ਭਾਰਤ ਅਤੇ ਚੀਨ ਵਲੋਂ ਆਪਸੀ ਭਰੋਸਾ ਵਧਾਉਣ ਦਾ ਅਹਿਦ

ਪੇਇਚਿੰਗ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਤਿੰਨ ਰੋਜ਼ਾ ਚੀਨ ਫੇਰੀ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ 24 ਸਮਝੌਤੇ ਸਹੀਬੰਦ ਹੋਏ।ਹਨ। ਇਨ੍ਹਾਂ ਵਿਚੋਂ ਬਹੁਤੇ ਸਮਝੌਤੇ ਦੁਵੱਲਾ ਕਾਰੋਬਾਰ ਵਧਾਉਣ ਤੇ ਭਾਰਤੀ ਕਾਰੋਬਾਰੀਆਂ ਨੂੰ ਚੀਨ ਤੇ ਚੀਨੀ ਕਾਰੋਬਾਰੀਆਂ ਨੂੰ ਭਾਰਤ ਵਿਚ ਪੂੰਜੀ ਨਿਵੇਸ਼ ਕਰਨ ਦੇ ਵੱਧ ਮੌਕੇ ਦੇਣ ਦੇ ਅਹਿਦਾਂ ਦੇ ਰੂਪ ਵਿਚ ਹਨ। ਸਰਹੱਦੀ ਵਿਵਾਦ ਬਾਰੇ ਵੀ ਚਰਚਾ ਹੋਈ ਤੇ ਅਰੁਣਾਚਲ ਪ੍ਰਦੇਸ਼ ਦੇ ਵਸਨੀਕਾਂ ਨੂੰ ਚੀਨ ਵੱਲੋਂ ‘ਨੱਥੀ’ ਵੀਜ਼ੇ ਦੇਣ ਦੀ ਪ੍ਰਥਾ ਖ਼ਿਲਾਫ਼ ਰੋਸ ਪ੍ਰਗਟਾਵਾ ਵੀ ਹੋਇਆ।

ਸ੍ਰੀ ਮੋਦੀ ਨੇ ਗਿਲਗਿਤ/ਕਰਾਕੁਰਮ ਤੋਂ ਲੈ ਕੇ ਕਰਾਚੀ ਤੱਕ ਸਿੱਧਾ ਚੀਨ-ਪਾਕਿਸਤਾਨ ਆਰਥਿਕ ਗਲਿਆਰਾ ਬਣਾਉਣ ਦੇ ਸਮਝੌਤੇ ਖ਼ਿਲਾਫ਼ ਵੀ ਰੋਸ ਪ੍ਰਗਟ ਕੀਤਾ ਤੇ ਗਿਲਗਿਤ ਉੱਤੇ ਭਾਰਤੀ ਹੱਕ ਜਤਾਇਆ। ਚੀਨੀ ਨੇਤਾਵਾਂ ਨੇ ਵੀ ਕੁਝ ਮਾਮਲਿਆਂ, ਖ਼ਾਸ ਕਰਕੇ ਦੱਖਣੀ ਚੀਨ ਸਾਗਰ ਵਿਚ ਭਾਰਤ ਵੱਲੋਂ ਆਪਣਾ ਦਬਦਬਾ ਵਧਾਉਣ ਖ਼ਿਲਾਫ਼ ਆਪਣਾ ਵਿਰੋਧ ਦਰਜ ਕਰਵਾਇਆ। ਚੀਨ ਨੇ ਭਾਰਤ ਵਿਚ ਸਾਲ 2019 ਤੱਕ 22 ਅਰਬ ਡਾਲਰਾਂ ਦਾ ਨਿਵੇਸ਼ ਕਰਨ ਤੇ ਭਾਰਤੀ ਨਿਰਮਾਣ ਇਕਾਈਆਂ ਵਿਚ ਪੂੰਜੀ ਲਾਉਣ ਦਾ ਵਾਅਦਾ ਦੁਹਰਾਇਆ ਹੈ।
ਦੋਵਾਂ ਦੇਸ਼ਾਂ ਵਿਚ ਰੇਲਵੇ ਤੇ ਸਿੱਖਿਆ ਸਮੇਤ ਮੁੱਖ ਖੇਤਰਾਂ ਵਿਚ 24 ਸਮਝੌਤਿਆਂ ‘ਤੇ ਦਸਤਖਤ ਹੋਏ। ਸ੍ਰੀ ਮੋਦੀ ਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਲੀ ਕੇਕਿਆਂਗ ਦੀ ਮੌਜੂਦਗੀ ਵਿਚ ਜਿਨ੍ਹਾਂ 24 ਸਮਝੌਤਿਆਂ ‘ਤੇ ਦਸਤਖਤ ਕੀਤੇ ਗਏ ਉਨ੍ਹਾਂ ਵਿਚ ਚੇਂਗਡੂ ਤੇ ਚੇਨਈ ਵਿਚ ਕੌਸਲ ਜਨਰਲ ਦੇ ਦਫਤਰ ਖੋਲ੍ਹਣ ਤੋਂ ਇਲਾਵਾ ਵਪਾਰ ਸਮਝੌਤਿਆਂ ਵਿਚ ਸਹਿਯੋਗ ਲਈ ਸਲਾਹਮਸ਼ਵਰਾ ਢਾਂਚੇ ਬਾਰੇ ਸਮਝੌਤਾ ਸ਼ਾਮਲ ਹਨ। ਭਾਰਤੀ ਰੇਲਵੇ ਤੇ ਚੀਨੀ ਨੈਸ਼ਨਲ ਰੇਲਵੇ ਵਿਚਕਾਰ ਰੇਲਵੇ ਖੇਤਰ ਵਿਚ ਸਹਿਯੋਗ ਵਧਾਉਣ ਲਈ ਇਕ ਕਾਰਜ ਯੋਜਨਾ ‘ਤੇ ਵੀ ਦਸਤਖਤ ਕੀਤੇ ਗਏ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਸੀਂ ਸਹਿਯੋਗ ਦੇ ਵੱਖ-ਵੱਖ ਖੇਤਰਾਂ ਵਿਚ 20 ਤੋਂ ਵੀ ਵੱਧ ਸਮਝੌਤਿਆਂ ‘ਤੇ ਦਸਤਖਤ ਕੀਤੇ ਹਨ। ਇਸ ਤੋਂ ਸਾਡੇ ਸਬੰਧਾਂ ਦੀ ਡੂੰਘਾਈ ਤੇ ਪੱਕਿਆਈ ਤੇ ਸਾਡੀ ਭਾਈਵਾਲੀ ਦੀ ਹਾਂਪੱਖੀ ਦਿਸ਼ਾ ਦਾ ਪਤਾ ਲੱਗਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਡਾ ਚੇਂਗਡੂ ਤੇ ਚੇਨਈ ਵਿਚ ਕੌਸਲਖਾਨੇ ਖੋਲ੍ਹਣ ਦਾ ਫ਼ੈਸਲਾ ਆਪਸੀ ਭਰੋਸੇ ਤੇ ਸਬੰਧਾਂ ਦੇ ਵਿਸਥਾਰ ਪ੍ਰਤੀ ਵਚਨਬੱਧਤਾ ਦੀ ਝਲਕ ਪੇਸ਼ ਕਰਦਾ ਹੈ। ਸਿੱਖਿਆ ਵਟਾਂਦਰਾ ਪ੍ਰੋਗਰਾਮ ਦੇ ਸਹਿਮਤੀ ਪੱਤਰ ਤੇ ਪੁਲਾੜ ਸਹਿਯੋਗ ਸਮਝੌਤੇ ‘ਤੇ ਵੀ ਦਸਤਖਤ ਕੀਤੇ ਗਏ। ਜਿਨ੍ਹਾਂ ਹੋਰ ਪ੍ਰਮੁੱਖ ਸਮਝੌਤਿਆਂ ਉਤੇ ਦਸਤਖਤ ਕੀਤੇ ਗਏ ਉਨ੍ਹਾਂ ਵਿਚ ਭਾਰਤ ਚੀਨ ਬੁੱਧੀਜੀਵੀ ਮੰਚ ਕਾਇਮ ਕਰਨ, ਸਮੁੰਦਰੀ ਸਹਿਯੋਗ ਤੇ ਸਮੁੰਦਰੀ ਸਾਇੰਸਾਂ ਦੇ ਵਿਕਾਸ ਬਾਰੇ ਸਮਝੌਤੇ ਸ਼ਾਮਲ ਸਨ। ਕਰਨਾਟਕ ਤੇ ਸਿਚੂਅਨ ਸੂਬੇ, ਚੇਨਈ ਤੇ ਚਾਂਗਕਿੰਗ, ਹੈਦਰਾਬਾਦ ਤੇ ਕਿੰਗਦਾਓ ਤੇ ਔਰੰਗਾਬਾਦ ਤੇ ਦੁਨਹੁਆਂਗ ਵਿਚਕਾਰ ਸਿਸਟਰ ਸਟੇਟ ਤੇ ਸਿਸਟਰ ਸਿਟੀ ਸਬੰਧਾਂ ਬਾਰੇ ਚਾਰ ਸਮਝੌਤਿਆਂ ਉਤੇ ਵੀ ਦਸਤਖਤ ਕੀਤੇ ਗਏ। ਅਹਿਮਦਾਬਾਦ ਵਿਚ ਮਹਾਤਮਾ ਗਾਂਧੀ ਮੁਹਾਰਤ ਕੇਂਦਰ ਦੀ ਸਥਾਪਨਾ ਲਈ ਸਮਝੌਤੇ ਤੋਂ ਇਲਾਵਾ ਦੂਰਦਰਸ਼ਨ ਤੇ ਚੀਨ ਦੇ ਸਰਕਾਰੀ ਟੈਲੀਵੀਜ਼ਨ ਸੀæਸੀæਟੀæ ਵੀ ਲਈ ਪ੍ਰਸਾਰਣ ਸਮਝੌਤੇ ‘ਤੇ ਵੀ ਦਸਤਖਤ ਕੀਤੇ ਗਏ। ਸਿੱਖਿਆ ਵਟਾਂਦਰਾ ਪ੍ਰੋਗਰਾਮ, ਖਾਣਾਂ ਤੇ ਖਣਿਜ, ਮੁਹਾਰਤ ਵਿਕਾਸ, ਸੈਰ ਸਪਾਟਾ ਤੇ ਵੋਕੇਸ਼ਨਲ ਸਿੱਖਿਆ ਬਾਰੇ ਵੀ ਸਮਝੌਤੇ ਕੀਤੇ ਗਏ। ਯੋਗਾ ਕਾਲਜ ਦੀ ਸਥਾਪਨਾ ਤੇ ਗਾਂਧੀਅਨ ਲਈ ਕੇਂਦਰ ਤੇ ਇੰਡੀਅਨ ਸਟੱਡੀਜ਼ ਦੀ ਸਥਾਪਨਾ ਲਈ ਸਭਿਆਚਾਰਕ ਸਬੰਧਾਂ ਬਾਰੇ ਭਾਰਤੀ ਕੌਸਲ ਤੇ ਯੂਨਾਨ ਮਿੰਜ਼ੂ ਯੂਨੀਵਰਸਿਟੀ ਤੇ ਇਕ ਹੋਰ ਫੂਡਨ ਯੂਨੀਵਰਸਿਟੀ ਵਿਚਕਾਰ ਦੋ ਸਹਿਮਤੀ ਪੱਤਰਾਂ ਉਤੇ ਦਸਤਖਤ ਕੀਤੇ ਗਏ।
___________________________________________
ਚੀਨੀ ਮਾਹਿਰਾਂ ਨੂੰ ਮੋਦੀ ਫੇਰੀ ਤੋਂ ਵੱਡੀਆਂ ਆਸਾਂ
ਪੇਇਚਿੰਗ: ਚੀਨੀ ਮਾਹਿਰਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਚੀਨ ਫੇਰੀ ਦੌਰਾਨ ਭਾਰਤ ਤੇ ਚੀਨ ਦਰਮਿਆਨ ਜਿਨ੍ਹਾਂ ਅਮਲੀ ਕਦਮਾਂ ਉਤੇ ਸਹਿਮਤੀ ਬਣੀ ਹੈ, ਉਸ ਨਾਲ ਦੋਵੇਂ ਮੁਲਕਾਂ ਵਿਚਕਾਰ ਟਕਰਾਅ ਦੇ ਆਸਾਰ ਬਹੁਤ ਜ਼ਿਆਦਾ ਘਟਣਗੇ ਤੇ ਆਪਸੀ ਭਰੋਸੇ ਨੂੰ ਹੁਲਾਰਾ ਮਿਲੇਗਾ। ਇਹ ਗੱਲ ਸਰਕਾਰੀ ਰੋਜ਼ਨਾਮਾ ‘ਗਲੋਬਲ ਟਾਈਮਜ਼’ ਵਿਚ ਛਪੀ ਇਕ ਰਿਪੋਰਟ ਵਿਚ ਕਹੀ ਗਈ ਹੈ। ਰਿਪੋਰਟ ਮੁਤਾਬਕ ਸ਼ੰਘਾਈ ਸਥਿਤ ਕੌਮਾਂਤਰੀ ਅਧਿਐਨ ਇੰਸਟੀਚਿਊਟ ਵਿਚ ਭਾਰਤੀ ਅਧਿਐਨ ਬਾਰੇ ਰਿਸਰਚ ਫੈਲੋ ਲੂ ਜ਼ੋਂਗਯੀ ਦਾ ਕਹਿਣਾ ਸੀ ਕਿ ਸ੍ਰੀ ਮੋਦੀ ਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਲੀ ਕੇਕਿਆਂਗ ਵਿਚਕਾਰ ਹੋਈ ਗੱਲਬਾਤ ਤੋਂ ਬਾਅਦ ਜਾਰੀ ਸਾਂਝੇ ਬਿਆਨ ਵਿਚ ਅਜਿਹੇ ਅਮਲੀ ਕਦਮਾਂ ਦੀ ਪੇਸ਼ਕਸ਼ ਕੀਤੀ ਗਈ ਹੈ, ਜਿਨ੍ਹਾਂ ਨੂੰ ਛੇਤੀ ਹੀ ਲਾਗੂ ਕੀਤਾ ਜਾ ਸਕਦਾ ਹੈ ਤੇ ਇਹ ਆਪਸੀ ਟਕਰਾਅ ਦੇ ਖ਼ਦਸ਼ਿਆਂ ਨੂੰ ਬਹੁਤ ਘਟਾ ਦੇਣਗੇ।
_________________________________________
ਮੋਦੀ ਵਲੋਂ ਚੀਨੀ ਕਾਰੋਬਾਰੀਆਂ ਨੂੰ ਨਿਵੇਸ਼ ਦਾ ਸੱਦਾ
ਨਰੇਂਦਰ ਮੋਦੀ ਨੇ ਚੀਨ ਦੀਆਂ 22 ਕੰਪਨੀਆਂ ਦੇ ਸੀæਈæਓਜ਼æ ਨਾਲ ਮੁਲਾਕਾਤ ਕਰਕੇ ਭਾਰਤ ਵਿਚ ਕਾਰੋਬਾਰ ਕਰਨ ਦਾ ਸੱਦਾ ਵੀ ਦਿੱਤਾ। ਇਸ ਦੌਰਾਨ ਦੋਵੇਂ ਮੁਲਕਾਂ ਵੱਲੋਂ 22 ਅਰਬ ਡਾਲਰ ਦੇ ਸਮਝੌਤਿਆਂ ‘ਤੇ ਦਸਤਖ਼ਤ ਵੀ ਕੀਤੇ ਗਏ। ਪ੍ਰਧਾਨ ਮੰਤਰੀ ਨੇ ਚੀਨੀ ਨਿਵੇਸ਼ਕਾਂ ਨੂੰ ਭਾਰਤ ਵਿਚ ਨਿਵੇਸ਼ ਦਾ ਸੱਦਾ ਦਿੰਦਿਆਂ ਕਿਹਾ ਕਿ ਉਹ ਦੇਸ਼ ਵਿਚ ਆਏ ਬਦਲਾਅ ਦਾ ਲਾਹਾ ਲੈਣ। ਇਸ ਦੌਰਾਨ ਅਲੀਬਾਬਾ ਗਰੁੱਪ ਦੇ ਚੇਅਰਮੈਨ ਜੈਕ ਮਾ ਸਮੇਤ 22 ਕੰਪਨੀਆਂ ਦੇ ਸੀæਈæਓਜ਼æ ਵੀ ਹਾਜ਼ਰ ਸਨ। ਦੋਹਾਂ ਮੁਲਕਾਂ ਦੀਆਂ ਉਘੀਆਂ ਕੰਪਨੀਆਂ ਨੇ 22 ਅਰਬ ਡਾਲਰ ਦੇ ਸਮਝੌਤਿਆਂ ‘ਤੇ ਵੀ ਦਸਤਖ਼ਤ ਕੀਤੇ। ਸ੍ਰੀ ਮੋਦੀ ਨੇ ਕਿਹਾ ਕਿ ਚੀਨੀ ਕੰਪਨੀਆਂ ਲਈ ਇਹ ਇਤਿਹਾਸਕ ਮੌਕਾ ਹੈ ਕਿਉਂਕਿ ਭਾਰਤ ਵਿਚ ਕਾਰੋਬਾਰ ਦਾ ਸੁਖਾਵਾਂ ਮਾਹੌਲ ਤਿਆਰ ਕੀਤਾ ਗਿਆ ਹੈ।
________________________________________
ਕੋਰੀਆ ਵਲੋਂ ਭਾਰਤ ਨੂੰ 10 ਅਰਬ ਡਾਲਰ ਦੇਣ ਦਾ ਐਲਾਨ
ਸਿਓਲ: ਦੱਖਣੀ ਕੋਰੀਆ ਨੇ ਭਾਰਤ ਨੂੰ ਬੁਨਿਆਦੀ ਢਾਂਚੇ ਦੇ ਵਿਕਾਸ, ਸਮਾਰਟ ਸ਼ਹਿਰਾਂ ਦੇ ਵਿਕਾਸ, ਰੇਲਵੇ, ਬਿਜਲੀ ਉਤਾਪਦਨ ਤੇ ਹੋਰ ਵੱਖ-ਵੱਖ ਖੇਤਰਾਂ ਲਈ 10 ਅਰਬ ਡਾਲਰ ਦੇਣ ਦਾ ਐਲਾਨ ਕੀਤਾ ਹੈ। ਦੋਹਾਂ ਮੁਲਕਾਂ ਨੇ ਸੱਤ ਸਮਝੌਤਿਆਂ ਉਤੇ ਦਸਤਖ਼ਤ ਵੀ ਕੀਤੇ। ਇਸ ਦੇ ਨਾਲ ਹੀ ਦੋਵੇਂ ਮੁਲਕਾਂ ਨੇ ਆਪਣੇ ਰਿਸ਼ਤਿਆਂ ਨੂੰ ਵਿਸ਼ੇਸ਼ ਰਣਨੀਤਕ ਭਾਈਵਾਲੀ ਦੇ ਪੱਧਰ ਤਕ ਪਹੁੰਚਾਉਣ ਦੀ ਸਹਿਮਤੀ ਜਤਾਈ ਹੈ। ਕੋਰੀਆਈ ਨਿਵੇਸ਼ਕਾਂ ਨੂੰ ਭਰਮਾਉਣ ਦੇ ਮਿਸ਼ਨ ਤਹਿਤ ਜਿਥੇ ਪੁੱਜੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੱਖਣੀ ਕੋਰੀਆ ਦੀ ਰਾਸ਼ਟਰਪਤੀ ਪਾਰਕ ਗਿਊਨ ਹਾਈ ਨਾਲ ਵੱਖ-ਵੱਖ ਮੁੱਦਿਆਂ ਉਤੇ ਵਿਚਾਰ ਵਟਾਂਦਰਾ ਕੀਤਾ। ਦੋਹਾਂ ਆਗੂਆਂ ਨੇ ਆਪਸੀ ਸਬੰਧਾਂ ਵਿਚ ਨਵੇਂ ਤੱਤ, ਤੇਜ਼ੀ ਤੇ ਵਿਸ਼ਾ ਵਸਤੂ ਨੂੰ ਜੋੜ ਕੇ ਇਸ ਨੂੰ ਨਵੇਂ ਪੱਧਰ ‘ਤੇ ਲੈ ਕੇ ਜਾਣ ਦਾ ਅਹਿਦ ਲਿਆ।