ਧਰਮੀ ਬਾਬਲ, ਚੰਦਰਾ ਜ਼ਮਾਨਾ ਤੇ ਧੀਆਂ ਦੇ ਦੁਖੜੇ ਬੜੇ!

ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਉਸ ਦੀ ਜ਼ਿੰਦਗੀ ਵਿਚ ਦੁੱਖਾਂ ਦਾ ਹਨੇਰਾ ਗੂੜ੍ਹਾ ਹੁੰਦਾ ਗਿਆ। ਬੱਸ, ਦਿਲ ਵਿਚ ਆਸ ਦਾ ਦੀਵਾ ਜਗਦਾ ਸੀ ਕਿ ਇਕ ਨਾ ਇਕ ਦਿਨ ਸੁੱਖਾਂ ਦੀ ਪ੍ਰਭਾਤ ਜ਼ਰੂਰ ਆਵੇਗੀ। ਜ਼ਿੰਦਗੀ ਫੁੱਲਾਂ ਵਾਂਗ ਖਿੜ ਜਾਵੇਗੀ, ਰੁੱਸੇ ਹੋਏ ਚਾਅ ਮੁੜ ਪਰਤ ਆਉਣਗੇ। ਫਿਰ ਇਹ ਮਾਣ ਹੋਵੇਗਾ ਕਿ ਆਪਣੀ ਜ਼ਮੀਰ ਨਹੀਂ ਸੀ ਵੇਚੀ ਤਾਂ ਹੀ ਹੁਣ ਸੱਚੇ ਪਾਤਸ਼ਾਹ ਨੇ ਸੁੱਖਾਂ ਦੇ ਆਸਣ ‘ਤੇ ਬਿਠਾ ਦਿੱਤਾ ਹੈ। ਉਸ ਨੇ ਬਗਾਵਤ ਦਾ ਰਾਹ ਧਰਮ ਲਈ ਚੁਣਿਆ ਸੀ। ਕੋਈ ਵੀ ਇਨਸਾਨ ਆਪਣੇ ਧਰਮ ਅਤੇ ਧਰਮ ਅਸਥਾਨ ‘ਤੇ ਹਮਲਾ ਕਿਵੇਂ ਬਰਦਾਸ਼ਤ ਕਰ ਸਕਦਾ ਹੈ? ਜਦੋਂ ਉਸ ਦੇ ਕੰਨਾਂ ਨੇ ਸੁਣਿਆ ਕਿ ਹਿੰਦੋਸਤਾਨ ਦੀ ਫੌਜ ਨੇ ਦਰਬਾਰ ਸਾਹਿਬ ਉਤੇ ਤੋਪਾਂ ਤੇ ਟੈਂਕਾਂ ਨਾਲ ਹਮਲਾ ਕਰ ਦਿੱਤਾ ਹੈ, ਫਿਰ ਉਸ ਨੇ ਵੀ ਆਪਣੇ ਸਿੱਖ ਫੌਜੀ ਜਵਾਨਾਂ ਨਾਲ ਰਾਮਗੜ੍ਹ ਫੌਜੀ ਸੈਂਟਰ ਤੋਂ ਹਥਿਆਰਾਂ ਸਮੇਤ ਦਰਬਾਰ ਸਾਹਿਬ ਵੱਲ ਕੂਚ ਕਰ ਦਿੱਤਾ। ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਬਚਾਉਣ ਲਈ ਉਹ ਤੁਰਦੇ ਤੁਰਦੇ, ਰਸਤੇ ਵਿਚ ਫੌਜ ਦੇ ਅੜਿੱਕੇ ਆ ਗਏ। ਅਫ਼ਸਰ ਨੇ ਆਖਿਆ, ‘ਜਾਂ ਤਾਂ ਮੁਆਫ਼ੀ ਮੰਗ ਕੇ ਮੁੜ ਛਾਉਣੀ ਚੱਲ ਵੜੋ, ਨਹੀਂ ਤਾਂ ਧਰਮ ਦੀ ਖਾਤਰ ਜੇਲ੍ਹਾਂ ਵਿਚ ਸੜੋ ਤੇ ਮਰੋ।’ ਉਸ ਨੇ ਵੀ ਧਰਮ ਦਾ ਰਾਹ ਚੁਣ ਲਿਆ ਤੇ ਧਰਮੀ ਫੌਜੀ ਬਣ ਕੇ ਜੇਲ੍ਹ ਦੀਆਂ ਸੀਖਾਂ ਪਿੱਛੇ ਜਾ ਖੜ੍ਹਾ ਹੋਇਆ।
ਜੁਲਾਈ ਦੇ ਮਹੀਨੇ ਪਿੰਡ ਪਤਾ ਲੱਗਿਆ ਕਿ ਧਰਮੀ ਫੌਜੀਆਂ ਵਿਚ ਕੇਵਲ ਸਿੰਘ ਫੌਜੀ ਵੀ ਸ਼ਾਮਲ ਹੈ। ਵਿਆਹ ਹੋਇਆਂ ਅਜੇ ਦੋ ਸਾਲ ਹੀ ਹੋਏ ਸਨ। ਘਰਵਾਲੀ ਦੀ ਗੋਦੀ ਛੇ ਕੁ ਮਹੀਨਿਆਂ ਦੀ ਕੁੜੀ ਪ੍ਰੀਤ ਸੀ। ਕਈ ਸਾਲ ਲੰਘ ਗਏ। ਕੇਵਲ ਦਾ ਪਤਾ ਨਾ ਲੱਗਿਆ ਕਿ ਉਹ ਜਿਉਂਦਾ ਹੈ ਜਾਂ ਸ਼ਹੀਦ ਹੋ ਗਿਆ। 14 ਸਾਲ ਦੀ ਲੰਮੀ ਸਜ਼ਾ ਕੱਟ ਕੇ ਉਹ ਖਾਲੀ ਹੱਥ ਪਿੰਡ ਆ ਗਿਆ। ਦੋ ਚਾਰ ਦਿਨ ਤਾਂ ਪਿੰਡ ਵਾਲਿਆਂ ਨੇ ਬਹੁਤ ਹੌਸਲਾ ਦਿੱਤਾ ਕਿ ਧਰਮੀਆ, ਅਸੀਂ ਤੇਰੇ ਨਾਲ ਹਾਂ, ਪਰ ਨਾਲ ਤਾਂ ਘਰਵਾਲੀ ਤੇ ਪ੍ਰੀਤ ਹੀ ਰਹੀਆਂ। ਬਾਕੀ ਸਭ ਗੱਲਾਂ ਦਾ ਕੜਾਹ ਬਣਾਉਂਦੇ ਗਏ। ਕੇਵਲ ਨੇ ਮੁੜ ਬਹਾਲੀ ਲਈ ਹੱਥ ਪੈਰ ਮਾਰੇ ਪਰ ਉਸ ਦੇ ਪੱਲੇ ਧਰਮੀ ਬਣਨ ਦੀ ਸਜ਼ਾ ਹੀ ਪਈ।
ਪ੍ਰੀਤ ਸੋਹਣੀ ਸੁਨੱਖੀ ਲੰਮੀ ਮੁਟਿਆਰ ਬਣ ਕਾਲਜ ਦਾਖ਼ਲ ਹੋ ਗਈ। ਕੇਵਲ ਦਾ ਵੀ ਇਹੀ ਸੁਪਨਾ ਸੀ-ਧੀ ਨੂੰ ਪੜ੍ਹਾ ਕੇ ਚੰਗੀ ਨੌਕਰੀ ‘ਤੇ ਲਵਾਉਣਾ। ਆਪ ਉਹ ਲੁਧਿਆਣੇ ਦਿਹਾੜੀ ਕਰਨ ਲਈ ਵੀਹ ਕਿਲੋਮੀਟਰ ਦਾ ਫਾਸਲਾ ਤੈਅ ਕਰ ਕੇ ਜਾਂਦਾ ਸੀ। ਕਿਸੇ ਵੀ ਸਿਆਸੀ ਪਾਰਟੀ, ਧਾਰਮਿਕ ਸੰਸਥਾ ਜਾਂ ਧੜੇ ਨੇ ਕੇਵਲ ਨੂੰ ਉਸ ਦੀ ਕੁਰਬਾਨੀ ਦਾ ਮੁੱਲ ਮੋੜਨ ਦੀ ਕੋਸ਼ਿਸ਼ ਨਹੀਂ ਕੀਤੀ। ਚੋਣਾਂ ਮੌਕੇ ਪਿੰਡ ਦੀ ਸੱਥ ਵਿਚ ਲੱਗੇ ਲਾਊਡ ਸਪੀਕਰ ਵਿਚੋਂ ਇਹ ਆਵਾਜ਼ ਜ਼ਰੂਰ ਆ ਜਾਂਦੀ ਕਿ ਨਗਰ ਨਿਵਾਸੀਆਂ ਨੂੰ ਮਾਣ ਹੋਣਾ ਚਾਹੀਦਾ ਕਿ ਤੁਹਾਡੇ ਨਗਰ ਦੇ ਕੇਵਲ ਸਿੰਘ ਫੌਜੀ ਨੇ ਧਰਮ ਦਾ ਸਾਥ ਦਿੱਤਾ, ਤੁਸੀਂ ਵੀ ਧਰਮ ਦਾ ਸਾਥ ਦਿੰਦੇ ਹੋਏ ਪੰਥ ਨੂੰ ਵੋਟਾਂ ਪਾਉ। ਚੋਣਾਂ ਮੌਕੇ ਕੇਵਲ ਦਾ ਨਾਂ ਵਰਤ ਕੇ ਵੋਟਾਂ ਲੈ ਕੇ ਆਗੂ ਮੰਤਰੀ ਤੱਕ ਬਣ ਜਾਂਦੇ, ਪਰ ਮਗਰੋਂ ਕੇਵਲ ਦੇ ਸਾਇਕਲ ਪਿੱਛੇ ਬੰਨ੍ਹੇ ਹੋਏ ਹਵਾ ਵਾਲੇ ਪੰਪ ਨੂੰ ਕੋਈ ਨਾ ਦੇਖਦਾ ਕਿ ਕੇਵਲ ਕੋਲ ਤਾਂ ਪੰਚਰ ਲਵਾਉਣ ਜੋਗੇ ਪੈਸੇ ਵੀ ਨਹੀਂ ਹਨ।
ਰਾਜੀ ਪ੍ਰੀਤ ਦੀ ਗੂੜ੍ਹੀ ਸਹੇਲੀ ਸੀ। ਉਸ ਦੀ ਮਾਂ ਬਚਪਨ ਵਿਚ ਹੀ ਰਾਜੀ ਨੂੰ ਛੱਡ ਕੇ ਸੁਰਗਵਾਸ ਹੋ ਗਈ ਸੀ। ਉਹ ਪ੍ਰੀਤ ਦੀ ਮਾਂ ਨੂੰ ਹੀ ਮਾਂ ਕਹਿ ਕੇ ਬਲਾਉਂਦੀ ਸੀ। ਪ੍ਰੀਤ ਦਾ ਖਰਚਾ ਵੀ ਰਾਜੀ ਦਾ ਪਿਤਾ ਆਤਮਾ ਸਿੰਘ ਚੁੱਕ ਲੈਂਦਾ। ਉਹ ਧਾਰਮਿਕ ਖਿਆਲਾਂ ਦਾ ਬੰਦਾ ਸੀ। ਗੁਰੂ ਘਰਾਂ ਦੇ ਦਰਸ਼ਨਾਂ ਦੀ ਪਿਆਸ ਉਸ ਨੂੰ ਹਮੇਸ਼ਾ ਰਹਿੰਦੀ ਸੀ। ਇਤਿਹਾਸਕ ਜੋੜ ਮੇਲੇ ‘ਤੇ ਉਹ ਆਪਣੇ ਨਾਲ ਰਾਜੀ ਨੂੰ ਲਿਜਾਣਾ ਨਾ ਭੁੱਲਦਾ। ਕੇਵਲ ਸਿੰਘ ਨਾਲ ਆਤਮਾ ਸਿੰਘ ਦੀ ਸੋਚ ਨਹੀਂ ਸੀ ਮਿਲਦੀ, ਇਸੇ ਕਰ ਕੇ ਦੋਵਾਂ ਦੀਆਂ ਧੀਆਂ ਦਾ ਸਹੇਲਪੁਣਾ ਤਾਂ ਸੀ ਪਰ ਇਹ ਦੋਵੇਂ ਇਕ ਦੂਜੇ ਤੋਂ ਦੂਰ ਹੀ ਸਨ। ਉਨ੍ਹੀ ਦਿਨੀਂ ਹੀ ਰਾਜੀ ਦੇ ਮਾਮੇ ਦੇ ਮੁੰਡੇ ਦਾ ਵਿਆਹ ਆ ਗਿਆ। ਉਹ ਪ੍ਰੀਤ ਨੂੰ ਵੀ ਨਾਲ ਲੈ ਗਈ ਜਿਥੇ ਇਕ ਸਭਿਆਚਾਰਕ ਗਰੁਪ ਦੀਆਂ ਕੁੜੀਆਂ ਆਪਣਾ ਪ੍ਰੋਗਰਾਮ ਪੇਸ਼ ਕਰਨ ਆਈਆਂ ਸਨ।
ਰਾਜੀ ਨੇ ਜ਼ਿੱਦ ਕਰ ਕੇ ਪ੍ਰੀਤ ਨੂੰ ਸਟੇਜ ‘ਤੇ ਚਾੜ੍ਹ ਦਿੱਤਾ ਕਿ ਉਹ ਵੀ ਇਕ ਗੀਤ ‘ਤੇ ਨੱਚ ਕੇ ਦਿਖਾ ਦੇਵੇ। ਪ੍ਰੀਤ ਉਹ ਨੱਚੀ ਕਿ ਕਮਾਲ ਕਰ ਦਿੱਤੀ। ਸਾਰੇ ਕਹਿਣ, ਪ੍ਰੀਤ ਦੁਬਾਰਾ ਨੱਚੇ। ਸੱਭਿਆਚਾਰਕ ਗਰੁਪ ਵਾਲੀ ਬੀਬੀ ਪ੍ਰੀਤ ਨੂੰ ਆਪਣਾ ਕਾਰਡ ਦੇ ਗਈ, ਤੇ ਨਾਲ ਹੀ ਕਹਿ ਗਈ ਕਿ ਜੇ ਤੇਰਾ ਦਿਲ ਮੰਨੇ, ਸਾਡੇ ਗਰੁਪ ਵਿਚ ਆ ਜਾਈਂ; ਪੰਜ ਹਾਜ਼ਰ ਮਹੀਨਾ। ਵਿਆਹ ਸਨਿਚਰਵਾਰ ਤੇ ਐਤਵਾਰ ਦੇ ਹੀ ਹੁੰਦੇ ਹਨ। ਆਪਣੀ ਕਾਲਜ ਦੀ ਪੜ੍ਹਾਈ ਵੀ ਕਰੀ ਜਾਈਂ। ਗਰੀਬ ਪਰਿਵਾਰ ਲਈ ਪੰਜ ਹਜ਼ਾਰ ਪੰਜ ਲੱਖ ਵਰਗਾ ਸੀ। ਪ੍ਰੀਤ ਨੇ ਮਾਂ ਨਾਲ ਸਲਾਹ ਕੀਤੀ ਤਾਂ ਉਸ ਨੇ ਪਿਉ ਵੱਲ ਇਸ਼ਾਰਾ ਕਰ ਦਿੱਤਾ। ਕੇਵਲ ਨੂੰ ‘ਸੱਭਿਆਚਾਰ ਵਾਲੇ’ ਚੰਗੇ ਨਹੀਂ ਸਨ ਲੱਗਦੇ।
“ਪਿਤਾ ਜੀ, ਇਸ ਵਿਚ ਬੇਇੱਜ਼ਤੀ ਵਾਲੀ ਕਿਹੜੀ ਗੱਲ ਹੈ।” ਪ੍ਰੀਤ ਨੇ ਪਿਤਾ ਦੇ ਦੋਵੇਂ ਹੱਥ ਘੁੱਟਦਿਆਂ ਪੁੱਛਿਆ।
“ਪ੍ਰੀਤ, ਲੋਕ ਕੀ ਕਹਿਣਗੇ ਕਿ ਧਰਮੀ ਦੀ ਕੁੜੀ ਸਟੇਜਾਂ ‘ਤੇ ਨੱਚਦੀ ਐ।” ਕੇਵਲ ਨੇ ਦੋਵੇਂ ਹੱਥ ਛੁਡਾਉਂਦਿਆਂ ਕਿਹਾ।
“ਪਿਤਾ ਜੀ, ਇਨ੍ਹਾਂ ਲੋਕਾਂ ਨੇ ਕੀ ਤੁਹਾਡੇ ਗਲ ਸੋਨੇ ਦੇ ਮੈਡਲ ਪਾ ਦਿੱਤੇ? ਤੁਸੀਂ ਧਰਮ ਦੀ ਖਾਤਰ ਆਪਣੀ ਜਾਨ ਤਲੀ ‘ਤੇ ਰੱਖ ਦਿੱਤੀ, ਆਪਣਾ ਭਵਿਖ ਬਰਬਾਦ ਕਰ ਲਿਆ। ਮੈਂ ਅੱਜ ਤੱਕ ਭਰਾ ਦੀ ਸਹੁੰ ਖਾਣ ਨੂੰ ਤਰਸ ਗਈ। ਮਾਂ ਨੇ 14 ਸਾਲ ਰੰਡੇਪੇ ਵਾਂਗ ਕੱਟੇæææਉਸ ਵਕਤ ਇਹ ਲੋਕ, ਇਹ ਪੰਥ ਕਿੱਥੇ ਸੀ? ਮੈਨੂੰ ਮਾਣ ਹੈ ਕਿ ਮੈਂ ਧਰਮੀ ਦੀ ਧੀ ਹਾਂ ਅਤੇ ਮੈਂ ਤੁਹਾਡੀ ਪੱਗ ਨੂੰ ਦਾਗ ਨਹੀਂ ਲੱਗਣ ਦਿੰਦੀ, ਨਾਲੇ ਪੁੱਤਰਾਂ ਵਾਲਾ ਫ਼ਰਜ਼ ਅਦਾ ਕਰੂੰਗੀæææਆਪਣੇ ਪਿਉ ਦੇ ਹੱਥੋਂ ਦਾਤੀ ਅਤੇ ਪੱਲੀ ਛੁਡਵਾ ਦਿਆਂਗੀ ਜਿਹੜਾ ਲੋਕਾਂ ਦੀਆਂ ਵੱਟਾਂ ਤੋਂ ਘਾਹ ਖੋਤ ਕੇ ਮੱਝਾਂ ਦੀਆਂ ਖੁਰਲੀਆਂ ਭਰਦਾ ਹੈ।” ਇਹ ਕਹਿੰਦਿਆਂ ਪ੍ਰੀਤ ਕੇਵਲ ਦੇ ਗੱਲ ਲੱਗ ਰੋਣ ਲੱਗ ਪਈ।
æææਪ੍ਰੀਤ ਹੁਣ ਸਨਿਚਰਵਾਰ ਤੇ ਐਤਵਾਰ ਦੇ ਵਿਆਹਾਂ ‘ਤੇ ਗਰੁਪ ਵਾਲਿਆਂ ਨਾਲ ਜਾ ਆਉਂਦੀ। ਬਾਕੀ ਦਿਨ ਪੜ੍ਹਾਈ ਕਰ ਲੈਂਦੀ। ਜਿਸ ਦਿਨ ਦਾ ਪ੍ਰੀਤ ਨੇ ਗਰੁਪ ਵਾਲਿਆਂ ਨਾਲ ਨਾਂ ਜੋੜਿਆ ਸੀ, ਉਸੇ ਦਿਨ ਤੋਂ ਆਤਮਾ ਸਿੰਘ ਨੇ ਰਾਜੀ ਦਾ ਨਾਂ ਪ੍ਰੀਤ ਨਾਲੋਂ ਵੱਖ ਕਰ ਦਿੱਤਾ ਸੀ। ਆਤਮਾ ਸਿੰਘ ਸੋਚਦਾ ਕਿ ਰਾਜੀ ਲਈ ਕੋਈ ਚੰਗੇ ਘਰ ਦਾ ਮੁੰਡਾ ਲੱਭ ਕੇ ਵਿਆਹ ਕਰ ਦੇਵੇ। ਉਹ ਅਕਸਰ ਉਚੇ ਟਿੱਬੇ ਵਾਲੇ ਸੰਤਾਂ ਕੋਲ ਰਾਜੀ ਬਾਰੇ ਗੱਲਾਂ ਕਰਦੇ ਰਹਿੰਦੇ ਸਨ।
ਉਚੇ ਟਿੱਬੇ ਵਾਲਾ ਸੰਤ ਲੋਕਾਂ ਦੀਆਂ ਨਜ਼ਰਾਂ ਵਿਚ ਪਖੰਡੀ ਤੇ ਬੂਬਨਾ ਸੀ ਪਰ ਆਤਮਾ ਸਿੰਘ ਲਈ ਕਿਸੇ ਮਹਾਂਪੁਰਸ਼ ਤੋਂ ਘੱਟ ਨਹੀਂ ਸੀ। ਟਿੱਬਿਆਂ ਵਾਲੀ ਜ਼ਮੀਨ ਵਾਹੀ ਯੋਗ ਨਾ ਹੋਣ ਕਰ ਕੇ ਸੰਤ ਨੇ ਪਹਿਲਾਂ-ਪਹਿਲ ਕਾਨਿਆਂ ਦੀ ਝੁੱਗੀ ਬਣਾ ਲਈ ਜੋ ਥੋੜ੍ਹੇ ਸਾਲਾਂ ਵਿਚ ਹੀ ਆਲੀਸ਼ਾਨ ਡੇਰੇ ਦਾ ਰੂਪ ਧਾਰਨ ਕਰ ਗਈ। ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਸੰਤ ਨੇ ਨਿਸ਼ਾਨ ਸਾਹਿਬ ਝੁਲਾ ਦਿੱਤਾ। ਚੁਬਾਰੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿੱਤਾ। ਹੌਲੀ ਹੌਲੀ ਸੰਗਤ ਜੁੜਦੀ ਗਈ ਅਤੇ ਸੰਤ ਦਾ ਨਾਂ ਮੰਤਰੀਆਂ ਨਾਲ ਜੁੜਦਾ ਗਿਆ ਜੋ ਨੋਟਾਂ ਦੀ ਵਰਖਾ ਨਾਲ ਵੋਟਾਂ ਦਾ ਫਲ ਤੋੜਦੇ ਗਏ। ਸੰਤ ਧਾਰਮਿਕਤਾ ਨਾਲੋਂ ਰਾਜਨੀਤੀ ਵਿਚ ਜ਼ਿਆਦਾ ਰਚ ਮਿਚ ਗਿਆ। ਆਤਮਾ ਸਿੰਘ ਰਾਜੀ ਨੂੰ ਸੰਤ ਕੋਲ ਲੈ ਗਿਆ। “ਮਹਾਰਾਜ, ਇਸ ਕੰਨਿਆ ‘ਤੇ ਵੀ ਕ੍ਰਿਪਾ ਕਰੋ।” ਆਤਮਾ ਸਿੰਘ ਨੇ ਸੰਤ ਅੱਗੇ ਬੇਨਤੀ ਕੀਤੀ।
“ਆਤਮਾ ਸਿੰਘ, ਇਸ ਕੰਨਿਆ ਦੇ ਮਸਤਕ ਵਿਚ ਭਗਤੀ ਲਿਖੀ ਹੈ। ਇਸ ਦੇ ਵਿਆਹ ਦਾ ਖਿਆਲ ਛੱਡ ਦੇ ਤੇ ਇਸ ਨੂੰ ਡੇਰੇ ਵਿਚ ਛੱਡ ਜਾ। ਇਹ ਕੰਨਿਆ ਸਮਝ ਸਾਡੀ ਹੋ ਗਈ।” ਸੰਤ ਨੇ ਅੱਧ-ਬੱਗੀ ਦਾੜ੍ਹੀ ‘ਤੇ ਮਾਲਾ ਵਾਲਾ ਹੱਥ ਫੇਰਦਿਆਂ ਕਿਹਾ।
“ਸਤ ਬਚਨ ਜੀ।” ਆਤਮਾ ਸਿੰਘ ਰਾਜੀ ਦੇ ਨਾਂਹ ਨਾਂਹ ਕਰਨ ‘ਤੇ ਵੀ ਉਸ ਨੂੰ ਡੇਰੇ ਛੱਡ ਆਇਆ। ਆਪ ਆਪਣੇ ਸਿਰੋਂ ਰਾਜੀ ਦਾ ਭਾਰ ਲਾਹ ਆਇਆ ਸਮਝ ਕੇ ਸੁਰਖਰੂ ਹੋ ਗਿਆ।
ਪ੍ਰੀਤ ਨੇ ਆਪਣੇ ਪਿਤਾ ਨੂੰ ਕੰਮ ਤੋਂ ਹੀ ਸੁਰਖਰੂ ਨਹੀਂ ਕੀਤਾ, ਸਗੋਂ ਘਰ ਢਾਹ ਕੇ ਨਵਾਂ ਬਣਾ ਦਿੱਤਾ। ਘਰ ਦੀ ਗਰੀਬੀ ਧੋਣ ਦੇ ਨਾਲ ਨਾਲ ਬੀæਏæ ਦੀ ਪੜ੍ਹਾਈ ਵੀ ਪੂਰੀ ਕਰ ਲਈ। ਉਹ ਆਪਣੇ ਗਰੁਪ ਵਿਚ ਹਰਮਨ ਪਿਆਰੀ ਹੋ ਗਈ। ਉਸ ਦੀ ਤਨਖਾਹ ਪੰਜ ਹਜ਼ਾਰ ਤੋਂ ਵਧ ਕੇ ਦਸ ਹਜ਼ਾਰ ਹੋ ਗਈ। ਪ੍ਰੀਤ ਦਾ ਹੁਸਨ ਹਮੇਸ਼ਾ ਬਰਾਤੀਆਂ ਵਿਚ ਚਰਚਾ ਛੇੜਦਾ। ਪ੍ਰੀਤ ਕਰ ਕੇ ਹੀ ਗਰੁਪ ਵਾਲਿਆਂ ਦਾ ਕੋਈ ਵੀ ਸਨਿਚਰ ਤੇ ਐਤਵਾਰ ਖਾਲੀ ਨਾ ਜਾਂਦਾ। ਪ੍ਰੀਤ ਨਾਲ ਜਿਥੇ ਗਰੁਪ ਵਾਲਿਆਂ ਚੰਗੀ ਕਮਾਈ ਕੀਤੀ, ਉਥੇ ਪ੍ਰੀਤ ਨੇ ਵੀ ਐਮæਏæ ਪਾਸ ਕਰਨ ਦੇ ਨਾਲ ਨਾਲ ਸਫ਼ਾਰੀ ਗੱਡੀ ਲੈ ਆਂਦੀ। ਕੇਵਲ ਦੇ ਹੱਥੋਂ ਦਾਤੀ-ਪੱਲੀ ਛੁਟ ਗਈ ਸੀ। ਵੀਹ ਕਿਲੋਮੀਟਰ ਦੇ ਸਫ਼ਰ ਤੋਂ ਵੀ ਮੁਕਤੀ ਹੋ ਗਈ। ਲੋਕ ਦੱਬਵੀਂ ਆਵਾਜ਼ ਵਿਚ ਪ੍ਰੀਤ ਬਾਰੇ ਗੱਲਾਂ ਕਰਦੇ। ਉਡਦੀ ਉਡਦੀ ਗੱਲ ਜਦ ਕੇਵਲ ਦੇ ਕੰਨੀਂ ਪਈ ਤਾਂ ਉਸ ਨੇ ਪ੍ਰੀਤ ਨੂੰ ਪੁੱਛਿਆ, “ਪ੍ਰੀਤ, ਲੋਕ ਬੜੀਆਂ ਗੱਲਾਂ ਕਰਦੇ ਨੇ, ਸੱਚ ਕੀ ਐ ਫਿਰ?”
“ਪਿਤਾ ਜੀ, ਤੁਹਾਡੀ ਪ੍ਰੀਤ ਧੂਫ ਵਾਂਗ ਸੁੱਚੀ ਹੈ। ਮੈਂ ਧਰਮੀ ਫੌਜੀ ਦੀ ਧੀ ਹਾਂ ਜਿਸ ਨੇ ਧਰਮ ਖਾਤਰ 14 ਸਾਲ ਜੇਲ੍ਹਾਂ ਵਿਚ ਤਸੀਹੇ ਝੱਲੇ, ਗੁਰਬੱਤ ਦੀ ਜ਼ਿੰਦਗੀ ਕੱਟੀæææਮੈਂ ਉਸ ਧਰਮੀ ਦੀ ਇੱਜ਼ਤ ਨੂੰ ਦਾਗ ਨਹੀਂ ਲੱਗਣ ਦੇਵਾਂਗੀ।” ਪ੍ਰੀਤ ਨੇ ਪਿਤਾ ਜੀ ਦੇ ਸਾਰੇ ਸੰਸੇ ਦੂਰ ਕਰਦਿਆਂ ਕਿਹਾ।
ਰਾਜੀ ਨੂੰ ਸੰਤ ਨੇ ਡੇਰੇ ਵਿਚ ਸਾਰੀਆਂ ਸੁੱਖ ਸਹੂਲਤਾਂ ਦਿੱਤੀਆਂ। ਸੰਤ ਨੇ ਆਪਣੀਆਂ ਜਾਦੂਈ ਗੱਲਾਂ ਨਾਲ ਰਾਜੀ ਨੂੰ ਕੀਲ ਲਿਆ। ਇਕ ਦਿਨ ਸੰਤ ਨੇ ਆਪਣੀ ਪਰਿਭਾਸ਼ਾ ਭੁੱਲ ਕੇ ਰਾਜੀ ਨੂੰ ਬਾਹਾਂ ਵਿਚ ਘੁੱਟ ਲਿਆ। ਰਾਜੀ ਨੂੰ ਸੰਤ ਦੀ ਸ਼ਕਲ ਵਿਚ ਕੋਈ ਸ਼ੈਤਾਨ ਦਿਸਿਆ। ਸੰਤ ਅੱਗੇ ਕੋਈ ਹਰਕਤ ਕਰਦਾ, ਇਸ ਤੋਂ ਪਹਿਲਾਂ ਹੀ ਰਾਜੀ ਨੇ ਉਸ ਦੀ ਦਾੜ੍ਹੀ ਫੜ ਲਈ। ਸੰਤ ਨੂੰ ਉਹ ਹੱਦ ਨਾ ਟੱਪਣ ਦਿੱਤੀ ਜਿਸ ਨੂੰ ਉਹ ਟੱਪਣਾ ਚਾਹੁੰਦਾ ਸੀ। ਆਪਣੀ ਕਰਤੂਤ ਜੱਗ ਜ਼ਾਹਿਰ ਹੋਣ ਤੋਂ ਬਚਾਉਣ ਲਈ ਰਾਜੀ ਨੂੰ ਸਮਝਾਉਣ ਲਈ ਆਤਮਾ ਸਿੰਘ ਨੂੰ ਡੇਰੇ ਬੁਲਾ ਲਿਆ। ਆਤਮਾ ਸਿੰਘ ਨੇ ਰਾਜੀ ਦੇ ਹੰਝੂ ਡਿੱਗਦੇ ਦੇਖੇ, ਉਸ ਦੇ ਜੁੜੇ ਹੋਏ ਹੱਥ ਵੀ ਦੇਖੇ, ਪਰ ‘ਹਾਂ’ ਉਹ ਸੰਤ ਵੱਲ ਕਰ ਗਿਆ। ਪਤਾ ਨਹੀਂ ਸੰਤ ਨੇ ਆਤਮਾ ਸਿੰਘ ਨੂੰ ਕੀ ਘੋਲ ਕੇ ਪਿਲਾਇਆ ਸੀ ਕਿ ਉਸ ਨੂੰ ਸੰਤ ਪਵਿੱਤਰ ਲੱਗਦਾ ਸੀ। ਆਤਮਾ ਸਿੰਘ ਦੀ ਆਪਣੇ ਵੱਲ ਭੁਗਤੀ ਗਵਾਹੀ ਸੁਣ ਕੇ ਸੰਤ ਫਿਰ ਨਿਡਰ ਹੋਇਆ ਰਾਜੀ ਨਾਲ ਉਹ ਕੁਝ ਕਰ ਗਿਆ ਸੀ ਜੋ ਉਸ ਨੂੰ ਨਹੀਂ ਕਰਨਾ ਚਾਹੀਦਾ ਸੀ। ਰਾਜੀ ਨਾਲ ਤਾਂ ਬੱਸ ਹੰਝੂਆਂ ਨੇ ਹਮਦਰਦੀ ਨਿਭਾਈ ਜੋ ਪਲ ਭਰ ਵੀ ਅੱਖੋਂ ਪਰ੍ਹੇ ਨਹੀਂ ਹੋਏ।
ਇਕ ਦਿਨ ਕਿਸੇ ਮੰਤਰੀ ਦੇ ਮੁੰਡੇ ਦੇ ਵਿਆਹ ਸਮਾਗਮ ਵਿਚ ਪ੍ਰੀਤ ਦਾ ਗਰੁਪ ਪ੍ਰੋਗਰਾਮ ਪੇਸ਼ ਕਰਨ ਆਇਆ ਸੀ। ਪ੍ਰੀਤ ਨੱਚ ਰਹੀ ਸੀ। ਅਗਲੀਆਂ ਕੁਰਸੀਆਂ ਉਪਰ ਪੁਲਿਸ ਅਫ਼ਸਰ ਮਹਿਮਾਨ ਜਾਮ ਨਾਲ ਜਾਮ ਟਕਰਾ ਰਹੇ ਸਨ। ਰੰਗ ਬਰੰਗੀਆਂ ਦਸਤਾਰਾਂ ਵਿਚ ਸਿਵਲ ਉਚ ਅਫ਼ਸਰ ਬੈਠੇ ਹੋਏ ਸਨ। ਦੋ ਤਿੰਨ ਮੁੰਡੇ ਸਟੇਜ ‘ਤੇ ਚੜ੍ਹ ਕੇ ਪ੍ਰੀਤ ਨਾਲ ਨੱਚਦੇ ਹੋਏ ਅਸ਼ਲੀਲ ਹਰਕਤਾਂ ਕਰਨ ਲੱਗੇ ਪਏ। ਪ੍ਰੀਤ ਨੇ ਉਨ੍ਹਾਂ ਨੂੰ ਅੱਖਾਂ ਨਾਲ ਘੂਰਿਆ, ਪਰ ਕੁਰਸੀਆਂ ‘ਤੇ ਬੈਠੇ ਮਹਿਮਾਨਾਂ ਨੇ ਅੱਖਾਂ ਜਿਵੇਂ ਬੰਦ ਕਰ ਲਈਆਂ। ਇਕ ਮੁੰਡੇ ਨੇ ਪ੍ਰੀਤ ਨੂੰ ਇਸ਼ਾਰੇ ਨਾਲ ਡੱਬ ਵਿਚ ਦਿੱਤਾ ਹੋਇਆ ਪਿਸਤੌਲ ਦਿਖਾਇਆ। ਜਦ ਉਸ ਮੁੰਡੇ ਨੇ ਪ੍ਰੀਤ ਦੀ ਬਾਂਹ ਫੜੀ, ਉਸੇ ਵਕਤ ਪ੍ਰੀਤ ਨੇ ਫੁਰਤੀ ਨਾਲ ਉਸ ਦਾ ਪਿਸਤੌਲ ਕੱਢ ਲਿਆ ਤੇ ਉਸ ਵੱਲ ਤਾਣ ਦਿੱਤਾ। ਸਮਾਗਮ ਵਿਚ ਚੁੱਪ ਛਾ ਗਈ, ਪ੍ਰੀਤ ਬੋਲਣ ਲੱਗੀ ਅਤੇ ਬਾਕੀ ਸਭ ਹੈਰਾਨ ਹੋ ਗਏ।
“ਹੁਣ ਫੜ ਬਾਂਹ ਮੇਰੀæææਜੇ ਗੋਲੀ ਤੇਰੀ ਛਾਤੀ ਵਿਚ ਨਾ ਲੰਘਾ ਦਿੱਤੀ। ਤੁਸੀਂ ਸਾਨੂੰ ਸਮਝਿਆ ਕੀ ਹੈ?” ਪ੍ਰੀਤ ਦਾ ਗੜ੍ਹਕਾ ਸੁਣ ਕੇ ਪਿੱਛਿਓ ਮੈਡਮ ਅਤੇ ਬਾਕੀ ਕੁੜੀਆਂ ਵੀ ਸਟੇਜ ਉਤੇ ਆ ਗਈਆਂ।
“ਮੇਰਾ ਪਿਸਤੌਲ ਵਾਪਸ ਕਰ ਦੇ, ਮੈਂ ਤੇਰੇ ਵਰਗੀਆਂ ਵੀਹ ਨਾਚੀਆਂ ਦੇਖੀਆਂ।” ਮੁੰਡੇ ਨੇ ਆਪ ਡਰਦੇ ਹੋਏ ਨੇ ਡਰਾਉਣਾ ਚਾਹਿਆ।
“ਸਾਨੂੰ ਨਾਚੀਆਂ ਬਣਾਇਆ ਕਿਸ ਨੇ? ਪੁੱਛ ਆਪਣੇ ਆਪ ਤੋਂ, ਜਾਂ ਪੁੱਛ ਉਹ ਜੋ ਸਾਹਮਣੇ ਬੈਠੇ ਨੇæææਜਿਨ੍ਹਾਂ ਨੂੰ ਸ਼ਰਮ ਨਹੀਂ ਆਉਂਦੀæææਕਿ ਪੰਜਾਬ ਦੀ ਧੀ ਨੱਚ ਰਹੀ ਹੈ ਅਤੇ ਅਸੀਂ ਸ਼ਰਾਬਾਂ ਪੀ ਕੇ ਤਾੜੀਆਂ ਮਾਰ ਰਹੇ ਹਾਂæææਬੱਸ, ਇਹੀ ਗੈਰਤ ਰਹਿ ਗਈ ਗੁਰੂ ਦੇ ਸਿੱਖਾਂ ਵਿਚ? ਕੀ ਅੱਜ ਸਿੰਘ ਦੇ ਹੱਥੋਂ ਕੌਰ ਦਾ ਚੀਰ ਹਰਨ ਨਹੀਂ ਹੋ ਰਿਹਾ? ਜਿਹੜੇ ਸਿੰਘ ਲੋਕਾਂ ਦੀਆਂ ਧੀਆਂ-ਭੈਣਾਂ ਨੂੰ ਮੁਗਲਾਂ ਦੇ ਕਬਜ਼ੇ ਵਿਚੋਂ ਛੁਡਾ ਕੇ ਲਿਆਉਂਦੇ ਸੀ, ਉਹ ਅੱਜ ਆਪਣੀਆਂ ਹੀ ਧੀਆਂ, ਭੈਣਾਂ ਨੂੰ ਚੁੱਕਣ ਲੱਗ ਪਏ ਹਨ। ਆਪਣੇ ਪਿਉ ਦੀ ਸ਼ਰਮ ਜੇ ਨਹੀਂ ਆਉਂਦੀ, ਇਸ ਦਸਤਾਰ ਹੀ ਸ਼ਰਮ ਕਰਦਾ!æææਤੇ ਮੈਂ ਨਾਚੀ ਬਣੀ ਤੁਹਾਡੇ ਕਰ ਕੇæææਤੁਹਾਡੇ ਪੰਥ ਕਰ ਕੇæææਮੇਰਾ ਪਿਉ ਧਰਮੀ ਫੌਜੀ ਬਣਿਆ ਧਰਮ ਬਚਾਉਣ ਲਈæææਤੇ ਤੁਸੀਂ ਉਸ ਦਾ ਆਹ ਮੁੱਲ ਉਤਾਰਨ ਲੱਗੇæææਇਕ ਪਲ ਲਈ ਸੋਚ, ਜੇ ਮੇਰੀ ਥਾਂ ਤੇਰੀ ਭੈਣ ਹੁੰਦੀæææਤੇ ਉਸ ਦੀ ਕੋਈ ਬਾਂਹ ਫੜਦਾæææਤੇਰੇ ਉਤੇ ਫਿਰ ਕੀ ਬੀਤਦੀ! ਇਸ ਲਈ ਸ਼ਰਮ ਕਰ। ਜੇ ਅੱਜ ਮੇਰਾ ਭਰਾ ਹੁੰਦਾ, ਤੇਰੀਆਂ ਬੋਟੀਆਂ ਕਰ ਦਿੰਦਾ। ਆਹ ਦੇਖ ਰੂਬੀ ਵੱਲ਼ææਇਸ ਦਾ ਪਿਤਾ ਕੈਂਸਰ ਦਾ ਮਰੀਜ ਐ। ਕਮਾਈ ਦਾ ਕੋਈ ਸਾਧਨ ਨਾ ਹੋਣ ਕਰ ਕੇ ਇਹ ਨਾਚੀ ਬਣੀæææਆ ਰਜਨੀ ਵੱਲ ਦੇਖ਼ææਇਕੱਲਾ ਭਰਾ ਨਸ਼ਿਆਂ ਦੇ ਹੜ੍ਹ ਵਿਚ ਰੁੜ੍ਹ ਗਿਆ। ਕਮਾਈ ਦਾ ਕੋਈ ਸਾਧਨ ਨਹੀਂ ਰਿਹਾ। ਇਸ ਭੋਲੀ ਵੱਲ ਦੇਖ਼ææਬਾਪੂ ਨੇ ਕਰਜ਼ੇ ਤੋਂ ਮੁਕਤੀ ਲਈ ਖੁਦ ਨੂੰ ਮੁਕਾ ਲਿਆ, ਦੋ ਭੈਣਾਂ ਦੀ ਪੜ੍ਹਾਈ ਦਾ ਖਰਚ ਚੁੱਕਦੀ ਐ ਇਹੇ। ਇਸ ਜੀਤੀ ਵੱਲ ਦੇਖ, ਐਮæਏæ ਪਾਸ ਐ ਪਰ ਨੌਕਰੀ ਨਹੀਂ ਮਿਲੀ। ਘਰ ਦਾ ਖਰਚ ਚਲਾਉਣ ਲਈ ਇਸ ਨੇ ਆਹ ਰਾਹ ਚੁਣਿਆ। ਅਸੀਂ ਕਲਾ ਵੇਚ ਕੇ ਗੁਜ਼ਾਰਾ ਕਰਦੇ ਹਾਂ, ਸਰੀਰ ਵੇਚ ਕੇ ਨਹੀਂæææਜਿਹੜਾ ਤੇਰਾ ਖੂਨ ਸਾਨੂੰ ਦੇਖ ਕੇ ਗਰਮ ਹੋਇਐ, ਉਸ ਖੂਨ ਨੂੰ ਸਾਡੀ ਇੱਜ਼ਤ ਬਚਾਉਣ ਲਈ ਡੋਲ੍ਹæææਤੂੰ ਹਰੀ ਸਿੰਘ ਨਲੂਏ ਦਾ ਨਾਂ ਚੁਣ, ਮੱਸਾ ਰੰਗੜ ਨਾ ਬਣ। ਤੇ ਜੇ ਹੁਣ ਵੀ ਨਹੀਂ ਅਣਖ ਜਾਗੀ ਤਾਂ ਆਹ ਫੜ ਪਿਸਤੌਲ, ਮਾਰ ਦੇ ਗੋਲੀæææ।” ਮੁੰਡਾ ਸ਼ਰਮ ਨਾਲ ਭਿੱਜ ਗਿਆ। ਸਾਰੀ ਪੀਤੀ ਲਹਿ ਗਈ। ਪੱਗਾਂ ਵਾਲਿਆਂ ਵਿਚੋਂ ਤਾਂ ਕੋਈ ਨਾ ਉਠਿਆ ਪਰ ‘ਵਰਮਾ’ ਤੇ ‘ਸ਼ਰਮਾ’ ਆ ਕੇ ਮੁੰਡੇ ਨੂੰ ਲੈ ਗਏ। ਪ੍ਰੀਤ ਪੂਰੇ ਰੋਹਬ ਨਾਲ ਸਟੇਜ ਤੋਂ ਉਤਰ ਕੇ ਚਲੀ ਗਈ।
ਉਧਰ ਕਿਸੇ ਸੇਵਕ ਦਾ ਫੋਨ ਲੈ ਕੇ ਰਾਜੀ ਨੇ ਪ੍ਰੀਤ ਨੂੰ ਉਹ ਸਭ ਕੁਝ ਦੱਸ ਦਿੱਤਾ ਜੋ ਕੁਝ ਉਹਦੇ ਨਾਲ ਡੇਰੇ ਵਿਚ ਹੋ ਰਿਹਾ ਸੀ। ਪ੍ਰੀਤ ਨੇ ਫਿਰ ਪੱਗਾਂ ਵਾਲਿਆਂ ਦੇ ਹਾੜ੍ਹੇ ਨਹੀਂ ਕੱਢੇ, ਸਗੋਂ ਵਰਮਾ ਤੇ ਸ਼ਰਮਾ ਅੱਗੇ ਰਾਜੀ ਬਾਰੇ ਫਰਿਆਦ ਕੀਤੀ। ਦੋਵਾਂ ਨੇ ਪੁਲਿਸ ਦੀ ਡਿਊਟੀ ਇਮਾਨਦਾਰੀ ਨਾਲ ਨਿਭਾਉਂਦਿਆਂ ਸੰਤ ਦੇ ਚੁੰਗਲ ਵਿਚੋਂ ਰਾਜੀ ਨੂੰ ਆਜ਼ਾਦ ਕਰਵਾਇਆ ਜਿਵੇਂ ਮੁਗਲਾਂ ਦੇ ਰਾਜ ਵਿਚੋਂ ਸਿੱਖ, ਹਿੰਦੂਆਂ ਦੀਆਂ ਧੀਆਂ ਭੈਣਾਂ ਨੂੰ ਮੁਗਲਾਂ ਤੋਂ ਆਜ਼ਾਦ ਕਰਵਾਉਂਦੇ ਸਨ। ਹੁਣ ਆਤਮਾ ਸਿੰਘ ਦੀਆਂ ਅੱਖਾਂ ਤੋਂ ਵੀ ਪੱਟੀ ਲਹਿ ਗਈ ਸੀ ਕਿ ਰੱਬ ਸੋਹਣੇ ਚਿਹਰਿਆਂ ਅਤੇ ਆਲੀਸ਼ਾਨ ਡੇਰਿਆਂ ਵਿਚ ਨਹੀਂ ਵੱਸਦਾ। ਕਈ ਸਾਲਾਂ ਬਾਅਦ ਰਾਜੀ ਅਤੇ ਪ੍ਰੀਤ ਨੇ ਘੁਟ ਗਲਵਕੜੀ ਪਾਈ ਸੀ। ਆਤਮਾ ਸਿੰਘ ਨੇ ਵੀ ਕੇਵਲ ਸਿੰਘ ਫੌਜੀ ਨੂੰ ਕਹਿ ਦਿੱਤਾ, “ਧਰਮੀਆ, ਉਹ ਧੀ ਪੁੱਤਾਂ ਨਾਲੋਂ ਵੱਧ ਹੁੰਦੀ ਹੈ ਜਿਹੜੀ ਆਪਣੀ ਰੱਖਿਆ ਆਪ ਕਰੇ; ਉਹ ਪਿਉ ਸਭ ਤੋਂ ਨੀਚ ਹੁੰਦਾ ਹੈ, ਜਿਹੜਾ ਆਪਣੀ ਧੀ ਦੀ ਰੱਖਿਆ ਕਿਸੇ ਤੋਂ ਕਰਵਾਏ।

Be the first to comment

Leave a Reply

Your email address will not be published.