ਹਵਾਈ ਝੂਟਿਆਂ ਨੇ ਉੜਾਇਆ ਪੰਜਾਬ ਦਾ ਖਜ਼ਾਨਾ

ਬਠਿੰਡਾ: ਪੰਜਾਬ ਸਰਕਾਰ ਨੇ ਲੰਘੇ ਇਕ ਵਰ੍ਹੇ ਦੌਰਾਨ ਬਿਨਾਂ ਕਿਸੇ ਟੈਂਡਰ ਤੋਂ ਹੈਲੀਕਾਪਟਰ ਕਿਰਾਏ ‘ਤੇ ਲਿਆ ਜਿਸ ਦਾ ਮੂੰਹੋਂ ਮੰਗਿਆ ਕਿਰਾਇਆ ਤਾਰਿਆ ਗਿਆ। ਹੈਲੀਕਾਪਟਰ ਕਿਰਾਏ ਉਤੇ ਦੇਣ ਵਾਲੀ ਕੰਪਨੀ ਪੰਜਾਬ ਸਰਕਾਰ ਦੇ ਪੈਨਲ ਉਤੇ ਵੀ ਨਹੀਂ ਹੈ। ਹੁਣ ਆਡਿਟ ਮਹਿਕਮੇ ਨੇ ਵੀ ਇਤਰਾਜ਼ ਲਗਾ ਦਿੱਤੇ ਹਨ।

ਇਵੇਂ ਹੀ ਹੈਲੀਕਾਪਟਰ ਦੀ ਸੰਭਾਲ ਤੇ ਮੁਰੰਮਤ ਦਾ ਕੰਮ ਵੀ ਬਿਨਾਂ ਟੈਂਡਰਾਂ ਤੇ ਕੁਟੇਸ਼ਨਾਂ ਤੋਂ ਹੀ ਕਰਾ ਲਿਆ ਹੈ ਜਿਸ ਉਤੇ ਵੀ ਉਂਗਲ ਉਠਾਈ ਗਈ ਹੈ।
ਸ਼ਹਿਰੀ ਹਵਾਬਾਜ਼ੀ ਵਿਭਾਗ ਪੰਜਾਬ ਤੋਂ ਆਰæਟੀæਆਈæ ਤਹਿਤ ਮਿਲੇ ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਨੇ ਰੋਜ਼ਾਨਾ ਦੀ ਲੋੜ ਦੇ ਹਿਸਾਬ ਨਾਲ ਨਵੰਬਰ 2013 ਤੋਂ ਸਤੰਬਰ 2014 ਤੱਕ ਪ੍ਰਾਈਵੇਟ ਹਵਾਈ ਕੰਪਨੀਆਂ ਤੋਂ ਭਾੜੇ ਉਤੇ ਹੈਲੀਕਾਪਟਰ ਲਿਆ ਸੀ ਜਿਸ ਦਾ ਤਕਰੀਬਨ ਇਕ ਵਰ੍ਹੇ ਦਾ ਕਿਰਾਇਆ ਖਜ਼ਾਨੇ ਵਿਚੋਂ 6æ64 ਕਰੋੜ ਰੁਪਏ ਤਾਰਿਆ ਗਿਆ। ਪੰਜਾਬ ਸਰਕਾਰ ਨੇ ਇਨ੍ਹਾਂ ਹੈਲੀਕਾਪਟਰਾਂ ਦਾ ਪ੍ਰਤੀ ਘੰਟਾ ਦੇ ਹਿਸਾਬ ਨਾਲ ਉਹੀ ਕਿਰਾਇਆ ਤਾਰਿਆ ਜੋ ਇਨ੍ਹਾਂ ਕੰਪਨੀਆਂ ਨੇ ਮੰਗਿਆ। ਆਡਿਟ ਇਤਰਾਜ਼ ਵਿਚ ਇਸ ਨੂੰ ਪੰਜਾਬ ਵਿੱਤੀ ਰੂਲਜ਼ ਦੀ ਉਲੰਘਣਾ ਦੱਸਿਆ ਹੈ। ਸੂਤਰ ਆਖਦੇ ਹਨ ਕਿ ਟੈਂਡਰ ਆਦਿ ਉਤੇ ਭਾੜੇ ਵਿਚ ਕਾਫੀ ਕਟੌਤੀ ਹੋ ਜਾਣੀ ਸੀ।
ਪੰਜਾਬ ਸਰਕਾਰ ਨੇ ਹਾਲੇ ਥੋੜ੍ਹਾ ਸਮਾਂ ਪਹਿਲਾਂ ਹੀ ਆਪਣਾ ਸਰਕਾਰੀ ਹੈਲੀਕਾਪਟਰ ਖਰੀਦਿਆ ਹੈ ਪਰ ਇਕ ਹੈਲੀਕਾਪਟਰ ਨਾਲ ਵੀ ਹਾਲੇ ਸਰਕਾਰ ਦਾ ਸਰਦਾ ਨਹੀਂ ਹੈ। ਤਾਹੀਓਂ ਮੌਕੇ ਉਤੇ ਹੀ ਹੈਲੀਕਾਪਟਰ ਮੰਗਵਾਇਆ ਜਾਂਦਾ ਹੈ ਜਿਸ ਦਾ ਭਾੜਾ ਵੀ ਵੱਧ ਦੇਣਾ ਪੈਂਦਾ ਹੈ। ਪਤਾ ਲੱਗਾ ਹੈ ਕਿ ਜਦੋਂ ਇਕ ਦਿਨ ਵਿਚ ਦੋ-ਦੋ ਵੀæਆਈæਪੀਜ਼æ ਨੇ ਵੱਖ-ਵੱਖ ਥਾਂਵਾਂ ਉਤੇ ਜਾਣਾ ਹੁੰਦਾ ਹੈ ਤਾਂ ਮੌਕੇ ‘ਤੇ ਹੀ ਸਰਕਾਰ ਹੈਲੀਕਾਪਟਰ ਦਾ ਪ੍ਰਬੰਧ ਕਰਦੀ ਹੈ।
ਪੰਜਾਬ ਸਰਕਾਰ ਦਾ ਹੈਲੀਕਾਪਟਰ ਖਰਚ ਪਿਛਲੇ ਕਈ ਵਰ੍ਹਿਆਂ ਤੋਂ ਲਗਾਤਾਰ ਵਧ ਰਿਹਾ ਹੈ। ਪੰਜਾਬ ਸਰਕਾਰ ਨੇ ਇਸੇ ਤਰ੍ਹਾਂ ਸਰਕਾਰੀ ਹੈਲੀਕਾਪਟਰ ਦੀ ਸੰਭਾਲ ਤੇ ਮੁਰੰਮਤ ‘ਤੇ ਵੀ ਇਕ ਵਰ੍ਹੇ ਵਿਚ 93æ30 ਲੱਖ ਰੁਪਏ ਦਾ ਖਰਚਾ ਕੀਤਾ ਹੈ।
ਸਰਕਾਰੀ ਖਜ਼ਾਨੇ ਵਿਚੋਂ ਇਸ ਕੰਮ ਵਾਸਤੇ ਮੈਸਰਜ਼ ਏਅਰ ਵਰਕਸ ਇੰਡੀਆ (ਇੰਜ਼) ਪ੍ਰਾਈਵੇਟ ਲਿਮਟਿਡ ਨੂੰ ਨਵੰਬਰ 2013 ਤੋਂ ਸਤੰਬਰ 2014 ਤੱਕ ਇਹ ਰਾਸ਼ੀ ਜਾਰੀ ਕੀਤੀ ਗਈ ਹੈ। ਪੰਜਾਬ ਸਰਕਾਰ ਨੇ ਬਿਨਾਂ ਕਿਸੇ ਟੈਂਡਰ ਤੇ ਕੁਟੇਸ਼ਨ ਦੇ ਇਸ ਫਰਮ ਨੂੰ ਮੁਰੰਮਤ ਦਾ ਕੰਮ ਅਲਾਟ ਕਰ ਦਿੱਤਾ। ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਹਰਦੇਵ ਅਰਸ਼ੀ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਕੋਲ ਮੁਲਾਜ਼ਮਾਂ ਨੂੰ ਤਨਖਾਹਾਂ ਤੇ ਬਕਾਏ ਦੇਣ ਵਾਸਤੇ ਪੈਸਾ ਨਹੀਂ ਹੈ ਤੇ ਖੁਦਕੁਸ਼ੀ ਪੀੜਤ ਕਿਸਾਨਾਂ ਦੇ ਪਰਿਵਾਰ ਵਿੱਤੀ ਮਦਦ ਉਡੀਕ ਰਹੇ ਹਨ ਪਰ ਸਰਕਾਰ ਖਜ਼ਾਨੇ ਵਿਚੋਂ ਹਵਾਈ ਕੰਪਨੀਆਂ ਨੂੰ ਖੁੱਲ੍ਹੇ ਗੱਫੇ ਵਰਤਾ ਰਹੀ ਹੈ। ਉਨ੍ਹਾਂ ਆਖਿਆ ਕਿ ਸਰਕਾਰ ਸੰਜਮ ਵਰਤਣ ਦੀ ਥਾਂ ਹੁਣ ਖਜ਼ਾਨੇ ਨੂੰ ਆਪਣੀ ਸੁੱਖ ਸਹੂਲਤ ਵਾਸਤੇ ਵਰਤ ਰਹੀ ਹੈ।
_____________________________________
ਆਡਿਟ ਮਹਿਕਮੇ ਨੂੰ ਸਰਕਾਰ ਦੀ ਫਜ਼ੂਲਖਰਚੀ ‘ਤੇ ਇਤਰਾਜ਼
ਆਡਿਟ ਮਹਿਕਮੇ ਨੇ ਸਰਕਾਰ ਦੀ ਇਸ ਫਜ਼ੂਲਖਰਚੀ ‘ਤੇ ਉਂਗਲ ਉਠਾਈ ਹੈ। ਮਹਿਕਮੇ ਦਾ ਇਤਰਾਜ਼ ਹੈ ਕਿ ਮੁਕਾਬਲੇਬਾਜ਼ੀ ਵਿਚ ਇਹੋ ਕੰਮ ਸਸਤਾ ਹੋ ਸਕਦਾ ਸੀ। ਸੂਤਰ ਆਖਦੇ ਹਨ ਕਿ ਪੰਜਾਬ ਸਰਕਾਰ ਨੇ ਨਿਯਮਾਂ ਤੋਂ ਉਲਟ ਜਾ ਕੇ ਬਿਨਾਂ ਕਿਸੇ ਟੈਂਡਰ ਤੋਂ ਮਹਿੰਗੇ ਭਾਅ ਉਤੇ ਹੈਲੀਕਾਪਟਰ ਕਿਰਾਏ ‘ਤੇ ਲਿਆ ਤੇ ਸਰਕਾਰੀ ਹੈਲੀਕਾਪਟਰ ਦੀ ਮੁਰੰਮਤ ਦਾ ਕੰਮ ਦਿੱਤਾ ਜਿਸ ਨਾਲ ਸਰਕਾਰੀ ਖ਼ਜ਼ਾਨੇ ਨੂੰ ਕਰੋੜਾਂ ਰੁਪਏ ਦਾ ਝਟਕਾ ਲੱਗਾ ਹੈ।
ਸ਼ਹਿਰੀ ਹਵਾਬਾਜ਼ੀ ਵਿਭਾਗ ਪੰਜਾਬ ਦੇ ਸਲਾਹਕਾਰ ਕੈਪਟਨ ਅਭੈ ਦਾ ਰਹਿਣਾ ਹੈ ਕਿ ਜਦੋਂ ਵੀæਆਈæਪੀਜ਼æ ਦੇ ਇਕੋ ਦਿਨ ਵਿਚ ਕਈ-ਕਈ ਪ੍ਰੋਗਰਾਮ ਆ ਜਾਂਦੇ ਹਨ ਤਾਂ ਐਮਰਜੈਂਸੀ ਵਿਚ ਹੈਲੀਕਾਪਟਰ ਭਾੜੇ ਉਤੇ ਲਿਆ ਜਾਂਦਾ ਹੈ ਤੇ ਐਨ ਮੌਕੇ ‘ਤੇ ਟੈਂਡਰ ਆਦਿ ਜਾਰੀ ਕਰਨੇ ਸੰਭਵ ਨਹੀਂ ਹੁੰਦੇ ਹਨ। ਉਨ੍ਹਾਂ ਆਖਿਆ ਕਿ ਇਸੇ ਤਰ੍ਹਾਂ ਦੇਸ਼ ਵਿਚ ਮੁਰੰਮਤ ਵਾਲੀਆਂ ਫਰਮਾਂ ਬੰਗਲੌਰ ਤੇ ਦਿੱਲੀ ਵਿਚ ਕੁੱਲ ਦੋ ਹਨ, ਜਿਸ ਕਰਕੇ ਸਰਕਾਰ ਕੋਲ ਦਿੱਲੀ ਤੋਂ ਹੈਲੀਕਾਪਟਰ ਦੀ ਮੁਰੰਮਤ ਕਰਾਉਣ ਤੋਂ ਬਿਨਾਂ ਕੋਈ ਚਾਰਾ ਨਹੀਂ ਹੁੰਦਾ।