ਤੇਰਾ ਕੀਆ ਮੀਠਾ ਲਾਗੈ…

ਪ੍ਰੋæ ਐਚæਐਲ਼ ਕਪੂਰ
ਫੋਨ: 916-587-4002
ਸ਼ਹੀਦਾਂ ਦੇ ਸਿਰਤਾਜ ਤੇ ਸ਼ਾਂਤੀ ਦੇ ਪੁੰਜ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਦਾ ਸੰਸਾਰ ਭਰ ਦੇ ਅਧਿਆਤਮਕ ਜਗਤ ਵਿਚ ਸਰਬ-ਉਚ ਸਥਾਨ ਹੈ। ਉਨ੍ਹਾਂ ਨੂੰ ਅਧਿਆਤਮਵਾਦ ਦੇ ਬ੍ਰਹਮ ਗਿਆਨੀ ਵੀ ਕਿਹਾ ਜਾਂਦਾ ਹੈ। ਉਨ੍ਹਾਂ ਦੀ ਸ਼ਹੀਦੀ ਸੰਸਾਰ ਦੇ ਇਤਿਹਾਸ ਵਿਚ ਅਦੁੱਤੀ ਤੇ ਬੇਮਿਸਾਲ ਹੈ। ਗੁਰੂ ਨਾਨਕ ਦੇਵ ਵੱਲੋਂ ਅਰੰਭ ਕੀਤੇ ਮਿਸ਼ਨ ਨੂੰ ਉਨ੍ਹਾਂ ਆਪਣੀ ਸ਼ਹਾਦਤ ਦੇ ਕੇ ਖੂਨ ਨਾਲ ਸਿੰਜਿਆ ਅਤੇ ਸਿੱਖੀ ਦੇ ਬੂਟੇ ਦੀਆਂ ਜੜ੍ਹਾਂ ਨੂੰ ਮਜ਼ਬੂਤ ਆਧਾਰ ਦਿੱਤਾ। ਉਨ੍ਹਾਂ ਦੀ ਇਸ ਸ਼ਹਾਦਤ ਨੇ ਸਿੱਖ ਸਭਿਆਚਾਰ ਨੂੰ ਨਵੇਂ ਅਰਥ ਦੇ ਕੇ ਭਵਿੱਖ ਲਈ ਨਵਾਂ ਤੇ ਮਜ਼ਬੂਤ ਰਸਤਾ ਲੱਭਣ ਵਾਸਤੇ ਰਾਹ ਖੋਲ੍ਹੇ।

ਇਹ ਕਹਿਣਾ ਵੀ ਅਤਿਕਥਨੀ ਨਹੀਂ ਕਿ ਉਹ ਸ਼ਾਂਤਮਈ ਤਰੀਕੇ ਨਾਲ ਸਿੱਖੀ ਦੇ ਸਿਧਾਂਤਾਂ ਨੂੰ ਪ੍ਰਫੁਲਿਤ ਕਰ ਰਹੇ ਸਨ ਪਰ ਈਰਖਾਲੂ ਤੇ ਕੱਟੜਪੰਥੀ ਲੋਕਾਂ ਦੇ ਅਸਲ ਚਿਹਰੇ ਜੋ ਧਰਮ ਦੇ ਨਾਂ ‘ਤੇ ਅਤਿਆਚਾਰ ਕਰ ਰਹੇ ਸਨ, ਲੋਕਾਈ ਦੇ ਸਾਹਮਣੇ ਨੰਗੇ ਹੋਏ।
ਗੁਰੂ ਅਰਜਨ ਦੇਵ ਸਿੱਖਾਂ ਦੇ ਚੌਥੇ ਗੁਰੂ ਰਾਮ ਦਾਸ ਦੇ ਪੁੱਤਰ ਸਨ। ਉਨ੍ਹਾਂ ਦੇ ਮਾਤਾ ਬੀਬੀ ਭਾਨੀ ਤੀਜੇ ਗੁਰੂ ਅਮਰਦਾਸ ਦੀ ਪੁੱਤਰੀ ਸਨ। ਗੁਰੂ ਅਰਜਨ ਦੇਵ ਦਾ ਜਨਮ 15 ਅਪਰੈਲ 1563 ਈਸਵੀ ਨੂੰ ਗੋਇੰਦਵਾਲ ਅਤੇ ਵਿਆਹ 1579 ਨੂੰ ਹੋਇਆ। ਸਿੱਖ ਸੰਸਕ੍ਰਿਤੀ ਤੇ ਸਿਧਾਂਤਾਂ ਨੂੰ ਘਰ ਘਰ ਪਹੁੰਚਾਉਣ ਲਈ ਉਨ੍ਹਾਂ ਨੇ ਸਿਰ-ਤੋੜ ਯਤਨ ਕੀਤੇ। ਉਨ੍ਹਾਂ ਦੇ ਪਿਤਾ ਸ੍ਰੀ ਗੁਰੂ ਰਾਮ ਦਾਸ ਨੇ ਸਿੱਖੀ ਦੇ ਮਹਾਨ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਮੁਸਲਮਾਨ ਫਕੀਰ ਸਾਂਈਂ ਮੀਆਂ ਮੀਰ ਪਾਸੋਂ ਰਖਵਾਈ ਸੀ ਅਤੇ ਉਨ੍ਹਾਂ ਸਿੱਖੀ ਦੇ ਇਸ ਮਹਾਨ ਕੇਂਦਰ ਦੀ ਉਸਾਰੀ ਪੂਰੀ ਕਰਵਾਉਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ। ਸੰਨ 1590 ਵਿਚ ਤਰਨ ਤਾਰਨ ਸਾਹਿਬ ਦੇ ਸਰੋਵਰ ਦੀ ਪੱਕੀ ਉਸਾਰੀ ਵੀ ਉਨ੍ਹਾਂ ਨੇ ਕਰਵਾਈ।
ਗੁਰੂ ਜੀ ਬਹੁਤ ਸ਼ਾਂਤ ਤੇ ਗੰਭੀਰ ਸੁਭਾਅ ਦੇ ਮਾਲਕ ਸਨ। ਉਹ ਦਿਨ-ਰਾਤ ਸਾਧ-ਸੰਗਤ ਦੀ ਸੇਵਾ ਵਿਚ ਲੱਗੇ ਰਹਿੰਦੇ। ਉਨ੍ਹਾਂ ਦੇ ਮਨ ਵਿਚ ਸਾਰੇ ਧਰਮਾਂ ਲਈ ਅਥਾਹ ਪਿਆਰ ਸੀ। ਮਾਨਵ ਕਲਿਆਣ ਲਈ ਉਨ੍ਹਾਂ ਨੇ ਅਥਾਹ ਕੰਮ ਕੀਤੇ। ਗੁਰੂ ਅਰਜਨ ਦੇਵ ਨੇ 1604 ਈਸਵੀ ਨੂੰ ਸ੍ਰੀ ਆਦਿ ਗ੍ਰੰਥ ਦੀ ਸੰਪਾਦਨਾ ਭਾਈ ਗੁਰਦਾਸ ਦੀ ਸਹਾਇਤਾ ਨਾਲ ਕੀਤੀ। ਇਸ ਵਿਚ 31 ਰਾਗਾਂ ਵਿਚ ਬਾਣੀ ਦਰਜ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਭ ਤੋਂ ਵੱਧ ਬਾਣੀ ਉਨ੍ਹਾਂ ਦੀ ਹੀ ਹੈ। ਉਨ੍ਹਾਂ ਰਾਗਾਂ ਦੇ ਆਧਾਰ ‘ਤੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀਆਂ ਦਾ ਜੋ ਵਰਗੀਕਰਨ ਕੀਤਾ ਹੈ, ਇਸ ਦੀ ਭਾਰਤ ਦੇ ਮੱਧ ਕਾਲ ਵਿਚ ਕਿਧਰੇ ਹੋਰ ਮਿਸਾਲ ਨਹੀਂ ਮਿਲਦੀ। ਪੰਜਾਬੀ ਸਾਹਿਤ ਦੇ ਇਤਿਹਾਸ ਵਿਚ 17ਵੀਂ ਸਦੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਕਾਰਨ ਸੁਨਹਿਰੀ ਯੁੱਗ ਵੀ ਕਿਹਾ ਜਾਂਦਾ ਹੈ। ਇਸ ਵਿਚ ਤਕਰੀਬਨ 600 ਸਾਲਾਂ ਦੇ ਰਚੇ ਮਹਾਨ ਸਾਹਿਤ ਤੇ ਸੰਸਕ੍ਰਿਤੀ ਨੂੰ ਸੁਰਜੀਤ ਕੀਤਾ ਗਿਆ ਹੈ। ਇਸ ਵਿਚ ਨਵੀਆਂ ਜੀਵਨ ਕਦਰਾਂ-ਕੀਮਤਾਂ ਦੀ ਸਥਾਪਨਾ ਕੀਤੀ ਗਈ ਹੈ ਜਿਨ੍ਹਾਂ ਨਾਲ ਪੰਜਾਬੀ ਸਾਹਿਤ ਦੇ ਇਤਿਹਾਸ ਦਾ ਨਵਾਂ ਯੁੱਗ ਸ਼ੁਰੂ ਹੁੰਦਾ ਹੈ।
ਗੁਰੂ ਅਰਜਨ ਦੇਵ ਦੀ ਬਾਣੀ ਦੀ ਮੂਲ ਸੰਵੇਦਨਾ, ਪ੍ਰੇਮ ਭਗਤੀ ਨਾਲ ਜੁੜੀ ਹੋਈ ਹੈ। ਗੁਰਮਤਿ ਵਿਚਾਰਧਾਰਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਉਨ੍ਹਾਂ ਦਾ ਯੋਗਦਾਨ ਕਦੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਪੰਜਾਬੀ ਭਾਸ਼ਾ, ਸਾਹਿਤ ਤੇ ਸੰਸਕ੍ਰਿਤੀ ਨੂੰ ਜੋ ਦਿੱਤਾ, ਉਸ ਦੀ ਸ਼ਬਦਾਂ ਵਿਚ ਪ੍ਰਸ਼ੰਸਾ ਕਰਨੀ ਮੁਸ਼ਕਿਲ ਹੈ।
ਸੁਖਮਨੀ ਸਾਹਿਬ, ਸੁਖ ਦਾ ਅਨੰਦ ਦੇਣ ਵਾਲੀ ਬਾਣੀ ਹੈ। ਸੁਖਮਨੀ ਸਾਹਿਬ ਮਾਨਸਿਕ ਤਣਾਅ ਦੀ ਅਵਸਥਾ ਦੇ ਸ਼ੁੱਧੀਕਰਨ ਦਾ ਵਧੀਆ ਉਪਰਾਲਾ ਹੈ। ਇਸ ਰਚਨਾ ਦੀ ਭਾਸ਼ਾ, ਭਾਵਾਂ-ਅਨੁਕੂਲ ਹੀ ਹੈ। ਸਰਲ ਬ੍ਰਿਜ ਭਾਸ਼ਾ ਤੇ ਪੰਜਾਬੀ ਵਿਚ ਰਚਿਤ ਇਹ ਬਾਣੀ ਗੁਰੂ ਅਰਜਨ ਦੇਵ ਦੀ ਮਹਾਨ ਅਧਿਆਤਮਕ ਕਲਾਕ੍ਰਿਤ ਹੈ। ਇਹ ਸਮੁੱਚੀ ਮਾਨਵਤਾ ਨੂੰ ਸ਼ਾਂਤੀ ਦਾ ਉਪਦੇਸ਼ ਵੀ ਦਿੰਦੀ ਹੈ। ਇਹ ਅਮਰ ਬਾਣੀ ਹੈ ਜੋ ਕਰੋੜਾਂ ਜਗਿਆਸੂਆਂ ਨੂੰ ਅੰਮ੍ਰਿਤ ਵੇਲੇ, ਇਸ ਦਾ ਪਾਠ ਕਰਨ ਨਾਲ ਸ਼ਾਂਤੀ ਨਾਲ ਨਿਵਾਜਦੀ ਹੈ। ਰਾਗ ਗਾਉੜੀ ਵਿਚ ਰਚੀ ਗਈ ਇਸ ਰਚਨਾ ਵਿਚ 24 ਅਸ਼ਟਪਦੀਆਂ ਹਨ। ਇਸ ਦੀ ਸ਼ੈਲੀ ਸੂਤਰਕ ਹੈ। ਇਸ ਵਿਚ ਸਾਧਨਾ, ਨਾਮ ਸਿਮਰਨ ਤੇ ਇਸ ਦੇ ਪ੍ਰਭਾਵ, ਸੇਵਾ, ਤਿਆਗ, ਮਾਨਸਿਕ ਸੁੱਖ-ਦੁੱਖ ਦਾ ਵਰਣਨ ਹੈ। ਸੁਖਮਨੀ ਸ਼ਬਦ ਆਪਣੇ ਆਪ ਵਿਚ ਵੀ ਬਹੁਤ ਭਾਵਪੂਰਨ ਸ਼ਬਦ ਹੈ। ਮਨ ਨੂੰ ਸੁਖ ਦੇਣ ਵਾਲੀ ਜਾਂ ਸੁਖਾਂ ਦੀ ਮਣੀ।
ਸੁਖਮਨੀ ਸੁਖ ਅੰਮ੍ਰਿਤ ਪ੍ਰਭੂ ਨਾਮ॥
ਭਗਤ ਜਨਾ ਕੈ ਮਨਿ ਬਿਸ੍ਰਾਮ॥
ਤੀਜੇ ਪਾਤਸ਼ਾਹ ਸੀ੍ਰ ਗੁਰੂ ਅਮਰਦਾਸ ਨੇ ਸਿੱਖ ਧਰਮ ਦੇ ਪਸਾਰ ਤੇ ਪ੍ਰਚਾਰ ਲਈ ਦੂਰ ਦੂਰ ਤੱਕ ਮੰਜੀਆਂ, ਭਾਵ ਪ੍ਰਚਾਰ ਕੇਂਦਰ ਜਿਸ ਨੂੰ ਮਸੰਦ ਪ੍ਰਥਾ ਵੀ ਕਿਹਾ ਜਾਂਦਾ ਹੈ, ਸਥਾਪਤ ਕੀਤੀਆਂ। ਇਨ੍ਹਾਂ ਕੇਂਦਰਾਂ ਤੋਂ ਸਿੱਖ ਸਿਧਾਂਤਾਂ ਤੇ ਸਿੱਖਿਆਵਾਂ ਦਾ ਪ੍ਰਚਾਰ ਕੀਤਾ ਜਾਂਦਾ ਸੀ। ਗੁਰਬਾਣੀ ਦਾ ਕੀਰਤਨ ਗੁਰੂ ਨਾਨਕ ਦੇਵ ਤੋਂ ਹੀ ਸ਼ੁਰੂ ਹੋ ਗਿਆ ਸੀ। ਉਨ੍ਹਾਂ ਦਾ ਸਾਥੀ ਮਰਦਾਨਾ ਉਸ ਸਮੇਂ ਦਾ ਬਹੁਤ ਵੱਡਾ ਰਬਾਬੀ ਸੀ। ਉਸ ਤੋਂ ਬਾਅਦ ਗੁਰੂ ਅੰਗਦ ਦੇਵ ਸਮੇਂ ਇਸ ਪਰੰਪਰਾ ਨੂੰ ਸੱਤਾ ਤੇ ਬਲਵੰਡ ਨੇ ਖੂਬ ਨਿਭਾਇਆ। ਉਹ ਗੁਰੂ ਘਰ ਦੇ ਅਧਿਆਤਮਕ ਢਾਡੀ ਸਨ ਜੋ ਆਪਣੀਆਂ ਵਾਰਾਂ ਤੇ ਗੁਰੂ ਸਾਹਿਬ ਵੱਲੋਂ ਰਚੀ ਗਈ ਬਾਣੀ ਦਾ ਕੀਰਤਨ ਕਰ ਕੇ, ਸੰਗਤਾਂ ਨੂੰ ਨਿਹਾਲ ਕਰਦੇ ਸਨ।
ਗੁਰਬਾਣੀ ਦੀ ਸੰਗੀਤਕ ਵਿਆਖਿਆ ਗੁਰੂ ਅਰਜਨ ਦੇਵ ਤੱਕ ਨਿਰੰਤਰ ਚੱਲਦੀ ਰਹੀ। ਇਸ ਨਾਲ ਦੂਜੇ ਧਰਮਾਂ ਦੇ ਲੋਕਾਂ ਵਿਚ ਸਿੱਖ ਧਰਮ ਤੇ ਗੁਰੂ ਸਾਹਿਬਾਨ ਪ੍ਰਤੀ ਨਫ਼ਰਤ ਤੇ ਈਰਖਾ ਉਪਜਣ ਲੱਗ ਪਈ ਜੋ ਬਾਅਦ ਵਿਚ ਗੁਰੂ ਅਰਜਨ ਦੇਵ ਦੀ ਸ਼ਹਾਦਤ ਦੇ ਰੂਪ ਵਿਚ ਪ੍ਰਗਟ ਹੋਈ।
ਇਕ ਵਾਰ ਅਕਬਰ ਬਾਦਸ਼ਾਹ ਗੋਇੰਦਵਾਲ ਸਾਹਿਬ ਆਏ। ਉਨ੍ਹਾਂ ਸਿੱਖ ਧਰਮ ਦੀ ਸੋਭਾ ਬਹੁਤ ਸੁਣੀ ਹੋਈ ਸੀ। ਉਨ੍ਹਾਂ ਉਥੇ ਪੰਗਤ ਵਿਚ ਬੈਠ ਕੇ ਗੁਰੂ ਦਾ ਸਾਦਾ ਲੰਗਰ ਛਕਿਆ ਅਤੇ ਗੁਰੂ ਅਮਰ ਦਾਸ ਦੀ ਸ਼ਖ਼ਸੀਅਤ ਤੋਂ ਬਹੁਤ ਪ੍ਰਭਾਵਿਤ ਹੋਏ।
ਗੁਰੂ ਅਰਜਨ ਦੇਵ ਦੇ ਦੋਖੀ, ਉਨ੍ਹਾਂ ਦੇ ਵੱਡੇ ਭਰਾ ਪ੍ਰਿਥੀ ਚੰਦ ਤੇ ਭਤੀਜਾ ਮਿਹਰਵਾਨ, ਗੁਰਗੱਦੀ ਨਾ ਮਿਲਣ ਕਾਰਨ ਉਨ੍ਹਾਂ ਨਾਲ ਨਫ਼ਰਤ ਕਰਦੇ ਸਨ। ਉਨ੍ਹਾਂ ਨੇ ਗੁਰੂ ਅਰਜਨ ਦੇਵ ਵਿਰੁਧ ਅਕਬਰ ਬਾਦਸ਼ਾਹ ਕੋਲ ਸ਼ਿਕਾਇਤ ਜਾ ਕੀਤੀ ਕਿ ਇਸਲਾਮ ਬਾਰੇ ਗੁਰੂ ਜੀ ਨੇ ਆਦਿ ਗ੍ਰੰਥ ਵਿਚ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਹਨ। ਇਸ ਸ਼ਿਕਾਇਤ ਦਾ ਬਾਦਸ਼ਾਹ ‘ਤੇ ਕੋਈ ਅਸਰ ਨਾ ਹੋਇਆ। ਸ਼ਿਕਾਇਤ ਬਾਰੇ ਉਨ੍ਹਾਂ ਨੇ ਸਾਂਈਂ ਮੀਆਂ ਮੀਰ ਤੋਂ ਸਪਸ਼ਟੀਕਰਨ ਲੈ ਲਿਆ। ਬਾਦਸ਼ਾਹ ਨੇ ਗੁਰੂ ਅਰਜਨ ਦੇਵ ਅਤੇ ਉਨ੍ਹਾਂ ਤੋਂ ਪਹਿਲੇ ਸਿੱਖ ਗੁਰੂ ਸਾਹਿਬਾਨ ਦੀ ਬੜੀ ਤਾਰੀਫ਼ ਕੀਤੀ। ਗੁਰੂ ਅਰਜਨ ਦੇਵ ਦੇ ਵਿਰੋਧੀਆਂ ਦੀ ਸਾਜ਼ਿਸ਼ ਦਾ ਜਦੋਂ ਬਾਦਸ਼ਾਹ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਭਾਈ ਗੁਰਦਾਸ ਤੇ ਬਾਬਾ ਬੁੱਢਾ ਰਾਹੀਂ 51 ਮੋਹਰਾਂ ਭੇਟ ਕਰ ਕੇ ਅਫ਼ਸੋਸ ਪ੍ਰਗਟ ਕੀਤਾ।
ਵੱਖ ਵੱਖ ਇਤਿਹਾਸਕਾਰਾਂ ਨੇ ਗੁਰੂ ਅਰਜਨ ਦੇਵ ਦੀ ਸ਼ਹਾਦਤ ਦੇ ਕਈ ਕਾਰਨ ਦੱਸੇ ਹਨ; ਜਿਵੇਂ ਚੰਦੂ ਸ਼ਾਹ ਦੀ ਦੁਸ਼ਮਣੀ, ਪ੍ਰਿਥੀ ਚੰਦ ਦਾ ਗੁਰਗੱਦੀ ਪ੍ਰਾਪਤ ਨਾ ਕਰ ਸਕਣਾ ਤੇ ਗੁਰੂ ਸਾਹਿਬ ਦਾ ਵਿਰੋਧ ਕਰਨਾ, ਬਾਗੀ ਸ਼ਹਿਜ਼ਾਦੇ ਖੁਸਰੋ ਦੀ ਮਦਦ ਕਰਨਾ, ਪੰਥ ਦੋਖੀਆਂ ਵੱਲੋਂ ਬਾਦਸ਼ਾਹ ਜਹਾਂਗੀਰ ਦੇ ਕੰਨ ਭਰਨਾ, ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ, ਬਾਦਸ਼ਾਹ ਜਹਾਂਗੀਰ ਦੀ ਸੋਚ ਨਾਲ ਜੁੜੇ ਕੁਝ ਨਿਜੀ ਕਾਰਨ, ਰਾਜਨੀਤਕ ਤੇ ਕੁਝ ਫੁਟਕਲ ਕਾਰਨ ਆਦਿ।
‘ਨਕਸ਼ਬੰਦੀ’ ਇਸਲਾਮ ਧਰਮ ਦਾ ਕੱਟੜ ਸੂਫ਼ੀ ਸਿਲਸਿਲਾ ਸੀ। ਸ਼ੇਖ ਅਹਿਮਦ ਸਰਹਿੰਦੀ ਇਨ੍ਹਾਂ ਦਾ ਮੁਖੀ ਸੀ। ਉਹ ਆਪਣੀ ਸ਼ਖ਼ਸੀਅਤ ਨੂੰ ਗੁਰੂ ਸਾਹਿਬ ਤੋਂ ਉਪਰ ਮੰਨਦਾ ਸੀ। ਸਿੱਖ ਧਰਮ ਦਾ ਪਸਾਰ ਦੇਖ ਕੇ ਉਹ ਬਹੁਤ ਚਿੰਤਤ ਸੀ ਤੇ ਇਸ ਨੂੰ ਉਹ ਇਸਲਾਮ ਧਰਮ ਲਈ ਖਤਰੇ ਦੀ ਘੰਟੀ ਸਮਝਦਾ ਸੀ। ਧਰਮਸ਼ਾਲਾਵਾਂ, ਬਾਉਲੀਆਂ ਤੇ ਗੁਰਦੁਆਰਿਆਂ ਦੇ ਨਾਲ ਨਾਲ ਮੰਜੀਦਾਰ ਤੇ ਮਸੰਦ ਸੰਸਥਾ ਸਥਾਪਤ ਹੋ ਚੁੱਕੀ ਸੀ। ਚਾਰੇ ਵਰਨਾਂ ਦਾ ਉਪਦੇਸ਼ ਦੇਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੋ ਚੁੱਕੀ ਸੀ। ਇਸ ਸਭ ਵਰਤਾਰੇ ਨੂੰ ਕੱਟੜਪੰਥੀ ਕਿਸ ਤਰ੍ਹਾਂ ਬਰਦਾਸ਼ਤ ਕਰ ਸਕਦੇ ਸਨ? ਉਹ ਤਾਂ ਸਾਰੇ ਭਾਰਤ ਵਿਚ ਇਸਲਾਮ ਦਾ ਬੋਲਬਾਲਾ ਦੇਖਣਾ ਚਾਹੁੰਦੇ ਸਨ। ਇਸੇ ਲਈ ਹੀ ਉਨ੍ਹਾਂ ਨੇ ਅਕਬਰ ਬਾਦਸ਼ਾਹ ਦੇ ਕਈ ਵਾਰ ਕੰਨ ਭਰੇ ਤੇ ਕਈ ਤੋਹਮਤਾਂ ਲਾਈਆਂ ਪਰ ਉਨ੍ਹਾਂ ਦੀ ਇਕ ਨਾ ਚੱਲੀ।
1605 ਈਸਵੀ ਵਿਚ ਬਾਦਸ਼ਾਹ ਅਕਬਰ ਦੀ ਮੌਤ ਹੋ ਗਈ ਅਤੇ ਰਾਜਗੱਦੀ ਪ੍ਰਾਪਤ ਕਰਨ ਲਈ ਕਈ ਧੜੇ ਬਣ ਗਏ। ਸ਼ਹਿਜ਼ਾਦਾ ਸਲੀਮ ਜੋ ਬਾਅਦ ਵਿਚ ਜਹਾਂਗੀਰ ਦੇ ਨਾਂ ਨਾਲ ਪ੍ਰਸਿੱਧ ਹੋਇਆ, ਦੇ ਗੱਦੀ ਪ੍ਰਾਪਤ ਕਰਨ ਵਿਚ ਸ਼ੇਖ ਫ਼ਰੀਦ ਬੁਖ਼ਾਰੀ ਨੇ ਬਹੁਤ ਮਦਦ ਕੀਤੀ। ਸ਼ੇਖ ਫ਼ਰੀਦ ਬੁਖ਼ਾਰੀ ਖੁਦ ਨਕਸ਼ਬੰਦੀ ਪ੍ਰਥਾ ਦਾ ਮੁਖੀ ਸੀ ਜਿਸ ਦਾ ਮੁਗਲ ਦਰਬਾਰ ਵਿਚ ਬੜਾ ਅਸਰ-ਰਸੂਖ ਸੀ। ਹੁਣ ਨਕਸ਼ਬੰਦੀਆਂ ਕੋਲ ਸੁਨਹਿਰੀ ਮੌਕਾ ਸੀ ਕਿ ਉਹ ਬਾਦਸ਼ਾਹ ਨੂੰ ਗੁਰੂ ਸਾਹਿਬ ਵਿਰੁਧ ਭੜਕਾਉਣ।
ਬਾਦਸ਼ਾਹ ਜਹਾਂਗੀਰ ਨੇ ਤਖ਼ਤ ਉਤੇ ਬੈਠਦਿਆਂ ਸਾਰ ਇਸਲਾਮ ਧਰਮ ਦਾ ਪਸਾਰ ਕਰਨਾ ਆਪਣਾ ਪਰਮ ਧਰਮ ਸਮਝਿਆ। ਸਭ ਤੋਂ ਪਹਿਲਾਂ ਉਸ ਨੇ ਅਕਬਰ ਵੱਲੋਂ ਚਲਾਏ ਗਏ ‘ਦੀਨ-ਏ-ਇਲਾਹੀ’ ਦੀ ਸਰਕਾਰੀ ਸਰਪ੍ਰਸਤੀ ਖਤਮ ਕੀਤੀ ਅਤੇ ਉਸ ਤੋਂ ਬਾਅਦ ਇਸਲਾਮ ਵਿਰੋਧੀਆਂ ਦਾ ਖਾਤਮਾ ਕਰਨ ਲਈ ਨੀਤੀ ਬਣਾਈ। ਅਕਬਰ ਦੇ ਗੁਰੂ ਸਾਹਿਬ ਨਾਲ ਸਬੰਧ ਬੜੇ ਚੰਗੇ ਸਨ, ਪਰ ਉਹਦੀ ਮੌਤ ਤੋਂ ਬਾਅਦ ਜਹਾਂਗੀਰ ਦੇ ਗੱਦੀ ਉਤੇ ਬੈਠਦਿਆਂ ਹੀ ਗੁਰੂ ਸਾਹਿਬ ਨਾਲ ਵਿਰੋਧ ਸ਼ੁਰੂ ਹੋ ਗਿਆ। ਸਿੱਖ ਧਰਮ ਵਿਰੁਧ ਉਸ ਦੀ ਨੀਤੀ ਬਾਰੇ ਉਸ ਦੀ ਸਵੈ-ਜੀਵਨੀ ‘ਤੁਜ਼ਕਿ-ਜਹਾਂਗੀਰੀ’ ਤੋਂ ਪਤਾ ਲੱਗਦਾ ਹੈ ਜਿਸ ਵਿਚ ਉਹ ਆਪਣੀ ਬੁਰੀ ਨੀਅਤ ਖੁਦ ਬਿਆਨ ਕਰਦਾ ਹੈ: “ਗੋਇੰਦਵਾਲ ਜਿਹੜਾ ਬਿਆਸ ਨਦੀ ਦੇ ਕੰਢੇ ਸਥਿਤ ਹੈ, ਉਥੇ ਪੀਰਾਂ ਫਕੀਰਾਂ ਦੇ ਲਿਬਾਸ ਵਿਚ (ਗੁਰੂ) ਅਰਜਨ ਨਾਮੀ ਇਕ ਹਿੰਦੂ ਫਕੀਰ ਸੀ। ਤਿੰਨ-ਚਾਰ ਪੀੜ੍ਹੀਆਂ ਤੋਂ ਝੂਠ ਦੀ ਦੁਕਾਨ (ਦੁਕਾਨੇ-ਬਾਤਲ) ਗਰਮ ਸੀ। ਕਈ ਚਿਰਾਂ ਤੋਂ ਮੇਰੇ ਦਿਲ ਵਿਚ ਖਿਆਲ ਆਉਂਦਾ ਹੈ ਕਿ ਝੂਠ ਦੇ ਇਸ ਵਪਾਰ ਨੂੰ ਬੰਦ ਕਰ ਦੇਵਾਂ ਜਾਂ ਫਿਰ ਉਸ ਨੂੰ ਇਸਲਾਮ ਵਿਚ ਲੈ ਆਵਾਂ।”
ਬਾਦਸ਼ਾਹ ਜਹਾਂਗੀਰ ਦੇ ਗੱਦੀ ਉਤੇ ਬੈਠਣ ਤੋਂ ਥੋੜ੍ਹਾ ਸਮਾਂ ਬਾਅਦ ਉਸ ਦੇ ਪੁੱਤਰ ਖੁਸਰੋ ਨੇ ਬਗਾਵਤ ਕਰ ਦਿੱਤੀ ਤੇ ਉਹ ਲਾਹੌਰ ਭੱਜ ਨਿਕਲਿਆ। ਬਿਆਸ ਦਰਿਆ ਪਾਰ ਕਰ ਕੇ ਗੋਇੰਦਵਾਲ ਸਾਹਿਬ ਵਿਖੇ ਖੁਸਰੋ ਨੇ ਗੁਰੂ ਅਰਜਨ ਦੇਵ ਦੇ ਦਰਸ਼ਨ ਕੀਤੇ। ਗੁਰੂ ਸਾਹਿਬ ਨੇ ਉਸ ਨੂੰ ਅਸ਼ੀਰਵਾਦ ਦਿੱਤਾ। ਇਸ ਮਿਲਾਪ ਨੂੰ ਜਹਾਂਗੀਰ ਨੇ ਗੁਰੂ ਅਰਜਨ ਦੇਵ ਵਿਰੁਧ ਕਾਰਵਾਈ ਦੇ ਚੰਗੇ ਮੌਕੇ ਵਜੋਂ ਵਰਤਣ ਦਾ ਮਨ ਬਣਾਇਆ। ਉਸ ਨੇ ਗੁਰੂ ਅਰਜਨ ਦੇਵ ਦੀ ਗ੍ਰਿਫ਼ਤਾਰੀ ਦਾ ਹੁਕਮ ਸੁਣਾਇਆ। ਨਾਲ ਹੀ ਉਨ੍ਹਾਂ ਦੇ ਘਰ-ਘਾਟ ਤੇ ਬੱਚਿਆਂ ਨੂੰ ਮੁਰਤਜ਼ਾ ਖਾਨ ਦੇ ਹਵਾਲੇ ਕਰਨ, ਮਾਲ-ਅਸਬਾਬ ਜ਼ਬਤ ਕਰ ਕੇ ਡਰਾਉਣ, ਸਜ਼ਾ ਦੇਣ ਤੇ ਤਸੀਹੇ ਦੇ ਕੇ ਕਤਲ ਕਰਨ ਦਾ ਹੁਕਮ ਜਾਰੀ ਕਰ ਦਿੱਤਾ।
ਗੁਰੂ ਜੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਯਾਸਾ-ਏ-ਸਿਆਸਤ ਦੇ ਕਾਨੂੰਨ ਅਧੀਨ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ। ਪਹਿਲਾਂ ਤੱਤੀ ਤਵੀ ਉਤੇ ਬਿਠਾਇਆ, ਸੀਸ ਉਪਰ ਗਰਮ ਰੇਤ ਪਾਈ ਗਈ ਤੇ ਦੇਗ ਵਿਚ ਉਬਾਲਿਆ ਗਿਆ। ਅੰਤ 16 ਜੂਨ 1606 ਈਸਵੀ ਨੂੰ ਰਾਵੀ ਦਰਿਆ ਵਿਚ ਰੋੜ੍ਹ ਦਿੱਤਾ ਗਿਆ। ਗੁਰੂ ਸਾਹਿਬ ਨੇ ਇਸ ਸਭ ਨੂੰ ਪਰਮਾਤਮਾ ਦਾ ਭਾਣਾ ਮੰਨਦਿਆਂ ਜ਼ਾਲਮ ਹਕੂਮਤ ਦੇ ਹਰ ਤਸੀਹੇ ਨੂੰ ਆਪਣੇ ਪਿੰਡੇ ‘ਤੇ ਜਰਿਆ। ਤਪਦੀ ਤਵੀ, ਉਨ੍ਹਾਂ ਦੇ ਸੀਤਲ ਸੁਭਾਅ ਦੇ ਸਾਹਮਣੇ ਸੁਖਦਾਇਕ ਬਣ ਗਈ। ਤਪਦੀ ਰੇਤ ਵੀ ਉਨ੍ਹਾਂ ਦੀ ਨਿਸ਼ਠਾ ਭੰਗ ਨਾ ਕਰ ਸਕੀ। ਗੁਰੂ ਜੀ ਨੇ ਸਭ ਕਸ਼ਟ ਹੱਸਦੇ ਹੱਸਦੇ ਬਰਦਾਸ਼ਤ ਕੀਤੇ ਤੇ ਪਰਮਾਤਮਾ ਅੱਗੇ ਇਹੀ ਅਰਦਾਸ ਕੀਤੀ:
ਤੇਰਾ ਕੀਆ ਮੀਠਾ ਲਾਗੈ
ਹਰਿ ਨਾਮੁ ਪਦਾਰਥੁ ਨਾਨਕ ਮਾਂਗੈ॥
ਜਹਾਂਗੀਰ ਬਾਦਸ਼ਾਹ ਆਪਣੀ ਸਵੈ-ਜੀਵਨੀ ਵਿਚ ਮੰਨਦਾ ਹੈ ਕਿ ਉਸ ਨੇ ਗੁਰੂ ਅਰਜਨ ਦੇਵ ਦੀ ਗ੍ਰਿਫ਼ਤਾਰੀ ਦੇ ਹੁਕਮ ਦਿੱਤੇ, ਕਿਉਂਕਿ ਗੁਰੂ ਜੀ ਦੀ ਪ੍ਰਸਿੱਧੀ ਤੋਂ ਉਸ ਨੂੰ ਬਹੁਤ ਈਰਖਾ ਸੀ। ਉਹ ਹਿੰਦੂਆਂ ਤੇ ਮੁਸਲਮਾਨਾਂ, ਦੋਹਾਂ ਵਿਚ ਬਹੁਤ ਹਰਮਨ ਪਿਆਰੇ ਸਨ। ਉਹ ਇਹ ਵੀ ਮੰਨਦਾ ਹੈ ਕਿ ਉਸ ਨੂੰ ਕੱਟੜਪੰਥੀਆਂ ਨੇ ਰੱਜ ਕੇ ਗੁੰਮਰਾਹ ਕੀਤਾ, ਪਰ ਉਸ ਨੇ ਸੱਚਾਈ ਜਾਨਣ ਲਈ ਕੋਈ ਕਦਮ ਨਹੀਂ ਚੁੱਕਿਆ ਤੇ ਨਾ ਹੀ ਪੂਰੇ ਹਾਲਾਤ ਤੇ ਕਾਰਨਾਂ ਦੀ ਘੋਖ ਕਰਨ ਦਾ ਯਤਨ ਕੀਤਾ। ਉਸ ਨੂੰ ਆਪਣੀ ਗਲਤੀ ਦਾ ਮਗਰੋਂ ਅਹਿਸਾਸ ਹੋਇਆ ਕਿ ਉਸ ਨੂੰ ਗੁੰਮਰਾਹ ਕਰ ਕੇ ਅਤੇ ਸੱਚਾਈ ਨਾ ਦੱਸ ਕੇ ਗੁਰੂ ਸਾਹਿਬ ਦਾ ਕਤਲ ਕਰਵਾਇਆ ਗਿਆ ਸੀ। ਇਹ ਮਹਿਸੂਸ ਕਰਨ ਉਪਰੰਤ ਬਾਦਸ਼ਾਹ ਜਹਾਂਗੀਰ ਨੇ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਨਾਲ ਨੇੜਤਾ ਬਣਾ ਲਈ।
ਪੰਜਵੇਂ ਪਾਤਸ਼ਾਹ ਦੀ ਇਸ ਅਦੁੱਤੀ ਸ਼ਹਾਦਤ ਨੇ ਸਿੱਖ ਧਰਮ ਦੇ ਇਤਿਹਾਸਕ, ਸਿਧਾਂਤਕ ਤੇ ਵਿਚਾਰਕ ਰੂਪ ਵਿਚ ਤਬਦੀਲੀ ਲਿਆਂਦੀ। ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਨੇ ਗੱਦੀ ਉਤੇ ਬਿਰਾਜਮਾਨ ਹੋਣ ਸਮੇਂ ‘ਮੀਰੀ ਤੇ ਪੀਰੀ’ ਦੀਆਂ ਦੋ ਤਲਵਾਰਾਂ ਪਹਿਨੀਆਂ ਤਾਂ ਜੋ ਜਬਰ ਤੇ ਜ਼ੁਲਮ ਦਾ ਟਾਕਰਾ ਕੀਤਾ ਜਾ ਸਕੇ। ਉਨ੍ਹਾਂ ਭਗਤੀ ਤੇ ਸ਼ਕਤੀ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਦੀ ਸਥਾਪਨਾ ਕੀਤੀ; ਬੀਰ ਰਸੀ ਸਾਹਿਤ ‘ਵਾਰਾਂ’ ਦਾ ਗਾਇਨ (ਢਾਡੀ ਪਰੰਪਰਾ) ਅਰੰਭ ਕਰਵਾਇਆ। ਮੁਗਲ ਫੌਜਾਂ ਦਾ ਮੈਦਾਨ-ਏ-ਜੰਗ ਵਿਚ ਡਟ ਕੇ ਸਾਹਮਣਾ ਕੀਤਾ ਤੇ ਜਿੱਤਾਂ ਪ੍ਰਾਪਤ ਕੀਤੀਆਂ।
ਗੁਰੂ ਅਰਜਨ ਦੇਵ ਦੀ ਸ਼ਹਾਦਤ ਨੇ ਸਿੱਖੀ ਜਜ਼ਬੇ ਅੰਦਰ ਐਸਾ ਉਤਸ਼ਾਹ ਭਰਿਆ ਕਿ ਸਿੱਖਾਂ ਅੰਦਰ ਜਬਰ ਤੇ ਜ਼ੁਲਮ ਦਾ ਟਾਕਰਾ ਡਟ ਕੇ ਕਰਨ ਦਾ ਅਹਿਸਾਸ ਪੈਦਾ ਹੋਇਆ।
ਅੱਜ ਗੁਰੂ ਅਰਜਨ ਦੇਵ ਦੇ ਸ਼ਹੀਦੀ ਪੁਰਬ ਉਤੇ ਉਨ੍ਹਾਂ ਨੂੰ ਯਾਦ ਕਰਨ ਦਾ ਅਰਥ ਉਸ ਧਰਮ ਨਿਰਪੱਖ ਵਿਚਾਰਧਾਰਾ ਨੂੰ ਮਾਨਤਾ ਦੇਣਾ ਹੈ ਜਿਸ ਦਾ ਸਮਰਥਨ ਗੁਰੂ ਜੀ ਨੇ ਆਪਣਾ ਬਲੀਦਾਨ ਦੇ ਕੇ ਕੀਤਾ। ਉਨ੍ਹਾਂ ਨੇ ਸੰਦੇਸ਼ ਦਿੱਤਾ ਕਿ ਮਹਾਨ ਕਦਰਾਂ-ਕੀਮਤਾਂ ਲਈ ਆਤਮ ਬਲੀਦਾਨ ਦੇਣ ਲਈ ਮਾਨਵ ਨੂੰ ਸਦਾ ਤਿਆਰ ਰਹਿਣਾ ਚਾਹੀਦਾ ਹੈ, ਤਾਂ ਹੀ ਕੌਮ ਤੇ ਰਾਸ਼ਟਰ ਆਪਣੇ ਗੌਰਵ ਨਾਲ ਜ਼ਿੰਦਾ ਰਹਿ ਸਕਦੇ ਹਨ। ਉਨ੍ਹਾਂ ਦੀ ਸ਼ਹੀਦੀ ਨਾਲ ਸਿੱਖ ਕੌਮ ਨੂੰ ਆਪਣੀ, ਧਰਮ ਦੀ ਰੱਖਿਆ ਤੇ ਜ਼ੁਲਮ ਦਾ ਟਾਕਰਾ ਕਰਨ ਲਈ ਨਵੀਂ ਸੋਚ ਦਾ ਆਧਾਰ ਮਿਲਿਆ ਜੋ ਅੱਗੇ ਚੱਲ ਕੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਮੇਂ ਪੰਜ ਪਿਆਰਿਆਂ ਦੀ ਸਥਾਪਨਾ ਕਰ ਕੇ, ਪੰਥ ਖਾਲਸਾ ਦੇ ਰੂਪ ਵਿਚ ਪ੍ਰਗਟ ਹੋਇਆ।