ਸਕੂਲੀ ਸਿੱਖਿਆ ਤੇ ਪੰਜਾਬ

ਡਾæ ਪਿਆਰਾ ਲਾਲ ਗਰਗ
ਫੋਨ: +91-99145-05009
ਅਸੀਂ ਇਸ ਤੱਥ ਤੋਂ ਜਾਣੂ ਵੀ ਹਾਂ ਤੇ ਚਿੰਤਤ ਵੀ ਕਿ ਨਿਆਂਸੰਗਤ ਸਮਾਜ ਦੀ ਨੀਂਹ ਮੰਨੀ ਜਾਂਦੀ ਸਿੱਖਿਆ ਖ਼ੁਦ ਹੀ ਲੀਹੋਂ ਲਹਿ ਚੁੱਕੀ ਹੈ। ਛੇ ਤੋਂ ਚੌਦਾਂ ਸਾਲ ਦੇ ਬੱਚਿਆਂ ਦੀ ਸਿੱਖਿਆ ਦੀ ਦਸ਼ਾ ਤਾਂ ਗਿਣਾਤਮਕ ਤੇ ਗੁਣਾਤਮਕ ਪੱਖੋਂ ਬਹੁਤ ਬਦਤਰ ਹੈ। ਵਿਦਿਆਰਥੀਆਂ ਦੀ ਪ੍ਰਸ਼ਨ ਕਰਨ ਦੀ ਚਾਹਤ ਵੀ ਖਤਮ ਕੀਤੀ ਜਾ ਰਹੀ ਹੈ। ਅਸਹਿਜ ਪ੍ਰਸ਼ਨ ਕਰਨ ‘ਤੇ ਸਜ਼ਾ ਆਮ ਵਰਤਾਰਾ ਹੈ।

ਸਰਕਾਰੀ ਸਕੂਲਾਂ ਵਿਚ ਬੱਚਿਆਂ ਦੇ ਸ਼ਖ਼ਸੀ ਵਿਕਾਸ ਦੇ ਲੋੜੀਂਦੇ ਯਤਨ ਨਹੀਂ ਹੋ ਰਹੇ ਤੇ ਪ੍ਰਾਈਵੇਟ ਸਕੂਲ ਅਨੁਸ਼ਾਸਨ ਦੇ ਨਾਮ ‘ਤੇ ਵਗਾਰ ਕਰਵਾਉਂਦੇ ਹਨ। ਸਿੱਖਿਆ ਖੇਤਰ ਨਾਲ ਸਬੰਧਤ ਧਿਰਾਂ ਬੱਚੇ, ਮਾਪੇ, ਅਧਿਆਪਕ ਤੇ ਸਰਕਾਰ, ਮੌਜੂਦਾ ਸਥਿਤੀ ਤੋਂ ਸੰਤੁਸ਼ਟ ਨਹੀਂ ਪਰ ਇਨ੍ਹਾਂ ਵਲੋਂ ਮਿਲ ਕੇ ਮਰਜ਼ ਦੀ ਨਿਸ਼ਾਨਦੇਹੀ ਕਰਨ ਤੇ ਹੱਲ ਵੱਲ ਵਧਣ ਦਾ ਰੁਝਾਨ ਨਹੀਂ ਰਿਹਾ। ਹਰ ਧਿਰ ਆਪਣੇ ਆਪ ਨੂੰ ਦੋਸ਼ਹੀਣ ਮੰਨ ਕੇ ਦੂਜੀਆਂ ਧਿਰਾਂ ਦੇ ਨੁਕਸ ਲੱਭਦੀ ਹੈ। ਮੁੱਢਲੀ ਸਿੱਖਿਆ ਦੇ ਅਸਲ ਮੰਤਵ ਨੂੰ ਵਿਸਾਰਿਆ ਜਾ ਰਿਹਾ ਹੈ।
ਯੂਨੈਸਕੋ ਦੇ ਸਿੱਖਿਆ ਬਾਬਤ ਕਮਿਸ਼ਨ ਨੇ ਸਿੱਖਿਆ ਦੇ ਚਾਰ ਉਦੇਸ਼ ਮਿਥੇ ਹਨ- ਜਾਣਨਾ, ਕਰਨਾ, ਸਹਿਹੋਂਦ, ਸਵੈ-ਪ੍ਰਗਟਾਵਾ। ਇਨ੍ਹਾਂ ਦੀ ਪ੍ਰਾਪਤੀ ਦੇ ਚਾਰ ਪੜਾਅ ਹਨ। ਪਹਿਲਾ, ਜਾਣਨ ਦਾ ਪੜਾਅ, ਜਿਸ ਦਾ ਨਿਸ਼ਾਨਾ ਹੈ ਅੱਖਰ ਗਿਆਨ, ਅੰਕ ਗਿਆਨ ਤੇ ਕਿੱਤਾ ਸਿਖਲਾਈ। ਦੂਜਾ, ਤੁਲਨਾਤਮਕ ਅਧਿਐਨ, ਜਿਸ ਦਾ ਮੰਤਵ ਵੱਖ ਵੱਖ ਵਿਸ਼ਿਆਂ ਸਬੰਧੀ ਤੁਲਨਾਤਮਕ ਜਾਣਕਾਰੀ ਹਰ ਸਮੱਸਿਆ ਦੇ ਵੱਖ-ਵੱਖ ਪਹਿਲੂਆਂ ਪ੍ਰਤੀ ਵੱਖ ਵੱਖ ਲੋਕਾਂ ਦੇ ਨਜ਼ਰੀਏ ਤੋਂ ਵਾਕਫੀ ਪ੍ਰਾਪਤ ਕਰਨਾ ਹੈ। ਆਪਣੇ ਨਜ਼ਰੀਏ ਦੇ ਨਾਲ-ਨਾਲ ਦੂਜੇ ਦੇ ਨਜ਼ਰੀਏ ਨੂੰ ਤੇ ਵਿਰੋਧੀ ਵਿਚਾਰ ਨੂੰ ਸੁਣਨ ਤੇ ਸਮਝਣ ਦੀ ਮੁਹਾਰਤ ਪ੍ਰਾਪਤ ਕਰਨਾ ਉਪਜੀਵਕਾ ਕਮਾਉਣ ਤੇ ਵੰਡ ਕੇ ਛਕਣ ਦੀ ਪ੍ਰਕਿਰਿਆ ਵਿਚ ਪ੍ਰਵੇਸ਼ ਵਾਂਗ ਹੈ। ਤੀਜਾ ਪੜਾਅ ਹੈ, ਵਿਸ਼ਲੇਸ਼ਣਾਤਮਕ ਅਧਿਐਨ ਵਿਚ ਮੁਹਾਰਤ, ਜਾਣਕਾਰੀ ਤੇ ਕਿਰਤ ਵਿੱਦਿਆ ਨੂੰ ਵਿਸ਼ਲੇਸ਼ਣਾਤਮਕ ਬਿਰਤੀ ਰਾਹੀਂ ਗ੍ਰਹਿਣ ਕਰ ਕੇ ਸਮੂਹਿਕ ਜੀਵਨ ਲਈ ਵਰਤੋਂ ਵਿਚ ਲਿਆਉਣਾ।
ਇਸ ਦੌਰਾਨ ਸਵੈ-ਅਧਿਐਨ ਤੇ ਅਲੋਚਨਾਤਮਿਕ ਗਿਆਨ ਵੱਲ ਵਧਦੇ ਹੋਏ, ਠੀਕ ਗਲਤ ਦੀ ਪਛਾਣ ਕਰਨ ਅਤੇ ਸਹੀ ਸਿੱਟੇ ਕੱਢਣ ਦੀ ਮੁਹਾਰਤ ਪੈਦਾ ਹੁੰਦੀ ਹੈ। ਸਿੱਖਿਆ ਦਾ ਚੌਥਾ ਪੜਾਅ ਹੈ, ਸਿਰਜਣਾ। ਇਸ ਦੌਰਾਨ ਸਿਰਜਣਾ ਦੇ ਉਚ ਪੜਾਅ ਨੂੰ ਪ੍ਰਾਪਤ ਕਰ ਕੇ ਸਿਧਾਂਤ ਘੜਨ ਦੇ ਰਾਹੀਂ ਕੁਦਰਤੀ ਸ਼ਕਤੀਆਂ ਨਾਲ ਇਕਸੁਰਤਾ ਤੇ ਸਹਿ-ਹੋਂਦ ਵਾਲਾ ਸਮੂਹਿਕ ਜੀਵਨ ਜਿਉਣ ਦਾ ਗਿਆਨ ਹਾਸਲ ਕਰਨਾ ਹੈ। ਸਿੱਟਾ ਹੈ, ਸਮੂਹਿਕ ਜੀਵਨ, ਕੁਦਰਤ ਨਾਲ ਇਕਸੁਰਤਾ, ਟਿਕਾਊ ਵਿਕਾਸ, ਸਮਾਜ ਵਿਚ ਥੁੜ੍ਹਾਂ ਦਾ ਖਾਤਮਾ, ਸਾਰਿਆਂ ਨੂੰ ਇੱਕੋ ਜਿਹਾ ਸਮਝਣਾ, ਸ਼ਾਂਤਮਈ ਸਹਿਹੋਂਦ, ਧਨ ਦੌਲਤ ਨੂੰ ਇਕ ਸਾਧਨ ਮੰਨਣਾ, ਨਾ ਕਿ ਅੰਤਿਮ ਨਿਸ਼ਾਨਾ, ਸਮੂਹਿਕ ਪੁੱਗਤ ਵਿਚ ਵਿਅਕਤੀਗਤ ਪੁੱਗਤ, ਸਮੂਹਿਕ ਵਿਕਾਸ ਵਿਚ ਵਿਅਕਤੀਗਤ ਵਿਕਾਸ, ਸਮੂਹਿਕ ਖੁਸ਼ਹਾਲੀ ਵਿਚ ਵਿਅਕਤੀਗਤ ਖੁਸ਼ਹਾਲੀ, ਸਮੂਹਿਕ ਸ਼ਾਂਤੀ ਵਿਚ ਵਿਅਕਤੀਗਤ ਸ਼ਾਂਤੀ, ਸਮੂਹਿਕ ਭਲਾਈ ਵਿਚ ਵਿਅਕਤੀਗਤ ਭਲਾਈ, ਸਮੂਹਿਕ ਇਨਸਾਫ ਵਿਚ ਵਿਅਕਤੀਗਤ ਇਨਸਾਫ ਵੇਖਣਾ।
ਅੱਖਰ ਗਿਆਨ, ਹੁਨਰ ਸਿਖਲਾਈ, ਤੁਲਨਾਤਮਕ ਅਧਿਐਨ, ਵਿਸ਼ੇਸ਼ਣਾਤਮਕ ਵਿਧੀਆਂ ਤੇ ਗਿਆਨ ਦੀ ਸਿਰਜਣਾ, ਸਰੀਰਕ ਸ਼ਕਤੀਆਂ ਨੂੰ ਮਾਨਸਿਕ ਸ਼ਕਤੀਆਂ ਵਿਚ ਬਦਲ ਕੇ, ਮਾਨਸਿਕ ਪੱਧਰ ਨੂੰ ਇੰਨਾ ਉਚਾ ਕਰ ਦਿੰਦੀ ਹੈ ਕਿ ਕੋਈ ਵੀ ਦੁਸ਼ਵਾਰੀ ਜਾਂ ਕਸ਼ਟ ਇਰਾਦੇ ਤੋਂ ਨਹੀਂ ਡੇਗ ਸਕਦਾ, ਪਰ ਪੰਜਾਬ/ਭਾਰਤ ਦੀ ਸਿੱਖਿਆ ਤਾਂ ਅੱਖਰ ਗਿਆਨ ਤੇ ਕਿੱਤਾ ਸਿਖਲਾਈ ਤਕ ਹੀ ਸੀਮਤ ਕਰ ਦਿੱਤੀ ਗਈ ਹੈ। ਸਕੂਲ ਪੱਧਰ ‘ਤੇ ਤਾਂ ਅੱਖਰ ਗਿਆਨ ਵੀ ਘੱਟੋ-ਘੱਟ ਪੱਧਰਾਂ ਤਕ ਹੀ ਸਮੇਟ ਦਿੱਤਾ ਗਿਆ ਹੈ। ਬਾਕੀ ਤਿੰਨ ਪੜਾਅ ਤਾਂ ਉਚ ਅਦਾਰਿਆਂ ਵਿਚ ਵੀ ਤਕਰੀਬਨ ਲੋਪ ਹੋ ਗਏ ਹਨ।
ਵੱਡੀ ਚਿੰਤਾ ਹੈ ਕਿ ਪਹਿਲੇ ਪੜਾਅ ਵਿਚ ਵੀ ਗੰਭੀਰ ਤਰੁਟੀਆਂ ਹਨ। ਇਸ ਦਾ ਨਤੀਜਾ ਵਿਅਕਤੀਗਤ ਰੁਝਾਨ, ਆਪਾ-ਧਾਪੀ, ਅਰਾਜਕਤਾ, ਲਾਈਲੱਗਪੁਣਾ, ਭ੍ਰਿਸ਼ਟਾਚਾਰ, ਹਿੰਸਾਤਮਕ ਵਰਤਾਰਾ, ਪਸ਼ੂ ਬਿਰਤੀਆਂ ਦਾ ਵਾਧਾ (ਖਾਣਾ-ਪੀਣਾ, ਪਹਿਨਣਾ, ਬੱਚੇ ਪੈਦਾ ਕਰਨਾ, ਜੰਮਣਾ ਤੇ ਮਰ ਜਾਣਾ), ਕੁਦਰਤ ਦਾ ਦੋਹਨ, ਟਿਕਾਊ ਵਿਕਾਸ ਨੂੰ ਢਾਅ, ਸਮਾਜਕ ਪੁੱਗਤ ਦੀ ਥਾਂ ਵਿਅਕਤੀਗਤ ਪੁੱਗਤ ਵੱਲ ਰੁਝਾਨ ਹੈ। ਸਮਾਜ ਟੁੱਟ ਰਿਹਾ ਹੈ ਤੇ ਰਿਸ਼ਤੇ ਤਿੜਕ ਰਹੇ ਹਨ। ਉਦਰੇਵਾਂ ਵਧ ਰਿਹਾ ਹੈ, ਨਸ਼ੇ ਤੇ ਖ਼ੁਦਕੁਸ਼ੀਆਂ ਵਧ ਰਹੀਆਂ ਹਨ, ਸਹਿਨਸ਼ੀਲਤਾ ਤੇ ਠਰੰਮਾ ਘਟ ਰਹੇ ਹਨ। ਪੰਜਾਬ ਦੇ 15486 ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਵਿਚ 13,185 ਪ੍ਰਾਇਮਰੀ, 2889 ਮਿਡਲ, 1825 ਹਾਈ ਤੇ 1579 ਸੀਨੀਅਰ ਸੈਕੰਡਰੀ ਸਰਕਾਰੀ ਸਕੂਲ ਹਨ। ਮਿਡਲ ਕਲਾਸਾਂ 6263 ਸਰਕਾਰੀ ਸਕੂਲਾਂ ਵਿਚ ਹਨ, 65 ਆਬਾਦੀਆਂ ਵਿਚ ਕੋਈ ਸਰਕਾਰੀ ਪ੍ਰਾਇਮਰੀ ਸਕੂਲ ਹੀ ਨਹੀਂ। 5869 ਪ੍ਰਾਇਮਰੀ ਤੇ 3962 ਮਿਡਲ ਸਕੂਲ ਮਾਨਤਾ ਪ੍ਰਾਪਤ ਨਹੀਂ ਜਦਕਿ ਜ਼ਿਆਦਾ ਬੱਚੇ ਪ੍ਰਾਈਵੇਟ ਸਕੂਲਾਂ ਵਿਚ ਹਨ।
2011 ਦੀ ਮਰਦਮ-ਸ਼ੁਮਾਰੀ ਦੇ ਅੰਕੜਿਆਂ ਅਨੁਸਾਰ ਮੁਫ਼ਤ ਲਾਜ਼ਮੀ ਸਿੱਖਿਆ ਅਧਿਕਾਰ ਕਾਨੂੰਨ ਲਾਗੂ ਹੋਣ ਦੇ ਚਾਰ ਸਾਲ ਬਾਅਦ ਵੀ 4,83,690 ਬੱਚੇ ਸਕੂਲਾਂ ਤੋਂ ਦੂਰ ਹਨ। ਕੁੱਲੀਆਂ ਵਾਲੇ, ਢਹੇ, ਸਿਕਲੀਗਿਰ, ਗੱਡੀਆਂ ਵਾਲੇ, ਧਾਨਕੇ, ਸਿਰਕੀਬੰਦ, ਜੋਗੀ, ਸਾਂਸੀ, ਸੜਕਾਂ ‘ਤੇ ਲੁਕ ਪਾਉਣ ਵਾਲੇ, ਭੱਠੇ ‘ਤੇ ਕੰਮ ਕਰਨ ਵਾਲੇ, ਕੋਲੇ ਚੁਗਣ ਵਾਲੇ, ਕਾਗ਼ਜ਼ ਤੇ ਪਲਾਸਟਿਕ ਚੁਗਣ ਵਾਲੇ, ਭੇਡਾਂ-ਬੱਕਰੀਆਂ ਚਾਰਨ ਵਾਲੇ, ਘਰੇਲੂ ਨੌਕਰ ਅਤੇ ਢਾਬਿਆਂ ‘ਤੇ ਕੰਮ ਕਰਨ ਵਾਲਿਆਂ ਸਮੇਤ ਕਈ ਗ਼ਰੀਬ ਵਰਗਾਂ ਦੇ ਬੱਚਿਆਂ ਨੂੰ ਹਾਲੇ ਵੀ ਸਕੂਲ ਨਸੀਬ ਨਹੀਂ ਹਨ। ਅਧਿਆਪਕਾਂ ਦਾ ਕਹਿਣਾ ਹੈ ਕਿ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਕਾਰਨ ਸਿੱਖਿਆ ਦੀ ਨੀਂਹ ਕਮਜ਼ੋਰ ਹੈ ਪਰ ਤੱਥ ਇਸ ਦੀ ਪੁਸ਼ਟੀ ਨਹੀਂ ਕਰਦੇ।
ਸਿੱਖਿਆ ਦੀ ਦਸ਼ਾ ਬਾਬਤ ਰਾਸ਼ਟਰੀ ਪੱਧਰ ਦੇ 2014 ਦੇ ਸਰਵੇਖਣ ਦੀ ਸਾਲਾਨਾ ਰਿਪੋਰਟ ਅਨੁਸਾਰ ਪਿਛਲੇ ਚਾਰ ਸਾਲਾਂ ਦੌਰਾਨ ਪੰਜਾਬ ਵਿਚ ਪ੍ਰਾਈਵੇਟ ਸਕੂਲਾਂ ਵਿਚ ਦਾਖਲੇ ਦਾ ਰੁਝਾਨ ਜ਼ਿਆਦਾ ਵਧਿਆ ਹੈ। 2014 ਦੌਰਾਨ ਸਰਕਾਰੀ ਸਕੂਲਾਂ ਵਿਚ, 6-14 ਸਾਲ ਦੇ ਕੇਵਲ 48æ8 ਫੀਸਦੀ ਬੱਚੇ ਹੀ ਦਾਖ਼ਲ ਹੋਏ। ਦੂਜੀ ਦੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ 16æ0 ਫੀਸਦੀ ਅਤੇ 11æ1 ਫੀਸਦੀ ਬੱਚਿਆਂ ਨੂੰ ਤਾਂ ਕ੍ਰਮਵਾਰ ਅੱਖਰਾਂ ਦੀ ਵੀ ਪਛਾਣ ਨਹੀਂ ਅਤੇ ਤੀਜੀ ਦੇ ਸਰਕਾਰੀ ਸਕੂਲਾਂ ਦੇ 32æ3 ਫੀਸਦੀ ਤੇ ਪ੍ਰਾਈਵੇਟ ਦੇ 18æ6 ਫੀਸਦੀ ਬੱਚੇ ਕੋਈ ਸ਼ਬਦ ਨਹੀਂ ਪੜ੍ਹ ਸਕੇ। ਸਰਕਾਰੀ ਸਕੂਲਾਂ ਦੇ 39æ1 ਫੀਸਦੀ ਅਤੇ ਪ੍ਰਾਈਵੇਟ ਦੇ 26æ2 ਫੀਸਦੀ ਪੰਜਵੀਂ ਦੇ ਬੱਚੇ ਦੂਜੀ ਦੀ ਕਿਤਾਬ ਵੀ ਨਹੀਂ ਪੜ੍ਹ ਸਕਦੇ। ਗਣਿਤ ਵਿਚ ਦੂਜੀ ਜਮਾਤ ਦੇ ਸਰਕਾਰੀ ਸਕੂਲਾਂ ਦੇ 10æ4 ਫੀਸਦੀ ਅਤੇ ਪ੍ਰਾਈਵੇਟ ਦੇ 3æ3 ਫੀਸਦੀ ਬੱਚੇ ਤਾਂ ਇਕ ਤੋਂ 9 ਤਕ ਅੰਕ ਵੀ ਪਛਾਣ ਨਹੀਂ ਸਕੇ। ਤੀਜੀ ਦੇ 42æ4 ਫੀਸਦੀ ਨੂੰ 99 ਤਕ ਦੇ ਹਿੰਦਸਿਆਂ ਦੀ ਪਛਾਣ ਨਹੀਂ। ਸਰਕਾਰੀ ਤੇ ਪ੍ਰਾਈਵੇਟ ਵਿਚ ਪੰਜਵੀਂ ਜਮਾਤ ਦੇ ਕ੍ਰਮਵਾਰ 62æ9 ਫੀਸਦੀ ਅਤੇ 46æ1 ਫੀਸਦੀ ਬੱਚੇ ਭਾਗ ਨਹੀਂ ਕਰ ਸਕਦੇ।
ਅੱਠਵੀਂ ਜਮਾਤ ਦੇ ਵੀ 0æ8 ਫੀਸਦੀ ਬੱਚੇ ਅੱਖਰ ਨਹੀਂ ਪਛਾਣ ਸਕਦੇ ਤੇ 13æ8 ਫੀਸਦੀ ਦੂਜੀ ਦੀ ਕਿਤਾਬ ਵੀ ਪੜ੍ਹਨ ਤੋਂ ਅਸਮਰੱਥ ਹਨ; 5 ਫੀਸਦੀ ਤਾਂ ਪਹਿਲੀ ਦੀ ਕਿਤਾਬ ਵੀ ਨਹੀਂ ਪੜ੍ਹ ਸਕਦੇ। ਅੱਠਵੀਂ ਦੇ 0æ6 ਫੀਸਦੀ ਬੱਚੇ ਇਕ ਤੋਂ 9 ਤਕ ਹਿੰਦਸੇ ਵੀ ਨਹੀਂ ਪਛਾਣ ਸਕਦੇ ਜਦਕਿ 38æ2 ਫੀਸਦੀ ਨੂੰ ਇੱਕ ਅੰਕ ਨਾਲ ਵੀ ਭਾਗ ਕਰਨੀ ਨਹੀਂ ਆਉਂਦੀ। ਸਪਸ਼ਟ ਹੈ ਕਿ ਮੁਫ਼ਤ ਤੇ ਲਾਜ਼ਮੀ ਸਿੱਖਿਆ ਵਿਚ ਅਗਲੀ ਕਲਾਸ ਵਿਚ ਚੜ੍ਹਾਉਣ ਦੇ ਦੌਰ ਤੋਂ ਪਹਿਲੇ ਬੱਚਿਆਂ ਦਾ ਵੀ ਹਾਲ ਕੋਈ ਬਹੁਤ ਬਿਹਤਰ ਨਹੀਂ ਹੈ ਅਤੇ ਅਧਿਆਪਕਾਂ ਵਲੋਂ ਫੇਲ੍ਹ ਨਾ ਕਰਨ ਕਰ ਕੇ ਮਿਆਰ ਖ਼ਤਮ ਹੋਣ ਦੀ ਗੱਲ ਵਿਚ ਵੀ ਬਹੁਤਾ ਵਜ਼ਨ ਨਹੀਂ।
2010 ਦੌਰਾਨ ਕਿਸਾਨ ਕਮਿਸ਼ਨ ਪੰਜਾਬ ਵਲੋਂ ਪੇਂਡੂ ਸਕੂਲਾਂ ਸਬੰਧੀ ਖੇਤੀਬਾੜੀ ਯੂਨੀਵਰਸਿਟੀ ਕੋਲੋਂ ਕਰਵਾਏ ਸਰਵੇਖਣ ਅਨੁਸਾਰ ਵੀ ਪੰਜਵੀਂ ਜਮਾਤ ਦੇ 30 ਫੀਸਦੀ ਬੱਚੇ ਅਤੇ ਅੱਠਵੀਂ ਦੇ 12 ਫੀਸਦੀ ਬੱਚੇ ਪਹਿਲੀ ਦੀ ਕਿਤਾਬ ਤੋਂ ਅੱਗੇ ਨਹੀਂ ਟੱਪੇ। ਗਣਿਤ ਵਿਚ ਪੰਜਵੀਂ ਦੇ 3æ6 ਫੀਸਦੀ ਅਤੇ ਅੱਠਵੀਂ ਦੇ 2æ1 ਫੀਸਦੀ ਬੱਚਿਆਂ ਨੂੰ ਜਾਂ ਤਾਂ ਹਿੰਦਸਿਆਂ ਦੀ ਪਛਾਣ ਹੀ ਨਹੀਂ ਜਾਂ ਕੇਵਲ ਇਕ ਤੋਂ 9 ਤਕ ਦੇ ਹਿੰਦਸੇ ਹੀ ਪਛਾਣ ਸਕੇ। ਪੰਜਵੀਂ ਦੇ 31æ2 ਫੀਸਦੀ ਅਤੇ ਅੱਠਵੀਂ ਦੇ 17æ9 ਫੀਸਦੀ ਨੂੰ ਸਾਧਾਰਨ ਗੁਣਾ ਵੀ ਨਹੀਂ ਆਉਂਦੀ। ਸਰਕਾਰੀ ਸਕੂਲਾਂ ਦੇ ਮੁਕਾਬਲੇ ਪ੍ਰਾਈਵੇਟ ਸਕੂਲਾਂ ਦਾ ਪ੍ਰਦਰਸ਼ਨ ਵੀ ਕੋਈ ਬਹੁਤਾ ਬਿਹਤਰ ਨਹੀਂ। ਇਹ ਉਨ੍ਹਾਂ ਮਾਪਿਆਂ ਦੀਆਂ ਅੱਖਾਂ ਖੋਲ੍ਹਣ ਲਈ ਚੰਗਾ ਸਰੋਤ ਹੈ ਜਿਹੜੇ ਸਮਝਦੇ ਹਨ ਕਿ ਪ੍ਰਾਈਵੇਟ ਸਕੂਲਾਂ ਵਿਚ ਉਨ੍ਹਾਂ ਦੇ ਬੱਚੇ ਮੱਲਾਂ ਮਾਰ ਲੈਣਗੇ। ਪੇਂਡੂ ਇਲਾਕਿਆਂ ਵਿਚ ਵੀ ਪ੍ਰਾਈਵੇਟ ਸਕੂਲਾਂ ਵਿਚ ਬੱਚਿਆਂ ਦੀ ਵਧ ਰਹੀ ਗਿਣਤੀ ਦਾ ਤੇ ਲੋਕਾਂ ਦਾ ਸਰਕਾਰੀ ਸਕੂਲਾਂ ਵਲੋਂ ਮੂੰਹ ਮੋੜਨ ਦਾ ਕਾਰਨ ਜਾਣਨ ਦੀ ਲੋੜ ਹੈ।
ਸੰਸਾਰ ਪੱਧਰ ਉਪਰ ਸਾਬਤ ਹੋ ਚੁੱਕਾ ਹੈ ਕਿ ਵਿਸ਼ੇਸ਼ ਕਰ ਕੇ ਘੱਟੋ-ਘੱਟ ਪਹਿਲੇ ਪੰਜ ਸਾਲ ਅਤੇ ਆਮ ਤੌਰ ‘ਤੇ ਪਹਿਲੇ ਅੱਠ ਸਾਲ ਤਕ, ਬੱਚੇ ਨੂੰ ਜੇ ਭਾਸ਼ਾ ਅਤੇ ਗਣਿਤ ਵਿਚ ਨਿਪੁੰਨ ਕਰ ਦਿੱਤਾ ਜਾਵੇ ਤਾਂ ਉਹ ਆਪਣੇ ਜੀਵਨ ਵਿਚ ਕਿਸੇ ਵੀ ਵਿਸ਼ੇ ਨੂੰ ਸਮਝਣ ਤੇ ਪੜ੍ਹਨ ਵਿਚ ਸਮਰੱਥ ਰਹੇਗਾ ਪਰ ਜੇ ਭਾਸ਼ਾ ਤੇ ਗਣਿਤ ਵਿਚ ਕਮਜ਼ੋਰੀ ਰਹਿ ਜਾਵੇ ਤਾਂ ਉਹ ਗੁਣਵਤਾ ਵਾਲੀ ਸਿੱਖਿਆ ਤੋਂ ਵਾਂਝਾ ਰਹਿ ਜਾਵੇਗਾ।
ਅਕਾਦਮਿਕ ਕਦਰਾਂ ਕੀਮਤਾਂ ਵੱਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪਾਠ ਪੁਸਤਕਾਂ ਬਣਾਉਣ ਵਿਚ ਸਿੱਖਣ ਪ੍ਰਕਿਰਿਆ ਦੇ ਮੂਲ ਸੂਤਰ ‘ਜਾਣੇ ਤੋਂ ਅਣਜਾਣੇ’, ‘ਸੌਖੇ ਤੋਂ ਔਖੇ’ ਤੇ ‘ਸਥੂਲ ਤੋਂ ਸੂਖਮ’ ਦੇ ਸਿਧਾਂਤ ਨੂੰ ਲਾਗੂ ਕਰਨ ਦੀ ਥਾਂ ਬਸਤੇ ਦਾ ਬੋਝ ਹੀ ਵਧਾਇਆ ਹੈ। ਬੋਰਡ ਦੀ 100 ਪੰਨਿਆਂ ਤੋਂ ਵੱਧ ਪਹਿਲੀ ਦੀ ਗਣਿਤ ਦੀ ਕਿਤਾਬ ਦਾ ਪਹਿਲਾ ਪੰਨਾ ਪੈਂਗੂਇਨ ਦੇ ਚਿੱਤਰ ਨਾਲ ਸ਼ੁਰੂ ਹੁੰਦਾ ਹੈ। ਸਿੱਖਿਆ ਦਾ ਬਜਟ 1967-68 ਵਿਚ ਕੁੱਲ ਬਜਟ ਦਾ 36æ62 ਫੀਸਦੀ ਸੀ ਜੋ ਘਟ ਕੇ 2014-15 ਵਿਚ 12æ40 ਫੀਸਦੀ ਰਹਿ ਗਿਆ ਹੈ। ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਬੱਚੇ ਦਲਿਤਾਂ, ਖੇਤ ਮਜ਼ਦੂਰਾਂ, ਗ਼ਰੀਬ ਕਿਸਾਨਾਂ ਅਤੇ ਹੋਰ ਗ਼ਰੀਬ ਵਰਗਾਂ ਵਿਚੋਂ ਹੀ ਆਉਂਦੇ ਹਨ। ਇਨ੍ਹਾਂ ਬੱਚਿਆਂ ਜਾਂ ਮਾਪਿਆਂ ਦੀ ਕੋਈ ਬਹੁਤੀ ਨਹੀਂ ਸੁਣਦਾ ਅਤੇ ਉਹ ਵੀ ਕਈ ਵਾਰ ਆਪਣਾ ਪੱਖ ਰੱਖਣ ਤੋਂ ਅਸਮਰੱਥ ਰਹਿ ਜਾਂਦੇ ਹਨ ਜਿਸ ਕਰ ਕੇ ਇਨ੍ਹਾਂ ਦਾ ਭਵਿੱਖ ਰੁਲ ਜਾਂਦਾ ਹੈ। ਇਹ ਨਹੀਂ ਮੰਨਿਆ ਜਾ ਸਕਦਾ ਕਿ ਸਰਕਾਰੀ ਸਕੂਲਾਂ ਵਿਚ ਕੇਵਲ ਕਮਜ਼ੋਰ ਬੱਚੇ ਆਉਂਦੇ ਹਨ। ਕੀ ਸਾਰੇ ਗ਼ਰੀਬ ਬੱਚੇ ਪੜ੍ਹਨ ਵਿਚ ਕਮਜ਼ੋਰ ਤੇ ਸਾਰੇ ਅਮੀਰ ਹੁਸ਼ਿਆਰ ਹੁੰਦੇ ਹਨ? ਸੋਚਣ ਦੀ ਲੋੜ ਹੈ।