ਪ੍ਰੋæ ਕਸ਼ਮੀਰਾ ਸਿੰਘ
ਫੋਨ: 801-414-0171
ਗੁਰੂ ਗ੍ਰੰਥ ਸਾਹਿਬ ਦੇ ਪੰਨਾ 484 ਉਤੇ ਰਾਗ ਆਸਾ ਵਿਚ ਭਗਤ ਕਬੀਰ ਜੀ ਦਾ ਇੱਕ ਸ਼ਬਦ ਹੈ ਜੋ Ḕਕਰਵਤੁ ਭਲਾ ਨ ਕਰਵਟ ਤੇਰੀ॥Ḕ ਪੰਕਤੀ ਤੋਂ ਸ਼ੁਰੂ ਹੁੰਦਾ ਹੈ। ਇਸ ਸ਼ਬਦ ਦੀਆਂ ਆਖ਼ਰੀ ਪੰਕਤੀਆਂ ਹਨ,
ਕਹਤੁ ਕਬੀਰੁ ਸੁਨਹੁ ਰੇ ਲੋਈ॥
ਅਬ ਤੁਮਰੀ ਪਰਤੀਤਿ ਨ ਹੋਈ॥
ਗੁਰਬਾਣੀ ਦੀ ਲਿਖਣ ਕਲਾ ਨੂੰ ਸਮਝਣ ਤੋਂ ਬਿਨਾ ਗੁਰਬਾਣੀ ਦੇ ਅਰਥ ਕਰਦਿਆਂ ਕਈ ਤਰ੍ਹਾਂ ਦੇ ਟਪਲ਼ੇ ਲੱਗਣੇ ਸੁਭਾਵਕ ਹਨ। ਇਸ ਸ਼ਬਦ ਵਿਚ ਵਰਤੇ ਲਫਜ਼ਾਂ ḔਰੇḔ ਅਤੇ ḔਲੋਈḔ ਨੂੰ ਗੁਰਬਾਣੀ ਦੀ ਲਿਖਣ ਕਲਾ ਅਨੁਸਾਰ ਨਾ ਸਮਝਣ ਕਰਕੇ ਕਈ ਲਿਖਾਰੀਆਂ ਨੇ ਮਨਘੜਤ ਸਾਖੀਆਂ ਨੂੰ ਜਨਮ ਦਿੱਤਾ ਹੈ। ਕਈਆਂ ਨੇ ਲਿਖਿਆ ਹੈ ਕਿ ḔਲੋਈḔ ਕਬੀਰ ਜੀ ਦੀ ਘਰ ਵਾਲੀ ਸੀ। ਉਹ ਕਿਸੇ ਸਾਧੂ ਸੰਤ ਦੀ ਪ੍ਰਸ਼ਾਦੇ ਨਾਲ ਸੇਵਾ ਨਾ ਕਰ ਸਕੀ ਤੇ ਕਬੀਰ ਜੀ ਨਾਰਾਜ਼ ਹੋ ਗਏ। ਕਈ ਕਹਿੰਦੇ ਹਨ ਕਿ ਲੋਈ ਨੇ ਕਿਸੇ ਰੋਗੀ ਨੂੰ ਤਿੰਨ ਵਾਰੀ ਰਾਮ ਕਹਾ ਕੇ ਰੋਗ ਦੂਰ ਕੀਤਾ ਤੇ ਕਬੀਰ ਜੀ ਨਾਰਾਜ਼ ਹੋ ਗਏ ਅਖੇ ਲੋਈ ਨੇ ਤਿੰਨ ਵਾਰੀ ਰਾਮ ਕਿਉਂ ਕਹਾਇਆ ਜਦੋਂ ਕਿ ਇੱਕ ਵਾਰੀ ਹੀ ਬਹੁਤ ਸੀ। ਉਹ ਲਿਖਦੇ ਹਨ ਕਿ ਲੋਈ ਨੇ ਇਸ ਸ਼ਬਦ ਵਿਚ ਆਪਣੇ ਵਲੋਂ ਸ਼ਬਦ ਦੀਆਂ ਪਹਿਲੀਆਂ ਤੁਕਾਂ ਕਬੀਰ ਜੀ ਨਾਲੋਂ ਨਾਰਾਜ਼ਗੀ ਦੂਰ ਕਰਨ ਲਈ ਉਚਾਰੀਆਂ ਤੇ ਆਖਰੀ ਦੋ ਤੁਕਾਂ ਭਗਤ ਕਬੀਰ ਜੀ ਨੇ ਲਿਖੀਆਂ। ਉਹ ਸੱਜਣ ਲਿਖਦੇ ਹਨ ਕਿ ਭਗਤ ਕਬੀਰ ਜੀ ਲੋਈ ਵਲੋਂ ਸਮਝੌਤੇ ਲਈ ਤਰਲੇ ਕੱਢਣ ‘ਤੇ ਵੀ ਉਹ ਉਸ ਨਾਲ ਬੇਪਰਤੀਤੀ ਹੀ ਰੱਖਦੇ ਰਹੇ। ਸ਼ਬਦ ਦੇ ਅਜਿਹੇ ਮਨਘੜਤ ਅਰਥ ਤੋਂ ਕੋਈ ਜੀਵਨ ਸੇਧ ਨਹੀਂ ਲੈ ਸਕਦਾ। ਗੁਰਬਾਣੀ ਦਾ ਹਰ ਇੱਕ ਸ਼ਬਦ ਜਗਿਆਸੂ ਦੇ ਮਨ ਦੀ ਥੰਮੀ ਤਾਂ ਹੀ ਬਣ ਸਕਦਾ ਹੈ ਜੇ ਇਸ ਤੋਂ ਸਹੀ ਅਗਵਾਈ ਲਈ ਜਾ ਸਕੇ। ਮਨਘੜਤ ਸਾਖੀਆਂ ਵਿਚ ਗੁਆਚ ਕੇ ਸ਼ਬਦਾਂ ਦੇ ਸਹੀ ਅਰਥ ਵੀ ਗੁਆਚ ਜਾਂਦੇ ਹਨ, ਭਾਵੇਂ ਅਜਿਹੀਆਂ ਸਾਖੀਆਂ ਸੁਣ ਕੇ ਸਰੋਤੇ ਵਕਤੀ ਤੌਰ ‘ਤੇ ਖੁਸ਼ ਹੋ ਕੇ ਪ੍ਰਚਾਰਕ ਦੀ ਵਾਹ-ਵਾਹ ਜ਼ਰੂਰ ਕਰ ਲੈਂਦੇ ਹਨ। ਅਰਥਾਂ ਦੀਆਂ ਅਜਿਹੀਆਂ ਪ੍ਰਣਾਲੀਆਂ ਵਿਚੋਂ ਨਿਕਲ ਕੇ ਤੇ ਗੁਰਬਾਣੀ ਵਿਆਕਰਣ ਦੀ ਰੋਸ਼ਨੀ ਲੈ ਕੇ ਹੀ ਗੁਰਬਾਣੀ ਦਾ ਸਹੀ ਉਪਦੇਸ਼ ਸਮਝਿਆ ਜਾ ਸਕਦਾ ਹੈ।
ਕੀ ਗੁਰਬਾਣੀ ਦੇ ਰਚਣ ਵਾਲੀ ਲੋਈ, ਭਗਤ ਕਬੀਰ ਜੀ ਦੇ ਘਰ ਵਾਲੀ, ਵੀ ਹੈ? ਬਿਲਕੁਲ ਨਹੀਂ। ਬਾਣੀ ਵਿਚ 35 ਮਹਾਂਪੁਰਸ਼ਾਂ ਦੀ ਰਚਨਾ ਹੈ ਜਿਸ ਵਿਚ ਲੋਈ ਦਾ ਕਿਤੇ ਨਾਂ ਨਹੀਂ ਹੈ (ਕਈ ਸੱਜਣ ਭਾਈ ਮਰਦਾਨੇ ਦਾ ਨਾਂ ਵੀ ਬਾਣੀ ਰਚਨਹਾਰਾਂ ਵਿਚ ਗਿਣਦੇ ਹਨ ਪਰ ਅਜਿਹਾ ਨਹੀਂ ਹੈ। ਭਾਈ ਮਰਦਾਨੇ ਨੂੰ ਅਮਰ ਕਰਨ ਲਈ ਉਸ ਦੇ ਪ੍ਰਸ਼ਨਾਂ ਪ੍ਰਤੀ ਗੁਰੂ ਨਾਨਕ ਸਾਹਿਬ ਜੀ ਨੇ ਹੀ ਬਾਣੀ ਉਚਾਰੀ ਹੈ। ਭਾਈ ਮਰਦਾਨੇ ਪ੍ਰਤੀ ਉਚਾਰੀ ਬਾਣੀ ਵਿਚ ਮੁਹਰ ḔਨਾਨਕḔ ਸ਼ਬਦ ਦੀ ਹੀ ਹੈ, ਭਾਈ ਮਰਦਾਨੇ ਦੀ ਨਹੀਂ ਜਿਵੇਂ ਕਿ ਭਗਤ ਬਾਣੀ ਵਿਚ ਭਗਤਾਂ ਦੇ ਨਾਂ ਦੀ ਮੁਹਰ ਹੈ। ਦੇਖੋ ਪ੍ਰੋæ ਸਾਹਿਬ ਸਿੰਘ ਰਚਿਤ Ḕਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣḔ)
ḔਰੇḔ ਸ਼ਬਦ ਦੀ ਵਰਤੋਂ ਦੀ ਸਮਝ ਤੋਂ ਹੀ ḔਲੋਈḔ ਸ਼ਬਦ ਦੇ ਅਰਥ ਸਪਸ਼ਟ ਹੋ ਸਕਦੇ ਹਨ। ਗੁਰਬਾਣੀ ਵਿਚੋਂ ḔਰੇḔ ਸ਼ਬਦ ਵਾਲੀਆਂ ਕੁਝ ਪੰਕਤੀਆਂ ਇਸ ਤਰ੍ਹਾਂ ਹਨ ਜਿੱਥੇ ਹਰ ਥਾਂ ḔਰੇḔ ਸ਼ਬਦ ਪੁਲਿੰਗ ਵਾਚਕ ਹੈ,
ਰੇ ਨਰ ਇਹ ਸਾਚੀ ਜੀਅ ਧਾਰਿ॥ (ਪੰਨਾ 633)
ਰੇ ਜਨ ਮਨੁ ਮਾਧਉ ਸਿਉ ਲਾਈਐ॥ (ਪੰਨਾ 324)
ਕਹਤੁ ਕਬੀਰੁ ਸੁਨਹੁ ਰੇ ਸੰਤਹੁ ਕੀਟੀ ਪਰਬਤੁ ਖਾਇਆ॥ (ਪੰਨਾ 477)
ਕਹੁ ਨਾਨਕ ਸੁਨਿ ਰੇ ਮਨਾ ਅਉਧ ਜਾਤ ਹੈ ਬੀਤ॥ (ਪੰਨਾ 1427)
ਰੇ ਮੂੜੇ ਤੂੰ ਹੋਛੇ ਰਸ ਲਪਟਾਇਓ॥ (ਪੰਨਾ 1017)
ਰੇ ਲੰਪਟ ਕ੍ਰਿਸਨੁ ਅਭਾਖੰ॥ (ਪੰਨਾ 1351)
ḔਰੇḔ ਸ਼ਬਦ ਸਾਰੀ ਗੁਰਬਾਣੀ ਵਿਚ 549 ਵਾਰੀ ਪੁਲਿੰਗ ਰੂਪ ਵਿਚ ਵਰਤਿਆ ਗਿਆ ਹੈ। ਉਪਰੋਕਤ ਪੰਕਤੀਆਂ ਵਿਚ ਆਏ ਸ਼ਬਦ Ḕਰੇ ਨਰḔ, Ḕਰੇ ਜਨḔ, Ḕਰੇ ਸੰਤਹੁḔ, Ḕਰੇ ਮਨਾḔ, Ḕਰੇ ਮੂੜੇḔ, Ḕਰੇ ਲੰਪਟḔ ਧਿਆਨ ਦੇਣ ਯੋਗ ਹਨ। ḔਰੇḔ ਸ਼ਬਦ ਤੋਂ ਪਿੱਛੋਂ ਆਏ ਸਾਰੇ ਸ਼ਬਦ ਪੁਲਿੰਗ ਵਾਚਕ ਹਨ। ਇਹ ਨੇਮ ਸਾਰੀ ਗੁਰਬਾਣੀ ਵਿਚ ਨਿਭਾਇਆ ਗਿਆ ਹੈ। ਤਾਂ ਫਿਰ Ḕਰੇ ਲੋਈḔ ਸ਼ਬਦਾਂ ਵਿਚ ਵੀ ḔਲੋਈḔ ਸ਼ਬਦ ਇਸਤਰੀ ਲਿੰਗ (ਭਗਤ ਕਬੀਰ ਜੀ ਦੀ ਘਰ ਵਾਲੀ ਪ੍ਰਤੀ) ਨਹੀਂ ਹੋ ਸਕਦਾ।
ਭਗਤ ਕਬੀਰ ਜੀ ਦੀ ਬਾਣੀ ਵਿਚ ḔਲੋਈḔ ਸ਼ਬਦ ਦੀ ਵਰਤੋਂ,
ਕਹਤ ਕਬੀਰ ਸੁਨਹੁ ਰੇ ਲੋਈ॥ (ਪੰਨਾ 481)
ਕਹਤੁ ਕਬੀਰ ਸੁਨਹੁ ਰੇ ਲੋਈ ਭਰਮਿ ਨ ਭੂਲਹੁ ਕੋਈ॥ (ਪੰਨਾ 692)
ਸੁਨਿ ਅੰਧਲੀ ਲੋਈ ਬੇਪੀਰਿ॥ (ਪੰਨਾ 871)
ਸਾਰੀ ਗੁਰਬਾਣੀ ਵਿਚ ḔਲੋਈḔ ਸ਼ਬਦ ਦੀ ਵਰਤੋਂ 24 ਵਾਰੀ ਕੀਤੀ ਗਈ ਹੈ ਤੇ ਹਰ ਥਾਂ ਇਸ ਦਾ ਅਰਥ ਭਗਤ ਕਬੀਰ ਜੀ ਦੀ ਘਰ ਵਾਲੀ ਨਹੀਂ ਹੈ। ਭਗਤ ਕਬੀਰ ਜੀ ਨੇ ਉਪਰ ਦਿੱਤੀਆਂ ਤਿੰਨਾਂ ਪੰਕਤੀਆਂ ਵਿਚੋਂ ਤੀਜੀ ਪੰਕਤੀ ਵਿਚ ḔਲੋਈḔ ਸ਼ਬਦ ਆਪਣੀ ਘਰ ਵਾਲੀ ਲਈ ਵਰਤਿਆ ਹੈ। ਇਥੇ ਲੋਈ ਸ਼ਬਦ ਇਸਤਰੀ ਲਿੰਗ ਹੈ ਕਿਉਂਕਿ ḔਅੰਧਲੀḔ ਅਤੇ ḔਬੇਪੀਰਿḔ ਸ਼ਬਦ ਵੀ ਇਸਤਰੀ ਲਿੰਗ ਹਨ ਜੋ ਕਬੀਰ ਸਾਹਿਬ ਨੇ ਆਪਣੀ ਘਰ ਵਾਲੀ ਲੋਈ ਪ੍ਰਤੀ ਹੀ ਸੰਬੋਧਨ ਰੂਪ ਵਿਚ ਵਰਤੇ ਹਨ। ਬਾਕੀ ਦੀਆਂ ਦੋ ਪੰਕਤੀਆਂ ਵਿਚ ਪ੍ਰਕਰਣ ਅਨੁਸਾਰ ḔਲੋਈḔ ਸ਼ਬਦ ਭਗਤ ਜੀ ਨੇ ਪੁਲਿੰਗ ਰੂਪ ਵਿਚ ḔਜਗਤḔ ਜਾਂ ḔਲੋਕਾਂḔ ਪ੍ਰਤੀ ਵਰਤਿਆ ਹੈ ਕਿਉਂਕਿ ਇਥੇ ḔਰੇḔ ਸ਼ਬਦ ਦੀ ਵਰਤੋਂ ਹੈ। ਗੁਰਬਾਣੀ ਵਿਚ ḔਰੀḔ ਸ਼ਬਦ ਦੀ ਵਰਤੋਂ ਇਸਤਰੀ ਲਿੰਗ ਵਜੋਂ ਹੈ,
ਰੀ ਬਾਈ ਬੇਢੀ ਦੇਨੁ ਨ ਜਾਈ॥ (ਪੰਨਾ 657)
ਇਹੁ ਮਨੁ ਸੁੰਦਰਿ ਆਪਣਾ ਹਰਿ ਨਾਮ ਮਜੀਠੈ ਰੰਗਿ ਰੀ॥ (ਪੰਨਾ 400)
ਕਵਨ ਬਨੀ ਰੀ ਤੇਰੀ ਲਾਲੀ॥ (ਪੰਨਾ 384)
ਰੀ ਕਲਵਾਰਿ ਗਵਾਰਿ ਮੂਢ ਮਤਿ ਉਲਟੋ ਪਵਨੁ ਫਿਰਾਵਉ॥ (ਪੰਨਾ 1123)
ਕਾਜਰ ਕੋਠ ਮਹਿ ਭਈ ਨ ਕਾਰੀ ਨਿਰਮਲ ਬਰਨੁ ਬਨਿਓ ਰੀ॥ (ਪੰਨਾ 484)
ਸੁਨਿ ਰੀ ਸਖੀ ਇਹ ਹਮਰੀ ਘਾਲ॥ (ਪੰਨਾ 383)
ਗੁਰਬਾਣੀ ਵਿਚ ḔਰੀḔ ਸ਼ਬਦ 83 ਵਾਰੀ ਇਸਤਰੀ ਲਿੰਗ ਰੂਪ ਵਿਚ ਵਰਤਿਆ ਗਿਆ ਹੈ। ਉਪਰ ਦਿੱਤੀਆਂ ਤੁਕਾਂ ਵਿਚ ḔਰੀḔ ਸ਼ਬਦ ਦੀ ਵਰਤੋਂ ਹੈ ਜੋ ਸਾਰੇ ਇਸਤਰੀ ਲਿੰਗ ਸ਼ਬਦਾਂ ਨਾਲ ਕੀਤੀ ਗਈ ਹੈ। ਇਹ ਇਸਤਰੀ ਲਿੰਗ ਸ਼ਬਦ ਹਨ- ਬਾਈ (ਭੈਣ), ਸੁੰਦਰਿ (ਜੀਵ ਇਸਤਰੀ), ਤੇਰੀ, ਕਲਵਾਰਿ (ਕਲਾਲਣ, ਮਾਇਆ-ਮਦ ਵੰਡਣ ਵਾਲੀ!), ਗਵਾਰਿ (ਗਵਾਰਨ!), ਮੂਢ ਮਤਿ (ਮੂਰਖ ਅਕਲ!) ਭਈ ਅਤੇ ਸਖੀ।
ਸਾਰੇ ਸ਼ਬਦ ਵਿਚ ਭਗਤ ਕਬੀਰ ਜੀ ਦੱਸਣਾ ਚਾਹੁੰਦੇ ਹਨ ਕਿ ਜਗਤ ਦਾ ਮੋਹ ਜੀਵ ਨੂੰ ਪ੍ਰਭੂ ਤੋਂ ਦੂਰ ਕਰਦਾ ਹੈ, (ਏਹੁ ਕੁਟੰਬੁ ਤੂ ਜਿ ਦੇਖਦਾ ਚਲੈ ਨਾਹੀ ਤੇਰੈ ਨਾਲੇ॥ ਸਾਥਿ ਤੇਰੈ ਚਲੈ ਨਾਹੀ ਤਿਸੁ ਨਾਲਿ ਕਿਉ ਚਿਤੁ ਲਾਈਐ॥ (ਬਾਣੀ ḔਅਨੰਦੁḔ)
ਭਗਤ ਕਬੀਰ ਜੀ ਕਹਿੰਦੇ ਹਨ, ਆਰੇ ਨਾਲ ਚੀਰਨ ਵਿਚ ਏਨਾਂ ਦੁੱਖ ਨਹੀਂ ਜਿੰਨਾ ਪ੍ਰਭੂ ਨੂੰ ਭੁੱਲ ਜਾਣ ਵਿਚ ਹੈ। ਇਸ ਗੱਲ ਦੀ ਜੀਵ ਨੂੰ ਜਦੋਂ ਸਮਝ ਆਉਂਦੀ ਹੈ ਤਾਂ ਕਹਿੰਦਾ ਹੈ, ਹੇ ਜਗਤ ਦੇ ਮੋਹ! ਹੁਣ ਮੈਂ ਤੇਰੀ ਪਰਤੀਤਿ ਨਹੀਂ ਕਰਾਂਗਾ ਤੇ ਹਰ ਸਮੇਂ ਪ੍ਰਭੂ ਨੂੰ ਯਾਦ ਰੱਖਾਂਗਾ। ਇਸ ਸ਼ਬਦ ਵਿਚ ਭਗਤ ਜੀ ਦੀ ਘਰ ਵਾਲੀ ਦੀ ਲਿਖੀ ਕੋਈ ਤੁਕ ਨਹੀਂ ਹੈ। ਸਾਰਾ ਸ਼ਬਦ ਭਗਤ ਜੀ ਦਾ ਹੀ ਲਿਖਿਆ ਹੋਇਆ ਹੈ। ḔਲੋਈḔ ਪ੍ਰਤੀ ਬੇਸਮਝੀ ਨਾਲ ਚਲਾਈਆਂ ਸਾਖੀਆਂ ਵਿਚ ਕੋਈ ਸੱਚਾਈ ਨਹੀਂ ਹੈ। ਪਾਠਕ ਆਪ ਗੁਰਬਾਣੀ ਦੇ ਅਰਥ ਗੁਰਬਾਣੀ ਵਿਆਕਰਣ ਅਨੁਸਾਰ ਪੜ੍ਹਨ ਦੀ ਰੁਚੀ ਰੱਖਣ ਤਾਂ ਹੀ ਅਜਿਹੀਆਂ ਮਨਘੜਤ ਸਾਖੀਆਂ ਦਾ ਨੋਟਿਸ ਲਿਆ ਜਾ ਸਕਦਾ ਹੈ। ਨਹੀਂ ਤਾਂ Ḕਦੇਖਾ ਦੇਖੀ ਸ੍ਵਾਂਗੁ ਧਰਿ ਭੂਲੇ ਭਟਕਾ ਖਾਹਿ॥Ḕ (ਪੰਨਾ 1371) ਵਾਲੀ ਗੱਲ ਹੀ ਵਾਪਰ ਰਹੀ ਹੈ।