ਚੰਡੀਗੜ੍ਹ: ਪੰਜਾਬ ਪੁਲਿਸ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨ ਦੀ ਥਾਂ ਸਰਕਾਰੀ ਖਜ਼ਾਨਾ ਭਰਨ ਲਈ ਦਿਨ-ਰਾਤ ਇਕ ਕਰ ਰਹੀ ਹੈ। ਪਿਛਲੇ ਵਰ੍ਹੇ ਪੰਜਾਬ ਟਰੈਫਿਕ ਪੁਲਿਸ ਨੇ 11,08,025 ਚਲਾਨ ਕੱਟ ਕੇ 36,07,70,016 ਰੁਪਏ ਜੁਰਮਾਨਾ ਵਸੂਲਣ ਦਾ ਰਿਕਾਰਡ ਬਣਾਇਆ ਹੈ। ਪੰਜਾਬ ਦੀਆਂ ਸੜਕਾਂ ‘ਤੇ ਹਰੇਕ ਤਿੰਨ ਘੰਟਿਆਂ ਬਾਅਦ ਦੋ ਸੜਕ ਹਾਦਸੇ ਵਾਪਰਦੇ ਹਨ ਤੇ ਪੁਲਿਸ ਹਰੇਕ ਘੰਟੇ ਵਿਚ 127 ਚਲਾਨ ਕੱਟਦੀ ਹੈ।
ਪੰਜਾਬ ਪੁਲਿਸ ਨੂੰ ਸੜਕ ਹਾਦਸੇ ਰੋਕਣ ਲਈ ਕੋਈ ਰਾਹ ਨਹੀਂ ਲੱਭ ਰਿਹਾ ਤੇ ਹਰ ਵਰ੍ਹੇ ਸੜਕ ਹਾਦਸਿਆਂ ਵਿਚ ਵਾਧਾ ਹੁੰਦਾ ਜਾ ਰਿਹਾ ਹੈ। ਪੰਜਾਬ ਪੁਲਿਸ ਤੇਜ਼ ਰਫਤਾਰ, ਸ਼ਰਾਬ ਪੀ ਕੇ ਤੇ ਮੋਬਾਇਲ ਫੋਨ ਸੁਣਦਿਆਂ ਵਾਹਨ ਚਲਾਉਣ ਵਾਲਿਆਂ ਨੂੰ ਰੋਕਣ ਵਿਚ ਫੇਲ੍ਹ ਰਹੀ ਹੈ। ਪੁਲਿਸ ਵਲੋਂ ਰੋਜ਼ਾਨਾ ਔਸਤਨ 3036 ਵਾਹਨ ਚਾਲਕਾਂ ਦੇ ਚਲਾਨ ਕੱਟ ਕੇ 9,88,411 ਰੁਪਏ ਜੁਰਮਾਨਾ ਵਸੂਲਿਆ ਜਾ ਰਿਹਾ ਹੈ।
ਪੰਜਾਬ ਪੁਲਿਸ ਵਲੋਂ ਪਿਛਲੇ ਸਾਲ ਸ਼ਰਾਬ ਪੀ ਕੇ ਵਾਹਨ ਚਲਾਉਣ ਸਬੰਧੀ 2625 ਤੇ ਤੇਜ਼ ਰਫਤਾਰ ਵਾਹਨ ਚਲਾਉਣ ਵਾਲਿਆਂ ਦੇ 3066 ਚਲਾਨ ਕੱਟੇ ਗਏ। ਇਸੇ ਤਰ੍ਹਾਂ ਮੋਬਾਇਲ ਫੋਨ ਦੀ ਵਰਤੋਂ ਕਰਦਿਆਂ ਵਾਹਨ ਚਲਾਉਣ ਵਾਲੇ 11,914 ਵਿਅਕਤੀਆਂ ਦੇ ਚਲਾਨ ਕੱਟੇ ਗਏ। ਪੰਜਾਬ ਪੁਲਿਸ ਨੇ ਬਿਨਾਂ ਹੈਲਮਟ ਵਾਹਨ ਚਲਾਉਣ ਦੇ 1,82,381, ਬਿਨਾਂ ਸੀਟ ਬੈਲਟ ਵਾਹਨ ਚਲਾਉਣ ਦੇ 1,74,550, ਗਲਤ ਪਾਰਕਿੰਗ ਦੇ 85,235, ਸਿਗਰਟ ਪੀਂਦਿਆਂ ਵਾਹਨ ਚਲਾਉਣ ਦੇ 931 ਤੇ ਲਾਲ ਬੱਤੀ ਦੀ ਉਲੰਘਣਾ ਕਰਨ ਦੇ 2,40,404 ਚਲਾਨ ਕੱਟੇ ਹਨ। ਏæਡੀæਜੀæਪੀæ/ਟਰੈਫਿਕ ਪੰਜਾਬ ਨੂੰ ਜ਼ੈਬਰਾ ਕਰਾਸਿੰਗ ਤੇ ਹਾਈ ਬੀਮ ਤਹਿਤ ਚਲਾਨ ਕੱਟਣ ਦੀ ਕੋਈ ਜਾਣਕਾਰੀ ਨਹੀਂ ਹੈ। ਏæਡੀæਜੀæਪੀæ ਅਨੁਸਾਰ ਪੁਲਿਸ ਦਾ ਟਰੈਫਿਕ ਵਿੰਗ ਸੜਕ ਹਾਦਸਿਆਂ ਦੀ ਰੋਕਥਾਮ ਤੇ ਹਾਦਸਿਆਂ ਦੇ ਕਾਰਨ ਜਾਨਣ ਲਈ ਆਪਣੇ ਪੱਧਰ ‘ਤੇ ਕੋਈ ਸਟੱਡੀ, ਪੜਚੋਲ ਜਾਂ ਸਰਵੇ ਨਹੀਂ ਕਰਵਾਉਂਦਾ। ਟਰੈਫਿਕ ਵਿੰਗ ਪੂਰੀ ਤਰ੍ਹਾਂ ਰੋਡ ਬ੍ਰਿਜਜ਼ ਡਿਵੈਲਪਮੈਂਟ ਬੋਰਡ, ਸਿਹਤ ਵਿਭਾਗ, ਟਰਾਂਸਪੋਰਟ ਵਿਭਾਗ ਤੇ ਗਵਰਨੈਂਸ ਰਿਫੌਰਮਜ਼ ਕਮਿਸ਼ਨ ਦੀ ਸਟੱਡੀ ‘ਤੇ ਹੀ ਨਿਰਭਰ ਕਰਦਾ ਹੈ।
ਬੇਸ਼ੱਕ ਚਲਾਨਾਂ ਦੀ ਗਿਣਤੀ ਵਧਣ ਨਾਲ ਸਰਕਾਰ ਨੂੰ ਵੀ ਕਰੋੜਾਂ ਰੁਪਏ ਦੀ ਆਮਦਨ ਹੋ ਰਹੀ ਹੈ ਪਰ ਇਸ ਦੌਰਾਨ ਵਾਪਰਨ ਵਾਲੇ ਸੜਕ ਹਾਦਸਿਆਂ ਵਿਚ ਕੋਈ ਕਮੀ ਨਹੀਂ ਆ ਰਹੀ।
ਸੂਬੇ ਵਿਚ 2013 ਵਿਚ ਕੁੱਲ 5426 ਸੜਕ ਹਾਦਸੇ ਹੋਏ ਹਨ, ਜਿਨ੍ਹਾਂ ਵਿਚ 3357 ਵਿਅਕਤੀ ਮਾਰੇ ਗਏ ਤੇ 4647 ਜ਼ਖ਼ਮੀ ਹੋਏ ਹਨ ਜਦਕਿ 2014 ਵਿਚ 30 ਸਤੰਬਰ ਤੱਕ 3908 ਸੜਕ ਹਾਦਸਿਆਂ ਵਿਚ 2380 ਵਿਅਕਤੀ ਮਾਰੇ ਗਏ ਹਨ ਤੇ 3144 ਵਿਅਕਤੀ ਜ਼ਖ਼ਮੀ ਹੋਏ ਹਨ। ਪੰਜਾਬ ਵਿਚ ਵਧ ਰਹੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵੇਖ ਕੇ ਜਾਪਦਾ ਹੈ ਕਿ ਲੋਕ ਟ੍ਰੈਫਿਕ ਨਿਯਮਾਂ ਤੋਂ ਜਾਣੂ ਹੋਣ ਦੀ ਬਜਾਏ ਅਣਜਾਣ ਹੋ ਰਹੇ ਹਨ ਤੇ ਸਰਕਾਰ ਦਾ ਟ੍ਰੈਫਿਕ ਨਿਯਮਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦਾ ਪ੍ਰੋਗਰਾਮ ਸਫ਼ਲ ਨਹੀਂ ਹੋ ਰਿਹਾ ਹੈ।
ਪੰਜਾਬ ਵਿਚ ਕੈਂਸਰ ਤੋਂ ਬਾਅਦ ਸਭ ਤੋਂ ਵੱਧ ਮੌਤਾਂ ਸੜਕ ਹਾਦਸਿਆਂ ਕਾਰਨ ਹੋਣ ਦੇ ਬਾਵਜੂਦ ਸੂਬੇ ਭਰ ਦੀਆਂ ਸੈਂਕੜੇ ਕਿਲੋਮੀਟਰ ਸੜਕਾਂ ਉਪਰ ਸਿਰਫ 1892 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਨ੍ਹਾਂ ਵਿਚ 34 ਇੰਸਪੈਕਟਰ, 41 ਸਬ ਇੰਸਪੈਕਟਰ, 200 ਸਹਾਇਕ ਸਬ ਇੰਸਪੈਕਟਰ, 939 ਮੁੱਖ ਸਿਪਾਹੀ, 479 ਸਿਪਾਹੀ ਤੇ 117 ਹੋਮਗਾਰਡ ਸ਼ਾਮਲ ਹਨ। ਮਹਿਲਾ ਮੁਲਾਜ਼ਮਾਂ ਵਿਚ ਸਿਰਫ 44 ਮੁੱਖ ਸਿਪਾਹੀ ਤੇ 38 ਸਿਪਾਹੀ ਹੀ ਸ਼ਾਮਲ ਹਨ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਭਾਵੇਂ ਟਰੈਫਿਕ ਪੁਲਿਸ ਦੇ ਮੁਲਾਜ਼ਮਾਂ ਦੀ ਗਿਣਤੀ ਵਧਾਉਣ ਦੀ ਤਜਵੀਜ਼ ਹੈ ਪਰ ਸੜਕ ਹਾਦਸਿਆਂ ਨੂੰ ਮੁਲਾਜ਼ਮ ਵਧਾਉਣ ਨਾਲ ਨਹੀਂ ਸਗੋਂ ਸੜਕਾਂ ਨੂੰ 4-6 ਮਾਰਗੀ ਬਣਾ ਕੇ ਹੀ ਠੱਲ੍ਹਿਆ ਜਾ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੋ ਸਾਲਾਂ ਵਿਚ ਮੁੱਖ ਸ਼ਹਿਰਾਂ ਨੂੰ 4-6 ਮਾਰਗੀ ਸੜਕਾਂ ਨਾਲ ਜੋੜ ਕੇ ਸੜਕ ਹਾਦਸਿਆਂ ਨੂੰ ਹੱਲ ਕਰ ਲਿਆ ਜਾਵੇਗਾ। ਪੁਲਿਸ ਮੁਲਾਜ਼ਮਾਂ ਵਲੋਂ ਵਾਹਨ ਚਾਲਕਾਂ ਕੋਲੋਂ ਰਿਸ਼ਵਤ ਮੰਗਣ ਜਾਂ ਮਾੜਾ ਸਲੂਕ ਕਰਨ ਦੀਆਂ ਕਿੰਨੀਆਂ ਘਟਨਾਵਾਂ ਵਾਪਰੀਆਂ ਹਨ।
______________________________________
ਟਰੈਫਿਕ ਪ੍ਰਬੰਧ ਰੱਬ ਆਸਰੇæææ
ਪੁਲਿਸ ਨੇ ਸੂਬੇ ਦੇ ਟਰੈਫਿਕ ਪ੍ਰਬੰਧ ਨੂੰ ਰੱਬ ਆਸਰੇ ਛੱਡਿਆ ਹੋਇਆ ਹੈ। ਵਧੀਕ ਡਾਇਰੈਕਟਰ ਜਨਰਲ (ਟਰੈਫਿਕ) ਪੰਜਾਬ ਅਨੁਸਾਰ ਰਾਜ ਦੇ ਟਰੈਫਿਕ ਵਿੰਗ ਵਲੋਂ ਸਿੱਧੇ ਤੌਰ ਉਤੇ ਸੜਕ ਹਾਦਸਿਆਂ ਦੀ ਰੋਕਥਾਮ ਤੇ ਹਾਦਸਿਆਂ ਦੇ ਕਾਰਨ ਪਤਾ ਕਰਨ ਲਈ ਕੋਈ ਸਟੱਡੀ, ਪੜਚੋਲ ਜਾਂ ਸਰਵੇ ਨਹੀਂ ਕਰਵਾਇਆ ਜਾਂਦਾ। ਟਰੈਫਿਕ ਪੁਲਿਸ ਨੇ ਇਸ ਕਾਰਜ ਲਈ ਪੰਜਾਬ ਰੋਡ ਬਰਿਜਜ਼ ਡਿਵੈਲਪਮੈਂਟ ਬੋਰਡ, ਸਥਾਨਕ ਸਰਕਾਰਾਂ, ਸਿਹਤ ਵਿਭਾਗ, ਟਰਾਂਸਪੋਰਟ ਵਿਭਾਗ ਤੇ ਪੰਜਾਬ ਗਵਰਨੈਂਸ ਰਿਫੌਰਮਜ਼ ਕਮਿਸ਼ਨ ਉਤੇ ਹੀ ਟੇਕ ਰੱਖੀ ਹੋਈ ਹੈ।
ਟਰੈਫਿਕ ਪੁਲਿਸ ਇਨ੍ਹਾਂ ਵਿਭਾਗਾਂ ਕੋਲੋਂ ਹੀ ਲੋੜ ਅਨੁਸਾਰ ਰਾਜ ਵਿਚ ਵਾਪਰਦੇ ਹਾਦਸਿਆਂ ਬਾਰੇ ਲੋੜੀਂਦੀ ਸੂਚਨਾ ਹਾਸਲ ਕਰ ਕੇ ਬੁੱਤਾ ਸਾਰਦੀ ਹੈ। ਭਾਵੇਂ ਪੰਜਾਬ ਟਰੈਫਿਕ ਪੁਲਿਸ ਹਾਦਸਿਆਂ ਦੀ ਸਟੱਡੀ ਕਰ ਕੇ ਭਵਿੱਖ ਵਿਚ ਅਜਿਹੇ ਹਾਦਸਿਆਂ ਦੀ ਰੋਕਥਾਮ ਬਾਰੇ ਖੁਦ ਕੋਈ ਸਰਵੇ ਕਰਨ ਦੀ ਲੋੜ ਮਹਿਸੂਸ ਨਹੀਂ ਕਰਦੀ ਪਰ ਚਲਾਨ ਕੱਟ ਕੇ ਜੁਰਮਾਨੇ ਵਸੂਲਣ ਵਿਚ ਇਹ ਕਿਸੇ ਤਰ੍ਹਾਂ ਵੀ ਘੱਟ ਨਹੀਂ ਹੈ।