ਫਿਲਮ ਕੰਪਨੀਆਂ ਅਤੇ ਦੂਜਾ ਸੰਸਾਰ ਯੁੱਧ

ਕੁਲਦੀਪ ਕੌਰ
ਫੋਨ: 91-98554-04330
ਦੂਜੇ ਸੰਸਾਰ ਯੁੱਧ ਦਾ ਭਾਰਤੀ ਫਿਲਮ ਸਨਅਤ ਉਤੇ ਗਹਿਰਾ ਅਸਰ ਪਿਆ। ਬ੍ਰਿਟਿਸ਼ ਹਕੂਮਤ ਨੇ ਫਿਲਮਾਂ ਲਈ ਵਰਤਿਆ ਜਾਂਦਾ ਕੱਚਾ ਮਾਲ ਦਰਾਮਦ ਕਰਨ ਉਤੇ ਪਾਬੰਦੀ ਲਾ ਦਿੱਤੀ। ਤਿੰਨ ਸਤੰਬਰ 1939 ਨੂੰ ਜਦੋਂ ਨਾਜ਼ੀ ਜਰਮਨੀ ਨੇ ਪੋਲੈਂਡ ‘ਤੇ ਹਮਲਾ ਕੀਤਾ, ਬ੍ਰਿਟਿਸ਼ ਸਰਕਾਰ ਨੇ ਜਰਮਨੀ ਖਿਲਾਫ਼ ਯੁੱਧ ਦਾ ਐਲਾਨ ਕਰ ਦਿੱਤਾ ਅਤੇ ਇਸ ਐਲਾਨ ਵਿਚ ਭਾਰਤ ਨੂੰ ਵੀ ਸ਼ਾਮਿਲ ਕਰ ਲਿਆ। ਇੰਡੀਅਨ ਨੈਸ਼ਨਲ ਕਾਂਗਰਸ ਨੇ ਇਸ ਦਾ ਸਖ਼ਤ ਵਿਰੋਧ ਕੀਤਾ।

ਕਾਂਗਰਸੀ ਨੇਤਾਵਾਂ ਨੇ ਭਾਵੇਂ ਵਧ ਰਹੇ ਫ਼ਾਸੀਵਾਦ ਅਤੇ ਨਾਜ਼ੀਵਾਦ ਤੋਂ ਖ਼ਤਰੇ ਵੀ ਨਿਸ਼ਾਨਦੇਹੀ ਕੀਤੀ, ਪਰ ਇਨ੍ਹਾਂ ਅਨੁਸਾਰ, “ਭਾਰਤ ਕਿਸੇ ਵੀ ਅਜਿਹੀ ਜੰਗ ਦਾ ਹਿੱਸਾ ਨਹੀਂ ਬਣ ਸਕਦਾ ਜਿਹੜੀ ਜਮਹੂਰੀ ਆਜ਼ਾਦੀ ਲਈ ਕਹੀ ਜਾ ਰਹੀ ਹੋਵੇ, ਜਦਕਿ ਇਹੀ ਆਜ਼ਾਦੀ ਤਾਂ ਇਸ ਤੋਂ ਖੋਹੀ ਗਈ ਹੈ।” ਕਾਂਗਰਸ ਦੇ ਰਸੂਖ ਕਾਰਨ ਫਿਲਮ ਸਨਅਤ ਦਾ ਅਗਾਂਹਵਧੂ ਤਬਕਾ ਜਿਸ ਵਿਚ ਕਈ ਫਿਲਮ ਲੇਖਕ, ਨਿਰਮਾਤਾ, ਵਿਤਰਕ ਅਤੇ ਅਦਾਕਾਰ ਸ਼ਾਮਿਲ ਸਨ, ਨੇ ਫਿਲਮਾਂ ਵਿਚ ਪੈਸਾ ਲਗਾਉਣਾ ਸ਼ੁਰੂ ਕਰ ਦਿੱਤਾ।
ਅਸਲ ਵਿਚ 1940 ਤੋਂ ਹੀ ਭਾਰਤ ਵਿਚ ਸਨਅਤੀ ਖੇਤਰ ਵਿਚ ਨਿਵੇਸ਼ ਵਧਣਾ ਸ਼ੁਰੂ ਹੋ ਗਿਆ ਸੀ। ਬਹੁਤ ਸਾਰੀਆਂ ਭਾਰਤੀ ਸਨਅਤਾਂ ਸੰਸਾਰ ਯੁੱਧ ਵਿਚ ਮੁਨਾਫ਼ਾ ਕਮਾਉਣ ਲਈ ਗੋਲਾ-ਬਾਰੂਦ ਅਤੇ ਹਥਿਆਰ ਆਦਿ ਬਣਾ ਰਹੀਆਂ ਸਨ। ਦੂਜੇ ਪਾਸੇ ਸੰਸਾਰ ਯੁੱਧ ਦੇ ਕਾਰਨ ਰੋਜ਼ਮੱਰ੍ਹਾ ਦੀਆਂ ਖਾਣ-ਪੀਣ ਦੀਆਂ ਵਸਤਾਂ ਤੋਂ ਲੈ ਕੇ ਸਟੀਲ, ਸੀਮਿੰਟ, ਅਤੇ ਕਪਾਹ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਸਨ। ਇਸ ਸਾਰੀ ਆਰਥਿਕ ਅਸਥਿਰਤਾ ਤੋਂ ਬਲੈਕੀਆਂ ਅਤੇ ਜਮ੍ਹਾਂਖੋਰਾਂ ਨੇ ਮਣਾਂ-ਮੂੰਹੀਂ ਪੈਸਾ ਕਮਾਇਆ। ਇਹ ‘ਕਾਲਾ ਪੈਸਾ’ ਦਿਨ-ਬ-ਦਿਨ ਸ਼ੋਹਰਤ ਕਮਾ ਰਹੀ ਫਿਲਮ ਸਨਅਤ ਵਿਚ ਲੱਗਣਾ ਸ਼ੁਰੂ ਹੋਇਆ। ਇਸ ਨਾਲ ਜਿੱਥੇ ਇਹ ‘ਕਾਲਾ ਪੈਸਾ’ ਚਿੱਟੇ ਵਿਚ ਵਟਣਾ ਸ਼ੁਰੂ ਹੋਇਆ, ਉਥੇ ਟੈਕਸਾਂ ਦੀ ਬੱਚਤ ਵੀ ਕੀਤੀ ਗਈ। ਸਾਗਰ ਮੂਵੀਟੋਨ ਦੇ ਇਕ ਨਿਰਮਾਤਾ ਦੁਆਰਾ ਪ੍ਰਸਿੱਧ ਫਿਲਮੀ ਪਰਚੇ ‘ਫਿਲਮਫੇਅਰ’ ਨੂੰ ਦਿੱਤੀ ਇੰਟਰਵਿਊ ਅਨੁਸਾਰ, “ਇਸ ਸੰਸਾਰ ਯੁੱਧ ਤੋਂ ਬਾਅਦ ਫਿਲਮੀ ਸਿਤਾਰਿਆਂ ਨੇ ਅਚਾਨਕ ਹੀ ਆਪਣੀ ਕੀਮਤ ਦੁੱਗਣੀ-ਤਿੱਗਣੀ ਕਰ ਦਿੱਤੀ। ਉਨ੍ਹਾਂ ਨੇ ਪਹਿਲਾਂ ਵਾਂਗ ਕਿਸੇ ਇਕ ਕੰਪਨੀ ਨਾਲ ਬੱਝ ਕੇ ਕੰਮ ਕਰਨ ਦੀ ਰਵਾਇਤ ਤੋਂ ਪਾਸਾ ਵੱਟ ਲਿਆ। ਇਨ੍ਹਾਂ ਹਾਲਾਤ ਵਿਚ ਸਾਡੇ ਕੋਲ ਕੰਪਨੀ ਨੂੰ ਬੰਦ ਕਰਨ ਤੋਂ ਬਿਨਾਂ ਕੋਈ ਚਾਰਾ ਨਾ ਬਚਿਆ।”
ਇਸ ਮਾਹੌਲ ਵਿਚ ਕਈ ਨਿਰਮਾਤਾਵਾਂ ਨੇ ਯੁੱਧ ਨਾਲ ਸਬੰਧਤ ਫਿਲਮਾਂ ਦਾ ਨਿਰਮਾਣ ਕਰਨਾ ਸ਼ੁਰੂ ਕੀਤਾ। ਬੰਬੇ ਟਾਕੀਜ਼ ਨੇ ਪ੍ਰਸਿੱਧ ਅਦਾਕਾਰਾ ਦੇਵਿਕਾ ਰਾਣੀ ਦੀ ਸਲਾਹ ‘ਤੇ ਫਿਲਮ ‘ਚਾਰ ਆਂਖੇ’ ਬਣਾਈ। ਇਹ ਫਿਲਮ ਯੁੱਧ ਦੇ ਖੇਤਰ ਵਿਚ ਨਰਸਾਂ ਦੁਆਰਾ ਰੋਗੀਆਂ ਦੀ ਸੰਭਾਲ ‘ਤੇ ਆਧਾਰਿਤ ਸੀ। ਫਿਲਮ ਬੁਰੀ ਤਰ੍ਹਾਂ ਪਿਟ ਗਈ। ਪ੍ਰਭਾਤ ਅਤੇ ਬੰਬੇ ਟਾਕੀਜ਼ ਲਈ ਲਿਖਦੇ ਇਕ ਸਕਰੀਨ ਪਲੇਅ ਲੇਖਕ ਨੇ ‘ਇੰਡੀਅਨ ਟਾਕੀਜ਼’ ਵਿਚ ਛਪੇ ਇੰਟਰਵਿਊ ਵਿਚ ਕਿਹਾ, “ਜਿਉਂ ਜਿਉਂ ਸਨਅਤ ਵਿਚ ਪੂੰਜੀ ਨਿਵੇਸ਼ ਵਧਦਾ ਗਿਆ, ਖੁੰਬਾਂ ਵਾਂਗ ਰਾਤੋ-ਰਾਤ ਨਿਰਮਾਤਾ ਪੈਦਾ ਹੋ ਗਏ। ਇਸ ਨਾਲ ਸਭ ਤੋਂ ਵੱਧ ਧੱਕਾ ਫਿਲਮੀ ਲੇਖਕਾਂ ਨੂੰ ਲੱਗਿਆ। ਨਿਰਮਾਤਾ ਰਾਤੋ-ਰਾਤ ਨਾਵਲਾਂ ਜਾਂ ਹਾਲੀਵੁੱਡ ਫਿਲਮਾਂ ਦੇ ਪਲਾਟ ਚੋਰੀ ਕਰ ਕੇ ਕਹਾਣੀਆਂ ਲਿਖਣ ਲੱਗੇ। ਦੂਜੇ ਸੰਸਾਰ ਯੁੱਧ ਤੋਂ ਬਾਅਦ ਮੌਲਿਕ ਕਹਾਣੀ ਦੇ ਯੁੱਗ ਦਾ ਜਿਵੇਂ ਅੰਤ ਹੀ ਹੋ ਗਿਆ।” ਦੂਜੇ ਪਾਸੇ ਜਿਸ ਵੀ ਅਦਾਕਾਰ ਜਾਂ ਅਦਾਕਾਰਾ ਦੀ ਇਕ-ਅੱਧੀ ਫਿਲਮ ਹਿੱਟ ਹੋ ਜਾਂਦੀ, ਉਸ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਕਹਾਣੀਆਂ/ਅਫ਼ਵਾਹਾਂ ਫ਼ੈਲ ਜਾਂਦੀਆਂ ਕਿ ਉਸ ਨੇ ਆਪਣੀ ਤਨਖ਼ਾਹ ਦਾ 75% ‘ਕਾਲਾ’ ਅਤੇ 25% ‘ਚਿੱਟੇ’ ਵਿਚ ਲਿਆ ਹੈ।
ਫਿਲਮ ਸਨਅਤ ਤੋਂ ਬਿਨਾਂ ਪੱਤਰਕਾਰੀ ਅਤੇ ਕਲਾਵਾਂ ਦੀਆਂ ਬਾਕੀ ਵੰਨਗੀਆਂ ਉਤੇ ਵੀ ਸੰਸਾਰ ਯੁੱਧ ਦਾ ਤਿੱਖਾ ਪ੍ਰਭਾਵ ਪਿਆ। ਮਸਲਨ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਡਿਗਰੀ ਲੈ ਕੇ ਨਿਕਲੇ ਖਵਾਜਾ ਅਹਿਮਦ ਅੱਬਾਸ ਨੇ ਜਦੋਂ ‘ਬੰਬੇ ਕਰੌਨੀਕਲ’ ਅਖ਼ਬਾਰ ਵਿਚ ਨੌਕਰੀ ਸ਼ੁਰੂ ਕੀਤੀ, ਉਨ੍ਹਾਂ ਨੇ ਨਾਲੋ-ਨਾਲ ਬੰਬੇ ਟਾਕੀਜ਼ ਵਿਚ ਵੀ ਸਹਾਇਕ ਨਿਰਦੇਸ਼ਕ ਵਜੋਂ ਕੰਮ ਕੀਤਾ। ਅਖ਼ਬਾਰ ਲਈ ਉਨ੍ਹਾਂ ਫਿਲਮਾਂ ਦੀ ਸਮੀਖਿਆ ਲਿਖਣੀ ਸ਼ੁਰੂ ਕੀਤੀ। ਇਸ ਸਮੀਖਿਆ ਨੇ ਰਾਤੋ-ਰਾਤ ਅੱਬਾਸ ਦੇ ਕਈ ਦੁਸ਼ਮਣ ਪੈਦਾ ਕਰ ਦਿੱਤੇ। ਤਿੱਖੀਆਂ ਦਲੀਲਾਂ, ਤਨਜ਼ ਤੇ ਡਰਾਵਿਆਂ ਦਾ ਦੌਰ ਚੱਲਿਆ। ਇਸ ਕਸ਼ਮਕਸ਼ ਵਿਚੋਂ ਨਿਕਲਣ ਤੋਂ ਬਾਅਦ ਅਤੇ ਇਸੇ ਨੂੰ ਆਧਾਰ ਬਣਾ ਕੇ ਖਵਾਜਾ ਅਹਿਮਦ ਅੱਬਾਸ ਨੇ 1941 ਵਿਚ ਬੰਬੇ ਟਾਕੀਜ਼ ਦੇ ਬੈਨਰ ਹੇਠ ‘ਨਯਾ ਸੰਸਾਰ’ ਫਿਲਮ ਬਣਾਈ। 1941 ਵਿਚ ਹੀ ਹਿੰਦੀ ਦੇ ਪ੍ਰਸਿੱਧ ਨਾਵਲਕਾਰ ਭਗਵਤੀ ਚਰਨ ਵੋਹਰਾ ਦੇ ਨਾਵਲ ‘ਤੇ ਆਧਾਰਿਤ ਫਿਲਮ ਬਣੀ ‘ਚਿੱਤਰ ਲੇਖਾ’ ਜਿਸ ਵਿਚ ਸੰਸਾਰ ਯੁੱਧ ਵਿਚੋਂ ਕਮਾਇਆ ਮੁਨਾਫ਼ਾ ਸਾਫ਼ ਝਲਕਦਾ ਹੈ।
1942 ਤੱਕ ਭਾਰਤ ਵਿਚ ਆਜ਼ਾਦੀ ਦਾ ਘੋਲ ਸਿਖਰ ‘ਤੇ ਪਹੁੰਚ ਚੁੱਕਾ ਸੀ। ‘ਭਾਰਤ ਛੋੜੋ ਅੰਦੋਲਨ’ ਨੇ ਦੇਸ਼ ਦੇ ਹਰ ਹਿੱਸੇ ਵਿਚ ਨੌਜਵਾਨਾਂ ਨੂੰ ਵੱਡੇ ਪੱਧਰ ‘ਤੇ ਇਸ ਦਾ ਹਿੱਸਾ ਬਣਨ ਲਈ ਪ੍ਰੇਰਿਆ। ਅਸਲ ਵਿਚ 1930 ਤੋਂ 1945 ਤੱਕ ਭਾਰਤੀ ਸਿਨੇਮਾ ਦਾ ਸਫ਼ਰ ਵੱਖ ਵੱਖ ਫਿਲਮ ਕੰਪਨੀਆਂ ਦੇ ਸਫ਼ਰ ਵਿਚੋਂ ਪੜ੍ਹਿਆ ਜਾ ਸਕਦਾ ਹੈ। ਕੋਹਿਨੂਰ ਫਿਲਮ ਕੰਪਨੀ, ਮੂਕ ਫਿਲਮਾਂ ਦੇ ਦੌਰ ਵਿਚ ਡੀæਐਨæ ਸੰਪਤ ਅਤੇ ਮਾਣਿਕ ਲਾਲ ਪਟੇਲ ਨੇ ਬਣਾਈ। ਕੰਪਨੀ ਦੇ ਸਟੂਡੀਓ ਅਤਿ-ਆਧੁਨਿਕ ਤਕਨੀਕੀ ਸਾਜ਼ੋ-ਸਮਾਨ ਨਾਲ ਲੈਸ ਸਨ। ਡੀæਐਨæ ਸੰਪਤ, ਗਾਂਧੀ ਦੀ ਵਿਚਾਰਧਾਰਾ ਤੋਂ ਪ੍ਰੇਰਿਤ ਸਨ ਤੇ ਉਨ੍ਹਾਂ ਦੀ ਕੰਪਨੀ ਨੇ ਗਾਂਧੀ ਦੀ ਵਿਚਾਰਧਾਰਾ ਬਾਰੇ ਕਈ ਛੋਟੀਆਂ ਫਿਲਮਾਂ ਵੀ ਬਣਾਈਆਂ। ਇਸੇ ਕੰਪਨੀ ਨੇ 1924 ਵਿਚ ‘ਗੁਲੇ-ਬਕਾਵਲੀ’ ਬਣਾਈ ਜਿਸ ਨੂੰ ਇਕ ਤਰ੍ਹਾਂ ਨਾਲ ਉਸ ਦੌਰ ਦੀ ਸੁਪਰ ਹਿੱਟ ਫਿਲਮ ਮੰਨਿਆ ਜਾ ਸਕਦਾ ਹੈ। ਇਸ ਫਿਲਮ ਕੰਪਨੀ ਨੇ ਭਾਰਤੀ ਸਿਨੇਮਾ ਵਿਚ ਹਾਲੀਵੁੱਡ ਦੇ ਸਟਾਈਲ ‘ਤੇ ਫਿਲਮਾਂ ਬਣਾਉਣ ਦਾ ਰੁਝਾਨ ਸ਼ੁਰੂ ਕੀਤਾ। ਮੋਤੀ, ਜਮਨਾ, ਤਾਰਾ, ਖ਼ਾਲਿਦ, ਜ਼ੁਬੈਦਾ ਵਰਗੇ ਕਲਾਕਾਰਾਂ ਨੇ ਇਸ ਕੰਪਨੀ ਤੋਂ ਆਪਣਾ ਕੈਰੀਅਰ ਸ਼ੁਰੂ ਕੀਤਾ। ਕੰਪਨੀ ਨੂੰ ਅਸਲ ਪ੍ਰਸਿੱਧੀ ਅਦਾਕਾਰਾ ਸਲੋਚਨਾ (ਅਸਲ ਨਾਂ ਰੂਬੀ ਮਾਇਰਸ) ਦੀ ਸਫ਼ਲਤਾ ਨਾਲ ਮਿਲੀ ਜਿਸ ਨੂੰ ਕੰਪਨੀ ਨੇ ‘ਵੀਰ ਬਾਲਾ’ ਫਿਲਮ ਵਿਚ ਪੇਸ਼ ਕੀਤਾ। ਫਿਰ 1932 ਵਿਚ ਇਹ ਕੰਪਨੀ ਅਚਾਨਕ ਬੰਦ ਹੋ ਗਈ।
ਕ੍ਰਿਸ਼ਨਾ ਫਿਲਮ ਕੰਪਨੀ ਦੀ ਸਥਾਪਨਾ ਮਾਣਿਕ ਲਾਲ ਪਟੇਲ ਨੇ ਕੀਤੀ। ਉਹ ਪਹਿਲਾਂ ਕੋਹਿਨੂਰ ਕੰਪਨੀ ਵਿਚ ਡੀæਐਨæ ਸੰਪਤ ਨਾਲ ਭਾਈਵਾਲ ਸੀ। ਇਸ ਕੰਪਨੀ ਦੀ ਪ੍ਰਸਿੱਧੀ ਫਿਲਮ ‘ਹਾਤਮਤਾਈ’ ਤੋਂ ਹੋਈ। ਫਿਲਮ ਨਾਲ ਜੁੜੇ ਮਾਣਿਕ ਲਾਲ ਪਟੇਲ ਜੋ ਉਸ ਸਮੇਂ ਦੇ ਪ੍ਰਸਿੱਧ ਸਾਹਿਤਕਾਰ ਵੀ ਸਨ, ਦੁਆਰਾ ਲਿਖੀ ਫਿਲਮ ‘ਜ਼ੰਜੀਰੇ-ਝਨਕਾਰ’ ਉਤੇ ਬ੍ਰਿਟਿਸ਼ ਸਰਕਾਰ ਨੇ ਪਾਬੰਦੀ ਲਾ ਦਿੱਤੀ। ਫਿਲਮ ਉਤੇ ਮਹਾਤਮਾ ਗਾਂਧੀ ਦਾ ਅਸਰ ਸਾਫ ਪੜ੍ਹਿਆ ਜਾ ਸਕਦਾ ਸੀ। ਇਹ ਕੰਪਨੀ ਵੀ 1935 ਵਿਚ ਬੰਦ ਹੋ ਗਈ।
ਇੰਪੀਰੀਅਲ ਫਿਲਮ ਕੰਪਨੀ ਦੀ ਸਥਾਪਨਾ ਅਰਦੇਸ਼ਰ ਇਰਾਨੀ ਨੇ ਕੀਤੀ ਸੀ। ਇਸ ਕੰਪਨੀ ਦਾ ਭਾਰਤ ਦੇ ਫਿਲਮ ਇਤਿਹਾਸ ਵਿਚ ਖ਼ਾਸ ਦਰਜਾ ਹੈ। ਇਸ ਫਿਲਮ ਕੰਪਨੀ ਦਾ ਯੋਗਦਾਨ ਇਸ ਤੱਥ ਤੋਂ ਵੀ ਵਾਚਿਆ ਜਾ ਸਕਦਾ ਹੈ ਕਿ ਜਦੋਂ ਧਾਰਮਿਕ ਫਿਲਮਾਂ ਬਣਾਉਣ ਦਾ ਦੌਰ ਚੱਲ ਰਿਹਾ ਸੀ, ਆਰæਐਸ਼ ਚੌਧਰੀ ਦੇ ਨਿਰਦੇਸ਼ਨ ਹੇਠ ਇਸ ਕੰਪਨੀ ਨੇ 1928 ਵਿਚ ਅਨਾਰਕਲੀ ਅਤੇ ਸਲੀਮ ਦੀ ਪ੍ਰੇਮ ਕਹਾਣੀ ‘ਤੇ ਆਧਾਰਿਤ ਫਿਲਮ ‘ਅਨਾਰਕਲੀ’ ਬਣਾਈ। ਇਸੇ ਫਿਲਮ ਨੂੰ ਕੌਮਾਂਤਰੀ ਦਰਸ਼ਕ ਵਰਗ ਲਈ ‘ਦਿ ਲਵ ਆਫ਼ ਏ ਮੁਗਲ ਪ੍ਰਿੰਸ’ ਦੇ ਨਾਮ ਨਾਲ ਰਿਲੀਜ਼ ਕੀਤਾ ਗਿਆ।
ਇੰਪੀਰੀਅਲ ਫਿਲਮ ਕੰਪਨੀ ਦਾ ਵੱਡਾ ਯੋਗਦਾਨ ਭਾਰਤ ਦੀ ਪਹਿਲੀ ਸਵਾਕ ਫਿਲਮ ‘ਆਲਮ ਆਰਾ’ ਬਣਾਉਣਾ ਵੀ ਹੈ। ਕੰਪਨੀ ਨੇ ਫਿਲਮ ਦਾ ਨਿਰਮਾਣ ਬਹੁਤ ਹੈਰਾਨੀਜਨਕ ਢੰਗ ਨਾਲ ਇੰਨੇ ਘੱਟ ਸਮੇਂ ਵਿਚ ਕੀਤਾ ਕਿ ਇਸ ਫਿਲਮ ਨੇ ਮਦਨ ਥਿਏਟਰ ਦੀ ਤਿਆਰ ਹੋ ਚੁੱਕੀ ਪਹਿਲੀ ਸਵਾਕ ਫਿਲਮ ‘ਸ਼ੀਰੀ ਫ਼ਰਿਹਾਦ’ ਨੂੰ ਪਛਾੜ ਦਿੱਤਾ ਤੇ ਇਤਿਹਾਸ ਰਚਿਆ ਗਿਆ। ‘ਆਲਮ ਆਰਾ’ ਵਿਚ ਮੁੱਖ ਭੂਮਿਕਾਵਾਂ ਮਾਸਟਰ ਬਿਠੁਲ ਤੇ ਜ਼ੁਬੈਦਾ ਨੇ ਨਿਭਾਈਆਂ ਸਨ। ਫਿਲਮ ਇਕ ਪਾਰਸੀ ਨਾਟਕ ‘ਤੇ ਆਧਾਰਿਤ ਸੀ। ਇਸ ਫਿਲਮ ਕੰਪਨੀ ਨੇ ਹੀ ਸਭ ਤੋਂ ਪਹਿਲਾਂ ਰਾਤ ਦੀ ਸ਼ੂਟਿੰਗ ਕਰਨ ਦਾ ਰਿਵਾਜ ਸ਼ੁਰੂ ਕੀਤਾ। ਕੰਪਨੀ ਨੇ ਆਪਣੇ ਆਪ ਨੂੰ ਸਿਰਫ਼ ਹਿੰਦੀ ਭਾਸ਼ਾ ਤੱਕ ਮਹਿਦੂਦ ਨਾ ਰੱਖਦਿਆਂ ਗੁਜਰਾਤੀ, ਤਮਿਲ, ਤੇਲਗੂ, ਪਸ਼ਤੋ ਅਤੇ ਉਰਦੂ ਵਿਚ ਵੀ ਕਈ ਫਿਲਮਾਂ ਦਾ ਨਿਰਮਾਣ ਕੀਤਾ। ਇਸ ਕੰਪਨੀ ਦੀ ਵੱਡਾ ਹਾਸਲ ਸੀ ਫਿਲਮ ‘ਕਿਸਾਨ ਕੰਨਿਆ’ ਜੋ ਭਾਰਤ ਵਿਚ ਬਣੀ ਪਹਿਲੀ ਰੰਗੀਨ ਫਿਲਮ ਸੀ। ‘ਕਿਸਾਨ ਕੰਨਿਆ’ ਸਆਦਤ ਹਸਨ ਮੰਟੋ ਦੇ ਨਾਵਲ ‘ਤੇ ਆਧਾਰਿਤ ਸੀ ਤੇ ਗਰੀਬ ਕਿਸਾਨਾਂ ਦੇ ਹਾਲਾਤ ਦੀ ਬਾਤ ਪਾਉਂਦੀ ਸੀ।
ਭਾਰਤੀ ਫਿਲਮ ਸਿਨੇਮਾ ਦੇ ਇਤਿਹਾਸ ਵਿਚ ਪ੍ਰਭਾਤ ਫਿਲਮ ਕੰਪਨੀ ਦਾ ਨਾਮ ਬੇਹੱਦ ਮਹੱਤਵਪੂਰਨ ਹੈ। ਇਸ ਕੰਪਨੀ ਨਾਲ ਸਮਾਜਕ ਕਥਾ-ਵਸਤੂ ‘ਤੇ ਆਧਾਰਿਤ ਮਾਰਮਿਕ ਫਿਲਮਾਂ ਬਣਾਉਣ ਵਾਲੇ ਨਿਰਦੇਸ਼ਕ ਵੀæ ਸ਼ਾਂਤਾਰਾਮ ਦਾ ਨਾਮ ਵੀ ਜੁੜਿਆ ਹੋਇਆ ਹੈ। ਇਸ ਕੰਪਨੀ ਕੋਲ ਆਪਣੀ ਪ੍ਰਯੋਗਸ਼ਾਲਾ, ਸੰਪਾਦਕੀ ਅਮਲਾ ਅਤੇ ਆਵਾਜ਼ ਰਿਕਾਰਡ ਕਰਨ ਦਾ ਵਧੀਆ ਪ੍ਰਬੰਧ ਸੀ। ‘ਅੰਮ੍ਰਿਤ ਮੰਥਨ’ ਨਾਲ ਇਹ ਕੰਪਨੀ ਚਰਚਾ ਵਿਚ ਆਈ। 1934 ਵਿਚ ਬਣੀ ‘ਅੰਮ੍ਰਿਤ ਮੰਥਨ’ ਦੀ ਕਹਾਣੀ ਦੇਵਤਿਆਂ ਅਤੇ ਰਾਖ਼ਸ਼ਾਂ ਦੇ ਆਪਸੀ ਯੁੱਧ ‘ਤੇ ਆਧਾਰਿਤ ਮਿਥਿਹਾਸਕ ਲੋਕ ਕਥਾ ਉਤੇ ਆਧਾਰਿਤ ਸੀ। ਫਿਲਮ ਵਿਚ ਸ੍ਰੀ ਚੰਦਰ ਮੋਹਨ, ਨਲਿਨੀ ਤਾਰਖੜੇ, ਸਾਂਤਾ ਆਪਟੇ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ। ਇਸ ਮਿਥਿਹਾਸਕ ਲੋਕ ਕਥਾ ਨੂੰ ਪ੍ਰੇਮ ਕਹਾਣੀ ਤੇ ਸਮਾਜ ਸੁਧਾਰਕ ਰਾਜੇ ਦੀ ਕਥਾ ਨਾਲ ਜੋੜ ਕੇ ਵੀæ ਸ਼ਾਂਤਾਰਾਮ ਨੇ ਧਰਮ ਦੇ ਨਾਮ ‘ਤੇ ਦਿੱਤੀ ਜਾਂਦੀ ਜਾਨਵਰਾਂ ਦੀ ਬਲੀ ਦਾ ਜ਼ੋਰਦਾਰ ਵਿਰੋਧ ਕੀਤਾ। ਕੰਪਨੀ ਨੇ ਸਿਨੇਮਾ ਨੂੰ ਸਾਹਿਤ, ਨਾਟਕ ਅਤੇ ਸੰਗੀਤ ਦੀਆਂ ਪ੍ਰੰਪਰਾਵਾਂ ਨਾਲ ਵੀ ਜੋੜਨ ਦਾ ਯਤਨ ਕੀਤਾ। ਕੰਪਨੀ ਨੇ ਆਪਣੇ ਤੌਰ ‘ਤੇ ਇਨ੍ਹਾਂ ਕਲਾਵਾਂ ਨਾਲ ਸਬੰਧਿਤ ਸਰਗਰਮੀਆਂ ਤੇ ਸਮਾਰੋਹ ਕਰਾਉਣ ਦੇ ਵਿਸ਼ੇਸ ਯਤਨ ਕੀਤੇ। ਇਸੇ ਕੰਪਨੀ ਦੇ ਬੈਨਰ ਥੱਲੇ 1937 ਵਿਚ ਫਿਲਮ ‘ਸੰਤ ਤੁਕਾਰਾਮ’ ਬਣੀ। ਕੰਪਨੀ ਲਈ ਫਿਲਮ ਦੀ ਪਟਕਥਾ, ਉਚ-ਮਿਆਰ, ਸਮਾਜਕ ਸੁਨੇਹੇ ਦੀ ਮੌਜੂਦਗੀ ਬੇਹੱਦ ਜ਼ਰੂਰੀ ਸੀ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ‘ਦੁਨੀਆ ਨਾ ਮਾਨੇ’ ਫਿਲਮ ਜੋ ਇਸੇ ਕੰਪਨੀ ਨੇ ਤਿਆਰ ਕੀਤੀ ਸੀ, ਨੂੰ ਕੌਮਾਂਤਰੀ ਪੱਧਰ ‘ਤੇ ਖੂਬ ਮਾਣ-ਸਨਮਾਨ ਮਿਲਿਆ। 1942 ਵਿਚ ਭਾਵੇਂ ਕਈ ਕਾਰਨਾਂ ਕਰ ਕੇ ਵੀæ ਸ਼ਾਂਤਾਰਾਮ ਨੇ ਇਸ ਕੰਪਨੀ ਨੂੰ ਅਲਵਿਦਾ ਕਹਿ ਦਿੱਤੀ ਪਰ ਕੰਪਨੀ ਨੇ ਆਪਣਾ ਮਿਆਰ ਕਾਇਮ ਰੱਖਿਆ। ਦੇਵ ਅਨੰਦ ਜਿਸ ਨੂੰ ਸਦਾਬਹਾਰ ਹੀਰੋ ਦਾ ਦਰਜਾ ਪ੍ਰਾਪਤ ਹੈ, ਨੂੰ ਕੰਪਨੀ ਨੇ ਫਿਲਮ ‘ਹਮ ਏਕ ਹੈਂ’ ਰਾਹੀਂ ਪਰਦੇ ‘ਤੇ ਪਹਿਲੀ ਵਾਰ ਦਰਸ਼ਕਾਂ ਅੱਗੇ ਪੇਸ਼ ਕੀਤਾ।
ਇਕ ਹੋਰ ਫਿਲਮ ਕੰਪਨੀ ਰਣਜੀਤ ਮੂਵੀਟੋਨ ਦਾ ਪੰਜਾਬੀ ਸਿਨੇਮਾ ਵਿਚ ਖ਼ਾਸ ਮੁਕਾਮ ਮੰਨਿਆ ਜਾਂਦਾ ਹੈ। ਇਸ ਕੰਪਨੀ ਦੀ ਸਥਾਪਨਾ ਸ੍ਰੀ ਚੰਦੂ ਲਾਲ ਸ਼ਾਹ ਤੇ ਮਸ਼ਹੂਰ ਅਭਿਨੇਤਰੀ ਗੌਹਰ ਨੇ ਕੀਤੀ ਸੀ। ਇਸ ਕੰਪਨੀ ਨੇ ਪ੍ਰਿਥਵੀ ਰਾਜਕਪੂਰ, ਮੋਤੀ ਲਾਲ ਅਤੇ ਕੇæਐਲ਼ ਸਹਿਗਲ ਵਰਗੇ ਸਮਰੱਥ ਕਲਾਕਾਰਾਂ ਨੂੰ ਪਹਿਲਾ ਮੌਕਾ ਦਿੱਤਾ। ਇਨ੍ਹਾਂ ਵਿਚੋਂ ਜ਼ਿਆਦਾਤਰ ਪੰਜਾਬ ਨਾਲ ਸਬੰਧਤ ਸਨ। 1932 ਵਿਚ ਬਣੀ ਫਿਲਮ ‘ਸਤੀ ਸਵਿੱਤਰੀ’ ਨੇ ਇਸ ਕੰਪਨੀ ਨੂੰ ਆਪਣੇ ਪੈਰਾਂ ‘ਤੇ ਖੜ੍ਹਾ ਕਰ ਦਿੱਤਾ। ਇਸ ਕੰਪਨੀ ਦੀਆਂ ਕਈ ਫਿਲਮ ਹਲਕੇ-ਫੁਲਕੇ ਵਿਅੰਗਾਤਮਕ ਸਮਾਜਕ ਵਰਤਾਰਿਆਂ ‘ਤੇ ਆਧਾਰਿਤ ਹੁੰਦੀਆਂ ਸਨ ਜਿਵੇਂ 1935 ਵਿਚ ਬਣੀ ‘ਮਿਸ 1933’ ਅਤੇ 1933 ਵਿਚ ਹੀ ਬਣੀ ‘ਸਿਤਮਗਰ’ ਆਦਿ; ਪਰ ਕੰਪਨੀ ਨੂੰ ਅਸਲ ਪ੍ਰਸਿੱਧੀ ਕੇæਐਲ਼ ਸਹਿਗਲ ਦੀ ਅਦਾਕਾਰੀ ਨਾਲ ਸਜੀ ਫਿਲਮ ‘ਤਾਨਸੇਨ’ ਤੋਂ ਮਿਲੀ। ਇਸ ਫਿਲਮ ਨੂੰ ਭਾਰਤੀ ਸਿਨੇਮਾ ਦੀਆਂ ਕਲਾਸਿਕ ਫਿਲਮਾਂ ਵਿਚ ਗਿਣਿਆ ਜਾਂਦਾ ਹੈ।
ਨਿਊ ਥਿਏਟਰਜ਼ ਫਿਲਮ ਕੰਪਨੀ ਦੀ ਸਥਾਪਨਾ 1931 ਵਿਚ ਬੀæਐਨæ ਸਰਕਾਰ ਨੇ ਕੀਤੀ। ਕੰਪਨੀ ਨੇ ਹਿੰਦੀ ਅਤੇ ਬੰਗਲਾ, ਦੋਵਾਂ ਭਾਸ਼ਾਵਾਂ ਵਿਚ ਫਿਲਮਾਂ ਦਾ ਨਿਰਮਾਣ ਸ਼ੁਰੂ ਕੀਤਾ। ਪਹਿਲੀ ਫਿਲਮ ਵੀ ਬੰਗਾਲੀ ਭਾਸ਼ਾ ਵਿਚ ਹੀ ਬਣਾਈ ਗਈ ਜਿਸ ਦਾ ਨਾਮ ਸੀ ‘ਨਾਤਿਰ ਪੂਜਾ’। ਇਸ ਫਿਲਮ ਬਾਰੇ ਸਭ ਤੋਂ ਦਿਲਚਸਪ ਤੱਥ ਇਹ ਹੈ ਕਿ ਇਸ ਫਿਲਮ ਦਾ ਨਿਰਦੇਸ਼ਨ ਰਬਿੰਦਰਨਾਥ ਟੈਗੋਰ ਨੇ ਕੀਤਾ ਸੀ। ਕੇæਐਲ਼ ਸਹਿਗਲ ਨੂੰ ਲੈ ਕੇ 1933 ਵਿਚ ਕੰਪਨੀ ਨੇ ਹਿੰਦੀ ਫਿਲਮ ਬਣਾਈ ‘ਭਗਤ ਪੁਰਾਣ’, ਪਰ ਕੰਪਨੀ ਨੂੰ ਅਸਲ ਪ੍ਰਸਿੱਧੀ ਫਿਲਮ ‘ਚੰਦੀਦਾਸ’ ਤੋਂ ਮਿਲੀ ਜਿਸ ਦਾ ਨਿਰਮਾਣ/ਨਿਰਦੇਸ਼ਨ ਦੇਵਕੀ ਬੋਸ ਨੇ ਕੀਤਾ ਸੀ ਤੇ ਫਿਲਮ ਛੂਤ-ਛਾਤ, ਜਾਤ-ਪਾਤ, ਵਿਧਵਾ-ਵਿਆਹ ਨਾ ਹੋਣ ਦੇਣ ਵਰਗੀਆਂ ਕੁਰੀਤੀਆਂ ‘ਤੇ ਤਿੱਖਾ ਵਾਰ ਕਰਦੀ ਸੀ। ਫਿਲਮ ‘ਦੇਵਦਾਸ’ ਨੇ ਇਸ ਕੰਪਨੀ ਨੂੰ ਸਦਾ ਲਈ ਫਿਲਮ ਇਤਿਹਾਸ ਵਿਚ ਅਮਰ ਕਰ ਦਿੱਤਾ। ‘ਦੇਵਦਾਸ’ ਫਿਲਮ ਰਾਹੀਂ ਪਹਿਲੀ ਵਾਰ ਸਿਨੇਮਾ ਵਿਚ ਪ੍ਰੀਤ ਕਹਾਣੀਆਂ ਦੇ ਦਰਦਨਾਕ ਅੰਤ ਨੂੰ ਬੇਹੱਦ ਮਾਰਮਿਕ ਤਰੀਕੇ ਨਾਲ ਪੇਸ਼ ਕੀਤਾ ਗਿਆ। ਇਸ ਫਿਲਮ ਨੇ ਇਕ ਤਰ੍ਹਾਂ ਨਾਲ ਕੇæਐਲ਼ ਸਹਿਗਲ ਨੂੰ ਭਾਰਤੀ ਸਿਨੇਮਾ ਦਾ ਪਹਿਲਾ ਸੁਪਰ ਸਟਾਰ ਬਣਾ ਦਿੱਤਾ। ਕੰਪਨੀ ਨੇ 1937 ਵਿਚ ਫਿਲਮ ‘ਪ੍ਰੈਜ਼ੀਡੈਟ’ ਬਣਾਈ ਜਿਸ ਵਿਚ ਪ੍ਰਿਥਵੀਰਾਜ ਕਪੂਰ ਅਤੇ ਕੇæਐਲ਼ ਸਹਿਗਲ ਨੇ ਅਦਾਕਾਰੀ ਕੀਤੀ। 1944 ਵਿਚ ਬਣੀ ‘ਹਮਰਾਹੀ’ ਵੀ ਇਸ ਕੰਪਨੀ ਦੀਆਂ ਖ਼ਾਸ ਫਿਲਮਾਂ ਵਿਚ ਆਉਂਦੀ ਹੈ। ਇਸ ਕੰਪਨੀ ਦੇ ਸੰਸਥਾਪਕ ਬੀæਐਨæ ਸਰਕਾਰ ਨੂੰ 1972 ਵਿਚ ਦਾਦਾ ਸਾਹਿਬ ਫ਼ਾਲਕੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਬੰਬੇ ਟਾਕੀਜ਼ ਕੰਪਨੀ ਨਾਲ ਫਿਲਮਾਂ ਵਿਚ ਪੱਛਮੀ ਵਿਚਾਰਧਾਰਾ ਅਤੇ ਪੁਰਾਣੇ ਦਾਰਸ਼ਨਿਕ ਵਿਚਾਰਾਂ ਦਾ ਖੂਬਸੂਰਤ ਸੰਗਮ ਹੋਂਦ ਵਿਚ ਆਇਆ। ਇਹ ਕੰਪਨੀ 1934 ਵਿਚ ਹਿਮਾਂਸ਼ੂ ਰਾਏ ਨੇ ਕਾਇਮ ਕੀਤੀ ਸੀ। ਹਿਮਾਂਸ਼ੂ ਅਤੇ ਉਹਦੀ ਪਤਨੀ ਦੇਵਿਕਾ ਰਾਣੀ ਨੇ ਕਲਾਤਮਿਕ ਪੱਖ ਤੋਂ ਭਾਰਤੀ ਸਿਨੇਮਾ ਨੂੰ ਨਵਾਂ ਮੋੜ ਦਿੱਤਾ। ਕੰਪਨੀ ਨੇ ਭਾਰਤੀ ਫਿਲਮ ਸਨਅਤ ਨੂੰ ਦੋ ਮਸ਼ਹੂਰ ਅਦਾਕਾਰ ਵੀ ਦਿੱਤੇ- ਸਦਾਬਹਾਰ ਅਸ਼ੋਕ ਕੁਮਾਰ ਅਤੇ ਟਰੈਜਡੀ ਕਿੰਗ ਦਲੀਪ ਕੁਮਾਰ। ਇਸ ਕੰਪਨੀ ਦੀਆਂ ਜ਼ਿਆਦਾਤਰ ਫਿਲਮਾਂ ਦਾ ਨਿਰਦੇਸ਼ਨ ਫਰਾਂਸੀਸੀ ਨਿਰਦੇਸ਼ਕ ਫਰਾਜ਼ ਆਸਟਿਨ ਦਾ ਹੁੰਦਾ ਸੀ। ‘ਅਛੂਤ ਕੰਨਿਆ’, ‘ਜਨਮਭੂਮੀ’, ‘ਦੁਰਗਾ’ ਅਤੇ ‘ਕੰਗਨ’ ਵਰਗੀਆਂ ਫਿਲਮਾਂ ਜਿੱਥੇ ਰੂੜੀਵਾਦੀ ਵਿਵਸਥਾ ਦੇ ਸਿੱਧੇ ਵਿਰੋਧ ਵਜੋਂ ਦਰਜ ਕੀਤੀਆਂ ਗਈਆਂ, ਉਥੇ ‘ਬੰਧਨ’ ਅਤੇ ‘ਆਜ਼ਾਦ’ ਵਰਗੀਆਂ ਫਿਲਮਾਂ ਨੇ ਨੌਜਵਾਨਾਂ ਦੇ ਦਿਲਾਂ ਵਿਚ ਨਵੀਆਂ ਉਮੰਗਾਂ ਅਤੇ ਸੁਪਨੇ ਭਰ ਦਿੱਤੇ। ਇਸੇ ਕੰਪਨੀ ਨੇ 1943 ਵਿਚ ਭਾਰਤੀ ਸਿਨੇਮਾ ਨੂੰ ਪਹਿਲੀ ਸੁਪਰਹਿੱਟ ਫਿਲਮ ਦਿੱਤੀ ‘ਕਿਸਮਤ’।
ਵਾਡੀਆ ਮੂਵੀਟੋਨ ਕੰਪਨੀ ਦੀਆਂ ਫਿਲਮਾਂ ਦੀ ਕਥਾ-ਵਸਤੂ, ਤਕਨੀਕੀ ਪੱਧਰ ਅਤੇ ਅਦਾਕਾਰੀ ਉਪਰੋਕਤ ਕੰਪਨੀਆਂ ਨਾਲੋਂ ਵੱਖਰੀ ਸੀ। ਇਸ ਕੰਪਨੀ ਨੇ ਸਟੰਟ ਆਧਾਰਿਤ ਐਕਸ਼ਨ ਫਿਲਮਾਂ ਜੋ ਜਾਦੂਈ ਚਮਤਕਾਰਾਂ, ਮਾਰ-ਕੁਟਾਈ ਅਤੇ ਦਿਲ ਦਹਿਲਾਉਣ ਵਾਲੀਆਂ ਲੜਾਈਆਂ ਨਾਲ ਭਰੀਆਂ ਹੁੰਦੀਆਂ ਸਨ, ਬਣਾਈਆਂ। ‘ਫੀਅਰਲੈਸ ਨਾਦੀਆ’ ਦੇ ਨਾਮ ਨਾਲ ਮਸ਼ਹੂਰ ਇਨ੍ਹਾਂ ਫਿਲਮਾਂ ਦੀ ਮੁੱਖ ਅਦਾਕਾਰਾ ਨਾਦੀਆ ਨੂੰ ਅੱਜ ਵੀ ‘ਹੰਟਰਵਾਲੀ’ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਇਹ ਫਿਲਮਾਂ ਭਾਰਤੀ ਦਰਸ਼ਕਾਂ ਵਿਚ ਇਸ ਲਈ ਬੇਹੱਦ ਮਕਬੂਲ ਰਹੀਆਂ ਕਿ ਜਿੱਥੇ ਸਮਾਜਕ ਸਥਾਨਾਂ ‘ਤੇ ਔਰਤਾਂ ਦਾ ਮੂੰਹ ਤੱਕ ਨੰਗਾ ਨਹੀਂ ਸੀ ਦੇਖਿਆ ਜਾ ਸਕਦਾ, ਉਥੇ ਇਨ੍ਹਾਂ ਫਿਲਮਾਂ ਵਿਚ ਨਾਦੀਆ, ਮਰਦਾਂ ਨੂੰ ਘਸੁੰਨਾਂ-ਮੁੱਕਿਆਂ ਨਾਲ ਕੁੱਟਦੀ ਵੀ ਸੀ ਤੇ ਬੇਖੌਫ ਹੋ ਕੇ ਹਰ ਕਿਸਮ ਦਾ ਪਹਿਰਾਵਾ ਪਹਿਨ ਕੇ ਘੋੜ ਸਵਾਰੀ, ਤੈਰਾਕੀ, ਨਿਸ਼ਾਨੇਬਾਜ਼ੀ ਕਰਦੀ ਘੁੰਮਦੀ ਦਿਸਦੀ ਸੀ।
ਭਾਰਤੀ ਸਿਨੇਮਾ ਦੇ ਸ਼ੁਰੂਆਤੀ ਦੌਰ ਵਿਚ ਫਿਲਮ ਕੰਪਨੀਆਂ ਨੇ ਜਿੱਥੇ ਬਹੁਤ ਸਾਰੀਆਂ ਸਮਾਜਕ, ਮਿਥਿਹਾਸਕ, ਇਤਿਹਾਸਕ ਤੇ ਧਾਰਮਿਕ ਫਿਲਮਾਂ ਦਾ ਨਿਰਮਾਣ ਕੀਤਾ, ਉਥੇ ਦੂਜੇ ਸੰਸਾਰ ਯੁੱਧ ਤੋਂ ਬਾਅਦ ਸ਼ੁਰੂ ਹੋਏ ਮੰਦਵਾੜੇ, ਸਟਾਰ ਸਿਸਟਮ ਦੀ ਚੜ੍ਹਤ ਅਤੇ ਸਰਕਾਰੀ ਅਣਦੇਖੀ ਨੇ ਬਹੁਤੀਆਂ ਕੰਪਨੀਆਂ ਵਿਕਣ ਦੇ ਕਗਾਰ ‘ਤੇ ਲਿਆ ਖੜ੍ਹੀਆਂ ਕੀਤੀਆਂ।
(ਚਲਦਾ)