ਗੁਰਨਾਮ ਕੌਰ ਕੈਨੇਡਾ
ਨਿੱਕੇ ਹੁੰਦਿਆਂ ਜਦੋਂ ਅਖਾਣ ‘ਚਿੜੀਆਂ ਦਾ ਮਰਨ, ਗਵਾਰਾਂ ਦਾ ਹਾਸਾ’ ਸੁਣੀਂਦਾ ਸੀ ਤਾਂ ਗੱਲ ਪੂਰੀ ਤਰ੍ਹਾਂ ਪੱਲੇ ਨਹੀਂ ਸੀ ਪੈਂਦੀ! ਚਿੜੀਆਂ ਦੇ ਮਰਨ ‘ਤੇ ਗਵਾਰਾਂ ਦਾ ਹਾਸਾ ਕਿਉਂ ਅਤੇ ਕਿਵੇਂ ਹੋਇਆ ਭਲਾ? ਪਰ ਹੁਣ ਪੰਜਾਬ ਵਿਚ ‘ਪੰਥਕ ਸਰਕਾਰ’ ਦੇ ਲਗਾਤਾਰ ਰਾਜ ਸਿੰਘਾਸਣ ‘ਤੇ ਬਣੇ ਰਹਿਣ ਨਾਲ ਚਿੜੀਆਂ (ਕੁੜੀਆਂ) ਨਾਲ ਉਪਰੋਥਲੀ ਜਿਸ ਕਿਸਮ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਸਰਕਾਰ ਤੇ ਪ੍ਰਬੰਧਕੀ ਢਾਂਚੇ ਦਾ ਜਿਸ ਕਿਸਮ ਦਾ ਇਨ੍ਹਾਂ ਘਟਨਾਵਾਂ ਪ੍ਰਤੀ ਰਵੱਈਆ ਪਿਛਲੇ ਸਮੇਂ ਵਿਚ ਸਾਹਮਣੇ ਆਇਆ ਹੈ, ਉਸ ਤੋਂ ਇਸ ਮੁਹਾਵਰੇ ਦੇ ਅਰਥ ਕਾਫੀ ਹੱਦ ਤੱਕ ਸਮਝ ਆ ਰਹੇ ਹਨ।
ਇਕੋ ਜਿਹੀਆਂ ਘਟਨਾਵਾਂ ਵਾਰ-ਵਾਰ ਥੋੜ੍ਹੇ-ਥੋੜ੍ਹੇ ਵਕਫੇ ਨਾਲ ਕਿਉਂ ਵਾਪਰੀ ਜਾ ਰਹੀਆਂ ਹਨ, ਉਹ ਵੀ ਆਪਣੇ ਆਪ ਨੂੰ ‘ਅਕਾਲੀ’ ਤੇ ਗੁਰੂ ਦੀ ਵਾਰਸ ਅਖਵਾਉਣ ਵਾਲੀ ਪਾਰਟੀ ਦੇ ਰਾਜ ਵਿਚ? ਹੈਰਾਨੀ ਹੁੰਦੀ ਹੈ, ਕੀ ਇਨ੍ਹਾਂ ਨੂੰ ਸੱਚੀਂ ਹੀ ‘ਗੁਰੂ ਵਾਲੇ’ ਅਖਵਾਉਣ ਦਾ ਹੱਕ ਹਾਸਲ ਹੈ? ਜਾਂ ਐਵੇਂ ਹੀ ‘ਜਥੇਦਾਰਾਂ’ ਕੋਲੋਂ ਆਪਣੇ ਹੱਕ ਵਿਚ ਫਤਵੇ ਲਈ ਜਾਂਦੇ ਹਨ?
ਬਾਕੀ ਭਾਰਤ ਵਿਚ ਹੋਵੇ ਨਾ ਹੋਵੇ, ਪਰ ਪੰਜਾਬ ਵਿਚ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਜਿਸ ਕਲਿਜੁਗ ਦਾ ਜ਼ਿਕਰ ਬਾਣੀ ਵਿਚ ਗੁਰੂ ਨਾਨਕ ਸਾਹਿਬ ਨੇ ਕੀਤਾ ਹੈ, ਉਹ ਸੱਚ-ਮੁਚ ਵਾਪਰ ਰਿਹਾ ਹੈ। ਕਲਿਜੁਗ ਦਾ ਸਬੰਧ ਕਿਸੇ ਖਾਸ ਵੇਲੇ ਜਾਂ ਸਮੇਂ ਨਾਲ ਨਹੀਂ, ਇਸ ਦਾ ਸਬੰਧ ਮਨੁੱਖਾਂ ਦੇ ਸੁਭਾਅ, ਉਨ੍ਹਾਂ ਦੀ ਫਿਤਰਤ ਅਤੇ ਤਰਬੀਅਤ ਨਾਲ ਹੁੰਦਾ ਹੈ। ਕਲਿਜੁਗੀ ਸੁਭਾਅ ਨੂੰ ਗੁਰੂ ਨਾਨਕ ਨੇ ਛੁਰੀ ਕਿਹਾ ਹੈ ਜਿਸ ਦੇ ਵਾਪਰਨ ਨਾਲ ਰਾਜੇ ਕਸਾਈ, ਅਰਥਾਤ ਜ਼ਾਲਮ ਹੋ ਰਹੇ ਹਨ (ਲੋਕਾਂ ਨੂੰ ਜਿਬ੍ਹਾ ਕਰਦੇ ਹਨ), ਜਿਸ ਕਰ ਕੇ ਧਰਮ ਖੰਭ ਲਾ ਕੇ ਉੱਡ ਗਿਆ ਹੈ (ਧਰਮ ਦਾ ਸਬੰਧ ਨਿਆਂ ਨਾਲ ਹੈ, ਜਿਥੇ ਨਿਆਂ ਨਹੀਂ, ਉਥੇ ਧਰਮ ਨਹੀਂ। ਜਦੋਂ ਰਾਜੇ ਕਸਾਈ ਬਣ ਜਾਣ, ਫਿਰ ਨਿਆਂ ਜਾਂ ਧਰਮ ਦੀ ਗੱਲ ਕਿਸ ਨੇ ਕਰਨੀ ਹੈ? ਨਿਆਂ ਰਾਜ ਕਰਤਾ ਦੇ ਹੱਥ ਵਿਚ ਹੁੰਦਾ ਹੈ)। ਮੱਸਿਆ ਦੀ ਰਾਤ ਵਾਂਗ ਕੂੜ ਦਾ ਹਨੇਰਾ ਚਾਰ-ਚੁਫੇਰੇ ਫੈਲਿਆ ਹੋਇਆ ਹੈ ਅਤੇ ਸੱਚ ਰੂਪ ਚੰਦਰਮਾ ਕਿਧਰੇ ਨਜ਼ਰ ਨਹੀਂ ਆ ਰਿਹਾ, ਝੂਠ ਦੇ ਹਨੇਰੇ ਨੇ ਸੱਚ ਪੂਰੀ ਤਰ੍ਹਾਂ ਢਕ ਲਿਆ ਹੈ। (ਇਹ ਕੂੜ ਦੀ ਇੰਤਹਾ ਹੈ ਕਿ ਔਰਬਿਟ ਬੱਸ ਕੰਪਨੀ ਦੇ ਮਾਲਕ ਦੀ ਪਤਨੀ ਜੋ ਕੇਂਦਰ ਵਿਚ ਮੰਤਰੀ ਵੀ ਹੈ, ਢੀਠਤਾਈ ਦੇ ਤਾਣ ਕਹਿ ਰਹੀ ਹੈ ਕਿ ਪਤਾ ਕਰਾਂਗੇ, ਕਿਸ ਕੰਪਨੀ ਦੀ ਬੱਸ ਹੈ ਜਾਂ ਕਿਸ ਦੀ ਬੱਸ ਹੈ?æææ ਤੇ ਪੰਜਾਬ ਦੇ ਇਕ ਕੈਬਨਿਟ ਮੰਤਰੀ ਦਿਨ ਦਿਹਾੜੇ, ਮਾਸੂਮ ਜਾਨ ਜਾਣ ਅਤੇ ਦੂਜੀ ਜ਼ਿੰਦਗੀ ਮੌਤ ਦੇ ਵਿਚਾਲੇ ਹਸਪਤਾਲ ਵਿਚ ਪਈ ਲਟਕਦੀ ਨਾਲ ਹੋਏ ਧੱਕੇ ਨੂੰ ‘ਰੱਬ ਦਾ ਭਾਣਾ’ ਦੱਸ ਰਹੇ ਹਨ। ਇਸ ਤੋਂ ਵੱਧ ਕਸਾਈਪੁਣਾ ਕੀ ਹੋਵੇਗਾ? ਇਸ ਤੋਂ ਸਮਝ ਲੱਗ ਜਾਂਦੀ ਹੈ ਕਿ ਚਿੜੀਆਂ ਦਾ ਮਰਨ ਗਵਾਰਾਂ ਦਾ ਹਾਸਾ ਕਿਸ ਨੂੰ ਕਹਿੰਦੇ ਹਨ।) ਗੁਰੂ ਨਾਨਕ ਸਾਹਿਬ ਆਪਣੇ ਵਿਚਾਰ ਨੂੰ ਜਾਰੀ ਰੱਖਦੇ ਹੋਏ ਅੱਗੇ ਕਹਿੰਦੇ ਹਨ ਕਿ ਮੈਂ ਸੱਚ ਰੂਪ ਚੰਦਰਮਾ ਨੂੰ ਲੱਭ ਲੱਭ ਕੇ ਵਿਆਕੁਲ ਹੋ ਗਿਆ ਹਾਂ, ਇਸ ਕੂੜ ਦੇ ਹਨੇਰੇ ਵਿਚ ਕੋਈ ਰਸਤਾ ਨਜ਼ਰ ਨਹੀਂ ਆਉਂਦਾ। ਕੂੜ ਦਾ ਪਸਾਰਾ ਹਉਮੈ ਕਾਰਨ ਹੈ ਜੋ ਮਨੁੱਖ ਦੇ ਦੁੱਖ ਦਾ ਕਾਰਨ ਬਣਦੀ ਹੈ।
ਇਹੋ ਜਿਹੇ ਹੁਕਮਰਾਨ ਅਤੇ ਉਨ੍ਹਾਂ ਦੇ ਅਹਿਲਕਾਰ ਜਿਨ੍ਹਾਂ ਦੇ ਮੂੰਹ ਨੂੰ ਮਾਇਆ ਦਾ ਲਹੂ ਲੱਗ ਜਾਂਦਾ ਹੈ ਤੇ ਉਸ ਨੂੰ ਇਕੱਠੀ ਕਰਨ ਲਈ ਕੁਝ ਵੀ ਕਰ ਸਕਦੇ ਹਨ, ਦਾ ਜ਼ਿਕਰ ਗੁਰੂ ਨਾਨਕ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1288 ‘ਤੇ ਵੀ ਕੀਤਾ ਹੈ। ਬਾਣੀ ਵਿਚ ਦੱਸਿਆ ਗਿਆ ਹੈ ਕਿ ਹਰਨਾਂ, ਬਾਜਾਂ ਅਤੇ ਅਹਿਲਕਾਰਾਂ ਨੂੰ ‘ਪੜ੍ਹੇ ਹੋਏ’ (ਵਿਦਿਆ ਵਿਚ ਨਿਪੁੰਨ) ਮੰਨਿਆ ਜਾਂਦਾ ਹੈ, ਪਰ ਇਹ ਕਿਸ ਕਿਸਮ ਦੀ ਵਿਦਿਆ ਹੈ? ਇਹ ਤਾਂ ਫਾਹੀ ਲੱਗੀ ਹੋਈ ਹੈ ਜਿਸ ਨਾਲ ਇਹ ਆਪਣੇ ਹੀ ਜਾਤ-ਭਰਾਵਾਂ ਨੂੰ, ਆਪਣੇ ਹੀ ਲੋਕਾਂ ਨੂੰ ਫਸਾਉਂਦੇ ਹਨ। ਰਾਜੇ ਸ਼ੇਰ ਹਨ (ਜਿਹੜੇ ਲੋਕਾਂ ਦਾ ਸ਼ਿਕਾਰ ਕਰਦੇ ਹਨ) ਅਤੇ ਉਨ੍ਹਾਂ ਦੇ ਅਹਿਲਕਾਰ ਕੁੱਤੇ ਹਨ ਜਿਹੜੇ ਵੇਲੇ-ਕੁਵੇਲੇ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਹਨ। ਇਹ ਅਹਿਲਕਾਰ ਇਕ ਤਰ੍ਹਾਂ ਨਾਲ ਸ਼ੇਰਾਂ ਦੀਆਂ ਨਹੁੰਦਰਾਂ ਹਨ ਜੋ ਲੋਕਾਂ ਦਾ ਘਾਤ ਕਰਦੀਆਂ ਹਨ (ਸ਼ੇਰ ਨਹੁੰਆਂ ਨਾਲ ਸ਼ਿਕਾਰ ਕਰਦਾ ਹੈ ਤੇ ਰਾਜੇ ਆਪਣੇ ਅਹਿਲਕਾਰਾਂ ਰਾਹੀਂ ਲੋਕਾਂ ਦਾ ਸ਼ਿਕਾਰ ਕਰਦੇ ਹਨ)। ਰਾਜੇ-ਸ਼ੀਂਹ ਇਨ੍ਹਾਂ ਮੁਕੱਦਮ ਕੁੱਤਿਆਂ ਰਾਹੀਂ ਲੋਕਾਂ ਦਾ ਲਹੂ ਪੀਂਦੇ ਹਨ- ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨਿ ਬੈਠੇ ਸੁਤੇ॥
ਭਾਈ ਗੁਰਦਾਸ ਨੇ ਅਜਿਹੇ ਸਮੇਂ ਨੂੰ ‘ਜੁਗ ਗਰਦੀ’ ਦਾ ਨਾਂ ਦਿੱਤਾ ਹੈ ਅਤੇ ਨਾਲ ਇਹ ਵੀ ਦੱਸਿਆ ਹੈ ਕਿ ਜਦੋਂ ‘ਜੁਗ ਗਰਦੀ’ ਹੁੰਦੀ ਹੈ ਤਾਂ ਦੁਨੀਆਂ ਵਿਚ ਵਰਤਾਰਾ ਕਿਹੋ ਜਿਹਾ ਹੋ ਜਾਂਦਾ ਹੈ,
‘ਜੁਗਿ ਗਰਦੀ ਜਬ ਹੋਵਹੇ ਉਲਟੇ ਜੁਗੁ ਕਿਆ ਹੋਇ ਵਰਤਾਰਾ।
ਉਠੇ ਗਿਲਾਨਿ ਜਗਤਿ ਵਿਚਿ ਵਰਤੇ ਪਾਪ ਭ੍ਰਿਸਟਿ ਸੰਸਾਰਾ।’
ਔਰਬਿਟ ਕੰਪਨੀ ਦੀ ਬੱਸ ਵਿਚ ਲੰਢੇ ਕੇ ਪਿੰਡ ਦੀ ਛਿੰਦਰ ਕੌਰ ਅਤੇ ਉਸ ਦੀ ਧੀ ਅਰਸ਼ਦੀਪ ਕੌਰ ਨਾਲ ਜੋ ਛਿੰਦਰ ਕੌਰ ਦੇ ਪੁੱਤਰ ਅਕਾਸ਼ਦੀਪ ਸਿੰਘ ਸਮੇਤ ਸਫਰ ਕਰ ਰਹੀਆਂ ਸਨ, ਜੋ ਭਾਣਾ ਵਾਪਰਿਆ, ਉਸ ਦੀ ਚਰਚਾ ਮੀਡੀਆ ਅਤੇ ਸੋਸ਼ਲ ਮੀਡੀਆ ਵਿਚ ਕਾਫੀ ਹੋ ਚੁੱਕੀ ਹੈ। ‘ਪੰਜਾਬ ਟਾਈਮਜ਼’ ਦੇ ਪਾਠਕਾਂ ਨੇ ਇਸ ਨੂੰ ਪੂਰੇ ਵਿਸਥਾਰ ਵਿਚ ਪੜ੍ਹ ਲਿਆ ਹੋਵੇਗਾ; ਖਾਸ ਕਰ ਕੇ ਦਲਜੀਤ ਅਮੀ ਦਾ ਪੰਜਾਬ ਦੇ ਮੁਖ ਮੰਤਰੀ ਦੇ ਨਾਮ ਲਿਖਿਆ ਖਤ (9 ਮਈ ਦੇ ਅੰਕ ਵਿਚ) ਪੜ੍ਹ ਕੇ ਇਸ ਦੇ ਸਾਰੇ ਪੱਖ ਪਾਠਕਾਂ ਸਾਹਮਣੇ ਉਜਾਗਰ ਹੋ ਗਏ ਹਨ। ਦਲਜੀਤ ਅਮੀ ਨੇ ਫ਼ਰੀਦਕੋਟ ਵਾਲੀ ਘਟਨਾ ਤੋਂ ਲੈ ਕੇ ਅੰਮ੍ਰਿਤਸਰ ਆਪਣੀ ਧੀ ਨੂੰ ਬਚਾਉਣ ਆਏ ਠਾਣੇਦਾਰ ਦੀ ਮੁਜਰਮਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਤੱਕ, ਪੰਜਾਬ ਵਿਚ ਬਾਦਲਾਂ ਦੇ ਰਾਜ ਸਮੇਂ ਵਾਪਰੀਆਂ ਅਜਿਹੀਆਂ ਘਟਨਾਵਾਂ ਦੇ ਸਾਰੇ ਪੱਖ ਬਹੁਤ ਬਾਰੀਕੀ ਨਾਲ ਪਾਠਕਾਂ ਦੇ ਸਾਹਮਣੇ ਰੱਖੇ ਹਨ। ਉਸ ਤੋਂ ਬਾਅਦ ਲਗਦਾ ਨਹੀਂ ਕਿ ਕੁਝ ਹੋਰ ਲਿਖਣ ਦੀ ਗੁੰਜਾਇਸ਼ ਬਾਕੀ ਰਹਿ ਜਾਂਦੀ ਹੈ, ਪਰ ਅਜਿਹੀ ਘਟਨਾ ਨੂੰ ਸੁਣ ਕੇ ਮਨ ਚੁੱਪ ਵੀ ਨਹੀਂ ਰਹਿ ਸਕਦਾ। ਮਨ ਵਿਚ ਗੁੱਸਾ, ਅਫਸੋਸ ਅਤੇ ਹੋਰ ਕਈ ਤਰ੍ਹਾਂ ਦੇ ਮਨਹੂਸ ਖਿਆਲ ਵੀ ਆਉਂਦੇ ਹਨ। ਮੈਂ ਕੋਈ ਸਮਾਜ ਸ਼ਾਸਤਰੀ ਨਹੀਂ ਅਤੇ ਨਾ ਹੀ ਰਾਜਨੀਤੀ ਸ਼ਾਸਤਰ ਦੀ ਵਿਦਿਆਰਥਣ ਹਾਂ, ਪਰ ਜਿੰਨੀ ਕੁ ਮੈਨੂੰ ਸਮਝ ਹੈ, ਉਸ ਅਨੁਸਾਰ ਸਮਾਜ ਦੀ ਮੋਟੀ ਜਿਹੀ ਵਰਗ ਵੰਡ ਕੀਤੀ ਜਾ ਸਕਦੀ ਹੈ: ਆਮ ਲੋਕ ਜੋ ਸਮਾਜ ਦਾ ਵੱਡਾ ਹਿੱਸਾ ਹਨ, ਬੁੱਧੀਜੀਵੀ ਵਰਗ ਜਿਸ ਨੇ ਸਮਾਜ ਦੇ ਦੁੱਖਾਂ ਸੁੱਖਾਂ ਨੂੰ ਸਮਝਣਾ ਹੁੰਦਾ ਹੈ, ਲੋਕਾਂ ਨੂੰ ਸੇਧ ਦੇਣੀ ਹੁੰਦੀ ਹੈ। ਧਾਰਮਿਕ ਆਗੂ- ਘੱਟੋ ਘੱਟ ਭਾਰਤੀ ਸਮਾਜ ਵਿਚ ਧਾਰਮਿਕ ਆਗੂਆਂ ਦੀ ਖਾਸੀ ਅਹਿਮੀਅਤ ਹੈ। ਭਾਈ ਗੁਰਦਾਸ ਅਨੁਸਾਰ ਜਦੋਂ ਸੁਮੇਰ ਪਰਬਤ ‘ਤੇ ਡੇਰੇ ਜਮਾਈ ਬੈਠੇ ਸਿੱਧਾਂ ਨੂੰ ਗੁਰੂ ਨਾਨਕ ਮਿਲਦੇ ਹਨ ਤਾਂ ਉਹ ਗੁਰੂ ਨਾਨਕ ਨੂੰ ਪ੍ਰਸ਼ਨ ਕਰਦੇ ਹਨ ਕਿ ਹੇਠਾਂ ਮਾਤ ਲੋਕ ਵਿਚ ਸਮਾਜ ਕਿਵੇਂ ਚੱਲ ਰਿਹਾ ਹੈ, ਗੁਰੂ ਨਾਨਕ ਉੱਤਰ ਦਿੰਦੇ ਹਨ ਕਿ ਜਿਨ੍ਹਾਂ ਨੇ ਲੋਕਾਂ ਦੀ ਅਗਵਾਈ ਕਰਨੀ ਹੈ, ਉਹ ਪਰਬਤਾਂ ਵਿਚ ਛੁਪ ਕੇ ਬੈਠ ਗਏ ਹਨ ਤਾਂ ਸਭ ਕੁਝ ਠੀਕ ਕਿਵੇਂ ਹੋ ਸਕਦਾ ਹੈ- ‘ਸਿਧ ਛਪਿ ਬੈਠੇ ਪਰਬਤੀ ਕਉਣੁ ਜਗਤਿ ਕਉ ਪਾਰਿ ਉਤਾਰਾ॥’
ਅਗਲਾ ਵਰਗ ਹੈ ਹਰ ਪੰਜਾਂ ਸਾਲਾਂ ਬਾਅਦ ਵੋਟਾਂ ਰਾਹੀਂ ਜਿੱਤ ਕੇ ਰਾਜ-ਸਿੰਘਾਸਣ ‘ਤੇ ਬੈਠਣ ਵਾਲਿਆਂ ਦਾ ਅਤੇ ਪ੍ਰਬੰਧਕੀ ਢਾਂਚਾ ਜਿਸ ਦਾ ਸਮਾਜ ਉਤੇ ਸਭ ਤੋਂ ਵੱਧ ਕਾਬੂ ਹੈ ਜਾਂ ਹੋ ਸਕਦਾ ਹੈ। ਰਾਜ ਕਿਸੇ ਵੀ ਪਾਰਟੀ ਦਾ ਹੋਵੇ, ਪ੍ਰਬੰਧਕੀ ਢਾਂਚਾ ਤਾਕਤ ਵਿਚ ਹਮੇਸ਼ਾ ਬਣਿਆ ਰਹਿੰਦਾ ਹੈ ਅਤੇ ਇਸ ਪ੍ਰਬੰਧਕੀ ਢਾਂਚੇ ਵਿਚ ਮੁੱਖ ਪੁਲਿਸ ਫੋਰਸ ਹੈ ਜਿਸ ਦੀ ਪ੍ਰਬੰਧ ਕਰਨ ਵਿਚ ਸਿੱਧੀ ਦਖਲ-ਅੰਦਾਜ਼ੀ ਹੈ, ਆਮ ਲੋਕਾਂ ਦਾ ਗਾਹੇ-ਬਗਾਹੇ ਸਭ ਤੋਂ ਵੱਧ ਵਾਹ-ਵਾਸਤਾ ਇਸ ਨਾਲ ਹੀ ਪੈਂਦਾ ਹੈ। ਇਕ ਹੋਰ ਵਰਗ ਹੈ ਮੀਡੀਆ ਦਾ ਜਿਸ ਦੀ ਮਹੱਤਤਾ ਵੀ ਦਿਨੋ ਦਿਨ ਵਧਦੀ ਜਾਂਦੀ ਹੈ ਕਿਉਂਕਿ ਇਸ ਵਰਗ ਨੇ ਸਮਾਜ ਵਿਚ ਜੋ ਵੀ ਵਾਪਰ ਰਿਹਾ ਹੈ, ਉਸ ‘ਤੇ ਕਾਂ-ਅੱਖ ਰੱਖਣੀ ਹੁੰਦੀ ਹੈ, ਅਤੇ ਲੋਕਾਂ ਨੂੰ ਉਸ ਦੀ ਸਹੀ ਜਾਣਕਾਰੀ ਦੇਣਾ ਇਨ੍ਹਾਂ ਦਾ ਫਰਜ਼ ਵੀ ਹੈ ਅਤੇ ਪੇਸ਼ਾ ਵੀ।
ਸਭ ਤੋਂ ਪਹਿਲਾਂ ਗੱਲ ਕਰੀਏ ਵੋਟਾਂ ਰਾਹੀਂ ਜਿੱਤ ਕੇ ਸਰਕਾਰ ਬਣਾਉਣ ਵਾਲਿਆਂ ਦੀ। ਮੌਜੂਦਾ ਪਾਰਟੀ ਲਗਾਤਾਰ ਦੂਜੀ ਵਾਰ ਪੰਜਾਬ ‘ਤੇ ਰਾਜ ਕਰ ਰਹੀ ਹੈ। ਨਾਹਰੇ ਇਸ ਨੇ ‘ਰਾਜ ਨਹੀਂ ਸੇਵਾ’ ਵਰਗੇ ਆਮ ਲੋਕਾਂ ਨੂੰ ਬਹੁਤ ਹੀ ਭਰਮਾਉਣ ਵਾਲੇ ਦਿੱਤੇ ਹਨ। ਦਾਲ-ਆਟਾ ਸਕੀਮ, ਕਿਸਾਨਾਂ ਨੂੰ ਮੁਫ਼ਤ ਬਿਜਲੀ, ਸਕੂਲੀ ਕੁੜੀਆਂ ਨੂੰ ਮੁੱਖ ਮੰਤਰੀ ਦੀ ਤਸਵੀਰ ਵਾਲੇ ਸਾਈਕਲ, ਨੰਨ੍ਹੀ ਛਾਂ ਵਰਗੀਆਂ ਸੰਸਥਾਵਾਂ ਅਤੇ ਹੋਰ ਪਤਾ ਨਹੀਂ ਕੀ ਕੀ ਸਬਜ਼-ਬਾਗ਼ ਅਤੇ ਸੁਪਨੇ ਦਿਖਾਏ ਹਨ, ਪਰ ਇਸ ਸਾਰੇ ਅਰਸੇ ਵਿਚ ਕਿਸ ਕਿਸਮ ਦੀ ਸੇਵਾ ਕੀਤੀ ਹੈ? ਰੇਤਾ ਬਜਰੀ ਸਕੈਂਡਲ, ਨਸ਼ਿਆਂ ਦੀ ਤਸਕਰੀ, ਬੱਸ ਕੰਪਨੀਆਂ, ਕੇਬਲ ਨੈੱਟਵਰਕ ‘ਤੇ ਕਬਜ਼ਾ ਅਤੇ ਹੋਰ ਵੱਖ-ਵੱਖ ਢੰਗਾਂ ਨਾਲ ਸਟੇਟ ਨੂੰ ਕਿਵੇਂ ਲੁੱਟਿਆ ਹੈ, ਇਹ ਸਭ ਹਰ ਰੋਜ਼ ਅਖਬਾਰਾਂ ਦੀਆਂ ਸੁਰਖੀਆਂ ਬਣਦਾ ਹੈ। ਬੇਰੁਜ਼ਗਾਰੀ ਨੇ ਲੋਕਾਂ ਦਾ ਸਾਹ ਸੂਤ ਰੱਖਿਆ ਹੈ, ਪੰਜਾਬ ਦੀ ਜੁਆਨ ਪੀੜ੍ਹੀ ਨਸ਼ਿਆਂ ਵਿਚ ਤਬਾਹ ਹੋ ਗਈ ਹੈ, ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ, ਕੈਂਸਰ ਵਰਗੀ ਨਾ-ਮੁਰਾਦ ਬਿਮਾਰੀ ਨੇ ਤਬਾਹੀ ਮਚਾ ਰੱਖੀ ਹੈ। ਸਰਕਾਰੀ ਹਸਪਤਾਲ ਸਿਹਤ ਸਹੂਲਤਾਂ ਅਤੇ ਡਾਕਟਰਾਂ ਤੋਂ ਸੱਖਣੇ ਹੋ ਗਏ ਹਨ। ਸਰਕਾਰੀ ਸਕੂਲਾਂ ਅਤੇ ਕਾਲਜਾਂ ਵਿਚ ਅਧਿਆਪਕਾਂ ਦੀ ਕੋਈ ਭਰਤੀ ਨਹੀਂ ਹੋ ਰਹੀ। ਕਈ-ਕਈ ਸਰਕਾਰੀ ਕਾਲਜਾਂ ਨੂੰ ਇਕ-ਇਕ ਪ੍ਰਿੰਸੀਪਲ ਚਲਾ ਰਿਹਾ ਹੈ। ਆਮ ਲੋਕ ਮੁਢਲੀਆਂ ਸਿਹਤ ਸੇਵਾਵਾਂ ਤੋਂ ਵਾਂਝੇ ਹੋ ਰਹੇ ਹਨ ਅਤੇ ਉੱਚੀ ਵਿਦਿਆ ਇੰਨੀ ਮਹਿੰਗੀ ਹੋ ਗਈ ਹੈ ਕਿ ਆਮ ਬੰਦੇ ਦੇ ਵੱਸ ਦਾ ਰੋਗ ਨਹੀਂ ਰਿਹਾ।
‘ਨੰਨ੍ਹੀ ਛਾਂ’ ਦੀ ‘ਬੇਬੇ’ ਨੂੰ ਕੋਈ ਪੁੱਛੇ ਕਿ ਜਿਸ ਸੂਬੇ ਵਿਚ ਫ਼ਰੀਦਕੋਟ, ਅੰਮ੍ਰਿਤਸਰ ਅਤੇ ਔਰਬਿਟ ਬੱਸ ਵਰਗੀਆਂ ਘਟਨਾਵਾਂ ਨਿੱਤ ਦਿਹਾੜੇ ਵਾਪਰਦੀਆਂ ਹਨ, ਉਥੇ ਕੋਈ ਧੀਆਂ ਜੰਮਣ ਦੀ ਹਿੰਮਤ ਕਿਵੇਂ ਕਰੇਗਾ?
ਪ੍ਰਬੰਧਕੀ ਢਾਂਚਾ ਬੁਰੀ ਤਰ੍ਹਾਂ ਭ੍ਰਿਸ਼ਟ, ਰਿਸ਼ਵਤਖੋਰ ਅਤੇ ਸਿਫਾਰਸ਼ੀ ਹੋ ਗਿਆ ਹੈ। ਫ਼ਰੀਦਕੋਟ ਵਾਲੇ ਵਾਕਿਆ ਅਤੇ ਅੰਮ੍ਰਿਤਸਰ ਧੀ ਬਚਾਉਣ ਆਏ ਠਾਣੇਦਾਰ ਦੀ ਹੱਤਿਆ ਬਾਰੇ ਪਹਿਲਾਂ ਵੀ ਗੱਲ ਕੀਤੀ ਸੀ। ਪੱਛਮੀ ਮੁਲਕਾਂ ਵਿਚ ਪ੍ਰਬੰਧਕੀ ਢਾਂਚਾ ਖਾਸ ਕਰ ਕੇ ਪੁਲਿਸ ਫੋਰਸ ਰਾਜਨੀਤਕ ਦਖਲ ਤੋਂ ਬਹੁਤ ਹੱਦ ਤੱਕ ਸੁਤੰਤਰ ਹੁੰਦੀ ਹੈ। ਪੁਲਿਸ ਲੋਕਾਂ ਦੀ ਮਦਦ ਲਈ, ਵੇਲੇ-ਕੁਵੇਲੇ ਮੁਸੀਬਤ ਵਿਚ ਉਨ੍ਹਾਂ ਦੇ ਕੰਮ ਆਉਣ ਲਈ ਹੁੰਦੀ ਹੈ। ਕਿਸੇ ਕੁੜੀ ਨਾਲ ਅਰਸ਼ਦੀਪ ਅਤੇ ਉਹਦੀ ਮਾਂ ਵਰਗੀ ਕੋਈ ਘਟਨਾ ਵਾਪਰ ਜਾਵੇ (ਇਥੇ ਕੁੜੀਆਂ ਰਾਤਾਂ ਨੂੰ ਵੀ ਕੰਮਾਂ ਦੀਆਂ ਥਾਂਵਾਂ ਤੋਂ ਬੱਸਾਂ ਵਿਚ ਆਉਂਦੀਆਂ-ਜਾਂਦੀਆਂ ਹਨ ਅਤੇ ਭਾਵੇਂ ਸਾਰੀ ਬੱਸ ਵਿਚ ਇਕੋ ਇਕੱਲੀ ਕੁੜੀ ਹੋਵੇ ਤਾਂ ਵੀ ਉਸ ਦੀ ਜਾਨ ਤੇ ਇੱਜ਼ਤ ਨੂੰ ਕੋਈ ਖ਼ਤਰਾ ਨਹੀਂ) ਤਾਂ ਪੁਲਿਸ ਝੱਟ ਪਹੁੰਚ ਜਾਂਦੀ ਹੈ। ਕਿਸੇ ਘਰੇਲੂ ਹਿੰਸਾ ਦਾ ਜਾਂ ਕੋਈ ਹੋਰ ਅਜਿਹਾ ਮਸਲਾ ਹੋਵੇ, ਕੋਈ ਕੁੜੀ ਨਿਧੜਕ ਪੁਲਿਸ ਨੂੰ ਫੋਨ ਕਰ ਸਕਦੀ ਹੈ ਅਤੇ ਚੰਦ ਮਿੰਟਾਂ ਵਿਚ ਪੁਲਿਸ ਪਹੁੰਚ ਜਾਂਦੀ ਹੈ। ਇਥੇ ਲੋਕ ਪੁਲਿਸ ਦੇ ਹੱਥਾਂ ਵਿਚ ਕਿਸੇ ਘਟਨਾ ਵੇਲੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਨ ਕਿਉਂਕਿ ਇਥੇ ਪੁਲਿਸ ਦਾ ਮਹਿਕਮਾ ਰਾਜਨੀਤਕ ਦਖ਼ਲ-ਅੰਦਾਜ਼ੀ ਤੋਂ ਆਜ਼ਾਦ ਹੈ। ਇਥੇ ਪੁਲਿਸ ਮੁਖੀ ਨੂੰ ਇਹ ਨਹੀਂ ਕਹਿਣਾ ਪੈਂਦਾ ਕਿ ਬੱਸ ਤਾਂ ਡਿਪਟੀ ਸੀæਐਮæ ਦੀ ਕੰਪਨੀ ਦੀ ਹੀ ਹੈ, ਉਹ ਮਾਲਕਾਂ ਵਿਰੁਧ ਕੋਈ ਐਕਸ਼ਨ ਨਹੀਂ ਲੈ ਸਕਦਾ। ਪੁਲਿਸ ਇਥੇ ਵੀæਆਈæਪੀਜ਼ ਨੂੰ ਸਕਿਓਰਿਟੀ ਦੇਣ ਲਈ ਨਹੀਂ ਬਲਕਿ ਲੋਕਾਂ ਦੇ ਕੰਮ ਆਉਣ ਲਈ ਤਿਆਰ ਕੀਤੀ ਜਾਂਦੀ ਹੈ। ਮੇਰੇ ਸਾਹਮਣੇ ਇਥੋਂ ਅੰਗਰੇਜ਼ੀ ਵਿਚ ਨਿਕਲਦੀ ਛੋਟੀ ਜਿਹੀ ਲੋਕਲ ਅਖ਼ਬਾਰ ‘ਬਰੈਂਪਟਨ ਗਾਰਡੀਅਨ’ ਪਈ ਹੈ। ਇਸ ਵਿਚ ਲਿਖਿਆ ਹੈ ਕਿ ਕ੍ਰਿਸਮਸ ਮੌਕੇ ਜਿਨ੍ਹਾਂ ਤਿੰਨ ਪੁਲਿਸ ਵਾਲਿਆਂ ਨੇ ਕੁਝ ਜਵਾਨਾਂ ਦੀ ਪਿਟਾਈ ਕੀਤੀ ਸੀ, ਉਨ੍ਹਾਂ ਨੂੰ ਦੁਬਾਰਾ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਪੁਲਿਸ ਮਹਿਕਮੇ ਦਾ ਫੈਸਲਾ ਹੈ, ਕਿਸੇ ਐਮæਐਲ਼ਏæ ਜਾਂ ਮਨਿਸਟਰ ਦੇ ਕਹਿਣ ‘ਤੇ ਨਹੀਂ ਹੋਇਆ। ਮਹਿਕਮਾ ਆਪਣੇ ਫੈਸਲੇ ਆਪ ਕਰਦਾ ਹੈ। ਤਰੱਕੀਆਂ, ਬਦਲੀਆਂ ਮੰਤਰੀਆਂ, ਲੀਡਰਾਂ ਜਾਂ ਸੀæਐਮæ ਨੇ ਨਹੀਂ ਕਰਨੀਆਂ ਹੁੰਦੀਆਂ।
ਪੰਜਾਬ ਦੇ ਬੁੱਧੀਜੀਵੀ ਰਾਜਨੀਤੀ ਤੋਂ ਉਰੇ ਕੋਈ ਗੱਲ ਹੀ ਨਹੀਂ ਕਰਦੇ। ਉਹ ਵੀ ਰੂਲਿੰਗ ਪਾਰਟੀਆਂ ਅਨੁਸਾਰ ਅਲਾਇੰਸ ਬਣਾ ਕੇ ਚੱਲਦੇ ਹਨ ਅਤੇ ਧੜੇ ਪਾਲਦੇ ਹਨ। ਧਾਰਮਿਕ ਲੀਡਰ ਹਰ ਰੋਜ਼ ਬਾਬੇ ਨਾਨਕ ਦੀ ਬਾਣੀ ਪੜ੍ਹਦੇ ਹਨ ਅਤੇ ਆਪਣੇ ਆਪ ਨੂੰ ਰਾਹ-ਦਰਸਾਵਾ ਵੀ ਦੱਸਦੇ ਹਨ। ਉਹ ਯੋਗੀਆਂ ਵਾਂਗ ਪਹਾੜਾਂ ‘ਤੇ ਤਾਂ ਨਹੀਂ ਜਾ ਕੇ ਲੁਕੇ (ਜੇ ਚਲੇ ਜਾਂਦੇ ਚੰਗਾ ਸੀ, ਲੋਕਾਂ ਦਾ ਖਹਿੜਾ ਛੁੱਟ ਜਾਂਦਾ) ਪਰ ਉਨ੍ਹਾਂ ਨੇ ਆਪਣਾ ਧਰਮ ਇਹ ਬਣਾ ਲਿਆ ਹੈ ਕਿ ਮੌਜੂਦਾ ਮੁੱਖ ਮੰਤਰੀ ਜਾਂ ਉਸ ਦੇ ਨੇੜਲਿਆਂ ਦੇ ਹਰ ਪੁੱਠੇ ਸਿੱਧੇ ਕੰਮ ਦੇ ਹੱਕ ਵਿਚ ਬਿਆਨ ਜ਼ਰੂਰ ਦੇਣਾ ਹੈ। ਇਸ ਨਾਲੋਂ ਤਾਂ ਬਿਹਤਰ ਹੈ ਕਿ ਚੁੱਪ ਹੀ ਰਹਿਣ, ਘੱਟੋ ਘੱਟ ਲੋਕਾਂ ਨੂੰ ਸ਼ਰਮਿੰਦਿਆਂ ਤਾਂ ਨਾ ਹੋਣਾ ਪਵੇ।
ਗੁਰੂ ਘਰ ਦੇ ਢਾਡੀਆਂ ਕਵੀਸ਼ਰਾਂ ਨੂੰ ਬੇਨਤੀ ਹੈ ਕਿ 18ਵੀਂ ਸਦੀ ਵਿਚ ਸਿੰਘਾਂ ਵੱਲੋਂ ਅਬਦਾਲੀ ਤੋਂ ਹਿੰਦੁਸਤਾਨੀ ਕੁੜੀਆਂ ਨੂੰ ਬਚਾਉਣ ਦੇ ਪ੍ਰਸੰਗ ਸੁਣਾ ਕੇ ਬ੍ਰਾਹਮਣਾਂ ਨੂੰ ਸ਼ਰਮਿੰਦਿਆਂ ਕਰਨ ਦਾ ਕੰਮ ਛੱਡ ਕੇ ਹੁਣ ਧਾਰਮਿਕ ਸਟੇਜਾਂ ਤੋਂ ਇਹ ਦੱਸਣਾ ਸ਼ੁਰੂ ਕਰਨ ਕਿ ਅਕਾਲੀ ਪਾਰਟੀ ਦੇ ਰਾਜ ਵਿਚ ਪੰਜਾਬ ਦੀਆਂ ਜੰਮੀਆਂ ਦੀਆਂ ਇੱਜ਼ਤਾਂ ਨਾਲ ਕੀ ਵਾਪਰ ਰਿਹਾ ਹੈ। ਇਹ ਸਮੁੱਚੀ ਲੋਕਾਈ ਦੀ ਸੇਵਾ ਹੋਵੇਗੀ।
ਲੋਕ ਬਹੁਤ ਮਜ਼ਬੂਤ ਵਰਗ ਹੈ। ਜੇ ਕੋਈ ਉਨ੍ਹਾਂ ਨੂੰ ਸੇਧ ਦੇ ਸਕੇ ਤਾਂ ਲੋਕ ਸ਼ਕਤੀ ਕੁਝ ਵੀ ਕਰ ਸਕਦੀ ਹੈ। ਨਸ਼ਿਆਂ, ਭ੍ਰਿਸ਼ਟਾਚਾਰ, ਪੁਲਿਸ ਵਧੀਕੀਆਂ ਸਬੰਧੀ ਲਾਮਬੰਦ ਹੋਣਾ ਚਾਹੀਦਾ ਹੈ। ਚਾਰ ਦਿਨ ਹੋ-ਹੱਲਾ ਮਚਾਉਣ ਨਾਲ ਕੁਝ ਨਹੀਂ ਬਣਨਾ। ਲਗਾਤਾਰ ਲੜਨਾ ਪੈਣਾ ਹੈ, ਘੱਟੋ ਘੱਟ ਵੋਟਾਂ ਵੇਲੇ ਸੁਚੇਤ ਹੋ ਕੇ ਆਪਣੇ ਵਿਚੋਂ ਸੁਹਿਰਦ ਲੋਕਾਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ। ਹੁਣ ਤਾਂ ਲੋਕ ਸ਼ਕਤੀ ਤਾਨਾਸ਼ਾਹਾਂ ਨੂੰ ਮੂਧੇ ਮਾਰਨ ਦੀ ਹਿੰਮਤ ਰੱਖਦੀ ਹੈ, ਫਿਰ ਵੋਟਾਂ ਰਾਹੀਂ ਬਦਲਣਾ ਤਾਂ ਔਖਾ ਨਹੀਂ ਹੈ। ਇਹੋ ਜਿਹੀਆਂ ਘਟਨਾਵਾਂ ਸਮੇਂ ਇਕੱਠੇ ਹੋ ਕੇ ਡੰਡਾ ਚੁੱਕਣਾ ਬਣਦਾ ਹੈ। ਨਹੀਂ ਤਾਂ ਫਿਰ ਅੰਨ੍ਹੀ ਰਈਅਤ ਗਿਆਨ ਵਿਹੂਣੀ ਨੂੰ ਭੁਗਤਦੇ ਰਹਿਣਾ ਪਵੇਗਾ। ‘ਮੈਨੂੰ ਕੀ?’ ਦੀ ਬਿਰਤੀ ਪੰਜਾਬੀ ਨਹੀਂ ਹੈ, ਇਹ ਪੰਜਾਬੀਆਂ ਦਾ ਅਣਖੀ ਸੁਭਾਅ ਨਹੀਂ ਹੈ। ਨਸ਼ਿਆਂ ਨੇ ਪੰਜਾਬੀਆਂ ਨੂੰ ਬੇਗ਼ੈਰਤ ਬਣਾ ਦਿੱਤਾ ਹੈ। ਦਸ-ਵੀਹ ਸਵਾਰੀਆਂ ਦੇ ਹੁੰਦਿਆਂ ਕੰਡਕਟਰ ਇਵੇਂ ਕਿਵੇਂ ਕਰ ਗਏ? ਲਾਹਨਤ ਹੈ ਫਿਰ ਪੰਜਾਬੀ ਹੋਣ ‘ਤੇ। ਪੰਜਾਬੀ ਸੁਭਾਅ ਤਾਂ ਮੰਗ ਕਰਦਾ ਹੈ ਕਿ ਗੰਦੇ ਅਸ਼ਲੀਲ ਗੀਤਾਂ ‘ਤੇ ਭੰਗੜੇ ਪਾਉਣ ਤੇ ਝੂਮਣ ਦੀ ਥਾਂ ਇਹ ਗੀਤ ਲਿਖਣ ਅਤੇ ਗਾਉਣ ਵਾਲਿਆਂ ਦਾ ਮੂੰਹ ਭੰਨ ਦਿੱਤਾ ਜਾਵੇ। ਪੱਤਰਕਾਰ ਕਿਉਂ ਵਿਕ ਗਏ ਹਨ? ਉਹ ਕਿਉਂ ਬੱਸ ਦੇ ਮਾਲਕ ਦਾ ਨਾਂ ਲੈਣ ਦੀ ਥਾਂ ‘ਕਿਸੇ ਪ੍ਰਾਈਵੇਟ ਬੱਸ’ ਕਹਿੰਦੇ ਹਨ? ਉਹ ਦਲਜੀਤ ਅਮੀ ਕਿਉਂ ਨਹੀਂ ਬਣ ਸਕਦੇ?