ਭਾਰਤ ਵਿਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਿਚ ਬਣੀ ਕੇਂਦਰ ਸਰਕਾਰ ਨੂੰ ਪੂਰਾ ਇਕ ਸਾਲ ਹੋ ਗਿਆ ਹੈ ਅਤੇ ਇਸ ਇਕ ਸਾਲ ਦੌਰਾਨ ਹਰ ਪਾਸੇ, ਖਾਸ ਕਰ ਕੇ ਮੀਡੀਆ ਤੇ ਸੋਸ਼ਲ ਮੀਡੀਆਂ ਵਿਚ ਮੋਦੀ-ਮੋਦੀ ਹੋਈ ਪਈ ਹੈ। ਮੋਦੀ ਦੇ ਹੁਣੇ ਹੁਣੇ ਖਤਮ ਹੋਏ ਤਿੰਨ ਦੇਸ਼ਾਂ ਦੇ ਦੌਰੇ ਦਾ ਵਿਸ਼ਲੇਸ਼ਣ ਕਰਦਿਆਂ ਲਿਖਿਆ ਗਿਆ ਹੈ ਕਿ ਉਸ ਨੇ ਆਪਣੇ ਪ੍ਰਚਾਰ ਲਈ ਸੋਸ਼ਲ ਮੀਡੀਆ ਦੀ ਵਰਤੋਂ, ਖੂਬ ਜਚਾ ਕੇ ਅਤੇ ਬੜੀ ਸਫਲਤਾ ਨਾਲ ਕੀਤੀ ਹੈ। ਇਹੀ ਅਸਲ ਵਿਚ ਵਿਚਾਰਨ ਵਾਲਾ ਨੁਕਤਾ ਹੈ।
ਸਾਲ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ ਵਿਚ ਵੀ ਮੋਦੀ ਤੇ ਭਾਰਤੀ ਜਨਤਾ ਪਾਰਟੀ ਨੇ ਆਪਣੀ ਗੱਲ ਜਚਾਉਣ ਲਈ ਪੂਰਾ ਟਿੱਲ ਲਾ ਦਿੱਤਾ ਸੀ ਅਤੇ ਇਸ ਮੁਹਿੰਮ ਵਿਚ ਉਹ ਪੂਰੇ ਕਾਮਯਾਬ ਰਹੇ ਸਨ। ਇਹ ਸਿਲਸਿਲਾ ਅੱਜ ਵੀ ਚੱਲ ਰਿਹਾ ਹੈ। ਜਿਵੇਂ ਜਰਮਨ ਤਾਨਾਸ਼ਾਹ ਹਿਟਲਰ ਦਾ ਸਾਥੀ ਗੋਇਬਲਜ਼ ਕਹਿੰਦਾ ਹੁੰਦਾ ਸੀ ਕਿ ਸੌ ਵਾਰ ਬੋਲਿਆ ਝੂਠ ਆਖਰਕਾਰ ਸੱਚ ਲੱਗਣ ਲੱਗ ਪੈਂਦਾ ਹੈ, ਇਸੇ ਤਰ੍ਹਾਂ ਮੋਦੀ ਅਤੇ ਉਸ ਦੇ ਸਾਥੀਆਂ ਨੇ ਆਪਣੇ ਬਾਰੇ ਪ੍ਰਚਾਰ-ਪ੍ਰਸਾਰ ਇੰਨਾ ਜ਼ਿਆਦਾ ਅਤੇ ਜ਼ੋਰਦਾਰ ਢੰਗ ਨਾਲ ਕੀਤਾ ਹੈ ਕਿ ਇਨ੍ਹਾਂ ਵਲੋਂ ਵਾਰ ਵਾਰ ਬੋਲਿਆ ਝੂਠ ਹੁਣ ਸੱਚ ਲੱਗਣ ਲੱਗ ਪਿਆ ਹੈ। ਮੋਦੀ ਦੇ ਸ਼ਾਸਨ ਵਾਲੇ ਇਕ ਸਾਲ ਉਤੇ ਜੇ ਤਰਦੀ ਜਿਹੀ ਨਿਗ੍ਹਾ ਵੀ ਮਾਰੀਏ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਇਸ ਸਰਕਾਰ ਅਤੇ ਇਸ ਦੇ ਮੰਤਰੀਆਂ-ਸੰਤਰੀਆਂ ਨੇ ਭਾਸ਼ਣਾਂ ਤੋਂ ਸਿਵਾ ਲੋਕਾਂ ਦੇ ਪੱਲੇ ਕੁਝ ਵੀ ਨਹੀਂ ਪਾਇਆ ਹੈ। ਹਾਂ, ਇਸ ਨੇ ਧਨਾਢਾਂ ਨੂੰ ਖੁਸ਼ ਜ਼ਰੂਰ ਕਰ ਦਿੱਤਾ ਹੈ, ਇਸ ਦੀਆਂ ਤਕਰੀਬਨ ਸਾਰੀਆਂ ਹੀ ਨੀਤੀਆਂ ਅਤੇ ਰਣਨੀਤੀਆਂ ਉਨ੍ਹਾਂ ਦੇ ਕਾਰੋਬਾਰ ਦੇ ਹਿਸਾਬ ਨਾਲ ਹੀ ਢਾਲੀਆਂ ਗਈਆਂ ਹਨ। ਕਾਰੋਬਾਰੀਆਂ ਦੇ ਹਿਸਾਬ ਨੂੰ ਧਿਆਨ ਵਿਚ ਰੱਖ ਕੇ ਹੀ ‘ਮੇਕ ਇੰਨ ਇੰਡੀਆ’ ਦਾ ਨਾਅਰਾ ਸੰਸਾਰ ਭਰ ਵਿਚ ਲਾਇਆ ਗਿਆ, ਪਰ ‘ਮੇਕ ਇੰਨ ਇੰਡੀਆ’ ਦੀਆਂ ਨੀਂਹਾਂ ਭਰਨ ਵਾਲੇ ਕਿਸਾਨ ਦਾ ਹਾਲ ਵੀ ਪੁੱਛਿਆ ਨਹੀਂ ਗਿਆ; ਸਗੋਂ ਸਖਤ ਭੂਮੀ ਗ੍ਰਹਿਣ ਬਿੱਲ ਲਿਆ ਕੇ ਕਿਸਾਨ ਦੇ ਹੱਥ ਕੱਟੇ ਜਾ ਰਹੇ ਹਨ। ਹੁਣ ਸਵਾਲ ਹੈ ਕਿ ਲੋਕਾਂ ਨੂੰ ਸਭ ਕੁਝ ਪਤਾ ਹੋਣ ਦੇ ਬਾਵਜੂਦ ਉਹ ਸਫਲਤਾ ਦੇ ਪੌਡੇ ਚੜ੍ਹਦਾ ਕਿਉਂ ਨਜ਼ਰ ਆ ਰਿਹਾ ਹੈ? ਅਸਲ ਵਿਚ ਵਿਰੋਧੀ ਧਿਰ ਇੰਨੀ ਜ਼ਿਆਦਾ ਨਿਸੱਤੀ ਹੋਈ ਪਈ ਹੈ ਕਿ ਸਰਕਾਰ ਨੂੰ ਘੇਰਨ ਵਾਲਾ ਵੀ ਕੋਈ ਨਹੀਂ ਹੈ। ਸਾਲ ਪਹਿਲਾਂ ਚੋਣ ਵਿਸ਼ਲੇਸ਼ਕਾਂ ਨੇ ਵੀ ਇਹੀ ਸਿੱਟਾ ਕੱਢਿਆ ਸੀ ਕਿ ਮੋਦੀ ਦੀ ਜਿੱਤ ਲਈ ਰਾਹ ਕਾਂਗਰਸ ਦੀ ਕਮਜ਼ੋਰੀ ਨੇ ਹੀ ਮੋਕਲਾ ਕੀਤਾ। ਚੋਣਾਂ ਵੇਲੇ ਤਾਂ ਕਾਂਗਰਸ ਕੋਲ ਕਹਿਣ ਲਈ ਕੁਝ ਹੈ ਹੀ ਨਹੀਂ ਸੀ ਅਤੇ ਇਸ ਨੇ ਮੋਦੀ ਨੂੰ ਘੇਰਨ ਦਾ ਯਤਨ ਕਰਦਿਆਂ ਕਰਦਿਆਂ ਉਦੋਂ ਇਸ ਨੂੰ ਹੀਰੋ ਬਣਾ ਧਰਿਆ ਅਤੇ ਲੋਕ ਸਭਾ ਦੇ ਜੋ ਨਤੀਜੇ ਸਾਹਮਣੇ ਆਏ ਸਨ, ਉਸ ਨੇ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਸੀ।
ਇਸ ਨੁਕਤਾ-ਨਿਗ੍ਹਾ ਤੋਂ ਪੰਜਾਬ ਦੀ ਹਾਲਤ ਵੀ ਕੋਈ ਵੱਖਰੀ ਨਹੀਂ ਹੈ। ਪਿਛਲੇ ਅੱਠ ਸਾਲ ਤੋਂ ਸੂਬੇ ਵਿਚ ਬਾਦਲਾਂ ਦਾ ਰਾਜ ਹੈ। ਪੰਜਾਬ ਦੀ ਲੋਕਾਈ ਬਾਦਲਾਂ ਦੀਆਂ ਜ਼ਿਆਦਤੀਆਂ ਤੋਂ ਅੱਕੀ ਪਈ ਹੈ ਅਤੇ ਇਸ ਦਾ ਪਤਾ ਵੱਖ ਵੱਖ ਮੌਕਿਆਂ ‘ਤੇ ਲੋਕਾਂ ਵਲੋਂ ਪ੍ਰਗਟ ਕੀਤੀਆਂ ਭਾਵਨਾਵਾਂ ਤੋਂ ਭਲੀ-ਭਾਂਤ ਲੱਗ ਜਾਂਦਾ ਹੈ। ਹੁਣ ਵੀ ਬਾਦਲ ਅਤੇ ਇਨ੍ਹਾਂ ਦੀ ਸਰਕਾਰ ਕਈ ਮੁੱਦਿਆਂ ‘ਤੇ ਬੁਰੀ ਤਰ੍ਹਾਂ ਫਸੇ ਹੋਏ ਹਨ। ਔਰਬਿਟ ਬੱਸ ਕੇਸ ਬਾਰੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਹ ਕਹਿਣ ਤੋਂ ਹਟ ਹੀ ਨਹੀਂ ਰਹੇ ਕਿ ਅਜਿਹਾ ਕਾਂਡ ਤਾਂ ਕਿਸੇ ਵੀ ਬੱਸ ਵਿਚ ਹੋ ਸਕਦਾ ਹੈ ਅਤੇ ਹੋਰ ਸੂਬਿਆਂ ਵਿਚ ਅਕਸਰ ਅਜਹੇ ਕਾਂਡ ਵਾਪਰ ਰਹੇ ਹਨ। ਉਹ ਇਸ ਗੱਲ ਦਾ ਜਵਾਬ ਹੀ ਨਹੀਂ ਰਹੇ ਕਿ ਇਹ ਸਾਰਾ ਕੁਝ ਉਨ੍ਹਾਂ ਦੀ ਪਾਰਟੀ ਅਤੇ ਆਗੂਆਂ ਵਲੋਂ ਸੂਬੇ ਭਰ ਵਿਚ ਬਣਾਏ ਸਰਕਾਰੀ ਦਾਬੇ ਕਾਰਨ ਹੀ ਹੋ ਰਿਹਾ ਹੈ। ਬਾਦਲਾਂ ਦੀਆਂ ਬੱਸਾਂ ਦੇ ਕਾਰਿੰਦੇ ਖੁਦ ਛੋਟੇ-ਛੋਟੇ ਬਾਦਲਾਂ ਦੇ ਰੂਪ ਵਿਚ ਲੋਕਾਂ ਉਤੇ ਵਧੀਕੀਆਂ ਬਣ ਕੇ ਵਰ੍ਹ ਰਹੇ ਹਨ। ਇਸ ਕੇਸ ਵਿਚ ਅਕਾਲੀ ਵਜ਼ੀਰ ਸੁਰਜੀਤ ਸਿੰਘ ਰੱਖੜਾ ਅਤੇ ਜਲੰਧਰ ਵਿਚ ਇਕ ਗਰੀਬ ਦੀ ਖੁਦਕੁਸ਼ੀ ਉਤੇ ਜੋ ਬਿਆਨ ਅਕਾਲੀ ਆਗੂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਜਗੀਰ ਕੌਰ ਨੇ ਦਿੱਤਾ ਹੈ, ਉਸ ਤੋਂ ਇਨ੍ਹਾਂ ਆਗੂਆਂ ਦੀ ਗੈਰ-ਸੰਵੇਦਨਸ਼ੀਲਤਾ ਹੀ ਉਜਾਗਰ ਹੁੰਦੀ ਹੈ। ਅਜਿਹੇ ਹਾਲਾਤ ਵਿਚ ਜੇ ਕਿਤੇ ਇਹ ‘ਅਕਾਲੀ’ ਆਗੂ ਵਿਰੋਧੀ ਧਿਰ ਵਿਚ ਹੁੰਦੇ ਤਾਂ ਇਨ੍ਹਾਂ ਹੇਠਲੀ ਉਤੇ ਲਿਆ ਦੇਣੀ ਸੀ। ਇਸ ਦੇ ਉਲਟ ਪੰਜਾਬ ਵਿਚ ਵਿਰੋਧੀ ਧਿਰ ਕਾਂਗਰਸ ਆਪਸੀ ਕਲੇਸ਼ ਵਿਚ ਬੁਰੀ ਤਰ੍ਹਾਂ ਉਲਝੀ ਹੋਈ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਸੂਬੇ ਵਿਚ ਵਿਰੋਧ ਦਾ ਕੋਈ ਮੂੰਹ-ਮੱਥਾ ਬਣ ਹੀ ਨਹੀਂ ਰਿਹਾ ਹੈ। ਹੇਠਲੇ ਪੱਧਰ ਉਤੇ ਜੂਝ ਰਹੇ ਲੋਕਾਂ ਅਤੇ ਜਥੇਬੰਦੀਆਂ ਨੂੰ ਸਰਕਾਰ ਡੰਡੇ ਦੇ ਜ਼ੋਰ ਨਾਲ ਕੁਸਕਣ ਨਹੀਂ ਦੇ ਰਹੀ। ਲੈ-ਦੇ ਕੇ ਲੋਕਾਂ ਦੀਆਂ ਆਸਾਂ ਨਵੀਂ ਉਠੀ ਆਮ ਆਦਮੀ ਪਾਰਟੀ (ਆਪ) ‘ਤੇ ਲੱਗੀਆਂ ਸਨ, ਪਰ ਲੀਡਰਸ਼ਿਪ ਦੇ ਮਾਮਲੇ ‘ਤੇ ਇਸ ਪਾਰਟੀ ਵਿਚ ਜੋ ਘਮਾਸਾਣ ਦਿੱਲੀ ਅਤੇ ਹੁਣ ਪੰਜਾਬ ਵਿਚ ਚੱਲ ਰਿਹਾ ਹੈ, ਉਸ ਤੋਂ ਆਮ ਆਦਮੀ ਨੂੰ ਨਿਰਾਸ਼ਾ ਹੀ ਮਿਲੀ ਹੈ। ਅਜਿਹੇ ਹਾਲਾਤ ਮੌਕੇ ਪੰਜਾਬ ਦਾ ਹਰ ਸੰਜੀਦਾ ਸ਼ਖਸ ਹੁਣ ਇਹੀ ਆਖ ਰਿਹਾ ਹੈ ਕਿ ਹਾਕਮਾਂ ਵਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਪੀੜਾਂ ਹੁਣ ਪਹਾੜ ਬਣ ਗਈਆਂ ਹਨ ਅਤੇ ਹੁਣ ਲੋਕਾਂ ਦੇ ਉਠਣ ਦਾ ਵੇਲਾ ਹੈ। ਉਂਜ ਇਕ ਗੱਲ ਸਾਫ ਅਤੇ ਸਪਸ਼ਟ ਹੈ ਕਿ ਲੋਕਾਂ ਨੂੰ ਸਭ ਤੋਂ ਪਹਿਲਾਂ ਮੋਦੀ ਦੇ ਮੰਤਰ ਅਤੇ ਬਾਦਲ ਦੇ ਬੋਲਾਂ ਦੀ ਥਾਹ ਪਾਉਣੀ ਪਵੇਗੀ। ਇਨ੍ਹਾਂ ਮੰਤਰਾਂ ਅਤੇ ਬੋਲਾਂ ਪਿਛੇ ਕੰਮ ਕਰਦੀਆਂ ਤਾਕਤਾਂ ਨੂੰ ਸਮਝੇ ਬਗੈਰ ਜ਼ਾਲਮ ਅਤੇ ਜ਼ਿਆਦਤੀਆਂ ਦੇ ਭਰੇ ਘੜੇ ਨੂੰ ਠੋਰਿਆ ਨਹੀਂ ਜਾ ਸਕੇਗਾ। ਹੁਣ ਤਾਂ ਇਹ ਦੇਖਣਾ ਬਾਕੀ ਹੈ ਕਿ ਇਸ ਘੜੇ ਨੂੰ ਕੌਣ ਤੇ ਕਿੰਨੀ ਜ਼ੋਰ ਨਾਲ ਠੋਰਦਾ ਹੈ।