ਬੁਰਾ ਹਾਲ ਹੋਇਆ ਪੰਜਾਬ ਦਾ…

ਆਪਣਾ ਪੰਜਾਬ ਇਸ ਵੇਲੇ ਬੜੇ ਔਖੇ ਦੌਰ ਵਿਚੋਂ ਲੰਘ ਰਿਹਾ ਹੈ। ਸਿਆਸਤ ਵਿਚ ਅੰਤਾਂ ਦੇ ਆਏ ਨਿਘਾਰ ਨੇ ਸੂਬੇ ਨੂੰ ਗੋਡਿਆਂ ਪਰਨੇ ਕੀਤਾ ਹੋਇਆ ਹੈ। ਇਸ ਔਖੇ ਹਾਲਾਤ ਵਿਚ ਵੀ ਬਹੁਤ ਸਾਰੀਆਂ ਥਾਂਵਾਂ ਉਤੇ ਜੁਝਾਰੂ ਲੋਕ ਅਤੇ ਜਥੇਬੰਦੀਆਂ ਆਪੋ-ਆਪਣੀ ਸਮਰੱਥਾ ਮੁਤਾਬਕ, ਮੂੰਹਜ਼ੋਰ ਹੋਈ ਸੱਤਾ-ਧਿਰ ਨਾਲ ਡਟ ਕੇ ਲੋਹਾ ਲੈ ਰਹੀਆਂ ਹਨ। ਉਂਜ ਇਸ ਲੜਾਈ ਦੀਆਂ ਖਬਰਾਂ, ਮੁੱਖ ਧਾਰਾ ਮੀਡੀਆ ਦਾ ਸਰੋਕਾਰ ਘੱਟ ਹੀ ਬਣਦੀਆਂ ਹਨ, ਸਿੱਟੇ ਵਜੋਂ ਅਜਿਹੇ ਸੰਘਰਸ਼ਾਂ ਬਾਰੇ ਛੇਤੀ ਕੀਤੇ ਪਤਾ ਹੀ ਨਹੀਂ ਲੱਗਦਾ, ਜਾਂ ਮਾੜੀ-ਮੋਟੀ ਟੁੱਟਵੀਂ ਜਾਣਕਾਰੀ ਹੀ ਮਿਲਦੀ ਹੈ।

ਸਾਡੇ ਕਾਲਮਨਵੀਸ ਦਲਜੀਤ ਅਮੀ ਨੇ ਐਤਕੀਂ ਇਨ੍ਹਾਂ ਹਾਲਾਤ ਬਾਰੇ ਬੜੀ ਤਿੱਖੀ ਅਤੇ ਭਾਵੁਕ ਟਿੱਪਣੀ ਕੀਤੀ ਹੈ ਅਤੇ ਨਾਲ ਦੀ ਨਾਲ ਆਮ ਲੋਕਾਂ ਤੇ ਸੱਤਾਧਾਰੀਆਂ ਨੂੰ ਝੰਜੋੜਦਿਆਂ ਅਹਿਮ ਸਵਾਲ ਸਭ ਦੇ ਸਾਹਮਣੇ ਰੱਖੇ ਹਨ। -ਸੰਪਾਦਕ

ਦਲਜੀਤ ਅਮੀ
ਫੋਨ: +91-97811-21873
ਇਰਾਕ ਵਿਚ ਬੰਦੀ ਬਣਾਏ 39 ਮੁੰਡਿਆਂ ਦੀ ਹੋਣੀ ਬਾਰੇ ਧੁੰਧਲਕਾ ਕਾਇਮ ਹੈ, ਪਰ ਜਾਨ ਨੂੰ ਖਦਸ਼ੇ ਕਾਰਨ ਸਰਕਾਰੀ ਪਹਿਲਕਦਮੀਆਂ ਨਾਲ ਵਾਪਸ ਪੁੱਜੇ ਮੁੰਡੇ ਮੁੜ ਪਿਛੇ ਪਰਤਣੇ ਸ਼ੁਰੂ ਹੋ ਗਏ ਹਨ। ਇਰਾਕ ‘ਚ ਕੱਟੜਪੰਥੀ ਤਾਕਤਾਂ ਦੇ ਮੂੰਹਜ਼ੋਰ ਹਮਲੇ ਕਾਰਨ ਬਹੁਤ ਸਾਰੇ ਭਾਰਤੀਆਂ ਨੂੰ ਜਹਾਜਾਂ ਰਾਹੀਂ ਵਾਪਸ ਲਿਆਂਦਾ ਗਿਆ ਸੀ। ਵਿਦੇਸ਼ ਮੰਤਰਾਲੇ ਦੀਆਂ ਪਹਿਲਕਦਮੀਆਂ ਤੇ ਖੁਫ਼ੀਆ ਏਜੰਸੀਆਂ ਦੀ ਮੁਸ਼ੱਕਤ ਨਾਲ ਇਹ ਰਾਹਤ ਸੰਭਵ ਹੋਈ ਸੀ। ਹੁਣ ਪੰਜਾਬ ਦੇ ਤਕਰੀਬਨ ਵੀਹ ਮੁੰਡੇ ਇਰਾਕ ਪਰਤ ਜਾਣ ਦੀਆਂ ਖਬਰਾਂ ਆ ਚੁੱਕੀਆਂ ਹਨ; ਕਈ ਵਾਪਸ ਜਾਣ ਦੀ ਤਿਆਰੀ ਵਿਚ ਹਨ। ਅਸਲ ਗਿਣਤੀ ਜ਼ਿਆਦਾ ਵੀ ਹੋ ਸਕਦੀ ਹੈ। ਜਦੋਂ ਉਥੇ ਬੰਦੀ ਬਣੇ ਮੁੰਡਿਆਂ ਦੀ ਹੋਣੀ ਬਾਰੇ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣੀਆਂ ਹਨ ਤਾਂ ਇਹ ਮੁੰਡੇ ਇਰਾਕ ਕਿਉਂ ਜਾ ਰਹੇ ਹਨ? ਜਦੋਂ ਬੰਦੀ ਮੁੰਡਿਆਂ ਦੇ ਵਾਰਸ ਉਨ੍ਹਾਂ ਦੀ ਹੋਣੀ ਦੀ ਥਾਹ ਪਾਉਣ ਲਈ ਦਰ-ਬ-ਦਰ ਭਟਕ ਰਹੇ ਹਨ ਤਾਂ ਵਾਪਸ ਪਰਤਣ ਵਾਲਿਆਂ ਦੇ ਘਰਾਂ ਵਿਚ ਕੀ ਸੋਚ ਚੱਲ ਰਹੀ ਹੈ? ਕਿਸੇ ਵੀ ਅੰਦਾਜ਼ੇ ਨਾਲ ਇਹ ਮੁੰਡੇ ਆਪਣੀ ਜਾਨ ਖਤਰੇ ਵਿਚ ਪਾ ਰਹੇ ਹਨ। ਉਂਜ ਇਹ ਪਹਿਲੀ ਵਾਰ ਨਹੀਂ ਹੋਇਆ। ਮਾਲਟਾ ਕਾਂਡ ਵਿਚੋਂ ਜਾਨ ਬਚਾ ਕੇ ਆਏ ਕਈ ਮੁੰਡੇ ਜਲਦੀ ਨਾਲ ਉਨ੍ਹਾਂ ਹੀ ਰਾਹਾਂ ਉਤੇ ਵਿਦੇਸ਼ਾਂ ਨੂੰ ਤੁਰ ਗਏ ਸਨ।
ਇਨ੍ਹਾਂ ਮੁੰਡਿਆਂ ਬਾਰੇ ਇਹ ਸੁਆਲ ਪੁੱਛਣਾ ਬਣਦਾ ਹੈ ਕਿ ਉਹ ਜ਼ਿੰਦਗੀ ਨੂੰ ਦਾਅ ‘ਤੇ ਕਿਉਂ ਲਗਾ ਰਹੇ ਹਨ? ਬੰਦੀਆਂ ਦੀ ਚਿੰਤਾ ਕਰਨ ਵਾਲਾ ਪੰਜਾਬ ਇਨ੍ਹਾਂ ਨੂੰ ਜਾਣ ਤੋਂ ਕਿਉਂ ਨਹੀਂ ਰੋਕਦਾ? ਬੰਦੀਆਂ ਨਾਲੋਂ ਬਚ ਕੇ ਬੰਗਲਾਦੇਸ਼ ਅਤੇ ਭਾਰਤ ਆਏ ਸਾਥੀਆਂ ਦੇ ਦਾਅਵੇ ਹਨ ਕਿ ਉਨ੍ਹਾਂ ਨੂੰ ਮਾਰ ਦਿੱਤਾ ਹੈ, ਪਰ ਵਿਦੇਸ਼ ਮੰਤਰਾਲਾ ਉਨ੍ਹਾਂ ਦੇ ਸਲਾਮਤ ਹੋਣ ਦਾ ਵਾਅਦਾ ਕਰ ਰਿਹਾ ਹੈ। ਬੰਦੀਆਂ ਦੇ ਜਿਉਂਦੇ ਪਰਤੇ ਸਾਥੀਆਂ ਦੀਆਂ ਚਸ਼ਮਦੀਦ ਗਵਾਹੀਆਂ ਜਾਂ ਵਿਦੇਸ਼ ਮੰਤਰਾਲੇ ਦੇ ਭਰੋਸੇਯੋਗ ਸੂਤਰਾਂ ਵਿਚੋਂ ਸੱਚ ਭਾਵੇਂ ਕੁਝ ਵੀ ਨਿਕਲੇ ਪਰ ਦੋਵਾਂ ਹਾਲਾਤ ਵਿਚ ਇਰਾਕ ਵਿਚ ਪਰਵਾਸੀਆਂ ਦੀ ਜਾਨ ਨਾਲ ਜੁੜੇ ਖਦਸ਼ੇ ਘੱਟ ਨਹੀਂ ਹੋ ਜਾਂਦੇ। ਪੰਜਾਬ ਦੇ ਮੁੰਡਿਆਂ ਨੂੰ ਕੋਈ ਕਿਉਂ ਨਹੀਂ ਕਹਿੰਦਾ ਕਿ ਉਥੇ ਜਾਨ ਖਤਰੇ ਵਿਚ ਹੈ; ਮੌਤ ਸਹੇੜਨ ਦੀ ਥਾਂ ਇੱਥੇ ਦੋ ਬੁਰਕੀਆਂ ਘੱਟ ਨਾਲ ਗੁਜ਼ਾਰਾ ਕਿਉਂ ਨਹੀਂ ਕੀਤਾ ਜਾ ਸਕਦਾ? ਇਹ ਤਵੱਕੋ ਤਾਂ ਸਿਆਸੀ ਅਤੇ ਸਮਾਜਕ ਨਿਜ਼ਾਮ ਦੇ ਹਰ ਅਦਾਰੇ ਤੋਂ ਕੀਤੀ ਜਾ ਸਕਦੀ ਹੈ ਕਿ ਇਨ੍ਹਾਂ ਨੂੰ ਰੋਕਣ ਦਾ ਤਰਦੱਦ ਕਰੇ। ਜੇ ਸਰਕਾਰ ਬੰਦੀਆਂ ਨੂੰ ਵਾਪਸ ਲਿਆਉਣ ਦਾ ਵਾਅਦਾ ਕਰਦੀ ਹੈ ਤਾਂ ਉਸੇ ਪਾਸੇ ਨੂੰ ਤੁਰੇ ਮੁੰਡਿਆਂ ਨੂੰ ਰੋਕਣ ਦਾ ਉਪਰਾਲਾ ਕਿਉਂ ਨਹੀਂ ਕਰਦੀ? ਸਭ ਤੋਂ ਅਹਿਮ ਸੁਆਲ ਤਾਂ ਇਹੋ ਹੈ ਕਿ ਪੰਜਾਬੀ ਬੰਦੇ ਨੂੰ ਖ਼ਾਨਾਜੰਗੀ ਦਾ ਸ਼ਿਕਾਰ ਮੁਲਕ ਆਪਣੀ ਮੰਜ਼ਿਲ ਕਿਉਂ ਲੱਗਦਾ ਹੈ?
ਕੀ ਇਰਾਕ ਦੇ ਖਦਸ਼ੇ ਸਹੇੜਨਾ ਪੰਜਾਬ ਵਿਚ ਜਿਉਣ ਨਾਲੋਂ ਬਿਹਤਰ ਹੈ? ਇਸ ਸੁਆਲ ਨੂੰ ਟਾਲਿਆ ਜਾ ਸਕਦਾ ਹੈ ਕਿ ਪੂਰੇ ਦੱਖਣੀ ਏਸ਼ੀਆਈ ਮੁਲਕਾਂ ਦੇ ਮੁੰਡੇ-ਕੁੜੀਆਂ ਇਸ ਰੁਝਾਨ ਦਾ ਹਿੱਸਾ ਹਨ। ਰੁਝਾਨ ਦੇ ਮਾਮਲੇ ਵਿਚ ਤਾਂ ਰੂਮ ਸਾਗਰ ਪਾਰ ਕਰਨ ਲੱਗਿਆ ਅਫਰੀਕਾ, ਪੱਛਮੀ ਯੂਰਪ ਵਿਚ ਰਿਆਇਤਾਂ ਭਾਲਦਾ ਪੂਰਬੀ ਯੂਰਪ ਅਤੇ ਲਾਤੀਨੀ ਅਮਰੀਕਾ ਤੋਂ ਉਤਰੀ ਅਮਰੀਕਾ ਜਾਣ ਦਾ ਤਰੱਦਦ ਕਰਦਾ ਮੁਲਕ ਪੰਜਾਬੀਆਂ ਦੀ ਹੋਣੀ ਦਾ ਸਾਂਝੀਵਾਲ ਹੈ। ਰੁਝਾਨ ਦੇ ਵਡੇਰਾ ਹੋ ਜਾਣ ਨਾਲ ਤਾਂ ਸੁਆਲ ਦੀ ਅਹਿਮੀਅਤ ਖਤਮ ਨਹੀਂ ਹੋ ਜਾਂਦੀ। ਪੰਜਾਬ ਦੇ ਸੁਆਲ ਦਾ ਆਲਮੀ ਹਾਲਾਤ ਨਾਲ ਰਿਸ਼ਤਾ ਬਣਦਾ ਹੈ ਪਰ ਇਨ੍ਹਾਂ ਦੀਆਂ ਮੁਕਾਮੀ ਤੰਦਾਂ ਦੀ ਅਹਿਮੀਅਤ ਹੈ। ਜੇ ਕਿਸੇ ਮਾਮਲੇ ਵਿਚ ਬੰਗਲਾਦੇਸ਼, ਪਾਕਿਸਤਾਨ ਜਾਂ ਸ੍ਰੀਲੰਕਾ ਨਾਕਾਮਯਾਬ ਰਹੇ ਹਨ ਤਾਂ ਇਸ ਨਾਲ ਭਾਰਤ ਦੀ ਨਾਕਾਮਯਾਬੀ ਢਕੀ ਨਹੀਂ ਜਾਂਦੀ। ਜੇ ਕੇਰਲਾ ਦੀਆਂ ਬੀਬੀਆਂ ਹਰ ਹਾਲਤ ਵਿਚ ਅਰਬੀ ਮੁਲਕਾਂ ਦੇ ਹਸਪਤਾਲਾਂ ਵਿਚ ਨੌਕਰੀ ਕਰਨ ਜਾ ਰਹੀਆਂ ਹਨ ਤਾਂ ਇਸ ਨਾਲ ਇਰਾਕ ਵਿਚ ਮਜ਼ਦੂਰੀ ਕਰਨ ਜਾਂਦੇ ਮੁੰਡਿਆਂ ਦਾ ਸੁਆਲ ਛੋਟਾ ਨਹੀਂ ਹੋ ਜਾਂਦਾ। ਪੰਜਾਬੀ ਬੰਦੇ ਦਾ ਸੁਆਲ ਤਾਂ ਪੰਜਾਬ ਵਿਚ ਪੁੱਛਿਆ ਜਾਣਾ ਹੀ ਚਾਹੀਦਾ ਹੈ। ਦਰਦਮੰਦ ਆਲਮੀ ਸ਼ਹਿਰੀ ਵਜੋਂ ਤਾਂ ਦੂਜੇ ਮੁਲਕਾਂ ਦੇ ਸ਼ਹਿਰੀਆਂ ਨਾਲ ਵੀ ਰਿਸ਼ਤੇਦਾਰੀ ਪੁਗਾਉਣ ਦੀ ਤਵੱਕੋ ਕੀਤੀ ਜਾਂਦੀ ਹੈ ਪਰ ਮੁਕਾਮੀ ਮਸਲਿਆਂ ਨੂੰ ਸਰਕਾਰਾਂ ਦੀ ਕਾਰਗੁਜ਼ਾਰੀ ਅਤੇ ਸਮਾਜਕ ਹਾਲਾਤ ਨਾਲ ਜੋੜ ਕੇ ਸਮਝਣਾ ਜ਼ਰੂਰੀ ਹੈ।
ਦਰਅਸਲ ਇਹ ਮਸਲੇ ਦਾ ਇੱਕ ਪਾਸਾ ਹੈ ਕਿ ਕੋਈ ਇਨ੍ਹਾਂ ਮੁੰਡਿਆਂ ਉਤੇ ਹੱਕ-ਪਿਆਰ ਜਤਾਵੇ ਤੇ ਜ਼ਿੰਦਗੀ ਵਰਗਾ ਵਾਅਦਾ ਕਰੇ ਤਾਂ ਇਹ ਰੁਕ ਸਕਦੇ ਹਨ। ਦੂਜਾ ਪਾਸਾ ਇਹ ਹੈ ਕਿ ਮੁੰਡਿਆਂ ਅੰਦਰ ਉਹ ਜ਼ਮੀਨ ਕਿੱਥੇ ਹੈ ਜਿਸ ਉਤੇ ਹੱਕ-ਪਿਆਰ ਅਤੇ ਜ਼ਿੰਦਗੀ ਵਰਗੀਆਂ ਸ਼ੈਆਂ ਜੜ੍ਹ ਫੜਦੀਆਂ ਹਨ? ਇਸ ਸੁਆਲ ਦਾ ਜੁਆਬ ਪੰਜਾਬ ਦੇ ਹਾਲਾਤ ਵਿਚ ਭਾਲਿਆ ਜਾ ਸਕਦਾ ਹੈ। ਰੋਜ਼ਗਾਰ-ਕਾਰੋਬਾਰ-ਵਪਾਰ ਦੇ ਘੇਰੇ ਵਿਚੋਂ ਵੱਡਾ ਤਬਕਾ ਬਾਹਰ ਹੋ ਗਿਆ ਹੈ। ਰਵਾਇਤੀ ਸਨਅਤ ਅਤੇ ਧੰਦੇ ਮੌਜੂਦਾ ਦੌਰ ਦੀ ਰਕਮ ਮੁਖੀ ਜੀਵਨ ਸ਼ੈਲੀ ਦਾ ਭਾਰ ਚੁੱਕਣ ਤੋਂ ਮੁਨਕਰ ਹਨ। ਇਸੇ ਦੌਰ ਵਿਚ ਇਹ ਦਲੀਲ ਭਾਰੂ ਹੈ ਕਿ ਨੌਜਵਾਨ ਵਿਹਲੇ ਫਿਰਨਾ ਗਿੱਝੇ ਹੋਏ ਹਨ ਅਤੇ ਨਸ਼ਿਆਂ ਦੇ ਆਦੀ ਹਨ। ਹਰ ਨੌਜਵਾਨ ਨਸ਼ਿਆਂ ਦੇ ਮਾਮਲੇ ਵਿਚ ਸ਼ੱਕ ਦੇ ਘੇਰੇ ਵਿਚ ਹੈ। ਫਿਲਮ ਅਤੇ ਸੰਗੀਤ ਸਨਅਤ ਇਸੇ ਅਕਸ ਨੂੰ ਉਘਾੜ ਕੇ ਪੇਸ਼ ਕਰਦੀ ਹੈ। ਸ਼ੱਕ ਦੇ ਘੇਰੇ ਵਿਚ ਆਇਆ ਨੌਜਵਾਨ ਸਮਾਜਕ-ਸਿਆਸੀ ਜ਼ਲਾਲਤ ਤੋਂ ਕਿਵੇਂ ਬਚੇ? ਨਸ਼ਿਆਂ ਦੇ ਸਹਾਰੇ ਤੋਂ ਕਿਵੇਂ ਬਚੇ? ਜੇ ਉਹ ਸਿਦਕਦਿਲੀ ਨਾਲ ਇਨ੍ਹਾਂ ਤੋਂ ਬਚ ਜਾਵੇ ਤਾਂ ਜਿਉਣ ਦਾ ਖੇੜਾ ਕਿੱਥੋਂ ਲਿਆਵੇ? ਉਨ੍ਹਾਂ ਦੇ ਅੰਦਰ ਜਿਉਣ ਦਾ ਚਾਅ ਕੋਈ ਕਿਵੇਂ ਜਗਾਵੇ?
ਜਿਨ੍ਹਾਂ ਨੂੰ Ḕਸੱਪਾਂ ਦੀਆਂ ਸਿਰੀਆਂ ਮਿੱਧ ਕੇḔ ਮਾਣ-ਇੱਜ਼ਤ ਵਾਲੀ ਜ਼ਿੰਦਗੀ ਨਸੀਬ ਨਹੀਂ ਹੋਈ, ਉਹ ਅੰਨ੍ਹੇਵਾਹ ਵਰ੍ਹਦੀਆਂ ਗੋਲੀਆਂ ਵਿਚੋਂ Ḕਤੀਹ ਅਮਰੀਕੀ ਡਾਲਰḔ ਦੀ ਦਿਹਾੜੀ ਕਰਨ ਕਿਉਂ ਨਾ ਜਾਣ? ਜੇ ਸਰਕਾਰਾਂ ਘੱਟੋ-ਘੱਟ ਮਜ਼ਦੂਰੀ ਯਕੀਨੀ ਬਣਾਉਣ ਅਤੇ ਸੰਵਿਧਾਨਕ ਵਾਅਦੇ (ਚੋਣ ਵਾਅਦਿਆਂ ਦੀ ਜੇ ਗੱਲ ਛੱਡ ਵੀ ਦਿੱਤੀ ਜਾਵੇ) ਪੂਰਾ ਕਰਨ ਵਿਚ ਨਾਕਾਮਯਾਬ ਰਹੀਆਂ ਹੋਣ ਤਾਂ ਕੋਈ ਅੰਨ੍ਹੇਵਾਹ ਚਲਦੀ ਬੰਦੂਕ ਤੋਂ ਕਿਉਂ ਡਰੇ? ਜਦੋਂ ਫੈਸਲਾ ਜ਼ਲਾਲਤ ਅਤੇ ਥੁੜ੍ਹ ਨਾਲ ਸੁੱਕ ਜਾਣ ਜਾਂ ਗੋਲੀ ਨਾਲ ਮਰ ਜਾਣ ਵਿਚ ਕਰਨਾ ਹੈ ਤਾਂ ਇਕ ਝਟਕੇ ਨਾਲ ਮਰ ਜਾਣ ਦਾ ਫ਼ੈਸਲਾ ਬਿਹਤਰ ਜਾਪਦਾ ਹੈ? ਉਂਜ ਇਸ ਫ਼ੈਸਲੇ ਉਤੇ ਸੁਆਲ ਕਰਨ ਦਾ ਹੱਕ ਕਿਸ ਨੂੰ ਹੈ? ਹੁਸ਼ਿਆਰਪੁਰ ਦਾ ਨਛੱਤਰ ਸਿੰਘ ਜੁਲਾਈ 2014 ਵਿਚ ਇਰਾਕ ਤੋਂ ਆਇਆ ਸੀ ਅਤੇ ਹੁਣ ਵਾਪਸ ਚਲਿਆ ਗਿਆ ਹੈ। ਨਛੱਤਰ ਨੇ ਇਰਾਕ ਤੋਂ Ḕਇੰਡੀਅਨ ਐਕਸਪ੍ਰੈਸḔ ਦੀ ਪੱਤਰਕਾਰ ਅੰਜੂ ਅਗਨੀਹੋਤਰੀ ਚਾਬਾ ਨੂੰ ਦੱਸਿਆ ਹੈ, “ਕੁਝ ਮਹੀਨੇ ਮਜ਼ਦੂਰੀ ਕੀਤੀ ਪਰ ਦੋ ਡੰਗ ਦੀ ਰੋਟੀ ਤੱਕ ਨਹੀਂ ਜੁੜੀ।” ਜਲੰਧਰ ਦਾ ਗੌਰਵ, ਪਟਿਆਲੇ ਦਾ ਗੁਰਜੀਤ ਅਤੇ ਹੁਸ਼ਿਆਰਪੁਰ ਦਾ ਪ੍ਰਿੰਸ ਨਾ ਸਿਰਫ਼ ਨਛੱਤਰ ਦੇ ਸਫ਼ਰ ਦੇ ਸਾਥੀ ਹਨ ਸਗੋਂ ਹੋਣੀ ਦੇ ਸਾਂਝੀਵਾਲ ਵੀ ਹਨ।
ਇਹ ਮੁੰਡੇ Ḕਇਸਲਾਮਿਕ ਸਟੇਟḔ ਦੀਆਂ ਬੰਦੂਕਾਂ ਅੱਗੇ ਰੋਜ਼ਗਾਰ ਲਈ ਗਏ ਹਨ। ਜੇ ਉਨ੍ਹਾਂ ਦੇ ਘਰ ਦੇ ਕੁਝ ਸਰਦੇ-ਪੁੱਜਦੇ ਹੁੰਦੇ ਤਾਂ ਸ਼ਾਇਦ ਉਹ ਉਤਰੀ ਅਮਰੀਕਾ, ਯੂਰਪ ਜਾਂ ਆਸਟਰੇਲੀਆ ਜਾਣ ਦਾ ਜੁਗਾੜ ਕਰਦੇ। ਉਹ ਸ਼ਾਇਦ ਜਾਨ ਦਾ ਜੋਖ਼ਿਮ ਲੈਣ ਦੀ ਥਾਂ ਸਮਾਜਕ ਕਦਰਾਂ-ਕੀਮਤਾਂ ਦੀ ਕੁਰਬਾਨੀ ਦੇ ਕੇ ਸੱਤ ਸਮੁੰਦਰ ਪਾਰ ਕਰ ਜਾਂਦੇ। ਉਨ੍ਹਾਂ ਵਰਗੇ ਹਾਲਾਤ ਵਿਚੋਂ ਹੀ ਕੁਝ ਲੋਕ ਪੰਜਾਬ ਵਿਚ ਆਪਣੀ ਹੋਣੀ ਬਦਲਣ ਦਾ ਤਰੱਦਦ ਕਰਦੇ ਹਨ। ਬਠਿੰਡਾ ਜ਼ਿਲ੍ਹੇ ਦੇ ਹਮੀਰਗੜ੍ਹ ਪਿੰਡ ਵਿਚ ਦਲਿਤ ਤਬਕੇ ਦੀ ਰੂੜੀਆਂ ਲਗਾਉਣ ਲਈ ਥਾਂ ਦੀ ਮੰਗ ਦੇ ਜੁਆਬ ਵਿਚ ਹੁਕਮਰਾਨ ਸਿਆਸੀ ਧਿਰ ਦੇ ਕਾਰਕੁਨਾਂ ਨੇ ਪਿੰਡ ਦੇ ਜੱਟਾਂ ਨਾਲ ਮਿਲ ਕੇ ਪੁਲਿਸ ਦੀ ਅਗਵਾਈ ਵਿਚ ਹਮਲਾ ਕੀਤਾ। ਹਮਲੇ ਵਿਚ ਜ਼ਖਮੀ ਹੋਈਆਂ ਬੀਬੀਆਂ ਦੀਆਂ ਤਸਵੀਰਾਂ ਨੂੰ ਇਰਾਕ ਦੀਆਂ ਦੱਸ ਦਿੱਤਾ ਜਾਵੇ ਤਾਂ ਦੇਖਣ ਵਾਲਾ ਯਕੀਨ ਕਰ ਲਵੇਗਾ ਅਤੇ ਉਸ ਮੁਲਕ ਦੇ ਆਵਾਮ ਦੀ ਖ਼ਸਤਾ ਹਾਲਤ ਬਾਬਤ ਭਾਵੇਂ ਰਸਮੀ ਹੀ ਸਹੀ ਪਰ ਅਫਸੋਸ ਜ਼ਰੂਰ ਕਰੇਗਾ। ਪੰਜਾਬ ਅੰਦਰਲੇ ਇਸ ਇਰਾਕ ਨੂੰ ਅਖ਼ਬਾਰਾਂ ਨੇ ਨਜ਼ਰਅੰਦਾਜ਼ ਕੀਤਾ ਹੈ ਅਤੇ ਇਸ ਵੇਲੇ ਇਰਾਦਾ ਕਤਲ ਦੇ ਇਲਜ਼ਾਮ ਵਿਚ ਬਾਰਾਂ ਮਰਦ ਅਤੇ ਚਾਰ ਬੀਬੀਆਂ ਜੇਲ੍ਹ ਵਿਚ ਬੰਦ ਹਨ। ਹਸਪਤਾਲਾਂ ਵਿਚ ਪਈਆਂ ਬੀਬੀਆਂ ਨੂੰ ਲੱਗੇ ਸਟੈੱਨ ਗਰਨੇਡਾਂ ਦੀ ਤਸਦੀਕ ਪੁਲਿਸ ਦੀਆਂ ਮਿਸਲਾਂ ਵਿਚੋਂ ਹੁੰਦੀ ਹੈ।
ਹਮੀਰਗੜ੍ਹ ਨੂੰ ਵਿੱਕੋਲਿਤਰੀ ਘਟਨਾ ਕਰਾਰ ਦਿੱਤਾ ਜਾ ਸਕਦਾ ਹੈ ਪਰ ਅਖ਼ਬਾਰਾਂ ਅਤੇ ਟੈਲੀਵਿਜ਼ਨਾਂ ਵਲੋਂ ਨਜ਼ਰਅੰਦਾਜ਼ ਕੀਤੀਆਂ ਘਟਨਾਵਾਂ ਕੁਝ ਹੋਰ ਬਿਆਨ ਕਰਦੀਆਂ ਹਨ। ਲੰਬੀ ਹਲਕੇ ਦਾ ਪਿੰਡ ਸਿੰਘੇਵਾਲਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਦੇ ਪਿੰਡ ਬਾਦਲ ਤੋਂ ਤਕਰੀਬਨ ਅੱਠ ਕਿਲੋਮੀਟਰ ਦੂਰ ਹੈ। ਇਸ ਪਿੰਡ ਦੇ ਲੋਕਾਂ ਨੇ ਕਈ ਵਾਰ ਆਪਣੇ ਵਿਧਾਇਕ ਦੀ ਜੁਆਬਤਲਬੀ ਕੀਤੀ ਹੈ। ਚੋਣਾਂ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਪਿੰਡ ਵੜਨ ਨਹੀਂ ਦਿੱਤਾ ਗਿਆ ਸੀ। ਇਸ ਪਿੰਡ ਦੇ ਦਲਿਤ ਪਰਿਵਾਰਾਂ ਦੀ ਮੰਗ ਸੀ ਕਿ ਕਾਨੂੰਨ ਮੁਤਾਬਕ ਘਰਾਂ ਤੋਂ ਬਾਹਰ ਬਿਜਲੀ ਦੇ ਮੀਟਰ ਲਗਾਉਣ ਵੇਲੇ ਘਰ ਦੇ ਅੰਦਰ ਡਿਸਪਲੇ ਲਗਾਏ ਜਾਣ। ਇਸ ਪਿੰਡ ਦੀ ਮਜ਼ਦੂਰ ਆਗੂ ਗੁਰਮੇਲ ਕੌਰ ਦੇ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਦੇ ਸੱਤ ਜੀਆਂ ਉਤੇ ਪੁਲਿਸ ਨੇ ਪਰਚਾ ਦਰਜ ਕੀਤਾ ਹੋਇਆ ਹੈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਮਰਹੂਮ ਆਗੂ ਨਾਨਕ ਸਿੰਘ ਦੇ ਬਜ਼ੁਰਗ ਮਾਪਿਆਂ ਅਤੇ ਬੱਚਿਆਂ ਉਤੇ ਪਰਚਾ ਦਰਜ ਕੀਤਾ ਗਿਆ ਹੈ। ਸਿੱਧਵਾਂ ਬੇਟ ਇਲਾਕੇ ਦੇ ਪਿੰਡ ਕੰਨੀਆਂ ਹੁਸੈਨੀ ਦੀਆਂ ਚਾਰ ਬੀਬੀਆਂ ਅਤੇ ਤਕਰੀਬਨ ਦਰਜਨ ਮਰਦ ਇਰਾਦਾ ਕਤਲ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਹਨ। ਜੇ ਪਿਛਲੇ ਇੱਕ ਸਾਲ ਦਾ ਰੁਝਾਨ ਵੇਖਿਆ ਜਾਵੇ ਤਾਂ ਹੁਕਮਰਾਨ ਧਿਰਾਂ ਦੀ ਕਾਰਗੁਜ਼ਾਰੀ ਅਤੇ ਆਵਾਮ ਦੀਆਂ ਮੁਸ਼ਕਿਲਾਂ ਦਾ ਪਾੜਾ ਉਘਾੜਨ ਵਾਲੀਆਂ ਜਥੇਬੰਦੀਆਂ ਦੇ ਆਗੂਆਂ ਦੀਆਂ ਜੇਲ੍ਹ-ਯਾਤਰਾਵਾਂ ਦੀ ਲੰਬੀ ਫ਼ਹਿਰਿਸਤ ਹੈ। ਪੰਚਾਇਤੀ ਜ਼ਮੀਨ ਵਿਚ ਦਲਿਤਾਂ ਦੀ ਹਿੱਸੇਦਾਰੀ ਉਤੇ ਹੱਕ ਜਤਾਉਣ ਲਈ ਬਾਉਪੁਰ ਤੋਂ ਬਾਲਦ ਕਲਾਂ ਅਤੇ ਮਤੋਈ ਤੱਕ ਦੀਆਂ ਮਿਸਾਲਾਂ ਹਨ। ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੂੰ ਕਈ ਤਰ੍ਹਾਂ ਦੇ ਮਾਮਲਿਆਂ ਵਿਚ ਜੇਲ੍ਹੀਂ ਡੱਕਣ ਦੀਆਂ ਮਿਸਾਲਾਂ ਹਨ। ਜੇ ਬਠਿੰਡੇ ਵਾਲੇ ਸ਼ਿੰਗਾਰਾ ਸਿੰਘ ਨੂੰ ਇੱਕ ਤੋਂ ਬਾਅਦ ਦੂਜਾ ਮਾਮਲਾ ਖੋਲ੍ਹ ਕੇ ਕਈ ਮਹੀਨੇ ਜੇਲ੍ਹ ਵਿਚ ਰੱਖਿਆ ਗਿਆ ਤਾਂ ਤਰਨ ਤਾਰਨ ਤੋਂ ਕਿਸਾਨ ਆਗੂ ਕੰਵਲਜੀਤ ਪੰਨੂ ਨਾਲ ਵੀ ਇਹੋ ਕੀਤਾ ਗਿਆ। ਜ਼ਮੀਨ ਪ੍ਰਾਪਤੀ ਦੇ ਸੰਘਰਸ਼ਾਂ ਵਿਚ ਵੱਡੀ ਗਿਣਤੀ ਵਿਚ ਕਾਰਕੁਨਾਂ ਨੇ ਜੇਲ੍ਹਾਂ ਕੱਟੀਆਂ।
ਪਿਛਲੇ ਸਾਲ ਜੁਲਾਈ ਵਿਚ ਰਾਜਵੰਤ ਕੌਰ ਪੰਨੂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਮ ਖੁੱਲ੍ਹੇ ਖ਼ਤ ਵਿਚ ਐਲਾਨ ਕੀਤਾ ਸੀ, “ਤੇਰੇ ਜਬਰ ਤੋਂ ਸਾਡਾ ਸਬਰ ਵੱਡਾ, ਇਹ ਅਸੀਂ ਸਾਬਤ ਕਰਾਂਗੇ। ਤੇਰੇ ਭਰਾ ਅਮਰਿੰਦਰ ਸਿੰਘ ਨੇ ਹਕੂਮਤੀ ਸਮੇਂ ‘ਚ ਸਾਡੇ ‘ਤੇ ਬਥੇਰਾ ਜਬਰ ਕੀਤਾ। ਤੇਰੇ ਪੁਲਸੀਏ ਸਾਡੇ ਘਰ-ਘਰ ਹਰਲ-ਹਰਲ ਕਰਦੇ ਫਿਰਦੇ, ਉਸ ਹਾਕਮ ਨੇ ਵੀ ਸਾਡੇ ‘ਤੇ ਬੜੇ ਪਰਚੇ ਦਰਜ ਕੀਤੇ। ਇੱਥੋਂ ਤੱਕ ਕਿ ਮੇਰੇ ‘ਤੇ ਵੀ 307 ਦਾ ਪਰਚਾ ਦਰਜ ਕੀਤਾ। ਬਥੇਰਾ ਚਿਰ ਸਾਨੂੰ ਘਰੋਂ ਬੇਘਰ ਰੱਖਿਆ ਪਰ ਉਹ ਹਾਕਮ ਹਾਰਿਆ ਸੀ। ਸਾਥੀ ਪੰਨੂ ‘ਤੇ 14 ਪਰਚੇ ਪਹਿਲਾਂ ਦਰਜ ਹਨ। 15ਵੇਂ ਲਈ ਤੇਰਾ ਬੜਾ ਧੰਨਵਾਦ। ਪੰਨੂ ਬਾਰੇ ਲਿਖਦਿਆਂ, ਪਰਚਿਆਂ ਬਾਰੇ ਕਿਤਾਬ ਅਲੱਗ ਲਿਖਣੀ ਪਊਗੀ। ਤੇਰਾ ਤੇ ਤੇਰੀ ਭੈਣ ਕਾਂਗਰਸ ਦਾ ਉਚੇਚਾ ਜ਼ਿਕਰ ਹੋਊ, ਤੁਸੀਂ ਔਰੰਗਜ਼ੇਬ ਦੇ ਪੈਰੋਕਾਰ। ਮੈਨੂੰ, ਮੇਰੇ ਸਾਥੀ ਪੰਨੂ ਤੇ ਸਾਡੀ 14 ਵਰ੍ਹਿਆਂ ਦੀ ਭਰ ਜਵਾਨ ਹੋਈ ਜਥੇਬੰਦੀ ਕਿਸਾਨ ਸੰਘਰਸ਼ ਕਮੇਟੀ ਅਤੇ ਉਸ ਦੇ ਸੰਘਰਸ਼ੀ ਯੋਧਿਆਂ ਨੂੰ ਕੀ ਹਰਾ ਲਓਗੇ?”
ਪਿਛਲੇ ਦਿਨਾਂ ਵਿਚ ਢਾਈ ਸੌ ਰੁਪਏ ਮਹੀਨਾ ਪੈਨਸ਼ਨ ਨਾ ਮਿਲਣ ਕਾਰਨ ਅਵਾਜ਼ਾਰ ਬਜ਼ੁਰਗ ਨੇ ਕਪੂਰਥਲਾ ਜ਼ਿਲ੍ਹੇ ਦੇ ਢਿੱਲਵਾਂ ਕਸਬੇ ਵਿਚ ਆਤਮਦਾਹ ਕਰ ਲਿਆ। ਇਸ ਮਾਮਲੇ ਵਿਚ ਅਕਾਲੀ ਆਗੂ ਜਗੀਰ ਕੌਰ ਨੇ ਕਿਹਾ ਕਿ ਸੋਮਨਾਥ ਦਾ ਪਰਿਵਾਰ ਤਾਂ ਖ਼ੁਸ਼ ਹੀ ਹੋਵੇਗਾ, ਉਨ੍ਹਾਂ ਨੂੰ ਢਾਈ ਸੌ ਰੁਪਏ ਮਹੀਨੇ ਦੀ ਥਾਂ ਡਿਪਟੀ ਕਮਿਸ਼ਨਰ ਨੇ ਇੱਕ ਲੱਖ ਰੁਪਏ ਮੁਆਵਜ਼ਾ ਦਿੱਤਾ ਹੈ। ਅਖਬਾਰਾਂ ਵਾਲਿਆਂ ਕੋਲ ਤਾਂ ਡਿਪਟੀ ਕਮਿਸ਼ਨਰ ਨੇ ਅਜਿਹਾ ਕੋਈ ਮੁਆਵਜ਼ਾ ਦੇਣ ਤੋਂ ਇਨਕਾਰ ਕੀਤਾ ਹੈ ਪਰ ਜਗੀਰ ਕੌਰ ਦਾ ਬਿਆਨ ਹੁਕਮਰਾਨ ਸਿਆਸੀ ਧਿਰ ਦੀ ਸੋਚ ਦਾ ਅੰਦਾਜ਼ਾ ਲਗਾਉਣ ਲਈ ਅਹਿਮ ਹੈ। ਇਨ੍ਹਾਂ ਹਾਲਾਤ ਵਿਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਸਲਾਹ ਹੈ ਕਿ ਸਿੱਖਾਂ ਨੂੰ ਆਪਣਾ ਵਜੂਦ ਕਾਇਮ ਰੱਖਣ ਲਈ ਚਾਰ-ਚਾਰ ਬੱਚੇ ਪੈਦਾ ਕਰਨੇ ਚਾਹੀਦੇ ਹਨ।
ਮੌਜੂਦਾ ਹਾਲਾਤ ਵਿਚ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦੇ ਦਾਅਵਿਆਂ ਵਾਲੀ ਸਰਕਾਰ, ਅਕਾਲ ਤਖ਼ਤ ਤੋਂ ਚਾਰ ਬੱਚੇ ਪੈਦਾ ਕਰਨ ਦੀ ਸਲਾਹ ਦੇਣ ਵਾਲੇ ਜਥੇਦਾਰ, ਪੁਲਿਸ ਵਲੋਂ ਨਾ ਦਰਜ ਕੀਤੇ ਗਏ ਹਮੀਰਗੜ੍ਹ ਵਾਲੀਆਂ ਜਸਵਿੰਦਰ ਕੌਰ ਤੇ ਅੰਗਰੇਜ਼ ਕੌਰ ਦੇ ਬਿਆਨਾਂ ਅਤੇ ਮੁੜ ਕੇ ਇਰਾਕ ਤੁਰ ਗਏ ਨਛੱਤਰ ਹੋਰਾਂ ਦਾ ਆਪਸ ਵਿਚ ਕੀ ਰਿਸ਼ਤਾ ਬਣਦਾ ਹੈ? ਇਨ੍ਹਾਂ ਦੇ ਜਮ੍ਹਾਂਜੋੜ ਵਿਚੋਂ ਪੰਜਾਬ ਦਾ ਕੀ ਨਕਸ਼ਾ ਉਘੜਦਾ ਹੈ? ਇਸੇ ਪੰਜਾਬ ਵਿਚ ਵਿਦੇਸ਼ੀਂ ਗਏ ਪੰਜਾਬੀਆਂ ਨੇ ਬਹੁਤ ਸਾਰੇ ਪਿੰਡਾਂ ਦੀਆਂ ਮੜ੍ਹੀਆਂ ਦੀ ਨੁਹਾਰ ਬਦਲ ਦਿੱਤੀ ਹੈ। ਕਈ ਪਿੰਡਾਂ ਵਿਚ ਸਭ ਤੋਂ ਖ਼ੂਬਸੂਰਤ ਥਾਂ ਮੜ੍ਹੀਆਂ ਹਨ। ਜੇ ਕੋਈ ਇਰਾਕ ਨੂੰ ਤੁਰ ਗਿਆ ਹੈ ਤਾਂ ਉਸ ਨੂੰ ਪੰਜਾਬ ਦੀਆਂ ਸਭ ਤੋਂ ਖ਼ੂਬਸੂਰਤ ਥਾਂਵਾਂ ਉਡੀਕਦੀਆਂ ਹਨ। ਇਨ੍ਹਾਂ ਮੜ੍ਹੀਆਂ ਦੇ ਨਾਲ ਕਈ ਥਾਂਵਾਂ ਉਤੇ ਮਹੀਨਿਆਂ ਬੱਧੀ ਲਾਸ਼ਾਂ ਰੱਖਣ ਦਾ ਬੰਦੋਬਸਤ ਕੀਤਾ ਗਿਆ ਹੈ, ਜਦੋਂ ਵਿਦੇਸ਼ਾਂ ਤੋਂ ਵਿਹਲ ਮਿਲੀ ਤਾਂ ਰਿਸ਼ਤੇਦਾਰ ਲਾਸ਼ਾਂ ਕਿਓਟਣ ਆ ਜਾਣਗੇ। ਉਨ੍ਹਾਂ ਦੇ ਦਸਵੰਧ ਵਿਚੋਂ ਸਾਂਝੀਆਂ ਥਾਂਵਾਂ ਨੂੰ ਪੱਖਿਆਂ ਤੋਂ ਏਅਰ-ਕੰਡੀਸ਼ਨਰ ਤੱਕ ਜੁੜ ਸਕਦੇ ਹਨ। ਸਰਕਾਰ ਇਨ੍ਹਾਂ ਥਾਂਵਾਂ ਨੂੰ ਮੈਚਿੰਗ ਗਰਾਂਟਾਂ ਦੇ ਸਕਦੀ ਹੈ।
ਜੇ ਕਿਸੇ ਦਾ ਨਛੱਤਰ ਦੇ ਨਾਮ ਉਤੇ ਬੋਲੀ ਪਾਉਣ ਨੂੰ ਚਿੱਤ ਕਰੇ ਤਾਂ ਉਹ ਕੀ ਕਰੇ? ਜੇ ਕਿਸੇ ਅੰਗਰੇਜ਼ ਕੌਰ ਜਾਂ ਜਸਵਿੰਦਰ ਕੌਰ ਜਾਂ ਇਨਕਲਾਬ ਕੌਰ (ਹਰਦੀਪ ਕੌਰ) ਦੀਆਂ ਸੱਟਾਂ ਦਾ ਧਿਆਨ ਧਰਨ ਵੇਲੇ ਕਿਸੇ ਨੂੰ ਗੁਰਦੁਆਰਿਆਂ ਵਿਚੋਂ ਹੁੰਦੀ ਅਰਦਾਸ ਸੁਣ ਜਾਵੇ ਤਾਂ ਉਹ Ḕਚਰਖੜੀਆਂ ‘ਤੇ ਚੜ੍ਹਨæææ’ ਵਾਲਿਆਂ/ਵਾਲੀਆਂ ਦੀ ਰੀਤ ਨੂੰ ਕਿਵੇਂ ਸਮਝੇ? ਸਿੱਖਾਂ ਦੀ ਗਿਣਤੀ ਦੀ ਚਿੰਤਾ ਕਰਨ ਵਾਲੇ ਜਥੇਦਾਰ ਨੂੰ ਜੇ ਇਹ ਸੁਆਲ ਪੁੱਛਣ ਨੂੰ ਜੀਅ ਕਰੇ ਕਿ ਉਨ੍ਹਾਂ ਦੇ ਸਮੇਂ ਵਿਚ ਚਰਖੜੀਆਂ ਕੌਣ ਚਲਾ ਰਿਹਾ ਹੈ? ਤਵੀਆਂ ਥੱਲੇ ਝੋਕਾ ਕੌਣ ਲਗਾ ਰਿਹਾ ਹੈ? ਸਿਰ ਵਿਚ ਤੱਤਾ ਰੇਤਾ ਕੌਣ ਕੇਰ ਰਿਹਾ ਹੈ? ਜੇ ਇਹ ਸੁਆਲ ਪੁੱਛਣ ਦਾ ਹੀਆ ਨਾ ਪਵੇ ਤਾਂ ਬੁੱਲ੍ਹੇ ਸ਼ਾਹ ਦੇ ਕਸੂਰ ਵਿਚੋਂ ਆਪਣੇ ਬੇਕਸੂਰ ਹੋਣ ਦੇ ਬੋਲ ਲੱਭੇ ਜਾ ਸਕਦੇ ਹਨ, “ਦਰ ਖੁੱਲ੍ਹਾ ਹਸ਼ਰ ਅਜ਼ਾਬ ਦਾ, ਬੁਰਾ ਹਾਲ ਹੋਇਆ ਪੰਜਾਬ ਦਾ; ਵਿਚ ਹਾਵਿਆਂ ਦੋਜਖਾਂ ਮਾਰਿਆ, ਸਾਨੂੰ ਆ ਮਿਲ ਯਾਰ ਪਿਆਰਿਆ।” ਨਛੱਤਰ ਦੇ ਨਾਮ ਪੈਂਦੀ ਲੋਕ ਬੋਲੀ ਅਤੇ ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ ਦੀ ਜੋਟੀ ਵਿਚੋਂ ਪੰਜਾਬ, ਗਾਜ਼ੀਆਂ ਦੀ ਉਡੀਕ ਕਰਦਾ ਹੈ।