‘ਬਿਜਲੀ ਸਰਪਲੱਸ ਪੰਜਾਬ’ ਦਾ ਦਾਅਵਾ ਪਹਿਲੇ ਹੱਲੇ ਹੀ ਹਵਾ

ਚੰਡੀਗੜ੍ਹ: ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਪੰਜਾਬ ਨੂੰ ਬਿਜਲੀ ਪੱਖੋਂ ਸਰਪਲੱਸ ਸੂਬਾ ਬਣਾਉਣ ਦਾ ਦਾਅਵਾ ਹੁਣ ਲੋਕਾਂ ਨੂੰ ਮਜ਼ਾਕ ਲੱਗਣ ਲੱਗਾ ਹੈ। ਪਿਛਲੇ ਕੁਝ ਦਿਨਾਂ ਤੋਂ ਗਰਮੀ ਵਧਣ ਨਾਲ ਸੂਬੇ ਵਿਚ ਬਿਜਲੀ ਦਾ ਸੰਕਟ ਵੀ ਵਧਣਾ ਸ਼ੁਰੂ ਹੋ ਗਿਆ ਹੈ। ਰੋਜ਼ਾਨਾ 10 ਤੋਂ 12 ਘੰਟੇ ਤੱਕ ਲੱਗ ਰਹੇ ਲੰਮੇ ਕੱਟਾਂ ਨੇ ਜਿਥੇ ਸਰਕਾਰ ਤੇ ਪਾਵਰਕੌਮ ਦੇ ਵਾਧੂ ਬਿਜਲੀ ਹੋਣ ਬਾਰੇ ਕੀਤੇ ਜਾ ਰਹੇ ਦਾਅਵਿਆਂ ਦਾ ਪਾਜ ਉਘਾੜ ਕੇ ਰੱਖ ਦਿੱਤਾ ਹੈ, ਉਥੇ ਲੋਕਾਂ ਦੀਆਂ ਸਮੱਸਿਆਵਾਂ ਵੀ ਵਧਾ ਦਿੱਤੀਆਂ ਹਨ।

ਪਾਵਰਕੌਮ ਦੇ ਅਧਿਕਾਰੀਆਂ ਅਨੁਸਾਰ ਇਸ ਵੇਲੇ ਸੂਬੇ ਵਿਚ ਬਿਜਲੀ ਦੀ ਰੋਜ਼ਾਨਾ ਮੰਗ 1450 ਲੱਖ ਯੂਨਿਟ ਤੱਕ ਚਲੀ ਗਈ ਹੈ ਪਰ ਪਾਵਰਕੌਮ ਕੋਲ ਸਿਰਫ ਪ੍ਰਤੀ ਦਿਨ 1325 ਲੱਖ ਯੂਨਿਟ ਬਿਜਲੀ ਹੀ ਉਪਲਬਧ ਹੈ ਜਿਸ ਕਰਕੇ ਬਿਜਲੀ ਕੱਟ ਲਗਾਉਣੇ ਪੈ ਰਹੇ ਹਨ। ਸਰਕਾਰੀ ਖੇਤਰ ਦੇ ਤਿੰਨ ਥਰਮਲ ਪਲਾਂਟ ਇਸ ਸਮੇਂ 1600 ਮੈਗਾਵਾਟ ਬਿਜਲੀ ਉਤਪਾਦਨ ਕਰ ਰਹੇ ਹਨ ਜਦਕਿ ਇਸ ਦੇ ਹਾਈਡਲ ਪ੍ਰਾਜੈਕਟਾਂ ਤੋਂ 500 ਮੈਗਾਵਾਟ ਬਿਜਲੀ ਪ੍ਰਾਪਤ ਹੋ ਰਹੀ ਹੈ। ਇਸ ਤੋਂ ਇਲਾਵਾ ਪਾਵਰਕੌਮ ਨੂੰ 4500 ਮੈਗਾਵਾਟ ਬਿਜਲੀ ਲੰਮੇ ਸਮੇਂ ਦੇ ਸਮਝੌਤਿਆਂ ਰਾਹੀਂ ਵੀ ਪ੍ਰਾਪਤ ਹੋ ਰਹੀ ਹੈ ਤੇ ਪ੍ਰਤੀ ਦਿਨ 215 ਲੱਖ ਯੂਨਿਟ ਬਿਜਲੀ ਆਦਾਨ-ਪ੍ਰਦਾਨ ਸਕੀਮ ਤਹਿਤ ਖ਼ਰੀਦੀ ਜਾ ਰਹੀ ਹੈ।
ਮੰਗ ਤੋਂ ਘੱਟ ਬਿਜਲੀ ਉਪਲਬਧ ਹੋਣ ਦਾ ਕਾਰਨ ਸਰਕਾਰੀ ਖੇਤਰ ਦੇ ਥਰਮਲ ਪਲਾਂਟਾਂ ਦੇ 14 ਵਿਚੋਂ ਛੇ ਯੂਨਿਟ ਤਕਨੀਕੀ ਕਾਰਨਾਂ ਕਰਕੇ ਬੰਦ ਹੋਣਾ ਤੇ ਚਾਰ ਨੂੰ ਬੰਦ ਰੱਖਿਆ ਜਾਣਾ ਹੈ। ਨਿੱਜੀ ਖੇਤਰ ਵਿਚ ਲੱਗੇ ਰਾਜਪੁਰਾ ਤੇ ਤਲਵੰਡੀ ਸਾਬੋ ਦੇ ਥਰਮਲ ਪਲਾਂਟ ਵੀ ਤਕਨੀਕੀ ਕਾਰਨਾਂ ਕਰਕੇ ਤੈਅ ਸਮਰੱਥਾ ਅਨੁਸਾਰ ਬਿਜਲੀ ਪੈਦਾ ਨਹੀਂ ਕਰ ਰਹੇ। ਗੋਇੰਦਵਾਲ ਸਾਹਿਬ ਥਰਮਲ ਪਲਾਂਟ ਲਈ ਕੋਲਾ ਸਪਲਾਈ ਲਾਈਨ ਨਾ ਹੋਣ ਕਰਕੇ ਇਸ ਦੇ ਚੱਲਣ ਉਤੇ ਹਾਲੇ ਤਕ ਪ੍ਰਸ਼ਨ ਚਿੰਨ੍ਹ ਲੱਗਿਆ ਹੋਇਆ ਹੈ।
ਪਾਵਰਕੌਮ ਕੋਲ ਬਿਜਲੀ ਦੀ ਉਪਲਬਧਤਾ ਤੇ ਮੰਗ ਵਿਚ ਭਾਰੀ ਫ਼ਰਕ ਹੋਣ ਦੇ ਮੱਦੇਨਜ਼ਰ ਭਵਿੱਖ ਵਿਚ ਸੂਬੇ ਦੇ ਲੋਕਾਂ ਨੂੰ ਹੋਰ ਵੀ ਵੱਡੇ ਤੇ ਅਣਐਲਾਨੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸ਼ਹਿਰਾਂ ਦੇ ਮੁਕਾਬਲੇ ਪੇਂਡੂ ਲੋਕ ਇਸ ਸਥਿਤੀ ਦਾ ਵੱਧ ਸ਼ਿਕਾਰ ਹੁੰਦੇ ਹਨ ਜਦਕਿ ਬਿਲ ਉਨ੍ਹਾਂ ਨੂੰ ਸ਼ਹਿਰੀ ਲੋਕਾਂ ਦੇ ਬਰਾਬਰ ਰੇਟ ‘ਤੇ ਹੀ ਭਰਨੇ ਪੈਂਦੇ ਹਨ।
ਕੁਝ ਸਾਲ ਪਹਿਲਾਂ ਇਸ ਵਿਤਕਰੇ ਬਾਰੇ ਉਠਾਈ ਆਵਾਜ਼ ਤੋਂ ਬਾਅਦ ਤਤਕਾਲੀ ਰਾਸ਼ਟਰਪਤੀ ਅਬਦੁਲ ਕਲਾਮ ਦੇ ਦਖ਼ਲ ਨਾਲ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਪੇਂਡੂ ਖੇਤਰਾਂ ਦੀਆਂ ਬਿਜਲੀ ਦਰਾਂ ਵਿਚ 10 ਫੀਸਦੀ ਕਟੌਤੀ ਕੀਤੀ ਸੀ ਪਰ ਪਾਵਰਕੌਮ ਨੇ ਇਸ ਨੂੰ ਹਮੇਸ਼ਾ ਲਈ ਦਿਸ਼ਾ-ਨਿਰਦੇਸ਼ ਸਮਝਣ ਦੀ ਥਾਂ ਪੇਂਡੂ ਤੇ ਸ਼ਹਿਰੀ ਇਲਾਕਿਆਂ ਦੀਆਂ ਬਿਜਲੀ ਦਰਾਂ ਬਰਾਬਰ ਰੱਖੀਆਂ ਹੋਈਆਂ ਹਨ। ਇਸ ਤਰ੍ਹਾਂ ਪੇਂਡੂ ਲੋਕਾਂ ਨੂੰ ਪਾਵਰਕੌਮ ਹੱਥੋਂ ਤੀਹਰੀ ਮਾਰ ਪੈ ਰਹੀ ਹੈ। ਪੰਜਾਬ ਵਿਚ ਬਿਜਲੀ ਦੀ ਮੰਗ ਤੇ ਉਪਲਬਧਤਾ ਵਿਚ ਭਾਰੀ ਅੰਤਰ ਜੱਗ ਜ਼ਾਹਿਰ ਹੈ ਪਰ ਅਫ਼ਸੋਸ ਕਿ ਸਰਕਾਰ ਤੇ ਪਾਵਰਕੌਮ ਬਿਜਲੀ ਵਾਧੂ ਹੋਣ ਦੇ ਝੂਠੇ ਦਾਅਵੇ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ।
____________________________________________
ਸੁਖਬੀਰ ਬਾਦਲ ਬਿਜਲੀ ਵੇਚਣ ਦੀ ਤਿਆਰੀ ਵਿਚ!
ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਲੰਘੇ ਵੀਰਵਾਰ ਫੈਡਰੇਸ਼ਨ ਆਫ਼ ਇੰਡੀਅਨ ਚੈਂਬਰਜ਼ ਆਫ਼ ਕਾਮਰਸ ਐਂਡ ਇੰਡਸਟਰੀਜ਼ (ਫਿੱਕੀ) ਦੀ ਚੰਡੀਗੜ੍ਹ ਹੋਈ ਮੀਟਿੰਗ ਦੌਰਾਨ ਪੰਜਾਬ ਵਿਚ ਵਾਧੂ ਬਿਜਲੀ ਹੋਣ ਦਾ ਰਾਗ ਅਲਾਪਣੋਂ ਨਹੀਂ ਖੁੰਝੇ। ਇੰਨਾ ਹੀ ਨਹੀਂ, ਉਨ੍ਹਾਂ ਇਹ ਵੀ ਖ਼ੁਲਾਸਾ ਕੀਤਾ ਕਿ ਸੂਬਾ ਸਰਕਾਰ ਨੇ ਵਾਧੂ ਬਿਜਲੀ ਵੇਚਣ ਲਈ ਇਕ ਕਮੇਟੀ ਵੀ ਬਣਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਉਪ ਮੁੱਖ ਮੰਤਰੀ ਦੇ ਇਸ ਬਿਆਨ ਤੋਂ ਇਕ ਦਿਨ ਪਹਿਲਾਂ ਹੀ ਪਾਵਰਕੌਮ ਨੇ ਬਿਜਲੀ ਖ਼ਰੀਦਣ ਲਈ ਟੈਂਡਰ ਜਾਰੀ ਕੀਤੇ ਸਨ। ਸਰਕਾਰ ਵਲੋਂ ਪੰਜਾਬ ਦੇ ਵਾਧੂ ਬਿਜਲੀ ਵਾਲਾ ਸੂਬਾ ਹੋਣ ਦੇ ਝੂਠ ਦਾ ਸੱਚ ਹਫ਼ਤਾ ਪਹਿਲਾਂ ਪਾਵਰਕੌਮ ਵਲੋਂ ਬਿਜਲੀ ਰੈਗੂਲੇਟਰੀ ਕਮਿਸ਼ਨ ਤੋਂ 35000 ਲੱਖ ਯੂਨਿਟ ਬਿਜਲੀ ਬਾਹਰੋਂ ਖ਼ਰੀਦਣ ਦੀ ਆਗਿਆ ਲੈਣ ਤੋਂ ਵੀ ਸਾਹਮਣੇ ਆ ਗਿਆ ਸੀ।