ਤੇਰਾ ਦਾਣਾ ਖਾ ਕੇ ਮੈਂ ਨਰਕੀ ਬਣਾਂ?

ਗੁਰਬਚਨ ਸਿੰਘ ਭੁੱਲਰ
ਫੋਨ: 01191-11425-02364
ਗੱਲ ਸੌ ਸਾਲ ਪੁਰਾਣੀ ਹੈ। ਉਦੋਂ ਧੀਆਂ ਦਾ ਮਾਪਿਆਂ ਦੀ ਜਾਂ ਨੂੰਹਾਂ ਦਾ ਸਹੁਰਿਆਂ ਦੀ ਜ਼ਮੀਨ-ਜਾਇਦਾਦ ਵਿਚੋਂ ਹਿੱਸੇਦਾਰ ਹੋਣਾ ਸਮਾਜਕ ਸੋਚ ਦਾ ਹਿੱਸਾ ਨਹੀਂ ਸੀ। ਅਜੇ ਨਾ ਇਹਦੀ ਕੋਈ ਕਲਪਨਾ ਹੀ ਕਰਦਾ ਸੀ ਤੇ ਨਾ ਮੰਗ। ਇਸਤਰੀ ਦੇ ਹੱਕਾਂ ਦੀ ਗੱਲ ਕੋਈ ਸੋਚਦਾ ਵੀ ਨਹੀਂ ਸੀ। ਮੁੰਡੇ ਵਾਲੇ ਵੀ ਅਜੇ ਦਾਜ ਦੀ ਅਤੇ ਵਿਆਹ ਵੇਲੇ ਦੀਆਂ ਸੁਖ-ਸਹੂਲਤਾਂ ਦੀ ਲੰਮੀ ਸੂਚੀ ਕੁੜੀ ਵਾਲਿਆਂ ਅੱਗੇ ਪੇਸ਼ ਕਰਨ ਨਹੀਂ ਸਨ ਲੱਗੇ। ਜੋ ਜ਼ੇਵਰ ਤੇ ਲੀੜਾ-ਕੱਪੜਾ ਆਦਿ, ਜਿਸ ਨੂੰ ਆਮ ਬੋਲੀ ਵਿਚ ਟੂਮ-ਟਾਕੀ ਕਿਹਾ ਜਾਂਦਾ ਸੀ, ਧੀ-ਵਾਲੇ ਆਪੇ ਹੀ ਦੇ ਦਿੰਦੇ ਸਨ, ਉਹੋ ਮੁੰਡੇ ਵਾਲਿਆਂ ਨੂੰ ਪਰਵਾਨ ਹੁੰਦਾ ਸੀ।

ਇਸ ਦਾ ਫ਼ੈਸਲਾ ਧੀ ਵਾਲਿਆਂ ਦੀ ਸਮਾਜਕ ਹੈਸੀਅਤ, ਮਾਇਕ ਸਮਰੱਥਾ ਤੇ ਪਰਿਵਾਰਕ ਇੱਛਾ ਕਰਦੀ। ਵਿਚੋਲਾ ਜ਼ਰੂਰ ਅੰਦਰੇ-ਅੰਦਰ ਇਹ ਖ਼ਿਆਲ ਰਖਦਾ ਕਿ ਦੇਣ-ਲੈਣ ਧੀ ਵਾਲਿਆਂ ਦੀ ਪੁੱਜਤ ਵਿਚ ਵੀ ਹੋਵੇ ਤੇ ਪੁੱਤ ਵਾਲਿਆਂ ਦੀ ਅਣਕਹੀ ਝਾਕ ਤੇ ਇੱਛਾ ਵੀ ਪੂਰੀ ਕਰ ਦੇਵੇ। ਇਸੇ ਕਰਕੇ ਕਹਾਵਤ ਸੀ, ਜੀਹਨੇ ਧੀ ਦੇ ਦਿੱਤੀ, ਉਹਨੇ ਸਭ ਕੁਝ ਹੀ ਦੇ ਦਿੱਤਾ!
ਉਸ ਜ਼ਮਾਨੇ ਵਿਚ, ਹੁਣ ਤੋਂ ਕੋਈ ਸੌ ਸਾਲ ਪਹਿਲਾਂ, ਮੇਰਾ ਨਾਨਾ ਪੂਰਾ ਹੋਣ ਵੇਲੇ ਪੁੱਤਾਂ ਨੂੰ ਆਖ ਗਿਆ, “ਬਾਕੀ ਸਭ ਕੁਛ ਥੋਡਾ, ਟਾਹਲੀ ਵਾਲਾ ਖੇਤ ਮੈਂ ਧਨਕੁਰ ਨੂੰ ਦੇ ਚੱਲਿਆਂ।” ਧਨ ਕੌਰ ਮੇਰੀ ਮਾਂ ਦਾ ਨਾਂ ਸੀ। ਮੈਂ ਅੱਜ ਵੀ ਹੈਰਾਨ ਹੁੰਦਾ ਹਾਂ ਕਿ ਉਸ ਮਾਹੌਲ ਤੇ ਉਸ ਜ਼ਮਾਨੇ ਵਿਚ ਨਾਨੇ ਦੇ ਮਨ ਵਿਚ ਇਹ ਉਚਾ-ਸੁੱਚਾ ਵਿਚਾਰ ਕਿਵੇਂ ਆਇਆ ਹੋਵੇਗਾ! ਮੈਂ ਦੇਖਿਆ ਤਾਂ ਨਹੀਂ ਪਰ ਉਹ ਕੋਈ ਅਗੇਵਧੂ ਸਮਾਜਕ ਸਮਝ ਵਾਲਾ ਪੜ੍ਹਿਆ-ਲਿਖਿਆ ਬੰਦਾ ਯਕੀਨਨ ਹੀ ਨਹੀਂ ਸੀ। ਉਹਨੇ ਕਿਥੋਂ ਪੜ੍ਹਨਾ ਸੀ, ਮੇਰੇ ਮਾਮੇ ਵੀ ਸੁੱਧੇ ਅਨਪੜ੍ਹ ਸਨ। ਕਾਲ਼ਾ ਅੱਖਰ ਮ੍ਹੈਂਸ ਬਰਾਬਰ! ਕਿਸੇ ਨੇ ਡੇਰੇ ਜਾਂ ਗੁਰਦੁਆਰੇ ਜਾ ਕੇ ਰੇਤੇ ਉਤੇ ਊੜਾ-ਆੜਾ ਪਾਉਣਾ ਸਿੱਖਣ ਦੀ ਲੋੜ ਵੀ ਨਹੀਂ ਸੀ ਸਮਝੀ। ਉਦੋਂ ਪਿੰਡਾਂ ਦੇ ਪਿੰਡ ਹੀ ਅਨਪੜ੍ਹਾਂ ਦੇ ਹੁੰਦੇ ਸਨ। ਕੋਈ ਕੋਈ ਬੰਦਾ ਡੇਰਿਉਂ-ਗੁਰਦੁਆਰਿਉਂ ਪੰਜ-ਗ੍ਰੰਥੀ, ਦਸ-ਗ੍ਰੰਥੀ ਦਾ ਪਾਠ ਸਿੱਖਦਾ। ਜੋ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਪਾਠ ਕਰ ਲੈਂਦਾ, ਉਹ ਤਾਂ ਪਿੰਡ ਦਾ ਵਿਦਵਾਨ ਹੁੰਦਾ। ਲੋਕ ਉਹਨੂੰ ਅਕਸਰ ਗਿਆਨੀ ਜਾਂ ਗਿਆਨੀ ਜੀ ਆਖ ਕੇ ਬੁਲਾਉਂਦੇ। ਕੋਈ ਵਿਰਲਾ-ਟਾਂਵਾਂ, ਖਾਸ ਕਰਕੇ ਕਿਸੇ ਫ਼ੌਜੀ ਜਾਂ ਹੋਰ ਮੁਲਾਜ਼ਮ ਦਾ ਮੁੰਡਾ ਦੂਰ-ਨੇੜੇ ਦੇ ਸਕੂਲ ਦਾ ਮੂੰਹ ਦੇਖਦਾ। ਕੁੜੀਆਂ ਨੂੰ ਪੜ੍ਹਾਉਣਾ ਤਾਂ ਪਾਪ ਕਮਾਉਣ ਤੁੱਲ ਸਮਝਿਆ ਜਾਂਦਾ ਸੀ। ਗੱਲ ਕੀ, ਪੜ੍ਹਨਾ ਉਦੋਂ ਪੇਂਡੂਆਂ ਦੇ ਜੀਵਨ-ਉਦੇਸ਼ਾਂ ਵਿਚ ਸ਼ਾਮਲ ਨਹੀਂ ਸੀ।
ਕੁੜੀਆਂ ਨੂੰ ਜੰਮਦੀਆਂ ਨੂੰ ਮਾਰਨਾ ਆਮ ਵਰਤਾਰਾ ਸੀ। ਦਾਈ ਤੋਂ ਇਲਾਵਾ ਹਰ ਪਿੰਡ ਵਿਚ ਕਿਸੇ ਨਾ ਕਿਸੇ ਚਾਚੀ-ਤਾਈ ਨੇ ਅਨੁਭਵ ਦੇ ਆਧਾਰ ਉਤੇ ਇਸ ਕੰਮ ਦੀ ਮੁਹਾਰਤ ਹਾਸਲ ਕੀਤੀ ਹੋਈ ਹੁੰਦੀ। ਕੁੜੀ ਜੰਮੀ ਦਾ ਸੁਨੇਹਾ ਮਿਲੇ ਤੋਂ ਉਹ ਝੱਟ ਆ ਹਾਜ਼ਰ ਹੁੰਦੀ ਜਿਵੇਂ ਕੋਈ ਜ਼ਰੂਰੀ ਜ਼ਿੰਮੇਵਾਰੀ ਨਿਭਾਉਣ ਆਈ ਹੋਵੇ! ਉਹ ਮਾਂ ਦੇ ਦੁੱਧ ਵਾਸਤੇ ਬੁੱਲ੍ਹ ਹਿਲਾਉਂਦੀ ਨਵ-ਜਨਮੀ ਬਾਲੜੀ ਨੂੰ ਬੜੇ ਸਹਿਜ ਨਾਲ ਗੋਦ ਵਿਚ ਪਾ ਕੇ ਉਹਦੇ ਮੂੰਹ ਨੂੰ ਅੱਕ ਦੇ ਦੁੱਧ ਵਿਚ ਭਿੱਜਿਆ ਰੂੰ ਦਾ ਫੰਭਾ ਲਾ ਦਿੰਦੀ। ਨਾਲ ਹੀ ਉਹ ਬੜੇ ਪਿਆਰ ਨਾਲ ਗਾਉਂਦੀ, “ਗੁੜ ਖਾਈਂ ਪੂਣੀ ਕੱਤੀਂ, ਆਪ ਨਾ ਆਈਂ, ਵੀਰ ਨੂੰ ਘੱਤੀਂ!” ਅੱਕ ਦੇ ਦੁੱਧ ਵਾਲਾ ਰੂੰ ਚਪੋਲ ਕੇ ਤੇ ਇਹ ਯਮਦੂਤੀ ‘ਲੋਰੀ’ ਸੁਣ ਕੇ ਬਾਲੜੀ ਇਸ ਜੱਗ ਵਿਚ ਅੱਖਾਂ ਖੋਲ੍ਹਣ ਤੋਂ ਪਹਿਲਾਂ ਹੀ ਜਿਧਰੋਂ ਆਈ ਹੁੰਦੀ, ਪੁਠੇ-ਪੈਰੀਂ ਉਧਰੇ ਹੀ ਮੁੜ ਜਾਂਦੀ ਸੀ। ਜਦੋਂ ਵੱਡਾ ਹੋ ਕੇ ਮੈਨੂੰ ਇਨ੍ਹਾਂ ਸਭ ਗੱਲਾਂ ਦੀ ਸਮਝ ਆਈ, ਮੇਰਾ ਸਿਰ ਨਾਨੇ ਦੀ ਯਾਦ ਅੱਗੇ ਝੁਕਣਾ ਸੁਭਾਵਿਕ ਸੀ।
ਮੇਰੇ ਨਾਨਕੇ ਰੋਮਾਣਾ ਅਜੀਤ ਸਿੰਘ ਸਨ। ਪੰਦਰਾਂ ਕੋਹ ਵਾਟ ਅਸੀਂ ਆਮ ਕਰ ਕੇ ਪੈਦਲ ਹੀ ਜਾਂਦੇ। ਜਾਂ ਫੇਰ ਰਾਮਪੁਰਾ ਫੂਲ ਤੋਂ ਫੜੀ ਗੱਡੀ ਬਠਿੰਡੇ ਜੰਕਸ਼ਨ ਬਦਲ ਕੇ ਗੋਨੇਆਣਾ ਮੰਡੀ ਜਾ ਉਤਰਦੇ। ਉਥੋਂ ਟਾਂਗਾ ਲੈ ਕੇ ਘੰਟੇ ਵਿਚ ਸੂਏ ਦੇ ਪੁਲ਼ ਉਤੇ ਜਾ ਪਹੁੰਚਦੇ। ਉਥੋਂ ਕੋਹ ਕੁ ਵਾਟ ਸੂਏ ਦੀ ਪਟੜੀ ਜਾ ਕੇ ਅੱਗੇ ਏਨੀ ਕੁ ਹੀ ਪਗਡੰਡੀ ਖੇਤਾਂ ਵਿਚੋਂ ਜਾਂਦੀ। ਫੇਰ ਮਾਮੇ ਦਾ ਪਿੰਡ ਤੇ ਘਰ ਆਉਂਦਾ। ਪਰ ਨਾਨਕਿਆਂ ਦੇ ਚਾਅ ਵਿਚ ਥਕੇਵਾਂ ਸਾਡੇ ਨੇੜੇ ਵੀ ਨਾ ਢੁਕਦਾ! ਮਾਮੇ ਤਾਂ ਮੇਰੇ ਤਿੰਨ ਸਨ। ਉਨ੍ਹਾਂ ਦੀ ਇਕ ਗੱਲ ਬੜੀ ਦਿਲਚਸਪ ਸੀ। ਉਹ ਜਿਸ ਜਿਸ ਮਹੀਨੇ ਜੰਮਦੇ ਗਏ, ਨਾਨੇ-ਨਾਨੀ ਨੇ ਉਹੋ ਉਨ੍ਹਾਂ ਦਾ ਨਾਂ ਰੱਖ ਦਿੱਤਾ। ਚੇਤ ਵੱਡਾ ਸੀ, ਸਾਉਣ ਵਿਚਕਾਰਲਾ ਤੇ ਮੱਘਰ ਛੋਟਾ। ਨਾਮਕਰਨ ਦੀ ਇਸ ਵਿਧੀ ਤੋਂ ਮੇਰੀ ਮਾਂ ਪਤਾ ਨਹੀਂ ਕਿਵੇਂ ਬਾਹਰ ਰਹਿ ਗਈ! ਸਾਉਣ ਮਾਮਾ ਮੇਰੀ ਸੁਰਤ ਤੋਂ ਪਹਿਲਾਂ ਗੁਜ਼ਰ ਗਿਆ। ਚੇਤ ਮਾਮੇ ਨੇ ਇਥੋਂ ਕੁਛ ਜ਼ਮੀਨ ਵੇਚ ਕੇ ਰਾਜਸਥਾਨ ਵਿਚ ਜਾ ਖਰੀਦੀ। ਉਹ ਬਹੁਤਾ ਉਥੇ ਹੀ ਰਹਿੰਦਾ। ਬੱਸ ਮਾਮਾ ਮੱਘਰ ਹੀ ਸਾਡੇ ਸਮੁੱਚੇ ਨਾਨਕੇ ਸੀ।
ਮੇਰੀ ਮਾਂ ਦਸਦੀ ਹੁੰਦੀ, ਉਹ ਜਦੋਂ ਪਹਿਲਾਂ-ਪਹਿਲ ਆਉਂਦਾ, ਰੋਟੀ ਨਾਲ ਲੈ ਕੇ ਆਉਂਦਾ। ਦੂਜੇ ਰੋਟੀ ਵੇਲ਼ੇ ਤੋਂ ਪਹਿਲਾਂ ਹੀ ਉਹ ਅਗਲੀ ਸਵੇਰ ਲੱਸੀ ਦੇ ਦੋ ਛੰਨੇ ਪੀ ਕੇ ਵਾਪਸ ਚੱਲ ਪੈਂਦਾ। ਲੱਸੀ ਤਾਂ ਉਹਨੇ ਸਾਡੇ ਘਰ ਦੀ ਕਿਥੋਂ ਪੀਣੀ ਸੀ, ਉਹਦੇ ਪੀਣ ਵਾਸਤੇ ਪਾਣੀ ਵੀ ਮਾਂ ਗੁਆਂਢੀਆਂ ਦੇ ਘਰੋਂ ਲਿਆਉਂਦੀ। ਕੁਝ ਚਿਰ ਇਹ ਰੀਤ ਇਉਂ ਨਿਭਦੀ ਰਹੀ। ਫੇਰ ਇਕ ਦਿਨ ਮਾਂ ਨੇ ਕਿਹਾ, “ਵੇ ਵੀਰ ਮੱਘਰਾ, ਛੱਡ ਇਹ ਝੇੜਾ, ਤੂੰ ਘਰੋਂ ਸੱਜਰੀ ਰੋਟੀ ਖਾਇਆ ਕਰ ਤੇ ਜਾਣ ਲੱਗਿਆਂ ਸਾਰੇ ਰੋਟੀ-ਟੁੱਕ ਤੇ ਦੁੱਧ-ਲੱਸੀ ਦਾ ਹਿਸਾਬ ਲਾ ਕੇ ਮੈਨੂੰ ਪੈਸੇ ਦੇ ਜਾਇਆ ਕਰ।” ਮਾਮਾ ਬਾਗੋ-ਬਾਗ ਹੋ ਗਿਆ, “ਕਾਕੀ, ਇਹ ਤੂੰ ਬਹੁਤ ਠੀਕ ਸੋਚਿਆ। ਲੈ, ਇਹ ਗੱਲ ਮੇਰੀ ਅਕਲ ਵਿਚ ਕਿਉਂ ਨਹੀਂ ਆਈ!” ਉਹ ਮੇਰੀ ਮਾਂ ਨੂੰ ਕਾਕੀ ਹੀ ਆਖਦਾ ਸੀ।
ਜਦੋਂ ਅਸੀਂ ਵੱਡੇ ਹੋਏ, ਜਾਣ ਵੇਲੇ ਉਹਨੂੰ ਖਾਧੇ-ਪੀਤੇ ਦੇ ਪੈਸੇ ਦਿੰਦਾ ਦੇਖ ਕੇ ਟੋਕਦੇ, “ਮਾਮਾ ਜੀ, ਜ਼ਮਾਨਾ ਕਿਤੇ ਦਾ ਕਿਤੇ ਪਹੁੰਚ ਗਿਆ, ਥੋਡੀ ਭੈਣ ਦਾ ਘਰ ਹੈ, ਛੱਡੋ ਹੁਣ ਇਹ ਗੱਲਾਂ।” ਉਹ ਝਿੜਕਦਾ, “ਆਬਦੀਆਂ ਅਕਲਾਂ ਆਬਦੇ ਕੋਲ਼ ਰੱਖੋ। ਚਾਰ ਅੱਖਰ ਪੜ੍ਹ ਕੇ ਤੁਸੀਂ ਮੈਥੋਂ ਸਿਆਣੇ ਨਹੀਂ ਹੋ ਗਏ! ਜਾਣਦਾਂ ਮੈਂ ਥੋਡੇ ਜਮਾਨੇ ਨੂੰ!” ਅਸੀਂ ਕੱਚੇ ਜਿਹੇ ਹੋ ਕੇ ਚੁੱਪ ਕਰ ਜਾਂਦੇ।
ਉਦੋਂ ਖੇਤੀ ਆਮ ਕਰਕੇ ਇਕ-ਫ਼ਸਲੀ ਹੀ ਹੁੰਦੀ ਸੀ। ਮਾਮਾ ਸਾਡੀ ਜ਼ਮੀਨ ਵਿਚ ਕਣਕ ਬੀਜਦਾ। ਉਸ ਜ਼ਮੀਨ ਵਿਚ ਇਕ ਬੇਰੀ ਸੀ, ਪੁਰਾਣੀ, ਬਹੁਤ ਵੱਡੀ। ਉਹ ਸੀ ਤਾਂ ਦੇਸੀ ਹੀ, ਪਿਉਂਦੀ ਨਹੀਂ, ਪਰ ਉਹਨੂੰ ਬੇਰ ਬੜੇ ਮਿੱਠੇ ਤੇ ਵੱਡੇ ਲਗਦੇ। ਮਾਮਾ ਉਹਨੂੰ ਸਿਉ ਬੇਰੀ ਆਖਦਾ। ਬੇਰ ਕਣਕ ਤੋਂ ਥੋੜ੍ਹਾ ਪਹਿਲਾਂ ਪੱਕ ਜਾਂਦੇ। ਮਾਮਾ ਸੀਰੀ ਨੂੰ ਜਿੰਨੀ ਹਦਾਇਤ ਡੰਗਰ-ਪਸੂ ਤੋਂ ਕਣਕ ਦੀ ਰਾਖੀ ਦੀ ਦਿੰਦਾ, ਓਨੀ ਹੀ ਮੁੰਡਿਆਂ-ਖੁੰਡਿਆਂ ਤੋਂ ਬੇਰਾਂ ਦੀ ਰਾਖੀ ਦੀ ਦਿੰਦਾ। ਬੇਰ ਪੱਕਿਆਂ ਤੋਂ ਉਹ ਢਾਂਗੇ ਨਾਲ ਇਕ-ਇਕ ਡਾਹਣੀ ਹਲੂਣਦਾ ਤੇ ਘਰ ਲਿਆ ਕੇ ਸੁੱਕਣੇ ਪਾ ਦਿੰਦਾ। ਸੁੱਕ ਕੇ ਉਹ ਛੁਹਾਰਿਆਂ ਵਰਗੇ ਹੋ ਜਾਂਦੇ। ਮਾਮਾ ਬੋਤੇ ਉਤੇ ਆਉਂਦਾ ਤੇ ਬੇਰਾਂ ਦੀ ਗਠੜੀ ਮੰਜੇ ਉਤੇ ਲਿਆ ਰਖਦਾ। ਏਨੇ ਬੇਰ ਕੌਣ ਖਾਵੇ! ਸਾਡੇ ਸਕੇ ਕਈ ਘਰਾਂ ਦੇ ਕੰਮ ਆਉਂਦੇ।
ਕਣਕ ਨਿਕਲਦੀ ਤਾਂ ਮਾਮੇ ਦਾ ਗੱਡਾ ਬਾਰ ਅੱਗੇ ਆ ਖਲੋਂਦਾ। ਹੇਠਾਂ ਕਣਕ ਦੀਆਂ ਬੋਰੀਆਂ, ਉਤੇ ਤੂੜੀ ਅਤੇ ਉਹਦੇ ਉਤੇ ਰੱਖੀ ਹੋਈ ਘੁੰਡੀਆਂ ਦੀ ਪੰਡ। ਕਾਲੇ ਖਾਂ ਘੁਮਿਆਰ ਮਾਮੇ ਦਾ ਪੂਰਾ ਇਤਬਾਰੀ ਬੰਦਾ ਸੀ। ਘਰ ਵਿਚ ਜੋ ਮਰਜ਼ੀ ਚੱਕੇ, ਜੋ ਮਰਜ਼ੀ ਰੱਖੇ। ਮਾਮਾ ਫਸਲਾਂ ਦੀਆਂ ਗਿਣਤੀਆਂ-ਮਿਣਤੀਆਂ ਤੋਂ ਵੀ ਮੁਕਤ ਸੀ। ਇਹੋ ਜਿਹੇ ਸਭ ਝੰਜਟ ਉਹਨੇ ਕਾਲ਼ੇ ਦੇ ਗਲ਼ ਪਾਏ ਹੋਏ ਸਨ। ਗੱਡੇ ਨਾਲ ਕਾਲ਼ਾ ਵੀ ਆਉਂਦਾ।
ਇਕ ਵਾਰੀਂ ਮਾਮੇ ਨੂੰ ਪਰੇ ਗਿਆ ਦੇਖ ਮੇਰੀ ਮਾਂ ਆਖਣ ਲੱਗੀ, “ਵੇ ਭਾਈ ਕਾਲ਼ਿਆ, ਮੇਰਾ ਭੋਲ਼ਾ ਭਰਾ ਤਾਂ ਜਿਹੋ ਜਿਹਾ ਹੈ ਸੋ ਹੈ, ਤੂੰ ਹੀ ਇਹਨੂੰ ਸਮਝਾਇਆ ਕਰ। ਭਲਾਂ ਇਹ ਘੁੰਡੀਆਂ ਦਾ ਗੱਠੜ ਕਿਉਂ ਐਵੇਂ ਵਾਧੂ ਚਕਦੇ ਫਿਰਦੇ ਹੋ। ਮੇਰੇ ਇਹ ਕਿਸ ਕੰਮ? ਤੰਦੂਰ ਮੈਂ ਬਾਲਣਾ ਨਹੀਂ, ਹੋਰ ਇਹ ਮੇਰੇ ਕਿਸੇ ਕੰਮ ਆਉਂਦੀਆਂ ਨਹੀਂ।”
ਕਾਲ਼ਾ ਹੱਸਿਆ, “ਭੂਆ, ਚੰਗਾ ਫਸਾਉਣ ਲੱਗੀ ਹੈਂ ਤੂੰ ਮੈਨੂੰ! ਚਾਚੇ ਨੂੰ ਮੈਂ ਕਹਾਂ, ਭੂਆ ਦੀ ਕਣਕ ਦੀਆਂ ਘੁੰਡੀਆਂ ਇਥੇ ਹੀ ਪਈਆਂ ਰਹਿਣ ਦੇ ਤੇ ਫੇਰ ਕਈ ਦਿਨ ਉਹਦੇ ਸਲੋਕ ਸੁਣਦਾ ਰਹਾਂ!” ਇਹ ਗੱਲ ਇਧਰ ਨੂੰ ਆਉਂਦੇ ਮਾਮੇ ਨੂੰ ਵੀ ਸੁਣ ਗਈ। ਉਹ ਬੋਲਿਆ, “ਕੌਣ ਕੀਹਨੂੰ ਸਲੋਕ ਸੁਣਾਉਂਦਾ ਐ ਬਈ ਕਾਲ਼ੇ ਖਾਂ?”
ਕਾਲ਼ਾ ਕਹਿੰਦਾ, “ਚਾਚਾ, ਸਲੋਕ ਮੈਨੂੰ ਤੂੰ ਸੁਣਾਵੇਂਗਾ, ਹੋਰ ਕੌਣ ਸੁਣਾਊ!æææਭੂਆ ਕਹਿੰਦੀ ਹੈ, ਆਬਦੇ ਚਾਚੇ ਨੂੰ ਆਖ, ਘੁੰਡੀਆਂ ਨਾ ਲਿਆਇਆ ਕਰੇ, ਮੇਰੇ ਕਿਸੇ ਕੰਮ ਨਹੀਂ।” ਮਾਮੇ ਨੇ ਸਲਾਹ ਦਿੱਤੀ, “ਕਾਕੀ, ਜੇ ਤੰਦੂਰ ਨਹੀਂ ਬਾਲਣਾ, ਰੂੜੀ ਉਤੇ ਸਿੱਟ ਦੇ, ਵਧੀਆ ਖਾਦ ਬਣੂ!”
ਕਾਲ਼ੇ ਨੇ ਮੇਰੀ ਮਾਂ ਦੀ ਓਟ ਤੱਕ ਕੇ ਭੇਤ ਖੋਲ੍ਹਿਆ, “ਚਾਚੇ ਨੇ ਘੁੰਡੀਆਂ ਕਿਥੋਂ ਰੱਖਣੀਆਂ ਨੇ, ਭੂਆ, ਆਪਣੇ ਢੇਰ ਤੋਂ ਤੇਰੀ ਤੂੜੀ ਵਿਚ ਪੰਡ ਤੂੜੀ ਦੀ ਤੇ ਦਾਣਿਆਂ ਵਿਚ ਦੋ ਪਰਾਂਤਾਂ ਦਾਣਿਆਂ ਦੀਆਂ ਵਾਧੂ ਪਾ ਦਿੰਦਾ ਐ।”
ਮੇਰੀ ਮਾਂ ਹੈਰਾਨ ਹੋਈ, “ਭਾਈ ਮੱਘਰਾ, ਇਹ ਕਿਉਂ?” ਉਹਨੇ ਸਮਝਾਇਆ, “ਹਵਾ-ਹਨੇਰੀ ਨਾਲ ਤੇਰੇ ਖੇਤ ਦੀਆਂ ਬੱਲੀਆਂ ਮੇਰੇ ਖੇਤ ਵਿਚ ਤੇ ਤੇਰੇ ਪਿੜ ਦੇ ਦਾਣੇ ਮੇਰੇ ਪਿੜ ਵਿਚ ਰਲ਼ ਜਾਣ ਤਾਂ ਮੈਂ ਤੇਰੇ ਖੇਤ ਦਾ ਅੰਨ ਖਾ ਕੇ ਨਰਕਾਂ ਦਾ ਭਾਗੀ ਬਣਾਂ?”
ਹੁਣ ਉਹ ਅਵਸਥਾ ਬਣ ਗਈ ਸੀ ਜਿਥੇ ਪਹੁੰਚ ਕੇ ਸਭ ਸ਼ਬਦ ਖ਼ਤਮ ਹੋ ਜਾਂਦੇ ਹਨ। ਮੇਰੀ ਮਾਂ ਵੀ ਮੋਹ-ਮਮਤਾ ਨਾਲ ਛਲਕਦੀਆਂ ਅੱਖਾਂ ਪੂੰਝ ਕੇ ਚੁੱਪ ਕਰ ਗਈ।