼ੀ ਆਦਿ ਦੇ ਯੰਤਰ ਲਿਖੇ ਹੋਣ। ਸੰਸਕ੍ਰਿਤ ਵਿਚ ਜੰਤਰ ਸ਼ਬਦ ਦਾ ਰੂਪ ਹੈ, ਯੰਤਰ। ਪੰਜਾਬੀ ਵਿਚ ਵੀ ਇਹ ਉਚਾਰਣ ਤੇ ਸ਼ਬਦਜੋੜ ਪ੍ਰਵਾਨਗੀਯੋਗ ਹੈ।
ਸੰਸਕ੍ਰਿਤ ਵਿਚ ਇਸ ਸ਼ਬਦ ਦੇ ਮੁਖ ਅਰਥ ਹਨ- ਕਾਬੂ ਕਰਨ, ਸਥਿਤ ਕਰਨ ਜਾਂ ਬੰਨ੍ਹਣ ਲਈ ਕੋਈ ਔਜ਼ਾਰ/ਸਾਜ਼, ਟੇਕ ਥੰਮੀ; ਕੜੀ, ਪੱਟੀ, ਲਗਾਮ; ਮੋਚਨੇ ਜਿਹਾ ਕੋਈ ਔਜ਼ਾਰ; ਮਸ਼ੀਨ, ਕਲ-ਪੁਰਜ਼ਾ (ਜਿਵੇਂ ਕੁੰਡਾ, ਜਿੰਦਰਾ, ਚੱਪੂ, ਬਾਦਬਾਨ); ਕਾਬੂ, ਕੰਟਰੋਲ, ਵਸੀਕਾਰ ਜ਼ੋਰ; ਤੰਤਰਸ਼ਾਸਤਰ ਅਨੁਸਾਰ ਦੇਵਤਾ ਗ੍ਰਹਿ ਆਦਿ ਦਾ ਲੀਕਾਂ ਖਿੱਚ ਕੇ ਬਣਾਇਆ, ਗੋਲ ਚੁਕੋਣਾ ਅੱਠ ਪਹਿਲੂ ਆਦਿ ਘੇਰਾ ਜਿਵੇਂ ਜਨਮ ਕੁੰਡਲੀ ਦਾ ਬਾਰਾਂ ਖਾਨੇ ਦਾ ਯੰਤਰ ਹੁੰਦਾ ਹੈ; ਤਵੀਤ, ਟੂਣਾ।
ਹੋਰਨਾਂ ਭਾਸ਼ਾਵਾਂ ਤੇ ਪੰਜਾਬੀ ਦੀਆਂ ਕੁਝ ਉਪ-ਭਾਸ਼ਾਵਾਂ ਵਿਚ ਇਸ ਤੋਂ ਬਣੇ ਸ਼ਬਦਾਂ ਦੇ ਅਰਥ ਚੱਕੀ ਦਾ ਪੁੜ, ਕੋਹਲੂ, ਚਰਖਾ, ਖਰਾਦ, ਉਖਲ, ਕੁੜਿੱਕੀ ਆਦਿ ਵੀ ਹੈ। ਗੌਰਤਲਬ ਹੈ ਕਿ ਯੰਤਰ/ਜੰਤਰ ਸ਼ਬਦ ਮੋਟੇ ਤੌਰ ‘ਤੇ ਕਿਸੇ ਵੀ ਮਸ਼ੀਨ ਜਾਂ ਕਲ-ਪੁਰਜ਼ੇ ਲਈ ਇਕ ਆਮ ਸ਼ਬਦ ਹੈ। ਪਰ ਆਮ ਅਰਥਾਂ ਵਾਲੇ ਸ਼ਬਦਾਂ ਵਿਚ ਕਿਸੇ ਖਾਸ ਅਰਥ ਲਈ ਰੂੜ ਹੋ ਜਾਣ ਦੀ ਵੀ ਪ੍ਰਵਿਰਤੀ ਹੁੰਦੀ ਹੈ, ਇਸ ਲਈ ਪੰਜਾਬੀ ਵਿਚ ਇਹ ਜਿੰਦਰੇ ਦੇ ਰੂਪ ਵਿਚ ਤਾਲੇ ਦੇ ਅਰਥਾਂ ਲਈ ਰੂੜ੍ਹ ਹੋ ਗਿਆ, ਹਾਲਾਂ ਕਿ ਸੰਸਕ੍ਰਿਤ ਵਿਚ ਵੀ ਇਸ ਦਾ ਇਕ ਅਰਥ ਕੁੰਡਾ, ਚਿਟਕਣੀ ਜਾਂ ਤਾਲਾ ਹੈ।
ਸੰਸਕ੍ਰਿਤ ਦੇ ਯੰਤਰ ਸ਼ਬਦ ਦੇ ਸਾਰੇ ਅਰਥਾਂ ਵਿਚ ਕਾਬੂ, ਕੰਟਰੋਲ ਜਾਂ ਵੱਸ ਕਰਨ, ਥੰਮਣ, ਟੇਕ ਦੇਣ ਦੇ ਭਾਵ ਸਪਸ਼ਟ ਝਲਕਦੇ ਹਨ। ਹਰ ਕਲ-ਪੁਰਜ਼ਾ ਕੋਈ ਊਰਜਾ ਜਾਂ ਸ਼ਕਤੀ ਲਾਇਆਂ ਹੀ ਚਲਦਾ ਹੈ। ਤੰਤਰਸ਼ਾਸਤਰ ਅਨੁਸਾਰ ਇਹ ਸ਼ਕਤੀ ਟੂਣੇ ਆਦਿ ਵਿਚ ਮੌਜੂਦ ਹੈ ਜੋ ਆਪਣੀ ਸ਼ਕਤੀ ਨਾਲ ਕਿਸੇ ਅਹੁਰ, ਬੀਮਾਰੀ ਜਾਂ ਵਿਅਕਤੀ ਨੂੰ ਵੱਸ ਵਿਚ ਕਰਦੀ ਹੈ। ਯੰਤਰ ਤੋਂ ਹੀ ਭੋਤਿਕੀ ਦੇ ਪਦ ੰeਚਹਅਨਚਿਸ ਲਈ ਯਾਂਤਰਿਕੀ ਸ਼ਬਦ ਬਣਾਇਆ ਗਿਆ ਹੈ। ਮਸ਼ੀਨ ਵਰਗੀਆਂ ਦੁਹਰਾਉਪੂਰਨ ਤੇ ਨੀਰਸ ਹਰਕਤਾਂ ਨੂੰ ਯਾਂਤਰਿਕ ਕਹਿ ਦਿੱਤਾ ਜਾਂਦਾ ਹੈ। ਯੰਤਰ ਤੋਂ ਕਾਬੂ ਜਾਂ ਕੰਟਰੋਲ ਵਿਚ ਰੱਖਣ ਦੇ ਭਾਵ ਲਈ ਇਕ ਹੋਰ ਸ਼ਬਦ ਬਣਿਆ ਹੈ- ਨਿਯੰਤਰਣ, ਜਿਸ ਦੀ ਅੱਜ ਕਲ੍ਹ ਖਾਸੀ ਵਰਤੋਂ ਹੁੰਦੀ ਹੈ। ਇਨ੍ਹਾਂ ਸਾਰੇ ਸ਼ਬਦਾਂ ਦਾ ਜਨਮਦਾਤਾ ਹੈ, ਸੰਸਕ੍ਰਿਤ ਧਾਤੂ ḔਯਮḔ ਜਿਸ ਵਿਚ ਕਾਬੂ ਕਰਨ, ਰੋਕਣ, ਬੰਦ ਕਰਨ, ਵੱਸ ਵਿਚ ਕਰਨ ਦੇ ਭਾਵ ਹਨ। ਇਸ ਧਾਤੂ ਤੋਂ ਅਨੇਕਾਂ ਸ਼ਬਦ ਬਣੇ ਹਨ ਜਿਨ੍ਹਾਂ ਵਿਚੋਂ ਕਈ ਪੰਜਾਬੀ ਵਿਚ ਵੀ ਆਮ ਹੀ ਵਰਤੇ ਜਾਂਦੇ ਹਨ। ਇਨ੍ਹਾਂ ਸ਼ਬਦਾਂ ਬਾਰੇ ਸਮੇਂ ਸਮੇਂ ਚਰਚਾ ਹੁੰਦੀ ਰਹੇਗੀ ਪਰ ਇਸ ਤੋਂ ਬਣੇ ਸਭ ਤੋਂ ਭਿਆਨਕ ਸ਼ਬਦ ਵੱਲ ਸੰਕੇਤ ਕਰ ਦਿੰਦੇ ਹਾਂ, ਉਹ ਹੈ ḔਯਮḔ ਜਿਸ ਨੂੰ ਪੰਜਾਬੀ ਵਿਚ ḔਜਮḔ ਵੀ ਕਹਿੰਦੇ ਹਨ। ਇਹ ਸਾਡੇ ਪ੍ਰਾਣ ਕੱਢਣ ਵਾਲਾ ਦੇਵਤਾ ਹੈ।
ਗੁਰਬਾਣੀ ਵਿਚ ਜਮ ਕਾਲ ਸ਼ਬਦ ਜੁੱਟ ਆਇਆ ਹੈ, “ਜਮਕਾਲੁ ਸਿਰਹੁ ਨ ਉਤਰੈ ਤ੍ਰਿਬਿਧਿ ਮਨਸਾ॥” (ਗੁਰੂ ਨਾਨਕ ਦੇਵ), “ਜਮ ਦਰਿ ਬਧੇ ਮਾਰੀਅਹਿ ਕੂਕ ਨ ਸੁਣੈ ਪੁਕਾਰ॥” (ਗੁਰੂ ਅਮਰ ਦਾਸ)। ਇਸ ਦੇਵਤੇ ਲਈ ਯਮਰਾਜ ਸ਼ਬਦ ਵੀ ਪ੍ਰਚਲਿਤ ਹੈ ਅਤੇ ਕਿਉਂਕਿ ਇਹ ਸਾਰੀ ਚੰਗੀ-ਮੰਦੀ ਦਾ ਨਿਆਂ ਕਰਦਾ ਹੈ, ਇਸ ਲਈ ਇਹ ਧਰਮੀ ਹੈ ਤੇ ਧਰਮਰਾਜ ਕਹਾਉਂਦਾ ਹੈ। ਵੇਦਾਂ ਅਨੁਸਾਰ ਇਹ ਪਹਿਲਾ ਮਨੁਖ ਸੀ ਜੋ ਮਰਿਆ, ਇਸ ਲਈ ਇਹ ਮਰੀਆਂ ਆਤਮਾਵਾਂ ਦਾ ਰਾਜਾ ਬਣਿਆ। ਇਸ ਦਾ ਵਾਸਾ ਧਰਤੀ ਦੇ ਹੇਠਾਂ ਜਮਪੁਰੀ ਵਿਚ ਹੈ। ਇਹ ਮੌਤ ਦੇ ਆਪਣੇ ਸੁਨੇਹੇ ਜਮਦੂਤ ਰਾਹੀਂ ਭੇਜਦਾ ਹੈ। ਬੋਲਚਾਲ ਵਿਚ ਜਮਦੂਤ ਨੂੰ ਹੀ ਜਮ ਕਿਹਾ ਜਾਂਦਾ ਹੈ,
ਇਕ ਅਨ੍ਹੇਰੀ ਕੋਠੜੀ
ਦੂਜਾ ਦੀਵਾ ਨ ਬਾਤੀ।
ਬਾਹੋਂ ਪਕੜ ਜਮ ਲੈ ਚਲੇ,
ਕੋਈ ਸੰਗ ਨ ਸਾਥੀ। (ਸ਼ਾਹ ਹੁਸੈਨ)