ਆਹਲਾ ਅਲਫਾਜ਼

ਬਲਜੀਤ ਬਾਸੀ
ਪੰਜਾਬੀ ਤੇ ਹੋਰ ਕਈ ਭਾਰਤੀ ਭਾਸ਼ਾਵਾਂ ਵਿਚ ਸਦੀਆਂ ਤੋਂ ਫਾਰਸੀ ਅਰਬੀ ਦੇ ਬੇਸ਼ੁਮਾਰ ਆਹਲਾ ਲਫਜ਼ ਰਚਦੇ-ਮਿਚਦੇ ਰਹੇ ਹਨ। ਮਧਯੁਗ ਦੇ ਪੰਜਾਬੀ ਕਿੱਸਾ-ਕਾਵਿ ਤੇ ਸੂਫੀ-ਕਾਵਿ ਵਿਚ ਇਨ੍ਹਾਂ ਸ਼ਬਦਾਂ ਦੀ ਭਰਮਾਰ ਦੇਖਣ ਨੂੰ ਮਿਲਦੀ ਹੈ। ਗੁਰੂਆਂ ਤੇ ਭਗਤਾਂ ਦੀ ਬਾਣੀ ਵਿਚ ਇਨ੍ਹਾਂ ਸ੍ਰੋਤਾਂ ਤੋਂ ਆਏ ਸ਼ਬਦਾਂ ਦੀ ਕਮੀ ਨਹੀਂ।

ਭਾਵੇਂ ਭਾਰਤੀ ਖਿੱਤੇ ਵਿਚ ਮੁਸਲਮਾਨੀ ਚੜ੍ਹਤ ਨੇ ਇਹ ਸ਼ਬਦ ਲਿਆਂਦੇ ਪਰ ਇਸ ਤੋਂ ਪਹਿਲਾਂ ਵੀ ਭਾਰਤ ਦੇ ਅਰਬ ਇਰਾਨ ਨਾਲ ਤਜਾਰਤੀ ਰਿਸ਼ਤੇ ਰਹੇ ਹਨ, ਇਸ ਲਈ ਸਦੀਆਂ ਤੋਂ ਸ਼ਬਦਾਂ ਦਾ ਆਦਾਨ-ਪ੍ਰਦਾਨ ਹੁੰਦਾ ਰਿਹਾ ਹੈ। ਫਾਰਸੀ ਤਾਂ ਉਂਜ ਵੀ ਆਰਿਆਈ ਭਾਸ਼ਾਵਾਂ ਦੀ ਹਿੰਦ-ਇਰਾਨੀ ਸ਼ਾਖਾ ਦਾ ਅਹਿਮ ਜੁਜ਼ ਹੈ ਜਿਸ ਕਾਰਨ ਇਸ ਦੀ ਸਾਡੀਆਂ ਭਾਸ਼ਾਵਾਂ ਨਾਲ ਜੱਦੀ ਸਾਂਝ ਹੈ। ਅਸਲੇ ਦੀ ਇਹ ਸਾਂਝ ਸਹਿਜੇ ਹੀ ਲੱਭੀ ਜਾ ਸਕਦੀ ਹੈ। ਫਾਰਸ ਉਤੇ ਅਰਬ ਦੀ ਇਸਲਾਮੀ ਚੜ੍ਹਾਈ ਨੇ ਫਾਰਸੀ ਵਿਚ ਸਾਮੀ ਪਰਿਵਾਰ ਨਾਲ ਤਾਅਲੁਕ ਰਖਦੀ ਅਰਬੀ ਭਾਸ਼ਾ ਨੇ ਆਪਣੇ ਲਫ਼ਜ਼ ਲੱਦ ਦਿੱਤੇ। ਇਨ੍ਹਾਂ ਵਿਚੋਂ ਅਨੇਕਾਂ ਸ਼ਬਦ ਫਾਰਸੀ ਰਾਹੀਂ ਪੰਜਾਬੀ ਤੇ ਹੋਰ ਭਾਰਤੀ ਭਾਸ਼ਾਵਾਂ ਵਿਚ ਦਾਖਿਲ ਹੋ ਗਏ। ਬਹੁਤੇ ਲੋਕ ਇਨ੍ਹਾਂ ਨੂੰ ਬਹੁਤ ਨਫੀਸ ਅਤੇ ਆਹਲਾ ਲਫ਼ਜ਼ ਸਮਝਦੇ ਹਨ।
ਇਸਲਾਮੀ ਹਕੂਮਤ ਸਮੇਂ ਫਾਰਸੀ ਸਰਕਾਰੀ ਦਰਬਾਰੀ ਜ਼ਬਾਨ ਰਹੀ ਹੈ ਇਸ ਲਈ ਇਸ ਭਾਸ਼ਾ ਨੂੰ ਆਹਲਾ, ਅਦਬ ਭਰੀ ਤੇ ਨਫੀਸ ਸਮਝਿਆ ਜਾਂਦਾ ਰਿਹਾ ਹੈ। ਖੈਰ! ਅਸੀਂ ਇਸ ਵਿਚਾਰਦੇ ਹਾਂ ਕਿ ਕੋਈ ਵੀ ਭਾਸ਼ਾ ਦੂਜੀਆਂ ਤੋਂ ਟੁੱਟ ਕੇ ਕਦਾਚਿਤ ਤਰੱਕੀ ਨਹੀਂ ਕਰਦੀ। ਹੋਰ ਭਾਸ਼ਾਵਾਂ ਤੋਂ ਖੁਲ੍ਹੇ ਦਿਲ ਨਾਲ ਸ਼ਬਦ ਅਪਨਾਉਣ ਦੀ ਰੁਚੀ ਕਿਸੇ ਵੀ ਭਾਸ਼ਾ ਦੇ ਆਹਲਾ ਹਾਜਮੇ ਦਾ ਸੂਚਕ ਹੈ।
ਆਹਲਾ ਲਫ਼ਜ਼ ਦਾ ਜ਼ਿਕਰ ਹੋ ਰਿਹਾ ਹੈ, ਕਿਉਂ ਨਾ ਅੱਜ ਇਸ ‘ਤੇ ਹੀ ਗੱਲ ਕਰ ਲਈਏ। ਇਹ ਸ਼ਬਦ ਸਾਮੀ/ਅਰਬੀ ਅਸਲੇ ਦਾ ਹੈ ਜੋ ਫਾਰਸੀ ਰਾਹੀਂ ਪੰਜਾਬੀ ਵਿਚ ਆ ਰਲਿਆ। ਪੰਜਾਬੀ ਵਿਚ ਇਸ ਦਾ ਅਰਥ ਵਧੀਆ, ਸ੍ਰੇਸ਼ਟ, ਉਚਾ ਆਦਿ ਵਜੋਂ ਲਿਆ ਜਾਂਦਾ ਹੈ। ਅਰਬੀ ਵਿਚ ਇਹ ਵਿਸ਼ੇਸ਼ਣ ਦੀ ਦੂਜੀ ਤੇ ਤੀਜੀ ਡਿਗਰੀ ਦਾ ਸੰਕੇਤਕ ਹੈ ਯਾਨਿ ਇਸ ਦੇ ਮਾਅਨੇ ਹਨ- ਸਰਵਉਚ, ਉਚ ਕੋਟੀ ਦਾ, ਸ਼ਿਰੋਮਣੀ, ਚੋਟੀ ਦਾ, ਸਿਖਰਲਾ, ਸਰਵਸ੍ਰੇਸ਼ਟ, ਬੇਹਤਰੀਨ ਆਦਿ। ਪੰਜਾਬੀ ਵਿਚ ਇਸ ਦੀ ਖਾਸੀ ਵਰਤੋਂ ਹੁੰਦੀ ਹੈ, ਖਾਸ ਕਰਕੇ “ਆਹਲਾ ਦਰਜੇ ਦਾ” ਉਕਤੀ ਵਜੋਂ, ਜਿਸ ਦਾ ਭਾਵ ਹੋਇਆ ਸਭ ਤੋਂ ਉਚੇ ਦਰਜੇ ਦਾ, ਉਚ ਕੋਟੀ ਦਾ। ਮਿਸਾਲ ਵਜੋਂ, “ਜਿੱਥੇ ਅੱਲਾ ਯਾਰ ਖਾਂ ਉਰਦੂ, ਅਰਬੀ, ਫਾਰਸੀ ਦੇ ਆਲਮ ਫਾਜ਼ਲ ਅਤੇ ਤੁਕਬੰਦੀ ਦੇ ਆਹਲਾ ਦਰਜੇ ਦੇ ਮਾਹਰ ਸਨ, ਉਥੇ ਮਿੱਠੇ ਗਲੇ ਦੇ ਮਾਲਕ ਅਤੇ ਬੇਬਾਕ ਤੇ ਬੇਖੌਫ ਗੱਲ ਕਹਿਣ ਦੀ ਹਿੰਮਤ ਵੀ ਰੱਖਦੇ ਸਨæææ।” ਖਾਦਮੇ-ਆਹਲਾ ਦਾ ਮਤਲਬ ਹੁੰਦਾ ਹੈ ਪਹਿਲੇ ਦਰਜੇ ਦਾ ਨੌਕਰ। ਕਿਧਰੇ ਕਿਧਰੇ ਇਹ ਸ਼ਬਦ “ਆਲਾ” ਦੇ ਹੇਜਿਆਂ ਨਾਲ ਵੀ ਮਿਲਦਾ ਹੈ ਜੋ ਕਿ ਅਸਲ ਦੇ ਵਧ ਨੇੜੇ ਹੈ। ‘ਸਦਰੇ ਆਲਾ’ ਪ੍ਰਧਾਨ ਨੂੰ ਆਖਦੇ ਹਨ। ਫਾਰਸੀ ਵਿਚ ਇਹ ਸ਼ਬਦ ਐਨ ਅੱਖਰ ਨਾਲ ਸ਼ੁਰੂ ਹੁੰਦਾ ਹੈ ਤੇ ਪੰਜਾਬੀ ਵਿਚ ਅਲਫ ਲੱਗੇ ਐਨ ਅੱਖਰਾਂ ਵਾਲੇ ਸ਼ਬਦਾਂ ਨੂੰ ਉਚੀ ਸੁਰ (੍ਹਗਿਹ ਠੋਨe) ਵਿਚ ਉਚਾਰਨ ਦੀ ਪ੍ਰਵਿਰਤੀ ਹੈ। ਗੁਰਮੁਖੀ ਵਿਚ ਇਸ ਦੇ ਲਿਪੀਆਂਤਰਣ ਲਈ ਕੋਈ ਨਿਸ਼ਚਿਤ ਨੇਮ ਨਹੀਂ ਹਨ। ਇਸ ਨੂੰ ਕਿਧਰੇ ਹਾਹਾ (ਹ) ਨਾਲ, ਕਿਧਰੇ ਪੈਰੀਂ ਹਾਹਾ ਨਾਲ ( ੍ਹ) ਤੇ ਧਿਰੇ ਆੜਾ (ਅ) ਨਾਲ ਦਰਸਾਇਆ ਜਾਂਦਾ ਹੈ। ਮਿਸਾਲ ਵਜੋਂ ਇਕੋ ਸ਼ਬਦ ਕੋਹੜ, ਕੋੜ੍ਹ ਅਤੇ ਕੋਅੜ ਦੇ ਸ਼ਬਦ-ਜੋੜਾਂ ਵਿਚ ਮਿਲੇਗਾ। ਪੰਜਾਬੀ ਦੇ ਟੋਨਲ ਭਾਸ਼ਾ ਹੋਣ ਦੀ ਗੱਲ ਬਹੁਤ ਬਾਅਦ ਵਿਚ ਸਮਝ ਆਈ ਜਿਸ ਕਾਰਨ ਇਹ ਘੜਮੱਸ ਪਿਆ। ਖੈਰ! ਅਸੀਂ ਆਹਲਾ ਸ਼ਬਦ ਦੀ ਗੱਲ ਕਰ ਰਹੇ ਸੀ। ਅਰਬੀ ਵਿਚ ਇਹ ਸ਼ਬਦ ḔਅਲੂḔ (ਐਨ-ਲਾਮ-ਵਾ) ਧਾਤੂ ਤੋਂ ਬਣਿਆ ਹੋ ਜਿਸ ਵਿਚ ਉਚਤਾ, ਉਚਾਈ ਦੇ ਭਾਵ ਹਨ। ਗੁਰੂ ਅਰਜਨ ਦੇਵ ਦੇ ਇਕ ਪਦ ਵਿਚ ਇਹ ਸ਼ਬਦ ਆਇਆ ਹੈ, “ਬੰਦਗੀ ਅਲਹ ਆਲਾ ਹੁਜਰਾ॥” ਭਗਤ ਨਾਮਦੇਵ ਨੇ ਵੀ ਇਹ ਸ਼ਬਦ ਵਰਤਿਆ ਹੈ,
ਹਲੇ ਯਾਰਾਂ ਹਲੇ ਯਾਰਾਂ ਖੁਸਿਖਬਰੀ॥
ਬਲਿ ਬਲਿ ਜਾਂਉ ਹਉ ਬਲਿ ਬਲਿ ਜਾਂਉ॥
ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਉ॥
ਦੋਨੋਂ ਪ੍ਰਸੰਗਾਂ ਵਿਚ ਆਲਾ/ਆਲੇ ਦਾ ਮਤਲਬ ਸਰਵਉਚ ਹੈ। ਗੁਰੂ ਨਾਨਕ ਦੇਵ ਅਤੇ ਗੁਰੂ ਅਰਜਨ ਦੇਵ ਨੇ ਇਸ ਸ਼ਬਦ ਦਾ ਇਕ ਰੂਪ ḔਅਹਿਲਾḔ ਵੀ ਵਧੀਆ, ਸ੍ਰੇਸ਼ਟ ਦੇ ਅਰਥਾਂ ਵਿਚ ਵਰਤਿਆ ਹੈ, “ਧਨ ਸਿਉ ਰਤਾ ਜੋਬਨਿ ਮਤਾ ਅਹਿਲਾ ਜਨਮ ਗਵਾਇਆ॥” ‘ਮਹਾਨ ਕੋਸ਼’ ਤੇ ਕੁਝ ਟੀਕਾਕਾਰਾਂ ਨੇ ਇਸ ਸ਼ਬਦ ਦਾ ਅਰਥ ‘ਨਿਸਫਲ’ ਕੀਤਾ ਹੈ। ਇਸ ਨੂੰ ‘ਅ+ਲਾਹਾ’ ਜਾਂ ਸੰਸਕ੍ਰਿਤ ‘ਅਫਲ’ ਤੋਂ ਵਿਉਤਪਤ ਦੱਸਿਆ ਹੈ ਜੋ ਠੀਕ ਨਹੀਂ ਜਾਪਦਾ। ਸਾਹਿਬ ਸਿੰਘ ਨੇ ਇਸ ਨੂੰ ਆਹਲਾ ਨਾਲ ਜੋੜਦਿਆਂ ਇਸ ਦਾ ਅਰਥ ਸਰਵਉਚ ਹੀ ਕੀਤਾ ਹੈ ਤੇ ਮੇਰੀ ਵੋਟ ਸਾਹਿਬ ਸਿੰਘ ਲਈ ਹੈ।
ḔਅਲੂḔ ਧਾਤੂ ਤੋਂ ਹੀ ਆਲੀ ਸ਼ਬਦ ਬਣਿਆ ਹੈ ਜਿਸ ਦਾ ਅਰਥ ਉਚਾ, ਬੁਲੰਦ, ਉਦਾਤ, ਉਘਾ, ਚੋਟੀ ਦਾ ਆਦਿ ਹੁੰਦਾ ਹੈ। ਬੁਲ੍ਹੇ ਸ਼ਾਹ ਦੀ ਇਕ ਸੀਹਰਫੀ ਵਿਚ ਇਹ ਸ਼ਬਦ ਆਇਆ ਹੈ,
ਰੇ-ਰੋਜ਼ ਹਸ਼ਰ ਕੋਈ ਰਹੇ ਨ ਖਾਲੀ,
ਲਵੇ ਹਿਸਾਬ ਦੇ ਜਗ ਦਾ ਵਾਲੀ।
ਜ਼ੇਰ ਜਬਰ ਸਭ ਭੁੱਲਣ ਆਲੀ,
ਤਿਸ ਦਿਨ ਹਜ਼ਰਤ ਆਪ ਛਡਾਵੇ।
ਇਸ ਲਾਗੀ ਕੋ ਕੌਣ ਬੁਝਾਵੇ।
ਇਥੇ ‘ਜ਼ੇਰ ਜਬਰ’ ਦਾ ਭਾਵ ਊਚ ਨੀਚ ਹੈ।
‘ਸੈਫ ਉਲ ਮਲੂਕ’ ਵਿਚ ਮੀਆਂ ਮੁਹੰਮਦ ਬਖ਼ਸ਼ ਨੇ ਇਸ ਸ਼ਬਦ ਨੂੰ ਇਸੇ ਤਰ੍ਹਾਂ ਲਿਆ ਹੈ,
ਫ਼ੀਰੋਜ਼ ਸ਼ਹਿਜ਼ਾਦੇ ਆਲੀ ਸਦਾ ਰਹੇਂ ਖ਼ੁਸ਼ਹਾਲੀ।
ਦੇਇੰ ਇਜ਼ਾਜ਼ਤ ਤਾਂ ਹਿਕ ਗੱਲ ਦਾ ਹੋਵਾਂ ਅੱਜ ਸਵਾਲੀ।
ਆਲੀ ਦਾ ਅਰਥ ਇਥੇ ਉਚਾ ਜਾਂ ਵੱਡਾ ਹੈ। ਆਲੀ ਅਗੇਤਰ ਲੱਗ ਕੇ ਕਈ ਹੋਰ ਸ਼ਬਦਾਂ ਦਾ ਨਿਰਮਾਣ ਹੋਇਆ ਹੈ ਜਿਨ੍ਹਾਂ ਵਿਚੋਂ ਕੁਝ ਪੰਜਾਬੀ ਵਿਚ ਵੀ ਆ ਗਏ ਹਨ। ਸਭ ਤੋਂ ਅਹਿਮ ਸ਼ਬਦ ਹੈ Ḕਆਲੀਸ਼ਾਨḔ ਜਿਸ ਦਾ ਅਰਥ ਬਣਦਾ ਹੈ ਉਚੀ ਸ਼ਾਨ ਵਾਲਾ ਜਾਂ ਸ਼ਾਨਦਾਰ, ਭਵਯ ਜਿਵੇਂ ਅਲੀਸ਼ਾਨ ਇਮਾਰਤ,
ਐਸੀ ਆਲੀਸ਼ਾਨ ਇਮਾਰਤ, ਜੈਸੀ ਜਗਤ ਨਾ ਸਾਰੇ।
ਵੇਖ ਹੋਇਆ ਹੈਰਾਨ ਸ਼ਹਿਜ਼ਾਦਾ, ਸੁੰਦਰ ਮਹਿਲ ਚੁਬਾਰੇ।
-ਮੀਆਂ ਮੁਹੰਮਦ ਬਖ਼ਸ਼ (ਸੈਫ ਉਲ ਮਲੂਕ)
‘ਆਲੀ ਜਨਾਬ’ ਦਾ ਮਤਲਬ ਹੈ ਉਚੇ ਰੁਤਬੇ ਵਾਲਾ। ਜਨਾਬੇ-ਆਲੀ ਦਾ ਵੀ ਇਹੀ ਅਰਥ ਹੈ ਪਰ ਇਹ ਆਮ ਤੌਰ ‘ਤੇ ਉਚ ਅਧਿਕਾਰੀ ਜਾਂ ਬਜ਼ੁਰਗ ਲਈ ਸਨਮਾਨਸੂਚਕ ਸੰਬੋਧਨ ਵਜੋਂ ਵਰਤਿਆ ਜਾਂਦਾ ਹੈ, “ਲਾਵਾਰਿਸ” ਫਿਲਮ ਦਾ ਗੀਤ ਹੈ, “ਅਪਨੀ ਤੋ ਜੈਸੇ ਤੈਸੇ ਕਟ ਜਾਏਗੀ, ਆਪ ਕਾ ਕਿਆ ਹੋਗਾ ਜਨਾਬੇ ਆਲੀ।Ḕ Ḕਹਜ਼ੂਰੇ ਆਲੀḔ ਵੀ ਇਸੇ ਅਰਥ ਵਾਲਾ ਸ਼ਬਦ ਹੈ ਪਰ ਸ਼ਾਇਦ ਇਥੇ ਆਲੀ ਸ਼ਬਦ ਨੂੰ ḔਵਾਲਾḔ ਸਮਝਦੇ ਹੋਏ Ḕਹਜ਼ੂਰੇ ਵਾਲਾḔ ਸ਼ਬਦ ਜੁੱਟ ਬਣਾ ਲਿਆ ਗਿਆ। ‘ਯੇ ਰਾਤ ਫਿਰ ਨਾ ਆਏਗੀ’ ਦੇ ਇਕ ਗੀਤ ਦੇ ਬੋਲ ਹਨ, “ਹਜ਼æੂਰੇ ਵਾਲਾ, ਜੋ ਹੋ ਇਜਾਜ਼ਤæææ।”
ਮੁਸਲਮਾਨਾਂ ਦਾ ਇਕ ਬਹੁਤ ਪ੍ਰਚਲਤ ਵਿਅਕਤੀ ਨਾਂ ਹੁੰਦਾ ਹੈ Ḕਅਲੀ।Ḕ ਨਾਂ ਵਾਲੇ ਇਸ ਸ਼ਬਦ ਵਿਚ ਵੀ ਉਚੇ ਜਾਂ ਵੱਡੇ ਹੋਣ ਦੇ ਭਾਵ ਹਨ। ਪੈਗੰਬਰ ਮੁਹੰਮਦ ਦੇ ਚਾਚਾਜ਼ਾਦ ਭਾਈ (ਚਚੇਰਾ ਭਰਾ) ਅਤੇ ਜਵਾਈ ਦਾ ਨਾਂ ਅਲੀ (ਅਲੀ ਇਬਨੇ ਅਬੀ ਤਾਲਿਬ) ਸੀ। ਇਹ ਚੌਥਾ ਖਲੀਫਾ ਹੋਇਆ ਹੈ। ਉਸ ਦੇ ਮੁਰੀਦ ਸ਼ੀਆ ਅਖਵਾਏ। ਸ਼ੀਆ ਮੁਸਲਮਾਨ ਇਸ ਨੂੰ ਪਹਿਲਾ ਤੇ ਜਾਇਜ਼ ਖਲੀਫਾ ਮੰਨਦੇ ਹਨ। ਅਲਫ ਲੈਲਾ ਦੀ Ḕਅਲੀ ਬਾਬਾ ਅਤੇ ਚਾਲੀ ਚੋਰḔ ਕਹਾਣੀ ਦਾ ਨਾਇਕ ਵੀ ਅਲੀ ਨਾਂ ਦਾ ਵਿਅਕਤੀ ਹੈ। ਇਕ ਪ੍ਰਸਿਧ ਅਮਰੀਕੀ ਮੁੱਕੇਬਾਜ਼ ਦਾ ਨਾਂ ਮੁਹੰਮਦ ਅਲੀ ਹੈ। ਉਸ ਨੇ ਇਹ ਨਾਂ ਇਸਾਈ ਤੋਂ ਮੁਸਲਮਾਨ ਮਜ਼ਹਬ ਧਾਰਨ ਉਪਰੰਤ ਅਪਨਾਇਆ। ਉਸ ਦਾ ਪਹਿਲਾ ਨਾਂ ਕੈਸੀਅਸ ਕਲੇਅ ਸੀ। ਪਾਕਿਸਤਾਨ ਦੇ ਕਾਇਦੇ-ਆਜ਼ਮ ਦਾ ਨਾਂ ਅਲੀ ਮੁਹੰਮਦ ਜਿਨਾਹ ਹੈ। ਮੁਸਲਮਾਨਾਂ ਵਿਚ ਅਲੀ ਦਾ ਇਸਤਰੀ ਲਿੰਗੀ ਨਾਂ ਆਲਿਆ ਵੀ ਪ੍ਰਚਲਿਤ ਹੈ।
ḔਅਲੂḔ ਤੋਂ ਹੀ ਅਰਬੀ ਦਾ ਅਲਾਵਾ ਸ਼ਬਦ ਬਣਿਆ ਜਿਸ ਦਾ ਅਰਥ ਹੁੰਦਾ ਹੈ ‘ਹੋਰ ਵਾਧਾ’ ਜਿਵੇਂ ਲੱਦੇ ਹੋਏ ਊਠ ਉਤੇ ਲੱਦੀ ਹੋਰ ਛੋਟੀ ਜਿਹੀ ਗਠੜੀ। ਫਾਰਸੀ ਵਿਚ ਇਸ ਦਾ ਰੂਪ ਹੋਇਆ ḔਇਲਾਵਾḔ ਜਿਸ ਦਾ ਅਰਥ ਹੁੰਦਾ ਹੈ- ਇਸ ਤੋਂ ਬਿਨਾਂ, ਅਤਿਰਿਕਤ। ਪਾਠਕ ਸਮਝ ਹੀ ਗਏ ਹੋਣਗੇ ਕਿ ਇਸ ਸ਼ਬਦ ਦਾ ਉਚਾਈ ਦੇ ਭਾਵ ਨਾਲ ਕਿਵੇਂ ਸਬੰਧ ਬਣਿਆ। ਪੰਜਾਬੀ ਵਿਚ ਵੀ ḔਇਲਾਵਾḔ ਸ਼ਬਦ ਅਪਨਾਇਆ ਗਿਆ ਹੈ ਤੇ ਖੂਬ ਚਲਦਾ ਹੈ। ਪੰਜਾਬੀ ਵਿਚ ਜੇ ਇਸ ਦੇ ਅੱਖਰੀ ਅਰਥ ਕਰਨੇ ਹੋਣ ਤਾ ਅਸੀਂ “ਉਤੋਂ ਵਾਧਾ ਇਹ ਕਿ” ਜਾਂ ‘ਉਪਰੋਂ’ ਕਰ ਸਕਦੇ ਹਾਂ। ਇਕ ਮਿਸਾਲ ਲੈਂਦੇ ਹਾਂ, “ਉਸ ਨੇ ਮੇਰੇ ਪੈਸੇ ਖੋਹ ਲਏ। ਇਸ ਤੋਂ ਇਲਾਵਾ ਮੈਨੂੰ ਕੁੱਟਿਆ ਵੀ।” ਇਲਾਵਾ ਸ਼ਬਦ ਹਟਾ ਕੇ ਇਸ ਫਿਕਰੇ ਨੂੰ ਅਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ, “ਉਸ ਨੇ ਮੇਰੇ ਪੈਸੇ ਖੋਹ ਲਏ। ਉਤੋਂ ਵਾਧਾ ਇਹ ਕਿ (ਜਾਂ ਉਪਰੋਂ) ਮੈਨੂੰ ਕੁੱਟਿਆ ਵੀ।” ਇਸ ਧਾਤੂ ਅੱਗੇ ਅਰਬੀ ਅਗੇਤਰ ḔਤḔ ਲਗਾ ਕੇ ḔਤਾਅਲਾḔ ਸ਼ਬਦ ਬਣਿਆ ਜਿਸ ਦਾ ਮਤਲਬ ਹੁੰਦਾ ਹੈ, ਬਹੁਤ ਉਚਾ। ਅਸੀਂ ਇਸ ਨੂੰ “ਅੱਲਾ ਤਾਅਲਾ” ਸ਼ਬਦ ਜੁੱਟ ਵਿਚ ਦੇਖ ਸਕਦੇ ਹਾਂ ਜਿਸ ਦਾ ਭਾਵ ਹੈ ਸਭ ਤੋਂ ਉਚਾ ਰੱਬ ਜਾਂ ਜਿਵੇਂ ਅਸੀਂ ਕਹਿੰਦੇ ਹਾਂ ‘ਊਚੇ ਤੇ ਊਚਾ ਭਗਵੰਤ।’ ਅਰਬੀ ਵਿਚ ਮੁਸਲਮਾਨਾਂ ਦਾ ਇਕ ਨਾਹਰਾ ਹੈ, “ਸੁਭਾਨਹੂ ਵਾ ਤਾਅਲਾ” ਜਿਸ ਦਾ ਪੰਜਾਬੀ ਰੂਪ ਕੁਝ ਇਸ ਤਰ੍ਹਾਂ ਹੋ ਸਕਦਾ ਹੈ, ਵਾਹਵਾਹ ਉਚਤਮ ਪਰਮਾਤਮਾ।
ਅਸੀਂ ਅਰਬੀ ḔਅਲੂḔ ਧਾਤੂ ਦੀ ਗੱਲ ਕੀਤੀ ਹੈ। ਅਸਲ ਵਿਚ ਇਹ ਸਾਮੀ ਖਾਸੇ ਵਾਲਾ ਸ਼ਬਦ ਹੈ। ਕਹਿਣ ਦਾ ਭਾਵ ਹੋਰ ਸਾਮੀ ਜ਼ਬਾਨਾਂ ਵਿਚ ਵੀ ਇਸ ਦੇ ਸੁਜਾਤੀ ਸ਼ਬਦ ਮਿਲਦੇ ਹਨ। ਹਿਬਰੂ ਵਿਚ ਇਕ ਸ਼ਬਦ ਹੈ ḔਅਲਾਹḔ ਜਿਸ ਦਾ ਅਰਥ ਹੈ, Ḕਕੋਠੇ ਉਪਰਲਾ ਕਮਰਾḔ ਜਾਂ ਕਹਿ ਲਵੋ Ḕਚੁਬਾਰਾ।Ḕ ਕਿਰਿਆ ਵਜੋਂ ਅਲਾਹ ਸ਼ਬਦ ਦੇ ਅਰਥ ਹਨ, ਪਹੁੰਚਣਾ, ਉਪਰ ਚੜ੍ਹਨਾ, ਚੜ੍ਹਾਈ ਕਰਨਾ। ਇਸ ਤਰ੍ਹਾਂ ਇਸ ਵਿਚ ਉਚਾਈ ਦੇ ਭਾਵ ਸਪਸ਼ਟ ਝਲਕਦੇ ਹਨ। ਹਿਬਰੂ ਆਲੀਆ ਦਾ ਮਤਲਬ ਹੈ ਯਹੂਦੀਆਂ ਦਾ ਇਸਰਾਈਲ ਵੱਲ ਪ੍ਰਵਾਸ ਜਾਂ ਕਹਿ ਲਵੋ ਯੂਰੂਸ਼ਲਮ ਵੱਲ ਚੜ੍ਹਾਈ। ਹਿਬਰੂ ਬਾਈਬਲ ਵਿਚ ਇਹ ਸ਼ਬਦ ਕਈ ਰੂਪਾਂ ਵਿਚ ਮਿਲਦਾ ਹੈ।