‘ਪੰਜਾਬ ਟਾਈਮਜ਼’ ਦੇ ਪਿਛਲੇ ਹਫ਼ਤੇ ਵਾਲੇ ਅੰਕ ਵਿਚ ਭਾਈ ਕਰਨੈਲ ਸਿੰਘ ਨਾਂ ਦੇ ਪਾਠਕ ਨੇ ਬੜੀ ਤਿੱਖੀ ਸੁਰ ਵਿਚ ਪ੍ਰਤੀਕਰਮ ਪ੍ਰਗਟਾਇਆ ਹੈ। ਸ਼ਬਦਾਵਲੀ ਤੋਂ ਜਾਪਦਾ ਹੈ ਕਿ ਉਨ੍ਹਾਂ ਇਹ ਖਤ ਗੁੱਸੇ ‘ਚ ਆ ਕੇ ਲਿਖਿਆ ਹੋਇਆ ਹੈ, ਜੇ ਕਿਤੇ ਉਹ ਸਹਿਜ ਅਤੇ ਨਿਰਪੱਖਤਾ ਨਾਲ ਲਿਖਦੇ ਤਾਂ ਉਹ ‘ਪੰਜਾਬ ਟਾਈਮਜ਼’ ਨੂੰ ਕਦੇ ਕਾਮਰੇਡਾਂ ਦਾ ਅਖਾੜਾ ਨਾ ਆਖਦੇ। ਪੰਜਾਬ ਟਾਈਮਜ਼ ਦੇ ਪਾਠਕ ਜਾਣਦੇ ਹਨ ਕਿ ਅਮਰੀਕਾ ਵਿਚ ਇਹ ਇਕੋ ਇਕ ਪੰਜਾਬੀ ਅਖਬਾਰ ਹੈ ਜੋ ‘ਕਿਛੁ ਕਹੀਐ ਕਿਛੁ ਸੁਣੀਐ’ ਦੇ ਮਹਾਂਵਾਕ ਅਨੁਸਾਰ ਸੰਵਾਦ ਰਚਾਉਂਦਾ ਹੈ ਅਤੇ ਸਭ ਧਿਰਾਂ ਦਾ ਪੱਖ ਬਿਨਾ ਕਿਸੇ ਲੱਗ-ਲਬੇੜ ਦੇ ਪੂਰੀ ਦਿਆਨਤਦਾਰੀ ਨਾਲ ਛਾਪਦਾ ਹੈ। ਫਿਰ ਵੀ ਜੇ ਭਾਈ ਕਰਨੈਲ ਸਿੰਘ ਨੂੰ ਇਹ ਅਖਬਾਰ ਕਾਮਰੇਡਾਂ ਦਾ ਅਖਾੜਾ ਲੱਗਦਾ ਹੈ ਤਾਂ ਜ਼ਰੂਰ ਉਨ੍ਹਾਂ ਦੀ ਆਪਣੀ ਸੋਚ ਵਿਚ ਕੋਈ ਫਰਕ ਹੈ।
ਕਰੋਧ ਵਿਚ ਆਏ ਉਹ ਭੁੱਲ ਹੀ ਗਏ ਕਿ ਇਹ ਇਕੋ ਇਕ ਅਖ਼ਬਾਰ ਹੈ ਜਿਸ ਵਿਚ ਹਰ ਹਫ਼ਤੇ ਇਲਾਹੀ ਬਾਣੀ ਦੇ ਸ਼ਬਦ ਦੀ ਵਿਆਖਿਆ ਛਪਦੀ ਹੈ; ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਪੜ੍ਹਾਉਂਦੀ ਰਹੀ ਬੀਬੀ ਗੁਰਨਾਮ ਕੌਰ ਆਪਣੇ ਹਰ ਕਾਲਮ ਵਿਚ ਸਿੱਖ ਧਰਮ ਇਤਿਹਾਸ ਦੀ ਸਮੀਖਿਆ ਕਰਦੇ ਹਨ। ਇਸੇ ਤਰ੍ਹਾਂ ਕਾਲਮਨਵੀਸ ਤਰਲੋਚਨ ਸਿੰਘ ਦੁਪਾਲਪੁਰ ਦਾ ਹਰ ਲੇਖ, ਗੁਰਦੁਆਰੇ ਦੇ ਚੌਗਿਰਦੇ ਨਾਲ ਜੁੜਿਆ ਹੁੰਦਾ ਹੈ।
ਤਾਜ਼ੇ ਅੰਕ ਦੀ ਹੀ ਮਿਸਾਲ ਲੈ ਲਉ। ਬਹੁਤੀਆਂ ਅਖ਼ਬਾਰਾਂ ਨੇ ਸਰੀਰਕ ਵਿਛੋੜਾ ਦੇ ਗਏ ਨਾਮਧਾਰੀ ਮੁਖੀ ਦੇ ਨਾਂ ਅੱਗੇ ‘ਸਤਿਗੁਰੂ’ ਸ਼ਬਦ ਲਾਇਆ ਹੋਇਆ ਹੈ ਪਰ ‘ਪੰਜਾਬ ਟਾਈਮਜ਼’ ਨੇ ਸਿੱਖ ਅਕੀਦੇ ਦੀ ਪਾਲਣਾ ਕਰਦਿਆਂ ਅਜਿਹਾ ਨਹੀਂ ਲਿਖਿਆ। ਪੰਜਾਬ ਟਾਈਮਜ਼ ਦੇ ਲਗਭਗ ਅੱਸੀ ਪ੍ਰਤੀਸ਼ਤ ‘ਸੰਪਾਦਕੀ ਨੋਟ’ ਸਿੱਖ ਮਸਲਿਆਂ ਨੂੰ ਬੜੀ ਜ਼ਿੰਮੇਵਾਰੀ ਨਾਲ ਉਭਾਰਨ ਵਾਲੇ ਹੁੰਦੇ ਹਨ। ਇਸ ਸਾਰੇ ਕੁਝ ਨੂੰ ਦੇਖਦਿਆਂ ਮੇਰੇ ਵਰਗਾ ਸਹਿਜਧਾਰੀ ਸਿੱਖ ਤਾਂ ਇਸ ਅਖ਼ਬਾਰ ਨੂੰ ਸਿੱਖ ਜਗਤ ਦਾ ਸੁਹਿਰਦ ਸ਼ੁਭਚਿੰਤਕ ਮੰਨਦਾ ਹੈ, ਹੋਰਨਾਂ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ।
ਕਮਿਊਨਿਸਟ ਵਿਚਾਰਧਾਰਾ ਦੇ ਥੋੜ੍ਹੇ ਬਹੁਤੇ ਹਮਾਇਤੀ ਦੋ ਚਾਰ ਕੁ ਲੇਖਕਾਂ ਦੇ ਨਾਂ ਲਿਖ ਕੇ ਭਾਈ ਕਰਨੈਲ ਸਿੰਘ ਨੇ ਇਉਂ ਹਿਰਖ ਛਾਂਟਿਆ ਹੈ, ਜਿਵੇਂ ਕਿਤੇ ਖਾਲਿਸਤਾਨ ਬਣਨੋਂ ਇਨ੍ਹਾਂ ਮੁੱਠੀ ਭਰ ਲੇਖਕਾਂ ਨੇ ਹੀ ਰੋਕਿਆ ਹੋਇਆ ਹੁੰਦਾ ਹੈ। ਉਹ ਇਨ੍ਹਾਂ ਨੂੰ ‘ਹੋਛਾ ਉਲਾਂਭਾ’ ਦਿੰਦੇ ਹਨ, ਅਖੇ ‘ਖਾਲਸਾ ਪੰਥ ਨੂੰ ਤਾਂ ਆਪਣੇ ਰਹਿਬਰਾਂ ਦੇ ਰਾਹ ‘ਤੇ ਚੱਲ ਲੈਣ ਦੇਣ, ਅੜਿੱਕੇ ਨਾ ਬਣਨæææ।’
ਭਾਈ ਜੀ ਇੱਥੇ ਭੁੱਲ ਕਰ ਰਹੇ ਨੇ, ਉਹ ਸਿੱਖਾਂ ਦੇ ਰਹਿਬਰਾਂ ਨੂੰ ‘ਸਾਡੇ ਪੰਥ’ ਦੇ ਸੀਮਤ ਦਾਇਰੇ ਨਾਲ ਹੀ ਜੋੜ ਰਹੇ ਹਨ। ‘ਤੂੰ ਸਾਂਝਾ ਸਾਹਿਬ ਬਾਪ ਹਮਾਰਾ॥’ ਵਾਲੇ ਗੁਰਵਾਕ ਦਾ ਕੀ ਅਰਥ ਕਰਨਗੇ, ਭਾਈ ਕਰਨੈਲ ਸਿੰਘ? ਜਿਸ ਕਿਤਾਬ (ਕਿਸ ਬਿਧ ਰੁਲੀ ਪਾਤਸ਼ਾਹੀ) ਦੀ ਚਰਚਾ ‘ਪੰਜਾਬ ਟਾਈਮਜ਼’ ਵਿਚ ਛਪਣ ਤੋਂ ਇਹ ਪਾਠਕ ਜੀ ਲੋਹੇ ਲਾਖੇ ਹੋਏ ਪਏ ਹਨ, ਉਸ ਕਿਤਾਬ ਦਾ ਲੇਖਕ ਸਗੋਂ ਖ਼ੁਸ਼ ਹੋਇਆ ਹੋਵੇਗਾ ਕਿ ਉਸ ਦੀ ਕਿਤਾਬ ਦਾ ਪ੍ਰਚਾਰ ‘ਪੰਜਾਬ ਟਾਈਮਜ਼’ ਨੇ ਮੁਫ਼ਤੋ ਮੁਫ਼ਤੀ ਕਰ ਦਿੱਤਾ ਹੈ। ਮੇਰੇ ਖਿਆਲ ਵਿਚ ਅੱਜ ਪਹਿਲੀ ਅਤੇ ਫੌਰੀ ਲੋੜ ਪੰਜਾਬ ਦੇ ਸਰੂਪ ਨੂੰ ਬਚਾਉਣ ਦੀ ਹੋਣੀ ਚਾਹੀਦੀ ਹੈ। ਜੇ ਉਥੇ ਹੀ ਦਸਤਾਰਾਂ ਨਾ ਰਹੀਆਂ ਤਾਂ ਖਾਲਸਤਾਨ ਕਿੱਥੇ ਬਣਾਇਆ ਜਾਵੇਗਾ? ਪੰਜਾਬੀਅਤ ਅਤੇ ਸਿੱਖ ਪੰਥ ਦੇ ਸੁਹਿਰਦ ਸ਼ੁਭਚਿੰਤਕ ‘ਪੰਜਾਬ ਟਾਈਮਜ਼’ ਉਤੇ ਇਲਜ਼ਾਮ ਤਰਾਸ਼ੀ ਠੀਕ ਨਹੀਂ ਕੀਤੀ, ਤੁਸੀਂ ਭਾਈ ਕਰਨੈਲ ਸਿੰਘ ਜੀ!
-ਫਕੀਰ ਚੰਦ ਸੈਂਪਲਾ, ਐਲ਼ਏæ
Leave a Reply