‘ਕਿੱਸਾ ਪੰਜਾਬ’ ਨੂੰ ਮਿਲਿਆ ਹੁੰਗਾਰਾ

ਕੈਨੇਡਾ ਦਾ ਕੌਮਾਂਤਰੀ ਪੰਜਾਬੀ ਫਿਲਮ ਮੇਲਾ ਹੁਣ ਆਪਣੀ ਮਟਕ ਚਾਲੇ ਤੁਰਨ ਲੱਗ ਗਿਆ ਪਿਆ ਹੈ। ਪੰਜ ਦਿਨ ਚੱਲੇ ਇਸ ਚੌਥੇ ਸਾਲਾਨਾ ਮੇਲੇ ਵਿਚ ਐਤਕੀਂ ਵੰਨਗੀਆਂ ਦੀ ਵੀ ਕੋਈ ਤੋਟ ਨਹੀਂ ਸੀ ਅਤੇ ਇਸ ਨੂੰ ਪਿਛਲੀ ਵਾਰ ਦੇ ਮੇਲਿਆਂ ਨਾਲੋਂ ਜ਼ਿਆਦਾ ਹੁੰਗਾਰਾ ਮਿਲਿਆ। ਹੁਣ ਸੰਜੀਦਾ ਸਿਨੇਮੇ ਨਾਲ ਜੁੜੇ ਪੰਜਾਬੀ ਅਤੇ ਪੰਜਾਬੀ ਕਲਾਕਾਰ ਇਸ ਮੇਲੇ ਨੂੰ ਉਡੀਕਣ ਲੱਗ ਪਏ ਹਨ।

ਉਮੀਦ ਕੀਤੀ ਜਾ ਸਕਦੀ ਹੈ ਕਿ ਆਉਣ ਵਾਲੇ ਸਾਲਾਂ ਵਿਚ ਮੇਲੇ ਦਾ ਘੇਰਾ ਤਾਂ ਵਧੇਗਾ ਹੀ ਵੱਕਾਰ ਦੇ ਕੋਣ ਤੋਂ ਵੀ ਇਹ ਪੈੜਾਂ ਛੱਡੇਗਾ।
ਮੇਲੇ ਵਿਚ ਐਤਕੀਂ ਫਿਲਮਕਾਰ ਹੈਰੀ ਬਵੇਜਾ, ਜੀਤ ਮਠਾਰੂ, ਪੂਨਮ ਢਿੱਲੋਂ, ਸੁਖਵੰਤ ਢੱਡਾ, ਅਨੂਪ ਸਿੰਘ, ਅਨੂ ਬੈਂਸ, ਜਤਿੰਦਰ ਮੌਹਰ ਤੇ ਹੋਰ ਕਈ ਅਹਿਮ ਸ਼ਖਸੀਅਤਾਂ ਪੁੱਜੀਆਂ। ਟੋਰਾਂਟੋ ਦੇ ਆਸ-ਪਾਸ ਚਾਰ ਸ਼ਹਿਰਾਂ ‘ਚ ਚੱਲੇ ਇਸ ਮੇਲੇ ਦੌਰਾਨ ਪੰਜਾਬੀ ਸਣੇ 11 ਭਾਸ਼ਾਵਾਂ ਦੀਆਂ 70 ਤੋਂ ਵੱਧ ਫੀਚਰ ਅਤੇ ਲਘੂ ਫਿਲਮਾਂ ਦਿਖਾਈਆਂ ਗਈਆਂ। ਨਿਰਮਾਤਾ ਅਨੂ ਬੈਂਸ ਤੇ ਫਿਲਮਸਾਜ਼ ਜਤਿੰਦਰ ਮੌਹਰ ਦੀ ਫਿਲਮ ‘ਕਿੱਸਾ ਪੰਜਾਬ’ ਮੇਲੇ ਦਾ ਹਾਸਲ ਹੋ ਨਿੱਬੜੀ। ਇਸ ਵਿਚ ਪੰਜਾਬ ਦੀ ਜਵਾਨੀ ਦੀ ਹਕੀਕਤ ਬਿਆਨ ਕੀਤੀ ਗਈ ਹੈ। ਫਿਲਮ ਵਿਚ ਛੇ ਕਹਾਣੀਆਂ ਹਨ ਜੋ ਆਪਸ ਵਿਚ ਪੀਡੀਆਂ ਗੁੰਦੀਆਂ ਹੋਈਆਂ ਹਨ।
ਮੇਲੇ ਵਿਚ ਸ਼ਾਰਟ ਫਿਲਮ (10 ਮਿੰਟ) ਮੁਕਾਬਲੇ ਵਿਚ ‘ਬੌਂਜੁਰ ਜੀ’ ਪਹਿਲੇ, ‘ਚਾਸ਼ਣੀ’ ਦੂਜੇ ਅਤੇ ‘ਬਗਦਾਦ ਮੈਸੀ’ ਤੀਜੇ ਥਾਂ ‘ਤੇ ਆਈਆਂ। ‘ਬਗਦਾਦ ਮੈਸੀ’ ਲੱਤ ਗੁਆ ਚੁੱਕੇ ਫੁੱਟਬਾਲ ਦੇ ਫੈਨ ਇਰਾਕੀ ਬੱਚੇ (ਹਮਦੀ) ਦੀ ਕਹਾਣੀ ਹੈ। ਸਤਿੰਦਰ ਕੱਸੋਆਣਾ ਨੇ ‘ਬੌਂਜੁਰ ਜੀ (ਹੈਲੋ ਜੀ) ਵਿਚ ਕੈਨੇਡਾ ‘ਚ ਰਹਿੰਦੇ ਲੋਕਾਂ ਦੇ ਧਰਮ ਅਤੇ ਨਸਲ ਕਾਰਨ ਇਕ-ਦੂਜੇ ਨਾਲ ਨਫਰਤ ਵਾਲੇ ਵਿਹਾਰ ਦੀ ਤਸਵੀਰ ਵਿਖਾਈ ਹੈ। ਬਖਸ਼ਿੰਦਰ ਦੀ ‘ਤੇਰੀ ਫਿਲਮ’, ਅਮਰਦੀਪ ਗਿੱਲ ਦੀ ‘ਖੂਨ’ ਅਤੇ ਰਾਜੀਵ ਸ਼ਰਮਾ ਦੀ ‘ਸਾਵੀ’ ਨੇ ਵੀ ਦਰਸ਼ਕਾਂ ਦੇ ਮਨ ਟੁੰਬੇ। ਅਦਾਕਾਰਾ ਕੁਲ ਸਿੱਧੂ ਦੇ ਅਭਿਨੈ (ਕਿੱਸਾ ਪੰਜਾਬ ਅਤੇ ਖੂਨ) ਨੂੰ ਖੂਬ ਸਲਾਹਿਆ ਗਿਆ। ਮੇਲੇ ‘ਚ ਨਿਰਮਾਤਾ ਹੈਰੀ ਬਵੇਜਾ ਦਾ ਸਨਮਾਨ ਕੀਤਾ ਗਿਆ ਅਤੇ ਆਖ਼ਰੀ ਦਿਨ ਹਾਕੀ ਸਿਤਾਰੇ ‘ਪ੍ਰਿਥੀਪਾਲ ਸਿੰਘ’ ਦੀ ਜੀਵਨੀ ਬਾਰੇ ਫਿਲਮ ਵੀ ਦਿਖਾਈ ਗਈ।
____________________________________________
ਗੁਰਬਚਨ ਸਿੰਘ ਭੁੱਲਰ ਦੀ ਕਹਾਣੀ ‘ਖੂਨ’ ਬਣੀ ਫਿਲਮ
ਕੌਮਾਂਤਰੀ ਪੰਜਾਬੀ ਫਿਲਮ ਮੇਲੇ ਵਿਚ ਕਹਾਣੀਕਾਰ ਗੁਰਬਚਨ ਸਿੰਘ ਭੁੱਲਰ ਦੀ ਕਹਾਣੀ ‘ਖੂਨ’ ਉਤੇ ਅਮਰਦੀਪ ਸਿੰਘ ਗਿੱਲ ਵੱਲੋਂ ਇਸੇ ਨਾਂ ‘ਤੇ ਬਣਾਈ ਫਿਲਮ ਦਿਖਾਈ ਗਈ। ਫਿਲਮ ਦੇ ਡਾਇਲਾਗ ਗੁਰਬਚਨ ਸਿੰਘ ਭੁੱਲਰ ਅਤੇ ਅਮਰਦੀਪ ਸਿੰਘ ਗਿੱਲ ਨੇ ਲਿਖੇ ਹਨ ਅਤੇ ਇਸ ਵਿਚ ਹਰਸ਼ਰਨ ਸਿੰਘ, ਕੁੱਲ ਸਿੱਧੂ, ਸੁੱਖੀ ਬੱਲ ਤੇ ਹੋਰ ਕਲਾਕਾਰਾਂ ਦੀਆਂ ਅਹਿਮ ਭੂਮਿਕਾਵਾਂ ਹਨ।