ਗੁਰਬਾਣੀ ਵਿਚ ਵਿਦਿਆ ਦਾ ਸੰਕਲਪ

ਪ੍ਰੋæ ਹਰਪਾਲ ਸਿੰਘ
ਫੋਨ: 0061-416-4218 48 (ਸੀ) ਨਿਊਜ਼ੀਲੈਂਡ
ਗੁਰਬਾਣੀ ਨਿਖੇੜਾ ਕਰਦੀ ਹੈ ਅਸਲੀ ਤੇ ਨਕਲੀ ਵਿਦਿਆ ਦਾ। ਵਿਦਿਆ ਮਨੁੱਖ ਨੂੰ ਗੁਰਮੁਖ ਬਣਾਉਂਦੀ ਹੈ, ਤੇ ਮਨਮੁਖ ਵੀ ਬਣਾਉਂਦੀ ਹੈ। ਗੁਰਬਾਣੀ ਅਨੁਸਾਰ ਵਿਦਿਆ ਦਾ ਅਰਥ ਪੋਥੀਆਂ ਪੜ੍ਹਨਾ, ਵਾਚਣਾ ਜਾਂ ਅੱਖਰ ਪੜ੍ਹਨਾ ਨਹੀਂ। ਵਿਦਿਆ ਮਨੁੱਖ ਦੇ ਦਿਲ-ਦਿਮਾਗ ਦੀ ਪੂਰਨ ਸ਼ਖਸੀਅਤ ਦਾ ਵਿਕਾਸ ਹੈ। ਵਿਦਿਆ ਦੀ ਤਸਵੀਰ ਇਸ ਗੱਲ ਤੋਂ ਜ਼ਾਹਿਰ ਹੁੰਦੀ ਹੈ ਕਿ ਮਨੁੱਖ ਦਾ ਹਿਰਦਾ ਮਾਇਆ, ਹਉਮੈ, ਲਾਲਚ, ਹੰਕਾਰ ਆਦਿ ਮਗਰ ਜਾਂਦਾ ਹੈ, ਜਾਂ ਰੱਬ ਦੇ ਰਾਹ ਪੈਂਦਾ ਹੈ। ਗੁਰਬਾਣੀ ਮੁਤਾਬਕ ਵਿਦਿਆ ਦਾ ਦਾਇਰਾ ਸਿਰਫ਼ ਦਿਮਾਗੀ ਸੋਝੀ ਹੀ ਨਹੀਂ, ਸਗੋਂ ਜਜ਼ਬੇ ਦੀ ਵਿਦਿਆ ਵੀ ਹੈ।

ਵਿਦਿਆ ਦੀ ਗੱਲ ਕਰਦਿਆਂ ਗੁਰਬਾਣੀ ਦਰਅਸਲ, ਸਮਾਜ ਵਿਚ ਬੁੱਧੀਜੀਵੀ ਵਰਗ ਦਾ ਰੋਲ ਪ੍ਰਗਟ ਕਰ ਰਹੀ ਹੈ। ਉਸ ਵੇਲੇ ਚੇਤਨਾ ਦਾ ਰੂਪ ਮਜ਼੍ਹਬੀ ਸੀ। ਇਸ ਵਾਸਤੇ ਵਿਦਿਆ ਵੀ ਬਹੁਤ ਹੱਦ ਤੱਕ ਮਜ਼੍ਹਬੀ ਸੰਸਥਾਵਾਂ ਦੇ ਅਧੀਨ ਸੀ। ਬੁੱਧੀਜੀਵੀ ਵਰਗ ਵੀ ਦੋ ਧੜਿਆਂ ਵਿਚ ਵੰਡਿਆ ਹੋਇਆ ਸੀ। ਇਕ ਉਹ ਜੋ ਮਾਇਆ ਦੇ ਨਿਜ਼ਾਮ ਦਾ ਹਮਾਇਤੀ ਸੀ, ਤੇ ਦੂਜਾ ਰੱਬ ਦੇ ਰਾਹ ਦਾ ਅਨੁਯਾਈ। ਗੁਰਬਾਣੀ ਮਾਇਆ ਦੇ ਹਮਾਇਤੀ ਧੜੇ ਦਾ ਪੁਰਜ਼ੋਰ ਖੰਡਨ ਕਰਦੀ ਹੈ। ਇਹ ਬੁੱਧੀਵਾਦੀ ਜੋ ਮਾਇਆ ਦੇ ਨਿਜ਼ਾਮ ਦੇ ਰਾਜ ਪ੍ਰਬੰਧ ਦੇ ਪੁਰਜ਼ੇ ਹਨ, ਇਹ ਹਰਾਮ ਉਤੇ ਆਧਾਰਤ ਨਿਜ਼ਾਮ ਤੇ ਪਿੱਛਲਗ ਹਨ:
ਪੜਿਆ ਮੂਰਖੁ ਆਖੀਐ ਜਿਸੁ ਲਬੁ ਅਹੰਕਾਰਾ॥
ਨਾਉ ਪੜੀਐ ਨਾਉ ਬੁਝੀਐ ਗੁਰਮਤੀ ਵੀਚਾਰਾ॥ (ਮਹਲਾ ੧)
ਗੁਰਬਾਣੀ ਅਨੁਸਾਰ ਵਿਦਿਆ ਪੜ੍ਹੇ ਹੋਏ ਨੂੰ ਮੂਰਖ ਆਖਣਾ ਚਾਹੀਦਾ ਹੈ, ਕਿਉਂਕਿ ਉਸ ਦੇ ਅੰਦਰ ਲੋਭ ਤੇ ਹੰਕਾਰ ਹੈ। ਗੁਰੂ ਦੀ ਮਤ ਲੈ ਕੇ ਰੱਬ ਦਾ ਨਾਂ ਲੈਣਾ ਚਾਹੀਦਾ ਹੈ। ਉਸ ਵਿਚ ਸੁਰਤ ਜੋੜਨੀ ਚਾਹੀਦੀ ਹੈ। ਜੇ ਵਿਦਿਆ ਪ੍ਰਾਪਤ ਕਰ ਕੇ, ਦੂਜਿਆਂ ਨੂੰ ਹੜੱਪ ਕਰਨ ਦੀ ਥਾਂ ਉਨ੍ਹਾਂ ਦੀ ਭਲਾਈ ਕਰਨ ਵਾਲਾ ਹੋ ਗਿਆ, ਤਾਂ ਸਮਝੋ ਉਹ ਵਿਦਿਆ ਪਾ ਕੇ ਵਿਚਾਰਵਾਨ ਬਣਿਆ ਹੈ। ਤੀਰਥਾਂ ਉਤੇ ਵਾਸਾ ਤਾਂ ਹੀ ਸਫ਼ਲ ਮੰਨੋ, ਜੇ ਉਸ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਪੰਜੇ ਵਸ ਵਿਚ ਕਰ ਲਏ ਹਨ। ਗੁਰੂ ਜੀ ਦਾ ਉਪਦੇਸ਼ ਹੈ:
ਵਿਦਿਆ ਵੀਚਾਰੀ ਤਾਂ ਪਰਉਪਕਾਰੀ॥
ਜਾਂ ਪੰਚ ਰਾਸੀ ਤਾਂ ਤੀਰਥ ਵਾਸੀ॥ (ਮਹਲਾ ੧)
ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ॥
ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ॥
ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ॥
ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ॥
ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ। (ਮਹਲ ੧)
ਬਹੁਤ ਸਾਰੇ ਕਥਾ ਵਾਚਕ, ਗ੍ਰੰਥੀ, ਬਾਬੇ, ਗਿਆਨੀ ਤੇ ਵਿਆਖਿਆਕਾਰਾਂ ਅਨੁਸਾਰ ਇਸ ਸਲੋਕ ਦਾ ਅਰਥ ਇਹ ਹੈ ਕਿ ਇਸ ਵਿਚ ਵਿਦਿਆ ਦੀ ਹਉਮੈ ਨੂੰ ਤ੍ਰਿਸਕਾਰਿਆ ਗਿਆ ਹੈ; ਭਾਵ ਜੇ ਕੋਈ ਵਿਦਿਆ ਪ੍ਰਾਪਤ ਕਰ ਕੇ ਮਾਣ ਕਰਨ ਲੱਗ ਪਏ, ਹੰਕਾਰੀ ਹੋ ਜਾਏ ਕਿ ਮੈਂ ਤਾਂ ਬਹੁਤ ਪੜ੍ਹਿਆ ਹੋਇਆ ਹਾਂ, ਗੁਰੂ ਸਾਹਿਬ ਨੇ ਇਸ ਗੱਲ ਨੂੰ ਨਿੰਦਿਆ ਹੈ। ਇਹ ਅਰਥ ਠੀਕ ਨਹੀਂ ਹਨ। ਗੁਰੂ ਸਾਹਿਬ ਦਾ ਮਤਲਬ ਹੈ ਕਿ ਕਿਸੇ ਨੇ ਗੱਡਿਆਂ ਦੇ ਗੱਡੇ ਕਿਤਾਬਾਂ ਪੜ੍ਹੀਆਂ ਹੋਣ, ਜੇ ਉਸ ਨੇ ਨਾਮ ਦਾ ਅਰਥ ਨਹੀਂ ਸਮਝਿਆ, ਰੱਬ ਦੇ ਰਾਹ ਦਾ ਉਸ ਨੂੰ ਗਿਆਨ ਨਹੀਂ ਹੋਇਆ, ਤਾਂ ਉਸ ਦਾ ਸਾਰਾ ਪੜ੍ਹਿਆ ਫਜ਼ੂਲ ਹੈ। ਫਜ਼ੂਲ ਇਸ ਕਰ ਕੇ ਹੈ ਕਿ ਉਸ ਦੇ ਅੰਦਰ ਹਉਮੈ ਟਿਕੀ ਹੋਈ ਹੈ। ਜੇ ਰੱਬ ਦਾ ਗਿਆਨ ਨਹੀਂ ਹੋਇਆ ਤਾਂ ਉਹ ਲਾਜ਼ਮੀ ਹਰਾਮ ਆਧਾਰਤ ਮਾਇਆ ਦੇ ਨਿਜ਼ਾਮ ਦਾ ਅਨੁਸਾਰੀ ਹੈ। ਅੰਦਰ ਉਸ ਦੇ ਲੋਭ, ਹੰਕਾਰ ਆਦਿ ਹੀ ਕੰਮ ਕਰਦੇ ਹਨ। ਸਹੀ ਵਿਦਿਆ ਉਹ ਹੈ ਜੋ ਮਨੁੱਖ ਨੂੰ ਗੁਰਮੁਖ ਬਣਾ ਦੇਵੇ, ਜੋ ਉਸ ਨੂੰ ਹਰਾਮ ਖਾਣ ਵਾਲੇ ਦੇ ਵਿਰੁੱਧ ਖੜ੍ਹਾ ਕਰ ਦੇਵੇ।
ਗੁਰੂ ਨਾਨਕ ਦੇ ਸਮੇਂ ਸਮਾਜ ਦੇ ਦੋ ਵਰਗ ਵਿਦਿਆ ਦੇ ਅਲੰਬਰਦਾਰ ਸਨ-ਬ੍ਰਾਹਮਣ ਤੇ ਕਾਜ਼ੀ। ਬ੍ਰਾਹਮਣ ਹਿੰਦੂ ਸਮਾਜ ਦਾ ਗੁਰੂ ਸੀ ਤੇ ਹਰ ਪੱਖ ਤੋਂ ਪਵਿੱਤਰ ਸਮਝਿਆ ਜਾਂਦਾ ਸੀ। ਉਸ ਦੀ ਓਟ ਵੇਦ ਸ਼ਾਸਤਰ ਸਨ। ਬ੍ਰਾਹਮਣ, ਪੁਜਾਰੀ ਜਮਾਤ ਸੀ। ਗਿਆਨ-ਵਿਹੂਣੇ ਲੋਕਾਂ ਨੂੰ ਉਸ ਨੇ ਆਪਣੀ ਵਿਦਿਆ ਦੇ ਬਲਬੂਤੇ ਵਹਿਮਾਂ-ਭਰਮਾਂ ਵਿਚ ਫਸਾਇਆ ਹੋਇਆ ਸੀ। ਜੰਮਣ ਤੋਂ ਲੈ ਕੇ ਮਰਨ ਤੱਕ ਕੋਈ ਵੀ ਕਰਮ, ਬ੍ਰਾਹਮਣ ਦੀ ਅਗਵਾਈ ਤੋਂ ਬਗੈਰ ਨਹੀਂ ਹੋ ਸਕਦਾ ਸੀ। ਲੋਕਾਂ ਦੀ ਸਾਰੀ ਜ਼ਿੰਦਗੀ ਦੀ ਨਾਕਾਬੰਦੀ ਕਰ ਕੇ ਉਸ ਨੇ ਹਰ ਫੈਸਲਾ ਆਪਣੇ ਹੱਥ ਵਿਚ ਰੱਖਿਆ ਹੋਇਆ ਸੀ। ਕੁੱਲ ਗਿਆਨ ਦਾ ਉਹ ਵਾਹਿਦ ਮਾਲਿਕ ਸੀ। ਪਵਿੱਤਰਤਾ ਦਾ ਉਹ ਪੁੰਜ ਸੀ। ਹਰ ਗੁਨਾਹ ਤੋਂ ਉਹ ਖਾਲਸ ਸੀ। ਉਸ ਦੇ ਦੱਸੇ ਰਾਹ ਤੋਂ ਬਗੈਰ ਦੇਵੀ-ਦੇਵਤੇ ਵੀ ਚੱਲ ਨਹੀਂ ਸਨ ਸਕਦੇ। ਉਸ ਦੀ ਟੇਕ ਵੇਦਾਂ ਉਤੇ ਸੀ। ਵੇਦ ਸੰਸਕ੍ਰਿਤ ਵਿਚ ਸਨ ਤੇ ਸੰਸਕ੍ਰਿਤ ਦੇਵਤਿਆਂ ਦੀ ਜ਼ੁਬਾਨ ਸੀ। ਵੇਦਾਂ ਦੀ ਕੀ ਰਜ਼ਾ ਸੀ, ਇਹ ਸਿਰਫ਼ ਬ੍ਰਾਹਮਣ ਹੀ ਦੱਸ ਸਕਦਾ ਸੀ। ਗੁਰਬਾਣੀ ਐਸੀ ਵਿਦਿਆ ਦਾ ਖੰਡਨ ਕਰਦੀ ਹੈ,
ਪੜਿ ਪੁਸਤਕ ਸੰਧਿਆ ਬਾਦੰ॥
ਸਿਲ ਪੂਜਸਿ ਬਗੁਲ ਸਮਾਧੰ॥
ਮੁਖਿ ਝੂਠ ਬਿਭੂਖਣ ਸਾਰੰ॥ (ਮਹਲਾ ੧)
ਪੰਡਿਤ ਵੇਦ ਆਦਿ ਪੁਸਤਕਾਂ ਪੜ੍ਹਦਾ ਹੈ। ਗਿਣਤੀ ਕਰਦਾ ਹੈ। ਬਗਲੇ ਵਾਂਗ ਸਮਾਧੀ ਲਾਉਂਦਾ ਹੈ, ਪਰ ਉਸ ਦੀ ਅਸਲੀਅਤ ਕੂੜਿਆਰ ਦੀ ਹੈ। ਇਸ ਵਾਸਤੇ ਐਸੀਆਂ ਪੜ੍ਹੀਆਂ ਪੁਸਤਕਾਂ ਗੁਰਮਤਿ ਨੂੰ ਪ੍ਰਵਾਨ ਨਹੀਂ,
ਪੜਿ ਪੜਿ ਪੋਥੀ ਸਿੰਮ੍ਰਿਤਿ ਪਾਠਾ॥
ਬੇਦ ਪੁਰਾਣ ਪੜੈ ਸੁਣਿ ਥਾਟਾ॥
ਬਿਨੁ ਰਸ ਰਾਤੇ ਮਨੁ ਬਹੁ ਨਾਟਾ॥ (ਮਹਲਾ ੧)
ਬਿਨਾਂ ਰੱਬ ਵਿਚ ਰੱਤੇ ਜਾਣ ਦੇ ਮਨ ਟਿਕਾਣੇ ਨਹੀਂ ਆਉਂਦਾ।
ਪੰਡਿਤ ਮੈਲੁ ਨ ਚੁਕਈ ਜੇ ਵੇਦ ਪੜੇ ਜੁਗ ਚਾਰਿ॥
ਤ੍ਰੈ ਗੁਣ ਮਾਇਆ ਮੂਲੁ ਹੈ ਵਿਚ ਹਉਮੈ ਨਾਮੁ ਵਿਸਾਰਿ॥
ਪੰਡਿਤ ਭੂਲੇ ਦੂਜੈ ਲਾਗੇ ਮਾਇਆ ਕੈ ਵਾਪਾਰਿ॥
ਅੰਤਰਿ ਤ੍ਰਿਸਨਾ ਭੁਖ ਹੈ ਮੂਰਖ ਭੁਖਿਆ ਮੁਏ ਗਵਾਰ॥ (ਮਹਲਾ ੩)
ਪੰਡਿਤ ਪੜਹਿ ਵਖਾਣਹਿ ਵੇਦੁ॥
ਅੰਤਰਿ ਵਸਤੁ ਨ ਜਾਣਹਿ ਭੇਦੁ॥
ਗੁਰ ਬਿਨੁ ਸੋਝੀ ਬੂਝ ਨ ਹੋਇ॥
ਸਾਚਾ ਰਵਿ ਰਹਿਆ ਪ੍ਰਭੁ ਸੋਇ॥ (ਮਹਲਾ ੧)
ਅਸਲ ਵਿਦਿਆ-ਵਾਚੀ ਬ੍ਰਾਹਮਣ ਉਹ ਹੈ ਜੋ ਸਰਬ ਵਿਆਪਕ ਰੱਬ ਨੂੰ ਵਿਚਾਰਦਾ ਹੈ। ਇਸ ਰਾਹੇ ਪੈ ਕੇ ਉਹ ਨਾਲੇ ਆਪ ਤਰੇਗਾ, ਨਾਲੇ ਸੰਸਾਰ ਨੂੰ ਵੀ ਤਾਰੇਗਾ:
ਆਪਿ ਮੁਕਤੁ ਮੁਕਤੁ ਕਰੈ ਸੰਸਾਰੁ॥
ਜੇ ਉਹ ਸਰਵ ਵਿਆਪਕ ਨੂੰ ਜਾਣ ਲਵੇਗਾ ਤਾਂ ਉਹ ਹਰਾਮਖੋਰ ਨਹੀਂ ਰਹੇਗਾ। ਅਸਲ ਵਿਚ ਗਿਆਨਵਾਨ, ਸਿਆਣਾ ਉਹ ਹੈ ਜੋ ਆਪਣੇ ਦਿਲ ਵਿਚੋਂ ਹਉਮੈ, ਹਰਾਮ ਆਦਿ ਦੀ ਮੈਲ ਧੋ ਦਿੰਦਾ ਹੈ ਜਿਸ ਦੇ ਹਿਰਦੇ ਅੰਦਰੋਂ ਇਹ ਮੈਲ ਧੋਤੀ ਜਾਵੇ, ਉਹ ਮਾਇਆ ਵਾਲੇ ਨਿਜ਼ਾਮ ਦਾ ਆਪ ਹੀ ਵਿਰੋਧੀ ਹੋ ਜਾਵੇਗਾ। ਅਸਲ ਪੜ੍ਹਿਆ ਉਹ ਹੈ ਜੋ ਪੜ੍ਹੀ ਹੋਈ ਹਰ ਗੱਲ ਨੂੰ ਸਮਝੇ। ਮਤਲਬ, ਆਪ ਜੀਵੇ ਤੇ ਲੋਕਾਈ ਨੂੰ ਜੀਣ ਦਾ ਰਾਹ ਦਰਸਾਵੇ।
ਇਸਲਾਮਿਕ ਰਾਜ ਦਾ ਮੁੱਖ ਸੰਚਾਲਕ ਬਾਦਸ਼ਾਹ ਤੇ ਵਿਚਾਰਧਾਰਕ ਕਾਜ਼ੀ ਸੀ। ਰਾਜ ਪ੍ਰਬੰਧ ਦਾ ਹਰ ਕੰਮਕਾਜ ਕਾਜ਼ੀ ਵੱਲੋਂ ਦੱਸੀ ਸ਼ੱਰ੍ਹਾ ਅਨੁਸਾਰ ਹੀ ਹੁੰਦਾ ਸੀ। ਕਾਜ਼ੀ ਬਾਰੇ ਗੁਰੂ ਸਾਹਿਬ ਦਾ ਕਥਨ ਹੈ ਕਿ ਚਾਹੇ ਕਾਜ਼ੀ ਪੜ੍ਹਿਆ ਲਿਖਿਆ ਹੈ, ਪਰ ਉਸ ਦਾ ਕਿਰਦਾਰ ਹਰ ਪੱਖੋਂ ਨੀਵਾਂ ਹੈ:
ਕਾਜੀ ਹੋਇ ਕੈ ਬਹੈ ਨਿਆਇ॥
ਫੇਰੇ ਤਸਬੀ ਕਰੇ ਖੁਦਾਇ॥
ਵਢੀ ਲੈ ਕ ਹਕੁ ਗਵਾਏ।
ਜੇ ਕੋ ਪੁਛੈ ਤਾ ਪੜਿ ਸੁਣਾਏ (ਮਹਲਾ ੧)
ਕਾਜ਼ੀ ਬਹਿੰਦਾ ਹੈ ਨਿਆਂ ਕਰਨ, ਫੇਰਦਾ ਤਸਬੀ ਹੈ। ਮੂੰਹੋਂ ਖੁਦਾ ਖੁਦਾ ਆਖਦਾ ਹੈ, ਪਰ ਉਸ ਦੀ ਕਰਤੂਤ ਕੀ ਹੈ? ਇਕ ਪਾਸਿਉਂ ਵੱਢੀ ਲੈ ਲੈਂਦਾ ਹੈ, ਦੂਜੇ ਦਾ ਹੱਕ ਮਰਵਾ ਦਿੰਦਾ ਹੈ। ਜੇ ਕੋਈ ਉਸ ਦੇ ਕੀਤੇ ਨਿਆਂ ਉਤੇ ਕਿਸੇ ਕਿਸਮ ਦਾ ਇਤਰਾਜ਼ ਕਰੇ, ਤਾਂ ਕੋਈ ਨਾ ਕੋਈ ਸ਼ਰ੍ਹਾ ਦਾ ਮਸਲਾ ਕੱਢ ਸੁਣਾਉਂਦਾ ਹੈ:
ਤੀਹ ਕਰ ਰਖੇ ਪੰਜ ਕਰਿ ਸਾਥੀ
ਨਾਉ ਸੈਤਾਨੁ ਮਤੁ ਕਟਿ ਜਾਈ॥
ਨਾਨਕ ਆਖੈ ਰਾਹਿ ਪੈ ਚਲਣਾ
ਮਾਲੁ ਧਨੁ ਕਿਤ ਕੂ ਸੰਜਿਆਹੀ॥
ਹੇ ਕਾਜ਼ੀ! ਮਨ ਤੇਰਾ ਮਾਇਆ ਵਿਚ ਲੱਗਾ ਹੋਇਆ ਹੈ। ਵੈਸੇ ਤੂੰ ਤੀਹ ਰੋਜ਼ੇ ਵੀ ਰੱਖੇ ਹਨ ਤੇ ਨਾਲ ਪੰਜ ਨਿਮਾਜ਼ਾਂ ਵੀ ਪੜ੍ਹੀਆਂ ਹਨ ਪਰ ਮਨ ਤੇਰਾ ਸ਼ੈਤਾਨ ਦਾ ਸੰਗੀ ਹੈ। ਜੋ ਦੌਲਤ ਤੂੰ ਇਕੱਠੀ ਕੀਤੀ ਹੋਈ ਹੈ, ਇਹ ਪਾਪ ਦਾ ਪੈਸਾ ਹੈ। ਅਸਲ ਕਾਜ਼ੀ ਉਹ ਹੈ ਜੋ ਜਿਉਣ ਦੀ ਸਹੀ ਜਾਚ ਸਮਝਦਾ ਹੈ ਤੇ ਗੁਰੂ ਦੀ ਕ੍ਰਿਪਾ ਨਾਲ ਉਹ ਰੱਬ ਨੂੰ ਜਾਣਦਾ ਹੈ। ਜੋ ਹਰ ਇਕ ਵਿਚ ਰੱਬ ਨੂੰ ਵੇਖੇਗਾ, ਅਸਲ ਕਾਜ਼ੀ ਉਹ ਹੈ। ਗੁਰੂ ਜੀ ਕਾਜ਼ੀ ਤੋਂ ਪੁੱਛਦੇ ਹਨ ਕਿ ਤੂੰ ਕਿਸ ਕਿਤਾਬ ਤੋਂ ਇਸਲਾਮ ਦਾ ਪਾਠ ਪੜ੍ਹਿਆ ਹੈ। ਤੇਰੇ ਵਰਗੇ ਸਭ ਪੜ੍ਹਿਆ ਨੂੰ ਖੂਬ ਮਾਰ ਪੈਂਦੀ ਹੈ। ਤੇਰੇ ਵਰਗਾ ਮੁਸਲਮਾਨ ਬਣਿਆ ਸਵਰਗ ਵਿਚ ਨਹੀਂ ਜਾ ਸਕਦਾ। ਗੁਰਬਾਣੀ ਵਾਰ-ਵਾਰ ਕਹਿੰਦੀ ਹੈ ਕਿ ਸਿਰਫ ਗੱਲਾਂ ਨਾਲ, ਪੋਥੀਆਂ ਪੜ੍ਹਨ ਨਾਲ ਬਹਿਸ਼ਤ ਨਹੀਂ ਮਿਲਦਾ। ਸੱਚੀ ਕਰਨੀ ਤੋਂ ਬਗੈਰ ਸੱਚ ਪੱਲੇ ਨਹੀਂ ਰਹਿੰਦਾ। ਮਾਇਆ, ਹਉਮੈ, ਕਾਮ ਆਦਿ ਮਨ ਵਿਚੋਂ ਤਾਂ ਹੀ ਨਿਕਲ ਸਕਦੇ ਹਨ, ਜੇ ਨਾਮ ਨੂੰ ਮਨ ਵਿਚ ਗ੍ਰਹਿਣ ਕਰ ਕੇ ਉਨ੍ਹਾਂ ਨੂੰ ਸਮਾਜ ਤੇ ਮਨੁੱਖਾਂ ਦੇ ਮਨਾਂ ਵਿਚੋਂ ਕੱਢਣ ਵਾਸਤੇ ਜੱਦੋ-ਜਹਿਦ ਕਰੇ, ਜਿਸ ਤਰ੍ਹਾਂ ਗੁਰਬਾਣੀ ਕਰਦੀ ਹੈ, ਗੁਰੂ ਦੇ ਸਿੱਖ ਕਰਦੇ ਹਨ।