ਫਿਲਮਸਾਜ਼ ਨੀਰਜ ਗੇਵਨ ਦੀ ਪਲੇਠੀ ਫਿਲਮ ‘ਮਸਾਣ’ ਨੇ ਸੰਸਾਰ ਭਰ ਵਿਚ ਪ੍ਰਸਿੱਧ ਕਾਨ ਫਿਲਮ ਮੇਲੇ ਵਿਚ ਇਨਾਮ ਹਾਸਲ ਕਰ ਕੇ ਇਤਿਹਾਸ ਬਣਾ ਦਿੱਤਾ ਹੈ। ਇਹ ਪਹਿਲੀ ਵਾਰ ਹੈ ਕਿ ਇਸ ਮੇਲੇ ਵਿਚ ਕਿਸੇ ਭਾਰਤੀ ਫਿਲਮ ਨੂੰ ਇਹ ਮਾਣ ਮਿਲਿਆ ਹੈ। ਐਤਕੀਂ ਭਾਰਤ ਤੋਂ ਦੋ ਫਿਲਮਾਂ- ਹਿੰਦੀ ਫਿਲਮ ‘ਮਸਾਣ’ ਤੇ ਪੰਜਾਬੀ ਫਿਲਮ ‘ਚੌਥੀ ਕੂਟ’, ਇਸ ਫਿਲਮ ਮੇਲੇ ਦੇ ‘ਅਨ-ਸਰਟਿਨ ਰਿਗਾਰਡ ਸੈਕਸ਼ਨ’ ਵਿਚ ਦਿਖਾਈਆਂ ਗਈਆਂ ਸਨ।
‘ਮਸਾਣ’ ਨੂੰ ਮੇਲੇ ਦਾ ਕ੍ਰੀਟੀਕਲ ਐਵਾਰਡ ਹਾਸਲ ਹੋਇਆ ਹੈ। ਇਹ ਫਿਲਮ ਦੀ ਪਿੱਠਭੂਮੀ ਵਾਰਾਣਸੀ (ਬਨਾਰਸ) ਦੀ ਹੈ। ਇਸ ਵਿਚ ਦਲਿਤਾਂ ਦਾ ਮਸਲਾ ਬਹੁਤ ਤਿੱਖੇ ਰੂਪ ਵਿਚ ਉਭਾਰਿਆ ਗਿਆ ਹੈ। ਫਿਲਮ ਵਿਚ ਰਿਚਾ ਚੱਢਾ, ਵਿੱਕੀ ਕੌਸ਼ਾਲ, ਵਿਨੀਤ ਕੁਮਾਰ, ਸ਼ਵੇਤਾ ਤ੍ਰਿਪਾਠੀ, ਪੰਕਜ ਤ੍ਰਿਪਾਠੀ, ਸੰਜੇ ਮਿਸ਼ਰਾ ਤੇ ਨਿਖਲ ਸਾਹਨੀ ਦੀਆਂ ਅਹਿਮ ਭੂਮਿਕਾਵਾਂ ਹਨ। ਇਸ ਫਿਲਮ ਵਿਚ ਦੋ ਕਹਾਣੀਆਂ ਨਾਲੋ-ਨਾਲ ਚੱਲਦੀਆਂ ਹਨ। ਇਕ ਕਹਾਣੀ ਦਲਿਤ ਲੜਕੇ ਨਾਲ ਸਬੰਧਤ ਹੈ ਜਿਹੜਾ ਉਚ ਜਾਤ ਦੀ ਕੁੜੀ ਨਾਲ ਪਿਆਰ ਕਰਦਾ ਹੈ ਅਤੇ ਦੂਜੀ ਕਹਾਣੀ ਉਚ ਜਾਤ ਦੀ ਕੁੜੀ ਅਤੇ ਉਸ ਦੇ ਪਿਤਾ ਨਾਲ ਸਬੰਧਤ ਹੈ। ਦੂਜੀ ਕਹਾਣੀ ਵਿਚ ਸੈਕਸ ਸਕੈਂਡਲ ਦਾ ਮਸਲਾ ਉਭਾਰਿਆ ਗਿਆ ਹੈ। ਫਿਲਮ ਵਿਚ ਲੇਖਕ ਨੇ ਛੋਟੇ ਸ਼ਹਿਰਾਂ ਦੇ ਸਮਾਜਕ ਅਤੇ ਰਵਾਇਤੀ ਸਰੋਕਾਰਾਂ ਨੂੰ ਬੁਲੰਦ ਆਵਾਜ਼ ਵਿਚ ਪੇਸ਼ ਕੀਤਾ ਹੈ। ਇਹ ਸਰੋਕਾਰ ਫਿਲਮ ਦੇ ਪਾਤਰਾਂ ਨਾਲ ਖਹਿ-ਖਹਿ ਕੇ ਚੰਗਿਆੜੇ ਛੱਡਦੇ ਨਜ਼ਰੀਂ ਪੈਂਦੇ ਹਨ। ਨੀਰਜ ਗੇਵਨ ਨੇ ਇਨ੍ਹਾਂ ਸਰੋਕਾਰਾਂ ਨੂੰ ਜਿਸ ਢੰਗ ਨਾਲ ਪਰਦੇ ਉਤੇ ਲਿਆਂਦਾ ਹੈ, ਉਹ ਆਪਣੀ ਮਿਸਾਲ ਆਪ ਹੈ।
_____________________________________
ਤਾੜੀਆਂ ਨਾਲ ਮਿਲੀ ਸਲਾਮੀ
ਕਾਨ ਫਿਲਮ ਮੇਲੇ ਵਿਚ ਦਿਖਾਈ ਹਿੰਦੀ ਫਿਲਮ ‘ਮਸਾਣ’ ਜਦੋਂ ਖ਼ਤਮ ਹੋਈ ਤਾਂ ਹਾਲ ਵਿਚ ਬੈਠੇ ਸਾਰੇ ਦਰਸ਼ਕਾਂ ਨੇ ਖੜ੍ਹੇ ਹੋ ਕੇ ਫਿਲਮ ਨੂੰ ਸਲਾਮੀ ਦਿੱਤੀ। ਦਰਸ਼ਕਾਂ ਦਾ ਹੁੰਗਾਰਾ ਇੰਨਾ ਬੁਲੰਦ ਸੀ ਕਿ ਉਹ ਖਲੋ ਕੇ ਪੰਜ ਮਿੰਟ ਤਾੜੀਆਂ ਮਾਰਦੇ ਰਹੇ। ਇਹ ਪਹਿਲੀ ਵਾਰ ਸੀ ਕਿ ਕਿਸੇ ਭਾਰਤੀ ਫਿਲਮ ਨੂੰ ਇਸ ਵੱਕਾਰੀ ਫਿਲਮ ਮੇਲੇ ਵਿਚ ਇੰਨਾ ਵੱਡਾ ਮਾਣ ਹਾਸਲ ਹੋਇਆ ਹੈ। ਫਿਲਮਸਾਜ਼ ਨੀਰਜ ਗੇਵਨ ਨੇ ਇਸ ਮਾਣ-ਤਾਣ ਨੂੰ ਕਲਾ ਅਤੇ ਸਰੋਕਾਰਾਂ ਦੀ ਜਿੱਤ ਕਰਾਰ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਉਸ ਨੇ ਇਹ ਫਿਲਮ ਰੂਹ ਤੱਕ ਭਿੱਜ ਕੇ ਬਣਾਈ ਸੀ ਅਤੇ ਇਸ ਦਾ ਮੁੱਲ ਹੁਣ ਮੁੜ ਗਿਆ ਹੈ।
________________________________
ਐਤਕੀਂ ਲੱਗੀ ਅਸਲ ਹਾਜ਼ਰੀ
ਕੱਲ੍ਹ ਤੱਕ ਸੰਸਾਰ ਦੇ ਵੱਕਾਰੀ ਕਾਨ ਫਿਲਮ ਮੇਲੇ ਵਿਚ ਭਾਰਤ ਦੀ ਹਾਜ਼ਰੀ ਅਦਾਕਾਰਾ ਸੁੰਦਰੀਆਂ ਦੀਆਂ ਅਦਾਵਾਂ ਅਤੇ ਉਨ੍ਹਾਂ ਦੇ ਲਿਬਾਸਾਂ ਦੀ ਨੁਮਾਇਸ਼ ਨਾਲ ਲਗਦੀ ਰਹੀ ਹੈ। ਇਸ ਵਾਰ ਵੀ ਐਸ਼ਵਰਿਆ ਰਾਏ ਬੱਚਨ, ਸੋਨਮ ਕਪੂਰ ਅਤੇ ਕੈਟਰੀਨਾ ਕੈਫ਼ ਨੇ ਰੈੱਡ ਕਾਰਪੈੱਟ ਉਤੇ ਆਪੋ-ਆਪਣੇ ਜਲਵੇ ਦਿਖਾਏ, ਪਰ ਇਸ ਵਾਰ ਇਕ ਵਿਸ਼ੇਸ਼ ਵਰਗ ਵਿਚ ਸਕਰੀਨਿੰਗ ਲਈ ਭਾਰਤ ਦੀਆਂ ਦੋ ਫਿਲਮਾਂ ਰੱਖੀਆਂ ਗਈਆਂ ਸਨ- ਹਿੰਦੀ ਫਿਲਮ ‘ਮਸਾਣ’ ਅਤੇ ਪੰਜਾਬੀ ਫਿਲਮ ‘ਚੌਥੀ ਕੂਟ’। ਇਸ ਵਾਰ ਵੀ ਆਲੋਚਕਾਂ ਅਤੇ ਸੰਜੀਦਾ ਦਰਸ਼ਕਾਂ ਦਾ ਖਦਸ਼ਾ ਸੀ ਕਿ ਇਨ੍ਹਾਂ ਅਦਾਕਾਰਾਵਾਂ ਦੀ ਅਦਾ ਵਿਚ ਹੀ ‘ਮਸਾਣ’ ਅਤੇ ‘ਚੌਥੀ ਕੂਟ’ ਦਾ ਸੁਨੇਹਾ ਕਿਤੇ ਰੁਲ ਨਾ ਜਾਵੇ, ਕਿਉਂਕਿ ਇਸ ਫਿਲਮ ਮੇਲੇ ਦਾ ਮੂੰਹ-ਮੱਥਾ ਹੁਣ ਰੈੱਡ ਕਾਰਪੈੱਟ ਨਾਲ ਬਹੁਤ ਡੂੰਘਾ ਜੁੜ ਗਿਆ ਹੈ ਅਤੇ ਸੰਸਾਰ ਭਰ ਦੇ ਮੀਡੀਆ ਦਾ ਸਭ ਤੋਂ ਵੱਧ ਧਿਆਨ ਰੈਡ ਕਾਰਪੈੱਟ ਅਤੇ ਇਸ ਉਤੇ ਮਟਕਦੀਆਂ ਸੁੰਦਰੀਆਂ ਵੱਲ ਹੀ ਹੁੰਦਾ ਹੈ। ਖੈਰ! ‘ਮਸਾਣ’ ਨੂੰ ਮਿਲੇ ਭਰਪੂਰ ਹੁੰਗਾਰੇ ਨੇ ਇਹ ਖਦਸ਼ਾ ਸੱਚ ਨਹੀਂ ਹੋਣ ਦਿੱਤਾ ਅਤੇ ਭਾਰਤੀ ਫਿਲਮਾਂ ਦੀ ਖੂਬ ਚਰਚਾ ਚੱਲੀ।
____________________________________
ਇੰਜੀਨੀਅਰ ਤੋਂ ਫਿਲਮਾਂ ਤੱਕ
ਨੀਰਜ ਗੇਵਨ ਨੇ 2010 ਵਿਚ ਆਪਣੀ ਛੇ ਅੰਕਾਂ ਦੀ ਤਨਖਾਹ ਵਾਲੀ ਆਲ੍ਹਾ ਕਾਰਪੋਰੇਟ ਜੌਬ ਛੱਡ ਕੇ ਫਿਲਮੀ ਦੁਨੀਆਂ ਦੇ ਵਿਹੜੇ ਵਿਚ ਪ੍ਰਵੇਸ਼ ਕੀਤਾ ਸੀ। ਉਸ ਨੇ ਹੈਦਾਰਾਬਾਦ ਤੋਂ ਇਲੈਕਟ੍ਰੋਨਿਕਸ ਇੰਜਨੀਅਰਿੰਗ ਦੀ ਗ੍ਰੈਜਏਸ਼ਨ ਕੀਤੀ ਹੋਈ ਹੈ, ਪਰ ਉਹ ਉਦੋਂ ਵੀ ‘ਪੈਸ਼ਨ ਫਾਰ ਸਿਨੇਮਾ’ ਨਾਂ ਦੇ ਬਲਾਗ ਉਤੇ ਲਿਖਦਾ ਹੁੰਦਾ ਸੀ। ਇਸੇ ਬਲਾਗ ਉਤੇ ਫਿਲਮਸਾਜ਼ ਅਨੁਰਾਗ ਕਸ਼ਿਅਪ ਵੀ ਲਿਖਦਾ ਸੀ। ਕਸ਼ਿਅਪ ਨੇ ਜਦੋਂ ਆਪਣੀ ਫਿਲਮ ‘ਗੈਂਗਸ ਆਫ ਵਾਸੇਪੁਰ’ ਸ਼ੁਰੂ ਕੀਤੀ ਤਾਂ ਨੀਰਜ ਨੂੰ ਬਤੌਰ ਅਸਿਸਟੈਂਟ ਬੁਲਾ ਲਿਆ ਅਤੇ ਹੁਣ ਉਹ ‘ਮਸਾਣ’ ਵਰਗੀ ਤਕੜੀ ਫਿਲਮ ਲੈ ਕੇ ਆਣ ਹਾਜ਼ਰ ਹੋਇਆ ਹੈ।