ਪੰਜਾਬ ਅੰਦਰ ਪ੍ਰਾਈਵੇਟ ਬੱਸ ਕਾਰੋਬਾਰੀਆਂ ਦਾ ਦਬਦਬਾ

ਚੰਡੀਗੜ੍ਹ: ਪੰਜਾਬ ਅੰਦਰ ਸਰਕਾਰੀ ਨਾਲੋਂ ਨਿੱਜੀ ਬੱਸਾਂ ਦੀ ਗਿਣਤੀ ਕਿਤੇ ਵੱਧ ਹੈ। ਹਾਈਕੋਰਟ ਵੱਲੋਂ ਮੋਗਾ ਔਰਬਿਟ ਬੱਸ ਦੁਖਦਾਈ ਹਾਦਸੇ ਬਾਰੇ ਅਦਾਲਤੀ ਸਵੈ-ਨੋਟਿਸ ਵਾਲੇ ਕੇਸ ਵਿਚ ਸੁਣਵਾਈ ਦੌਰਾਨ ਇਹ ਖੁਲਾਸੇ ਹੋਏ ਹਨ। ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੀ ਜਾਣਕਾਰੀ ਮੁਤਾਬਕ ਇਸ ਵੇਲੇ 2508 ਸਰਕਾਰੀ ਬੱਸਾਂ ਦੇ ਮੁਕਾਬਲੇ 3543 ਨਿੱਜੀ ਬੱਸਾਂ ਪੰਜਾਬ ਦੀਆਂ ਸੜਕਾਂ ਉੱਤੇ ਦੌੜ ਰਹੀਆਂ ਹਨ।

ਇੰਨਾਂ ਹੀ ਨਹੀਂ ਇਨ੍ਹਾਂ ਵਿਚੋਂ ਇਕੱਲੀ ਔਰਬਿਟ ਐਵੀਏਸ਼ਨ ਦੀਆਂ 62, ਡੱਬਵਾਲੀ ਟਰਾਂਸਪੋਰਟ ਦੀਆਂ 64, ਨਿਊ ਦੀਪ ਬੱਸ ਸਰਵਿਸ ਦੀਆਂ 55, ਰੋਹਤਕ ਡਿਸਟ੍ਰਿਕ ਟਰਾਂਸਪੋਰਟ ਕੰਪਨੀ ਦੀਆਂ 42 ਬੱਸਾਂ ਪੰਜਾਬ ਦੀਆਂ ਸੜਕਾਂ ਉਤੇ ਗਤੀਸ਼ੀਲ ਹਨ। ਹਾਈਕੋਰਟ ਵੱਲੋਂ ਪੰਜਾਬ ਸਰਕਾਰ ਤੋਂ ਸੂਬੇ ਅੰਦਰ ਸਰਕਾਰੀ ਖਾਸਕਰ ਪੰਜਾਬ ਰੋਡਵੇਜ਼ ਤੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਬੱਸਾਂ ਦੀ ਗਿਣਤੀ ਦੇ ਨਾਲ-ਨਾਲ ਉਚੇਚੇ ਤੌਰ ਉਤੇ ਔਰਬਿਟ ਐਵੀਏਸ਼ਨ ਸਣੇ ਨਿੱਜੀ ਬੱਸ ਅਪਰੇਟਰਾਂ ਦੀ ਮਾਲਕੀ ਵਾਲੀਆਂ ਬੱਸਾਂ ਦੀ ਗਿਣਤੀ ਬਾਰੇ ਪੁੱਛਿਆ ਗਿਆ ਸੀ।
ਇਸ ਦੇ ਜਵਾਬ ਵਿਚ ਰਾਜ ਸਰਕਾਰ ਵੱਲੋਂ ਹਾਲਾਂਕਿ ਉਪਰੋਕਤ ਤੱਥਗਤ ਜਾਣਕਾਰੀ ਤਾਂ ਬੈਂਚ ਨੂੰ ਮੁਹੱਈਆ ਕਰਵਾ ਦਿੱਤੀ ਗਈ ਪਰ ਬੈਂਚ ਵੱਲੋਂ ਬਕਾਇਦਾ ਤੌਰ ਉਤੇ ਨੋਟਿਸ ਜਾਰੀ ਕੀਤਾ ਗਿਆ ਹੋਣ ਦੇ ਬਾਵਜੂਦ ਵੀ ਜਵਾਬਦਾਤਾ ਨੰਬਰ 4 (ਔਰਬਿਟ ਐਵੀਏਸ਼ਨ ਪ੍ਰਾਈਵੇਟ ਲਿਮਟਿਡ) ਵੱਲੋਂ ਕੋਈ ਪੇਸ਼ ਨਹੀਂ ਹੋਇਆ। ਜਸਟਿਸ ਹੇਮੰਤ ਗੁਪਤਾ ਤੇ ਜਸਟਿਸ ਲੀਜਾ ਗਿੱਲ ਵਾਲੇ ਡਿਵੀਜ਼ਨ ਬੈਂਚ ਵੱਲੋਂ ਜਵਾਬਦਾਤਾ ਨੰਬਰ 4 ਦੀ ਗੈਰ-ਮੌਜੂਦਗੀ ਵੱਲ ਇਸ਼ਾਰਾ ਕਰਦਿਆਂ ਪੰਜਾਬ ਦੇ ਐਡਵੋਕੇਟ ਜਨਰਲ ਅਸ਼ੋਕ ਅਗਰਵਾਲ ਦਾ ਪੱਖ ਜਾਨਣਾ ਚਾਹਿਆ ਤਾਂ ਉਨ੍ਹਾਂ ਔਰਬਿਟ ਐਵੀਏਸ਼ਨ ਨੂੰ ਸੰਮਨ ਹੀ ਤਾਮਿਲ ਹੋਏ ਜਾਂ ਨਾ ਹੋਏ ਹੋਣ ਬਾਰੇ ਅਗਿਆਨਤਾ ਜ਼ਾਹਿਰ ਕਰ ਦਿੱਤੀ ਗਈ। ਉਧਰ ਦੂਜੇ ਪਾਸੇ ਰਾਜ ਟਰਾਂਸਪੋਰਟ ਕਮਿਸ਼ਨ ਨੇ ਬੈਂਚ ਨੂੰ ਸੂਚਿਤ ਕੀਤਾ ਕਿ ਸੂਬੇ ਅੰਦਰ ਇਸ ਵੇਲੇ 1635 ਬੱਸਾਂ ਪੰਜਾਬ ਰੋਡਵੇਜ਼ ਤੇ ਪਨਬੱਸ ਦੀਆਂ 873 ਬੱਸਾਂ ਪੀæਆਰæਟੀæਸੀæ ਦੀ ਮਾਲਕੀ ਵਾਲੀਆਂ ਹਨ, ਜਦਕਿ ਇਸੇ ਸਾਲ (2015-16) ਦੌਰਾਨ 565 ਬੱਸਾਂ ਹੋਰ ਸ਼ਾਮਲ ਕੀਤੀਆਂ ਜਾ ਰਹੀਆਂ ਹਨ, ਜਿਸ ਦੇ ਚੱਲਦਿਆਂ ਕੁੱਲ ਬੱਸ ਫਲੀਟ 3073 ਹੋ ਜਾਵੇਗਾ।
ਜ਼ਿਕਰਯੋਗ ਹੈ ਕਿ ਸਰਕਾਰੀ ਅੰਕੜਿਆਂ ਮੁਤਾਬਕ ਨਿੱਜੀ ਬੱਸਾਂ ਦੀ ਦੱਸੀ ਗਈ ਗਿਣਤੀ (3543) ਹਾਲੇ ਵੀ ਸਰਕਾਰੀ ਬੱਸ ਫਲੀਟ ਤੋਂ ਕਿਤੇ ਵੱਧ ਬਣਦੀ ਹੈ। ਇਸ ਦੇ ਨਾਲ ਹੀ ਪੰਜਾਬ ਦੇ ਡੀæਜੀæਪੀæ ਦੇ ਹਵਾਲੇ ਨਾਲ ਦਾਇਰ ਕੀਤੇ ਹਲਫ਼ਨਾਮੇ ਤਹਿਤ ਖੁਲਾਸਾ ਕੀਤਾ ਗਿਆ ਹੈ ਕਿ ਬਕੌਲ ਐਸ਼ਐਸ਼ਪੀæ ਮੋਗਾ ਬੱਸ ਕੇਸ ਵਿਚ ਦੋਸ਼ੀਆਂ ਖਿਲਾਫ਼ ਕਤਲ, ਕਤਲ ਦੀ ਕੋਸ਼ਿਸ਼, ਛੇੜਛਾੜ ਦੇ ਨਾਲ-ਨਾਲ ਐਸ਼ਸੀæ/ਐਸ਼ਟੀæ ਐਕਟ ਤੇ ਬੱਚਿਆਂ ਖਿਲਾਫ਼ ਜਿਣਸੀ ਸ਼ੋਸ਼ਣ ਵਾਲੇ ਕਾਨੂੰਨ ਦੀਆਂ ਧਾਰਾਵਾਂ ਵੀ ਲਾਈਆਂ ਗਈਆਂ ਹਨ। ਬੱਸ ਦੇ ਡਰਾਈਵਰ, ਕੰਡਕਟਰ ਤੇ ਦੋ ਹੈਲਪਰਾਂ ਨੂੰ 21 ਮਈ ਤੱਕ ਨਿਆਇਕ ਹਿਰਾਸਤ ਵਿਚ ਭੇਜਿਆ ਗਿਆ ਹੈ।
____________________________________________
ਸਭ ਤੋਂ ਵੱਧ ਬੱਸਾਂ ਬਾਦਲ ਪਰਿਵਾਰ ਦੀਆਂ
ਚੰਡੀਗੜ੍ਹ: ਪੰਜਾਬ ਦੀ ਪ੍ਰਾਈਵੇਟ ਟਰਾਂਸਪੋਰਟ ਵਿਚ ਸਭ ਤੋਂ ਵੱਧ ਬਾਦਲ ਪਰਿਵਾਰ ਦੀਆਂ ਬੱਸਾਂ ਹਨ। ਹਾਈਕੋਰਟ ਨੂੰ ਦਿੱਤੀ ਰਿਪੋਰਟ ਮੁਤਾਬਕ ਔਰਬਿੱਟ ਏਵੀਏਸ਼ਨ ਦੀਆਂ 62 ਤੇ ਡੱਬਵਾਲੀ ਟਰਾਂਸਪੋਰਟ ਦੀਆਂ 64 ਬੱਸਾਂ ਹਨ। ਇਸ ਤੋਂ ਇਲਾਵਾ ਇੰਡੋ ਕੈਨੇਡੀਅਨ ਤੇ ਤਾਜ ਟਰੈਵਲ ਦੀਆਂ ਬੱਸਾਂ ਦੀ ਗਿਣਤੀ ਵੀ ਸੈਂਕੜਿਆਂ ਵਿਚ ਹੈ।ਬਾਦਲ ਪਰਿਵਾਰ ਦੀਆਂ ਇਹ ਬੱਸਾਂ ਪੰਜਾਬ ਦੇ ਸਭ ਤੋਂ ਅਹਿਮ ਰੂਟਾਂ ਉਤੇ ਚੱਲਦੀਆਂ ਹਨ ਜਿਸ ਕਰਕੇ ਹੋਰ ਟਰਾਂਸਪੋਰਟ ਇਨ੍ਹਾਂ ਤੋਂ ਕਮਾਈ ਦੇ ਮਾਮਲੇ ਵਿਚ ਬਹੁਤ ਪਿੱਛੇ ਹਨ। ਇਸ ਦੇ ਨਾਲ ਹੀ ਹੋਰ ਨਿੱਜੀ ਕੰਪਨੀਆਂ ਜੁਝਾਰ ਕੰਨਸਟਰੱਕਸ਼ਨ ਦੀਆਂ 51 ਬੱਸਾਂ, ਜੁਝਾਰ ਪੈਸੰਜ਼ਰ ਬੱਸ ਸਰਵਿਸ 32, ਕਰਤਾਰ ਬੱਸ ਸਰਵਿਸ 66, ਕਰਤਾਰ ਬੱਸ ਸਰਵਿਸ 65, ਕਰਤਾਰ ਟੂਰਿਸਟ ਬੱਸ ਸਰਵਿਸ 9 ਆਦਿ ਕਈ ਟਰਾਂਸਪੋਟਰਾਂ ਕੋਲ ਅਜਿਹੀ ਹੀ ਬੱਸਾਂ ਦੀ ਗਿਣਤੀ ਹੈ।
_____________________________________________
ਪੰਜਾਬ ਵਿਚ ਬੱਸਾਂ
ਲਿਬੜਾ ਬੱਸ ਸਰਵਿਸ-68
ਕਰਤਾਰ ਬੱਸ ਸਰਵਿਸ-65
ਡੱਬਵਾਲੀ ਟਰਾਂਸਪੋਰਟ ਕੰਪਨੀ-64
ਔਰਬਿਟ ਐਵੀਏਸ਼ਨ-62
ਰਾਜ ਟਰਾਂਸਪੋਰਟ ਕੰਪਨੀ ਅੰਮ੍ਰਿਤਸਰ-59
ਨਿਊ ਦੀਪ ਬੱਸ ਸਰਵਿਸ-55
ਜੁਝਾਰ ਕੰਸਟਰਕਸ਼ਨਜ਼-51
ਰੋਹਤਕ ਟਰਾਂਸਪੋਰਟ ਕੰਪਨੀ ਅੰਮ੍ਰਿਤਸਰ-42
ਜੁਝਾਰ ਪਸੈਂਜਰ ਬੱਸ ਸਰਵਿਸ-32
ਪ੍ਰੀਤਮ ਬੱਸ ਸਰਵਿਸ ਲੁਧਿਆਣਾ-22
ਰਾਜਦੀਪ ਬੱਸ ਸਰਵਿਸ-14
ਲਿਬੜਾ ਮੋਟਰਜ਼-14
ਕਰਤਾਰ ਟੂਰਿਸਟ ਬੱਸ ਸਰਵਿਸ-9
ਲਿਬੜਾ ਐਕਸਪ੍ਰੈਸ-4
ਪੀæਆਰæਟੀæਸੀæ/ਪਨਬਸ/ਪੰਜਾਬ ਰੋਡਵੇਜ਼-2508