‘ਆਪ’ ਵਲੋਂ ਪੰਜਾਬ ਵਿਚੋਂ ‘ਬੇਈਮਾਨ’ ਭਜਾਉਣ ਲਈ ਮੁਹਿੰਮ

ਅੰਮ੍ਰਿਤਸਰ: ਆਮ ਆਦਮੀ ਪਾਰਟੀ ਵੱਲੋਂ ਜਲ੍ਹਿਆਂਵਾਲਾ ਬਾਗ ਤੋਂ ‘ਬੇਈਮਾਨ ਭਜਾਓ-ਪੰਜਾਬ ਬਚਾਓ’ ਜਨ ਚੇਤਨਾ ਯਾਤਰਾ ਸ਼ੁਰੂ ਕੀਤੀ ਗਈ ਹੈ। ‘ਆਪ’ ਵੱਲੋਂ ਇਹ ਜਨ ਚੇਤਨਾ ਯਾਤਰਾ ਲੋਕਾਂ ਨੂੰ ਸੂਬੇ ਵਿੱਚ ਫੈਲੇ ਭ੍ਰਿਸ਼ਟਾਚਾਰ, ਨਸ਼ਿਆਂ ਦੇ ਵੱਧ ਰਹੇ ਰੁਝਾਨ, ਅਮਨ ਕਾਨੂੰਨ ਦੀ ਵਿਗੜ ਰਹੀ ਸਥਿਤੀ ਆਦਿ ਬਾਰੇ ਜਾਣੂ ਕਰਾਉਣ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ ਹੈ।

ਇਸ ਦੀ ਸ਼ੁਰੂਆਤ ਜਲ੍ਹਿਆਂਵਾਲਾ ਬਾਗ ਤੋਂ ਆਮ ਆਦਮੀ ਪਾਰਟੀ ਦੇ ਪੰਜਾਬ ਬਾਰੇ ਅਬਜ਼ਰਵਰ ਸੰਜੇ ਸਿੰਘ ਨੇ ਕੀਤੀ। ਇਸ ਮੌਕੇ ਸੰਜੇ ਸਿੰਘ ਨੇ ਆਖਿਆ ਕਿ ਇਸ ਯਾਤਰਾ ਦਾ ਮੁੱਖ ਮੰਤਵ ਸੂਬੇ ਨੂੰ ਬੇਈਮਾਨ ਲੋਕਾਂ ਤੋਂ ਬਚਾਉਣਾ ਹੈ। ਇਹ ਯਾਤਰਾ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿਚੋਂ ਲੰਘੇਗੀ ਤੇ 23 ਮਈ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਮਾਪਤ ਹੋਵੇਗੀ।
ਯਾਤਰਾ ਦੌਰਾਨ ਲੋਕਾਂ ਨਾਲ ਸੰਪਰਕ ਕਰਕੇ ‘ਆਪ’ ਲਈ ਸਹਿਯੋਗ ਮੰਗਿਆ ਜਾਵੇਗਾ। ਉਨ੍ਹਾਂ ਆਖਿਆ ਕਿ ਅਕਾਲੀ ਭਾਜਪਾ ਰਾਜ ਵਿਚ ਸੂਬਾ ਨਿਘਾਰ ਵੱਲ ਗਿਆ ਹੈ। ਮੋਗਾ ਬੱਸ ਕਾਂਡ ਬਾਰੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੀ ਆਲੋਚਨਾ ਕੀਤੀ ਤੇ ਆਖਿਆ ਕਿ ਪੰਜਾਬ ਵਿਚ ਔਰਤਾਂ ਸੁਰੱਖਿਅਤ ਨਹੀਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਉਤੇ ਇਨ੍ਹਾਂ ਬੁਰਾਈਆਂ ਨੂੰ ਜੜ੍ਹੋਂ ਖ਼ਤਮ ਕੀਤਾ ਜਾਵੇਗਾ। ਇਹ ਯਾਤਰਾ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ ਮਜੀਠਾ, ਬਟਾਲਾ, ਧਾਰੀਵਾਲ, ਗੁਰਦਾਸਪੁਰ ਹੁੰਦੀ ਹੋਈ ਪਠਾਨਕੋਟ ਪੁੱਜੀ, ਜਿਥੇ ਰਾਤ ਠਹਿਰਾਅ ਮਗਰੋਂ ਮੁਕੇਰੀਆਂ, ਦਸੂਹਾ, ਟਾਂਡਾ, ਹੁਸ਼ਿਆਰਪੁਰ ਹੁੰਦੀ ਹੋਈ ਜਲੰਧਰ ਪਹੁੰਚੀ।
ਸ਼ੁਰੂਆਤ ਮੌਕੇ ਆਗੂਆਂ ਦੇ ਮੱਤਭੇਦ ਵੀ ਸਾਹਮਣੇ ਆਏ। ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਤੇ ‘ਆਪ’ ਦੇ ਅਨੁਸ਼ਾਸਨੀ ਕਮੇਟੀ ਦੇ ਆਗੂ ਡਾæ ਦਲਜੀਤ ਸਿੰਘ ਵਿਚਾਲੇ ਫ਼ਤਹਿ ਤੱਕ ਸਾਂਝੀ ਨਹੀਂ ਹੋਈ। ਦੋਵਾਂ ਧੜਿਆਂ ਵਿਚਾਲੇ ਦੂਰੀ ਦਿਖਾਈ ਦਿੱਤੀ। ਡਾæ ਦਲਜੀਤ ਸਿੰਘ ਉਸ ਵਾਹਨ ‘ਤੇ ਵੀ ਸਵਾਰ ਨਹੀਂ ਹੋਏ, ਜਿਸ ਵਿਚ ਹੋਰ ਆਗੂ ਸਵਾਰ ਸਨ। ਉਹ ਆਪਣੇ ਵਾਹਨ ਵਿਚ ਮਜੀਠਾ ਤੱਕ ਗਏ ਤੇ ਉਥੋਂ ਪਰਤ ਗਏ। ਡਾæ ਦਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਇਸ ਯਾਤਰਾ ਨੂੰ ਸਫ਼ਲ ਬਣਾਉਣ ਲਈ ਪੂਰਾ ਯੋਗਦਾਨ ਦਿੱਤਾ ਹੈ। ਉਨ੍ਹਾਂ ਦੇ ਤਕਰੀਬਨ 700 ਸਮਰਥਕ ਤੇ 50 ਈਕੋ ਰਿਕਸ਼ਾ ਯਾਤਰਾ ਵਿਚ ਸ਼ਾਮਲ ਸਨ। ਸ਼ ਛੋਟੇਪੁਰ ਨਾਲ ਮੁਲਾਕਾਤ ਤੇ ਫ਼ਤਹਿ ਸਾਂਝੀ ਨਾ ਹੋਣ ਦੀ ਪੁਸ਼ਟੀ ਕਰਦਿਆਂ ਉਨ੍ਹਾਂ ਆਖਿਆ ਕਿ ਮੁਲਾਕਾਤ ਕਿਉਂ ਨਹੀਂ ਕੀਤੀ ਗਈ, ਇਸ ਬਾਰੇ ਛੋਟੇਪੁਰ ਹੀ ਦੱਸ ਸਕਦੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਡਾæ ਦਲਜੀਤ ਸਿੰਘ ਨੇ ਅਨੁਸ਼ਾਸਨੀ ਕਮੇਟੀ ਦੇ ਮੁਖੀ ਵਜੋਂ ਸ਼ ਛੋਟੇਪੁਰ ਖ਼ਿਲਾਫ਼ ਕਾਰਵਾਈ ਕਰਦਿਆਂ, ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਸੀ ਪਰ ਪਾਰਟੀ ਹਾਈਕਮਾਨ ਨੇ ਇਸ ਫ਼ੈਸਲੇ ਨੂੰ ਲਾਗੂ ਨਹੀਂ ਸੀ ਕੀਤਾ।
______________________________________________
ਭਗਵੰਤ ਮਾਨ ਨੇ ਛੋਟੇਪੁਰ ਬਾਰੇ ਸਟੈਂਡ ਤੋਂ ਪਲਟੀ ਮਾਰੀ
ਜਲੰਧਰ: ‘ਆਪ’ ਦੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਆਪਣੇ ਪਹਿਲੇ ਬਿਆਨ ਤੋਂ ਪਲਟਦਿਆਂ ਦਾਅਵਾ ਕੀਤਾ ਹੈ ਕਿ ਸੂਬੇ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਅਹੁਦੇ ਤੋਂ ਹਟਾਉਣ ਬਾਰੇ ਕੋਈ ਮਤਾ ਪਾਸ ਹੀ ਨਹੀਂ ਕੀਤਾ ਗਿਆ ਸੀ। ਪਾਰਟੀ ਉਨ੍ਹਾਂ ਦੀ ਅਗਵਾਈ ਹੇਠ ਹੀ ਕੰਮ ਕਰ ਰਹੀ ਹੈ। ਉਹ ਇਥੇ ਦੇਸ਼ ਭਗਤ ਯਾਦਗਾਰ ਹਾਲ ਵਿਚ ‘ਬੇਈਮਾਨ ਭਜਾਓ-ਪੰਜਾਬ ਬਚਾਓ’ ਮੋਟਰਸਾਈਕਲ ਰੈਲੀ ਮੌਕੇ ਗੱਲਬਾਤ ਕਰ ਰਹੇ ਸਨ। ਜ਼ਿਕਰਯੋਗ ਹੈ ਕਿ 9 ਮਈ ਨੂੰ ਦਿੱਲੀ ਵਿਚ ਆਪ ਦੀ ਸੂਬਾਈ ਕਾਰਜਕਾਰਨੀ ਦੀ ਹੋਈ ਮੀਟਿੰਗ ਦੌਰਾਨ ਸੁੱਚਾ ਸਿੰਘ ਛੋਟੇਪੁਰ ਨੂੰ ਸੂਬੇ ਦੇ ਕਨਵੀਨਰ ਦੇ ਅਹੁਦੇ ਤੋਂ ਹਟਾਉਣ ਦੇ ਕੀਤੇ ਫੈਸਲੇ ਵਿਚ ਭਗਵੰਤ ਮਾਨ ਨੇ ਟੈਲੀਕਾਨਫਰੰਸ ਰਾਹੀਂ ਸਹਿਮਤੀ ਪ੍ਰਗਟਾਈ ਸੀ। ਇਸ ਮੀਟਿੰਗ ਵਿਚ ਹਾਜ਼ਰ ਮੈਂਬਰਾਂ ਨੇ ਦੋਸ਼ ਲਾਇਆ ਸੀ ਕਿ ਛੋਟੇਪੁਰ ਨੇ ਸੰਵਿਧਾਨ ਅਨੁਸਾਰ ਕਾਰਜਕਾਰਨੀ ਦੀਆਂ ਮੀਟਿੰਗਾਂ ਨਹੀਂ ਸੱਦੀਆਂ ਜਿਸ ਕਰਕੇ ਸੰਵਿਧਾਨ ਦੀ ਉਲੰਘਣਾ ਕਾਰਨ ਉਨ੍ਹਾਂ ਨੂੰ ਇਸ ਅਹੁਦੇ ਤੋਂ ਹਟਾਇਆ ਜਾਂਦਾ ਹੈ।