ਨਵੀਂ ਦਿੱਲੀ: ਦਿੱਲੀ ਦੇ ਉੁਪ ਰਾਜਪਾਲ ਤੇ ਮੁੱਖ ਮੰਤਰੀ ਦਰਮਿਆਨ ਅਧਿਕਾਰਾਂ ਨੂੰ ਲੈ ਕੇ ਰੱਫੜ ਵਧਦਾ ਜਾ ਰਿਹਾ ਹੈ ਤੇ ਦੋਵੇਂ ਹੀ ਧਿਰਾਂ ਇਸ ਲੜਾਈ ਵਿਚ ਬਰਾਬਰ ਭਿੜ ਰਹੀਆਂ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ ਰਾਜਪਾਲ ਨਜੀਬ ਜੰਗ ਵਿਚਾਲੇ ਕਲੇਸ਼ ਹੁਣ ਰਾਸ਼ਟਰਪਤੀ ਪ੍ਰਣਬ ਮੁਖਰਜੀ ਕੋਲ ਪੁੱਜ ਗਿਆ ਹੈ।
ਦੋਵਾਂ ਨੇ ਇਕ-ਦੂਜੇ ਉਤੇ ਆਪੋ-ਆਪਣੇ ਦਾਇਰਾ-ਅਖ਼ਤਿਆਰ ਤੇ ਸੰਵਿਧਾਨ ਨੂੰ ਉਲੰਘਣ ਦੇ ਦੋਸ਼ ਲਾਏ ਹਨ। ਸ੍ਰੀ ਕੇਜਰੀਵਾਲ ਦੀ ਰਾਸ਼ਟਰਪਤੀ ਨਾਲ ਮੀਟਿੰਗ ਤੋਂ ਕਈ ਘੰਟੇ ਪਹਿਲਾਂ ਅਚਨਚੇਤ ਸ੍ਰੀ ਜੰਗ ਨੇ ਸ੍ਰੀ ਮੁਖਰਜੀ ਨਾਲ ਮੁਲਾਕਾਤ ਕੀਤੀ ਤੇ ਦਿੱਲੀ ਸਰਕਾਰ ਵਿਚ ਮੁੱਖ ਅਫ਼ਸਰਸ਼ਾਹਾਂ ਦੀਆਂ ਨਿਯੁਕਤੀਆਂ ਤੇ ਤਬਾਦਲਿਆਂ ਦੇ ਮਾਮਲੇ ਉਤੇ ਜਾਰੀ ਖਹਿਬਾਜ਼ੀ ਬਾਰੇ ਜਾਣੂ ਕਰਵਾਇਆ। ਦਿੱਲੀ ਵਿਚ ਸਥਿਤੀ ‘ਸੰਵਿਧਾਨਿਕ-ਸੰਕਟ’ ਵਰਗੀ ਬਣ ਚੁੱਕੀ ਹੈ। ਸ੍ਰੀ ਜੰਗ ਇਹੋ ਦਾਅਵਾ ਕਰਦੇ ਆ ਰਹੇ ਹਨ ਕਿ ‘ਆਪ’ ਸਰਕਾਰ ਦੇ ਦੋਸ਼ਾਂ ਦੇ ਉਲਟ ਉਨ੍ਹਾਂ ਨੂੰ ਅਫ਼ਸਰਾਂ ਦੀਆਂ ਨਿਯੁਕਤੀਆਂ ਤੇ ਤਬਾਦਲੇ ਕਰਨ ਦੇ ਅਖ਼ਤਿਆਰ ਹਨ ਤੇ ਉਨ੍ਹਾਂ ਹੁਣ ਤੱਕ ਕੁਝ ਵੀ ਅਸੰਵਿਧਾਨਿਕ ਨਹੀਂ ਕੀਤਾ।
ਕੇਜਰੀਵਾਲ ਸਰਕਾਰ ਨੇ ਪ੍ਰਿੰਸੀਪਲ ਸਕੱਤਰ (ਸੇਵਾਵਾਂ) ਅਨਿੰਦੋ ਮਜੂਮਦਾਰ ਦੇ ਦਿੱਲੀ ਸਕੱਤਰੇਤ ਦੇ ਦਫ਼ਤਰ ਨੂੰ ਬੰਦ ਕਰ ਦਿੱਤਾ ਤੇ ਉਧਰ ਉਪਰਾਜਪਾਲ ਨਜੀਬ ਜੰਗ ਨੇ ਮੁੱਖ ਮੰਤਰੀ ਵੱਲੋਂ ਲਾਏ ਗਏ ਨਵੇਂ ਅਧਿਕਾਰੀ ਰਾਜਿੰਦਰ ਕੁਮਾਰ ਦੀ ਵੀ ਨਿਯੁਕਤੀ ਰੱਦ ਕਰ ਦਿੱਤੀ।
ਮਜੂਮਦਾਰ ਵੱਲੋਂ ਸ਼ਕੁੰਤਲਾ ਗੇਮਲਿਨ ਨੂੰ ਦਿੱਲੀ ਦੀ ਕਾਰਜਕਾਰੀ ਪ੍ਰਿੰਸੀਪਲ ਸਕੱਤਰ ਵਜੋਂ ਨਿਯੁਕਤ ਕਰਨ ਬਾਬਤ ਲੰਘੇ ਸ਼ੁਕਰਵਾਰ ਨੂੰ ਜਾਰੀ ਕੀਤੀ ਗਈ ਚਿੱਠੀ ਤੋਂ ਖਫ਼ਾ ਹੋ ਕੇ ਕੇਜਰੀਵਾਲ ਸਰਕਾਰ ਨੇ ਉਨ੍ਹਾਂ ਦੀ ਨਵੀਂ ਨਿਯੁਕਤੀ, ਪ੍ਰਿੰਸੀਪਲ ਸਕੱਤਰ (ਸੇਵਾਵਾਂ) ਉਤੇ ਇਤਰਾਜ਼ ਉਠਾਇਆ ਸੀ ਤੇ ਉਨ੍ਹਾਂ ਦਾ ਦਫ਼ਤਰ ਬੰਦ ਕਰ ਦਿੱਤਾ ਗਿਆ। ਸ੍ਰੀ ਅਨਿੰਦੋ ਮਜੂਮਦਾਰ ਨੂੰ ਉਪਰਾਜਪਾਲ ਨੇ ਸ਼ਕੁੰਤਲਾ ਗੇਮਲਿਨ ਦੀ ਥਾਂ ਉਤੇ ਨਿਯੁਕਤ ਕੀਤਾ ਸੀ ਤੇ ਕੇਜਰੀਵਾਲ ਨੇ ਸ਼ਨਿਚਰਵਾਰ ਨੂੰ ਇਸ ਨਿਯੁਕਤੀ ਨੂੰ ਰੱਦ ਕਰ ਦਿੱਤਾ ਸੀ ਪਰ ਜਦੋਂ ਉਹ ਆਪਣੇ ਦਫ਼ਤਰ ਆਏ ਤਾਂ ਉਨ੍ਹਾਂ ਦਾ ਦਫ਼ਤਰ ਬੰਦ ਕਰ ਦਿੱਤਾ ਗਿਆ ਸੀ। ਕੇਜਰੀਵਾਲ ਸਰਕਾਰ ਨੇ ਇਸ ਅਹੁਦੇ ਉਤੇ ਰਾਜਿੰਦਰ ਕੁਮਾਰ ਨੂੰ ਲਾਇਆ ਸੀ ਪਰ ਉਪ ਰਾਜਪਾਲ ਨੇ ਇਸ ਨਿਯੁਕਤੀ ਨੂੰ ਰੱਦ ਕਰਦੇ ਹੋਏ ਸਪਸ਼ਟ ਕੀਤਾ ਸੀ ਅਜਿਹੇ ਅਹੁਦਿਆਂ ਉਤੇ ਉਨ੍ਹਾਂ (ਉਪ ਰਾਜਾਪਾਲ) ਨੂੰ ਨਿਯੁਕਤ ਕਰਨ ਤੇ ਹਟਾਉਣ ਦਾ ਅਧਿਕਾਰ ਹੈ। ਉਪ ਰਾਜਪਾਲ ਵੱਲੋਂ ਸ਼ਕੁੰਤਲਾ ਦੀ ਕੀਤੀ ਗਈ ਨਿਯੁਕਤੀ ਪਿੱਛੋਂ ਹੀ ਸਾਰਾ ਰੱਫੜ ਵਧਿਆ। ਇਸ ਅਧਿਕਾਰੀ ਵੱਲੋਂ ਮੁੱਖ ਮੰਤਰੀ ਦੇ ਇਹ ਅਹੁਦਾ ਨਾ ਲੈਣ ਦੇ ਆਖਣ ਦੇ ਬਾਵਜੂਦ ਉਸ ਨੇ ਆਪਣਾ ਕਾਰਜਕਾਰੀ ਪ੍ਰਿੰਸੀਪਲ ਸਕੱਤਰ ਦਾ ਅਹੁਦਾ ਸਾਂਭ ਲਿਆ ਸੀ।
ਉਧਰ ਕੇਜਰੀਵਾਲ ਸਰਕਾਰ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕੀਤਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਇਕ ਸੰਵਿਧਾਨਕ ਅਥਾਰਟੀ ਚਿੱਠੀ ਪਹਿਲਾਂ ਲੀਕ ਕਰ ਦਿੰਦੀ ਹੈ ਜੋ ਅਜੇ ਉਪ ਮੁੱਖ ਮੰਤਰੀ ਨੇ ਸਵੀਕਾਰੀ ਨਹੀਂ। ਕੇਜਰੀਵਾਲ ਸਰਕਾਰ ਦੇ ਵਿਰੋਧ ਦੇ ਬਾਵਜੂਦ ਗੇਮਲਿਨ ਵੱਲੋਂ ਆਪਣਾ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ।