ਪਿੰ੍ਰæ ਸਰਵਣ ਸਿੰਘ
20 ਮਈ 2015 ਨੂੰ ਪ੍ਰਿਥੀਪਾਲ ਸਿੰਘ ਦੀ 32ਵੀਂ ਬਰਸੀ ਸੀ। 18 ਮਈ ਨੂੰ ਮੈਂ ਉਹਦੇ ਬਾਰੇ ਬਣੀ ਫਿਲਮ ਬਰੈਂਪਟਨ, ਟੋਰਾਂਟੋ ਦੇ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਵਿਚ ਵੇਖੀ।
ਪ੍ਰਿਥੀਪਾਲ ਸਿੰਘ ਹਾਕੀ ਦਾ ਹੀਰਾ ਸੀ। ਉਸ ਨੂੰ ਵਿਸ਼ਵ ਦਾ ਬਿਹਤਰੀਨ ਫੁੱਲ ਬੈਕ ਖਿਡਾਰੀ ਤੇ ਪੈਨਲਟੀ ਕਾਰਨਰ ਦਾ ਬਾਦਸ਼ਾਹ ਕਿਹਾ ਜਾਂਦਾ ਸੀ। ਉਹ ਤਿੰਨ ਓਲੰਪਿਕਸ ਖੇਡਿਆ ਤੇ ਤਿੰਨੇ ਵਾਰ ਸਭ ਤੋਂ ਬਹੁਤੇ ਗੋਲ ਕੀਤੇ। ਉਸ ਦੀ ਜ਼ੋਰਦਾਰ ਹਿੱਟ ਮੂਹਰੇ ਗੋਲਕੀਪਰਾਂ ਦੀ ਕੋਈ ਪੇਸ਼ ਨਹੀਂ ਸੀ ਜਾਂਦੀ। ਉਸ ਦੀ ਖ਼ਤਰਨਾਕ ਹਿੱਟ ‘ਤੇ ਕਾਬੂ ਪਾਉਣ ਲਈ ਐਫ਼ ਆਈæ ਐਚæ ਨੂੰ ਪੈਨਲਟੀ ਕਾਰਨਰ ਲਾਉਣ ਦੇ ਨਿਯਮ ਬਦਲਣੇ ਪਏ ਸਨ!
ਪਹਿਲਾਂ ਪੈਨਲਟੀ ਕਾਰਨਰ ਦੀ ਹਿੱਟ ਸਿੱਧੀ ਗੋਲ ਪੋਸਟ ਦੇ ਨੈਟ ਵਿਚ ਵੀ ਜਾ ਲੱਗੇ ਤਾਂ ਗੋਲ ਗਿਣਿਆ ਜਾਂਦਾ ਸੀ। ਫਿਰ ਨਿਯਮ ਬਣ ਗਿਆ ਕਿ ਪੈਨਲਟੀ ਕਾਰਨਰ ਦੀ ਹਿੱਟ ਜੇਕਰ ਗੋਲ ਪੋਸਟ ਦੇ ਫੱਟੇ ਵਿਚ ਵੱਜੇ ਤਦ ਹੀ ਗੋਲ ਗਿਣਿਆ ਜਾਵੇਗਾ ਵਰਨਾ ਹਿੱਟ ਅੰਡਰ ਕੱਟ ਕਰਾਰ ਦੇ ਦਿੱਤੀ ਜਾਵੇਗੀ। ਜਦੋਂ ਇਹ ਨਿਯਮ ਬਣਿਆ ਤਾਂ ਅਖ਼ਬਾਰਾਂ ‘ਚ ਚਰਚਾ ਸੀ ਕਿ ਪ੍ਰਿਥੀਪਾਲ ਸਿੰਘ ਦੀ ਹਿੱਟ ਤੋਂ ਡਰਦਿਆਂ ਖੇਡ ਦਾ ਨਿਯਮ ਬਦਲਿਆ ਗਿਆ ਹੈ! ਨਿਊਜ਼ੀਲੈਂਡ ਦੇ ਇਕ ਅਖ਼ਬਾਰ ਨੇ ਤਾਂ ਪ੍ਰਿਥੀਪਾਲ ਸਿੰਘ ਨੂੰ ਭਾਰਤੀ ਹਾਕੀ ਟੀਮ ਦਾ ਬੰਬ ਲਿਖ ਦਿੱਤਾ ਸੀ। ਉਸ ਨੇ ਗੋਲਕੀਪਰਾਂ ਨੂੰ ਸਲਾਹ ਦਿੱਤੀ ਸੀ ਕਿ ਉਸ ਦੀ ਹਿੱਟ ਰੋਕਣ ਤੇ ਆਪਣੀ ਜਾਨ ਖ਼ਤਰੇ ਵਿਚ ਪਾਉਣ ਦੀ ਥਾਂ ਬਿਹਤਰ ਹੋਵੇਗਾ ਉਹ ਗੋਲ ਹੀ ਖਾਲੀ ਛੱਡ ਦੇਣ। ਇਹੋ ਜਿਹੀ ਸੀ ਪ੍ਰਿਥੀਪਾਲ ਸਿੰਘ ਦੀ ਦਹਿਸ਼ਤ!
ਟੋਕੀਓ ਦੀਆਂ ਓਲੰਪਿਕ ਖੇਡਾਂ-1964 ਦੇ ਫਾਈਨਲ ਮੈਚ ਵਿਚ ਭਾਰਤ ਨੇ ਪਾਕਿਸਤਾਨ ਸਿਰ ਗੋਲ ਕਰ ਦਿੱਤਾ ਸੀ। ਪਾਕਿਸਤਾਨ ਦਾ ਫੁੱਲ ਬੈਕ ਤਨਵੀਰ ਆਪਣੇ ਫਾਰਵਰਡ ਖਿਡਾਰੀ ਬੋਲੇ ਨੂੰ ਕਹਿਣ ਲੱਗਾ, “ਬੋਲਿਆ ਮਰ ‘ਗਾਂਹ ਤੇ ਗੋਲ ਉਤਾਰ।” ਬੋਲਾ ਪ੍ਰਿਥੀਪਾਲ ਵੱਲ ਹੱਥ ਕਰ ਕੇ ਬੋਲਿਆ, “ਗਾਂਹ ਤੇਰਾ ਪਿਓ ਖੜ੍ਹਾ, ਇਹ ਨ੍ਹੀਂ ਲੰਘਣ ਦਿੰਦਾ ਹੁਣ। ਬਹੁਤਾ ਔਖੈਂ ਤਾਂ ਆਪ ‘ਗਾਂਹ ਹੋ ਕੇ ਦੇਖ ਲੈ।”
1966 ਵਿਚ ਮੈਂ ਉਹਦੇ ਬਾਰੇ ਪਹਿਲਾ ਲੇਖ ਲਿਖਿਆ ਤਾਂ ਉਸ ਦਾ ਨਾਂ ‘ਗੁਰੂ ਨਾਨਕ ਦਾ ਗਰਾਂਈਂ’ ਰੱਖਿਆ। ਉਹ ਨਨਕਾਣਾ ਸਾਹਿਬ ਦਾ ਜੰਮਪਲ ਸੀ ਜਿਥੇ ਉਸ ਦਾ ਜਨਮ 28 ਫਰਵਰੀ 1932 ਨੂੰ ਹੋਇਆ ਸੀ। ਉਥੋਂ ਦੇ ਗੁਰੂ ਨਾਨਕ ਖ਼ਾਲਸਾ ਸਕੂਲ ਵਿਚ ਉਸ ਦੇ ਪਿਤਾ ਸ਼ ਵਧਾਵਾ ਸਿੰਘ ਮਾਸਟਰ ਸਨ। ਪ੍ਰਿਥੀਪਾਲ ਦਾ ਖੇਡ ਕੈਰੀਅਰ ਉਸ ਸਕੂਲ ਦੇ ਖੇਡ ਮੈਦਾਨਾਂ ‘ਚੋਂ ਹੀ ਸ਼ੁਰੂ ਹੋਇਆ ਸੀ। ਪਹਿਲਾਂ ਉਹ ਫੁਟਬਾਲ ਖੇਡਣ ਲੱਗਾ ਸੀ।
1950-51 ਵਿਚ ਖੇਤੀਬਾੜੀ ਕਾਲਜ ਲੁਧਿਆਣੇ ਨੇ ਹਾਕੀ ਦੀ ਟੀਮ ਬਣਾਈ ਤਾਂ ਇਕ ਖਿਡਾਰੀ ਘਟਦਾ ਸੀ। ਪ੍ਰਿਥੀਪਾਲ ਨੂੰ ਹੁੰਦੜਹੇਲ ਵੇਖ ਕੇ ਫੁੱਲ ਬੈਕ ਦੀ ਜਗ੍ਹਾ ਖੜ੍ਹਾ ਲਿਆ ਗਿਆ। ਉਸ ਜਗ੍ਹਾ ਉਹ ਐਸਾ ਜੰਮਿਆ ਕਿ ਬਾਅਦ ਵਿਚ ਦਸ ਸਾਲ ਵਿਸ਼ਵ ਦਾ ਸਭ ਤੋਂ ਤਕੜਾ ਫੁੱਲ ਬੈਕ ਸਾਬਤ ਹੋਇਆ। ਉਸ ਦਾ ਕੱਦ 5 ਫੁੱਟ 9 ਇੰਚ ਸੀ। ਨੱਕ ਤਿੱਖਾ, ਮੁੱਛਾਂ ਨਿੱਕੀਆਂ, ਬੁੱਲ੍ਹ ਢਾਲੂ ਤੇ ਬਾਹਾਂ ਨਿੱਗਰ ਸਨ। ਹੱਥ ਉਸ ਤੋਂ ਵੀ ਨਿੱਗਰ ਤੇ ਉਂਗਲਾਂ ਮੋਟੀਆਂ। ਜਦ ਉਹ ਦੌੜਦਾ ਤਾਂ ਉਹਦੀ ਗਿੱਚੀ ‘ਤੇ ਲਟਕਦੇ ਵਾਲ ਛਾਲਾਂ ਮਾਰਦੇ ਲੱਗਦੇ। ਮੈਦਾਨ ‘ਚ ਖੜ੍ਹਾ ਉਹ ਲੋਹੜੇ ਦਾ ਸਜਦਾ।
ਉਸ ਨੇ ਰੋਮ ਦੀਆਂ ਓਲੰਪਿਕ ਖੇਡਾਂ-1960 ਵਿਚ ਦੋ ਹੈਟ ਟ੍ਰਿਕ ਮਾਰੇ ਤੇ ਸਭ ਤੋਂ ਵੱਧ ਗੋਲ ਕਰ ਕੇ ਚਾਂਦੀ ਦਾ ਤਮਗ਼ਾ ਜਿੱਤਿਆ। ਟੋਕੀਓ-64 ਵਿਚ ਸੋਨੇ ਤੇ ਮੈਕਸੀਕੋ-68 ਵਿਚ ਤਾਂਬੇ ਦੇ ਤਮਗ਼ੇ ਜਿੱਤੇ। ਉਥੇ ਉਹ ਭਾਰਤੀ ਟੀਮ ਦਾ ਕਪਤਾਨ ਸੀ। ਜਕਾਰਤਾ-62 ਦੀਆਂ ਏਸ਼ਿਆਈ ਖੇਡਾਂ ਵਿਚ ਸਿਲਵਰ ਮੈਡਲ ਤੇ ਬੈਂਕਾਕ-66 ਦੀਆਂ ਏਸ਼ਿਆਈ ਖੇਡਾਂ ਵਿਚ ਗੋਲਡ ਮੈਡਲ ਜਿੱਤਿਆ। ਸਾਰੇ ਮੈਡਲ ਤਾਂ ਦਰਜਨ ਤੋਂ ਵੀ ਵੱਧ ਸਨ।
ਹਾਕੀ ਖਿਡਾਰੀਆਂ ਵਿਚੋਂ ਪ੍ਰਿਥੀਪਾਲ ਨੂੰ ਸਭ ਤੋਂ ਪਹਿਲਾਂ ਅਰਜਨ ਅਵਾਰਡ ਮਿਲਿਆ ਤੇ ਪਦਮਸ਼੍ਰੀ ਦੀ ਉਪਾਧੀ ਨਾਲ ਸਨਮਾਨਿਆ ਗਿਆ। ਫਿਰ ਤਾਂ ਮਾਨਾਂ-ਸਨਮਾਨਾਂ ਦਾ ਲੇਖਾ ਹੀ ਨਾ ਰਿਹਾ। ਉਹ ਮੌਂਟਰੀਅਲ ਓਲੰਪਿਕ-76 ਲਈ ਭਾਰਤੀ ਹਾਕੀ ਟੀਮ ਦੀ ਚੋਣ ਕਮੇਟੀ ਦਾ ਚੇਅਰਮੈਨ ਵੀ ਬਣਿਆ।
1969 ਵਿਚ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਸਾਲਾ ਪ੍ਰਕਾਸ਼ ਉਤਸਵ ਸਮੇਂ ਮੈਂ ਨਨਕਾਣਾ ਸਾਹਿਬ ਗਿਆ ਤਾਂ ਪ੍ਰਿਥੀਪਾਲ ਦੀ ਇੱਛਾ ਅਨੁਸਾਰ ਉਹਦੇ ਖੇਡਣ ਵਾਲਾ ਪਹਿਲਾ ਖੇਡ ਮੈਦਾਨ ਵੇਖ ਕੇ ਆਇਆ। ਮੁੜ ਕੇ ਲੁਧਿਆਣੇ ਜ਼ਰਾਇਤੀ ਯੂਨੀਵਰਸਿਟੀ ਵਿਚ ਪ੍ਰਿਥੀਪਾਲ ਨੂੰ ਉਨ੍ਹਾਂ ਦੇ ਪੁਰਾਣੇ ਪਿੰਡ, ਸਕੂਲ ਤੇ ਹੱਟੀਆਂ ਭੱਠੀਆਂ ਦਾ ਹਾਲ ਚਾਲ ਦੱਸਿਆ ਕਿ ਉਨ੍ਹਾਂ ਦੇ ਘਰ ਵਿਚ ਹੁਣ ਨਕੋਦਰ ਦੇ ਜੁਲਾਹੇ ਰਹਿੰਦੇ ਹਨ। ਉਨ੍ਹਾਂ ਸਲਾਮ ਭੇਜੀ ਹੈ। ਉਸ ਹੱਟੀ ਦਾ ਜ਼ਿਕਰ ਵੀ ਛਿੜਿਆ ਜਿਹੜੀ ਸ਼ਰਾਰਤੀ ਖਿਡਾਰੀਆਂ ਨੇ ਰਲ ਕੇ ਰਾਤ ਦੇ ਹਨ੍ਹੇਰੇ ਵਿਚ ਭੰਨੀ ਸੀ ਤੇ ਖਾਣ ਪੀਣ ਵਾਲੀਆਂ ਵਸਤਾਂ ਖਾ ਪੀ ਲਈਆਂ ਸਨ।
ਨਨਕਾਣਾ ਸਾਹਿਬ ਦੀਆਂ ਗੱਲਾਂ ਸੁਣਦਿਆਂ ਪ੍ਰਿਥੀਪਾਲ ਸਿੰਘ ਦੀਆਂ ਅੱਖਾਂ ਵਿਚ ਹੰਝੂ ਤੈਰ ਆਏ ਸਨ। ਪੁਰਾਣੀਆਂ ਯਾਦਾਂ ਵੀ ਕਿਆ ਯਾਦਾਂ ਹੁੰਦੀਆਂ ਨੇ!
ਪ੍ਰਿਥੀਪਾਲ ਸਿੰਘ ਨੂੰ ਪਹਿਲੀ ਵਾਰ ਮੈਂ ਦਿੱਲੀ ਸ਼ਿਵਾ ਜੀ ਸਟੇਡੀਅਮ ਵਿਚ ਮਿਲਿਆ ਸਾਂ ਤੇ ਫਿਰ ਖੇਤੀਬਾੜੀ ਯੂਨੀਵਰਸਿਟੀ ਦੇ ਹਿਸਾਰ ਕੈਂਪਸ ਵਿਚ ਉਸ ਕੋਲ ਇਕ ਦਿਨ ਤੇ ਰਾਤ ਰਿਹਾ ਸਾਂ। ਜਦੋਂ ਉਹ ਲੁਧਿਆਣੇ ਆ ਗਿਆ ਤਾਂ ਅਕਸਰ ਹੀ ਮੇਲ ਮਿਲਾਪ ਹੋਣ ਲੱਗਾ। ਉਹ ਮੇਰੇ ਪਿੰਡ ਚਕਰ ਤੇ ਸਾਡੇ ਕਾਲਜ ਢੁੱਡੀਕੇ ਜਾ ਆਇਆ ਸੀ ਪਰ ਮੈਂ ਉਸ ਦਾ ਦੇਸ਼ ਵੰਡ ਤੋਂ ਬਾਅਦ ਦਾ ਪਿੰਡ ਭੱਟ ਮਾਜਰਾ ਉਹਦੇ ਜੀਂਦੇ ਜੀਅ ਨਹੀਂ ਸਾਂ ਵੇਖ ਸਕਿਆ। 1947 ਦੀ ਵੰਡ ਪਿੱਛੋਂ ਪ੍ਰਿਥੀਪਾਲ ਦਾ ਪਰਿਵਾਰ ਨਨਕਾਣਾ ਸਹਿਬ ਤੋਂ ਉਜੜ ਕੇ ਬਹਾਦਰਗੜ੍ਹ ਨੇੜੇ ਅਲਾਟ ਹੋਈ ਪੱਚੀ ਏਕੜ ਜ਼ਮੀਨ ਉਤੇ ਪਿੰਡ ਭੱਟ ਮਾਜਰੇ ਆ ਬੈਠਾ ਸੀ।
ਪ੍ਰਿਥੀਪਾਲ ਸਿੰਘ ਲੁਧਿਆਣੇ ਦੇ ਖੇਤੀਬਾੜੀ ਕਾਲਜ ਤੇ ਯੂਨੀਵਰਸਿਟੀ ਵਿਚ 1950 ਤੋਂ 56 ਤਕ ਪੜ੍ਹਿਆ, ਖੇਡਿਆ ਤੇ ਐਗਰੀਕਲਚਰ ਦੀ ਐਮæ ਐਸ ਸੀæ ਕਰਨ ਪਿੱਛੋਂ ਉਸ ਨੂੰ ਹਾਕੀ ਖਿਡਾਉਣ ਲਈ ਅਸ਼ਵਨੀ ਕੁਮਾਰ ਨੇ ਪੰਜਾਬ ਪੁਲਿਸ ਵਿਚ ਠਾਣੇਦਾਰ ਭਰਤੀ ਕਰ ਲਿਆ। ਫਿਰ ਅਸ਼ਵਨੀ ਕੁਮਾਰ ਨਾਲ ਅਣਬਣ ਹੋ ਜਾਣ ਪਿੱਛੋਂ 1963 ਵਿਚ ਉਹ ਰੇਲਵੇ ਪੁਲਿਸ ਵਿਚ ਚਲਾ ਗਿਆ। ਕੁਝ ਮਹੀਨੇ ਬਾਅਦ ਉਹ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਹਿਸਾਰ ਕੈਂਪਸ ਵਿਚ ਸਟੂਡੈਂਟਸ ਵੈਲਫੇਅਰ ਵਿਭਾਗ ਦਾ ਡਿਪਟੀ ਡਾਇਰੈਕਟਰ ਤੇ ਫਿਰ ਲੁਧਿਆਣਾ ਕੈਂਪਸ ਦਾ ਡਾਇਰੈਕਟਰ ਬਣ ਗਿਆ। ਉਸ ਦੀ ਡਾਇਰੈਕਟਰੀ ਜੋਬਨ ਉਤੇ ਸੀ ਜਦੋਂ ਯੂਨੀਵਰਸਿਟੀ ਕੈਂਪਸ ਵਿਚ ਵਿਦਿਆਰਥੀ ਗੁੱਟਾਂ ਦੇ ਝਗੜੇ ਸੁਲਝਾਉਂਦਿਆਂ ਉਸ ਦਾ ਕਤਲ ਹੋ ਗਿਆ। ਪਿੱਛੇ ਉਸ ਦੀ ਵਿਧਵਾ, ਗੋਦ ਲਈ ਬੱਚੀ ਤੇ ਵੱਡੇ ਭਰਾ ਦੇ ਬੱਚੇ ਰਹਿ ਗਏ। ਪ੍ਰਿਥੀਪਾਲ ਜੋੜੇ ਦਾ ਆਪਣਾ ਕੋਈ ਬੱਚਾ ਨਹੀਂ ਸੀ। ਉਸ ਦੇ ਵੱਡੇ ਭਰਾ ਦਾ ਪਹਿਲਾਂ ਹੀ ਇਕ ਹਾਦਸੇ ਵਿਚ ਦਿਹਾਂਤ ਹੋ ਗਿਆ ਸੀ।
ਯੂਨੀਵਰਸਿਟੀ ਵਿਚ ਉਸ ਦੇ ਸ਼ਰਧਾਂਜਲੀ ਸਮਾਗਮ ਮੌਕੇ ਵੱਡਾ ਇਕੱਠ ਹੋਇਆ ਸੀ। ਕਾਤਲਾਂ ਲਈ ਸਖ਼ਤ ਸਜ਼ਾਵਾਂ ਦੀ ਮੰਗ ਕੀਤੀ ਗਈ ਸੀ। ਬਾਅਦ ਵਿਚ ਉਸ ਦੀ ਯਾਦ ਵਿਚ ਪ੍ਰਿਥੀਪਾਲ ਸਿੰਘ ਸਪੋਰਟਸ ਕੰਪਲੈਕਸ ਬਣਾਇਆ ਗਿਆ ਜਿਥੇ ਹਾਕੀ ਦਾ ਆਸਟ੍ਰੋ ਟਰਫ਼ ਲਾਇਆ ਗਿਆ ਤੇ ਉਸ ਦੀ ਯਾਦ ਵਿਚ ਹਾਕੀ ਦੇ ਟੂਰਨਾਮੈਂਟ ਹੋਣ ਲੱਗੇ।
1982 ਵਿਚ ਨਵੀਂ ਦਿੱਲੀ ਦੀਆਂ ਏਸ਼ਿਆਈ ਖੇਡਾਂ ਤੋਂ ਬਾਅਦ ਪ੍ਰਿਥੀਪਾਲ ਨਾਲ ਲੁਧਿਆਣੇ ਹੋਈ ਮੁਲਾਕਾਤ ਮੁੜ-ਮੁੜ ਯਾਦ ਆ ਜਾਂਦੀ ਹੈ। ਉਸ ਨੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੂੰ ਲਿਖੇ ਪੱਤਰ ਦੀ ਇਕ ਕਾਪੀ ਮੈਨੂੰ ਦਿੱਤੀ ਸੀ। ਉਸ ਵਿਚ ਲਿਖਿਆ ਸੀ ਕਿ ਏਸ਼ੀਆਡ ਦੇ ਅਧਿਕਾਰੀਆਂ ਨੇ ਭਾਰਤ ਲਈ ਓਲੰਪਿਕ ਖੇਡਾਂ ਦੇ ਗੋਲਡ ਮੈਡਲ ਜਿੱਤਣ ਵਾਲਿਆਂ ਨੂੰ ਵੀ ਸੱਦਾ ਪੱਤਰ ਨਹੀਂ ਸਨ ਭੇਜੇ। ਪ੍ਰਿਥੀਪਾਲ ਸਿੰਘ ਨੂੰ ਕੋਈ ਸੱਦਾ ਪੱਤਰ ਨਹੀਂ ਸੀ ਪੁੱਜਾ। ਪਾਕਿਸਤਾਨ ਦੇ ਇਕ ਹਾਕੀ ਖਿਡਾਰੀ ਨੇ ਲੁਧਿਆਣੇ ਵਿਚ ਦੀ ਲੰਘਦਿਆਂ ਉਸ ਨੂੰ ਕਿਹਾ ਸੀ ਕਿ ਉਹ ਉਸ ਨਾਲ ਦਿੱਲੀ ਚੱਲਿਆ ਚੱਲੇ ਤੇ ਉਹਦੇ ਪਾਸ ਉਤੇ ਖੇਡਾਂ ਵੇਖ ਲਵੇ!
ਲੁਧਿਆਣੇ ਅਸੀਂ ਉਸ ਦੇ ਦਫਤਰ ਵਿਚ ਬੈਠੇ ਸਾਂ ਤੇ ਭਾਰਤ ਦੇ ਖੇਡਾਂ ਵਿਚ ਮੰਦੇ ਹਾਲ ਦੀ ਚਰਚਾ ਚੱਲ ਰਹੀ ਸੀ। 1964 ਦੀਆਂ ਓਲੰਪਿਕ ਖੇਡਾਂ ਦੇ ਹਾਕੀ ਜੇਤੂਆਂ ਨੂੰ ਪੰਜਾਬ ਦੇ ਤੱਤਕਾਲੀ ਮੁੱਖ ਮੰਤਰੀ ਪਰਤਾਪ ਸਿੰਘ ਕੈਰੋਂ ਵੱਲੋਂ ਚੰਡੀਗੜ੍ਹ ਵਿਚ ਕਨਾਲ ਕਨਾਲ ਦੇ ਪਲਾਟ ਅਲਾਟ ਕੀਤੇ ਜਾਣ ਦੀ ਗੱਲ ਛਿੜ ਪਈ। ਮੈਂ ਪੁੱਛਿਆ, “ਉਨ੍ਹਾਂ ਪਲਾਟਾਂ ਦਾ ਕੀ ਬਣਿਆ?” ਪ੍ਰਿਥੀਪਾਲ ਸਿੰਘ ਨੇ ਦੱਸਿਆ ਕਿ ਅਜਿਹੇ ਐਲਾਨ ਸਿਰਫ ਐਲਾਨ ਈ ਹੁੰਦੇ ਨੇ। ਅਮਲ ਇਨ੍ਹਾਂ ਉਤੇ ਕੋਈ ਭੜੂਆ ਨਹੀਂ ਕਰਦਾ!
ਉਥੇ ਹੀ ਪ੍ਰਿਥੀਪਾਲ ਸਿੰਘ ਨੇ ਪੇਸ਼ਕਸ਼ ਕੀਤੀ, “ਆਹ ਹੁਣ 82 ਦੀਆਂ ਏਸ਼ੀਅਨ ਖੇਡਾਂ ਦੇ ਗੋਲਡ ਮੈਡਲਿਸਟਾਂ ਨੂੰ ਵੀ ਜੇ ਪੰਜਾਬ ਸਰਕਾਰ ਆਪਣੇ ਵੱਲੋਂ ਐਲਾਨ ਕੀਤੇ ਇਨਾਮ ਦੇ ਦੇਵੇ ਤਾਂ ਮੈਂ ਆਪਣਾ ਓਲੰਪਿਕ ਖੇਡਾਂ ਦਾ ਗੋਲਡ ਮੈਡਲ ਮੁੱਖ ਮੰਤਰੀ ਨੂੰ ਦੇ ਦਊਂ।” ਉਨ੍ਹਾਂ ਦਿਨਾਂ ਵਿਚ ਉਸ ਗੋਲਡ ਮੈਡਲ ਦੀ ਤਸਵੀਰ ਨਾਲ ਮੈਂ ਇਕ ਲੇਖ ‘ਪੰਜਾਬੀ ਟ੍ਰਿਬਿਊਨ’ ਵਿਚ ਛਪਵਾਇਆ ਸੀ ਕਿ ਵੇਖਦੇ ਆਂ ਪੰਜਾਬ ਦਾ ਮੁੱਖ ਮੰਤਰੀ ਪ੍ਰਿਥੀਪਾਲ ਸਿੰਘ ਵਾਲਾ ਗੋਲਡ ਮੈਡਲ ਜਿੱਤ ਸਕਦੈ ਕਿ ਨਹੀਂ?
ਆਮ ਲੋਕ ਇਹ ਸਮਝ ਬਹਿੰਦੇ ਹਨ ਕਿ ਐਲਾਨੀ ਹੋਈ ਰਕਮ ਜਾਂ ਪਲਾਟ ਮੁਫ਼ਤ ਮਿਲ ਜਾਣ ਨਾਲ ਖਿਡਾਰੀ ਬਹੁਤ ਅਮੀਰ ਹੋ ਜਾਂਦੇ ਹੋਣਗੇ। ਬਹੁਤ ਸਾਰੇ ਸਰਕਾਰੀ ਐਲਾਨ ਮਹਿਜ਼ ਫੋਕੇ ਐਲਾਨ ਹੀ ਰਹਿ ਜਾਂਦੇ ਨੇ। ਪੁਰਾਣੇ ਜੇਤੂਆਂ ਨੂੰ ਐਲਾਨੇ ਹੋਏ ਪਲਾਟ ਨਹੀਂ ਸੀ ਮਿਲੇ ਤੇ ਏਸ਼ੀਆਡ ਦੇ ਜੇਤੂ ਵੀ ਲੱਖ-ਲੱਖ ਦੇ ਇਨਾਮ ਉਡੀਕਦੇ ਰਹੇ!
ਕੁਝ ਸਾਲ ਪਹਿਲਾਂ ਮੈਂ ਕੈਨੇਡਾ ਤੋਂ ਪੰਜਾਬ ਗਿਆ ਹੋਇਆ ਸਾਂ ਕਿ ਇਕ ਦਿਨ ਪ੍ਰਿਥੀਪਾਲ ਸਿੰਘ ਦੇ ਭਤੀਜੇ ਤਰਲੋਚਨ ਸਿੰਘ ਦਾ ਫੋਨ ਆਇਆ। ਉਹਦੇ ਨਾਲ ਉਹਦੇ ਚਾਚੇ ਦੀਆਂ ਯਾਦਾਂ ਫਿਰ ਸੱਜਰੀਆਂ ਹੋ ਗਈਆਂ। ਤਰਲੋਚਨ ਸਿੰਘ ਦਾ ਸੱਦਾ ਸੀ ਕਿ ਮੈਂ ਉਨ੍ਹਾਂ ਦੇ ਪਿੰਡ ਆਵਾਂ ਤੇ ਆਪਣੇ ਮਿੱਤਰ ਦਾ ਘਰ ਵੇਖਾਂ। ਉਨ੍ਹਾਂ ਨੇ ਆਪਣੇ ਪਿੰਡ ਭੱਟ ਮਾਜਰੇ ਵਿਚ ਪਬਲਿਕ ਸਕੂਲ ਖੋਲ੍ਹਿਆ ਸੀ ਅਤੇ ਪ੍ਰਿਥੀਪਾਲ ਸਿੰਘ ਸਪੋਰਟਸ ਤੇ ਕਲਚਰਲ ਕਲੱਬ ਬਣਾਇਆ ਸੀ। ਉਨ੍ਹਾਂ ਨੇ ਪ੍ਰਿਥੀਪਾਲ ਸਿੰਘ ਦੀ ਯਾਦ ਵਿਚ ਖੇਡ ਮੇਲਾ ਵੀ ਕਰਾਇਆ ਸੀ।
ਫੱਗਣ 2006 ਦੀ ਸੰਗਰਾਂਦ ਆਈ ਤਾਂ ਮੈਨੂੰ ਪ੍ਰਿਥੀਪਾਲ ਸਿੰਘ ਦੇ ਪਿੰਡ ਦੀ ਯਾਤਰਾ ਕਰਨੀ ਨਸੀਬ ਹੋਈ। ਮੈਂ ਮਿਥੇ ਸਮੇਂ ਪਟਿਆਲੇ ਪੁੱਜ ਗਿਆ। ਉਥੋਂ ਅਸੀਂ ਬਹਾਦਰਗੜ੍ਹ ਵਿਚ ਦੀ ਭੱਟ ਮਾਜਰੇ ਗਏ ਜੋ ਪੰਜਾਬੀ ਯੂਨੀਵਰਸਿਟੀ ਤੋਂ ਦਸ ਕੁ ਕਿਲੋਮੀਟਰ ਦੂਰ ਹੈ।
ਸੰਗਰਾਂਦ ਹੋਣ ਕਰਕੇ ਗੁਰਦਵਾਰੇ ਵਿਚ ਸੰਗਤ ਜੁੜੀ ਹੋਈ ਸੀ। ਪ੍ਰਿਥੀਪਾਲ ਸਿੰਘ ਪਬਲਿਕ ਸਕੂਲ ਦੇ ਬੱਚੇ ਸਵਾਗਤ ਲਈ ਖੜ੍ਹੇ ਸਨ ਜਿਨ੍ਹਾਂ ਦੇ ਭੋਲੇ-ਭਾਲੇ ਚਿਹਰਿਆਂ ਤੋਂ ਮੈਂ ਪ੍ਰਿਥੀਪਾਲ ਦੇ ਨਕਸ਼ ਤਲਾਸ਼ਣ ਲੱਗਾ। ਮੈਂ ਉਸ ਪਿੰਡ ਦੀ ਮਿੱਟੀ ਨੂੰ ਸਿਜਦਾ ਕੀਤਾ ਜਿਥੇ ਹਾਕੀ ਦੇ ਮਹਾਨ ਖਿਡਾਰੀ ਦੀਆਂ ਪੈੜਾਂ ਸਨ। ਗੁਰਦਵਾਰੇ ਦੇ ਸਮਾਗਮ ਪਿੱਛੋਂ ਮੈਂ ਪ੍ਰਿਥੀਪਾਲ ਸਿੰਘ ਦਾ ਘਰ ਵੇਖਣਾ ਚਾਹਿਆ। ਮੇਰੇ ਮਨ ਵਿਚ ਉਹਦੀ ਤੀਰਥ ਯਾਤਰਾ ਕਰਨ ਵਰਗਾ ਸੰਕਲਪ ਸੀ। ਉਸ ਦੇ ਸਕੇ ਸੋਧਰੇ ਮੈਨੂੰ ਉਸ ਜਿਹੇ ਹੀ ਲੱਗ ਰਹੇ ਸਨ!
ਅਸੀਂ ਘਰ ਵਿਚ ਦਾਖਲ ਹੋਏ ਤਾਂ ਸਾਹਮਣੇ ਨਿੰਮ ਕੋਲ ਮੱਝਾਂ ਬੱਝੀਆਂ ਹੋਈਆਂ ਸਨ। ਸਾਧਾਰਨ ਕਿਸਾਨਾਂ ਵਰਗਾ ਕੱਚਾ ਪੱਕਾ ਘਰ ਸੀ। ਪ੍ਰਿਥੀਪਾਲ ਸਿੰਘ ਦੀ ਭੈਣ ਤੇ ਭਤੀਜੇ ਮੌਜੂਦ ਸਨ। ਪ੍ਰਿਥੀਪਾਲ ਦੀ ਬੈਠਕ ਜਿਥੇ ਓਲੰਪੀਅਨ ਖਿਡਾਰੀ ਤੇ ਅਫਸਰ ਆਉਂਦੇ ਜਾਂਦੇ ਰਹੇ ਸਨ ਹੁਣ ਵੀਰਾਨ ਪਈ ਸੀ। ਉਹਦੇ ਵਿਚ ਕੁਝ ਖੇਡ ਨਿਸ਼ਾਨੀਆਂ ਜ਼ਰੂਰ ਪਈਆਂ ਸਨ ਜੋ ਚੇਤਾ ਕਰਉਂਦੀਆਂ ਸਨ ਕਿ ਇਹ ਪੈਨਲਟੀ ਕਾਰਨਰ ਦੇ ਬਾਦਸ਼ਾਹ ਦੀ ਬੈਠਕ ਸੀ!
ਤਰਲੋਚਨ ਸਿੰਘ ਨੇ ਦੱਸਿਆ ਕਦੇ ਇਹ ਬੈਠਕ ਕੱਪਾਂ, ਸ਼ੀਲਡਾਂ ਤੇ ਓਲੰਪਿਕ ਖੇਡਾਂ ਦੀਆਂ ਨਿਸ਼ਾਨੀਆਂ ਨਾਲ ਨੱਕੋ-ਨੱਕ ਭਰੀ ਹੁੰਦੀ ਸੀ ਪਰ ਹੁਣ ਖਾਲੀ ਵਰਗੀ ਹੈ। ਸਾਹਮਣੇ ਭਤੀਜਿਆਂ ਦਾ ਮਕਾਨ ਸੀ ਜਿਨ੍ਹਾਂ ਦੇ ਪਿਤਾ ਹਾਦਸੇ ਵਿਚ ਗੁਜ਼ਰ ਗਏ ਸਨ। ਉਦੋਂ ਭਤੀਜੇ-ਭਤੀਜੀਆਂ ਦੇ ਸਿਰ ਉਤੇ ਹੱਥ ਪ੍ਰਿਥੀਪਾਲ ਸਿੰਘ ਨੇ ਹੀ ਰੱਖਿਆ ਸੀ।
ਸਾਡੇ ਲੋਕਾਂ ਵਿਚ ਅਜੇ ਇਹ ਰੀਤ ਨਹੀਂ ਤੁਰੀ ਕਿ ਅਸੀਂ ਆਪਣੇ ਮਹਾਨ ਖਿਡਾਰੀਆਂ ਦੀਆਂ ਨਿਸ਼ਾਨੀਆਂ ਸਾਂਭ ਰੱਖੀਏ। ਉਨ੍ਹਾਂ ਦੇ ਨਾਵਾਂ ਉਤੇ ਮੇਲੇ ਲਾਈਏ, ਅਵਾਰਡ ਰੱਖੀਏ ਤੇ ਉਨ੍ਹਾਂ ਦੀ ਮਹਾਨਤਾ ਦੀਆਂ ਵਾਰਾਂ ਗਾਈਏ ਤੇ ਫਿਲਮਾਂ ਬਣਾਈਏ। ਬ੍ਰਾਜ਼ੀਲ ਦੇ ਪੇਲੇ ਦੀਆਂ ਜਰਸੀਆਂ ਤੇ ਬੂਟ ਉਹਦੇ ਜੀਂਦੇ ਜੀਅ ਹੀ ਲੱਖਾਂ ‘ਚ ਵਿਕਦੇ ਹਨ। ਸਾਡਾ ਪ੍ਰਿਥੀਪਾਲ ਸਿੰਘ ਵੀ ਤਾਂ ਹਾਕੀ ਦਾ ਪੇਲੇ ਹੀ ਸੀ। ਅਸੀਂ ਤਾਂ ਉਹਦੀ ਉਹ ਹਾਕੀ ਵੀ ਨਹੀਂ ਸੰਭਾਲੀ ਜੀਹਦੇ ਨਾਲ ਉਹਨੇ ਓਲੰਪਿਕ ਖੇਡਾਂ ਵਿਚ ਸਭ ਤੋਂ ਬਹੁਤੇ ਗੋਲ ਕੀਤੇ ਸਨ।
ਸ਼ੁਭ ਸ਼ਗਨ ਹੈ ਕਿ ਪਹਿਲਾਂ ਪਾਨ ਸਿੰਘ, ਮਿਲਖਾ ਸਿੰਘ, ਮੈਰੀ ਕੌਮ ਤੇ ਹੁਣ ਪ੍ਰਿਥੀਪਾਲ ਸਿੰਘ ਬਾਰੇ ਫਿਲਮਾਂ ਬਣੀਆਂ ਹਨ। ਪ੍ਰਿਥੀਪਾਲ ਦਾ ਰੋਲ ਵਿਕਾਸ ਕੁਮਾਰ ਨੇ ਕੀਤਾ ਹੈ ਤੇ ਅੰਜਲੀ ਪਾਟਿਲ ਇਸ ਦੀ ਰੂਹੇਰਵਾਂ ਹੈ। ਦੀਪਕ ਸੰਧੂ, ਬਲਵਿੰਦਰਜੀਤ ਬੰਨੀ ਤੇ ਕਪਿਲ ਕਲਿਆਣ ਨੇ ਰਲ ਮਿਲ ਕੇ ਛੋਟੇ ਬਜਟ ਦੀ ਕਲਾਤਮਕ ਫਿਲਮ ਬਣਾਈ ਹੈ। ਕਮੀਆਂ ਪੇਸ਼ੀਆਂ ਤਾਂ ਰਹਿ ਹੀ ਜਾਂਦੀਆਂ ਹਨ ਪਰ ਇਹ ਸਲਾਹੁਣਯੋਗ ਯਤਨ ਹੈ। ਇਸ ਫਿਲਮ ਨੇ ਪ੍ਰਿਥੀਪਾਲ ਸਿੰਘ ਨੂੰ ਮੁੜ ਜੀਵਤ ਕਰ ਦਿੱਤੈ। ਉਮੀਦ ਹੈ ਆਈਕੋਨਿਕ ਓਲੰਪੀਅਨ ਬਲਬੀਰ ਸਿੰਘ, ਫੁੱਟਬਾਲਰ ਜਰਨੈਲ ਸਿੰਘ, ਬਾਬਾ ਫੌਜਾ ਸਿੰਘ ਤੇ ਭਾਰਤ ਦੇ ਹੋਰ ਮਹਾਨ ਖਿਡਾਰੀਆਂ ਬਾਰੇ ਵੀ ਫਿਲਮਾਂ ਬਣਨਗੀਆਂ।