ਪੰਜਾਬ ਵਿਚ ਹਾਲੇ ਵੀ ਰੇਤਾ ਵਿਕਦਾ ਹੈ ਸੋਨੇ ਦੇ ਭਾਅ

ਮਾਛੀਵਾੜਾ: ਅਕਾਲੀ-ਭਾਜਪਾ ਸਰਕਾਰ ਭਾਵੇਂ ਪੰਜਾਬ ਵਿਚ ਰੇਤੇ ਦੇ ਭਾਅ ਵਿਚ ਗਿਰਾਵਟ ਦੇ ਦਾਅਵੇ ਕਰ ਰਹੀ ਹੈ ਪਰ ਅਸਲ ਵਿਚ ਸੂਬੇ ਵਿਚ ਹਾਲੇ ਵੀ ਰੇਤਾ ਸੋਨੇ ਦੇ ਭਾਅ ਵਿਕ ਰਿਹਾ ਹੈ। ਪੰਜਾਬ ਵਿਚ ਜ਼ਿਆਦਾਤਰ ਥਾਂਵਾਂ ਉਤੇ ਰੇਤੇ ਦੇ ਭਾਅ 1800 ਤੋਂ 2300 ਰੁਪਏ ਪ੍ਰਤੀ ਕਿਊਬਿਕ ਫੁੱਟ ਹਨ।

ਪੰਜਾਬ ਵਿਚ ਟੀਮ ਇਨਸਾਫ਼ ਦੇ ਆਗੂਆਂ ਤੇ ਲੁਧਿਆਣੇ ਤੋਂ ਵਿਧਾਇਕ ਸਿਮਰਜੀਤ ਸਿੰਘ ਤੇ ਬਲਵਿੰਦਰ ਸਿੰਘ ਬੈਂਸ ਵਲੋਂ ਰੇਤਾ-ਬਜਰੀ ਦੀ ਗ਼ੈਰਕਾਨੂੰਨੀ ਖੁਦਾਈ ਵਿਰੁਧ 17 ਅਪਰੈਲ ਤੋਂ ਸੱਤਿਆਗ੍ਰਹਿ ਸ਼ੁਰੂ ਕੀਤਾ ਹੋਇਆ ਹੈ। 2012 ਦੀਆਂ ਵਿਧਾਨ ਸਭਾ ਤੇ ਪਿਛਲੇ ਸਾਲ ਹੋਈਆਂ ਲੋਕ ਸਭਾ ਚੋਣਾਂ ਮੌਕੇ ਨਸ਼ਿਆਂ ਦੇ ਕਾਰੋਬਾਰ ਦੇ ਨਾਲ-ਨਾਲ ਰੇਤਾ-ਬਜਰੀ ਦੀਆਂ ਕੀਮਤਾਂ ਅਸਮਾਨੀ ਚੜ੍ਹਨ ਦਾ ਮੁੱਦਾ ਹਾਕਮ ਧਿਰ ਲਈ ਸਿਰਦਰਦੀ ਦਾ ਕਾਰਨ ਬਣਿਆ ਸੀ।
ਲੋਕ ਸਭਾ ਚੋਣਾਂ ਵਿਚ ਸੱਤਾਧਾਰੀ ਧਿਰ ਨੂੰ ਹੋਈ ਨਮੋਸ਼ੀਜਨਕ ਹਾਰ ਤੋਂ ਬਾਅਦ ਅਕਾਲੀ-ਭਾਜਪਾ ਸਰਕਾਰ ਨੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਲਿਆ ਸੀ ਪਰ ਇਸ ਕਾਰੋਬਾਰ ਨੂੰ ਗ਼ੈਰਕਾਨੂੰਨੀ ਢੰਗ ਨਾਲ ਚਲਾਉਣ ਵਾਲੇ ਸਬੰਧਤ ਲੋਕਾਂ ਉਪਰ ਰਸੂਖ਼ਵਾਨਾਂ ਦੀ ਮਿਹਰ ਕਰਕੇ ‘ਪਰਨਾਲਾ ਜਿਉਂ ਦੀ ਤਿਉਂ’ ਹੈ। ਸਰਕਾਰ ਵਲੋਂ ਪਿਛਲੇ ਸਾਲ ਅਕਤੂਬਰ ਵਿਚ ਨਵੀਂ ਮਾਈਨਿੰਗ ਨੀਤੀ ਐਲਾਨਣ ਵੇਲੇ ਲੋਕਾਂ ਨੂੰ 800 ਰੁਪਏ ਪ੍ਰਤੀ ਕਿਊਬਿਕ ਫੁੱਟ ਰੇਤਾ ਦੇਣ ਦੇ ਦਾਅਵੇ ਹਵਾ ਹੋ ਚੁੱਕੇ ਹਨ ਤੇ ਸੂਬੇ ਵਿਚ ਹਾਲੇ ਵੀ ਰੇਤੇ ਦੇ ਭਾਅ 1800 ਤੋਂ 2300 ਰੁਪਏ ਪ੍ਰਤੀ ਕਿਊਬਿਕ ਫੁੱਟ ਹਨ। ਬਜਰੀ ਦੇ ਭਾਅ ਵਿਚ ਵੀ ਕੋਈ ਗਿਰਾਵਟ ਨਹੀਂ ਆਈ। ਰਸੂਖ਼ਵਾਨ ਕਾਰੋਬਾਰੀਆਂ ਨੇ ਸਰਕਾਰ ਵਲੋਂ ਪੰਜਾਬ ਸਟੇਟ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਤੇ ਪੰਜਾਬ ਮੰਡੀ ਬੋਰਡ ਰਾਹੀਂ ਲੋਕਾਂ ਨੂੰ ਸਸਤਾ ਰੇਤਾ-ਬਜਰੀ ਦੇਣ ਦੇ ਯਤਨ ਵੀ ਸਫ਼ਲ ਨਹੀਂ ਹੋਣ ਦਿੱਤੇ। ਰੇਤਾ-ਬਜਰੀ ਮਾਫ਼ੀਆ ਇਸ ਦੇ ਭਾਅ ਘਟਾਉਣ ਵਿਚ ਵੱਡੀ ਰੁਕਾਵਟ ਬਣਿਆ ਹੋਇਆ ਹੈ ਤੇ ਇਸ ਮਾਫ਼ੀਏ ਨੂੰ ਹਾਕਮ ਧਿਰ ਦੇ ਇਕ ਵਰਗ ਦੀ ਸਰਪ੍ਰਸਤੀ ਹਾਸਲ ਹੈ।
ਇਕ ਜਾਣਕਾਰੀ ਮੁਤਾਬਕ ਇਸ ਕਾਰੋਬਾਰ ਉਤੇ ਕਾਬਜ਼ ਮਾਫ਼ੀਆ, ਸਿਆਸੀ ਸਰਪ੍ਰਸਤੀ ਦੇ ਬਲਬੂਤੇ ਰੋਜ਼ਾਨਾ 90 ਤੋਂ 95 ਕਰੋੜ ਰੁਪਏ ਦਾ ਚੂਨਾ ਪੰਜਾਬ ਦੇ ਆਮ ਲੋਕਾਂ ਨੂੰ ਲਾ ਰਿਹਾ ਹੈ। ਇਨ੍ਹਾਂ ਕਾਰੋਬਾਰੀਆਂ ਦੇ ਰੋਪੜ, ਨਵਾਂ ਸ਼ਹਿਰ, ਅਨੰਦਪੁਰ ਸਾਹਿਬ ਤੇ ਹੁਸ਼ਿਆਰਪੁਰ ਵਿਚ 500 ਤੋਂ ਵੱਧ ਸਟੋਨ ਕਰੱਸ਼ਰ ਹਨ ਜਿਨ੍ਹਾਂ ਰਾਹੀਂ ਰੋਜ਼ਾਨਾ ਤਕਰੀਬਨ 50 ਕਰੋੜ ਰੁਪਏ ਖ਼ਪਤਕਾਰਾਂ ਦੀਆਂ ਜੇਬਾਂ ਵਿਚੋਂ ਨਾਜਾਇਜ਼ ਕੱਢੇ ਜਾਣ ਦਾ ਅੰਦਾਜ਼ਾ ਹੈ। ਰੇਤਾ-ਬਜਰੀ ਰਾਹੀਂ ਆਮ ਲੋਕਾਂ ਦੀ ਕੀਤੀ ਜਾ ਰਹੀ ਲੁੱਟ ਤੋਂ ਇਲਾਵਾ ਇਹ ਮਾਫ਼ੀਆ ਸਰਕਾਰੀ ਖ਼ਜ਼ਾਨੇ ਨੂੰ ਵੀ ਭਾਰੀ ਨੁਕਸਾਨ ਪਹੁੰਚਾ ਰਿਹਾ ਹੈ ਤੇ ਨਾਲ ਹੀ ਸੂਬੇ ਦੇ ਵਾਤਾਵਰਨ ਸੰਤੁਲਨ ਨੂੰ ਵਿਗਾੜਨ ਵਿਚ ਵੀ ਕਸਰ ਬਾਕੀ ਨਹੀਂ ਛੱਡ ਰਿਹਾ।
ਦਿਲਚਸਪ ਗੱਲ ਇਹ ਹੈ ਕਿ ਇਹ ਮਾਫ਼ੀਆ ਹੀ ਇਸ ਮੌਕੇ ਸੂਬੇ ਦੇ ਸਮੁੱਚੇ ਰੇਤਾ-ਬਜਰੀ ਕਾਰੋਬਾਰ ਉਤੇ ਕਾਬਜ਼ ਹੈ ਤੇ ਉਹ ਹੀ ਇਸ ਦੇ ਭਾਅ ਨਿਸ਼ਚਿਤ ਕਰ ਰਿਹਾ ਹੈ ਜਿਸ ਕਰਕੇ ਸੂਬੇ ਵਿਚ ਰੇਤਾ-ਬਜਰੀ ਦੇ ਭਾਅ ਘਟਣ ਦਾ ਨਾਂ ਨਹੀਂ ਲੈ ਰਹੇ। ਇਹ ਮਾਫ਼ੀਆ ਸਰਕਾਰ ਵਲੋਂ ਉਨ੍ਹਾਂ ਨੂੰ ਅਲਾਟ ਕੀਤੀਆਂ ਖੱਡਾਂ ਦੇ ਰਕਬੇ ਤੋਂ ਨਾ ਸਿਰਫ ਕਈ ਗੁਣਾਂ ਵੱਧ ਜ਼ਮੀਨ ਵਿਚੋਂ ਖੁਦਾਈ ਕਰ ਰਿਹਾ ਹੈ ਬਲਕਿ ਖੁਦਾਈ ਲਈ ਨਿਸ਼ਚਿਤ ਕੀਤੇ ਗਈ ਸਮਾਂ ਸੀਮਾ ਤੋਂ ਵੱਧ ਸਮੇਂ ਤੇ ਨਿਸ਼ਚਿਤ ਡੂੰਘਾਈ ਤੋਂ ਵੀ ਵੱਧ ਜ਼ਮੀਨ ਦੀ ਖੁਦਾਈ ਕਰ ਰਿਹਾ ਹੈ। ਉਨ੍ਹਾਂ ਵਲੋਂ ਇਸ ਕਾਰਜ ਲਈ ਵੱਡੀਆਂ ਮਸ਼ੀਨਾਂ ਵਰਤੀਆਂ ਜਾ ਰਹੀਆਂ ਹਨ ਜਿਨ੍ਹਾਂ ਦੇ ਇਸ ਕਾਰਜ ਲਈ ਵਰਤਣ ਦੀ ਸਰਕਾਰ ਵਲੋਂ ਮਨਾਹੀ ਕੀਤੀ ਹੋਈ ਹੈ।
____________________________________
ਬੈਂਸ ਭਰਾ ਨਿਆਇਕ ਹਿਰਾਸਤ ਵਿਚ
ਬਲਾਚੌਰ: ਰੇਤ ਮਾਫੀਆ ਨਾਲ ਮੱਥਾ ਲਾਉਣ ਵਾਲੇ ਲੁਧਿਆਣਾ ਤੋਂ ਵਿਧਾਇਕ ਬੈਂਸ ਭਰਾਵਾਂ ਸਮੇਤ ਟੀਮ ਇਨਸਾਫ ਦੇ 31 ਮੈਂਬਰਾਂ ਨੂੰ ਅਦਾਲਤ ਨੇ 14 ਦਿਨ ਲਈ ਕੇਂਦਰੀ ਜੇਲ੍ਹ ਲੁਧਿਆਣਾ ਵਿਚ ਨਿਆਇਕ ਹਿਰਾਸਤ ਵਿਚ ਰੱਖਣ ਦੇ ਹੁਕਮ ਜਾਰੀ ਕਰ ਦਿੱਤੇ। ਅਦਾਲਤ ਤੋਂ ਬਾਹਰ ਆਉਂਦੇ ਸਮੇਂ ਬੈਂਸ ਭਰਾਵਾਂ ਨੇ ‘ਰੇਤ ਮਾਫੀਆ ਮੁਰਦਾਬਾਦ, ਇਨਕਲਾਬ ਜ਼ਿੰਦਾਬਾਦ ਤੇ ਭਾਰਤ ਮਾਤਾ ਦੀ ਜੈ’ ਦੇ ਨਾਅਰੇ ਲਗਾਏ। ਇਸ ਮੌਕੇ ਬੈਂਸ ਭਰਾਵਾਂ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਰੇਤ ਮਾਫੀਆ ਤੇ ਟਰਾਂਸਪੋਰਟਰ, ਡਰੱਗ ਮਾਫੀਆ ਵਿਰੁਧ ਹੈ। ਟੀਮ ਇਨਸਾਫ ਪੂਰੇ ਪੰਜਾਬ ਦੇ 14 ਜ਼ਿਲ੍ਹਿਆਂ ਵਿਚ ਰੇਤ ਮਾਫੀਆ ਵਿਰੁਧ ਜੰਗ ਸ਼ੁਰੂ ਕਰੇਗੀ ਤੇ ਅਜੇ ਸਿਰਫ ਦੋ ਜ਼ਿਲ੍ਹਿਆਂ ਲੁਧਿਆਣਾ ਤੇ ਰੂਪਨਗਰ ਵਿਚ ਹੀ ਇਸ ਦੀ ਸ਼ੁਰੂਆਤ ਹੋਈ ਹੈ।
______________________________________
‘ਆਪ’ ਦੀ ਸਰਕਾਰ ਬਣੀ ਤਾਂ ਰੇਤਾ ਮੁਫ਼ਤ ਦੇਵਾਂਗੇ: ਮਾਨ
ਪਠਾਨਕੋਟ: ਆਮ ਆਦਮੀ ਪਾਰਟੀ ਦੇ ਸੰਗਰੂਰ ਲੋਕ ਸਭਾ ਹਲਕੇ ਤੋਂ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ ਕੇਬਲ, ਟਰਾਂਸਪੋਰਟ ਤੇ ਰੇਤ ਮਾਫੀਆ ਦਾ ਰਾਜ ਹੈ। ਉਨ੍ਹਾਂ ਕਿਹਾ ਕਿ 2017 ਦੀ ਚੋਣਾਂ ਬਾਅਦ ਜਦ ਸਾਡੀ ਸਰਕਾਰ ਬਣੇਗੀ ਤਾਂ ਪੰਜਾਬ ਦੇ ਲੋਕਾਂ ਨੂੰ ਰੇਤ ਮੁਫ਼ਤ ਦਿੱਤੀ ਜਾਵੇਗੀ। ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਨੇ ਕਿਹਾ ਕਿ ਦੇਸ਼ ਅੰਦਰ ਸਭ ਰਵਾਇਤੀ ਪਾਰਟੀਆਂ ਅੰਦਰ ਪਰਿਵਾਰਵਾਦ ਦਾ ਹੀ ਰਾਜ ਚੱਲਦਾ ਆ ਰਿਹਾ ਹੈ ਤੇ ਪੰਜਾਬ ਅੰਦਰ ਵੀ ਬਾਦਲ ਪਰਿਵਾਰ ਹੀ ਰਾਜ ਕਰ ਰਿਹਾ ਹੈ। ਆਮ ਆਦਮੀ ਪਾਰਟੀ ਇਕ ਐਸੀ ਪਾਰਟੀ ਹੈ ਜਿਸ ਵਿਚ ਹਰ ਕੋਈ ਵਿਧਾਇਕ ਬਣ ਸਕਦਾ ਹੈ।