ਗੁਲਜ਼ਾਰ ਸਿੰਘ ਸੰਧੂ
ਰਾਜ ਸਰਕਾਰਾਂ ਆਪਣੇ ਕੀਤੇ ਕੰਮਾਂ ਦਾ ਵਿਗਿਆਪਨ ਦੇਣ ਵੇਲੇ ਸਬੰਧਤ ਮੰਤਰੀ ਤੇ ਮੁੱਖ ਮੰਤਰੀ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਦੀ ਤਸਵੀਰ ਆਮ ਹੀ ਦੇਣ ਲਗ ਪਈਆਂ ਸਨ। ਸੁਪਰੀਮ ਕੋਰਟ ਨੇ ਅੱਗੇ ਤੋਂ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਭਾਰਤ ਦੇ ਚੀਫ ਜਸਟਿਸ ਤੋਂ ਬਿਨਾ ਹੋਰ ਕਿਸੇ ਵੀ ਹਸਤੀ ਦੀ ਤਸਵੀਰ ਛਾਪਣ ਉਤੇ ਰੋਕ ਲਾ ਦਿੱਤੀ ਹੈ।
ਇਹ ਠੀਕ ਹੈ ਕਿ ਬਹੁਤੀ ਵਾਰੀ ਸਿਆਸਤਦਾਨਾਂ ਦੀਆਂ ਤਸਵੀਰਾਂ ਪ੍ਰਚਾਰੇ ਜਾਣ ਵਾਲੇ ਨੁਕਤਿਆਂ ਨਾਲੋਂ ਵੀ ਵਧ ਥਾਂ ਲੈ ਜਾਂਦੀਆਂ ਸਨ। ਨਿਸਚੇ ਹੀ ਅਜਿਹੇ ਵਿਗਿਆਪਨਾਂ ਉਤੇ ਖਰਚ ਕੀਤੀ ਜਾਣ ਵਾਲੀ ਪੂੰਜੀ ਆਮ ਜਨਤਾ ਦੇ ਪੱਲਿਓਂ ਆਈ ਹੁੰਦੀ ਹੈ। ਕਿਸੇ ਵੀ ਨੇਤਾ ਨੂੰ ਇਹ ਪੈਸਾ ਆਪਣਾ ਬਿੰਬ ਬਣਾਉਣ ਲਈ ਵਰਤਣਾ ਭ੍ਰਿਸ਼ਟਾਚਾਰ ਦੀ ਸਿਖਰ ਹੈ। ਆਮ ਆਦਮੀ ਉਤੇ ਟੈਕਸ ਲਾ ਕੇ ਉਗਰਾਹੀ ਇਹ ਪੂੰਜੀ ਆਪਣਾ ਜੱਸ ਗਾਉਣ ਲਈ ਵਰਤਣ ਉਕਾ ਹੀ ਗਲਤ ਹੈ।
ਸਰਕਾਰਾਂ ਚੰਗੇ ਕੰਮ ਕਰਨ ਤਾਂ ਉਨ੍ਹਾਂ ਦੀ ਭੱਲ ਆਪਣੇ ਆਪ ਹੀ ਬਣ ਜਾਵੇਗੀ। ਭਾਰਤ ਉਤੇ ਦੋ ਸੌ ਸਾਲ ਰਾਜ ਕਰਨ ਵਾਲੀ ਤੇ ਆਮ ਲੋਕਾਂ ਦੀ ਭਾਸ਼ਾ ਵਿਚ ਲੋਟੂ ਗੋਰਿਆਂ ਦੀ ਸਰਕਾਰ ਵੀ ਆਮ ਜਨਤਾ ਲਈ ਸੜਕਾਂ ਬਣਾਉਣ, ਰੇਲ ਗੱਡੀਆਂ ਚਲਾਉਣ ਤੇ ਨਹਿਰਾਂ ਕੱਢ ਕੇ ਭੂਮੀ ਨੂੰ ਉਪਜਾਊ ਕਰਨ ਉਤੇ ਪੂੰਜੀ ਲਾਉਂਦੀ ਰਹੀ ਹੈ। ਆਪਾਂ ਉਨ੍ਹਾਂ ਤੋਂ ਹੀ ਸਬਕ ਸਿੱਖੀਏ।
ਹਾਂ ਜੇ ਵਿਗਿਆਪਨ ਦਾ ਮੂੰਹ ਮੱਥਾ ਬਣਾਉਣ ਲਈ ਕੋਈ ਨਾ ਕੋਈ ਤਸਵੀਰ ਦੇਣੀ ਹੀ ਹੈ ਤਾਂ ਕੇਵਲ ਉਨ੍ਹਾਂ ਹਸਤੀਆਂ ਦੀ ਦੇਣੀ ਚਾਹੀਦੀ ਹੈ ਜਿਹੜੇ ਕੇਵਲ ਸ਼ੋਭਾ ਵਾਲੀਆਂ ਪਦਵੀਆਂ ‘ਤੇ ਬਿਰਾਜਮਾਨ ਹਨ। ਇਸ ਸ਼੍ਰੇਣੀ ਵਿਚ ਰਾਸ਼ਟਰਪਤੀ ਤੇ ਰਾਜਪਾਲ ਹੀ ਆਉਂਦੇ ਹਨ। ਪ੍ਰਧਾਨ ਮੰਤਰੀ ਤੇ ਚੀਫ ਜਸਟਿਸ ਵੀ ਨਹੀਂ। ਕੀ ਸੁਪਰੀਮ ਕੋਰਟ ਨੂੰ ਆਪਣੇ ਫੈਸਲੇ ਉਤੇ ਨਜ਼ਰਸਾਨੀ ਕਰਨ ਦੀ ਲੋੜ ਨਹੀਂ? ਸ਼ਾਇਦ ਹੈ।
ਭੁਚਾਲ ਤੇ ਪੈਟਰੌਲ ਦੇ ਝਟਕੇ: ਮਈ ਦਾ ਮਹੀਨਾ ਬੜਾ ਚੰਦਰਾ ਸੀ। ਨੇਪਾਲ ਤੇ ਇਸ ਦੀ ਸੀਮਾ ਨਾਲ ਲਗਦੇ ਭਾਰਤੀ ਖੇਤਰਾਂ ਵਿਚ ਭੁਚਾਲ ਦੇ ਝਟਕਿਆਂ ਨੇ ਆਮ ਲੁਕਾਈ ਨੂੰ ਸਾਹ ਨਹੀਂ ਲੈਣ ਦਿੱਤਾ। ਨੇਪਾਲ ਤੇ ਭਾਰਤ (ਬਿਹਾਰ) ਵਿਚ ਜਾਨੀ ਤੇ ਮਾਲੀ ਨੁਕਸਾਨ ਤੋਂ ਬਿਨਾ ਕਈ ਇਤਿਹਾਸਕ ਭਵਨ ਵੀ ਨਸ਼ਟ ਹੋ ਗਏ। ਮਹਾਤਮਾ ਬੁੱਧ ਦੀਆਂ ਉਹ ਮੂਰਤੀਆਂ ਵੀ ਜਿਹੜੀਆਂ ਅਹਿੰਸਾ ਦਾ ਦਾਨ ਮੰਗਦੀਆਂ ਸਨ। ਨੇਪਾਲ ਵਾਸੀਆਂ ਤੇ ਬਿਹਾਰੀਆਂ ਨੂੰ ਤਰਸ ਦੀ ਭਾਵਨਾ ਦਾ ਦਰਦ ਵੀ ਹੰਢਾਉਣਾ ਪਿਆ। ਪੀੜਤ ਮਨੁੱਖਤਾ ਨੇ ਇਹ ਦਰਦ ਉਪਰ ਵਾਲੇ ਰੱਬ ਦਾ ਭਾਣਾ ਮੰਨ ਕੇ ਹੰਢਾਇਆ।
ਇਸ ਮਹੀਨੇ ਇਕ ਉਹ ਦੁਖ ਵੀ ਹੈ ਜਿਹੜਾ ਭਾਰਤ ਵਾਸੀਆਂ ਨੂੰ ਉਪਰ ਵਾਲੇ ਨੇ ਨਹੀਂ ਦਿੱਤਾ, ਉਨ੍ਹਾਂ ਦੀ ਚੁਣੀ ਹੋਈ ਸਰਕਾਰ ਨੇ ਦਿੱਤਾ ਹੈ, ਪੈਟਰੌਲ ਦੀਆਂ ਕੀਮਤਾਂ ਦੇ ਭਰਮ ਭੁਲੇਖੇ ਪਾ ਕੇ। ਮਈ ਮਹੀਨੇ ਦੇ ਪਹਿਲੇ ਅੱਧ ਵਿਚ ਹੀ ਪੈਟਰੌਲ 7 ਰੁਪਏ 9 ਪੈਸੇ ਲਿਟਰ ਮਹਿੰਗਾ ਕਰ ਦਿੱਤਾ ਤੇ ਡੀਜ਼ਲ ਪੰਜ ਰੁਪਏ 8 ਪੈਸੇ। ਇਸ ਵਾਧੇ ਦਾ ਅਸਰ ਆਵਾਜਾਈ ਦੇ ਵਸੀਲਿਆਂ ਤੇ ਖਾਣ ਪੀਣ ਦੀਆਂ ਵਸਤਾਂ ਉਤੇ ਪੈਣਾ ਨਿਸਚਿਤ ਹੈ। ਟਿੱਪਣੀਕਾਰ ਦਸਦੇ ਹਨ ਕਿ 2014 ਦੀ ਅਗਸਤ ਤੋਂ 2015 ਦੀ ਫਰਵਰੀ ਤੱਕ ਸਰਕਾਰ ਨੇ ਪੈਟਰੌਲ ਦੀ ਕੀਮਤ 10 ਵਾਰੀ ਤੇ ਡੀਜ਼ਲ ਦੀ ਛੇ ਵਾਰੀ ਘਟਾ ਕੇ ਜਿਹੜੇ ਸਬਜ ਬਾਗ ਵਿਖਾਏ ਉਹ ਮਈ ਮਹੀਨੇ ਸਿਰਜੀ ਪਤਝੜ ਨੇ ਸੋਕੇ ਵਿਚ ਬਦਲ ਦਿੱਤੇ ਹਨ। ਭੁਚਾਲਾਂ ਦੀ ਕਰੋਪੀ ਨੂੰ ਬੰਦਾ ਰੱਬ ਦੇ ਨਾਂ ਲਾ ਕੇ ਪ੍ਰਵਾਨ ਕਰ ਲੈਂਦਾ ਹੈ, ਸਰਕਾਰਾਂ ਦੇ ਕੀਤੇ ਨੂੰ ਕੀ ਨਾਂ ਦੇਵੇ?
ਕਾਲਕਾ ਸ਼ਿਮਲਾ ਕਮਿਊਨੀਕੇਸ਼ਨ: ਮੈਂ ਕਿਸੇ ਕੰਮ ਦੇ ਸਬੰਧ ਵਿਚ 1951 ਦੇ ਅਪਰੈਲ ਤੇ ਮਈ ਮਹੀਨੇ ਸ਼ਿਮਲੇ ਰਿਹਾ ਸੀ। ਉਸ ਕੰਮ ਵਿਚ ਮੇਰੇ ਮਾਸੜ ਜੀ ਮੁਬਾਰਕਪੁਰ ਰਹਿ ਕੇ ਮੇਰਾ ਸਾਥ ਦੇ ਰਹੇ ਸਨ। ਇੱਕ ਐਤਵਾਰ ਮੇਰੇ ਬਾਪੂ ਜੀ ਹੁਸ਼ਿਆਪੁਰ ਤੋਂ ਮਾਸੜ ਕੋਲ ਆਏ ਤਾਂ ਮਾਸੜ ਜੀ ਨੇ ਉਨ੍ਹਾਂ ਦੀ ਮੇਰੇ ਨਾਲ ਗੱਲ ਕਰਵਾਉਣੀ ਚਾਹੀ। ਮੋਬਾਈਲ ਫੋਨ ਤਾਂ ਹੁੰਦੇ ਨਹੀਂ ਸਨ। ਉਨ੍ਹਾਂ ਨੇ ਮੁਬਾਰਕਪੁਰ ਤੋਂ ਕਾਲਕਾ ਜਾ ਕੇ ਸ਼ਿਮਲੇ ਦੀ ਕਾਲ ਬੁੱਕ ਕਰਵਾਈ। ਮੈਂ ਏਧਰ-ਓਧਰ ਘੁੰਮਣ ਗਿਆ ਹੋਣ ਕਾਰਨ ਉਨ੍ਹਾਂ ਨੂੰ ਸਵੇਰ ਦੇ 10 ਵਜੇ ਤੋਂ ਸ਼ਾਮ ਦੇ ਚਾਰ ਵਜੇ ਤੱਕ ਉਡੀਕਣਾ ਪਿਆ। ਹੁਣ ਚੌਸਠ ਸਾਲਾਂ ਪਿੱਛੋਂ ਮੈਂ ਬੜੋਗ ਦੇ ਪਾਈਨਵੂਡ ਰਿਜ਼ਾਰਟ ‘ਤੇ ਬੈਠਾ ਚਾਹ ਪੀ ਰਿਹਾ ਸਾਂ ਤਾਂ ਮੇਰੇ ਮੋਬਾਈਲ ਦੀ ਘੰਟੀ ਵੱਜੀ। ਮੇਰੇ ਛੋਟੇ ਭਰਾ ਦੀ ਘਰ ਵਾਲੀ ਜਗਦੀਸ਼ ਕੌਰ ਮੇਰੇ ਜੱਦੀ ਪਿੰਡ ਸੂਨੀ, ਜ਼ਿਲਾ ਹੁਸ਼ਿਆਰਪੁਰ ਤੋਂ ਬੋਲ ਰਹੀ ਸੀ। ਉਸ ਨੇ ਇਹ ਦੱਸਣਾ ਸੀ ਕਿ ਉਹ ਕੈਨੇਡਾ ਤੋਂ ਪਿੰਡ ਪਹੁੰਚ ਗਈ ਹੈ ਤੇ 20 ਜੁਲਾਈ ਤੱਕ ਪਿੰਡ ਰਹੇਗੀ। ਮੇਰੀ ਗੱਲ ਖਤਮ ਨਹੀਂ ਸੀ ਹੋਈ ਤਾਂ ਮੇਰੀ ਭਤੀਜੀ ਭੁਪਿੰਦਰ ਪੱਡਾ ਦਾ ਮੋਬਾਈਲ ਬੋਲ ਪਿਆ। ਉਹਦਾ ਪਤੀ ਅਵਤਾਰ ਪੱਡਾ ਸੋਨਮਾਰਗ (ਕਸ਼ਮੀਰ) ਤੋਂ ਬੋਲ ਰਿਹਾ ਸੀ। ਆਪਣਾ ਹਾਲ ਦੱਸਣਾ ਚਾਹੁੰਦਾ ਸੀ। ਮੈਂ ਚਾਹ ਪੀਂਦੇ ਸਾਥੀਆਂ ਨੂੰ 1951 ਵਾਲੀ ਗੱਲ ਦੱਸੀ ਤਾਂ ਅਸੀਂ ਸਾਰੇ ਸਮਾਂ ਨਾਪਣ ਲਗ ਪਏ। ਇਹ ਗੱਲ ਵੀ ਹੋਈ ਕਿ ਕਾਲਕਾ ਤੋਂ ਸ਼ਿਮਲਾ ਨੂੰ ਜਾਣ ਵਾਲੀਆਂ ਬੱਸਾਂ ਕਿੰਨੀਆਂ ਸੁਰੰਗਾਂ ਵਿਚੋਂ ਲੰਘਦੀਆਂ ਸਨ ਅਤੇ ਕਿੰਨਾ ਸਮਾਂ ਦੂਜੇ ਪਾਸੇ ਤੋਂ ਆਉਣ ਵਾਲੀਆਂ ਬੱਸਾਂ ਨੂੰ ਲੰਘਾਉਣ ਲਈ ਉਡੀਕਣਾ ਪੈਂਦਾ ਸੀ। ਹੁਣ ਇਸ ਤਰ੍ਹਾਂ ਦਾ ਔਖਾ ਲਾਂਘਾ ਇੱਕ ਵੀ ਨਹੀਂ ਰਿਹਾ। ਹੈ ਕਿ ਨਹੀਂ ਉਨਤੀ ਦਾ ਕਮਾਲ?
ਅੰਤਿਕਾ: (ਅਹਿਮਦ ਫਰਾਜ਼)
ਸਿਲਸਿਲੇ ਤੋੜ ਗਿਆ ਵੁਹ ਸਭ ਜਾਤੇ ਜਾਤੇ।
ਵਰਨਾ ਇਤਨੇ ਤੁਅਲਕਾਤ ਥੇ ਕਿ ਆਤੇ ਜਾਤੇ।
ਕਿਤਨਾ ਆਸਾਂ ਥਾ ਤੇਰੇ ਹਿਜਰ ਮੇਂ ਮਰਨਾ ਜਾਨਾਂ,
ਫਿਰ ਭੀ ਇਕ ਉਮਰ ਲਗੀ ਜਾਨ ਸੇ ਜਾਤੇ ਜਾਤੇ।