ਪੰਜਾਬੀ ਸਾਹਿਤ ਜਗਤ ਵਿਚ ਜਤਿੰਦਰ ਸਿੰਘ ਹਾਂਸ ਨਵੀਂ ਪੀੜ੍ਹੀ ਦਾ ਕਥਾਕਾਰ ਹੈ। ਮਾਨਵੀ ਰਿਸ਼ਤਿਆਂ ਬਾਰੇ ਉਹਨੇ ਬੜੀਆਂ ਖੂਬਸੂਰਤ ਕਹਾਣੀਆਂ ਜੋੜੀਆਂ ਹਨ। ‘ਪ੍ਰੇਤ’ ਨਾਂ ਦੀ ਇਸ ਕਹਾਣੀ ਵਿਚ ਵੀ ਉਹਨੇ ਸਮਾਜ ਦੀਆਂ ਛਿਲਤਰਾਂ ਵਿਚ ਫਸ ਕੇ ਲਹੂ-ਲੁਹਾਣ ਹੋਏ ਰਿਸ਼ਤਿਆਂ ਦੀ ਕਥਾ ਛੇੜੀ ਹੈ।
ਉਪਰੋਂ ਸਮਤੋਲ ਅਤੇ ਸਾਵੇਂ ਦਿਸਦੇ ਇਨ੍ਹਾਂ ਰਿਸ਼ਤਿਆਂ ਦੀ ਤਹਿ ਅੰਦਰ ਕਿੰਨੀ ਹਲਚਲ ਤੇ ਬੇਚੈਨੀ ਹੈ, ਇਹ ਪਤਾ ਇਸ ਕਹਾਣੀ ਨੂੰ ਪੜ੍ਹ ਕੇ ਹੀ ਲਗਦਾ ਹੈ। ਇਸ ਹਿਸਾਬ ਨਾਲ ਸਾਰਾ ਤਾਣਾ-ਬਾਣਾ ਮਾਨੋ ਸਿਰ ਭਾਰ ਹੋ ਗਿਆ ਲਗਦਾ ਹੈ। -ਸੰਪਾਦਕ
-ਜਤਿੰਦਰ ਸਿੰਘ ਹਾਂਸ
ਮੈਨੂੰ ਪੂਰਾ ਯਕੀਨ ਹੋ ਗਿਆ ਸੀ ਕਿ ਸੌ ਵਾਰੀ ਬੋਲਿਆ ਝੂਠ ਸੱਚ ਹੀ ਲੱਗਣ ਲੱਗਦਾ। ਪ੍ਰੀਤੋ ਦੇ ਮੁੱਕਣ ਦੀ ਇਹੋ ਕਹਾਣੀ ਲੱਗਣ ਲੱਗੀ ਸੀ। ਪਰ ਅੱਜ ਇਹ ਭਰਮ ਵੀ ਟੁੱਟ ਗਿਆ।
ਕਹਿੰਦੇ ਨੇ ਦੁੱਖ ਸਾਂਝਾ ਕਰਨ ਨਾਲ ਦਿਲ ਦਾ ਭਾਰ ਹਲਕਾ ਹੋ ਜਾਂਦਾ ਏ, ਪਰ ਮੈਂ ਕਿਸੇ ਕੋਲ ਦਿਲ ਵੀ ਨਹੀਂ ਫੋਲ ਸਕਦੀ। ਕਿਸ ਨੂੰ ਕਲੇਜਾ ਚੀਰ ਕੇ ਦਿਖਾਵਾਂ ਕਿ ਮੈਂ ਉਹ ਮਾਂ ਹਾਂ ਜਿਸਨੇ ਆਪਣੀ ਆਂਦਰ ਦੇ ਟੁਕੜੇ ਨੂੰ ਮੌਤ ਮੂੰਹੋਂ ਨਹੀਂ ਬਚਾਇਆ, ਸਗੋਂ ਦੇਖਦੀ ਰਹੀ ਸਾਂ, ਤਮਾਸ਼ਬੀਨ ਵਾਂਗ।
ਲੋਕ ਮੇਰੇ ਨਾਲ ਹਮਦਰਦੀ ਪ੍ਰਗਟ ਕਰਨ ਆਉਂਦੇ ਨੇ। ਗਲ ਲੱਗ ਰੋਂਦੇ ਨੇ, ਧਰਵਾਸਾ ਦਿੰਦੇ ਨੇ, “ਲਿਖਤਕਾਰ ਨੀ ਮਿਟਦੀ ਭਾਈæææਬੱਸ ਉਹਦਾ ਭਾਣਾ।” ਕੋਈ ਪੁੱਛ ਲੈਂਦਾ ਇਹ ਭਾਣਾ ਕਿਵੇਂ ਵਾਪਰਿਆ? ਮੈਂ ਤੋਤੇ ਵਾਂਗ ਰਟੀ ਉਹੀ ਕਹਾਣੀ ਦੁਹਰਾ ਦਿੰਦੀ ਹਾਂ, ਸਫੈਦ ਝੂਠ।
ਅੱਜ ਥੋੜ੍ਹੀ ਦੇਰ ਪਹਿਲਾਂ ਹੀ ਮੈਂ ਇਹੋ ਝੂਠ ਬੋਲ ਕੇ ਹਟੀ ਆਂ। ਅੱਜ ਰਾਮੋ-ਮਾਈ ਅਤੇ ਕਰਨੈਲ ਕੁਰ ਅਫ਼ਸੋਸ ਕਰਨ ਆਈਆਂ। ਥੋੜ੍ਹੀ ਦੇਰ ਬਾਅਦ ਚਾਰ ਕੁ ਦੂਰ ਦੇ ਰਿਸ਼ਤੇਦਾਰ ਅਫ਼ਸੋਸ ਕਰਨ ਆ ਗਏ। ਕਾਕੋ ਨਾਇਣ ਨੇ ਰਿਸ਼ਤੇਦਾਰਾਂ ਨੂੰ ਤੂਤ ਦੀ ਛਾਵੇਂ ਪੱਲੀ ਵਿਛਾ ਦਿੱਤੀ। ਗਲ਼ ਲੱਗ ਰੋਣ ਤੋਂ ਬਾਅਦ ਚਾਰ ਗੱਲਾਂ ਹੋਈਆਂ। ਮੈਂ ਨੱਕ ਸਾਫ਼ ਕੀਤਾ, ਓਹੀ ਕਹਾਣੀ ਸ਼ੁਰੂ ਕਰ ਲੈਂਦੀ ਹਾਂ।
“ਉਹਦੇ ਸਿਰ ‘ਤੇ ਭੈਣ ਜੀ ਮੈਨੂੰ ਘਰ ਦਾ ਭੋਰਾ ਫ਼ਿਕਰ ਨਹੀਂ ਸੀ। ਦਸ ਜਮਾਤਾਂ ਉਹਨੇ ਪਤਾ ਨਹੀਂ ਕਦੋ ਪਾਸ ਕਰ ਲਈਆਂ, ਕਦੇ ਫੇਲ੍ਹ ਨਹੀਂ ਸੀ ਹੋਈ। ਆਪਣੇ ਮੂੰਹੋਂ ਤਾਂ ਤਾਰੀਫ਼ ਹੋ ਜਾਂਦੀ ਆ, ਮਰ ਜਾਣੀ ਨੂੰ ਰੂਪ ਬਥੇਰਾ ਚੜ੍ਹਿਆ ਸੀ। ਜਿਵੇਂ ਮਰਨ ਮਿੱਟੀ ਚੜ੍ਹੀ ਹੁੰਦੀ ਆ। ਉਹਦਾ ਤਾਇਆ ਥੋੜ੍ਹਾ ਜਿਹਾ ਬੀਮਾਰ ਹੋ ਕੇ ਤੁਰਦਾ ਬਣਿਆ। ਉਹਦੇ ਨਾਲ ਬਹੁਤਾ ਮੋਹ ਕਰਦੀ ਸੀ। ਉਹਦੇ ਮੁੱਕੇ ‘ਤੇ ਪਤਾ ਨੀ ਕੀ ਹੋ ਗਿਆ ਕੁੜੀ ਦੇ ਜਾਣੀ ‘ਓਸਾਣ ਈ ਮਾਰੇ ਗਏ।’ ਮੈਂ ਬਥੇਰਾ ਸਮਝਾਉਣਾ, ਧੀਏ! ਮਰ ਗਿਆਂ ਨਾਲ ਕਿਤੇ ਮਰ ਹੁੰਦਾ। ਕਈ ਡਾਕਟਰਾਂ ਨੂੰ ਦਿਖਾਇਆ। ਪਰ ਕੋਈ ਫ਼ਰਕ ਨਾ ਪਿਆ। ਪੰਡਤ ਨੂੰ ਪੁੱਛਿਆ, ਉਹ ਕਹਿੰਦਾ ਇਹਦੇ ਤਾਏ ਦੇ ਪ੍ਰੇਤ ਦੀ ਗਤਿਆ (ਗਤੀ) ਕਰਵਾਓ। ਪ੍ਰੀਤੋ ਦਾ ਬਾਪੂ ਜਾ ਕੇ ਗਤੀ ਕਰਵਾ ਆਇਆ ਪਰ ਕੁੜੀ ਨੂੰ ਭੋਰਾ ਫ਼ਰਕ ਨਾ ਪਿਆ। ਫਿਰ ਸਾਡੀ ਗੁਆਂਢਣ ਨੇ ਦੱਸਿਆ ਕਿ ਇਹਨੂੰ ਹਰੀਪੁਰ ਲੈ ਜਾਓ, ਉਹਦੀ ਨੂੰਹ ਦੀ ਗੋਦ ਪੰਜ ਸਾਲਾਂ ਬਾਅਦ ਹਰੀਪੁਰੀਏ ਸੰਤਾਂ ਦੇ ਅਸ਼ੀਰਵਾਦ ਨਾਲ ਹਰੀ ਹੋਈ ਆ। ਆਸ਼ਰਮ ਜਾ ਕੇ ਕੁੜੀ ਠੀਕ ਹੋ ਜਾਇਆ ਕਰੇ, ਘਰ ਆ ਕੇ ਫਿਰ ਉਹੀ ਹਾਲ। ਸੰਤ ਕਹਿੰਦੇ ਇਹਨੂੰ ਆਸ਼ਰਮ ਛੱਡ ਜਾਓ, ਠੀਕ ਹੋ ਜਾਊ! ਪ੍ਰੀਤੋ ਦਾ ਬਾਪੂ ਕਹਿੰਦਾ ਛੱਡ ਆ। ਮੈਂ ਸੋਚਿਆ ਮਨਾ ਭਾਵੇਂ ਉਹ ਸੰਤਾਂ ਦਾ ਆਸ਼ਰਮ ਆ ਪਰ ਲੋਕਾਂ ਦੀਆਂ ਜੀਭਾਂ ਕੌਣ ਫੜੂ, ਲੋਕਾਂ ਤਾਂ ਸੀਤਾ ਵਰਗੀ ਦੇਵੀ ਨੀ ਬਖ਼ਸ਼ੀ, ਅਸੀਂ ਕੀਹਦੇ ਵਿਚਾਰੇ ਆਂ। ਜਵਾਨ ਧੀ ਨੂੰ ਇਕੱਲਿਆਂ ਛੱਡਣ ਨੂੰ ਮੇਰਾ ਦਿਲ ਨਾ ਮੰਨਿਆ। ਮੈਂ ਭਰਜਾਈ ਨੂੰ ਘਰੇ ਛੱਡ ਕੇ ਪ੍ਰੀਤੋ ਨੂੰ ਲੈ ਕੇ ਆਸ਼ਰਮ ਚਲੀ ਗਈ। ਸੱਤ ਕੁ ਦਿਨਾਂ ‘ਚ ਕੁੜੀ ਠੀਕ ਹੋ ਗਈ। ਫਿਰ ਅਸੀਂ ਮਹੀਨੇ ਬਾਅਦ ਚੌਕੀ ਭਰ ਆਉਂਦੇ। ਹੁਣ ਉਹ ਚੰਗੀ ਭਲੀ ਸੀ। ਘਰ ਦਾ ਸਾਰਾ ਕੰਮ ਉਹੀ ਕਰਦੀ। ਮੈਂ ਕਹਿਣਾ, ਗੁਰਪ੍ਰੀਤ ਭਾਂਡੇ ਨਾ ਮਾਂਜਿਆ ਕਰ ਸੁਆਹ ਨਾਲ ਤੇਰੇ ਹੱਥ ਖ਼ਰਾਬ ਹੋ ਜਾਣਗੇ, ਕੱਲ੍ਹ-ਕੱਲ੍ਹਾਂ ਨੂੰ ਤੈਨੂੰ ਦੇਖਣ ਵਾਲੇ ਆਉਣਗੇ ਤਾਂ ਕੀ ਕਹਿਣਗੇ? ਉਸਨੇ ਹੱਸ ਛੱਡਣਾ। ਕੀ ਪਤਾ ਸੀæææ! ਮੇਰਾ ਗੱਚ ਭਰ ਆਇਆ।
ਉਸ ਦਿਨ ਮੈਂ ਸ਼ਹਿਰੋਂ ਆਈ ਸੀ, ਸੋਨੂੰ ਲਈ ਸਕੂਲ ਦੀ ਵਰਦੀ ਦਾ ਕੱਪੜਾ ਅਤੇ ਪ੍ਰੀਤੋ ਲਈ ਸੂਟ ਲਿਆਈ ਸੀ। ਥੱਕੀ ਹੋਈ ਸੀ। ਮੰਜੇ ਉਤੇ ਢੂਹੀ ਸਿੱਧੀ ਕਰਨ ਪੈ ਗਈ, ਮੇਰੀ ਅੱਖ ਲੱਗ ਗਈ। ਔਹ ਸਾਹਮਣੇ ਵਰਾਂਡੇ ‘ਚ ਉਹ ਕੱਪੜਿਆਂ ਨੂੰ ਪ੍ਰੈਸ ਕਰਨ ਲੱਗੀ। ਚੀਕ ਸੁਣ ਕੇ ਮੇਰੀ ਜਾਗ ਖੁੱਲ੍ਹੀ। ਕੁੜੀ ਮੂਧੀ ਡਿੱਗੀ ਪਈ ਸੀ। ਮੈਂ ਫੜ ਕੇ ਖਿੱਚਿਆ। ਮੈਨੂੰ ਕਰੰਟ ਨੇ ਪਰ੍ਹੇ ਸੁੱਟ ਦਿੱਤਾ। ਮੇਰੇ ਨਪੈਥਰ ਦੇ ਏਨੀ ਦਿਮਾਗ ‘ਚ ਨਾ ਆਈ ਕਿ ਤਾਰ ਕੱਢ ਦਿਆਂ। ਪ੍ਰੀਤੋ ਦਾ ਬਾਪੂ ਮੇਰੀਆਂ ਚੀਕਾਂ ਸੁਣ ਕੇ ਭੱਜਾ ਆਇਆ। ਉਹ ਪਸ਼ੂਆਂ ਨੂੰ ਅੰਦਰ ਬੰਨ੍ਹ ਰਿਹਾ ਸੀ। ਉਹਨੇ ਆ ਕੇ ਤਾਰ ਕੱਢੀ। ਡਾਕਟਰ ਨੂੰ ਲੈਣ ਭੱਜ ਗਿਆ। ਆਂਢ-ਗੁਆਂਢ ਦੇ ਲੋਕ ਆ ਗਏ, ਉਨ੍ਹਾਂ ਪ੍ਰੀਤੋ ਨੂੰ ਦੱਬਿਆ ਘੁੱਟਿਆ। ਡਾਕਟਰ ਨੇ ਟੂਟੀਆਂ ਜਿਹੀਆਂ ਲਾ ਕੇ ਨਾਂਹ ‘ਚ ਸਿਰ ਮਾਰ ‘ਤਾ। ਮੇਰਾ ਦਿਲ ਨਾ ਖੜ੍ਹੇ, ਮੈਂ ਕਿਹਾ ਇਹਨੂੰ ਸ਼ਹਿਰ ਲੈ ਚਲੋ। ਇਕ ਦੋ ਸਿਆਣੇ ਮੈਨੂੰ ਸਮਝਾਉਣ ਲੱਗੇ, ਜੋ ਭਾਣਾ ਵਰਤਣਾ ਸੀ ਵਰਤ ਗਿਆ, ਡਾਕਟਰਾਂ ਨੇ ਕੁੜੀ ‘ਚ ਕੁਝ ਨਹੀਂ ਛੱਡਣਾ, ਕਾਹਨੂੰ ਇਹਦੀ ਮਿੱਟੀ ਖ਼ਰਾਬ ਕਰਨੀ ਆ, ਬੱਸ ਸੱਚੇ ਪਾਤਸ਼ਾਹ ਦਾ ਭਾਣਾ ਮੰਨੋ।
ਮੇਰੀ ਹੰਝੂਆਂ-ਹਉਕਿਆਂ ਭਰੀ ਕਹਾਣੀ ਸੁਣ ਕੇ ਰਿਸ਼ਤੇਦਾਰ ਬੁੜ੍ਹੀਆਂ ਨੇ ਆਪਣੇ ਹੰਝੂ ਚਿੱਟੀਆਂ ਚੁੰਨੀਆਂ ਨਾਲ ਸਾਫ਼ ਕਰਦਿਆਂ ਹਾਅ ਦੇ ਨਾਅਰੇ ਮਾਰੇ ਸੀ।
“ਜਿਹੜੀ ਲਿਖਤਕਾਰ ਆ ਭਾਈ, ਨਾ ਤਿਲ ਵਧੇ ਨਾ ਮਾਸਾ ਘਟੇ।”
“ਵਾਹਿਗੁਰੂ ਕਿਸੇ ਬੱਚੇ ਨੂੰ ਮਾਂ-ਬਾਪ ਦੀਆਂ ਅੱਖਾਂ ਤੋਂ ਉਹਲੇ ਨਾ ਕਰੀਂ।”
“ਭੈਣ ਜੀ ਇਨ੍ਹਾਂ ਨੇ ਤਾਂ ਕੁੜੀ-ਮੁੰਡਿਆਂ ਨਾਲੋਂ ਵੱਧ ਰੱਖੀ ਹੋਈ ਸੀ, ਇਕ ਵਾਰæææ।” ਕਾਕੋ ਨਾਇਣ ਨੇ ਰਸੋਈ ਦੇ ਦਰਵਾਜ਼ੇ ਕੋਲ ਖੜ੍ਹ ਕੇ ਮੈਨੂੰ ਹੱਥ ਦੇ ਇਸ਼ਾਰੇ ਨਾਲ ਬੁਲਾਇਆ। ਰਸੋਈ ਦੇ ਪਿਛਵਾੜੇ ਛਾਵੇਂ ਬੈਠੀਆਂ ਰਾਮੋ ਮਾਈ ਅਤੇ ਕਰਨੈਲ ਕੁਰ ਗੱਲਾਂ ਵਿਚ ਰੁਝੀਆਂ ਹੋਈਆਂ ਸਨ। ਮੈਂ ਕਾਕੋ ਨੂੰ ਪੁੱਛਿਆ, “ਚਾਹ ‘ਚ ਦੁੱਧ ਪਾ ਲਿਆ?” ਉਹਨੇ ਮੈਨੂੰ ਚੁੱਪ ਰਹਿਣ ਦਾ ਇਸ਼ਾਰਾ ਕਰਦੀ ਨੇ ਤਾਕੀ ਕੋਲ ਲਿਆ ਕੇ ਖੜ੍ਹਾ ਦਿੱਤਾ। ਮੂੰਹ ਜੋੜੀ ਗੱਲਾਂ ਕਰ ਰਹੀਆਂ ਰਾਮੋ ਮਾਈ ਅਤੇ ਕਰਨੈਲ ਕੁਰ ਦੀਆਂ ਗੱਲਾਂ ਮੇਰੇ ਕੰਨੀਂ ਪਈਆਂ, “ਜਿਨ੍ਹਾਂ ਦੇ ਜੁਆਨ ਧੀ ਪੁੱਤ ਮੁੱਕ ਜਾਂਦੇ ਨੇ ਉਨ੍ਹਾਂ ਮਾਵਾਂ ਦਾ ਜਹਾਨ ਲੁੱਟਿਆ ਜਾਂਦਾ, ਲੱਕ ਟੁੱਟ ਜਾਂਦਾ। ਸੁਰਜੀਤੋ ਦੇ ਤਾਂ ਜਿਵੇਂ ਚਿੱਤ ਚੇਤੇ ਵੀ ਨੀਂ ਹੁੰਦਾ। ਮਗਰਮੱਛ ਵਾਂਗ ਚਾਰ ਹੰਝੂ ਕੇਰ ਦਿੰਦੀ ਆ। ਤੁਰਦੀ ਦੇਖਿਆ ਕਿਵੇਂ ਆ ਜਿਵੇਂ ਨਵੀਂ ਮੁਕਲਾਵੇ ਆਈ ਹੁੰਦੀ ਆ।” ਰਾਮੋ ਮੇਰੇ ਵਿਰੁਧ ਜ਼ਹਿਰ ਉਗਲ ਰਹੀ ਸੀ। “ਹਾਏ! ਅੰਮਾ ਜੀ, ਜੇ ਵੇਲ ਨਾਲੋਂ ਪੱਤਾ ਵੀ ਟੁੱਟਦਾ, ਉਹਦਾ ਪਾਣੀ ਸਿੰਮਦਾ, ਇਹ ਤਾਂ ਢਿੱਡੋਂ ਜਾਈ ਸੀ।” ਫਿਰ ਆਲ਼ਾ-ਦੁਆਲ਼ਾ ਦੇਖਿਆ ਪਰ ਕੰਧਾਂ ਦੇ ਕੰਨ ਨਾ ਦੇਖ ਸਕੀ। “ਅੰਮਾ ਜੀ ਕਿਤੇ ਲੋਕਾਂ ਦੀ ਗੱਲ ਸੱਚ ਤਾਂ ਨਹੀਂ?” ਜਰਨੈਲ ਕੁਰ ਰਾਮੋ ਦੇ ਮੂੰਹ ਨੇੜੇ ਮੂੰਹ ਲੈ ਗਈ ਸੀ। “ਸੱਚ ਦੱਸਾਂ, ਇਨ੍ਹਾਂ ਦਾ ਖ਼ਾਨਦਾਨ ਏ ਇਹੋ ਜਿਹਾ। ਭਜਨੇ ਦੀ ਮਾਂ ਨੇ ਚਾਰ ਕੁੜੀਆਂ ਜੰਮਦਿਆਂ ਹੀ ਮਾਰ ਦਿੱਤੀਆਂ ਸੀ। ਇਹ ਭਜਨਾ ਤੇ ਪਾਖਰ ਤਾਂ ਬਾਅਦ ‘ਚ ਜੰਮੇ ਨੇ। ਨੀ ਉਹ ਬੁੜ੍ਹੀ ਆਪ ਵੀ ਤਾਂ ਕਿਹੜੇ ਲਹੂਰੀਂ ਮਰੀ ਆ। ਤਾਹੀਓਂ ਇਨ੍ਹਾਂ ਨੂੰ ਮਿੱਡਿਆਂ ਦਾ ਲਾਣਾ ਕਹਿੰਦੇ ਨੇ। ਹੋਰ ਕਿਤੇ ਇਨ੍ਹਾਂ ਦੇ ਨੱਕ ਮਿਡੇ ਨੇ, ਜਿਨ੍ਹਾਂ ਨੂੰ ਆਪਣੀ ਇੱਜ਼ਤ-ਆਬਰੂ ਦੀ ਨਾ ਹੋਵੇ, ਸਾਕ-ਸ਼ਰੀਕੇ ‘ਚ ਨੱਕ ਨਾ ਰੱਖਣ ਉਹ ਮਿੱਡੇ ਹੀ ਹੁੰਦੇ ਨੇ। ਆਹ! ਭਜਨੇ ਦੀਆਂ ਦੋਵੇਂ ਭੂਆ ਵੇਚੀਆਂ ਹੋਈਆਂ ਸੀ। ਘੁਡਾਣੀ ਵਾਲੀ ਚਰਨੋ ਤਾਂ ਮੁੜ ਕਦੇ ਮਿਲਣ ਵੀ ਨਹੀਂ ਆਈ। ਕਹਿੰਦੇ ਨੇ ਚਰਨੋ ਨੇ ਸਹੁਰਿਆਂ ਤੋਂ ਲਏ ਪੈਸੇ ਰੱਖਦਾ ਬਾਪ ਦੇਖ ਲਿਆ। ਜਾਣ ਲੱਗੀ ਪੈਸੇ ਚੁੱਕ ਕੇ ਲੈ ਗਈ। ਮੁੜ ਏਥੇ ਬੱਤੀ ਨੀ ਬਾਹੀæææ।”
ਰਾਮੋ ਦੀਆਂ ਗੱਲਾਂ ਸੁਣ ਕੇ ਮੇਰੇ ਸੱਤੀਂ ਕੱਪੜੀਂ ਅੱਗ ਲੱਗ ਗਈ। ਮੇਰਾ ਦਿਲ ਕੀਤਾ ਰਾਮੋ ਦੀ ਖੂੰਡੀ ਚੁੱਕ ਕੇ ਉਹਦੇ ਸਿਰ ‘ਚ ਮਾਰਾਂ ਅਤੇ ਉਹਦੇ ਸਾਰੇ ਖਾਨਦਾਨ ਦਾ ਕੱਚਾ ਚਿੱਠਾ ਉਹਦੇ ਅਗੇ ਖੋਲ੍ਹ ਦਿਆਂ। ਕਮਜ਼ਾਤ ਬੁੱਢੀ, ਲੋਕਾਂ ਦੀਆਂ ਹੱਥ ‘ਚ ਆਪਣੀਆਂ ਕੱਛ ‘ਚ। ਪਰ ਰਿਸ਼ਤੇਦਾਰਾਂ ਨੂੰ ਬੈਠਾ ਦੇਖ ਕੇ ਚੁੱਪ ਕਰ ਗਈ ਸਾਂ। ਜਦੋਂ ਮੈਂ ਕੋਲ ਜਾ ਖੜ੍ਹੀ ਰਾਮੋ ਨੇ ਮੇਰੀ ਬਿੜਕ ਸੁਣ ਕੇ ਗੱਲ ਪਰਤ ਲਈ, “ਕੁੜੀ ਦੀ ਤਾਂ ਕੋਈ ਸੌਂਹ ਨੀ ਖਾ ਸਕਦਾ। ਨਿਆਣੇ ਆਪਣੇ ਮਾਂ-ਬਾਪ ‘ਤੇ ਈ ਜਾਂਦੇ ਨੇæææ।” ਮੈਂ ਰਿਸ਼ਤੇਦਾਰਾਂ ਕੋਲ ਜਾ ਬੈਠੀ ਸਾਂ।
ਅੱਜ ਵੀ ਲੋਕ ਅਫ਼ਸੋਸ ਕਰਕੇ ਚਲੇ ਗਏ ਨੇ। ਸੋਨੂੰ ਸਕੂਲ ਦਾ ਕੰਮ ਕਰ ਰਿਹਾ। ਉਹਦੇ ਚਿਹਰੇ ‘ਤੇ ਅਜੀਬ ਕਿਸਮ ਦਾ ਸਹਿਮ ਹੈ। ਇਹ ਪ੍ਰੀਤੋ ਤੋਂ ਤੇਰ੍ਹਾਂ ਸਾਲ ਬਾਅਦ ਲੱਖਾਂ ਸੁੱਖਾਂ ਨਾਲ ਹੋਇਆ ਏ। ਕੱਲ੍ਹ ਮੈਨੂੰ ਕਹਿਣ ਲੱਗਾ, “ਮੰਮੀ ਹੁਣ ਮੈਂ ਨਾ ਤਾਂ ਕਦੇ ਨਾਨਕੀਂ ਜਾਣਾ ਨਾ ਸਕੂਲ।”
“ਕਿਉਂ ਮੇਰੇ ਰਾਜੇ ਪੁੱਤ?” ਮੈਂ ਇਹਨੂੰ ਬੁੱਕਲ ‘ਚ ਲੈ ਲਿਆ ਸੀ।
“ਜਦੋਂ ਮੈਂ ਨਾਨਕੀ ਗਿਆ ਸੀ, ਰੱਬ ਤਾਏ ਨੂੰ ਲੈ ਗਿਆ। ਜਦੋਂ ਸਕੂਲ ਗਿਆ ਤਾਂ ਭੈਣ ਨੂੰ ਲੈ ਗਿਆ। ਜੇ ਤੈਨੂੰ ਲੈ ਗਿਆ ਫਿਰ ਮੈਂ ਕੀਹਦੇ ਨਾਲ ਪਿਆਰ ਕਰੂੰ।” ਉਹਦਾ ਮਾਸੂਮ ਚਿਹਰਾ ਡਰਿਆ ਹੋਇਆ ਸੀ। ਮੈਂ ਉਹਨੂੰ ਛਾਤੀ ਨਾਲ ਘੁੱਟ ਲਿਆ, “ਰੱਬ ਚੰਗੇ ਬੰਦਿਆਂ ਨੂੰ ਬੁਲਾ ਲੈਂਦਾ, ਮੇਰੇ ਵਰਗੀ ਮਾੜੇ ਕਰਮਾਂ ਵਾਲੀ ਉਹਨੇ ਕੀ ਕਰਨੀ ਆਂ!”
ਘਰ ਕਿੰਨਾ ਸੁੰਨਾ-ਸੁੰਨਾ ਏ। ਭਰੇ ਭਰਾਏ ਘਰ ਵਿਚੋਂ ਦੋ ਜੀਅ ਤੁਰ ਗਏ ਨੇ, ਜਦੋਂ ਇਕੱਲੀ ਹੋਵਾਂ ਘਰੋਂ ਡਰ ਲੱਗਣ ਲੱਗਦਾ। ਇਕ ਦਿਨ ਪੇਟੀ ਖੋਹਲੀ, ਖੜ੍ਹੀ ਨੂੰ ਧੱਕਾ ਜਿਹਾ ਲੱਗਿਆ, ਮੇਰਾ ਦਿਲ ਕੰਬ ਗਿਆ। ਮੈਨੂੰ ਲੱਗਿਆ ਸੀ ਜਿਵੇਂ ਪਾਖਰ ਦਾ ਪ੍ਰੇਤ ਮੈਨੂੰ ਪੇਟੀ ਵਿਚ ਸੁੱਟ ਰਿਹਾ ਹੋਵੇ, ਮੇਰੀਆਂ ਚੀਕਾਂ ਨਿਕਲ ਗਈਆਂ। ਸੁੱਤੀ ਪਈ ਨੂੰ ਕਈ ਵਾਰ ਦਬਾਅ ਪੈ ਜਾਂਦਾ। ਜਦੋਂ ਇੱਕਲੀ ਹੋਵਾਂ ਅਜੀਬ-ਅਜੀਬ ਖ਼ਿਆਲ ਮੇਰੇ ਮਨ ‘ਚ ਆਉਂਦੇ ਰਹਿੰਦੇ ਨੇ, ਡਰਾਉਣੇ ਸੁਪਨੇ ਜਾਗਦਿਆਂ ਹੀ ਦਿੱਸਦੇ ਰਹਿੰਦੇ ਨੇ। ਸ਼ਾਇਦ ਇਹ ਪਾਖਰ ਦਾ ਪ੍ਰੇਤ ਹੈ ਜੋ ਤੰਗ ਕਰ ਰਿਹੈ ਜਾਂ ਸ਼ਾਇਦ ਉਨ੍ਹਾਂ ਗੱਲਾਂ ਦਾ ਦਿਲ ਉਤੇ ਵਜ਼ਨ ਹੈ ਜਿਹੜੀਆਂ ਮੈਂ ਕਿਸੇ ਨਾਲ ਸਾਂਝੀਆਂ ਨਹੀਂ ਕਰ ਸਕਦੀ। ਪਰæææਪਰ ਇਹ ਲੋਕ ਤਾਂ ਸਭ ਕੁਝ ਜਾਣਦੇ ਨੇ, ਰਾਮੋ ਮਾਈ ਅਤੇ ਕਰਨੈਲ ਕੁਰ ਦੀਆਂ ਗੱਲਾਂ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਨੇ।
ਮੇਰਾ ਦਿਲ ਕਰਦਾ ਏ ਕਿ ਮੈਂ ਹਰ ਹਮਦਰਦੀ ਪ੍ਰਗਟ ਕਰਨ ਆਏ ਨੂੰ ਸੱਚ ਦੱਸ ਕੇ ਦਿਲ ਹਲਕਾ ਕਰਾਂ, ਆਖਾਂ, “ਪ੍ਰੀਤੋ ਦਾ ਤਾਇਆ ਪਾਖਰ ਅਮਲੀ ਸੀ। ਪ੍ਰੀਤੋ ਦਾ ਬਾਪੂ ਉਹਦੇ ਨਿੱਤ ਪੈਸੇ ਮੰਗਣ ਤੋਂ ਤੰਗ ਸੀ। ਲੜਾਈ ਉਦੋਂ ਸ਼ੁਰੂ ਹੋਈ ਜਦੋਂ ਮੋਟਰ ਤੋਂ ਪਾਖਰ ਦਾ ਪਾਇਆ ਲਾਹਣ ਦਾ ਘੜਾ ਫੜਿਆ ਗਿਆ ਸੀ। ਪੰਦਰਾਂ ਹਜ਼ਾਰ ਠਾਣੇਦਾਰ ਨੂੰ ਦੇ ਕੇ ਮਸਾਂ ਮਾਮਲਾ ਰਫਾ-ਦਫਾ ਕਰਵਾਇਆ। ਪਾਖਰ ਨੇ ਅਫ਼ੀਮ ਲਈ ਪੈਸੇ ਮੰਗੇ, ਦੋਵਾਂ ਭਰਾਵਾਂ ਦੀ ਖੜਕ ਪਈ।”
“ਖੇਤੀ ‘ਚੋਂ ਕਿਹੜੇ ਪੌਂਡ ਬਚਦੇ ਨੇ, ਜਿਹੜੇ ਨਿੱਤ ਤੈਨੂੰ ਬਿੱਲੀ ਦੇ ਕੰਨਾਂ ਵਰਗੇ ਨੋਟ ਦੇਵਾਂ। ਪੰਦਰਾਂ ਹਜ਼ਾਰ ਤੇਰੇ ਪਤਿਉਰਿਆਂ ਨੂੰ ਕੱਲ੍ਹ ਦੇ ਕੇ ਆਇਆਂ,” ਪ੍ਰੀਤੋ ਦਾ ਬਾਪੂ ਸਤਿਆ ਹੋਇਆ ਬੋਲਿਆ ਸੀ।
“ਨਾ ਜਿਹੜਾ ਮੈਂ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੁੰਨਾ ਉਹਦਾ ਕੋਈ ਮੁੱਲ ਨੀ। ਫਿਰ ਮੇਰੀ ਤਿੰਨ ਕੀਲੇ ਜ਼ਮੀਨ ਆ। ਮੇਰਾ ‘ਕੱਲਾ ਢਿੱਡ ਆ ਤੁਸੀਂ ਚਾਰ ਜਣੇ ਓ ਖਾਣ ਵਾਲੇæææਮੈਨੂੰ ਅੱਡ ਕਰ ਦੋ, ਹਾਂ।” ਪਾਖਰ ਦੀਆਂ ਰਗਾਂ ‘ਚ ਅਫ਼ੀਮ ਅਤੇ ਬੋਲਾਂ ‘ਚ ਕੋਈ ਸ਼ਰੀਕ ਬੋਲ ਰਿਹਾ ਸੀ। ਅੱਡ ਹੋਣ ਦੀ ਗੱਲ ‘ਤੇ ਪ੍ਰੀਤੋ ਦਾ ਬਾਪੂ ਅੱਗ ਬਬੂਲਾ ਹੋ ਉਠਿਆ, “ਸਾਲ਼ਿਆ ਅਸੀਂ ਚਾਰ ਢਿੱਡ ਅਫੀਮਾਂ ਖਾਨੇ ਆਂ। ਨਾਲੇ ਜੇ ਮੈਂ ਇਹਦੇ ਨਾਲ ਚਾਰ ਲਾਵਾਂ ਲੈ ਲਈਆਂ, ਇਹ ਮੇਰੀ ਤੀਵੀਂ ਹੋਗੀ। ਜੁਆਕ ਸਾਲ਼ਿਆ ਤੇਰੇ ਨੇ ਦੋਵੇਂ, ਹੁਣੇ ਅੱਡ ਹੋ ਜਾ ਤਿੰਨਾਂ ਨੂੰ ਲੈ ਕੇ।” ਉਹ ਅੱਗ ਉਗਲ ਰਿਹਾ ਸੀ।
ਮੈਂ ਦੋਵਾਂ ਅੱਗੇ ਹੱਥ ਜੋੜੇ ਅਜਿਹੀਆਂ ਗੱਲਾਂ ਨਾ ਕਰੋ, ਜੁਆਨ ਧੀ ਕੋਲ ਖੜ੍ਹੀ ਏ। ਦੋਵੇਂ ਇਕ ਦੂਜੇ ਨੂੰ ਬੋਲਦੇ ਗਾਲ੍ਹਾਂ ਕੱਢਦੇ ਰਹੇ। ਪ੍ਰੀਤੋ ਦੇ ਬਾਪੂ ਨੇ ਗੰਡਾਸੀ ਚੁੱਕ ਲਈ। ਪਾਖਰ ਗਾਲ੍ਹਾਂ ਕੱਢਦਾ ਬਾਹਰ ਭੱਜ ਗਿਆ। ਪੰਜਵੇਂ ਦਿਨ ਪਤਾ ਲੱਗਾ, ਉਹ ਭੂਆ ਦੇ ਜਾ ਵੜਿਆ ਸੀ।
ਪ੍ਰੀਤੋ ਦੇ ਬਾਪੂ ਨੂੰ ਫ਼ਿਕਰ ਹੋਇਆ, ਭੂਆ ਦਾ ਮੁੰਡਾ ਵੈਲੀ ਕਿਸਮ ਦਾ ਆਦਮੀ ਸੀ। ਹੋਰ ਨਾ ਕਿਤੇ ਪਾਖਰ ਤੋਂ ਜ਼ਮੀਨ ਆਪਣੇ ਨਾਂ ਕਰਵਾ ਲਵੇ। ਉਹਦਾ ਸ਼ੱਕ ਸਹੀ ਨਿਕਲਿਆ। ਪਟਵਾਰੀ ਤੋਂ ਪੁੱਛਣ ‘ਤੇ ਪਤਾ ਲੱਗਾ ਪਾਖਰ ਜ਼ਮੀਨ ਦੇ ਨੰਬਰ ਲੈ ਗਿਆ ਸੀ। ਰਿਸ਼ਤੇਦਾਰਾਂ ਨੂੰ ਵਿਚ ਪਾ ਕੇ ਪਾਖਰ ਘਰੇ ਮੋੜ ਲਿਆਂਦਾ। ਸ਼ਾਮ ਨੂੰ ਸ਼ਰਾਬੀ ਹੋਇਆ ਪਾਖਰ ਕਹਿ ਰਿਹਾ ਸੀ, “ਪੁੱਤ ਪ੍ਰੀਤੋ ਮੈਨੂੰ ਥੋਡਾ ਮੋਹ ਮੋੜ ਲਿਆਇਆ ਮੈਂ ਤਾਂ ਇਸ ਘਰ ਪੈਰ ਵੀ ਨਹੀਂ ਪਾਉਣਾ ਸੀ।”
ਇਸ ਵਾਰ ਹਾੜ੍ਹੀ ਦਾ ਹਿਸਾਬ ਕਰਨ ‘ਤੇ ਆੜ੍ਹਤੀਆਂ ਦੇ 65 ਹਜ਼ਾਰ ਸਾਡੇ ਵੱਲ ਵਧੇ। ਉਸੇ ਸ਼ਾਮ ਦੋਵੇਂ ਭਰਾ ਸ਼ਰਾਬ ਪੀ ਰਹੇ ਸੀ। ਪ੍ਰੀਤੋ ਦਾ ਬਾਪੂ ਪਾਖਰ ਨੂੰ ਸਮਝਾ ਰਿਹਾ ਸੀ, “ਦੇਖ ਪਾਖਰ ਘਰ ਦੀ ਹਾਲਤ ਤਾਂ ਤੂੰ ਜਾਣਦਾ ਈ ਏਂ। ਆਪਾਂ ਕੋਈ ਟਾਟੇ ਬਿਰਲੇ ਤਾਂ ਹੈ ਨੀ। ਆੜ੍ਹਤੀਆ ਸਾਲ਼ਾ ਪੈਸੇ ਦੇਣੋਂ ਨਾਂਹ ਕਰ ਗਿਐ, ਕਹਿੰਦਾ ਪਹਿਲਾਂ ਪਿਛਲੇ ਪੂਰੇ ਕਰੋ। ਕੋਠੇ ਜਿੱਡੀ ਕੁੜੀ ਘਰ ਬੈਠੀ ਆ। ਹੁਣ ਤੂੰ ਇਸ ਕੋਹੜ ਤੋਂ ਖਹਿੜਾ ਛੁਡਾ।”
ਸ਼ਰਾਬੀ ਪਾਖਰ ਉਹਦੀ ਹਾਂ ‘ਚ ਹਾਂ ਮਿਲਾ ਰਿਹਾ ਸੀ, “ਤੂੰ ਕੀ ਸਮਝਦੈਂ ਮੈਨੂੰ ਪ੍ਰੀਤੋ ਦਾ ਫ਼ਿਕਰ ਨੀ। ਇਹਦੇ ਫ਼ਿਕਰ ‘ਚ ਤਾਂ ਮੈਨੂੰ ਨੀਂਦ ਨੀ ਆਉਂਦੀ। ਤਾਹੀਓਂ ਦਿਲ ਖੜ੍ਹਾਉਣ ਨੂੰ ਮਾਵਾ ਛਕ ਲੈਨਾਂæææਤੂੰ ਕੀ ਸਮਝਦੈਂ, ਮੈਂ ਨਸ਼ਾ-ਪੱਤਾ ਛੱਡ ਨੀ ਸਕਦਾ। ਬੱਸ ਅੱਜ ਤੋਂ ਛੱਡੀ।” ਉਹਨੇ ਅਫੀਮ ਨਾਲ ਲਿਬੜਿਆ ਕਾਗਜ਼ ਖੀਸੇ ‘ਚੋਂ ਕੱਢ ਕੇ ਸੁੱਟਿਆ। ਫਿਰ ਚੁੱਕ ਕੇ ਉਸ ਨਾਲੋਂ ਅਫੀਮ ਚੱਟਣ ਲੱਗਿਆ। “ਮੈਂ ਕਿਹਾ ਕਾਹਨੂੰ ਖਰਾਬ ਕਰਨੀ ਆਂ ਸਿਉਨੇ ਦੇ ਭਾਅ ਤਾਂ ਆਉਂਦੀ ਆ। ਬੱਸ ਹੁਣ ਖਾ ਲਈ ਮੁੜ ਮੂੰਹ ‘ਤੇ ਨੀ ਧਰਨੀ।”
ਮੇਰਾ ਹਾਸਾ ਨਿੱਕਲ ਗਿਆ। ਉਹ ਇਸ ਤਰ੍ਹਾਂ ਕਿੰਨੀ ਵਾਰ ਹੀ ਛੱਡ ਚੁੱਕਾ ਸੀ। ਮੈਂ ਰਸੋਈ ਵਿਚ ਰੋਟੀਆਂ ਪਕਾਣ ਜਾ ਲੱਗੀ ਸਾਂ। ਪਤਾ ਨਹੀਂ ਦੋਵੇਂ ਕਿਹੜੇ ਵੇਲੇ ਲੜਨ ਲੱਗ ਪਏ। ਇਕ ਦੂਜੇ ਨੂੰ ਮਾਵਾਂ-ਭੈਣਾਂ ਦੀਆਂ ਗਾਲ੍ਹਾਂ ਕੱਢਣ ਲੱਗ ਪਏ। ਪਾਖਰ ਨੇ ਗੰਡਾਸੀ ਜਾ ਚੁੱਕੀ। ਪ੍ਰੀਤੋ ਦੇ ਬਾਪੂ ਨੇ ਜੱਫਾ ਮਾਰ ਕੇ ਸੁੱਟ ਲਿਆ, ਗੰਡਾਸੀ ਖੋਹ ਲਈ। ਪਾਖਰ ਹਮੇਸ਼ਾ ਵਾਂਗ ਬਾਹਰ ਨੂੰ ਭੱਜਿਆ। ਪ੍ਰੀਤੋ ਦੇ ਬਾਪੂ ਨੇ ਗੰਡਾਸੀ ਉਹਦੇ ਸਿਰ ‘ਚ ਮਾਰੀ। ਉਹ ਲੋਟਣੀ ਖਾ ਕੇ ਡਿੱਗਿਆ। ਮੈਂ ਤੇ ਪ੍ਰੀਤੋ ਉਹਨੂੰ ਚੁੱਕਣ ਭੱਜੀਆਂ।
“ਖ਼ਬਰਦਾਰ ਜੇ ਇਹਨੂੰ ਹੱਥ ਲਾਇਆæææ।” ਪ੍ਰੀਤੋ ਦੇ ਬਾਪੂ ਨੇ ਸਾਨੂੰ ਗੰਡਾਸੀ ਤਾਣ ਲਈ। ਪਾਖਰ ਨੇ ਥੋੜ੍ਹੀ ਹਿੱਲਜੁਲ ਕੀਤੀ ਫਿਰ ਪਾਸਾ ਵੀ ਨਾ ਪਰਤਿਆ। ਅਸੀਂ ਮਾਂ-ਧੀ ਕਦੇ ਉਸ ਵੱਲ ਦੇਖ ਲੈਂਦੀਆਂ ਕਦੇ ਗੰਡਾਸੀ ਵਾਲੇ ਜੱਲਾਦ ਵੱਲ। ਜਦੋਂ ਉਹ ਘੁਰਾੜੇ ਮਾਰਨ ਲੱਗਿਆ ਤਾਂ ਅਸੀਂ ਪਾਣੀ ਲੈ ਕੇ ਪਾਖਰ ਕੋਲ ਗਈਆਂ। ਉਹਦੇ ਕੰਨ, ਨੱਕ ਅਤੇ ਮੂੰਹ ‘ਚ ਖੂਨ ਦਾ ਛੱਪੜ ਲੱਗਿਆ ਹੋਇਆ ਸੀ। ਉਹ ਠੰਢਾ ਹੋਇਆ ਪਿਆ ਸੀ। “ਉਹ ਤਾਂ ਮਰ ਗਿਆ।” ਮੈਂ ਪ੍ਰੀਤੋ ਦੇ ਬਾਪੂ ਨੂੰ ਹਲੂਣਿਆ। ਮੈਨੂੰ ਤੇ ਪ੍ਰੀਤੋ ਨੂੰ ਉਹਨੇ ਝਿੜਕ ਕੇ ਰੋਣ ਤੋਂ ਰੋਕਿਆ। ਉਹਦੀ ਸ਼ਰਾਬ ਜਿਵੇਂ ਉਤਰ ਗਈ। ਉਹ ਸਰਪੰਚ ਨਾਲ ਗਿਆ ਠਾਣੇਦਾਰ ਨੂੰ ਪੈਸੇ ਦੇ ਆਇਆ। ਸਵੇਰ ਹੁੰਦਿਆਂ ਹੀ ਪਾਖਰ ਦਾ ਸਿਵਾ ਬਾਲ਼ ਦਿੱਤਾ।
ਕਈ ਦਿਨਾਂ ਬਾਅਦ ਜ਼ਮੀਨ ਦਾ ਅੱਧਾ ਕੀਲਾ ਸਰਪੰਚ ਨੂੰ ਵੇਚ ਦਿੱਤਾ ਸੀ। ਏਥੋਂ ਹੀ ਮੇਰੀ ਪ੍ਰੀਤੋ ਦੀ ਦੁੱਖ ਭਰੀ ਕਹਾਣੀ ਸ਼ੁਰੂ ਹੁੰਦੀ ਏ। ਪਾਖਰ ਦੀ ਮੌਤ ਤੋਂ ਬਾਅਦ ਉਹ ਡੌਰ ਭੌਰ ਹੀ ਹੋ ਗਈ। ਉਹਨੂੰ ਨਾ ਖਾਣ ਦੀ ਸੁੱਧ ਸੀ ਨਾ ਪੀਣ ਦੀ। ਉਹ ਪਾਗ਼ਲਾਂ ਵਾਂਗ ਇਕ ਟਿਕ ਦੇਖਦੀ ਰਹਿੰਦੀ। ਦਿਨ ‘ਚ ਕਈ ਵਾਰ ਉਹਨੂੰ ਦੰਦਲ ਪੈ ਜਾਂਦੀ। ਡਾਕਟਰ ਦੀ ਦਵਾਈ ਨਾਲ ਉਹ ਸੌਂ ਜਾਂਦੀ। ਜਾਗਦੀ ਤਾਂ ਪਹਿਲਾਂ ਵਾਲੀ ਹਾਲਤ ਵਿਚ ਆ ਜਾਂਦੀ। ਆਪਣੇ ਬਾਪ ਨੂੰ ਦੇਖ ਕੇ ਡਰ ਜਾਂਦੀ। ਕਮਰੇ ‘ਚ ਜਾ ਵੜਦੀ। ਹਰੀਪੁਰ ਸੰਤਾਂ ਦੇ ਆਸ਼ਰਮ ਜਾ ਕੇ ਕੁਝ ਠੀਕ ਹੋ ਜਾਂਦੀ। ਘਰ ਆ ਕੇ ਫਿਰ ਉਹੀ ਹਾਲਤ। ਸੰਤਾਂ ਨੇ ਦੱਸਿਆ ਪ੍ਰੇਤ ਆਤਮਾ ਹੱਥ ਧੋ ਕੇ ਕੁੜੀ ਪਿੱਛੇ ਪਈ ਹੋਈ ਏ, ਇਹਨੂੰ ਆਸ਼ਰਮ ਛੱਡ ਜਾਓ ਠੀਕ ਹੋ ਜਾਵੇਗੀ। ਮੈਂ ਪ੍ਰੀਤੋ ਦੇ ਬਾਪੂ ਨਾਲ ਸਲਾਹ ਕਰਕੇ ਆਸ਼ਰਮ ਲੈ ਗਈ ਸਾਂ। ਉਥੇ ਹੋਰ ਵੀ ਬਹੁਤ ਸੰਗਤ ਰਹਿੰਦੀ ਏ।
ਸੰਤ ਜੀ ਸਾਡੇ ਵੱਲ ਕੁਝ ਜ਼ਿਆਦਾ ਹੀ ਮਿਹਰਬਾਨ ਸਨ। ਉਨ੍ਹਾਂ ਪ੍ਰੀਤੋ ਦੇ ਸਿਰ ‘ਤੇ ਹੱਥ ਫੇਰਦਿਆਂ ਕਿਹਾ ਸੀ, “ਬੇਟੀ ਕਾ ਫ਼ਿਕਰ ਨਾ ਕਰੋ, ਆਜ ਸੇ ਇਹ ਹਮਾਰੀ ਜ਼ਿੰਮੇਵਾਰੀ ਹੈ।” ਫਿਰ ਉਨ੍ਹਾਂ ਪ੍ਰੀਤੋ ਲਈ ਚੰਗਾ ਜਿਹਾ ਵਰ ਲੱਭਣ ਦੀ ਗੱਲ ਵੀ ਕਹੀ ਸੀ। ਮੈਂ ਪ੍ਰੀਤੋ ਵੱਲ ਦੇਖਿਆ, ਉਹਦੇ ਬੁੱਲ੍ਹਾਂ ‘ਤੇ ਮਿੱਠੀ ਜਿਹੀ ਮੁਸਕਾਨ ਆਈ ਸੀ। ਮੈਂ ਸੰਤਾਂ ਨੂੰ ਕਿਹਾ ਸੀ, “ਬਾਬਾ ਜੀ ਸਾਡੇ ਗ਼ਰੀਬਾਂ ਕੋਲ ਦੇਣ ਲਈ ਕੁਝ ਨਹੀਂ ਬੱਸ ਗਰੀਬੋ-ਗਰੀਬੀæææ।” ਸੰਤਾਂ ਕਿਹਾ ਸੀ, “ਸੋਨੇ ਜੈਸੀ ਬੇਟੀ ਹੈ ਔਰ ਕਿਆ ਚਾਹੀਏ ਕਿਸੀ ਕੋ।” ਮੇਰੇ ਜਿਵੇਂ ਮਨ ਦਾ ਬੋਝ ਲਹਿ ਗਿਆ ਸੀ।
ਦੋ ਕੁ ਦਿਨ ਮੈਂ ਆਸ਼ਰਮ ਰਹੀ ਸਾਂ। ਫਿਰ ਸਾਡੀ ਗੁਆਂਢਣ ਦੀ ਨੂੰਹ, ਜਿਹੜੀ ਬਾਬਾ ਜੀ ਦੇ ਅਸ਼ੀਰਵਾਦ ਨਾਲ ਜਿਊਂਦਿਆਂ ‘ਚ ਹੋਈ ਸੀ, ਆ ਗਈ। ਜਦੋਂ ਮੈਂ ਉਹਨੂੰ ਘਰੇ ਕੰਮ ਦਾ ਔਖਾ ਦੱਸਿਆ ਤਾਂ ਕਹਿਣ ਲੱਗੀ, “ਕੋਈ ਗੱਲ ਨੀ ਚਾਚੀ ਜੀ ਮੈਂ ਹਫ਼ਤਾ ਏਥੇ ਸੇਵਾ ਕਰਾਂਗੀ। ਤੁਸੀਂ ਪ੍ਰੀਤੋ ਨੂੰ ਮੇਰੇ ਕੋਲ ਛੱਡ ਜਾਓ।”
ਹਫ਼ਤਾ ਕੁ ਉਥੇ ਰਹਿ ਕੇ ਪ੍ਰੀਤੋ ਆ ਗਈ। ਸੰਤਾਂ ਦੇ ਕਹਿਣ ਅਨੁਸਾਰ ਉਹਨੂੰ ਇਕ ਡਾਕਟਰ ਤੋਂ ਦਵਾਈ ਵੀ ਸ਼ੁਰੂ ਕਰਵਾ ਦਿੱਤੀ ਸੀ। ਫਿਰ ਅਸੀਂ ਮਹੀਨਾ ਵੀਹ ਦਿਨ ਬਾਅਦ ਜਾ ਕੇ ਚੌਂਕੀ ਭਰ ਆਉਂਦੇ। ਪ੍ਰੀਤੋ ਹੁਣ ਨੌ ਬਰ ਨੌਂ ਸੀ। ਭਾਵੇਂ ਬਾਪ ਨੂੰ ਵੇਖ ਕੇ ਸਹਿਮ ਜਾਂਦੀ, ਕੋਈ ਗੱਲ ਨਾ ਕਰਦੀ। ਉਹਨੇ ਸਾਰਾ ਘਰ ਕੰਮ ਸੰਭਾਲ ਲਿਆ ਸੀ। ਉਹ ਪਹਿਲਾਂ ਨਾਲੋਂ ਤਕੜੀ ਹੋ ਗਈ ਸੀ। ਇਕ ਦਿਨ ਮੈਂ ਧਿਆਨ ਨਾਲ ਦੇਖਿਆ, ਉਹਦੇ ਸਰੀਰ ‘ਚ ਅਜਿਹੀ ਤਬਦੀਲੀ ਆਉਣ ਲੱਗੀ ਸੀ ਜਿਹੜੀ ਕੁਆਰੀਆਂ ਕੁੜੀਆਂ ਦੇ ਨਹੀਂ ਹੋਣੀ ਚਾਹੀਦੀ। ਮੈਂ ਉਹਨੂੰ ਪੁੱਛਿਆ ਸੀ, “ਕੁੜੇ ਪ੍ਰੀਤੋ ਮਹੀਨੇ ਦੇ ਦਿਨ ਯਾਦ ਨੇ?” ਉਹਦੇ ਚਿਹਰੇ ‘ਤੇ ਲਾਲੀ ਦੌੜ ਗਈ, ਉਹਦੀਆਂ ਨਜ਼ਰਾਂ ਧਰਤੀ ‘ਚ ਧਸ ਗਈਆਂ ਅਤੇ ਚਿਹਰਾ ਛਾਤੀ ‘ਚ ਫਿਰ ਉਹਦੇ ਅੱਖਾਂ ਦੇ ਕੋਇਆ ‘ਚ ਪਾਣੀ ਵਗ ਤੁਰਿਆ ਸੀ। ਮੇਰੇ ਉਤੇ ਜਿਵੇਂ ਪਹਾੜ ਟੁੱਟ ਪਿਆ ‘ਬਦਕਾਰੇ’ ਕਹਿ ਕੇ ਮੈਂ ਕੁੜੀ ਨੂੰ ਭੰਨ ਸੁੱਟਿਆ ਸੀ। ਦੱਸ ਕਿੱਥੇ ਖੇਹ ਖਾਧੀ ਆ?”
ਰੋਂਦੀ ਕੁੜੀ ਨੇ ਹਰੀਪੁਰੀਏ ਸੰਤ ਦਾ ਨਾਂ ਲਿਆ। ਸੰਤਾਂ ‘ਤੇ ਅਜਿਹਾ ਇਲਜ਼ਾਮ ਸੁਣ ਕੇ ਉਹ ਮੇਰੇ ਕੋਲੋਂ ਹੋਰ ਕੁੱਟੀ ਗਈ ਸੀ, “ਕਮਜ਼ਾਤੇ ਤੈਨੂੰ ਬਾਪ ਦੀ ਇਜ਼ੱਤ ਦਾ ਭੋਰਾ ਖ਼ਿਆਲ ਨਾ ਆਇਆ? ਦੱਸ ਹੁਣ ਲੋਕਾਂ ਨੂੰ ਕੀ ਮੂੰਹ ਦਿਖਾਵਾਂਗੇ? ਕੀ ਨੱਕ ਰਹੂ ਸ਼ਰੀਕੇ ‘ਚ?” ਮੈਂ ਉਹਨੂੰ ਕੁਟਦੀ ਪਤਾ ਨਹੀਂ ਕੀ ਕੁਝ ਬੋਲੀ ਗਈ ਸਾਂ। ਹੁਣ ਮੈਨੂੰ ਉਹਦੀ ਗੱਲ ਦਾ ਯਕੀਨ ਆਇਆ ਜਦੋਂ ਗੁਆਂਢਣ ਦੇ ਪੋਤੇ ‘ਚੋਂ ਮੈਂ ਸੰਤਾਂ ਦੇ ਨੈਣ-ਨਕਸ਼ ਪਛਾਣੇ।
ਪਹਿਲਾਂ ਮੈਂ ਆਪਣੇ ਮਨ ਨਾਲ ਪ੍ਰਕਾਸ਼ੋ ਦਾਈ ਨੂੰ ਬੁਲਾਣ ਦੀ ਸਲਾਹ ਬਣਾਈ ਸੀ। ਅਜਿਹੀਆਂ ਤੀਵੀਆਂ ਸੌ ਉਹੜ-ਪੋਹੜ ਜਾਣਦੀਆਂ ਹੁੰਦੀਆਂ ਨੇ ਪਰ ਉਸ ਚੁਗ਼ਲਖੋਰ ਨੇ ਸਾਰੇ ਪਿੰਡ ‘ਚ ਮਿੱਟੀ ਪੁੱਟ ਸੁੱਟਣੀ ਸੀ। ਇਕ ਦਿਨ ਪ੍ਰੀਤੋ ਨੂੰ ਉਹਦੇ ਬਾਪ ਤੋਂ ਚੋਰੀ ਸ਼ਹਿਰ ਲੈ ਗਈ ਸਾਂ। ਨਰਸ ਨੂੰ ਦਿਖਾਇਆ ਪਰ ਨਰਸ ਨੂੰ ਦੇਣ ਲਈ ਮੇਰੇ ਕੋਲ ਪੈਸੇ ਨਹੀਂ ਸਨ। ਮੈਂ ਪ੍ਰੀਤੋ ਨੂੰ ਉਹਦੇ ਬਾਪ ਸਾਹਮਣੇ ਜਾਣ ਤੋਂ ਵਰਜ ਦਿੱਤਾ ਸੀ। ਘਰੋਂ ਤਾਂ ਉਹ ਪਹਿਲਾਂ ਹੀ ਨਹੀਂ ਨਿਕਲਦੀ ਸੀ। ਮੈਂ ਪੈਸਿਆਂ ਦਾ ਇੰਤਜ਼ਾਮ ਕਰਨ ‘ਚ ਰੁੱਝ ਗਈ ਸਾਂ। ਪੇਕੀਂ ਗਈ ਮਾਂ ਕੋਲੋਂ ਸੱਚ-ਝੂਠ ਬੋਲ ਕੇ ਪੈਸੇ ਲੈ ਆਈ। ਹੁਣ ਪ੍ਰੀਤੋ ਦੇ ਬਾਪ ਕੋਲ ਬਹਾਨਾ ਬਣਾ ਕੇ ਸ਼ਹਿਰ ਜਾਣ ਬਾਰੇ ਸੋਚ ਰਹੀ ਸਾਂ।
ਘਾਹ ਫੂਸ ਹੇਠਾਂ ਅੱਗ ਕਿਤੇ ਲੁਕਦੀ ਏ। ਆਖ਼ਿਰ ਉਹ ਹੀ ਹੋਇਆ ਜਿਸ ਦਾ ਡਰ ਸੀ। ਪ੍ਰੀਤੋ ਦੇ ਬਾਪੂ ਨੇ ਮੈਨੂੰ ਪੁੱਛਿਆ। ਮੈਂ ਉਹਦੇ ਪੈਰ ਫੜ ਲਏ। ਉਹ ਸੋਟੀ ਨਾਲ ਕੁੱਟਣ ਲੱਗਾ, “ਭੈਣ ਚੋæææਤੁਸੀਂ ਮੈਨੂੰ ਕਿਤੇ ਖੜ੍ਹਨ ਜੋਗਾ ਨੀ ਛੱਡਿਆ।” ਮੈਂ ਕੁੱਟ ਖਾਂਦੀ ਉਚੀ ਵੀ ਨਹੀਂ ਰੋਈ ਸਾਂ। ਕਿਤੇ ਕੰਨਾਂ ਵਾਲੀਆਂ ਕੰਧਾਂ ਨਾ ਸੁਣ ਲੈਣ। ਪ੍ਰੀਤੋ ਡਰ ਕੇ ਕਮਰੇ ‘ਚ ਜਾ ਵੜੀ। ਉਹ ਪ੍ਰੀਤੋ ਵੱਲ ਭੱਜਿਆ। ਉਹ ਸ਼ਾਇਦ ਸੋਟੀ ਲੱਗਣ ਤੋਂ ਪਹਿਲਾਂ ਹੀ ਬੇਹੋਸ਼ ਹੋ ਗਈ ਸੀ। ਉਹ ਇਸ ਤਰ੍ਹਾਂ ਕੁੱਟ ਰਿਹਾ ਸੀ ਜਿਵੇਂ ਮਿੱਟੀ ਨੂੰ ਕੁੱਟ ਰਿਹਾ ਹੋਵੇ। ਉਹਦੇ ਸਿਰ ‘ਤੇ ਕੋਈ ਭੂਤ ਸਵਾਰ ਸੀ। ਉਹਨੇ ਤਾਰ ਪਲੱਗ ‘ਚ ਲਾ ਕੇ ਕੁੜੀ ਨੂੰ ਲਾ ਦਿੱਤੀ। ਪਈ ਕੁੜੀ ਇਕਦਮ ਉਠੀ, ਫਿਰ ਡਿੱਗ ਪਈ। ਫਿਰ ਤਾਰ ਉਦੋਂ ਚੁੱਕੀ ਜਦੋਂ ਮਰ ਜਾਣ ਦਾ ਯਕੀਨ ਹੋ ਗਿਆ। ਮੈਂ ਦਰਸ਼ਕਾਂ ਵਾਂਗ ਦੇਖਦੀ ਰਹੀ ਸਾਂ, ਬੱਸ ਦੇਖਦੀ ਰਹੀ ਸਾਂ।
ਇਹੋ ਦੁੱਖੜਾ ਇਕ ਰਾਤੇ ਜਦੋਂ ਮੈਂ ਅਤੇ ਮਾਂ ਪਈਆਂ ਸਾਂ, ਮੈਂ ਮਾਂ ਦੇ ਕੰਨ ‘ਚ ਰੋਣ ਦੀ ਹਿੰਮਤ ਕਰਨ ਲੱਗੀ ਸਾਂ। ਮਾਂ ਦੀਆਂ ਅੱਖਾਂ ‘ਚੋਂ ਪਾਣੀ ਆ ਗਿਆ। ਉਹਨੇ ਕਿਹਾ ਸੀ, “ਚੰਗਾ ਮੇਰੀ ਧੀ ਸੌਂ ਜਾਹ, ਹੋਰ ਝੱਲ ਬਲੱਲੀਆਂ ਨਾ ਮਾਰ।” ਫਿਰ ਹਉਕਾ ਭਰ ਕੇ ਕਿਹਾ, “ਤੇਰੇ ਵੀ ਕੀ ਵੱਸ ਏ ਜਵਾਨ ਧੀ ਦੇ ਤੁਰ ਜਾਣ ਦਾ ਸਦਮਾ ਕਿਤੇ ਥੋੜ੍ਹਾ ਹੁੰਦਾ!” ਉਹਦੇ ਮੱਥੇ ‘ਤੇ ਚਿੰਤਾ ਦੀਆਂ ਰੇਖਾਵਾਂ ਉਭਰ ਆਈਆਂ, “ਕਿਤੇ ਤੈਨੂੰ ਵੀ ਪ੍ਰੇਤ ਦੀ ਛਾਇਆ ਤਾਂ ਨਹੀਂ ਹੋ ਗਈ? ਪਾਖਰ ਦੇ ਮਰਨ ਤੋਂ ਬਾਅਦ ਪ੍ਰੀਤੋ ਵੀ ਅਜਿਹੀਆਂ ਹੀ ਝੱਲ ਬਲੱਲੀਆਂ ਮਾਰਨ ਲੱਗੀ ਸੀ।” ਉਹ ਚੱਪਣ ਵਿਚ ਗੋਹੇ ਦੀ ਅੱਗ ਰੱਖ ਕੇ ਹਰੀਪੁਰੋਂ ਲਿਆਂਦੀ ਧੂਫ ਮੈਨੂੰ ਦੇਣ ਲੱਗੀ, “æææਹੇ ਸੱਚੇ ਪਾਤਸ਼ਾਹ! ਮੇਰੀ ਧੀ ਨੂੰ ਪ੍ਰੇਤ ਤੋਂ ਬਚਾਈਂ।” ਪਤਾ ਨਹੀਂ ਮਾਂ ਮੈਨੂੰ ਕਿਸ ਪ੍ਰੇਤ ਤੋਂ ਬਚਾਉਣਾ ਚਾਹੁੰਦੀ ਸੀ। ਪਾਖਰ ਦੇ ਪ੍ਰੇਤ ਤੋਂ ਜਾ ਉਨ੍ਹਾਂ ਪ੍ਰੇਤਾਂ ਤੋਂ ਜਿਨ੍ਹਾਂ ਮੇਰੀ ਧੀ ਦੀ ਜਾਨ ਲਈ ਸੀ।