ਮੋਗਾ…ਹੁਣ ਨਿਆਂ ਹੋਗਾ?

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਸਾਡੇ ਇਕ ਜਾਣੂ ਸੱਜਣ ਘੁੰਮਣ-ਫਿਰਨ ਦੇ ਬੜੇ ਸ਼ੌਕੀਨ ਸਨ। ਮੇਰੇ ਪਿਤਾ ਦੇ ਹਾਣੀ ਇਹ ਬਜ਼ੁਰਗ ਸਾਈਕਲ ‘ਤੇ ਮੇਲੇ-ਮਸਾਵੇ ਦੇਖਣ ਤੁਰੇ ਰਹਿੰਦੇ। ਵਿਦੇਸ਼ ਗਏ ਇਨ੍ਹਾਂ ਦੇ ਬੇਟੇ ਨੇ ਚਾਅ ਨਾਲ ਉਨ੍ਹਾਂ ਨੂੰ ਮੋਪਡ ਲੈ ਦਿੱਤੀ। ਦੂਜੇ-ਤੀਜੇ ਦਿਨ ਹੀ ਇਹ ਮੋਪਡ ‘ਤੇ ਸਵਾਰ ਹੋ ਕੇ ਇਕ ਲਿੰਕ ਰੋਡ ਤੋਂ ਨਵਾਂ ਸ਼ਹਿਰ-ਚੰਡੀਗੜ੍ਹ ਰੋਡ ‘ਤੇ ਚੜ੍ਹਨ ਲੱਗੇ ਜ਼ਬਰਦਸਤ ਹਾਦਸੇ ਦਾ ਸ਼ਿਕਾਰ ਹੋ ਗਏ।

ਸਾਹਮਣਿਓਂ ਆਉਂਦੀ ਬੱਸ ਥੱਲੇ ਇਨ੍ਹਾਂ ਦੀ ਮੋਪਡ ਆ ਗਈ। ਫਿਸੀ ਪਈ ਮੋਪਡ ਦੇਖ ਕੇ ਸਾਨੂੰ ਲੱਗਿਆ ਕਿ ਭਾਣਾ ਵਰਤ ਗਿਆ, ਪਰ ਪਤਾ ਲੱਗਣ ‘ਤੇ ਜਦ ਮੈਂ ਨਵਾਂ ਸ਼ਹਿਰ ਹਸਪਤਾਲ ਉਨ੍ਹਾਂ ਦੀ ਖਬਰਸਾਰ ਲੈਣ ਗਿਆ, ਤਾਂ ਉਨ੍ਹਾਂ ਨੂੰ ਆਪਣੇ ਪਰਿਵਾਰ ਜਨਾਂ ਨਾਲ ਗੱਲਾਂ ਕਰਦਿਆਂ ਦੇਖ ਕੇ ਦੰਗ ਰਹਿ ਗਿਆ। ਉਨ੍ਹਾਂ ਦੇ ਗੋਡਿਆਂ, ਗਿੱਟਿਆਂ ਤੇ ਕੂਹਣੀਆਂ ਉਤੇ ਬੇਸ਼ੱਕ ਪੱਟੀਆਂ ਕੀਤੀਆਂ ਹੋਈਆਂ ਸਨ, ਪਰ ਉਹ ਇਕ ਹੱਥ ਖੜ੍ਹਾ ਕਰ ਕੇ ਧੀਰੇ ਧੀਰੇ ਕੁਝ ਦੱਸ ਰਹੇ ਸਨ।
ਜਾਂਦਿਆਂ ਸਾਰ ਮੈਂ ਹੈਰਾਨੀ ਤੇ ਸ਼ੁਕਰਾਨੇ ਦੇ ਰਲੇ-ਮਿਲੇ ਹਾਵ-ਭਾਵ ਪ੍ਰਗਟਾਉਂਦਿਆਂ ਪੁੱਛ ਬੈਠਾ ਕਿ ਚਾਚਾ ਜੀ ਐਕਸੀਡੈਂਟ ਹੋਇਆ ਕਿੱਦਾਂ? ਮੇਰਾ ਸਵਾਲ ਸੁਣਦਿਆਂ ਹੀ ਉਹ ਇਉਂ ਕੰਬਣ ਲੱਗ ਪਿਆ ਜਿਵੇਂ ਪੋਹ ਮਹੀਨੇ ਮੀਂਹ ਵਿਚ ਭਿੱਜੇ ਬੰਦੇ ਨੂੰ ਕੰਬਣੀ ਛਿੜੀ ਹੁੰਦੀ ਹੈ। ਬੈਡ ਤੇ ਆਲੇ-ਦੁਆਲੇ ਜੁੜੇ ਬੈਠੇ ਉਹਦੇ ਪਰਿਵਾਰ ਦੇ ਜੀਆਂ ਨੇ ਇਕ ਦਮ ਮੈਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ। ਉਧਰ ਉਹ ਅੱਖਾਂ ਵਿਚੋਂ ਪਰਲ ਪਰਲ ਹੰਝੂ ਕੇਰਦਾ ਬੁੜ-ਬੁੜਾਉਂਦਿਆਂ ਕੁਝ ਬੋਲਣ ਹੀ ਲੱਗਾ ਸੀ ਕਿ ਉਸ ਦੀ ਪਤਨੀ ਨੇ ਉਸ ਦੇ ਹਿਲਦੇ ਬੁੱਲ੍ਹਾਂ ‘ਤੇ ਹੱਥ ਰੱਖ ਕੇ ਉਸ ਦੀ ਛਾਤੀ ਪਲੋਸਣੀ ਸ਼ੁਰੂ ਕਰ ਦਿੱਤੀ। ਫੁਰਤੀ ਨਾਲ ਇਕ ਮੁੰਡਾ ਉਠਿਆ ਤੇ ਮੈਨੂੰ ਬਾਹੋਂ ਫੜ ਕੇ ਪਾਸੇ ਲੈ ਗਿਆ, “ਭਾਅ ਜੀ, ਐਕਸੀਡੈਂਟ ਹੋਇਆ ਹੀ ਐਨਾ ਭਿਆਨਕ ਹੈ ਕਿ ਭਾਪਾ ਜੀ ਚੇਤੇ ਕਰ ਕੇ ਭੁੱਬੀਂ ਰੋਣ ਲੱਗ ਪੈਂਦੇ ਆ, ਨਾਲੇ ਜ਼ੋਰ ਜ਼ੋਰ ਦੀ ਕੰਬਣ ਲੱਗ ਪੈਂਦੇ ਆ। ਡਾਕਟਰ ਨੇ ਦੱਸਿਆ ਹੈ ਕਿ ਇਹ ਬੇਸ਼ੱਕ ਬੋਲਦੇ-ਚਾਲਦੇ ਨੇ, ਪਰ ਹੈਗੇ ਸਦਮੇ ਵਿਚ। ਇਨ੍ਹਾਂ ਨਾਲ ਹਾਲੇ ਐਕਸੀਡੈਂਟ ਦੀ ਕੋਈ ਗੱਲ ਨਾ ਛੇੜਿਓ।”
ਮੌਤ ਦੇ ਮੂੰਹੋਂ ਬਚ ਕੇ ਆਏ ਤੇ ਭਿਆਨਕ ਸਦਮੇ ਨਾਲ ਝੰਬੇ ਇਸ ਬਜ਼ੁਰਗ ਵਾਂਗ, ਮੈਂ ਵੀ ਜਿਸ ਦਿਨ ਮੋਗੇ ਵਿਚ ਔਰਬਿਟ ਬੱਸ ਵਾਲਿਆਂ ਦੀ ਦਰਿੰਦਗੀ ਦੀਆਂ ਖਬਰਾਂ ਸੁਣੀਆਂ ਤੇ ਦੇਖੀਆਂ, ਦਰਦਨਾਕ ਖਾਮੋਸ਼ੀ ਵਿਚ ਗ੍ਰਸਿਆ ਗਿਆ। ਆਪਣੀ ਮਾਂ ਨਾਲ ਚਾਈਂ ਚਾਈਂ ਨਾਨਕੇ ਘਰ ਚੱਲੀ 13 ਸਾਲਾਂ ਦੀ ਬਾਲੜੀ, ਬੇ-ਹਯਾ ਕਾਮੁਕ ਹਰਕਤਾਂ ਦਾ ਵਿਰੋਧ ਕਰਦੀ, ਚੱਲਦੀ ਬੱਸ ਵਿਚੋਂ ਧੱਕੇ ਮਾਰ ਕੇ ਬਾਹਰ ਸੁੱਟੀ ਗਈ। ਸੜਕ ਦੇ ਵਿਚਕਾਰ ਅਰਧ-ਨਗਨ ਲਾਸ਼ ਬਣੀ ਪਈ ਅਰਦਸ਼ਦੀਪ ਕੌਰ ਵੱਲ ਦੇਖ ਕੇ, ਕਿਹੜਾ ਪੱਥਰ ਦਿਲ ਇਨਸਾਨ ਹੋਵੇਗਾ ਜਿਸ ਦੀ ਰੂਹ ਨਾ ਕੰਬੀ ਹੋਵੇ?æææਕਿਹੜੀ ਕੋਈ ਐਸੀ ਬੇ-ਤਰਸ ਜ਼ੁਬਾਨ ਹੋਵੇਗੀ ਜਿਸ ਨੇ ਅਰਸ਼ਦੀਪ ਨਾਲ ਅਤਿ ਦੀ ਬੇ-ਹਯਾਈ ਕਰਨ ਵਾਲਿਆਂ ਨੂੰ ਬਦ-ਅਸੀਸਾਂ ਨਾ ਦਿੱਤੀਆਂ ਹੋਣਗੀਆਂ?
‘ਅੰਦਰੇ ਹੀ ਅੱਗ ਤੇ ਅੰਦਰੇ ਪਾਣੀ’ ਵਾਲੀ ਮਾਯੂਸੀ ਵਿਚ ਮੈਂ ਕਈ ਦਿਨ ਮੋਗਾ ਕਾਂਡ ਦੀਆਂ ਪਰਤਾਂ ਦੀ ਉਧੇੜ-ਬੁਣ ਕਰੀ ਗਿਆ। ਨਾਨਕਿਆਂ ਨੂੰ ਤੁਰਨ ਵੇਲੇ ਅਰਸ਼ਦੀਪ ਨੇ ਚਾਅ ਨਾਲ ਨਵੇਂ ਕੱਪੜੇ ਪਾਏ ਹੋਣਗੇæææਕਿਹੜੀਆਂ ਕਿਹੜੀਆਂ ਸੋਚਾਂ ਲੈ ਕੇ ਬੱਸੇ ਚੜ੍ਹੀ ਬਾਲੜੀ ਨੂੰ ਕੀ ਪਤਾ ਸੀ ਕਿ ਇਨ੍ਹਾਂ ਕੱਪੜਿਆਂ ਨੂੰ ਡਾਕਟਰ ਦੀ ਕੈਂਚੀ ਨੇ ਕੱਟ ਕੱਟ, ਉਸ ਦੇ ਸਰੀਰ ਦਾ ਪੋਸਟ-ਮਾਰਟਮ ਕਰਨਾ ਹੈ। ਬੇ-ਦਰਦਾਂ ਵੱਲੋਂ ਮਾਰੇ ਧੱਕੇ ਨਾਲ ਸੜਕ ‘ਤੇ ਡਿਗਦਿਆਂ ਸਾਰ ਸ਼ਾਇਦ ਉਸ ਨੇ ‘ਬਚ ਜਾਣ’ ਦੀ ਆਸ ਰੱਖੀ ਹੋਵੇæææ। ਗਲੇ ਵਿਚੋਂ ਆਖਰੀ ਸਾਹ ਨਿਕਲਣ ਵੇਲੇ, ਉਹਦੇ ਦਿਲ ਵਿਚ ਕੀ ਕੁਝ ਚੱਲ ਰਿਹਾ ਹੋਵੇਗਾ? ਕੀ ਪਤਾ, ਉਸ ਨੇ ਸੜਕ ‘ਤੇ ਢਹਿੰਦੇ ਸਾਰ ‘ਹਾਏ ਮਾਂ’ ਕਿਹਾ ਹੋਵੇæææਬੁੱਚੜ ਡਰਾਈਵਰ ਵੱਲੋਂ ਹਾਈਡ੍ਰੋਲਿਕ ਦਰਵਾਜ਼ਾ ਖੋਲ੍ਹਣ ਵੇਲੇ ਉਹਨੇ ਬੱਸ ਵਿਚ ਬੈਠੀਆਂ ਹੋਰ ਸਵਾਰੀਆਂ ਵੱਲ ਮਦਦ ਦੀ ਆਸ ਨਾਲ ਤਰਸ ਭਰੀਆਂ ਅੱਖਾਂ ਨਾਲ ਦੇਖਿਆ ਹੀ ਹੋਵੇਗਾ।
ਇਨ੍ਹਾਂ ਭਿਆਨਕ ਪਲਾਂ ਦੀ ਦਰਦਨਾਕ ਦਾਸਤਾਨ ਵਿਚ ਖੁੱਭਿਆ, ਮੈਂ ਜ਼ਰਾ ਹੋਰ ਅੱਗੇ ਵਧ ਕੇ ਅਰਸ਼ਦੀਪ ਦੀ ਜਗ੍ਹਾ ਆਪਣੀ ਧੀ ਬਾਰੇ ਚਿਤਵਿਆ ਤਾਂ ਮੇਰੀ ਹਾਲਤ ਵੀ ਉਸ ਬਜ਼ੁਰਗ ਵਰਗੀ ਹੋ ਗਈ ਜਿਸ ਦਾ ਜ਼ਿਕਰ ਉਪਰ ਕੀਤਾ ਹੈ। ਔਰਬਿਟ ਬੱਸਾਂ ਦੇ ਮਾਲਕਾਂ ਦੀ ਬਿਆਨਬਾਜ਼ੀ ਮਾਨੋ ਜ਼ਖਮਾਂ ‘ਤੇ ਲੂਣ ਭੁੱਕ ਗਈ:
ਇਕ ਦਿਲ ਹੀ ਨਹੀਂ ਸਾਰਾ ਹੀ ਬਦਨ ਛਲਨੀ ਹੈ
ਅਬ ਤੋਂ ਦਰਦ ਭੀ ਪਰੇਸ਼ਾਂ ਹੈ ਕਿ ਕਹਾਂ ਉਠੂੰ।
ਸਿਆਸੀ ਹੈਂਕੜ ਅਧੀਨ ਬਦ-ਇੰਤਜ਼ਾਮੀ ਦੀ ਮਾਰ ਸਹਿੰਦਾ ਹੋਇਆ, ਮੱਧ ਯੁੱਗ ਦੀ ਖਾਨਦਾਨੀ ਰਿਆਸਤ ਬਣਨ ਵੱਲ ਵਧ ਰਿਹਾ ਜਾਪਦਾ ਪੰਜਾਬ ਅਤੇ ਇਕ ਟੱਬਰ ਦੀ ਜਗੀਰ ਬਣ ਉਸ ਖਿੱਤੇ ਵਿਚ ਵਾਪਰੇ ਇਸ ਘੋਰ ਪਾਪ ਬਾਰੇ ਕੀ ਲਿਖਾਂ? ਲਿਖਾਂ ਜਾਂ ਨਾ ਲਿਖਾਂ? ਇਨ੍ਹਾਂ ਸਵਾਲਾਂ ਦੀ ਚੀਸ ਵਿਚ ਕਰਾਹੁੰਦੇ ਨੂੰ ਮੈਨੂੰ ਫੇਸਬੁੱਕ ਰਾਹੀਂ ਸੁਨੇਹਾ ਮਿਲਿਆ ਜੋ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਸਰਗਰਮ ਆਰæਟੀæਆਈ ਕਾਰਕੁਨ ਨੇ ਭੇਜਿਆ ਸੀ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਆਪਣੇ ਤੌਰ ‘ਤੇ ਮੋਗਾ ਔਰਬਿਟ ਬੱਸ ਕਾਂਡ ਦੀ ਤਹਿਕੀਕਾਤ ਕਰਵਾਉਣੀ ਹੈ ਅਤੇ ਆਪਣੀ ਮਦਦ ਲਈ ਦੋ ‘ਮਿੱਤਰ ਵਕੀਲ’ ਨਿਯੁਕਤ ਕੀਤੇ ਹਨ।
ਮਾਨਵੀ ਹੱਕ-ਹਕੂਕਾਂ ਅਤੇ ਜਨ ਹਿੱਤ ਪਟੀਸ਼ਨਾਂ ਲਈ ਲੰਮੇ ਸਮੇਂ ਤੋਂ ਕੰਮ ਕਰਦੇ ਐਡਵੋਕੇਟ ਐਚæਸੀæ ਅਰੋੜਾ ਅਤੇ ਐਡਵੋਕੇਟ ਸ਼ ਰਾਜਵਿੰਦਰ ਸਿੰਘ ਬੈਂਸ ਦੇ ‘ਈ-ਮੇਲ’ ਐਡਰੈਸ ਦੇ ਕੇ, ਆਮ ਪਬਲਿਕ ਤੋਂ ਇਹ ਮੰਗ ਕੀਤੀ ਸੀ ਕਿ ਮੋਗਾ ਕਾਂਡ ਦੇ ਨਾਲ ਨਾਲ ਪੰਜਾਬ ਵਿਚ ਟਰਾਂਸਪੋਰਟ ਸਬੰਧੀ ਪਹਿਲੂਆਂ (ਸਮੱਸਿਆਵਾਂ, ਕਾਰਨ ਤੇ ਇਨ੍ਹਾਂ ਦੇ ਹੱਲ) ਬਾਰੇ ਸੁਝਾਅ ਭੇਜੇ ਜਾਣ। ਸ਼ੋਸ਼ਲ ਮੀਡੀਆ ਤੋਂ ਇਹ ਸੰਦੇਸ਼ ਪੜ੍ਹਨ ਉਪਰੰਤ ਮੈਨੂੰ ਕੁਝ ਲਿਖਣ ਲਈ ਤਿੰਨ ਮੁੱਖ ਕਾਰਨ ਹੁੱਝਾਂ ਮਾਰਨ ਲੱਗ ਪਏ। ਪਹਿਲਾ, ਧਨਾਢਾਂ ਦੇ ਵਿਗੜੈਲ ਕਰਿੰਦਿਆਂ ਹੱਥੋਂ ਬੇਗੁਨਾਹ ਬਾਲੜੀ ਦੀ ਮੌਤ ਦਾ ਦਰਦ। ਦੂਜਾ, ਅੱਠ ਕੁ ਸਾਲ ਅਕਾਲੀ ਸਿਆਸਤ ਵਿਚ ਵਿਚਰਦਿਆਂ ਬੰਦੇ ‘ਖਰੀਦਣ’ ਲਈ ‘ਬੱਸਾਂ ਦੀਆਂ ਪੇਸ਼ਕਸ਼ਾਂ’ ਦੇ ਚਰਚੇ। ਤੀਜਾ, ਉਮਰ ਦੇ ਪੰਜਾਹ ਸਾਲ ਪੰਜਾਬ ਵਿਚ ਕੀਤੇ ਬੱਸਾਂ ਦੇ ਸਫ਼ਰ ਅਤੇ ਹੁਣ ਵੀ ਅਮਰੀਕਾ ਤੋਂ ਹਰ ਸਾਲ ਪੰਜਾਬ ਜਾ ਕੇ ਬੱਸਾਂ ਵਿਚ ਹੀ ਦੂਰ-ਨੇੜੇ ਜਾਣ ਦਾ ਅਨੁਭਵ। ਸੋ, ਇਨ੍ਹਾਂ ਕਾਰਨਾਂ ਸਦਕਾ ਜਿਹੜੀਆਂ ਅਪੀਲਾਂ ਤੇ ਦਲੀਲਾਂ ਮੈਂ ਵਕੀਲਾਂ ਨੂੰ ਲਿਖ ਭੇਜੀਆਂ, ਉਨ੍ਹਾਂ ਦਾ ਸਾਰ-ਅੰਸ਼ ਇਉਂ ਹੈ:
æææਤਕਰੀਬਨ ਸਾਰੀ ਪ੍ਰਾਈਵੇਟ ਟਰਾਂਸਪੋਰਟ (ਖਾਸ ਕਰ ਕੇ ਬੱਸਾਂ) ਦੇ ਮਾਲਕ ਸਿਆਸਤਦਾਨ ਹਨ। ਦਲਾਂ ਦੇ ਨਾਂਵਾਂ ਦਾ ਹੀ ਵਖਰੇਵਾਂ ਹੈ। ਸਾਰੇ ਟਰਾਂਸਪੋਰਟਰ, ਪੰਜਾਬ ਰੋਡਵੇਜ਼ ਨੂੰ ਰਗੜੇ ਲਾ ਕੇ ਖੁਦ ਦੇ ਖ਼ਜ਼ਾਨੇ ਭਰਦੇ ਹਨ। ਇਸ ਮਾਲਕ ਲੜੀ ਵਿਚ ‘ਸਿਰਮੌਰ ਨਾਮ’ ਪੰਜਾਬ ਦੇ ਮੌਜੂਦਾ ਹਾਕਮ ਟੱਬਰ ਦਾ ਹੈ। ਇਸ ਹਾਕਮ ਪਰਿਵਾਰ ਦੀਆਂ ਬੱਸਾਂ ਨਾਜਾਇਜ਼ ਤੌਰ ‘ਤੇ ਮੁਹਾਲੀ ਵਿਚ ਵੜਨ ਦਾ ਵਿਰੋਧ ਕਰਦਾ ਆਈæਏæਐਸ਼ ਅਧਿਕਾਰੀ ਸਰਵਣ ਸਿੰਘ ਬੀਰ ਸਮੇਂ ਤੋਂ ਪਹਿਲਾਂ ਹੀ ਰਿਟਾਇਰਮੈਂਟ ਲੈ ਕੇ ਦੋ ਕੁ ਸਾਲ ਹੋਏ ਘਰੇ ਬਹਿ ਗਿਆ। ਉਸ ਅਫਸਰ ਨੂੰ ਕੋਰਟ ਵਿਚ ਸੱਦ ਕੇ ਪੁੱਛਿਆ ਜਾਵੇ ਕਿ ਉਸ ਨੇ ਕਿਸ ਕਾਰਨ ਸਮੇਂ ਤੋਂ ਪਹਿਲਾਂ ਸੇਵਾ ਮੁਕਤੀ ਲੈਣੀ ਗਨੀਮਤ ਸਮਝੀ?
æææਪੰਜਾਬ ਰੋਡੇਵਜ਼ ਅਤੇ ਪੀæਆਰæਟੀæਸੀæ ਦੀਆਂ ਸਾਰੀਆਂ ਸਰਕਾਰੀ ਬੱਸਾਂ ਵਿਚ ਕੇਵਲ ਦੋ-ਦੋ ਮੁਲਾਜ਼ਮ ਹੀ ਹੁੰਦੇ ਨੇ, ਇਕ ਡਰਾਇਵਰ ਤੇ ਦੂਜਾ ਕੰਡਕਟਰ; ਪਰ ਪ੍ਰਾਈਵੇਟ ਬੱਸਾਂ ਵਿਚ ਡਰਾਇਵਰ-ਕੰਡਕਟਰ ਤੋਂ ਇਲਾਵਾ ਦੋ ਮੁਲਾਜ਼ਮ ਹੋਰ ਹੁੰਦੇ ਨੇ। ਇਕ ਮੋਹਰਲੀ ਤਾਕੀ ਕੋਲ ਖੜ੍ਹਦਾ ਹੈ ਤੇ ਦੂਜਾ ਪਿਛਲੀ ਤਾਕੀ ਕੋਲ। ਬੱਸ ਅੱਡੇ ‘ਤੇ ਰੁਕਦਿਆਂ ਸਾਰ ਸਮੇਤ ਕੰਡਕਟਰ, ਇਹ ਦੋਵੇਂ ਜਣੇ ਭੁੱਖੇ ਬਘਿਆੜਾਂ ਵਾਂਗ ਬੱਸ ਤੋਂ ਉਤਰ ਕੇ ਸਵਾਰੀਆਂ ਨੂੰ ਬਦੋ-ਬਦੀ ਬੱਸਾਂ ਵਿਚ ਚੜ੍ਹਾਉਣ ਲਈ ਪੱਬਾਂ ਭਾਰ ਹੋ ਜਾਂਦੇ ਨੇ। ਅਜਿਹੇ ਮੌਕੇ ਜੇ ਅੱਡੇ ਵਿਚ ਪਹਿਲਾਂ ਹੀ ਕੋਈ ਬੱਸ ਖੜ੍ਹੀ ਹੋਵੇ ਤਾਂ ਇਹ ਇਹ ਦੋਵੇਂ, ਬਾਹੂਬਲੀਏ ਬਣ ਕੇ ਉਸ ਬੱਸ ਦੇ ਮੁਲਾਜ਼ਮਾਂ ਨਾਲ ਬਦ-ਸਲੂਕੀ ਕਰਦੇ ਹਨ। ਮੇਰਾ ਤਜਰਬਾ ਹੈ ਕਿ ਬਹੁਤੀਆਂ ਪ੍ਰਾਈਵੇਟ ਬੱਸਾਂ ਦੀਆਂ ਤਾਕੀਆਂ ਵਿਚ ਖੜ੍ਹਨ ਵਾਲੇ ਇਹ ਮੁਲਾਜ਼ਮ, ਪਹਿਰਾਵੇ ਅਤੇ ਬੋਲ-ਬਾਣੀ ਪੱਖੋਂ ‘ਮੁਲਜ਼ਮ’ ਹੀ ਦਿਖਾਈ ਦਿੰਦੇ ਨੇ। ਪਾਟੇ ਹੋਏ ਬਾਂਸ ਵਰਗੀ ਭਰੜਾਈ ਆਵਾਜ਼ ਕੱਢ ਕੇ ਜਦ ਇਹ ਸਵਾਰੀਆਂ ਨੂੰ ਟੁੱਟ ਟੁੱਟ ਪੈਂਦੇ ਹਨ ਤਾਂ ਬੀਬੀਆਂ ਤੇ ਹਲਕੀ ਉਮਰ ਦੇ ਬੱਚੇ ਡਰਦੇ ਮਾਰੇ ਸਹਿਮ ਜਾਂਦੇ ਹਨ।
æææਇਸ ਨੁਕਤੇ ਨੂੰ ਵੀ ਜਾਂਚ ਦੇ ਘੇਰੇ ਵਿਚ ਲਿਆਂਦਾ ਜਾਵੇ ਕਿ ਚਾਰ ਚਾਰ ਮੁਲਾਜ਼ਮ ਰੱਖ ਕੇ ਵੀ ਪ੍ਰਾਈਵੇਟ ਟਰਾਂਸਪੋਰਟਰ ਕਿਉਂ ਮਾਲਾ-ਮਾਲ ਹੋ ਰਹੇ ਹਨ ਅਤੇ ਦੋ-ਦੋ ਮੁਲਾਜ਼ਮਾਂ ਨਾਲ ਬੱਸ ਸਰਵਿਸ ਚਲਾ ਰਹੀਆਂ ਪੰਜਾਬ ਰੋਡਵੇਜ਼ ਤੇ ਪੀæਆਰæਟੀæਸੀæ ਲਗਾਤਾਰ ਘਾਟੇ ਵਿਚ ਹੀ ਕਿਉਂ ਜਾ ਰਹੀਆਂ ਹਨ? ਸਮਾਜ ਸੇਵਾ ਦੀ ਚੇਟਕ ਰੱਖਣ ਵਾਲੇ ਬੁੱਧੀਜੀਵੀ ਤੇ ਲਿਖਾਰੀ, ਕਵੀ ਹਜ਼ਾਰਾਂ ਵਾਰ ਲੇਖ, ਕਵਿਤਾਵਾਂ ਲਿਖ ਚੁੱਕੇ ਹਨ ਕਿ ਬੱਸਾਂ ਵਿਚ ਅਸ਼ਲੀਲ ਗੀਤ ਵਜਾਉਣ ‘ਤੇ ਪਾਬੰਦੀ ਲਾਈ ਜਾਵੇ। ਸੈਂਕੜੇ ਵਾਰ ਅਜਿਹੀ ਮੰਗ ਕਰਦੇ ਮੰਗ ਪੱਤਰ, ਕਈ ਸਮਾਜ ਸੇਵੀ ਸੰਸਥਾਵਾਂ ਵਲੋਂ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਦਿੱਤੇ ਜਾਂਦੇ ਹਨ, ਪਰ ਕਿਸੇ ਦੇ ਵੀ ਕੰਨਾਂ ‘ਤੇ ਜੂੰ ਨਹੀਂ ਸਰਕੀ। ਪ੍ਰਾਈਵੇਟ ਬੱਸਾਂ ਵਿਚ ਤਾਂ ਟੀæਵੀæ ਫਿੱਟ ਕੀਤੇ ਹੁੰਦੇ ਹਨ ਜਿਨ੍ਹਾਂ ‘ਤੇ ਫੂਹੜ ਕਿਸਮ ਦੀਆਂ ਫਿਲਮਾਂ ਨਿਸ਼ੰਗ ਚੱਲਦੀਆਂ ਹਨ। ਸਕੂਲਾਂ-ਕਾਲਜਾਂ ਨੂੰ ਜਾ ਰਹੀਆਂ ਕੁੜੀਆਂ (ਖਾਸ ਕਰ ਕੇ ਪਿੰਡਾਂ ਤੋਂ ਸ਼ਹਿਰਾਂ ਵੱਲ ਚਲਦੀਆਂ ਮਿੰਨੀ ਬੱਸਾਂ ਵਿਚ) ਅਜਿਹੇ ਮੌਕਿਆਂ ‘ਤੇ ਸ਼ਰਮਸਾਰੀ ਵਜੋਂ ਨੀਵੀਆਂ ਪਾਉਂਦੀਆਂ ਮੈਂ ਖੁਦ ਦੇਖਦਾ ਰਿਹਾ ਹਾਂ।
æææਮੋਗਾ ਕਾਂਡ ਵਿਚ ਭਾਗੀਦਾਰ ਔਰਬਿਟ ਬੱਸ ਦੇ ਮਾਲਕਾਂ ਦੀ ਜ਼ਿੰਮੇਵਾਰੀ ਤੈਅ ਕਰਦਿਆਂ, ਸਤੰਬਰ 1956 ਵਿਚ ਤਾਮਿਲਨਾਡੂ ਵਿਖੇ ਹੋਏ ਰੇਲ ਹਾਦਸੇ ਦਾ ਵਾਕਿਆ ਵੀ ਵਿਚਾਰ ਲੈਣਾ ਚਾਹੀਦਾ ਹੈ ਜਿਸ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਤਤਕਾਲੀ ਕੇਂਦਰੀ ਰੇਲ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਅਸਤੀਫਾ ਦੇ ਦਿੱਤਾ ਸੀ; ਹਾਲਾਂਕਿ ਹਾਦਸਾਗ੍ਰਸਤ ਰੇਲ ਗੱਡੀਆਂ, ਸ੍ਰੀ ਸ਼ਾਸਤਰੀ ਦੀ ‘ਨਿੱਜੀ ਜਾਇਦਾਦ’ ਨਹੀਂ ਸਨ। ਮੋਗਾ ਕਾਂਡ ਦੀ ‘ਨੈਤਿਕ ਜ਼ਿੰਮੇਵਾਰੀ’ ਵਾਲੀ ਤਖ਼ਤੀ ਹੁਣ ਕਿਹਦੇ ਗਲ ਵਿਚ ਪੈਣੀ ਚਾਹੀਦੀ ਹੈ? ਇਹ ਸਵਾਲ ਵੀ ਜਵਾਬ ਮੰਗਦਾ ਹੈ।
æææਅਣਿਆਈ ਮੌਤੇ ਮਾਰੀ ਗਈ ਲੜਕੀ ਦੇ ਗਰੀਬ ਪਿਤਾ ਨੂੰ ਤੁਰਤ-ਫੁਰਤ ਲੱਭ ਕੇ ਉਸ ਨੂੰ ਲੱਖਾਂ ਰੁਪਏ ਦੇਣ ਦੇ ਐਲਾਨ ਕੀਤੇ ਗਏ। ਇਸ ਕਾਰਵਾਈ ਨਾਲ ਅਰਬ ਮੁਲਕ ਚੇਤੇ ਆ ਗਏ ਜਿਥੇ ਕੋਈ ਕਾਤਲ, ਮਕਤੂਲ ਦੇ ਪਰਿਵਾਰ ਨੂੰ ‘ਬਲੱਡ ਮਨੀ’ ਦੇ ਰੂਪ ਵਿਚ ਮੂੰਹ ਮੰਗੇ ਪੈਸੇ ਦੇ ਕੇ ਕਤਲ ਮੁਆਫ ਕਰਾ ਲੈਂਦਾ ਹੈ। ਇਸੇ ਤਰ੍ਹਾਂ ਬਾਲੜੀ ਅਰਸ਼ਦੀਪ ਦਾ ਅੰਤਿਮ ਸੰਸਕਾਰ ਵੀ, ਪੰਜਾਬੀ ਸਮਾਜ ਦੀਆਂ ਪ੍ਰਚਲਿਤ ਪ੍ਰੰਪਰਾਵਾਂ ਦੇ ਉਲਟ ਸੂਰਜ ਅਸਤ ਹੋਣ ਤੋਂ ਬਾਅਦ ਪੁਲਿਸ ਦੇ ਸਖ਼ਤ ਪਹਿਰੇ ਹੇਠ ਕਰਾ ਦਿੱਤਾ ਗਿਆ। ਸ਼ਾਇਦ ਇਸੇ ਕਾਰਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਿਵੇਂ ਸ਼ਹੀਦ ਭਗਤ ਸਿੰਘ ਦਾ ਅੰਤਿਮ ਸੰਸਕਾਰ ਚੋਰੀ ਛਿਪੇ ਦਿਨ ਡੁੱਬੇ ਕਰ ਦਿੱਤਾ ਗਿਆ ਸੀ, ਉਵੇਂ ਹੀ ਹੁਣ ਦੀ ਪੰਜਾਬ ਸਰਕਾਰ ਨੇ ਕੀਤਾ ਹੈ।
æææਵਕੀਲ ਸਾਹਿਬਾਨ ਨੂੰ ਇਹ ਵੀ ਯਾਦ ਕਰਾਇਆ ਕਿ ਪੰਜਾਬ ਦੇ ਸਿਆਸਤਦਾਨ, ਹਰਿਆਣੇ ਦੇ ਓਮ ਪ੍ਰਕਾਸ਼ ਚੌਟਾਲੇ ਜਿਹੇ ਭੋਲੇ ਨਹੀਂ ਜੋ ਕਾਨੂੰਨ ਦੇ ਅੜਿੱਕੇ ਆ ਕੇ ਜੇਲ੍ਹ ਜਾ ਬਹਿਣਗੇ। ਇਹ ਤਾਂ ਕੇਸ ਦੇ ਅਰੰਭ ਵਿਚ ਹੀ ‘ਕੱਲੇ ‘ਕੱਲੇ ਗਵਾਹ ਨੂੰ ਮੁਕਰਾਉਣ ਦੀ ਕਲਾ ਵਰਤਾਉਣ ਵਿਚ ਪ੍ਰਬੀਨ ਹਨ। ਇਸ ਪੱਖੋਂ ਵੀ ਚੌਕਸ ਰਿਹਾ ਜਾਵੇ। ‘ਈ-ਮੇਲ’ ਰਾਹੀਂ ਮੇਰੇ ਵੱਲੋਂ ਭੇਜਿਆ ਪੁਲੰਦਾ ਮਿਲ ਜਾਣ ਤੋਂ ਕੁਝ ਘੰਟਿਆਂ ਬਾਅਦ ਹੀ ਵਕੀਲ ਨੇ ਆਪਣੀ ‘ਵਾਲ’ ਉਤੇ ਮੇਰਾ ਧੰਨਵਾਦ ਕੀਤਾ ਅਤੇ ਔਰਬਿਟ ਬੱਸਾਂ ਬਾਰੇ ਮੇਰੀ ਲਿਖੀ ਇਕ ਬੈਂਤ ਵੀ ਪਾ ਦਿੱਤੀ।
ਮੋਗਾ ਇਲਾਕੇ ਦੇ ਦੋਸਤ ਦੱਸਦੇ ਨੇ ਕਿ ਸਾਡੇ ਉਥੇ ‘ਮੋਗਾ ਚਾਹ ਜੋਗਾ’ ਮੁਹਾਵਰੇ ਵਜੋਂ ਹੀ ਕਿਹਾ-ਸੁਣਿਆ ਜਾਂਦਾ ਹੈ। ਮੋਗਾ ਕਾਂਡ ਬਾਰੇ ਲਿਖਦਿਆਂ ਮਨ ਵਿਚ ਸਵਾਲ ਉਠਦਾ ਹੈ ਕਿ ਮੋਗਾ, ਹੁਣ ਨਿਆਂ ਹੋਗਾ?æææਜਾਂ ਬੀਬੀ ਜੈ ਲਲਿਤਾ ਦੇ ਕੇਸ ਵਾਂਗ ਕਈ ਵਰ੍ਹੇ ਪਾਣੀ ਵਿਚ ਮਧਾਣੀ ਹੀ ਫਿਰੀ ਜਾਵੇਗੀ?