ਥਾਣੇ, ਜੇਲ੍ਹਾਂ ਤੇ ਅਦਾਲਤਾਂ ਤਾਂ ਮਨੁੱਖ ਦੀ ਮੁਰਖਤਾ ਵਿਚੋਂ ਪੈਦਾ ਹੋਈਆਂ ਸੰਸਥਾਵਾਂ ਹੀ ਸਨ ਪਰ ਰੱਬ ਨੂੰ ਮਿਲਾਉਣ ਤੇ ਕਿਸਮਤ ਦੀਆਂ ਚੂੜੀਆਂ ਚੜ੍ਹਾਉਣ ਵਾਲੇ ਲੋਕਾਂ ਦਾ ਕਾਰੋਬਾਰ ਜੇ ਸਿਖਰਾਂ ‘ਤੇ ਹੈ ਤਾਂ ਕੀ ਕਹੀਏ ਕਿ ਸਿਆਣਪ ਕੀਹਨੇ ਗੋਡਿਆਂ ਹੇਠ ਲਈ ਹੈ। ਕਈ ਲੋਕ ਅੱਗਿਓਂ ਘਸੁੰਨ ਕੱਢ ਕੇ ਖੜ੍ਹੇ ਨੇ, ਸਿਆਣੇ ਬੰਦੇ ਸੋਚਦੇ ਨੇ ਸ਼ਾਇਦ ਉਹ ਹੱਥ ਮਿਲਾਉਣ ਨੂੰ ਕਮਲੈ! ਸ਼ੈਤਾਨੀ ਇਸ ਹੱਦ ਤੱਕ ਪੈਰ ਪਸਾਰ ਗਈ ਹੈ ਕਿ ਤੁਸੀਂ ਕਿਸੇ ਨੰਗੇ ਨੂੰ ਤਨ ਢੱਕਣ ਲਈ ਲੀੜੇ ਦਿਓਗੇ ਤਾਂ ਉਹ ਕਹੇਗਾ ਤੂੰ ਆਪਣਾ ਮੂੰਹ ਢੱਕ ਲੈ ਮੈਨੂੰ ਕਿਉਂ ਵੇਖਦੈ?
ਹਰ ਧਰਮ ਇਹੋ ਸਿੱਖਾ ਰਿਹਾ ਹੈ ਕਿ ਇਨਸਾਨ ਬਣੋ, ਪਰਮਾਤਮਾ ਤੁਹਾਡੀ ਉਂਗਲ ਫੜ੍ਹਨ ਲਈ ਆਪ ਕਾਹਲੈ ਪਰ ਅਫਸੋਸ ਕਿ ਸ਼ੈਤਾਨ, ਭਗਵਾਨ ਲੱਭਣ ਤੁਰੇ ਹੋਏ ਹਨ। ਸੂਰਜ ਦੇ ਪੱਛਮ ਵਿਚੋਂ ਨਿਕਲਣ ਦੀ ਹਾਲੇ ਤੱਕ ਵਿਗਿਆਨ ਨੇ ਵੀ ਕਲਪਨਾ ਨਹੀਂ ਕੀਤੀ। ਕਈ ਲੋਕ ਲੰਬੇ ਤਾਂ ਸੀਗੇ ਪਰ ਰਹੇ ਸਫੈਦੇ ਵਰਗੇ ਹੀ, ਕਿਉਂਕਿ ਦੁਨੀਆਂ ਛਾਂ ਦੇ ਅਰਥਾਂ ਨੂੰ ਹੀ ਦਰਖਤ ਮੰਨਦੀ ਹੈ। ਵੀਹ-ਬਾਈ ਸਾਲ ਪਹਿਲਾਂ ਪਾਕਿਸਤਾਨ ਗਿਆ ਤਾਂ ਸੰਸਾਰ ਦੇ ਸਭ ਤੋਂ ਲੰਬੇ ਮਨੁੱਖ ਮੁਹੰਮਦ ਆਲਮ ਚੰਨਾ ਨੂੰ ਮਿਲਣ ਦੀ ਇੱਛਾ ਪੂਰੀ ਹੋਈ। ਮੈਂ ਖੁਸ਼ ਹੋਇਆ ਪਰ ਉਹ ਰੋ ਪਿਆ, ਇਹ ਕਹਿ ਕੇ ਕਿ ਕਾਸ਼ ਮੈਂ ਲੰਬਾ ਹੋਣ ਨਾਲੋਂ ਉਚਾ ਹੁੰਦਾ। ਸੰਸਾਰ ਦੇ ਕਿਸੇ ਵੀ ਮੁਲਕ ਵਿਚ ਸਾਰੇ ਬੱਚੇ ਹਾਲੇ ਖੁਸ਼ ਹੋ ਕੇ ਸਕੂਲ ਨਹੀਂ ਜਾਣ ਲੱਗੇ, ਇਦਾਂ ਕਿਉਂ ਹੋਈ ਜਾਂਦੈ, ਇਹਦੇ ਬਾਰੇ ਹਾਲੇ ਤੱਕ ਮਨੋਵਿਗਿਆਨ ਵੀ ਚੁੱਪ ਹੈ। ਕੰਪਿਊਟਰ ਮਨੁੱਖ ਨੂੰ ਵਿਹਲਾ ਤਾਂ ਕਰੀ ਜਾਂਦੈ ਠੀਕ ਹੈ, ਉਹਦਾ ਮਹੱਤਵ ਹੀ ਘਟਾ ਰਿਹੈ ਪਰ ਦੁੱਖ ਹੈ ਕਿ ਵਿਗਿਆਨ, ਇੰਟਰਨੈਟ ਤੇ ਗੂਗਲ ਦੇ ਦੌਰ ਵਿਚ ਵੀ ਭੂਤਾਂ-ਪ੍ਰੇਤਾਂ ਦੀ ਗੱਲ ਚੱਲੀ ਜਾਂਦੀ ਹੈ। ਇਸੇ ਲਈ ਵਹਿਮ ਦੇ ਕਾਰਖਾਨਿਆਂ ਦੀਆਂ ਚਿਮਨੀਆਂ ਵਿਚੋਂ ਅਗਿਆਨ ਦਾ ਧੂੰਆ ਨਿਕਲੀ ਜਾ ਰਿਹਾ ਹੈ।
ਐਸ਼ ਅਸ਼ੋਕ ਭੌਰਾ
ਮਨੁੱਖ ਬਾਹਰੋਂ ਸਿਆਣਾ ਬਣ ਰਿਹੈ ਤੇ ਅੰਦਰੋਂ ਧੋਖੇਬਾਜ਼। ਹਾਲਾਤ ਨੇ ਮਨੁੱਖ ਨੂੰ ਲਾਲਚੀ ਬਣਾ ਦਿੱਤੈ, ਲੋਭ ਦੇ ਮੌਕੇ ਬਹੁਤ ਮਿਲਣ ਲੱਗ ਪਏ ਹਨ, ਇਸੇ ਲਈ ਮੁਕੱਦਰਾਂ ‘ਤੇ ਟੇਕ ਰੱਖਣ ਵਾਲੇ ਲੋਕ ਵੀ ਰੱਬ ਨੂੰ ਲਾਲਚ ਦੇ ਕੇ ਜੋ ਭਾਗਾਂ ਵਿਚ ਨਹੀਂ ਉਹ ਵੀ ਹਾਸਲ ਕਰਨ ਵਿਚ ਲੱਗੇ ਹੋਏ ਹਨ। ਬੰਦਾ ਜੇਕਰ ਕਿਤੇ ਮੱਥੇ ਦੇ ਮੁੜ੍ਹਕੇ ਨਾਲੋਂ ਹੱਥਾਂ ਦੀਆਂ ਲਕੀਰਾਂ ‘ਤੇ ਵਿਸ਼ਵਾਸ਼ ਨਾ ਕਰਦਾ ਤਾਂ ਰਾਹੂ-ਕੇਤੂ ਦਾ ਭੂਤ ਕਿਸੇ ਨੂੰ ਟੱਕਰਨਾ ਹੀ ਨਹੀਂ ਸੀ। ਨਾ ਹੀ ਜੋਤਿਸ਼ ਦੇ ਕਾਰਖਾਨੇ ਖੁੱਲ੍ਹਣੇ ਸਨ ਤੇ ਨਾ ਹੀ ਕੰਪਿਊਟਰ ਨੇ ਜਨਮ ਪੱਤਰੀ ਦੇ ਪ੍ਰਿੰਟ ਕੱਢ ਕੇ ਵਿਗਿਆਨਕ ਯੁੱਗ ਵਿਚ ਅਗਿਆਨੀ ਬਣਨਾ ਸੀ। ਮਨੁੱਖ ਸਿਆਣਾ ਬਣਿਆ ਰਹਿੰਦਾ ਤਦ ਵੀ ਠੀਕ ਸੀ, ਥਾਂ-ਥਾਂ ਸਿਆਣਪ ਦੀ ਦੁਕਾਨਦਾਰੀ ਖੋਲ੍ਹ ਲਈ ਹੈ।
ਇਕ ਲਤੀਫ਼ਾ ਹੈ ਕਿ ਅਕਬਰ ਨੇ ਬੀਰਬਲ ਨੂੰ ਕਿਹਾ ਕਿ ਸਿਆਣਾ ਲੱਭ ਕੇ ਲਿਆ, ਜਿਸ ਤੋਂ ਮੈਂ ਕੁਝ ਸਿੱਖ ਸਕਾਂ। ਬੀਰਬਲ ਗੱਲ ਹੀ ਕੋਈ ਨਹੀਂ ਬਾਦਸ਼ਾਹ ਸਲਾਮਤ ਕਹਿ ਕੇ ਸਿਆਣਾ ਲੈਣ ਚਲਾ ਗਿਆ। ਆਥਣੇ ਜਦੋਂ ਉਹਨੇ ਇਕ ਸਿੱਧ ਪੱਧਰੇ ਜਿਹੇ ਬੰਦੇ ਨੂੰ ਅਕਬਰ ਅੱਗੇ ਪੇਸ਼ ਕੀਤਾ ਤਾਂ ਪਹਿਲਾਂ ਤਾਂ ਉਹਨੇ ਬੀਰਬਲ ਵੱਲ ਵੇਖਿਆ ਕਿ ਆਹ ਜਮੂਰਾ ਸਿਆਣਾ ਕੀ ਹੋਊ? ਸਿਆਣਾ ਸਾਹਮਣੇ ਪੀੜ੍ਹੇ ‘ਤੇ ਬਿਠਾ ਕੇ ਬਾਦਸ਼ਾਹ ਅਕਬਰ ਨੇ ਪਹਿਲਾ ਸਵਾਲ ਕੀਤਾ ਪਰ ਉਹ ਨਾ ਬੋਲਿਆ, ਫਿਰ ਦੂਜਾ ਪੁੱਛਿਆ ਉਹ ਚੁੱਪ ਰਿਹਾ, ਤੀਜੇ ਨੂੰ ਉਹਨੇ ਅੱਖਾਂ ਹੀ ਨਾ ਚੁੱਕੀਆਂ। ਦਸ-ਪੰਦਰਾਂ ਸਵਾਲਾਂ ਦਾ ਵੀ ਜਦੋਂ ਉਹਨੇ ਜਵਾਬ ਨਾ ਦਿੱਤਾ ਤਾਂ ਅਕਬਰ ਨੂੰ ਸਿਆਣੇ ਨਾਲੋਂ ਬੀਰਬਲ ‘ਤੇ ਵੱਧ ਗੁੱਸਾ ਚੜ੍ਹੇ ਤੇ ਖਿਝ ਕੇ ਬੋਲ ਹੀ ਪਿਆ, ਬੀਰਬਲ ਤੂੰ ਆਹ ਸਿਆਣਾ ਲਿਆਇਐਂ ਮੈਨੂੰ ਮੂਰਖ ਬਣਾਉਣ ਲਈ? ਬੀਰਬਲ ਨੇ ਹਾਜ਼ਰ ਜਵਾਬੀ ਦਿਖਾਉਾਂਦਿਆਂ ਕਿਹਾ ਬਾਦਸ਼ਾਹ ਸਲਾਮਤ, ਇਹਨੂੰ ਹੀ ਪੁੱਛ ਲੈਂਦੇ ਆਂ ਕਿ ਇਹ ਬੋਲਦਾ ਕਿਉਂ ਨਹੀਂ?
ਹਾਲੇ ਦੋਹਾਂ ਦੀ ਆਪਸ ਵਿਚ ਵਾਰਤਾਲਾਪ ਹੀ ਚੱਲ ਰਹੀ ਸੀ ਕਿ ਉਹ ਸਿਆਣਾ ਬੋਲ ਪਿਆ, ਮੈਂ ਹਜ਼ੂਰ ਤਾਂ ਨਹੀਂ ਬੋਲਦਾ ਪਈ ਜੇਕਰ ਕੁਝ ਗਲਤ ਬੋਲਿਆ ਗਿਆ ਤਾਂ ਮਾਰਿਆ ਜਾਵਾਂਗਾ, ਇਸ ਲਈ ਚੁੱਪ ਵਿਚ ਹੀ ਸੌ ਸੁੱਖ ਸਮਝਦਿਆਂ ਜੀਭ ਦੰਦਾਂ ਹੇਠ ਦੇ ਲਈ। ਅਕਬਰ ਨੇ ਉਹਦਾ ਜਵਾਬ ਸੁਣ ਕੇ ਘੁੱਟ ਕੇ ਗਲ ਨਾਲ ਹੀ ਨਹੀਂ ਲਾਇਆ ਸਗੋਂ ਹਰ ਔਖੇ ਵੇਲੇ ਸਲਾਹ ਲੈਣ ਲਈ ਪੱਕਾ ਹੀ ਦਰਬਾਰ ਵਿਚ ਰੱਖ ਲਿਆ।
ਹਾਲਾਤ ਇਹ ਨੇ ਕਿ ਵਰਤਮਾਨ ਯੁੱਗ ਵਿਚ ਸਿਆਣੇ ਹਾਲੇ ਵੀ ਚੁੱਪ ਨੇ ਤੇ ਜਿਹੜੇ ਸਿਆਣਪਾਂ ਵੰਡ ਰਹੇ ਨੇ ਅਸਲ ਵਿਚ ਉਨ੍ਹਾਂ ਨੇ ਸਿਆਣਿਆਂ ਨੂੰ ਮੂਰਖ ਬਣਾਉਣ ਦਾ ਸਫਲ ਕਾਰਜ ਕਰ ਲਿਆ ਹੈ। ਕੋਈ ਵੀ ਧਰਮ ਅਲੋਚਨਾ ਨਹੀਂ ਚਾਹੁੰਦਾ, ਇਸ ਲਈ ਮਨੁੱਖ ਧਰਮ ਨੂੰ ਚਿੰਬੜਦਾ ਜਾ ਰਿਹਾ ਹੈ। ਧਰਮ ਨੇ ਹੀ ਦੱਸਿਆ ਹੈ ਕਿ ਜੂਨਾਂ ਚੁਰਾਸੀ ਲੱਖ ਹੁੰਦੀਆਂ ਹਨ, ਆਤਮਾਵਾਂ ਭਾਲਦੀਆਂ ਹਨ ਤੇ ਭੂਤ ਘੁੰਮਣ ਲੱਗਦੇ ਹਨ।
ਹਾਸ ਵਿਅੰਗ ਲੇਖਕ ਸੂਬਾ ਸਿੰਘ ਚੱਕਰਧਾਰੀ ਦੇ ਕਾਵਿ ਵਿਅੰਗ ਨੂੰ ਸਮਝਣ ਵਾਲੇ ਉਨ੍ਹਾਂ ਨੂੰ ਬੜਾ ਪਿਆਰ ਕਰਦੇ ਸਨ। ਅਜੀਤ ਵਿਚ ਉਹ ਕਾਲਮ ‘ਡੰਗ ਤੇ ਚੋਭਾਂ’ ਲਿਖਦੇ ਸਨ। ਉਨ੍ਹਾਂ ਦੀ ਲਿਖੀ ਇਕ ਗੱਲ ਹਾਲੇ ਤੱਕ ਮੇਰੇ ਚੇਤੇ ਵਿਚ ਵਸੀ ਹੋਈ ਹੈ, ਉਨ੍ਹਾਂ ਲਿਖਿਆ ਸੀ:
ਇਕ ਵਾਰ ਇਕ ਬਾਦਸ਼ਾਹ ਨੇ ਸਵੇਰੇ ਉਠ ਕੇ ਆਪਣੇ ਸਭ ਤੋਂ ਨੇੜਲੇ ਅਹਿਲਕਾਰ ਤੇ ਸਿਆਣੇ ਬੰਦੇ ਨੂੰ ਕੋਲ ਬੁਲਾ ਕੇ ਦੱਸਿਆ ਕਿ ਰਾਤੀਂ ਮੇਰੇ ਸੁਪਨੇ ਵਿਚ ਭੂਤ ਆਏ ਸਨ।
ਸਵਾਲ ਸਿਆਣੇ ਨੇ ਕਰ’ਤਾ ਜਨਾਬ! ਉਨ੍ਹਾਂ ਚਿੱਟੇ ਕੱਪੜੇ ਪਾਏ ਹੋਏ ਸਨ।
ਬਾਦਸ਼ਾਹ ਕਹਿਣ ਲੱਗਾ, ਹਾਂ ਕਈਆਂ ਨੇ ਟੋਪੀਆਂ ਪਹਿਨੀਆਂ ਸਨæææ’
Ḕਤੇ ਕਈਆਂ ਨੇ ਪਗੜੀਆਂ ਵੀ।’
ਬਾਦਸ਼ਾਹ ਹੱਕਾ ਬੱਕਾ ਰਹਿ ਗਿਆ ਕਿ ਸੁਪਨਾ ਤਾਂ ਮੈਨੂੰ ਆਇਆ ਪਤਾ ਇਹਨੂੰ ਆæææਪੁੱਛਣ ਲੱਗਾ ਬਈ ਦੱਸ ਭੂਤ ਹੁੰਦੇ ਆ?’
Ḕਜਨਾਬ ਹੁੰਦੇ ਨਹੀਂ ਹੋਇਆ ਕਰਨਗੇ।’
Ḕਕੀ ਮਤਲਬ?’
Ḕਜਵਾਬ ਤੁਸੀਂ ਲੋਕਤੰਤਰ ਲਿਆਉਣਾ ਚਾਹੁੰਦੇ ਹੋ, ਫਿਰ ਲੋਕ ਵੋਟਾਂ ਪਾਉਣਗੇæææ?’
Ḕਹਾਂ। ਉਹ ਫਿਰ ਪੰਜ ਸਾਲ ਚੰਮ ਦੀਆਂ ਚਲਾਉਣਗੇ, ਇਹ ਭੂਤ ਲੋਕਾ ਨੂੰ ਚਿੰਬੜੇ ਨਹੀਂ ਲੱਥਣੇ ਤੇ ਇਨ੍ਹਾਂ ਦੇ ਘਰ ਵੀ ਭੂਤ ਹੀ ਜੰਮਣਗੇæææਫਰਕ ਸਿਰਫ ਏਨਾ ਕਿ ਜਿਨ੍ਹਾਂ ਭੂਤਾਂ ਤੋਂ ਜਨਾਬ ਤੁਸੀਂ ਡਰ ਰਹੇ ਓ ਉਹ ਰਾਤ ਨੂੰ ਨਿਕਲਦੇ ਆ, ਇਹ ਚਿੱਟੇ ਕੱਪੜੇ ਪਾ ਕੇ ਦਿਨ-ਦਿਹਾੜੇ ਫਿਰਿਆ ਕਰਨਗੇæææ।ḔḔ
ਤੇ ਕਹਿੰਦੇ ਨੇ ਬਾਦਸ਼ਾਹ ਨੇ ਅਗਲੇ ਦਿਨ ਲੋਕਤੰਤਰ ਕੱਛ ਵਿਚ ਲੈ ਕੇ ਆਪਣੇ ਦਸ ਕੁ ਵਰ੍ਹਿਆਂ ਦੇ ਪੁੱਤਰ ਨੂੰ ਆਪਣਾ ਵਾਰਿਸ ਬਣਾ ਦਿੱਤਾ।
ਉਮਰ ਭਰ ਵਿਗਿਆਨ ਨਾਲ ਵਾਹ ਰਿਹਾ ਹੋਣ ਕਾਰਨ ਕਹਿ ਸਕਦਾਂ ਕਿ ਇਹ ਮਨੁੱਖ ਨੂੰ ਅਗਿਆਨੀ ਨਹੀਂ ਬਣਾਉਂਦਾ, ਵਿਗਿਆਨ ਕੋਲ ਤਰਕ ਹੁੰਦੈ ਤੇ ਵਹਿਮੀ ਲੋਕਾਂ ਦਾ ਜਿਥੇ ਤਰਕ ਮੁਕੱਦਾ ਹੈ, ਉਥੋਂ ਧਰਮ ਸ਼ੁਰੂ ਹੋ ਜਾਂਦਾ ਹੈ।
ਘਰ ਦੀਆਂ ਕਹਾਣੀਆਂ ਦੱਸਣੀਆਂ ਤਾਂ ਨਹੀਂ ਚਾਹੀਦੀਆਂ ਪਰ ਸੱਚ ਦਾ ਸੰਖ ਵੱਜਦਾ ਵੀ ਰਹਿਣਾ ਚਾਹੀਦੈæææ
ਗੱਲ ਕੋਈ ਵੀਹ ਕੁ ਸਾਲ ਪੁਰਾਣੀ ਹੈ, ਮੈਂ ਕੁਝ ਮਹੀਨੇ ਇੰਗਲੈਂਡ ਰਹਿ ਕੇ ਵਾਪਸ ਪਿੰਡ ਪਰਤਿਆ ਤਾਂ ਜੂਹ ਨੂੰ ਹੱਥ ਲਾਉਣ ਵੇਲੇ ਦਸ ਕੁ ਵਜੇ ਸਨ, ਸਵੇਰ ਦੇ। ਗੱਡੀ ਨੇ ਪਿੰਡ ਦਾ ਪਹਿਲਾ ਮੋੜ ਹੀ ਕੱØਟਿਆ ਕਿ ਬਹੁਤ ਸਾਰੇ ਲੋਕ ਇਕ ਘਰ ਅੱਗੇ ‘ਕੱਠੇ ਹੋਏ ਹੋਏ ਸਨ। ਮੈਂ ਵੀ ਹੇਠਾਂ ਉਤਰ ਆਇਆ।
ਘਰ ਮਿਸਤਰੀਆਂ ਦਾ ਸੀ, ਰੌਲਾ ਇਹ ਸੀ ਕਿ ਉਪਰਲੀਆਂ ਚੀਜਾਂ ਗੈਸ ਵਾਲੇ ਚੁੱਲ੍ਹੇ ਚੁੱਕ ਕੇ ਹੇਠਾਂ ਸੁੱਟਦੇ ਸਨ, ਭਾਂਡੇ ਆਪਣੇ ਆਪ ਡਿਗਦੇ ਸਨ, ਰਸੋਈ ਦੀਆਂ ਝੀਤਾਂ ਵੀ ਬੰਦ ਸਨ, ਸਿਲੰਡਰ ਠੀਕ ਸੀ ਪਰ ਫਿਰ ਵੀ ਤੜਕੇ ਜਿਹੇ ਏਨੀ ਜ਼ੋਰ ਦੀ ਪਟਾਕਾ ਚੱਲਿਆ ਕਿ ਕੰਧ ਨੂੰ ਤਰੇੜ ਆ ਗਈ ਸੀ।
ਅਗਾਂਹ ਹੋਇਆ ਤਾਂ ਸਾਡੇ ਪਿੰਡ ਦਾ ਇਕ ਬਜ਼ੁਰਗ ਖੰਨਾ ਸਿੰਹੁ ਕਹਿਣ ਲੱਗਾ, ਜੁਆਕਾ ਇਥੇ ਦੱਸ ਤੇਰੀ ਕਿਹੜੀ ਸੈਂਸ (ਸਾਇੰਸ) ਆ, ਇਸ ਮਿਹਨਤੀ ਪਰਿਵਾਰ ਦੇ ਦੋ ਮੁੰਡੇ ਬਾਹਰ ਚੱਲੇ ਗਏ ਨੇ, ਲੋਕਾਂ ਤੋਂ ਕਿਤੇ ਝੱਲ ਹੁੰਦੇ ਨੇ! ਕਰ’ਤਾ ਕਿਸੇ ਨੇ ਕੁਝ। ਇਹ ਓਪਰੀਆਂ ਚੀਜ਼ਾਂ ਸਖਤ ਲਗਦੀਆਂ ਨੇ, ਮਾੜੇ-ਧੀੜੇ ਤੋਂ ਨ੍ਹੀਂ ਕਾਬੂ ਆਉਣੀਆਂ।
ਹਾਲੇ ਉਹ ਦੀ ਗੱਲ ਵਿਚਾਲੇ ਹੀ ਸੀ ਕਿ ਸਿਆਣੀਆਂ ਬੀਬੀਆਂ ਵਿਚੋਂ ਇਕ ਬੋਲ ਪਈ, ਆਂਹਦੀ, ਵੇ ਕਾਕਾ ਥੋਡੇ ਘਰ ਵਿਚ ਵੀ ਪਟਾਕੇ ਚੱਲ ਕੇ ਹਟੇ ਨੇæææ।
Ḕਮੈਂ ਤਾਂ ਪੰਜ ਛੇ ਮਹੀਨੇ ਪਿਛੋਂ ਪਿੰਡ ਆਇਆਂæææਕੀ ਗੱਲ ਹੋ ਗਈ?’
Ḕਤੇਰੇ ਭਰਾ ਦੇ ਘਰ ਕਰ’ਤਾ ਕਿਸੇ ਨੇ ਬਹੁਤ ਵੱਡਾ ਟੂਣਾæææਦੇਖ ਲੈ ਜਾ ਕੇæææਆਂਹਦੇ ਬਚਾ ਹੋ ਗਿਆæææਵੇਲੇ ਸਿਰ ਪਤਾ ਲੱਗ ਗਿਆ।’
ਸਿਧਾ ਭਰਾ ਦੇ ਘਰ ਗਿਆ ਤਾਂ ਅੱਗੇ ਇਕ ਲਾਲ ਮਹਿੰਦੀ ਦਾੜੀ ਵਾਲਾ ਲਪੇਟਵੀਂ ਪੱਗ ਬੰਨ੍ਹੀ ਬੈਠਾ ਇਕ ਅੱਧਖੜ ਉਮਰ ਦਾ ਬੰਦਾ ਸੀ।
ਮੈਂ ਸਭ ਕਾਸੇ ਤੋਂ ਅਣਜਾਣ ਸਾਂ ਤੇ ਉਹ ਸਿਆਣਾ ਕਹਿ ਰਿਹਾ ਸੀ, ਪੰਜ ਕਾਲੇ ਮੁਰਗਿਆਂ ਦਾ ਪ੍ਰਬੰਧ ਕਰਨਾ ਪਊ, ਚੀਜਾਂ ਹੈਗੀਆਂ ਬੜੀਆਂ ਭਾਰੀਆਂ, ਦਾਰੂ ਚੰਗੀ ਪਿਆ ਕੇ ਨਸ਼ੇ ਵਿਚ ਕਰੂੰ ਫਿਰ ਮੰਨਣਗੀਆਂ, ਤੇ ਨਾ ਪੀਣ, ਨਾ ਪਿਲਾਉਣ ਵਾਲੇ ਫੌਜੀ ਭਰਾ ਨੇ ਰੰਮ ਦੀਆਂ ਬੋਤਲਾਂ ਓਦਣ ਬਾਹਰ ਕੱਢ ਕੇ ਰੱਖੀਆਂ ਹੋਈਆਂ ਸਨ। ਫੌਜੀ ਭਰਾ ਦੀ ਅਗਿਆਨਤਾ ਦੇਖ ਕੇ ਮੈਨੂੰ ਦੋ ਚੜ ਰਹੀਆਂ ਸਨ ਤੇ ਦੋ ਉਤਰæææ ਕਿਉਂ ਕਿ ਦੀਵੇ ਥਲੇ ਨੇਰ੍ਹਾ ਤਾਂ ਹੁੰਦਾ ਈ ਐæææਇਥੇ ਤਾਂ ਨੇਰ੍ਹੀ ਆਈ ਪਈ ਸੀ।
ਕਹਾਣੀ ਕੀ ਸੀ ਕਿ ਭਰਾ ਦੇ ਘਰ ਕੋਈ ਨਹੀਂ ਸੀ, ਛੋਟਾ ਮੁੰਡਾ ਫੁੱਟਬਾਲ ਖੇਡਣ ਦੇ ਚੱਕਰ ਵਿਚ ਬਾਹਰ ਸੀ ਤੇ ਉਹ ਤਾਲਾ ਲਾ ਕੇ ਚਾਬੀ ਦੂਜੇ ਭਰਾ ਦੇ ਘਰ ਤਾਂ ਦੇ ਗਿਆ ਸੀ ਕਿ ਭਾਪਾ-ਮੰਮੀ ਬਾਅਦ ਵਿਚ ਚਾਬੀ ਲੈ ਕੇ ਦਰ ਖੋਲ੍ਹ ਲੈਣਗੇ।
ਉਹ ਤਾਂ ਚੱਲੋ ਨਾ ਆਏ ਪਰ ਮੁੰਡਾ ਜਦੋਂ ਖੇਡ ਕੇ ਘਰ ਆਇਆ। ਘੰਟੇ ਬਾਦ ਤਾਲਾ ਖੋਲ੍ਹਿਆ ਤਾਂ ਵਿਹੜੇ ਵਿਚ ਟੂਣਾ। ਕਾਲੇ ਰੰਗ ਨਾਲ ਚੌਕਾ ਪੂਰਿਆ ਪਿਆ। ਕਾਗਜ਼ ਤੇ ਪੀਲੇ ਰੰਗ ਨਾਲ ਜੰਤਰ ਮੰਤਰ, ਹੱਡੀਆਂ ਨੂੰ ਸੰਧੂਰ, ਟੁੱਟੇ ਆਂਡਿਆਂ ‘ਤੇ ਲਾਲ ਰੰਗ ਨਾਲ ਧਰਮਾਂ ਦੇ ਨਿਸ਼ਾਨ ਤੇ ਇਕ ਕਾਲੇ ਕੱਪੜੇ ਵਿਚ ਬੰਨ੍ਹ ਕੇ ਕੁਝ ਰੱਖਿਆ ਹੋਇਆ ਸੀ। ਮੁੰਡਾ ਕੰਬ ਗਿਆ, ਭਰਾ ਨੇ ਆ ਕੇ ਵੇਖਿਆ ਤਾਂ ਉਹ ਬੂਹੇ ਬੰਦ ਕਰਕੇ ਮੁਸਲਮਾਨ ਗੁਜਰਾਂ ਦੇ ਡੇਰੇ ‘ਤੇ ਇਕ ਮੌਲਵੀ ਕੋਲ ਜਾ ਪਹੁੰਚਿਆ। ਉਹ ਅੱਗਿਓਂ ਕਹਿਣ ਲੱਗਾ, ‘ਬਹੁਤ ਵੱਡਾ ਕਾਰਾ ਕਰਾ’ਤਾ ਕਿਸੇ ਨੇ, ਕਿ ਤੁਹਾਡੀ ਉਤਰਾਈ ਹੋ ਜਾਵੇ, ਉਥੇ ਤਾਂ ਵਡੀਆਂ ਵੱਡੀਆਂ ਰੂਹਾਂ ਦਾ ਪਹਿਰਾ ਲੱਗਾ ਹੋਇਐ, ਬਹੁਤ ਗੁੱਸੇ ਵਿਚ ਨੇ, ਕੋਈ ਨੇੜੇ ਨਾ ਜਾਇਓ, ਮੈਂ ਚੱਕ ਕੇ ਸੁਟਾਂਗਾ, ਸਾਰਾ ਸਮਾਨ ਪਰ ਇਨ੍ਹਾਂ ਦੀ ਪੂਜਾ ਬਹੁਤ ਵੱਡੀ ਦੇਣੀ ਪੈਣੀ ਆ ਮੈਨੂੰ, ਸਾਲ ਭਰ ਤਾਂ ਚੌਲਾਂ ਦੀ ਦੇਗ ਛਕਣਗੀਆਂ ਰੂਹਾਂæææਥੋਡੇ ਪਿੰਡ ਦੇ ਵਸੀਵੇਂ ਤੱਕ ਬੈਠੀਆਂ ਨੇ ਰੂਹਾਂæææਬਚ ਕੇæææਕੱਤੀ ਹਜ਼ਾਰ ਹੈਗਾ ਘਰੇ ਪਿਐ?’
ਤੇ ਰੱਜ ਕੇ ਕੰਜੂਸ ਮੇਰਾ ਭਰਾ ਆਂਹਦਾ, ਚਲੋ ਸਹੀ ਸਭ ਕੁਛ ਮਿਲੂ।
ਤੇ ਉਸ ਮੁਸਲਮਾਨ ਮੌਲਵੀ ਨੇ ਕੱਤੀ ਹਜ਼ਾਰ ਰੂਹਾਂ ਦੀ ਭੇਟਾ, ਗਿਆਰ੍ਹਾਂ ਹਜ਼ਾਰ ਆਪਣਾ ਜਾਣੀ ਬਤਾਲੀ ਹਜ਼ਾਰ ਜੇਬ੍ਹ ਵਿਚ ਪਾ ਕੇ ਤਵੀਣ ਜਿਹੀ ਲੈ ਕੇ, ਆਪਣਾ ਸਰੀਰ ਝਟਕਿਆ, ਦੋ ਕੁ ਦੀਕਾਂ ਮਾਰ ਕੇ ਅੱਲਾ ਅੱਲਾ ਕਹਿ ਸਮਾਨ ਏਦਾਂ ਕੱਠਾ ਕੀਤਾ ਜਿਵੇਂ ਬਹੁਤ ਔਖਾ ਹੋਣਾ ਪੈ ਰਿਹਾ ਹੋਵੇæææਅੱਸੀ ਕੁ ਕੋਹ ‘ਤੇ ਪੈਂਦੀ ਵੇਂਈਂ ਵਿਚ ਸੁੱਟਣ ਲਈ ਤੁਰ ਪਿਆæææਮਗਰ ਡਾਂਗ ਫੜ੍ਹਾ ਕੇ ਭਰਾ ਤੋਰ ਲਿਆ ਤਾਂ ਕਿ ਕੋਈ ਚੀਜ਼ ਡਰਦੀ ਨਾ ਮੁੜੇ।
ਵੇਂਈਂ ਕੋਲ ਜਾ ਕੇ ਉਹ ਮੌਲਵੀ ਚੀਕਿਆ, ਫੌਜੀ ਸਾਹਿਬ ਨੂੰ ਕਹਿ ਜਿਹੜੀ ਫਕੀਰਾਂ ਦੀ ਜਗ੍ਹਾਂ ਬਣਾ ਰਿਹਾਂ ਉਹਦੇ ਲਈ ਪੰਝੀ ਹਜ਼ਾਰ ਦੇਵੇ, ਰੂਹਾਂ ਕਹਿ ਰਹੀਆਂ ਨੇ, ਤਾਂ ਅਸੀਂ ਜਾਵਾਂਗੀਆਂ।’ ਭਰਾ ਕੰਬਦਾ ਜਿਹਾ ਕਹਿਣ ਲੱਗਾ ਉਹ ਵੀ ਹੁਣੇ ਦੇ ਦਿਆਂਗੇ।
ਮੌਲਵੀ ਨੇ ਘਰੇ ਆ ਕੇ ਬਾਰਾਂ ਬਾਲਟੀਆਂ ਪਾਣੀ ਦੀਆਂ ਸੁਟਾ ਕੇ ਸਾਰਾ ਟੱਬਰ ਟੁਣੇ ਵਾਲੀ ਥਾਂ ਧੋਣ ਲਈ ਲਾ ਦਿਤਾ।
ਬਤਾਲੀ ਜਮ੍ਹਾਂ ਪੱਚੀ ਤੇ ਤਿੰਨ ਹਜ਼ਾਰ ਕਾਲੇ ਮੁਰਗਿਆਂ ਦੀ ਨਿਆਜ਼ ਤੇ ਪੰਜ ਵੀਰਵਾਰ ਇਕ ਲੱਤ ਭਾਰ ਹੋ ਕੇ ਰੂਹਾਂ ਮਨਾਉਣ ਦਾ ਤੇ ਕੁਲ ਸੱਤਰ ਹਜ਼ਾਰ ਜੇਬ ਵਿਚ ਪਾ ਕੇ ਮੌਲਵੀ ਜਾਂਦਾ ਹੋਇਆ ਕਹਿ ਗਿਆ ਘਰ ਵਿਚ ਚਾਲੀ ਦਿਨ ਸ਼ਰਾਬ ਨਾ ਵੜ੍ਹੇ, ਆਂਡਾ ਨਾ ਬਣੇ, ਮੀਟ ਦੀ ਤਾਂ ਗੱਲ ਹੀ ਛੱਡੋ ਤੇ ਪੂਰੇ ਚਾਲੀ ਦਿਨ ਟੁਣੇ ਵਾਲੀ ਥਾਂ ‘ਤੇ ਦੀਵਾ ਚੌਵੀ ਘੰਟੇ ਜਗਦਾ ਰਹਿਣਾ ਚਾਹੀਦੈ।
ਬੜੇ ਗੁਆਂਢੀਆਂ ਨੇ ਆ ਕੇ ਕਈ ਦਿਨ ਹਾਅ ਦਾ ਨਾਅਰਾ ਮਾਰਿਆ, ਭਰਜਾਈ ਸਾਡੀ ਦੋ ਤਿੰਨ ਗੁਆਂਢੀਆਂ ‘ਤੇ ਸ਼ੱਕ ਕਰੇ, “ਗੱਡੀ ਜੂ ਲੈ ਲਈ ਮੁੰਡੇ ਨੇ, ਦੋ ਬਾਹਰ ਚਲੇ ਗਏ, ਪੈਨਸ਼ਨ ਨ੍ਹੀਂ ਝੱਲ ਹੁੰਦੀ ਹੋਣੀ ਤਾਂ ਬੇੜਾ ਬੈਠਾ ਕਿਸੇ ਦਾæææਮੈਂ ਤਾਂ ਕਹਿੰਨੀ ਆਂ ਸਾਡਾ ਤਾਂ ਚਲੋ ਸੱਤਰ ਲਗ ਗਿਆ, ਪਾਪੀਆਂ ਦਾ ਸੱਤ ਲੱਖ ਲੱਗੇ।”
ਇਸ ਘਟਨਾ ਨੂੰ ਫਿਰ ਸਾਲ ਕੁ ਗੁਜਰ ਗਿਆ। ਆਈ ਟੀ ਕਰਦੀ ਮੇਰੀ ਭਾਣਜੀ, ਘਰਵਾਲੀ ਨਾਲ ਗੱਲਾਂ ਕਰਕੇ ਹੱਸੇ ਪਈ, ਮੱਖੀ ਚੂਸ ਮਾਮਾ, ਸੱਤਰ ਹਜ਼ਾਰ ਦਾ ਘਾਟਾ ਖਾ ਗਿਆ, ਉਨ੍ਹਾਂ ਤਾਂ ਮਜ਼ਾਕ ਹੀ ਕੀਤਾ ਸੀ ਪਰ ਪੈ ਗਿਆ ਉਲਟ।
ਦਰਅਸਲ ਜਦੋਂ ਮੇਰਾ ਭਤੀਜਾ ਚਾਬੀ ਦੂਜੇ ਭਰਾ ਦੇ ਘਰ ਰੱਖ ਕੇ ਗਿਆ ਤਾਂ ਭਤੀਜੀ ਤੇ ਭਾਣਜੀ ਨੇ ਸੋਚਿਆ ਕਿ ਅੱਜ ਮਾਮਾ ਡਰਾਉਨੇ ਆਂ। ਪੱਠੇ ਕੁਤਰਨ ਵਾਲੀ ਮਸ਼ੀਨ ਵਿਚੋਂ ਕੱਢਿਆ ਕਾਲਾ ਤੇਲ, ਉਹਦਾ ਬਣਾਇਆ ਚੌਂਕਾ, ਕੂੜੇ ਵਿਚੋਂ ਰਾਤ ਖਾਧੇ ਮੁਰਗੇ ਦੀਆਂ ਹੱਡੀਆਂ ਕੱਢ ਉਤੇ ਲਾਇਆ ਰੰਗ, ਹਲਦੀ ਤੇ ਦੁਕਾਨ ਤੋਂ ਸੰਧੂਰ ਲਿਆ ਕੇ, ਕਾਲੇ ਕੱਪੜੇ ਵਿਚ ਦਾਣੇ ਬੰਨ੍ਹੇ, ਫੌਜੀ ਦੀ ਫਰਿਜ਼ ਵਿਚੋਂ ਆਂਡੇ ਕੱਢ ਕੇ ਭੰਨੇ, ਖੋਲ੍ਹਾਂ ‘ਤੇ ਊਲ-ਜਲੂਲ ਲਿਖ ਕੇ ਡਰਾਉਣ ਦੀ ਮਸ਼ਕਰੀ ਕਰ’ਤੀ।
ਉਨ੍ਹਾਂ ਨੂੰ ਪਤਾ ਨ੍ਹੀਂ ਸੀ ਕਿ ਇਹ ਫਿਰ ਓਪਰੀਆਂ ‘ਤੇ ਏਨੀਆਂ ਸਖ਼ਤ ਚੀਜਾਂ ਰੂਹਾਂ ਬਣ ਕੇ ਸੱਤਰ ਹਜ਼ਾਰ ਨੂੰ ਪੈਣਗੀਆਂ।
ਹੁਣ ਇਹ ਗੱਲ ਸਾਡੇ ਸਾਰੇ ਟੱਬਰ ਨੂੰ ਪਤੈ ਪਰ ਭਰਾ ਹਾਲੇ ਵੀ ਇਸ ਸੱਚ ਤੋਂ ਦੂਰ, ਮੰਨੀ ਜਾਂਦੇ ਕਿ Ḕਹਮਲਾ ਤਾਂ ਰੂਹਾਂ ਨੇ ਫੌਜੀ ‘ਤੇ ਕਾਰਗਿਲ ਤੋਂ ਵੀ ਵੱਡਾ ਕੀਤਾ ਸੀ ਪਰ ਮੌਲਵੀ ਦੀਆਂ ਬੋਫੋਰਜ਼ ਤੋਪਾਂ ਨੇ ਫਨਾਹ ਕਰਾ’ਤਾ ਸਭ ਕੁਝ।
ਜਦੋਂ ਇਹ ਘਟਨਾ ਯਾਦ ਆਉਾਂਦੀ ਹੈ ਤਾਂ ਮੱਲੋ-ਮੱਲੀ ਆਪਣੇ ਸੂਬੇਦਾਰ ਭਰਾ ਦਾ ਚਿਹਰਾ ਵੇਖ ਕੇ ਹਾਸਾ ਨਿਕਲ ਜਾਂਦੈ।
ḔḔਮੈਨੂੰ ਪਤੈ ਤੁਸੀਂ ਕਾਹਤੋਂ ਹੱਸਦੇ ਓæææਨਿਆਣਾ ਨ੍ਹੀ ਮੈਂæææ।’
ਕਹਿੰਦਾ ਉਹ ਹਰ ਵਾਰ ਏਦਾਂ ਹੀ ਹੈ ਪਰ ਪਤਾ ਅਸਲ ਵਿਚ ਉਹਨੂੰ ਹੈ ਈ ਨ੍ਹੀਂ।
ਵਹਿਮ ਨੇ ਮਨੁੱਖ ਨੂੰ ਧਰਮ ਦੀ ਤਲਵਾਰ ਨਾਲ ਜ਼ਖ਼ਮੀ ਵੀ ਕੀਤਾ ਹੋਇਐ।
ਅਕਲ ਵੀ ਕਈ ਵਾਰ ਵਕਤ ਸਿਰ ਕੰਮ ਨਹੀਂ ਆਉਂਦੀ।