ਰੌਬਰਟ ਤੋਂ ਰੇਸ਼ਮ ਸਿੰਘ ਤੱਕ ਦਾ ਸਫ਼ਰ

ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856

ਲਾਸ ਏਂਜਲਸ ਤੋਂ ਵਾਪਸ ਸੈਕਰਾਮੈਂਟੋ ਆ ਰਿਹਾ ਸੀ। ਰਸਤੇ ਵਿਚ ਰੈਸਟ ਏਰੀਏ ‘ਚ ਤਰੋ-ਤਾਜ਼ਾ ਹੋਣ ਲਈ ਰੁਕਿਆ। ਕਾਰ ਪਾਰਕ ਕਰ ਕੇ ਜਾ ਰਿਹਾ ਸੀ ਤਾਂ ਦੇਖਿਆ, ਕੋਈ ਗੋਰਾ ਸਿਰ ‘ਤੇ ਸੋਹਣੀ ਦਸਤਾਰ ਸਜਾਈ ਆਪਣੇ ਕੁੱਤੇ ਨੂੰ ਘੁੰਮਾ-ਫਿਰਾ ਰਿਹਾ ਸੀ। ਮੇਰੇ ਕਦਮ ਉਸ ਗੋਰੇ ਵੱਲ ਵਧੇ ਤੇ ਫਤਿਹ ਜਾ ਬੁਲਾਈ। ਉਹਨੇ ਵੀ ਦੋਵੇਂ ਹੱਥ ਜੋੜ ਕੇ ਫਤਿਹ ਬੁਲਾਈ ਤੇ ਬੁੱਕਲ ਵਿਚ ਲਿਆ।

ਉਹ ਪੰਜਾਬੀ ਬੋਲ ਰਿਹਾ ਸੀ। ਮੈਂ ਸੋਚਣ ਲੱਗਾ, ਸ਼ਾਇਦ ਕੋਈ ਪੰਜਾਬੀ ਹੀ ਲੋੜੋਂ ਵੱਧ ਚਿੱਟਾ ਹੈ ਜੋ ਗੋਰੇ ਦਾ ਭੁਲੇਖਾ ਪਾਉਂਦਾ ਹੈ ਪਰ ਉਹਦੇ ਦਾੜ੍ਹੇ ਦੇ ਕੱਕੇ-ਭੂਰੇ ਵਾਲਾਂ ਨੇ ਉਹਦੀ ਸ਼ਨਾਖ਼ਤ ਕਰ ਦਿੱਤੀ ਕਿ ਉਹ ਗੋਰਾ ਹੀ ਹੈ। ਉਹਨੇ ਆਪਣਾ ਨਾਂ ਰੇਸ਼ਮ ਸਿੰਘ ਦੱਸਿਆ। ਮੈਂ ਛੇ-ਸੱਤ ਘੰਟਿਆਂ ਦੀ ਡਰਾਈਵ ਹੋਣ ਕਰ ਕੇ ਪੱਗ ਲਾਹ ਕੇ ਸਿਰ ਉਤੇ ਟੋਪੀ ਰੱਖ ਲਈ ਸੀ। ਰੇਸ਼ਮ ਸਿੰਘ ਦੇ ਸਿਰ ਸਜਾਈ ਸੋਹਣੀ ਦਸਤਾਰ ਦੇਖ ਕੇ ਸ਼ਰਮਿੰਦਗੀ ਮਹਿਸੂਸ ਕੀਤੀ। ਵਾਸ਼ਰੂਮ ਜਾ ਕੇ ਮੂੰਹ ਧੋਤਾ ਤੇ ਸ਼ੀਸ਼ੇ ਵਿਚ ਦੇਖਿਆ ਤਾਂ ਮੇਰਾ ਆਪਾ ਮੈਨੂੰ ਲਾਹਨਤਾਂ ਪਾ ਰਿਹਾ ਸੀ- ‘ਦੇਖ ਲੈ, ਉਹ ਗੋਰਾ ਹੁੰਦਿਆਂ ਵੀ ਖਾਲਸਾ ਰੂਪ ਹੈ ਤੇ ਤੂੰ ਗੁਰੂ ਗੋਬਿੰਦ ਸਿੰਘ ਦੇ ਸਿੱਖ ਪਰਿਵਾਰ ਵਿਚ ਜਨਮ ਲੈ ਕੇ ਅੰਗਰੇਜ਼ ਬਣਿਆ ਫਿਰਦਾ ਹੈਂ।’ ਮੈਂ ਤੇਜ਼ੀ ਨਾਲ ਬਾਹਰ ਨਿਕਲ ਕੇ ਰੇਸ਼ਮ ਸਿੰਘ ਵੱਲ ਵਧਿਆ ਜੋ ਆਪਣੇ ਕੁੱਤੇ ਨੂੰ ਡਾਇਪਰ (ਪੋਤੜਾ) ਬੰਨ੍ਹ ਰਿਹਾ ਸੀ। ਮੈਂ ਉਹਨੂੰ ਪੁੱਛਿਆ ਕਿ ਅਜਿਹਾ ਕਿਉਂ? ਉਹਨੇ ਉਤਰ ਦਿੱਤਾ- ਇਹ ਬੁੱਢਾ ਹੋ ਗਿਆ ਹੈ, ਇਸ ਨੂੰ ਪੇਸ਼ਾਬ ਤੇ ਜੰਗਲ-ਪਾਣੀ ਦੀ ਸੁੱਧ-ਬੁੱਧ ਨਹੀਂ ਰਹਿੰਦੀ।
“ਤੁਸੀਂ ਇਹਨੂੰ ਡੌਗ ਕੇਅਰ ਵਾਲਿਆਂ ਨੂੰ ਦੇ ਦਿਓ, ਤੁਹਾਨੂੰ ਸੌਖ ਹੋ ਜਾਊ। ਟਰੱਕ ਦੇ ਸਫ਼ਰ ਵਿਚ ਮੁਸ਼ਕਿਲ ਆਉਂਦੀ ਹੋਊ।” ਮੈਂ ਕਿਹਾ।
“ਇਸੇ ਦੀ ਬਦੌਲਤ ਤਾਂ ਮੈਂ ਜ਼ਿੰਦਾ ਹਾਂ। ਇਹ ਨਾ ਹੁੰਦਾ ਤਾਂ ਅੱਜ ਮੈਂ ਰੇਸ਼ਮ ਸਿੰਘ ਨਾ ਹੁੰਦਾ।” ਉਹਨੇ ਜਵਾਬ ਦਿੱਤਾ।
ਮੈਨੂੰ ਹੁਣੇ ਹੁਣੇ ਵਾਪਰੀ ਇਕ ਘਟਨਾ ਯਾਦ ਆ ਗਈ। ਅਮਰੀਕਾ ਰਹਿੰਦੇ ਇਕ ਪਰਿਵਾਰ ਨੇ ਆਪਣੇ ਬਜ਼ੁਰਗ ਨੂੰ ਸਾਂਭਣ ਤੋਂ ਕੰਨੀ ਕਤਰਾਉਂਦਿਆਂ ਉਹਨੂੰ ਪੰਜਾਬ ਵਿਚ ਬਿਰਧ ਆਸ਼ਰਮ ਵਿਚ ਛੱਡ ਦਿੱਤਾ। ਬਜ਼ੁਰਗ ਬਾਗ-ਪਰਿਵਾਰ ਤੋਂ ਵਿਛੜ ਕੇ ਦੋ ਹਫ਼ਤਿਆਂ ਬਾਅਦ ਹੀ ਸੁਰਗਵਾਸ ਹੋ ਗਿਆ। ਉਹਦੇ ਭੋਗ ਉਤੇ ਪਰਿਵਾਰ ਦਾ ਕੋਈ ਜੀਅ ਵੀ ਪੰਜਾਬ ਨਹੀਂ ਪਹੁੰਚਿਆ। ਹਰ ਇਕ ਨੇ ਆਪਣੀ ਮਜਬੂਰੀ ਦੀ ਸ਼ਰਧਾਂਜਲੀ ਸੁਣਾ ਦਿੱਤੀ ਸੀ।
ਸਾਡੇ ਬਹੁਤੇ ਪੰਜਾਬੀ ਤਾਂ ਬਜ਼ੁਰਗਾਂ ਨੂੰ ਵਾਧੂ ਭਾਰ ਸਮਝ ਲੈਂਦੇ ਨੇ, ਪਰ ਰੇਸ਼ਮ ਸਿੰਘ ਕੁੱਤੇ ਨੂੰ ਵੀ ਹਿੱਕ ਨਾਲ ਲਾਈ ਫਿਰਦਾ ਹੈ। ਰੇਸ਼ਮ ਸਿੰਘ ਨੇ ਆਪਣੀ ਹੱਡਬੀਤੀ ਸੁਣਾਈ:
ਮੈਂ ਐਰੀਜ਼ੋਨਾ ਦਾ ਜੰਮਪਲ ਹਾਂ। ਸਰਕਾਰੀ ਨੌਕਰੀ ਕਰਦਾ ਸੀ। ਕਿਸੇ ਗਲਤਫਹਿਮੀ ਕਾਰਨ ਮੈਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਫਿਰ ਮੈਂ ਟਰੱਕ ਦਾ ਲਾਇਸੈਂਸ ਲੈ ਲਿਆ। ਸਖ਼ਤ ਮਿਹਨਤ ਕਰਨੀ ਪੈਂਦੀ ਸੀ, ਪਰ ਚਾਰ ਡਾਲਰ ਜੁੜਦੇ ਸਨ। ਰਹਿਣ ਲਈ ਪਿਉ-ਦਾਦੇ ਵਾਲਾ ਘਰ ਫਰੀ ਮਿਲਿਆ ਹੋਇਆ ਸੀ। ਵੀਕ-ਐਂਡ ਉਤੇ ਫਨ ਕਰਨ ਲਈ ਆਪਣੀ ਬੋਟ ਰੱਖੀ ਹੋਈ ਸੀ। ਅਮਰੀਕਾ ਦੀ ਕੋਈ ਅਜਿਹੀ ਬੀਚ ਨਹੀਂ ਜਿਥੇ ਜਾ ਕੇ ਮੁਰਗਾ ਨਾ ਭੁੰਨਿਆ ਹੋਵੇ। ਜ਼ਿੰਦਗੀ ਵਿਚ ਕਈ ਗਰਲਫਰੈਂਡਾਂ ਆਈਆਂ ਤੇ ਗਈਆਂ। ਮੇਰੀ ਰਹਿਣੀ-ਬਹਿਣੀ ਸਾਫ਼ ਸੁਥਰੀ ਸੀ ਜੋ ਅੱਜ ਵੀ ਹੈ।
ਇਕ ਦਿਨ ਮੈਨੂੰ ਇਕ ਸਿੰਘ, ਟਰੱਕ ਸਟਾਪ ਉਤੇ ਮਿਲਿਆ। ਮੈਂ ਉਹਨੂੰ ਪੁੱਛਿਆ, ਕਿੰਨੇ ਗਜ਼ ਲੰਮੀ ਪੱਗ ਸਿਰ ਉਤੇ ਲਪੇਟੀ ਹੋਈ ਹੈ। ਉਹਨੇ ਦੱਸਿਆ-ਸਵਾ ਸੱਤ ਗਜ਼। ਮੈਂ ਹੈਰਾਨ ਹੋ ਕੇ ਪੁੱਛਿਆ, ਤੂੰ ਇੰਨਾ ਭਾਰ ਸਿਰ ‘ਤੇ ਕਿਵੇਂ ਚੁੱਕੀ ਰੱਖਦਾ ਹੈਂ? ਉਹ ਕਹਿੰਦਾ, ਤੈਨੂੰ ਦੇਖਣ ਲਈ ਤਾਂ ਇਹ ਕੱਪੜਾ ਲੱਗਦੀ ਹੈ ਪਰ ਇਹ ਦਸਤਾਰ ਸਿੱਖੀ ਦਾ ਤਾਜ ਹੈ ਜੋ ਉਨ੍ਹਾਂ ਦੇ ਗੁਰੂਆਂ ਨੇ ਕੁਰਬਾਨੀਆਂ ਦੇ ਕੇ ਸਾਡੇ ਸਿਰ ਸਜਾਇਆ ਹੈ। ਜੇ ਸਿਰ ‘ਤੇ ਨਹੀਂ ਹੁੰਦੀ ਤਾਂ ਮਹਿਸੂਸ ਹੁੰਦਾ ਹੈ ਕਿ ਅਸੀਂ ਫਿਰ ਕਿਸੇ ਦੇ ਗੁਲਾਮ ਹੋ ਗਏ ਹਾਂ।
ਮੈਨੂੰ ਤਾਂ ਆਪਣੇ ਧਰਮ ਬਾਰੇ ਵੀ ਪੂਰਾ ਪਤਾ ਨਹੀਂ ਸੀ, ਸਿੱਖ ਧਰਮ ਬਾਰੇ ਤਾਂ ਕੀ ਹੋਣਾ ਸੀ। ਮੈਂ ਉਸ ਸਿੰਘ ਤੋਂ ਕੁਝ ਹੋਰ ਜਾਨਣ ਦੀ ਇੱਛਾ ਪ੍ਰਗਟਾਈ, ਪਰ ਉਹ ਸਮੇਂ ਦੀ ਮਜਬੂਰੀ ਦੱਸ ਕੇ ਤੁਰ ਗਿਆ, ਜਾਂ ਮੇਰੇ ਵਰਗੇ ਕਮਲੇ ਗੋਰੇ ਤੋਂ ਆਪਣਾ ਖਹਿੜਾ ਛੁਡਾ ਗਿਆ। ਸਿੱਖ ਧਰਮ ਲਈ ਹੋਰ ਸਿੱਖਣ ਦੀ ਚਾਹਤ ਨੇ ਮੈਨੂੰ ਇਕ ਦਿਨ ਗੁਰਦੁਆਰੇ ਵੱਲ ਖਿੱਚ ਲਿਆ। ਚਾਰੇ ਪਾਸੇ ਪੱਗਾਂ ਤੇ ਦਾੜ੍ਹੀਆਂ ਵਾਲੇ ਬੰਦੇ ਦੇਖ ਕੇ ਮੈਂ ਥੋੜ੍ਹਾ ਹੱਸਿਆ ਕਿ ਸਿਰ ਕਿਵੇਂ ਨੂੜੀ ਫਿਰਦੇ ਨੇ। ਅੰਦਰ ਗਿਆ ਤਾਂ ਸਾਹਮਣੇ ਬੋਰਡ ‘ਤੇ ਕਿਸੇ ਨੇ ਕਮਰਾ ਕਿਰਾਏ ਉਤੇ ਲੈਣ ਲਈ ਫੋਨ ਨੰਬਰ ਲਿਖਿਆ ਹੋਇਆ ਸੀ। ਮੈਂ ਉਸ ਨੰਬਰ ‘ਤੇ ਫੋਨ ਕੀਤਾ। ਅੱਗਿਉਂ ਉਹ ਵੀ ਸਿੰਘ ਸੀ ਜੋ ਗੁਰਦੁਆਰੇ ਵਿਚ ਹੀ ਸੇਵਾ ਕਰਦਾ ਸੀ। ਉਹਨੂੰ ਬੁਲਾ ਕੇ ਮੈਂ ਕਿਹਾ, ਮੇਰੇ ਕੋਲ ਕਮਰਾ ਵਾਧੂ ਹੈ, ਇਥੋਂ ਨੇੜੇ ਵੀ ਹੈ। ਉਹ ਪਹਿਲਾਂ ਤਾਂ ਮੈਨੂੰ ਗੋਰਾ ਦੇਖ ਕੇ ਝਿਜਕਿਆ, ਦੂਜੇ ਦਿਨ ਘਰ ਦੇਖਣ ਦਾ ਪ੍ਰੋਗਰਾਮ ਤੈਅ ਹੋ ਗਿਆ।
ਉਸ ਨੇ ਕਮਰਾ ਵੇਖਿਆ ਅਤੇ ਦੋ ਸੌ ਡਾਲਰ ਮਹੀਨਾ ਕਿਰਾਇਆ ਤੈਅ ਹੋ ਗਿਆ। ਆਉਂਦੀ ਪਹਿਲੀ ਤਾਰੀਕ ਨੂੰ ਉਹ ਸਿੰਘ ਆ ਗਿਆ ਜਿਸ ਦਾ ਨਾਂ ਮਹਿਤਾਬ ਸਿੰਘ ਸੀ। ਹੌਲੀ ਹੌਲੀ ਸਾਡੀ ਨੇੜਤਾ ਵਧਣ ਲੱਗੀ। ਮੈਂ ਉਹਨੂੰ ਸਿੱਖ ਧਰਮ ਬਾਰੇ ਪੁੱਛਿਆ। ਉਹਨੇ ਗੁਰੂ ਨਾਨਕ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਤੱਕ ਮੈਨੂੰ ਹੌਲੀ ਹੌਲੀ ਸਭ ਕੁਝ ਦੱਸ ਦਿੱਤਾ। ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਦੀ ਜੋ ਵਿਥਿਆ ਉਸ ਨੇ ਸ਼ਾਂਤਮਈ ਢੰਗ ਨਾਲ ਸੁਣਾਈ ਤੇ ਮੈਂ ਉਹਦੀਆਂ ਅੱਖਾਂ ਵਿਚੋਂ ਅੱਥਰੂ ਦਾੜ੍ਹੇ ਵੱਲ ਡਿੱਗਦੇ ਵੇਖੇ, ਤਾਂ ਮੈਂ ਉਹਦੇ ਪੈਰ ਫੜ ਲਏ ਕਿ ਧੰਨ ਸਿੱਖੀ, ਜਿਹੜੀ ਤੱਤੀਆਂ ਤਵੀਆਂ ‘ਤੇ ਬੈਠ ਕੇ ਕਹਿੰਦੀ ਹੈ, ਤੇਰਾ ਕੀਆ ਮੀਠਾ ਲਾਗੈ ਹਰਿ ਨਾਮੁ ਪਦਾਰਥੁ ਨਾਨਕ ਮਾਂਗੈ॥ ਜਿਵੇਂ ਜਿਵੇਂ ਉਹ ਸਿੱਖ ਇਤਿਹਾਸ ਦੇ ਪੰਨੇ ਮੈਨੂੰ ਪੜ੍ਹ ਕੇ ਸੁਣਾਉਂਦਾ ਗਿਆ, ਮੇਰਾ ਮਨ ਬਦਲਦਾ ਗਿਆ। ਪਹਿਲਾਂ ਮੈਨੂੰ ਪੱਗਾਂ ਵਾਲਿਆਂ ‘ਤੇ ਹਾਸਾ ਆਉਂਦਾ ਸੀ, ਹੁਣ ਮੈਨੂੰ ਮੋਨੇ ਸਿੱਖਾਂ ‘ਤੇ ਗੁੱਸਾ ਆਉਣ ਲੱਗ ਪਿਆ ਕਿ ਜਿਨ੍ਹਾਂ ਦੇ ਗੁਰੂ ਨੇ ਸਿੱਖੀ ਲਈ ਆਪਣੇ ਮਾਸੂਮ ਪੁੱਤਰ ਵੀ ਨੀਂਹਾਂ ਵਿਚ ਚਿਣਾ ਦਿੱਤੇ, ਉਹ ਕੇਸ ਕਤਲ ਕਰਵਾਉਣ ਲਈ ਕਿਵੇਂ ਤਿਆਰ ਹੋ ਜਾਂਦੇ ਨੇ? ਮਹਿਤਾਬ ਸਿੰਘ ਨੇ ਮੈਨੂੰ ਪੰਜਾਬੀ ਪੜ੍ਹਾਉਣੀ ਸ਼ੁਰੂ ਕਰ ਦਿੱਤੀ, ਤੇ ਮੈਂ ਇੰਟਰਨੈਟ ‘ਤੇ ਪੰਜਾਬੀ ਫਿਲਮਾਂ ਜਰੀਏ ਛੇਤੀ ਹੀ ਪੰਜਾਬੀ ਬੋਲਣ ਤੇ ਲਿਖਣ ਲੱਗ ਪਿਆ।
ਇਕ ਦਿਨ ਮੈਂ ਆਇਆ ਤਾਂ ਮਹਿਤਾਬ ਸਿੰਘ ਰੋ ਰਿਹਾ ਸੀ। ਕਾਰਨ ਪੁੱਛਿਆ ਤਾਂ ਉਹਨੇ ਦੱਸਿਆ ਕਿ ਉਹਦੀ ਮਾਂ ਸੁਰਗਵਾਸ ਹੋ ਗਈ ਹੈ। ਮੈਂ ਕਿਹਾ, ਤੂੰ ਇੰਡੀਆ ਜਾ ਆ। ਉਹ ਬੋਲਿਆ, ਮੈਂ ਕੀਰਤਨੀ ਜਥੇ ਤੋਂ ਅਲੱਗ ਹੋ ਕੇ ਓਵਰਸਟੇਅ ਹੋ ਗਿਆ ਸੀ। ਹੁਣ ਵਾਪਸ ਇੰਡੀਆ ਜਾ ਤਾਂ ਸਕਦਾ ਹਾਂ, ਪਰ ਵਾਪਸ ਅਮਰੀਕਾ ਨਹੀਂ ਆ ਸਕਦਾ। ਮਹਿਤਾਬ ਸਿੰਘ ਦਾ ਦਰਦ ਮੇਰੇ ਕੋਲੋਂ ਝੱਲਿਆ ਨਾ ਜਾਵੇ। ਮੈਂ ਆਪਣੀ ਪੁਰਾਣੀ ਜਾਣਕਾਰ ਫਰੈਂਡ ਅੱਗੇ ਮਹਿਤਾਬ ਸਿੰਘ ਦੇ ਪੇਪਰਾਂ ਦੀ ਅਰਜ਼ੀ ਰੱਖ ਦਿੱਤੀ। ਪਹਿਲਾਂ ਉਹ ਮੰਨੇ ਨਾ, ਫਿਰ ਉਹਨੇ ਮਹਿਤਾਬ ਸਿੰਘ ਨਾਲ ਵਿਆਹ ਕਰਵਾਉਣਾ ਮੰਨ ਲਿਆ। ਪਾਰਸ ਨੇ ਲੋਹੇ ਨੂੰ ਸੋਨਾ ਬਣਾ ਦਿੱਤਾ ਤੇ ਮੇਰੀ ਫਰੈਂਡ ਵੀ ਸਿੱਖੀ ਦੇ ਬੂਟੇ ਦੀ ਛਾਂਵੇਂ ਬੈਠ ਗਈ। ਮਹਿਤਾਬ ਸਿੰਘ ਨੇ ਉਹਨੂੰ ਅੰਮ੍ਰਿਤ ਛਕਾ ਕੇ ਸਿੰਘਣੀ ਸਜਾ ਲਿਆ, ਨਾਂ ਸੁੰਦਰ ਕੌਰ ਰੱਖਿਆ ਗਿਆ। ਹੁਣ ਉਹਨੇ ਮੈਨੂੰ ਵੀ ਵਿਆਹ ਕਰਵਾਉਣ ਲਈ ਜੋਰ ਦਿੱਤਾ। ਆਪਣੀ ਗਰਲ ਫਰੈਂਡ ਨੂੰ ਵਿਆਹ ਲਈ ਕਿਹਾ, ਉਹਨੇ ਅਗਲੇ ਸਾਲ ‘ਤੇ ਗੱਲ ਪਾ ਦਿੱਤੀ। ਉਨ੍ਹਾਂ ਹੀ ਦਿਨਾਂ ਵਿਚ ਸਾਡੀ ਧੀ ਦਾ ਜਨਮ ਹੋ ਗਿਆ। ਸਾਡੀ ਧੀ ਜਿਵੇਂ ਆਸਮਾਨੋਂ ਉਤਰੀ ਪਰੀ ਹੋਵੇ। ਨਾਂ ਅਸੀਂ ਐਂਜਲ ਰੱਖਿਆ। ਐਂਜਲ ਦੋ ਸਾਲ ਦੀ ਹੋਈ ਤਾਂ ਉਹ ਆਪਣੇ ਨਾਨਕੇ ਘਰੋਂ ਆਹ ਰੈਂਬੋ (ਕੁੱਤੇ ਵੱਲ ਇਸ਼ਾਰਾ ਕਰ ਕੇ) ਲੈ ਆਈ। ਰੈਂਬੋ ਦੋਂਹ ਮਹੀਨਿਆਂ ਦਾ ਸੀ, ਮੈਂ ਟਰੱਕ ਦਾ ਕੰਮ ਲੋਕਲ ਹੀ ਕਰਨ ਲੱਗ ਪਿਆ। ਮਹਿਤਾਬ ਸਿੰਘ ਮੈਨੂੰ ਗੁਰਦੁਆਰੇ ਲੈ ਜਾਂਦਾ। ਸ੍ਰੀ ਗੁਰੂ ਤੇਗ ਬਹਾਦਰ ਦੀ ਕਿਸੇ ਹੋਰ ਧਰਮ ਲਈ ਦਿੱਤੀ ਕੁਰਬਾਨੀ ਨੇ ਮੇਰਾ ਸਿਰ ਸ਼ਰਧਾ ਨਾਲ ਝੁਕਾ ਦਿੱਤਾ। ਗੁਰੂ ਗੋਬਿੰਦ ਸਿੰਘ ਦੀ ਬਹਾਦਰੀ ਦੇ ਗੁਣ ਮਹਿਤਾਬ ਸਿੰਘ ਕੀਰਤਨ ਰਾਹੀਂ ਸੁਣਾਉਂਦਾ। ਮੈਂ ਤੇ ਐਂਜਲਾ ਬੜੇ ਧਿਆਨ ਨਾਲ ਸੁਣਦੇ।
ਸੁੰਦਰ ਕੌਰ ਰਾਹੀਂ ਮਹਿਤਾਬ ਸਿੰਘ ਨੂੰ ਗਰੀਨ ਕਾਰਡ ਮਿਲ ਗਿਆ। ਉਹ ਖੁਸ਼ ਸੀ, ਪਰ ਸੁੰਦਰ ਕੌਰ ਉਦਾਸ ਰਹਿਣ ਲੱਗੀ। ਉਹਨੂੰ ਡਰ ਪੈ ਗਿਆ ਕਿ ਮਹਿਤਾਬ ਸਿੰਘ ਇੰਡੀਆ ਜਾ ਕੇ ਵਾਪਸ ਨਹੀਂ ਆਵੇਗਾ। ਉਹਨੇ ਆਪਣੀ ਉਦਾਸੀ ਮੇਰੇ ਨਾਲ ਸਾਂਝੀ ਕੀਤੀ। ਮੈਂ ਮਹਿਤਾਬ ਸਿੰਘ ਨੂੰ ਪੁੱਛ ਲਿਆ ਤੇ ਉਹ ਕਹਿੰਦਾ, ਤੁਸੀਂ ਇਸ ਤਰ੍ਹਾਂ ਸੋਚ ਕਿਵੇਂ ਲਿਆ? ਸੁੰਦਰ ਕੌਰ ਮੇਰੀ ਹੈ ਤੇ ਮੈਂ ਉਹਦਾ। ਮਹਿਤਾਬ ਸਿੰਘ ਇੰਡੀਆ ਚਲਿਆ ਗਿਆ। ਤਿੰਨ ਮਹੀਨਿਆਂ ਬਾਅਦ ਉਹ ਵਾਪਸ ਆਇਆ ਤਾਂ ਮੇਰੇ ਲਈ ਦਰਬਾਰ ਸਾਹਿਬ ਦੀ ਸੁੰਦਰ ਤਸਵੀਰ ਲੈ ਕੇ ਆਇਆ। ਕਹਿਣ ਲੱਗਾ, ਤਸਵੀਰ ਆਪਣੇ ਕਮਰੇ ਵਿਚ ਲਾ ਲੈ। ਜੇ ਤੂੰ ਅਜੇ ਵੀ ਬੀਅਰ ਜਾਂ ਸ਼ਰਾਬ ਪੀਂਦਾ ਹੈਂ, ਛੱਡ ਦੇ, ਤੇਰੀ ਜ਼ਿੰਦਗੀ ਵਿਚ ਕਦੇ ਦੁੱਖ ਨਹੀਂ ਆਵੇਗਾ। ਗੁਰੂ ਜੀ ਤੇਰੇ ਅੰਗ-ਸੰਗ ਰਹਿਣਗੇ। ਮੈਂ ਉਸ ਕੋਲ ਸਭ ਕੁਝ ਮੰਨ ਗਿਆ। ਆਪਣੀ ਗਰਲਫਰੈਂਡ ਨਾਲ ਵਿਆਹ ਵੀ ਕਰਵਾ ਲਿਆ। ਐਂਜਲ ਸਕੂਲ ਜਾਣ ਲੱਗ ਪਈ। ਮਹਿਤਾਬ ਸਿੰਘ ਸਮੇਤ ਸਾਰਾ ਪਰਿਵਾਰ ਖੁਸ਼ੀ ਨਾਲ ਰਹਿ ਰਿਹਾ ਸੀ; ਪਰ ਜੋ ਵਾਹਿਗੁਰੂ ਨੂੰ ਮਨਜ਼ੂਰ ਸੀ, ਉਹੀ ਹੋਇਆ। ਸੁੰਦਰ ਕੌਰ ਨੂੰ ਦਿਲ ਦਾ ਦੌਰਾ ਪਿਆ ਤੇ ਉਹ ਸੁਰਗਵਾਸ ਹੋ ਗਈ। ਸੁੰਦਰ ਕੌਰ ਦੇ ਜਾਣ ਪਿਛੋਂ ਮਹਿਤਾਬ ਸਿੰਘ ਵੀ ਉਦਾਸ ਰਹਿਣ ਲੱਗ ਪਿਆ। ਫਿਰ ਉਹ ਇੰਡੀਆ ਚਲਿਆ ਗਿਆ ਤੇ ਚਾਰ ਮਹੀਨਿਆਂ ਬਾਅਦ ਵਾਪਸ ਆ ਕੇ ਬੋਲਿਆ, ‘ਰੌਬਰਟ! ਮੈਂ ਹੁਣ ਇਥੇ ਨਹੀਂ ਰਹਿ ਸਕਦਾ, ਮੈਂ ਕੈਲੀਫੋਰਨੀਆ ਸ਼ਿਫਟ ਹੋ ਜਾਣਾ ਹੈ।’ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਹ ਚਲਿਆ ਗਿਆ। ਮੈਂ ਉਸ ਤੋਂ ਬਿਨਾ ਇਕੱਲਾ ਹੋ ਗਿਆ। ਐਂਜਲਾ ਤੇ ਰੈਂਬੋ ਦੀਆਂ ਸ਼ਰਾਰਤਾਂ ਵੀ ਮੈਨੂੰ ਚੰਗੀਆਂ ਨਾ ਲੱਗਦੀਆਂ।
ਇਕ ਦਿਨ ਐਂਜਲਾ ਤੇ ਉਸ ਦੀ ਮਾਂ ਘਰ ਨ੍ਹੀਂ ਸਨ। ਮਹਿਤਾਬ ਸਿੰਘ ਦੀ ਯਾਦ ਆਈ, ਫੋਨ ਕੀਤਾ। ਉਹਨੇ ਦੋ-ਚਾਰ ਗੱਲਾਂ ਕੀਤੀਆਂ ਤੇ ਫੋਨ ਕੱਟ ਦਿੱਤਾ। ਮੇਰੀ ਬੇਚੈਨੀ ਵਧਣ ਲੱਗੀ। ਮੈਂ ਕਾਰ ਸਟਾਰਟ ਕੀਤੀ ਤੇ ਸ਼ਰਾਬ ਦੀ ਬੋਤਲ ਖਰੀਦ ਲਿਆਇਆ। ਪੂਰੀ ਬੋਤਲ ਚਾੜ੍ਹ ਗਿਆ ਤੇ ਬੇਸੁੱਧ ਹੋ ਕੇ ਬੈਡ ਉਤੇ ਡਿੱਗ ਗਿਆ। ਪਤਾ ਨਹੀਂ, ਕੁਦਰਤ ਦੀ ਕੀ ਖੇਡ ਹੋਈ, ਘਰ ਨੂੰ ਅੱਗ ਲੱਗ ਗਈ। ਮੈਨੂੰ ਕੋਈ ਸੁਰਤ ਨਹੀਂ ਸੀ, ਰੈਂਬੋ ਬਹੁਤ ਭੌਂਕਿਆ, ਪਰ ਮੈਂ ਘੋੜੇ ਵੇਚ ਕੇ ਸੁੱਤਾ ਸੀ। ਜਦੋਂ ਅੱਗ ਮੇਰੇ ਕਮਰੇ ਨੂੰ ਆ ਪਈ ਤਾਂ ਰੈਂਬੋ ਛਾਲ ਮਾਰ ਕੇ ਮੇਰੇ ਉਪਰ ਚੜ੍ਹ ਗਿਆ। ਸਾਹਮਣੇ ਵਾਲੇ ਪਾਸੇ ਲੱਗੀ ਦਰਬਾਰ ਸਾਹਿਬ ਦੀ ਸੁੰਦਰ ਤਸਵੀਰ ਮੇਰੇ ਸਿਰ ਉਤੇ ਆ ਡਿੱਗੀ ਜਿਸ ਨਾਲ ਮੇਰੀ ਸੁਰਤ ਟਿਕਾਣੇ ਆ ਗਈ। ਅੱਗ ਬੁਝਾਉਣ ਵਾਲੀਆਂ ਗੱਡੀਆਂ ਆ ਗਈਆਂ ਸਨ। ਮੈਂ ਮਹਿਤਾਬ ਸਿੰਘ ਨੂੰ ਸਾਰੀ ਘਟਨਾ ਸੁਣਾਈ ਤੇ ਉਹ ਅਗਲੇ ਦਿਨ ਮੇਰੇ ਕੋਲ ਪਹੁੰਚ ਗਿਆ।
ਮੈਂ ਉਸ ਤੋਂ ਆਪਣੀ ਗਲਤੀ ਦੀ ਮੁਆਫ਼ੀ ਮੰਗੀ। ਵਾਅਦਾ ਕੀਤਾ ਸੀ ਕਿ ਕਦੇ ਸ਼ਰਾਬ ਨਹੀਂ ਪੀਵਾਂਗਾ। ਜਿਸ ਦਿਨ ਪੀਤੀ, ਉਸੇ ਦਿਨ ਹੀ ਭਾਣਾ ਵਰਤ ਗਿਆ। ਹੁਣ ਮੈਂ ਮਹਿਤਾਬ ਤੋਂ ਵੱਖ ਨਹੀਂ ਰਹਿਣਾ ਚਾਹੁੰਦਾ ਸੀ। ਪਹਿਲਾਂ ਮੈਂ ਕੋਸ਼ਿਸ਼ ਕੀਤੀ ਕਿ ਉਹਨੂੰ ਐਰੀਜ਼ੋਨਾ ਹੀ ਰੱਖਾਂ, ਪਰ ਉਹ ਨਾ ਮੰਨਿਆ। ਫਿਰ ਮੈਂ ਕੈਲੀਫੋਰਨੀਆ ਸ਼ਿਫ਼ਟ ਹੋਣ ਦਾ ਮਨ ਬਣਾ ਲਿਆ। ਐਰੀਜ਼ੋਨਾ ਵਾਲਾ ਘਰ ਕਿਰਾਏ ਉਤੇ ਦੇ ਦਿੱਤਾ ਤੇ ਇਥੇ ਕਿਰਾਏ ‘ਤੇ ਲੈ ਲਿਆ। ਫਿਰ ਮੈਂ, ਪਤਨੀ ਤੇ ਐਂਜਲਾ ਮਹਿਤਾਬ ਸਿੰਘ ਨਾਲ ਇੰਡੀਆ ਉਸ ਇਤਿਹਾਸਕ ਗੁਰਦੁਆਰੇ ਦੇ ਦਰਸ਼ਨ ਕਰ ਕੇ ਆਏ ਜਿਸ ਬਾਰੇ ਮਹਿਤਾਬ ਸਿੰਘ ਨੇ ਦੱਸਿਆ ਹੋਇਆ ਸੀ। ਚਾਂਦਨੀ ਚੌਕ ਦਾ ਸਾਕਾ ਤੇ ਸਰਹਿੰਦ ਦੀ ਕੰਧ ਦਾ ਕਹਿਰ ਜਿਵੇਂ ਮੇਰੀਆਂ ਅੱਖਾਂ ਅੱਗੇ ਹੀ ਵਾਪਰਿਆ ਹੋਵੇ। ਪੰਜਾਬ ਦੇ ਨੌਜਵਾਨਾਂ ਨੂੰ ਦੇਖ ਕੇ ਗੁੱਸਾ ਆ ਰਿਹਾ ਸੀ ਕਿ ਉਹ ਕਿਵੇਂ ਆਪਣੇ ਧਰਮ ਤੋਂ ਦੂਰ ਜਾ ਰਹੇ ਹਨ। ਦੋ ਮਹੀਨੇ ਪੰਜਾਬ ਰਹਿ ਕੇ ਵਾਪਸ ਆ ਗਏ। ਫਿਰ ਮਹਿਤਾਬ ਸਿੰਘ ਨੂੰ ਕਿਹਾ ਕਿ ਅਸੀਂ ਸਾਰਾ ਪਰਿਵਾਰ ਅੰਮ੍ਰਿਤ ਛਕਣ ਲਈ ਤਿਆਰ ਹਾਂ। ਉਹ ਮੇਰੀ ਗੱਲ ਸੁਣ ਕੇ ਖੁਸ਼ ਹੋਇਆ ਤੇ ਸਾਨੂੰ ਅੰਮ੍ਰਿਤ ਛਕਾ ਲਿਆਇਆ। ਮੈਂ ਰੌਬਰਟ ਤੋਂ ਰੇਸ਼ਮ ਸਿੰਘ ਬਣ ਗਿਆ। ਜਿਸ ਦਿਨ ਦੀ ਰੈਂਬੋ ਨੇ ਮੇਰੀ ਜਾਨ ਬਚਾਈ ਹੈ, ਉਸ ਦਿਨ ਦਾ ਮੇਰੇ ਨਾਲ ਹੀ ਹੈ।
ਰੇਸ਼ਮ ਸਿੰਘ ਦੀ ਹੱਡਬੀਤੀ ਸੁਣ ਕੇ ਮੈਂ ਹੈਰਾਨ ਵੀ ਹੋਇਆ ਤੇ ਆਪਣੇ ਸਿਰ ‘ਤੇ ਹੱਥ ਵੀ ਫੇਰਿਆ ਕਿ ਕੋਈ ਗੋਰਾ ਕਿਵੇਂ ਸਿੰਘ ਬਣ ਗਿਆ, ਤੇ ਮੈਂ ਸਿੰਘ ਤੋਂ ਅੰਗਰੇਜ਼ ਬਣਿਆ ਫਿਰਦਾ ਹਾਂ!