ਚੰਡੀਗੜ੍ਹ: ਸਤੰਬਰ 2010 ਵਿਚ ਜਦੋਂ ਪੰਜਾਬ ਵਿਧਾਨ ਸਭਾ ਨੇ ਪੰਜਾਬ ਰਾਜ ਵਿਧਾਨਕ ਮੈਂਬਰ (ਪੈਨਸ਼ਨ ਤੇ ਮੈਡੀਕਲ ਸੁਵਿਧਾਵਾਂ ਰੈਗੂਲੇਸ਼ਨ) ਸੋਧ ਬਿੱਲ ਪਾਸ ਕੀਤਾ ਸੀ ਤਾਂ ਇਸ ਨੇ ਸਾਲ ਵਿਚ ਹੋਣ ਵਾਲੀਆਂ ਮੀਟਿੰਗਾਂ ਦੀ ਘੱਟੋ-ਘੱਟ ਗਿਣਤੀ ਤੈਅ ਕੀਤੀ ਸੀ। ਇਸ ਸਾਲ ਵਿਧਾਨ ਸਭਾ ਦੀਆਂ ਸਿਰਫ 14 ਬੈਠਕਾਂ ਹੋਈਆਂ ਹਨ। ਇਸ ਕੈਲੰਡਰ ਵਰ੍ਹੇ ਦਾ ਆਖਰੀ ਸੈਸ਼ਨ ਵੀ ਰੌਲੇ-ਰੱਪੇ ਦੀ ਭੇਟ ਚੜ੍ਹ ਗਿਆ।
ਪਾਰਲੀਮੈਂਟ ਦੇ ਹੇਠਲੇ ਸਦਨ ਲੋਕ ਸਭਾ ਵਿਚ ਸਾਲ ਵਿਚ ਔਸਤਨ 72 ਦਿਨ ਕੰਮ-ਕਾਰ ਹੁੰਦਾ ਹੈ ਜਦਕਿ ਪੰਜਾਬ ਸਮੇਤ ਕਈ ਵਿਧਾਨ ਸਭਾਵਾਂ ਦੀਆਂ ਬੈਠਕਾਂ ਦੀ ਗਿਣਤੀ ਕਦੇ ਹੀ 25 ਦਾ ਅੰਕੜਾ ਪਾਰ ਕਰਦੀ ਹੈ। ਪਿਛਲੀ ਵਾਰ 1997 ਵਿਚ ਪੰਜਾਬ ਵਿਧਾਨ ਸਭਾ ਦੀਆਂ 25 ਬੈਠਕਾਂ ਹੋਈਆਂ ਸਨ ਜਦਕਿ 2003 ਵਿਚ ਸਿਰਫ 14 ਮੀਟਿੰਗਾਂ ਹੋ ਸਕੀਆਂ ਸਨ। ਦੋ ਸੈਸ਼ਨਾਂ ਦਰਮਿਆਨ ਵਿਛੜੇ ਆਗੂਆਂ ਤੇ ਹਸਤੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਘੱਟੋ-ਘੱਟ ਦੋ ਦਿਨ ਸਮਰਪਿਤ ਕੀਤੇ ਜਾਂਦੇ ਹਨ ਜਦਕਿ ਹਰ ਸਾਲ ਬਜਟ ਸੈਸ਼ਨ ਦੀ ਸ਼ੁਰੂਆਤ ਰਾਜਪਾਲ ਦੇ ਭਾਸ਼ਣ ਨਾਲ ਹੁੰਦੀ ਹੈ।
ਜੇ ਕਿਸੇ ਸਾਲ ਵਿਧਾਨ ਸਭਾ ਦੇ ਤਿੰਨ ਸੈਸ਼ਨ ਹੁੰਦੇ ਹਨ ਤਾਂ ਤਿੰਨ ਦਿਨ ਸ਼ਰਧਾਂਜਲੀਆਂ ਦੇ ਲੇਖੇ ਲੱਗ ਜਾਂਦੇ ਹਨ। ਇਕ ਦਿਨ ਰਾਜਪਾਲ ਦਾ ਭਾਸ਼ਣ ਤੇ ਬਾਕੀ ਬਚਦੇ ਸਮੇਂ ਵਿਚੋਂ 50 ਤੋਂ 75 ਫੀਸਦ ਵਾਕਆਊਟ, ਸ਼ੋਰਗੁਲ ਤੇ ਕੰਮ ਰੋਕੂ ਉਪਰਾਲਿਆਂ ਦੀ ਭੇਟ ਚੜ੍ਹ ਜਾਂਦਾ ਹੈ। ਪੰਜਾਬ ਵਿਧਾਨ ਸਭਾ ਵਿਚ ਸਿਆਸੀ ਬਹਿਸ ਲਈ ਸਾਲ ਵਿਚ 30-40 ਘੰਟੇ ਵੀ ਨਹੀਂ ਬੈਠਦੇ। ਅਕਸਰ ਸੈਸ਼ਨ ਦੇ ਸਮਾਪਤੀ ਮੌਕੇ ਕਈ-ਕਈ ਬਿੱਲ ਝਟਪਟ ਪਾਸ ਕਰਵਾ ਲਏ ਜਾਂਦੇ ਹਨ ਹਾਲਾਂਕਿ ਇਨ੍ਹਾਂ ‘ਤੇ ਨਿੱਠ ਕੇ ਵਿਚਾਰ-ਚਰਚਾ ਕਰਨ ਦੀ ਲੋੜ ਹੁੰਦੀ ਹੈ।
ਵਿਧਾਨ ਸਭਾਵਾਂ ਦੇ ਕਾਰ ਵਿਹਾਰ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ। ਸੈਸ਼ਨਾਂ ਦੀ ਗਿਣਤੀ ਵਿਚ ਹੀ ਕਮੀ ਨਹੀਂ ਆ ਰਹੀ ਸਗੋਂ ਬਹਿਸ ਦਾ ਨਿਘਾਰ ਤੇ ਵਿਧਾਨਕ ਕੰਮਕਾਜ ਦੀ ਗਿਣਤੀ ਵੀ ਘੱਟ ਰਹੀ ਹੈ। ਸਦਨ ਵਿਚ ਆਮ ਲੋਕਾਂ ਦੇ ਹਿੱਤ ਦੇ ਮੁੱਦਿਆਂ ‘ਤੇ ਚਰਚਾ ਕਰਨ ਦੀ ਬਜਾਏ ਜ਼ਾਤੀ ਮਾਮਲਿਆ ਨੂੰ ਲੈ ਕੇ ਨੋਕ-ਝੋਕ ਚਲਦੀ ਰਹਿੰਦੀ ਹੈ।ਵਿਧਾਨ ਸਭਾ ਵਿਚ ਕਦੇ ਵੀ ਅਹਿਮ ਮੁਦਿਆਂ ‘ਤੇ ਬਹਿਸ ਨਹੀਂ ਹੋਈ।
ਪੰਜਾਬ ਵਿਚ ਹਰ ਸਾਲ 3000 ਲੋਕੀਂ ਸੜਕ ਹਾਦਸਿਆਂ ਵਿਚ ਜਾਨਾਂ ਗੁਆ ਰਹੇ ਹਨ ਪਰ ਇਸ ਦੀ ਰੋਕਥਾਮ ਲਈ ਕੋਈ ਸੰਜੀਦਾ ਬਹਿਸ ਨਹੀਂ ਹੋ ਰਹੀ। ਇਸ ਤੋਂ ਇਲਾਵਾ ਸਿਹਤ ਸੰਭਾਲ, ਸਿੱਖਿਆ ਤੇ ਲੋਕਾਂ ਲਈ ਬੁਨਿਆਦੀ ਸੁਵਿਧਾਵਾਂ ਸਰਕਾਰ ਦਾ ਫੌਰੀ ਧਿਆਨ ਮੰਗ ਰਹੀਆਂ ਹਨ ਪਰ ਇਹ ਮਸਲੇ ਵਿਧਾਨ ਸਭਾ ਦੇ ਮੰਚ ਦੇ ਨੇੜੇ ਢੁਕਣ ਨਹੀਂ ਦਿੱਤੇ ਜਾ ਰਹੇ। ਸਾਬਕਾ ਵਿਧਾਇਕ ਲਕਸ਼ਮੀ ਕਾਂਤਾ ਚਾਵਲਾ ਨੇ ਇਕ ਵਾਰ ਕਿਹਾ ਸੀ ਕਿ ਮੈਂਬਰਾਂ ਖਾਸ ਕਰਕੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਆਪੋ-ਆਪਣੇ ਹਲਕਿਆਂ ਦੇ ਮਸਲੇ ਸਦਨ ਵਿਚ ਰੱਖਣ ਦਾ ਢੁਕਵਾਂ ਸਮਾਂ ਨਹੀਂ ਦਿੱਤਾ ਜਾਂਦਾ। 1956 ਵਿਚ ਸਦਨ ਦੀਆਂ 44 ਬੈਠਕਾਂ ਹੋਈਆਂ ਸਨ ਜੋ ਘਟ ਕੇ 14 ਰਹਿ ਗਈਆਂ ਹਨ।
_________________________________
ਤਿੱਖੀਆਂ ਝੜਪਾਂ ਦੀ ਭੇਟ ਚੜ੍ਹਿਆ ਸਰਦ ਰੁੱਤ ਇਜਲਾਸ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦੌਰਾਨ ਹਾਕਮ ਤੇ ਵਿਰੋਧੀ ਧਿਰ ਵਿਚਾਲੇ ਬਣੇ ਟਕਰਾਅ ਨੂੰ ਸਦਨ ਦੇ ਨੇਤਾ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਕੋਸ਼ਿਸ਼ਾਂ ਵੀ ਖ਼ਤਮ ਨਾ ਕਰ ਸਕੀਆਂ। ਵਿਰੋਧੀ ਧਿਰ ਨੇ ਸੈਸ਼ਨ ਦੇ ਅੰਤਿਮ ਦਿਨ ਵੀ ਸਦਨ ਦੀ ਕਾਰਵਾਈ ਦਾ ਬਾਈਕਾਟ ਜਾਰੀ ਰਖਦਿਆਂ ਵਿਧਾਨ ਸਭਾ ਕੰਪਲੈਕਸ ਵਿਚ ਸਪੀਕਰ ਚਰਨਜੀਤ ਸਿੰਘ ਅਟਵਾਲ ਤੇ ਸਰਕਾਰ ਵਿਰੁਧ ਨਾਅਰੇਬਾਜ਼ੀ ਕੀਤੀ। ਇਸ ਤਰ੍ਹਾਂ ਸਰਦ ਰੁੱਤ ਸੈਸ਼ਨ ਪੂਰੇ ਦਾ ਪੂਰਾ ਹੀ ਬਿਨਾਂ ਕਿਸੇ ਉਸਾਰੂ ਬਹਿਸ ਦੇ ਖ਼ਤਮ ਹੋ ਗਿਆ।
ਸਰਕਾਰ ਬੇਸ਼ੱਕ ਵਿਧਾਨਕ ਕੰਮ ਕਾਰ ਨਿਬੇੜਨ ਵਿਚ ਕਾਮਯਾਬ ਰਹੀ ਤੇ ਜ਼ਰੂਰੀ ਬਿੱਲ ਪਾਸ ਕਰ ਲਏ ਪਰ ਇਨ੍ਹਾਂ ਦਿਨਾਂ ਦੌਰਾਨ ਸਦਨ ਵਿਚ ਕਾਂਗਰਸ ਦੀ ਗੈਰਹਾਜ਼ਰੀ ਕਾਰਨ ਮਾਹੌਲ ਇਕਪਾਸੜ ਹੀ ਰਿਹਾ। ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਤੇ ਸੀਨੀਅਰ ਆਗੂ ਬੀਬੀ ਰਾਜਿੰਦਰ ਕੌਰ ਭੱਠਲ ਨੇ ਸਰਕਾਰ ‘ਤੇ ਧੱਕੇਸ਼ਾਹੀ ਦਾ ਦੋਸ਼ ਲਾਉਂਦਿਆਂ ਐਲਾਨ ਕੀਤਾ ਕਿ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ਼ ਵਿਧਾਨ ਸਭਾ ਤੋਂ ਜਿਸ ਸੰਘਰਸ਼ ਦੀ ਸ਼ਰੂਆਤ ਕੀਤੀ ਗਈ ਹੈ, ਉਹ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਬਜਟ ਸੈਸ਼ਨ ਦੌਰਾਨ ਵੀ ਸਰਕਾਰ ਦੀ ਇਨ੍ਹਾਂ ਮੁੱਦਿਆਂ ‘ਤੇ ਜਵਾਬਤਲਬੀ ਕੀਤੀ ਜਾਵੇਗੀ ਕਿਉਂਕਿ ਸਰਕਾਰ ਜਵਾਬ ਦੇਣ ਵਿਚ ਫੇਲ੍ਹ ਸਾਬਤ ਹੋਈ ਹੈ।
_________________________________
‘ਗੁੰਡਾਗਰਦੀ ਦਾ ਨੰਗਾ ਨਾਚ ਹੋਇਆ’
ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਹੈ ਕਿ ਪੰਜਾਬ ਵਿਚ ਅਮਨ ਤੇ ਕਾਨੂੰਨ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਤੇ ਅਕਾਲੀ ਨੇਤਾਵਾਂ ਵੱਲੋਂ ਰੇਤਾ, ਬਜ਼ਰੀ ਸਮੇਤ ਹੋਰਾਂ ਕੁਦਰਤੀ ਸੋਮਿਆਂ ‘ਤੇ ਕਬਜ਼ੇ ਤੋਂ ਬਾਅਦ ਵਿਧਾਨ ਸਭਾ ‘ਤੇ ਵੀ ਕਬਜ਼ਾ ਕਰਨ ਦੀ ਨੀਅਤ ਨਾਲ ਗੁੰਡਾਗਰਦੀ ਦਾ ਨਾਚ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਵਿਧਾਨ ਸਭਾ ਵਿਚ ਬਿਕਰਮ ਸਿੰਘ ਮਜੀਠੀਆ ਵੱਲੋਂ ਰਾਣਾ ਗੁਰਜੀਤ ਸਿੰਘ ਨੂੰ ਗਾਲ਼ਾਂ ਕੱਢ ਕੇ ਪੂਰੀ ਕਾਂਗਰਸ ਪਾਰਟੀ ਨੂੰ ਵਿਧਾਨ ਸਭਾ ਤੋਂ ਬਾਹਰ ਕਰਨਾ ਲੋਕਤੰਤਰ ਦੇ ਇਤਿਹਾਸ ਵਿਚ ਸਭ ਤੋਂ ਕਾਲ਼ਾ ਦਿਨ ਹੈ। ਕਾਂਗਰਸ ਪ੍ਰਧਾਨ ਨੇ ਚੰਡੀਗੜ੍ਹ ਵਿਚ ਕਾਂਗਰਸ ਪਾਰਟੀ ਦੀਆਂ ਤਿੰਨ ਵਿਧਾਇਕ ਬੀਬੀਆਂ ਨੂੰ ਜ਼ਲੀਲ ਕਰਨ ਦੇ ਮਾਮਲੇ ਨੂੰ ਵੀ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਕੋਲ਼ ਵਿਆਪਕ ਸੰਘਰਸ਼ ਤੋਂ ਬਿਨਾਂ ਕੋਈ ਚਾਰਾ ਨਹੀਂ।
_______________________________
ਕਾਂਗਰਸ ਮਜੀਠੀਆ ਦੀ ਮੁਅੱਤਲੀ ‘ਤੇ ਅੜੀ
ਚੰਡੀਗੜ੍ਹ: ਵਿਧਾਨ ਸਭਾ ਵਿਚ ਵਿਰੋਧੀ ਧਿਰ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵਿਧਾਨ ਸਭਾ ਵਿਚ ਭੇਜੇ ਪੱਤਰ ਰਾਹੀਂ ਮੰਗ ਕੀਤੀ ਕਿ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਮੰਤਰੀ ਮੰਡਲ ਵਿਚੋਂ ਬਰਖਾਸਤ ਤੇ ਵਿਧਾਨ ਸਭਾ ਤੋਂ ਮੁਅੱਤਲ ਕੀਤਾ ਜਾਵੇ। ਵਿਰੋਧੀ ਧਿਰ ਨੇ ਦੋਸ਼ ਲਾਇਆ ਕਿ ਮਜੀਠੀਆ ਨੇ ਕਾਂਗਰਸ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਗਾਲ੍ਹਾਂ ਕੱਢੀਆਂ ਹਨ ਜਿਸ ਦੇ ਸਬੂਤ ਵਜੋਂ ਵੀਡੀਓ ਕਲਿੱਪ ਮੌਜੂਦ ਹੈ।
___________________________________
ਅਕਾਲ ਤਖ਼ਤ ‘ਤੇ ਤਲਬ ਕਰਨ ਦੀ ਮੰਗ
ਚੰਡੀਗੜ੍ਹ: ਵਿਰੋਧੀ ਧਿਰ ਦੇ ਮੈਂਬਰ ਰਾਣਾ ਗੁਰਜੀਤ ਸਿੰਘ ਨੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਅਕਾਲ ਤਖ਼ਤ ‘ਤੇ ਤਲਬ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਪਗੜੀ ਤੇ ਪੱਤ ਬਚਾਉਣ ਲਈ ਮੋਹਰੀ ਹੋ ਕੇ ਲੜਾਈ ਲੜਨ ਦਾ ਦਾਅਵਾ ਕਰਦਾ ਹੈ ਪਰ ਇਸ ਪਾਰਟੀ ਦੇ ਵਿਧਾਇਕ ਤੇ ਮੰਤਰੀ ਨੇ ਸ਼ਰ੍ਹੇਆਮ ਇਕ ਸਿੱਖ ਦੀਆਂ ਮੁੱਛਾਂ ਪੁੱਟ ਦੇਣ ਦੀ ਗੱਲ ਕਹੀ ਹੈ।
_______________________________
ਸੁਖਬੀਰ ਸਿੰਘ ਬਾਦਲ ਦੀ ਜ਼ੁਬਾਨ ਫਿਰ ਤਿਲਕੀ
ਚੰਡੀਗੜ੍ਹ: ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੂੰ ਸਦਨ ਦਾ ਨੇਤਾ ਕਹੀ ਗਏ ਜਦੋਂ ਕਿ ਸਦਨ ਦੇ ਨੇਤਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਨ। ਜ਼ਿਕਰਯੋਗ ਹੈ ਕਿ ਮੁਕਤਸਰ ਵਿਚ ਭਾਸ਼ਨ ਦੌਰਾਨ ਸੁਖਬੀਰ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਪਿਤਾ ਸਮਾਨ ਅਕਾਲੀ ਆਗੂ ਕਹਿ ਦਿੱਤਾ ਸੀ। ਇਸ ‘ਤੇ ਸ੍ਰੀ ਬਾਦਲ ਨੇ ਕਿਹਾ ਸੀ ਕਿ ‘ਮੈਂ ਤੇਰੇ ਪਿਤਾ ਸਮਾਨ ਨਹੀਂ, ਤੇਰਾ ਪਿਤਾ ਹੀ ਹਾਂ।’
Leave a Reply