ਸ਼ੇਕਸਪੀਅਰ ਦਾ ਦੁਰਲੱਭ ਚਿੱਤਰ

ਗੁਰਬਖਸ਼ ਸਿੰਘ ਸੋਢੀ
ਸੰਸਾਰ ਪ੍ਰਸਿੱਧ ਲੇਖਕ ਵਿਲੀਅਮ ਸ਼ੇਕਸਪੀਅਰ ਦਾ ਇਕ ਹੋਰ ਚਿੱਤਰ ਮਿਲਣ ਦਾ ਖੁਲਾਸਾ ਹੋਇਆ ਹੈ। ਬ੍ਰਿਟਿਸ਼ ਬਨਸਪਤੀ ਵਿਗਿਆਨੀ ਮਾਰਕ ਗ੍ਰਿਫਿਥਸ ਨੇ ਦਾਅਵਾ ਕੀਤਾ ਹੈ ਕਿ ਜੌਹਨ ਗੇਰਾਰਡ ਦੀ 1598 ਵਿਚ ਛਪੀ ਕਿਤਾਬ ‘ਦਿ ਹਰਬਲ’ ਵਿਚ ਜਿਹੜਾ ਚਿੱਤਰ ਛਪਿਆ ਹੈ, ਉਹ ਸ਼ੇਕਸਪੀਅਰ ਦੇ ਸਮਕਾਲੀ ਦਾ ਬਣਾਇਆ ਹੋਇਆ ਹੈ।

ਬ੍ਰਿਟਿਸ਼ ਹਫ਼ਤਾਵਾਰੀ ‘ਕੰਟਰੀ ਲਾਈਫ਼’ ਵਿਚ ਲਿਖੇ ਆਪਣੇ ਲੇਖ ਵਿਚ ਮਾਰਕ ਨੇ ਦਾਅਵਾ ਕੀਤਾ ਹੈ ਕਿ ਇਹ ਸ਼ੇਕਸਪੀਅਰ ਦਾ ਅਸਲੀ ਚਿੱਤਰ ਹੈ। ਉਂਜ ਇਹ ਲੇਖ ਛਪਣ ਤੋਂ ਬਾਅਦ ਕੁਝ ਲੋਕਾਂ ਨੇ ਮਾਰਕ ਗ੍ਰਿਫਿਥਸ ਦੇ ਇਸ ਦਾਅਵੇ ਨੂੰ ਖਾਰਜ ਵੀ ਕੀਤਾ ਹੈ ਕਿ ਬਨਸਪਤੀ ਨਾਲ ਸਬੰਧਤ ਕਿਤਾਬ ਉਤੇ ਸ਼ੇਕਸਪੀਅਰ ਦਾ ਚਿੱਤਰ ਕਿਸ ਤਰ੍ਹਾਂ ਆ ਸਕਦਾ ਹੈ? ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼ੇਕਸਪੀਅਰ ਨਾਲ ਸਬੰਧਤ ਇਕ ਬੁੱਤ ਅਤੇ ਫਸਟ ਫੋਲੀਓ (1623) ਵਾਲੀ ਤਸਵੀਰ ਇਸ ਨਵੇਂ ਲੱਭੇ ਚਿੱਤਰ ਨਾਲ ਮਿਲਦੀ-ਜੁਲਦੀ ਹੈ। ਇਹ ਬੁੱਤ ਸਟਰੈਟਫੋਰਡ ਚਰਚ ਵਿਚ ਪਿਆ ਹੈ ਅਤੇ ਚਿੱਤਰ ਨੈਸ਼ਨਲ ਪੋਰਟਰੇਟ ਗੈਲਰੀ ਦਾ ਸ਼ਿੰਗਾਰ ਹੈ।
ਮਾਰਕ ਗ੍ਰਿਫਿਥਸ ਦਾ ਦਾਅਵਾ ਹੈ ਕਿ 1484 ਸਫਿਆਂ ਦੀ ਕਿਤਾਬ ‘ਦਿ ਹਰਬਲ’ ਵਿਚ ਛਪੇ ਚਿੱਤਰ ਵਾਲੇ ਤਿੰਨ ਬੰਦੇ ਤਾਂ ਸਹਿਜੇ ਹੀ ਪਛਾਣੇ ਜਾਂਦੇ ਹਨ, ਪਰ ਚਿੱਤਰ ਵਿਚਲੇ ਚੌਥੇ ਬੰਦੇ ਬਾਰੇ ਉਨ੍ਹਾਂ ਨੂੰ ਥੋੜ੍ਹਾ ਸ਼ੱਕ ਸੀ। ਮਗਰੋਂ ਜਦੋਂ ਉਸ ਨੇ ਥੋੜ੍ਹੀ ਜਿਹੀ ਛਾਣ-ਬੀਣ ਕੀਤੀ ਤਾਂ ਸਪਸ਼ਟ ਹੋ ਗਿਆ ਕਿ ਇਹ ਚਿੱਤਰ ਕਿਸੇ ਹੋਰ ਦਾ ਨਹੀਂ, ਸਗੋਂ ਸ਼ੇਕਸਪੀਅਰ ਦਾ ਹੈ। ਗੌਰਤਲਬ ਹੈ ਕਿ ਸ਼ੇਕਸਪੀਅਰ ਦੇ ਚਿੱਤਰਾਂ ਬਾਰੇ ਪਹਿਲਾਂ ਵੀ ਕਈ ਕਿਸਮ ਦੇ ਦਾਅਵੇ ਕੀਤੇ ਜਾਂਦੇ ਰਹੇ ਹਨ। ‘ਕੰਟਰੀ ਲਾਈਫ’ ਪਰਚੇ ਨੇ ਤਾਂ ਵਿਲੀਅਮ ਸ਼ੇਕਸਪੀਅਰ ਦਾ ਕੋਈ ਨਵਾਂ ਨਾਟਕ ਲੱਭਣ ਦਾ ਦਾਅਵਾ ਵੀ ਕਰ ਮਾਰਿਆ ਹੈ, ਪਰ ਵਿਲੀਅਮ ਸ਼ੇਕਸਪੀਅਰ ਦੇ ਹੁਣ ਤੱਕ ਪ੍ਰਾਪਤ ਚਿੱਤਰਾਂ ਵਿਚੋਂ ਹੁਣੇ-ਹੁਣੇ ਲੱਭੇ ਚਿੱਤਰ ਦੀ ਝਲਕ ਜ਼ਰੂਰ ਮਿਲਦੀ ਹੈ। ਇਸ ਲਈ ਇਹ ਤਾਂ ਸਪਸ਼ਟ ਹੋ ਗਿਆ ਹੈ ਕਿ ਸ਼ੇਕਸਪੀਅਰ ਦੀ ਦਿੱਖ ਮਾਰਕ ਗ੍ਰਿਫਿਥਸ ਵਲੋਂ ਕੀਤੇ ਜਾ ਰਹੇ ਦਾਅਵੇ ਵਾਲੇ ਚਿੱਤਰ ਨਾਲ ਮੇਲ ਖਾਂਦੀ ਹੈ।
ਸ਼ੇਕਸਪੀਅਰ ਦੀ ਪ੍ਰਸਿੱਧ ਤੁਕ ਹੈ, Ḕਨਾਂ ਵਿਚ ਕੀ ਪਿਆ ਹੈḔ, ਇਸੇ ਤਰ੍ਹਾਂ ਸ਼ੇਕਸਪੀਅਰ ਦੀ ਦਿੱਖ ਜੋ ਵੀ ਹੋਵੇ, ਉਹਦਾ ਅਸਲ ਸਰਮਾਇਆ ਤਾਂ ਉਸ ਦੀਆਂ ਰਚਨਾਵਾਂ ਹਨ। ਸ਼ੇਕਸਪੀਅਰ ਦੇ 38 ਨਾਟਕ, 154 ਸੋਨਟ, 2 ਲੰਮੀਆਂ ਬਿਰਤਾਂਤਕ ਕਵਿਤਾਵਾਂ ਤੇ ਕੁਝ ਹੋਰ ਵਾਰਤਕ ਰਚਨਾਵਾਂ ਮਿਲਦੀਆਂ ਹਨ। ਉਹਦੀ ਜਨਮ ਤਰੀਕ ਬਾਰੇ ਪੱਕੀ ਖ਼ਬਰਸਾਰ ਨਹੀਂ; ਹਾਂ, ਜਨਮ ਸਾਲ 1564 ਜ਼ਰੂਰ ਲੱਭ ਪਿਆ ਹੈ ਅਤੇ ਉਸ ਦੀ ਮੌਤ 23 ਅਪਰੈਲ 1616 ਦਰਜ ਕੀਤੀ ਗਈ ਹੈ। ਹੁਣ ਉਸ ਦੀ ਮੌਤ ਤੋਂ 400 ਸਾਲ ਪਿਛੋਂ ਜਦੋਂ ਉਹਦੀ ਦਿੱਖ ਬਾਰੇ ਦਾਅਵੇ ਕੀਤੇ ਜਾ ਰਹੇ ਹਨ, ਤਾਂ ਸਾਹਿਤ ਪ੍ਰੇਮੀਆਂ ਦੀ ਇਸ ਬਹਿਸ ਬਾਰੇ ਦਿਲਚਸਪੀ ਬਣਨੀ ਸੁਭਾਵਿਕ ਹੀ ਹੈ।
_______________________________
‘ਕੰਟਰੀ ਲਾਈਫ’ ਦਾ ਖੁਲਾਸਾ
ਸਾਲ 1897 ਤੋਂ ਛਪ ਰਹੇ ਹਫਤਾਵਾਰੀ ਪਰਚੇ ‘ਕੰਟਰੀ ਲਾਈਫ’ ਨੇ ਆਪਣੇ 20 ਮਈ 2015 ਵਾਲੇ ਅੰਕ ਵਿਚ ਵਿਲੀਅਮ ਸ਼ੇਕਸਪੀਅਰ ਦੇ ਦੁਰਲੱਭ ਚਿੱਤਰ ਬਾਰੇ ਮਾਰਕ ਗ੍ਰਿਫਿਥਸ ਦਾ ਲੇਖ ਛਾਪ ਕੇ ਨਵੀਂ ਬਹਿਸ ਛੇੜ ਦਿੱਤੀ ਹੈ। ਲੇਖ ਵਿਚ ਮਾਰਕ ਨੇ ਪੂਰੇ ਵਿਸਥਾਰ ਨਾਲ ਇਸ ਚਿੱਤਰ ਬਾਰੇ ਖੁਲਾਸਾ ਕੀਤਾ ਹੈ। ਪਰਚੇ ਦੇ ਸੰਪਾਦਕ ਮਾਰਕ ਹੈਜਜ਼ ਮੁਤਾਬਕ ਸ਼ੇਕਸਪੀਅਰ ਬਾਰੇ ਹਰ ਖਬਰ ਸਮੁੱਚੇ ਸੰਸਾਰ ਲਈ ਬੜੀ ਮੁੱਲਵਾਨ ਹੁੰਦੀ ਹੈ। ਸ਼ੇਕਸਪੀਅਰ ਅਤੇ ਉਸ ਦੇ ਸਾਹਿਤ ਬਾਰੇ ਭਾਵੇਂ ਹੁਣ ਤੱਕ ਬਥੇਰਾ ਕੁਝ ਛਪ ਚੁੱਕਾ ਹੈ, ਪਰ ਸਾਹਿਤ ਦੀ ਦੁਨੀਆਂ ਨਾਲ ਜੁੜੇ ਲੋਕ ਸ਼ੇਕਸਪੀਅਰ ਨਾਲ ਜੁੜੀ ਹਰ ਗੱਲ ਬਾਰੇ ਵੱਧ ਤੋਂ ਵੱਧ ਜਾਣਨ ਦੇ ਇੱਛੁਕ ਰਹਿੰਦੇ ਹਨ। ਇਸ ਚਿੱਤਰ ਨਾਲ ਇਕ ਵਾਰ ਫਿਰ ਸਾਹਿਤ ਦੇ ਇਸ ਮਹਾਰਥੀ ਬਾਰੇ ਚਰਚਾ ਚੱਲ ਪਈ ਹੈ।