ਡਾæ ਚਰਨਜੀਤ ਸਿੰਘ ਗੁਮਟਾਲਾ
ਫੋਨ: 937-573-9812
ਸ਼ਹਿਰੀ ਹਵਾਬਾਜੀ ਮੰਤਰੀ ਅਸ਼ੋਕ ਗਜਾਪਤੀ ਰਾਜੂ ਨੇ ਹਾਲ ਹੀ ਵਿਚ ਇਕ ਬਿਆਨ ਦਿੱਤਾ ਹੈ ਕਿ ਪਹਿਲਾਂ ਹਵਾਈ ਸਫਰ ਸਮੇਂ ਜਾਂਚ ਸਮੇਂ ਉਨ੍ਹਾਂ ਦੀਆਂ ਮਾਚਿਸ ਡੱਬੀਆਂ ਜਬਤ ਕਰ ਲਈਆਂ ਜਾਂਦੀਆਂ ਸਨ ਪਰ ਹੁਣ ਮੰਤਰੀ ਹੋਣ ਕਰਕੇ ਉਨ੍ਹਾਂ ਦੀ ਜਾਂਚ ਨਹੀਂ ਕੀਤੀ ਜਾਂਦੀ ਜਿਸ ਕਰਕੇ ਉਨ੍ਹਾਂ ਨੂੰ ਹੁਣ ਮਾਚਿਸ ਦੀ ਡੱਬੀ ਨਾਲ ਖੜ੍ਹਨ ਦੀ ਆਗਿਆ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਦੁਨੀਆਂ ਵਿਚ ਇਕ ਵੀ ਮਿਸਾਲ ਨਹੀਂ ਮਿਲੀ ਜਿਸ ਵਿਚ ਮਾਚਿਸ ਹਵਾਈ ਜਹਾਜ ਲਈ ਖਤਰਨਾਕ ਸਾਬਤ ਹੋਵੇ।
ਮੰਤਰੀ ਨੂੰ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ ਹੈ ਕਿ ਮਾਚਿਸਾਂ ਉਪਰ ਪਾਬੰਦੀ ਦਸੰਬਰ 2001 ਵਿਚ ਉਸ ਸਮੇਂ ਲਾਈ ਗਈ ਸੀ ਜਦ ਅਮਰੀਕਾ ਵਿਚ ਰਿਚਰਡ ਰੀਡ ਨੇ ਜੁੱਤੀ ਵਿਚ ਲੁਕਾਏ ਬੰਬ ਨੂੰ ਹਵਾਈ ਜਹਾਜ ਵਿਚ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਸੀ। ਮਾਚਸ ਦੀ ਤੀਲੀ ਨਾਲ ਲਾਈ ਅੱਗ ਜਹਾਜ ਨੂੰ ਤਬਾਹ ਕਰ ਸਕਦੀ ਹੈ ਜੋ ਜਹਾਜ ਨੂੰ ਅਗਵਾ ਕਰਨ ਨਾਲੋਂ ਵੀ ਖਤਰਨਾਕ ਹੈ।
ਹਵਾਈ ਅੱਡਿਆਂ ‘ਤੇ ਸਵਾਰੀਆਂ ਦੀ ਸਖਤੀ ਨਾਲ ਜਾਂਚ ਅਮਰੀਕਾ ਵਿਚ 11 ਸਤੰਬਰ 2001 ਨੂੰ 19 ਅਲਕਾਇਦਾ ਅਤਿਵਾਦੀਆਂ ਵਲੋਂ 4 ਹਵਾਈ ਜਹਾਜ ਅਗਵਾ ਕਰਕੇ ਕੀਤੇ ਆਤਮਘਾਤੀ ਹਮਲੇ ਪਿੱਛੋਂ ਸ਼ੁਰੂ ਹੋਈ। ਇਨ੍ਹਾਂ ਵਿਚੋਂ 2 ਜਹਾਜ ਤਾਂ ਉਨ੍ਹਾਂ ਨਿਊ ਯਾਰਕ ਸਥਿਤ ਵਿਸ਼ਵ-ਵਪਾਰ ਕੇਂਦਰ ਉਪਰ ਮਾਰੇ। ਤੀਜਾ ਅਮਰੀਕਾ ਦੀ ਰਾਜਧਾਨੀ ਵਿਖੇ ਪੈਂਟਾਗਨ ਵਿਚ ਮਾਰਿਆ ਤੇ ਚੌਥਾ ਪੈਨਸਿਲਵੇਨੀਆ ਦੇ ਖੇਤਾਂ ਵਿਚ ਤਬਾਹ ਹੋ ਗਿਆ। ਨਿਊ ਯਾਰਕ ਅਤੇ ਵਾਸ਼ਿੰਗਟਨ ਡੀæ ਸੀæ ਵਿਖੇ ਕੀਤੇ ਹਮਲਿਆਂ ਵਿਚ 3000 ਤੋਂ ਵੱਧ ਵਿਅਕਤੀ ਮਾਰੇ ਗਏ।
ਸੀ ਸੀ ਟੀ ਵੀ ਕੈਮਰਿਆਂ ਦੀ ਪੜਤਾਲ ਤੋਂ ਪਤਾ ਲੱਗਾ ਕਿ ਇਨ੍ਹਾਂ ਪਾਸ ਪੈਂਟਾਂ ਦੀਆਂ ਪਿਛਲੀਆਂ ਜੇਬਾਂ ਵਿਚ ਚਾਕੂ ਤੇ ਕਟਰ ਸਨ। ਉਸ ਸਮੇਂ ਛੋਟੇ ਚਾਕੂਆਂ ਉਪਰ ਪਾਬੰਦੀ ਨਹੀਂ ਸੀ। ਇਸ ਤੋਂ ਪਿੱਛੋਂ ਅਮਰੀਕਾ ਨੇ ਕਈ ਸਖਤ ਕਦਮ ਚੁੱਕੇ। ਪਹਿਲੀ ਗੱਲ ਇਹ ਹੈ ਕਿ ਇੱਥੇ ਹਵਾਈ ਅੱਡਿਆਂ ਉਪਰ ਵੀæ ਆਈæ ਪੀæ ਲਈ ਕੋਈ ਵਿਵਸਥਾ ਨਹੀਂ। ਕੇਵਲ ਰਾਸ਼ਟਰਪਤੀ, ਉਪ-ਰਾਸ਼ਟਰਪਤੀ ਤੇ ਸਪੀਕਰ ਨੂੰ ਹੀ ਤਲਾਸ਼ੀ ਤੋਂ ਛੋਟ ਹੈ। ਕਾਰਨ ਇਹ ਹੈ ਕਿ ਇਨ੍ਹਾਂ ਪਾਸ ਹਮੇਸ਼ਾ ਸੁਰੱਖਿਆ ਗਾਰਡ ਹੁੰਦੇ ਹਨ। ਹਵਾਈ ਅੱਡਿਆਂ ‘ਤੇ ਇਨ੍ਹਾਂ ਨੇ ਆਧੁਨਿਕ ਮਸ਼ੀਨਾਂ ਲਾਈਆਂ ਹਨ, ਜਿਨ੍ਹਾਂ ਵਿਚ ਸਾਰੇ ਸਰੀਰ ਦੀ ਤਸਵੀਰ ਆ ਜਾਂਦੀ ਹੈ ਤੇ ਉਹ ਕਿਸੇ ਵੀ ਥਾਂ ਲੁਕਾਈ ਚੀਜ਼ ਦਸ ਦਿੰਦੀਆਂ ਹਨ। ਇਸ ਦੇ ਬਾਵਜੂਦ ਕੱਪੜਿਆਂ ਨੂੰ ਛੱਡ ਕੇ ਬਾਕੀ ਸਾਰਾ ਸਾਮਾਨ ਜਿਵੇਂ ਕਿ ਘੜੀ, ਬੈਲਟ, ਗਹਿਣੇ, ਜੁੱਤੀ, ਪਰਸ, ਫੋਨ ਆਦਿ ਲੁਆ ਕੇ ਉਨ੍ਹਾਂ ਦੀ ਸਕੈਨਿੰਗ ਕੀਤੀ ਜਾਂਦੀ ਹੈ। ਦਸਤਾਰ ਦੀ ਵੀ ਉਹ ਪੜਤਾਲ ਕਰਦੇ ਹਨ ਕਿ ਇਸ ਵਿਚ ਕੋਈ ਚੀਜ਼ ਨਾ ਲੁਕਾਈ ਹੋਵੇ। ਉਹ ਦਸਤਾਰ ਨਹੀਂ ਲੁਹਾਉਂਦੇ। ਇਸ ਲਈ ਉਹ ਯਾਤਰੂ ਨੂੰ ਦਸਤਾਰ ਉਪਰ ਹੱਥ ਫੇਰਨ ਲਈ ਕਹਿੰਦੇ ਹਨ ਤੇ ਬਾਅਦ ਵਿਚ ਇਕ ਕਾਗਜ਼ ਹੱਥ ‘ਤੇ ਫੇਰ ਕੇ ਕੰਪਿਊਟਰ ਉਪਰ ਪੜਤਾਲ ਕਰਦੇ ਹਨ। ਜਿਹੜਾ ਸਾਮਾਨ ਜਮ੍ਹਾਂ ਕਰਵਾਇਆ ਜਾਂਦਾ ਹੈ, ਉਸ ਵਿਚ ਕੋਈ ਧਮਾਕਾਖੇਜ਼ ਸਮਗਰੀ ਨਾ ਹੋਵੇ, ਉਸ ਲਈ ਵਿਸ਼ੇਸ਼ ਸਕੈਨਿੰਗ ਮਸ਼ੀਨਾਂ ਹਨ। ਇਸ ਤੋਂ ਇਲਾਵਾ ਸਾਮਾਨ ਸੁੰਘ ਕੇ ਜਾਣਕਾਰੀ ਦੇਣ ਵਾਲੇ ਕੁੱਤੇ ਹਨ।
ਅੱਜ ਵਿਸ਼ਵ ਭਰ ਵਿਚ ਅਤਿਵਾਦ ਦਾ ਖਤਰਾ ਮੰਡਰਾ ਰਿਹਾ ਹੈ। ਹਾਲ ਹੀ ਵਿਚ ਦਹਿਸ਼ਤਗਰਦਾਂ ਦਾ ਇਕ ਬਿਆਨ ਆਇਆ ਹੈ ਕਿ ਉਹ ਧਾਤ ਤੋਂ ਬਗੈਰ ਆਮ ਸਮਗਰੀ ਨਾਲ ਜਹਾਜ ਵਿਚ ਧਮਾਕਾ ਕਰ ਸਕਦੇ ਹਨ।
ਜਹਾਜਾਂ ਨੂੰ ਅਗਵਾ ਕਰਨ ਤੇ ਉਨ੍ਹਾਂ ਨੂੰ ਧਮਾਕਾਖੇਜ਼ ਸਮਗਰੀ ਨਾਲ ਉਡਾਣ ਦੀਆਂ ਅਨੇਕਾਂ ਉਦਾਹਰਨਾਂ ਹਨ। 6 ਅਕਤੂਬਰ 1976 ਨੂੰ ਕਿਊਬਾ ਦਾ ਜਹਾਜ ਜੋ ਕਿ ਜਮਾਇਕਾ ਜਾ ਰਿਹਾ ਸੀ, ਅਤਿਵਾਦ ਹਮਲੇ ਦਾ ਸ਼ਿਕਾਰ ਹੋ ਗਿਆ ਜਿਸ ਵਿਚ ਸਵਾਰ 73 ਯਾਤਰੂ ਮਾਰੇ ਗਏ। ਦੁਨੀਆਂ ਵਿਚ ਸਭ ਤੋਂ ਦਰਦਨਾਕ ਹਾਦਸੇ ਦਾ ਸ਼ਿਕਾਰ ਏਅਰ ਇੰਡੀਆ ਦੀ ਉਡਾਣ ਨੰਬਰ 182 ਹੋਈ ਜੋ 23 ਜੂਨ 1985 ਨੂੰ ਕੈਨੇਡਾ ਦੇ ਮੌਂਟਰੀਅਲ ਸ਼ਹਿਰ ਤੋਂ ਦਿੱਲੀ ਬਰਾਸਤਾ ਲੰਡਨ ਆ ਰਹੀ ਸੀ। ਜਦ ਇਹ ਜਹਾਜ ਆਇਰਲੈਂਡ ਦੇ ਦੱਖਣ ਅਟਲਾਂਟਿਕ ਮਹਾਂਦੀਪ ਉਪਰ 31 ਹਜ਼ਾਰ ਫੁੱਟ ਦੀ ਉਚਾਈ ‘ਤੇ ਉਡ ਰਿਹਾ ਸੀ ਤਾਂ ਇਸ ਵਿਚ ਬੰਬ ਦਾ ਧਮਾਕਾ ਹੋਇਆ। ਏਅਰ ਇੰਡੀਆ ਦੇ ਕਨਿਸ਼ਕਾ ਐਮਪਰ ਨਾਂ ਦੇ ਇਸ ਬੋਇੰਗ 747-237 ਬੀ ਵਿਚ ਸੁਆਰ ਸਾਰੇ ਦੇ ਸਾਰੇ 329 ਸੁਆਰ ਮਾਰੇ ਗਏ, ਜਿਨ੍ਹਾਂ ਵਿਚ 268 ਕੈਨੇਡੀਅਨ ਸਿਟੀਜ਼ਨ, 27 ਬਰਤਾਨਵੀ ਤੇ 24 ਭਾਰਤੀ ਸਨ, ਪਰ ਇਨ੍ਹਾਂ ਵਿਚ ਬਹੁ-ਗਿਣਤੀ ਭਾਰਤੀ ਮੂਲ ਦੇ ਲੋਕਾਂ ਦੀ ਸੀ ਜੋ ਆਪਣੀ ਪਿਤਰ ਭੂਮੀ ਭਾਰਤ ਵੇਖਣ ਆ ਰਹੇ ਸਨ। ਇਹ ਕੈਨੇਡਾ ਦੇ ਇਤਿਹਾਸ ਵਿਚ ਪਹਿਲੀ ਘਟਨਾ ਸੀ, ਜਿਸ ਵਿਚ ਵੱਡੀ ਪੱਧਰ ‘ਤੇ ਏਨੇ ਲੋਕ ਮਾਰੇ ਗਏ ਸਨ। ਇਹ ਵਾਕਿਆ ਉਸ ਸਮੇਂ ਹੋਇਆ ਜਿਸ ਸਮੇਂ ਜਾਪਾਨ ਦੇ ਟੋਕੀਓ ਦੇ ਨਰਿਟਾ ਹਵਾਈ ਅੱਡੇ ‘ਤੇ ਇਸੇ ਤਰੀਕ ਨੂੰ ਬੰਬ ਧਮਾਕਾ ਹੋਇਆ।
ਪੜਤਾਲ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਇਹ ਧਮਾਕਾ ਏਅਰ ਇੰਡੀਆ ਦੀ ਉਡਾਣ 301, ਜਿਸ ਵਿਚ 177 ਮੁਸਾਫਰ ਸਨ, ਨੂੰ ਉਡਾਣ ਲਈ ਕੀਤਾ ਗਿਆ। ਦੋਵੇਂ ਧਮਾਕੇ ਕਥਿਤ ਤੌਰ ‘ਤੇ ਇਕੋ ਸੰਸਥਾ ਵਲੋਂ ਕੀਤੇ ਗਏ ਪਰ ਇਹ ਧਮਾਕਾ ਉਸ ਸਮੇਂ ਹੋਇਆ ਜਦ ਸਾਮਾਨ ਜਹਾਜ ਤੋਂ ਬਾਹਰ ਸੀ। ਇਸ ਧਮਾਕੇ ਵਿਚ 2 ਸਾਮਾਨ ਸੰਭਾਲਣ ਵਾਲੇ ਮਾਰੇ ਗਏ ਤੇ 4 ਜਖ਼ਮੀ ਹੋਏ। ਇਹ ਦੋਵੇਂ ਧਮਾਕੇ ਕਥਿਤ ਤੌਰ ‘ਤੇ ਸ੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਦਾ ਬਦਲਾ ਲੈਣ ਲਈ ਬੱਬਰ ਖਾਲਸਾ ਵਲੋਂ ਕੀਤੇ ਗਏ। ਇਸ ਘਟਨਾ ਪਿੱਛੋਂ ਕੈਨੇਡਾ ਸਰਕਾਰ ਨੇ ਹਵਾਈ ਅੱਡਿਆਂ ‘ਤੇ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ। ਇਸੇ ਤਰ੍ਹਾਂ 1988 ਵਿਚ ਸਾਮਾਨ ਦੀ ਚੈਕਿੰਗ ਸਮੇਂ ਇਕ ਬੰਬ ਸੁਰੱਖਿਆ ਕਰਮਚਾਰੀਆਂ ਦੀ ਚੈਕਿੰਗ ਤੋਂ ਬੱਚ ਕੇ ਪੈਨ ਅਮੈਰਿਕਾ ਦੇ ਜਹਾਜ ਦੇ ਹਾਦਸੇ ਦਾ ਕਾਰਨ ਬਣਿਆ, ਜਿਸ ਵਿਚ 270 ਵਿਅਕਤੀ ਮਾਰੇ ਗਏ।
10 ਅਗਸਤ 2006 ਨੂੰ ਬਰਤਾਨੀਆ ਨੇ ਇਕ ਸਾਜਿਸ਼ ਦਾ ਪਤਾ ਲਾਇਆ ਜਿਸ ਅਨੁਸਾਰ ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਦੇ ਜਹਾਜਾਂ ਨੂੰ ਤਰਲ ਪਦਾਰਥਾਂ ਨਾਲ ਉਡਾਇਆ ਜਾਣਾ ਸੀ। ਇਸ ਪਿੱਛੋਂ ਹੱਥ ਵਾਲੇ ਸਾਮਾਨ ਵਿਚ ਤਰਲ ਪਦਾਰਥ ਖੜ੍ਹਨ ‘ਤੇ ਪਾਬੰਦੀ ਲਾ ਦਿੱਤੀ ਗਈ।
ਜਿੱਥੋਂ ਤੀਕ ਭਾਰਤ ਦਾ ਸਬੰਧ ਹੈ, ਸ਼ਹਿਰੀ ਹਵਾਬਾਜੀ ਮੰਤਰੀ ਨੂੰ ਯਾਦ ਹੋਣਾ ਚਾਹੀਦਾ ਹੈ ਕਿ ਏਅਰ ਇੰਡੀਆ ਦੀ ਉਡਾਣ ਆਈ ਸੀ 814 ਜੋ ਨੇਪਾਲ ਦੇ ਕਾਠਮੰਡੂ ਹਵਾਈ ਅੱਡੇ ਤੋਂ 24 ਦਸੰਬਰ 1999 ਨੂੰ ਦਿੱਲੀ ਆ ਰਹੀ ਸੀ, ਪਾਕਿਸਤਾਨ ਦੇ ਅਤਿਵਾਦੀ ਧੜੇ ਹਰਕਤ ਉਲ ਮੁਜਾਹੇਦੀਨ ਵਲੋਂ ਅਗਵਾ ਕਰ ਲਈ ਗਈ। ਅਗਵਾ ਉਡਾਣ ਅੰਮ੍ਰਿਤਸਰ, ਲਾਹੌਰ, ਡੁਬਈ ਦੇ ਹਵਾਈ ਅੱਡਿਆਂ ਤੋਂ ਉਤਰਦੀ ਹੋਈ ਅਖੀਰ ਅਫਗਾਨਿਸਤਾਨ ਦੇ ਕੰਧਾਰ ਹਵਾਈ ਅੱਡੇ ਪਹੁੰਚੀ, ਜੋ ਉਸ ਸਮੇਂ ਤਾਲਿਬਾਨ ਦੇ ਕਬਜੇ ਵਿਚ ਸੀ। ਅਗਵਾਕਾਰਾਂ ਨੇ 176 ਵਿਚੋਂ 27 ਯਾਤਰੂਆਂ ਨੂੰ ਦੁਬਈ ਵਿਚ ਰਿਹਾ ਕਰ ਦਿੱਤਾ, ਇਕ ਨੂੰ ਖ਼ੰਜਰ ਮਾਰ ਕੇ ਮਾਰ ਦਿੱਤਾ ਤੇ ਕਈਆਂ ਨੂੰ ਜਖ਼ਮੀ ਕਰ ਦਿੱਤਾ। ਅਖੀਰ 7 ਦਿਨਾਂ ਪਿੱਛੋਂ ਯਾਤਰੂਆਂ ਦੀ ਉਸ ਸਮੇਂ ਰਿਹਾਈ ਹੋਈ ਜਦੋਂ ਭਾਰਤ ਨੇ ਤਿੰਨ ਅਤਿਵਾਦੀ ਮੁਸ਼ਤਾਕ ਅਹਿਮਦ ਜਰਗਰ, ਅਹਿਮਦ ਉਮਰ ਸਾਈਦ ਸ਼ੇਖ ਅਤੇ ਮੌਲਾਨਾ ਮਸੂਦ ਅਜਹਰ ਰਿਹਾ ਕਰਨੇ ਮੰਨੇ।
ਜਦ ਪੰਜਾਬ ਅਣਸੁਖਾਵੇਂ ਹਾਲਾਤ ਵਿਚੋਂ ਗੁਜ਼ਰ ਰਿਹਾ ਸੀ ਤਾਂ 4 ਹਵਾਈ ਜਹਾਜ ਅਗਵਾ ਹੋਏ। ਇਕ ਜਹਾਜ 29 ਸਤੰਬਰ 1981 ਨੂੰ ਲਾਹੌਰ ਲੈ ਜਾਇਆ ਗਿਆ। ਲਾਹੌਰ ਵਿਚ ਅਗਵਾਕਾਰਾਂ ਵਿਰੁਧ ਮੁਕੱਦਮਾ ਚਲਿਆ ਤੇ 20-20 ਸਾਲ ਕੈਦ ਹੋਈ। ਦੂਜਾ ਜਹਾਜ ਜੋ 20 ਅਗਸਤ 1982 ਨੂੰ ਜੈਪੁਰ ਤੋਂ ਸ੍ਰੀ ਨਗਰ ਜਾ ਰਿਹਾ ਸੀ, ਅਗਵਾ ਕੀਤਾ ਗਿਆ ਜੋ ਲਾਹੌਰ ਚੱਕਰ ਲਾਉਣ ਪਿੱਛੋਂ ਅੰਮ੍ਰਿਤਸਰ ਉਤਰਿਆ। ਕਮਾਂਡੋਆਂ ਨੇ ਪਿਛਲੇ ਪਾਸਿਓਂ ਜਹਾਜ ਵਿਚ ਵੜ੍ਹ ਕੇ ਕੈਬਿਨ ਵਿਚ ਬੈਠੇ ਅਗਵਾਕਾਰ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਇਸ ਘਟਨਾ ਦੇ ਕੁਝ ਸਮਾਂ ਪਿੱਛੋਂ ਚੌਥਾ ਵਾਕਿਆ ਵਾਪਰਿਆ। ਅੰਮ੍ਰਿਤਸਰ ਆ ਕੇ ਅਗਵਾਕਾਰ ਜਹਾਜ ਤੋਂ ਬਾਹਰ ਆ ਗਿਆ। ਉਸ ਪਾਸ ਕੋਈ ਹਥਿਆਰ ਨਹੀਂ ਸੀ। ਉਸ ਨੇ ਲੀਰਾਂ ਦਾ ਇਕ ਖਿੱਦੋ ਬਣਾ ਕੇ ਕਪੜੇ ਵਿਚ ਲੁਕਾਇਆ ਹੋਇਆ ਸੀ, ਜਿਸ ਨੂੰ ਬੰਬ ਦੱਸ ਕੇ ਉਸ ਨੇ ਜਹਾਜ ਅਗਵਾ ਕੀਤਾ ਸੀ।
ਦੁਨੀਆਂ ਦੇ ਕਿਸੇ ਵੀ ਹਵਾਈ ਅੱਡੇ ਉਪਰ ਕੋਈ ਵੀæ ਆਈæ ਪੀæ ਬੋਰਡ ਨਹੀਂ। ਅਸੀਂ ਹਵਾਈ ਅੱਡਿਆਂ ਉਪਰ ਵੀæ ਆਈæ ਬੋਰਡ ਲਾ ਕੇ 23 ਵਰਗਾਂ ਦੇ ਲੀਡਰਾਂ ਨੂੰ ਬਿਨਾਂ ਕਿਸੇ ਪੜਤਾਲ ਦੇ ਜਹਾਜਾਂ ਅੰਦਰ ਜਾਣ ਦੀ ਆਗਿਆ ਦਿੱਤੀ ਹੋਈ ਹੈ ਜਿਵੇਂ ਕਿ ਸ਼ਹਿਰੀ ਹਵਾਬਾਜੀ ਮੰਤਰੀ ਨੂੰ ਮਿਲੀ ਹੋਈ ਹੈ। ਇੰਗਲੈਂਡ ਵਿਚ ਕੇਵਲ ਮਲਕਾ ਨੂੰ ਤਲਾਸ਼ੀ ਤੋਂ ਛੋਟ ਹੈ। ਪ੍ਰਧਾਨ ਮੰਤਰੀ ਦੀ ਵੀ ਹਵਾਈ ਅੱਡਿਆਂ ਉਪਰ ਆਮ ਯਾਤਰੂਆਂ ਦੀ ਤਰ੍ਹਾਂ ਚੈਕਿੰਗ ਹੁੰਦੀ ਹੈ। ਪਰ ਰਾਸ਼ਟਰਪਤੀ, ਉਪ-ਰਾਸ਼ਟਰਪਤੀ, ਪ੍ਰਧਾਨ ਮੰਤਰੀ, ਚੀਫ ਜਸਟਿਸ, ਲੋਕ ਸਭਾ ਸਪੀਕਰ, ਕੈਬਨਿਟ ਮੰਤਰੀਆਂ ਤੋਂ ਇਲਾਵਾ ਮੁੱਖ ਮੰਤਰੀਆਂ, ਉਪ-ਮੁੱਖ ਮੰਤਰੀਆਂ, ਭਾਰਤ ਰਤਨ ਵਾਲਿਆਂ, ਸਾਬਕਾ ਰਾਸ਼ਟਰਪਤੀ, ਪ੍ਰਧਾਨ ਮੰਤਰੀਆਂ ਵਗੈਰਾ ਤੋਂ ਇਲਾਵਾ ਉਨ੍ਹਾਂ ਦੀਆਂ ਪਤਨੀਆਂ, ਸੋਨੀਆ ਗਾਂਧੀ ਦੇ ਜੁਆਈ ਰੋਬਰਟ ਵਾਡਰਾ, ਬਾਬਾ ਰਾਮਦੇਵ ਵਰਗੇ ਅਨੇਕਾਂ ਵਿਅਕਤੀਆਂ ਨੂੰ ਹਵਾਈ ਅੱਡਿਆਂ ‘ਤੇ ਤਲਾਸ਼ੀ ਤੋਂ ਛੋਟ ਮਿਲੀ ਹੋਈ ਹੈ ਤੇ ਇਹ ਗਿਣਤੀ ਕਰੀਬ 123 ਬਣਦੀ ਹੈ। ਜੇ ਸ਼ਹਿਰੀ ਹਵਾਬਾਜੀ ਮੰਤਰੀ ਜਿਸ ਦਾ ਫਰਜ਼ ਬਣਦਾ ਹੈ ਕਿ ਉਹ ਹਵਾਈ ਸੁਰੱਖਿਆ ਲਈ ਸਖਤ ਕਦਮ ਚੁੱਕੇ ਤੇ ਬਣੇ ਨਿਯਮਾਂ ਨੂੰ ਲਾਗੂ ਕਰਵਾਏ, ਵਲੋਂ ਹੀ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਤਾਂ ਬਾਕੀ ਵਿਅਕਤੀਆਂ ਵਿਚੋਂ ਕੋਈ ਵੀ ਐਸੀ ਖਤਰਨਾਕ ਚੀਜ਼ ਖੜ੍ਹ ਸਕਦਾ ਹੈ ਜੋ ਜਹਾਜ ਲਈ ਤਬਾਹੀ ਦਾ ਕਾਰਨ ਬਣ ਸਕਦੀ ਹੈ।
ਲੋੜ ਹੈ ਇੰਗਲੈਂਡ ਤੇ ਅਮਰੀਕਾ ਵਾਂਗ ਚੰਦ ਵਿਅਕਤੀਆਂ ਨੂੰ ਛੱਡ ਕੇ ਬਾਕੀ ਸਭ ਦੀ ਤਲਾਸ਼ੀ ਲਈ ਜਾਵੇ ਤੇ ਇਹ ਵੀæ ਆਈæ ਪੀæ ਪ੍ਰਬੰਧ ਖਤਮ ਕੀਤਾ ਜਾਵੇ। ਲੋਕਤੰਤਰ ਵਿਚ ਲੋਕ ਹੀ ਵੀæ ਆਈæ ਪੀæ ਹਨ ਨਾ ਕਿ ਲੀਡਰ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਮੰਤਰੀਆਂ ਦੀ ਛਾਂਟੀ ਕਰਨੀ ਚਾਹੀਦੀ ਹੈ।