ਅਨਮੋਲ ਹੀਰਾ

ਮਨੁੱਖੀ ਸਮਾਜ ਅੱਛੇ ਤੇ ਬੁਰੇ ਬੰਦਿਆਂ ਦਾ ਮਿਲਗੋਭਾ ਹੈ। ਕਈ ਮਨੁੱਖ ਜ਼ਿਹਨੀ ਤੌਰ ‘ਤੇ ਇਨੇ ਗਿਰੇ ਹੁੰਦੇ ਹਨ ਕਿ ਉਨ੍ਹਾਂ ਦਾ ਨਾਂ ਸਾਹਮਣੇ ਆਉਂਦਿਆਂ ਹੀ ਕਚਿਆਣ ਆਉਂਦੀ ਹੈ, ਜਿਵੇਂ ਇਸ ਕਹਾਣੀ ਦਾ ਇਕ ਪਾਤਰ ਕਰਨਲ ਪਾਚਾ ਹੈ ਜੋ ਇਨਸਾਨ ਦੀ ਹਰ ਮਜਬੂਰੀ ਦਾ ਲਾਭ ਉਠਾਉਂਦਾ ਹੈ, ਐਨ ਓਵੇਂ ਜਿਵੇਂ ਉਹ ਇਸ ਕਹਾਣੀ ਦੀ ਮੁਖ ਪਾਤਰ ਰੋਸ਼ਨ-ਆਰਾ ਨਾਲ ਕਰਦਾ ਹੈ।

ਪਰ ਕੁਝ ਇਨਸਾਨ ਇਨੇ ਪਾਕ ਦਿਲ ਹੁੰਦੇ ਹਨ ਕਿ ਉਨ੍ਹਾਂ ਅਗੇ ਸਿਰ ਸਿਜਦੇ ਵਿਚ ਝੁਕ ਜਾਂਦਾ ਹੈ। ਕਹਾਣੀ ਦਾ ਇਕ ਅਹਿਮ ਪਾਤਰ ਹਰਪਾਲ ਵੀ ਅਜਿਹਾ ਹੀ ਇਨਸਾਨ ਹੈ ਜਿਸ ਦੀ ਛੋਹ ਪਾ ਕੇ ਮੁਖ ਪਾਤਰ ਰੋਸ਼ਨ-ਆਰਾ ਦੀ ਰੂਹ ਪਾਕਿ ਹੋ ਗਈ ਲਗਦੀ ਹੈ। ਕਹਾਣੀਕਾਰ ਕਰਨੈਲ ਸਿੰਘ ਗਿਆਨੀ ਨੇ ਇਸੇ ਸਭ ਕੁਝ ਦਾ ਬਿਆਨ ਇਸ ਕਹਾਣੀ ਵਿਚ ਕੀਤਾ ਹੈ। -ਸੰਪਾਦਕ

ਕਰਨੈਲ ਸਿੰਘ ਗਿਆਨੀ
ਵਰਜੀਨੀਆ ਬੀਚ।
ਉਨੀ ਸੌ ਪੱਚਾਸੀ, ਜਨਵਰੀ ਦਾ ਮਹੀਨਾ ਸੀ। ਸਨਿਚਰਵਾਰ ਸਵੇਰੇ ਦਸ ਕੁ ਵਜੇ, ਨਿਊ ਯਾਰਕ ਸ਼ਹਿਰ ਦੇ ਕੁਈਨਜ਼ ਬੁਲੇਵਾਰਡ ‘ਤੇ ਸਥਿਤ ਆਪਣੇ ‘ਰੈਂਟਲ ਆਫ਼ਿਸ’ ਵਿਚ ਪਹੁੰਚ ਕੇ ਹਰਪਾਲ ਨੇ ਟੈਲੀਫ਼ੋਨ ਦੀ ਆਨਸਰਿੰਗ ਮਸ਼ੀਨ ਚੈਕ ਕੀਤੀ। ਤਿੰਨ ਮੈਸੇਜ ਆਏ ਹੋਏ ਸਨ। ਪਹਿਲੇ ਦੋ ਤਾਂ ਬਲੈਂਕ ਹੀ ਨਿਕਲੇ। ਤੀਸਾ ਕਰਨਲ ਪਾਚਾ ਦਾ ਸੀ, “ਮੈਂ ਤੁਹਾਡਾ ਕਿਰਾਏਦਾਰ ਕਰਨਲ ਪਾਚਾ, ਗ੍ਰੀਨ ਐਵਨਿਊ ਤੋਂ ਬੋਲ ਰਿਹਾ ਹਾਂ। ਕੱਲ੍ਹ ਇਕ ਅਫਗਾਨ ਫੈਮਿਲੀ ਪਾਕਿਸਤਾਨ ‘ਚੋਂ ਆ ਰਹੀ ਹੈ। ਉਨ੍ਹਾਂ ਨੂੰ ਤਿੰਨ ਬੈਡਰੂਮ ਦਾ ਅਪਾਰਟਮੈਂਟ ਚਾਹੀਦੈ, ਜੇ ਤੁਹਾਡਾ ਕੋਈ ਖਾਲੀ ਹੋਵੇ ਤਾਂæææ। ਮੈਂ ਤਿੰਨ ਵਜੇ ਫੇਰ ਕਾਲ ਕਰਾਂਗਾ।”
ਅਗਲੇ ਦਿਨ ਡੇਢ ਕੁ ਵਜੇ ਕਰਨਲ ਪਾਚਾ ਉਸ ਫੈਮਿਲੀ ਨੂੰ ਨਾਲ ਲੈ ਕੇ ਆ ਗਿਆ। ਹਰਪਾਲ ਰਿਚਮੰਡ ਹਿੱਲ ਗੁਰਦੁਆਰਾ ਸਾਹਿਬ ਤੋਂ ਹੁਣੇ-ਹੁਣੇ ਪਰਤਿਆ ਹੀ ਸੀ।
“ਇਨ੍ਹਾਂ ਦਾ ਨਾਮ ਯੂਸਫ਼ ਹਾਸ਼ਮੀ ਹੈ।” ਉਹ ਪਰਿਵਾਰ ਦੇ ਮੋਢੀ ਦੀ ਜਾਣ-ਪਛਾਣ ਕਰਾਉਂਦਾ ਬੋਲਿਆ।
ਯੂਸਫ਼ ਇਕਹਿਰੇ ਜਿਹੇ ਸਰੀਰ ਦਾ ਕੋਈ 55 ਕੁ ਸਾਲ ਦਾ ਆਦਮੀ ਸੀ। ਨਾਲ ਉਸ ਦੀ ਬੇਗ਼ਮ, 15-20 ਕੁ ਸਾਲਾਂ ਦੇ ਤਿੰਨ ਲੜਕੇ, ਤੇ 22 ਕੁ ਸਾਲ ਦੀ ਇਕ ਸੂਖਮ ਜਿਹੀ ਕੁੜੀ।
“ਕੀ ਇਹ ਲੋਕ ਅੰਗਰੇਜ਼ੀ ਸਮਝ ਲੈਂਦੇ ਹਨ?” ਉਸ ਨੇ ਕਰਨਲ ਪਾਚਾ ਨੂੰ ਪੁੱਛਿਆ।
“ਥੋੜ੍ਹੀ ਥੋੜ੍ਹੀ। ਕੁਝ ਉਰਦੂ ਅਤੇ ਪੰਜਾਬੀ ਇਨ੍ਹਾਂ ਨੇ ਤਿੰਨ ਸਾਲ ਕੈਂਪਾਂ ਵਿਚ ਰਹਿ ਕੇ ਸਿੱਖ ਲਈ ਹੋਈ ਹੈ। ਵੈਸੇ ਇਨ੍ਹਾਂ ਦੀ ਕਾਲਜ ਪੜ੍ਹੀ ਲੜਕੀ ਰੋਸ਼ਨ-ਆਰਾ ਬੜੀ ਸੋਹਣੀ ਪੰਜਾਬੀ ਤੇ ਇੰਗਲਿਸ਼ ਬੋਲ ਲੈਂਦੀ ਹੈ।”
ਹਰਪਾਲ ਨੇ ਕੁੜੀ ਵੱਲ ਤੱਕਿਆ। ਉਹਦੇ ਸੰਗਾਊ ਸੁਭਾਅ ਤੋਂ ਉਸ ਨੂੰ ਆਪਣੀ ਸੁਰਗਵਾਸੀ ਭੈਣ ਪ੍ਰੀਤੀ ਯਾਦ ਆ ਗਈ, ਜੋ ਤਿੰਨ ਸਾਲ ਪਹਿਲਾਂ ਇਕ ਕਾਰ ਹਾਦਸੇ ਵਿਚ ਪੂਰੀ ਹੋ ਗਈ ਸੀ।
“ਇਹ 6 ਜਣੇ, 3 ਬੈਡਰੂਮ ਅਪਾਰਟਮੈਂਟ ਵਿਚ ਕਿਵੇਂ ਰਹਿ ਲੈਣਗੇ?” ਹਰਪਾਲ ਨੇ ਫੇਰ ਸਵਾਲ ਕੀਤਾ।
“ਉਹ ਜਨਾਬ, ਇਹ ਵਿਚਾਰੇ ਤਿੰਨ ਸਾਲ ਰਿਫ਼ਿਊਜੀ ਕੈਂਪਾਂ ਵਿਚ ਇਕ ਤੰਬੂ ਵਿਚ ਕੱਟ ਕੇ ਆਏ ਨੇ, ਆਪੇ ਕਰ ਲੈਣਗੇ ਗੁਜ਼ਾਰਾ। ਦਰਅਸਲ ਮੈਂ ਹੀ ਇਨ੍ਹਾਂ ਦੇ ਕੈਂਪ ਦਾ ਇੰਚਾਰਜ ਹੁੰਦਾ ਸਾਂ। ਬੜੇ ਭਲੇ ਲੋਕ ਨੇ। ਮੇਰੀ ਕੋਸ਼ਿਸ਼ ਸਦਕਾ ਹੀ ਤਾਂ ਇਨ੍ਹਾਂ ਨੂੰ ਅਮਰੀਕਾ ਦਾ ਵੀਜ਼ਾ ਮਿਲਿਆ ਹੈ। ਬੱਸ ਹੁਣ ਸਿਆਸੀ ਪਨਾਹ ਮਿਲ ਜਾਵੇ ਤਾਂ…।”
ਹਰਪਾਲ ਕਿੰਨਾ ਚਿਰ ਉਸ ਪਰਿਵਾਰ ਦਾ ਜਾਇਜ਼ਾ ਲੈਂਦਾ ਰਿਹਾ। ਹਰ ਇਕ ਦੇ ਮੂੰਹ ‘ਤੇ ਨਿਰਾਸ਼ਾ ਛਾਈ ਹੋਈ ਸੀ। ਕੇਵਲ ਕਰਨਲ ਪਾਚਾ ਦੇ ਚਿਹਰੇ ‘ਤੇ ਹੀ ਖੇੜੇ ਦਾ ਇਜ਼ਹਾਰ ਸੀ। ਉਹ ਇਕ ਪੜ੍ਹਿਆ-ਲਿਖਿਆ ਅਫਗਾਨ ਸੀ। ਉਮਰ ਤੋਂ ਕੋਈ ਚਾਲੀ ਕੁ ਸਾਲ ਦਾ। ਕੀ ਉਹ ਸਚਮੁੱਚ ਦਾ ਕਰਨਲ ਸੀ? ਜਾਂ ਸ਼ਾਇਦ ਅਫਗਾਨ ਲੋਕਾਂ ਵਿਚ ਪੜ੍ਹੇ-ਲਿਖੇ ਬੰਦੇ ਦੀ ਏਨੀ ਕਦਰ ਹੁੰਦੀ ਹੋਵੇਗੀ ਕਿ ਆਪਣੇ ਕਬੀਲੇ ਦੇ ਦਬਦਬੇ ਕਰਕੇ ਉਸ ਨੂੰ ਉਚੀ ਪਦਵੀ ਮਿਲ ਗਈ ਹੋਵੇ।
ਹਰਪਾਲ ਨੇ ਕਿਰਾਏਨਾਮਾ ਲਿਖਿਆ। ਮੁਸੀਬਤਜ਼ਦਾ ਅਤੇ ਆਪਣੇ ਵਤਨ ਦੇ ਗੁਆਂਢੀ ਹੋਣ ਕਰਕੇ ਉਸ ਨੇ ਉਨ੍ਹਾਂ ਤੋਂ ਕੋਈ ਵਾਧੂ ਪੇਸ਼ਗੀ ਲੈਣ ਦੀ ਜ਼ਰੂਰਤ ਨਾ ਸਮਝੀ। ਬੱਸ ਇਕ ਮਹੀਨੇ ਦਾ ਕਿਰਾਇਆ ਲੈ ਕੇ ਚਾਬੀ ਦੇ ਦਿੱਤੀ ਤੇ ਗੁਰਦੁਆਰੇ ਤੋਂ ਲਿਆਂਦਾ ਪ੍ਰਸ਼ਾਦ ਸਭ ਨੂੰ ਵੰਡ ਦਿੱਤਾ। ਸਾਰਿਆਂ ਨੇ ਸਾਹਮਣੇ ਦੀਵਾਰ ‘ਤੇ ਲੱਗੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਵੱਲ ਸ਼ਰਧਾ ਨਾਲ ਸਿਰ ਨਿਵਾ ਕੇ ਪ੍ਰਸ਼ਾਦ ਗ੍ਰਹਿਣ ਕੀਤਾ।
ਹਰਪਾਲ ਮਾਪਿਆਂ ਦਾ ‘ਕੱਲਾ ‘ਕੱਲਾ ਪੁੱਤ ਸੀ। ਉਸ ਦੇ ਪਿਤਾ ਨੇ ਇਮੀਗ੍ਰਾਂਟ ਵੀਜ਼ੇ ‘ਤੇ ਨਿਊ ਯਾਰਕ ਆਉਣ ਤੋਂ ਬਾਅਦ ਉਸ ਦੀ ਇੰਜੀਨੀਅਰਿੰਗ ਕਾਲਜ ਦੀ ਪੜ੍ਹਾਈ ਪੂਰੀ ਕਰਨ ਲਈ ਉਸ ਨੂੰ ਆਪਣੇ ਦਾਦਾ ਜੀ ਦੀ ਨਿਗਰਾਨੀ ਵਿਚ ਲੁਧਿਆਣੇ ਭੇਜ ਦਿੱਤਾ ਸੀ।
ਬਜ਼ੁਰਗਾਂ ਦੇ ਅਧਿਆਤਮਕ ਜੀਵਨ ਦੇ ਅਸਰ ਹੇਠ ਉਸ ਨੂੰ ਸਿੱਖੀ ਦੇ ਗੁਣ ਗ੍ਰਹਿਣ ਕਰਨ ਦਾ ਮੌਕਾ ਮਿਲਿਆ। ਸਵੇਰੇ-ਸ਼ਾਮ ਉਹ ਬੜੇ ਉਤਸ਼ਾਹ ਨਾਲ ਨਿੱਤਨੇਮ ਦਾ ਪਾਠ ਕਰਦਾ। ਵਾਪਸ ਨਿਊ ਯਾਰਕ ਆਉਣ ਪਿੱਛੋਂ ਵੀ ਉਸ ਨੂੰ ਇਕ ਸਾਬਤ ਸੂਰਤ ਸਿੱਖੀ ਜੀਵਨ ਜੀਣ ਵਿਚ ਰਤਾ ਮੁਸ਼ਕਿਲ ਪੇਸ਼ ਨਾ ਆਈ। ਉਸ ਦੇ ਗੋਰੇ ਨਿਛੋਹ ਰੰਗ ‘ਤੇ ਉਹਦੀ ਰੇਸ਼ਮੀ ਦਾਹੜੀ, ਨਿਰਮਲ ਤੱਕਣੀ ਅਤੇ ਬੜੀ ਹੀ ਸੁਚੱਜੇ ਢੰਗ ਨਾਲ ਬੱਧੀ ਦਸਤਾਰ ਉਸ ਦੀ ਲੰਮੀ-ਲੰਝੀ ਸ਼ਖਸੀਅਤ ਨੂੰ ਕਿਸੇ ਰਾਜਕੁਮਾਰ ਵਾਂਗ ਉਜਾਗਰ ਕਰਦੀ ਜਾਪਦੀ। ਅੱਜ ਕਲ੍ਹ ਉਹ ਨਿਊ ਯਾਰਕ ਯੂਨੀਵਰਸਿਟੀ ਵਿਚ ਐਮæਬੀæਏæ ਦੀ ਪੜ੍ਹਾਈ ਕਰ ਰਿਹਾ ਸੀ। ਇਹ ਉਸ ਦਾ ਆਖਰੀ ਸਾਲ ਸੀ। ਉਸ ਦੇ ਪਿਤਾ ਦੇ 3 ਅਪਾਰਟਮੈਂਟ ਕੰਪਲੈਕਸ ਸਨ। ਪੜ੍ਹਾਈ ਦੇ ਨਾਲ ਨਾਲ ਉਹ ਆਪਣੇ ਪਰਿਵਾਰਕ ਕੰਮ ਦੀ ਦੇਖ-ਰੇਖ ਵੀ ਕਰਦਾ ਸੀ। ਉਹਦੇ ਪਿਤਾ ਨੇ ਮੈਨੇਜਮੈਂਟ ਦੀਆਂ ਬਾਰੀਕੀਆਂ ਤੋਂ ਹਰਪਾਲ ਨੂੰ ਪੂਰੀ ਤਰ੍ਹਾਂ ਜਾਣੂੰ ਕਰਵਾਉਂਦਿਆਂ ਹਦਾਇਤ ਕੀਤੀ ਸੀ,
“ਹਰਪਾਲ ਬੇਟੇ! ਸ਼ਾਇਦ ਅੰਮ੍ਰਿਤ ਛਕਣ ਵੇਲੇ ਕੁਰਹਿਤਾਂ ਤੋਂ ਜਾਣੂੰ ਕਰਾਉਂਦਿਆਂ, ਇਹ ਤਾਂ ਤੈਨੂੰ ਦੱਸਿਆ ਹੀ ਗਿਆ ਹੋਣੈ ਕਿ ਹਰ ਸਿੱਖ ਲਈ ਪਰਾਈ ਇਸਤਰੀ ਪ੍ਰਤੀ ਮਾੜੀ ਨੀਅਤ ਰੱਖਣ ਦੀ ਮਨਾਹੀ ਹੈ। ਸਾਡੇ ਰੀਅਲ ਐਸਟੇਟ ਬਿਜਨੈਸ ਵਿਚ ਇਹ ਗੱਲ ਖਾਸ ਤੌਰ ‘ਤੇ ਲਾਗੂ ਹੁੰਦੀ ਹੈ। ਇਸ ਗੱਲ ਦਾ ਖਾਸ ਧਿਆਨ ਰੱਖੀਂ ਕਿ ਮਾਲਿਕ ਤੇ ਕਿਰਾਏਦਾਰ ਦੀ ਸੀਮਾ ਕਾਇਮ ਰਹੇ। ਇਹ ਨਾ ਹੋਵੇ ਕੋਈ ਤ੍ਰੀਮਤ ਤੇਰੇ ਸੁਹੱਪਣ ਦਾ ਫ਼ਾਇਦਾ ਉਠਾਉਣ ਲਈ ਤੈਨੂੰ ਉਲਝਾ ਲਵੇ ਤੇ ਨਤੀਜਨ ਕੰਪਨੀ ਨੂੰ ਮਾਲੀ ਨੁਕਸਾਨ ਹੋਣਾ ਸ਼ੁਰੂ ਹੋ ਜਾਵੇ।”
ਉਂਜ ਕੰਮ ਕਾਰ ਦੀ ਸਹੂਲਤ ਲਈ ਉਨ੍ਹਾਂ ਨੇ ਇਕ ਸੁਪਰਡੈਂਟ ਵੀ ਰੱਖਿਆ ਹੋਇਆ ਸੀ। ਹਮੇਸ਼ਾ ਤਾਂ ਨਹੀਂ, ਪਰ ਪ੍ਰਾਪਰਟੀ ਦੇ ਕੰਮਾਂ ਲਈ ਕਦੇ-ਕਦੇ ਉਸ ਨੂੰ ਐਮਰਜੈਂਸੀ ਵਿਚ ਹਨੇਰੇ-ਸਵੇਰੇ ਆਪ ਵੀ ਜਾਣਾ ਪੈਂਦਾ ਸੀ।
ਫ਼ਰਵਰੀ ਮਹੀਨੇ ਦੀ ਇੱਕ ਠੰਢੀ ਯੱਖ ਰਾਤ। ਕਿਸੇ ਕਿਰਾਏਦਾਰ ਦਾ ਫੋਨ ਆਇਆ ਕਿ ਬਰਫ਼ਾਂ ਪੈਣ ਕਾਰਨ ਇਕ ਪਾਣੀ ਦੀ ਪਾਈਪ ਫਟ ਗਈ ਹੈ ਤੇ ਉਨ੍ਹਾਂ ਦੇ ਗੁਸਲਖਾਨੇ ਵਿਚ ਬਹੁਤ ਪਾਣੀ ਭਰ ਗਿਆ ਹੈ। ਸੁਪਰਡੈਂਟ ਛੁੱਟੀ ‘ਤੇ ਹੋਣ ਕਰਕੇ ਹਰਪਾਲ ਨੇ ਕਿਸੇ ਪਛਾਣ ਵਾਲੇ ਪਲੰਬਰ ਨੂੰ ਕਾਲ ਕੀਤਾ ਪਰ ਤੁਰਤ ਨਾ ਮਿਲ ਸਕਣ ‘ਤੇ ਉਹ ਜਲਦੀ ਨਾਲ ਆਪ ਹੀ ਤਿਆਰ ਹੋ ਕੇ ਬਿਲਡਿੰਗ ‘ਤੇ ਜਾ ਪੁੱਜਾ। ਤੜਕੇ ਦੇ ਤਿੰਨ ਕੁ ਵੱਜੇ ਸਨ। ਬੇਸਮੈਂਟ ਵਿਚ ਪਾਣੀ ਦਾ ਮੇਨ ਵਾਲਵ ਬੰਦ ਕਰਨ ਲਈ ਉਸ ਨੂੰ ਬਿਲਡਿੰਗ ਦੇ ਪਿਛਲੇ ਪਾਸਿਓਂ ਦੀ ਜਾਣਾ ਨਜ਼ਦੀਕ ਪੈਂਦਾ ਸੀ।
ਐਨ ਉਸੇ ਵੇਲੇ ਫਾਇਰ-ਟਾਵਰ ਦੀਆਂ ਪਿਛਲੀਆਂ ਪੌੜੀਆਂ ਵਿਚੋਂ ਕਿਸੇ ਦੇ ਦਗੜ-ਦਗੜ ਥੱਲੇ ਉਤਰਨ ਦੀ ਆਵਾਜ਼ ਆਈ। ਫਾਇਰ-ਡੋਰ ਧੱਕ ਕੇ ਕੋਈ ਬਾਹਰ ਨੂੰ ਭੱਜਾ ਆਉਂਦਾ ਦਿਸਿਆ। ਹਰਪਾਲ ਨੂੰ ਸਿਆਨਣ ਵਿਚ ਜ਼ਰਾ ਦੇਰ ਨਾ ਲੱਗੀ। ਉਹ ਤਾਂ ਰੋਸ਼ਨ ਆਰਾ ਸੀ, ਹਾਸ਼ਮੀ ਪਰਿਵਾਰ ਦੀ ਲੜਕੀ। ਪਰ ਉਹ ਲੋਕ ਤਾਂ ਦੂਸਰੇ ਕੰਪਲੈਕਸ ਵਿਚ ਰਹਿੰਦੇ ਨੇ। ਇਸ ਮਕਾਨ ਵਿਚ ਤਾਂ ਕਰਨਲ ਪਾਚਾ ਰਹਿੰਦੈ।
“ਰੋਸ਼ਨ! ਤੂੰæææ? ਤੂੰ ਏਸ ਵੇਲੇ ਇਥੇ ਕਿਸ ਤਰ੍ਹਾਂ?” ਹਰਪਾਲ ਨੇ ਅਸਚਰਜ ਨਾਲ ਪੁੱਛਿਆ।
ਰੋਸ਼ਨ ਆਰਾ ਕਾਫ਼ੀ ਭੈਭੀਤ ਹੋਈ ਜਾਪਦੀ ਸੀ। ਉਸ ਦਾ ਸਾਹ ਚੜ੍ਹਿਆ ਹੋਇਆ ਸੀ। ਵਾਲ ਖੁਲ੍ਹੇ। ਸਿਰ ‘ਤੇ ਚੁੰਨੀ ਵੀ ਨਹੀਂ ਸੀ। ਠੰਢ ਕਰਕੇ ਉਸ ਨੇ ਆਪਣੀਆਂ ਬਾਹਵਾਂ ਹਿੱਕ ਮੂਹਰੇ ਕੱਠੀਆਂ ਕੀਤੀਆਂ ਹੋਈਆਂ ਸਨ।
“ਹਰਪਾਲ਼ææ। ਉਹ ਪੁਲਿਸ਼ææ। ਪਤਾ ਨਹੀਂ ਪੁਲਿਸ ਪਾਚਾ ਨੂੰæææ।” ਤੇ ਏਨਾ ਕਹਿ ਕੇ ਉਹ ਗਲੀ ਵੱਲ ਨੂੰ ਨੱਸ ਉਠੀ ਪਰ ਠੇਡਾ ਖਾ ਕੇ ਮੂੰਹ ਪਰਨੇ ਡਿੱਗ ਪਈ। ਹਰਪਾਲ ਨੇ ਅੱਗੇ ਵਧ ਕੇ ਉਸ ਨੂੰ ਉਠਾਇਆ। ਉਸ ਦੇ ਮੱਥੇ ਤੋਂ ਲਹੂ ਸਿੰਮ ਰਿਹਾ ਸੀ ਤੇ ਮੂੰਹ ਚਿੱਕੜ ਨਾਲ ਲੱਥ-ਪੱਥ ਸੀ।
“ਰੋਸ਼ੀ ਰੀਲੈਕਸ਼ææ! ਤੂੰ ਦੱਸੇਂਗੀ ਨਹੀਂ, ਕੀ ਹੋਇਆ? ਕਿਸ ਗੱਲੋਂ ਭੱਜੀ ਜਾ ਰਹੀ ਹੈਂ? ਇਥੇ ਕਿਸ ਤਰ੍ਹਾਂ ਆ ਗਈ? ਕੋਈ ਤੇਰੇ ਪਿੱਛੇæææ?” ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਕੀ ਮਾਜਰਾ ਹੈ। ਅਚਾਨਕ ਰੋਸ਼ਨ ਹਰਪਾਲ ਨੂੰ ਚਿੰਬੜ ਕੇ ਸਿਸਕਣ ਲੱਗ ਪਈ।
ਹਰਪਾਲ ਨੇ ਸਭ ਤੋਂ ਪਹਿਲਾਂ ਬੇਸਮੈਂਟ ਦਾ ਬੂਹਾ ਖੋਲ੍ਹ ਕੇ ਬਿਲਡਿੰਗ ਦੀ ਵਾਟਰ ਸਪਲਾਈ ਬੰਦ ਕੀਤੀ। ਫਿਰ ਰੋਸ਼ੀ ਦੇ ਚਿਹਰੇ ਤੋਂ ਮਿੱਟੀ ਪੂੰਝ ਕੇ ਕਲਾਜ਼ਿਟ ‘ਚ ਪਿਆ ਫਸਟ-ਏਡ ਬਾਕਸ ਖੋਲ੍ਹਿਆ। ਮੱਥੇ ਦਾ ਜ਼ਖਮ ਸਾਫ ਕੀਤਾ, ਤੇ ਖ਼ੂਨ ਬੰਦ ਕਰਨ ਲਈ ਸਿਰ ‘ਤੇ ਇੱਕ ਤਿਕੋਨੀ ਪੱਟੀ ਬੰਨ੍ਹ ਦਿੱਤੀ।
ਰੋਸ਼ਨ ਆਰਾ ਅਜੇ ਵੀ ਕੰਬੀ ਜਾ ਰਹੀ ਸੀ। ਹਰਪਾਲ ਨੇ ਆਪਣੀ ਜੈਕਿਟ ਲਾਹ ਕੇ ਉਸ ਦੇ ਕੰਬਦੇ ਸਰੀਰ ਨੂੰ ਢਕ ਦਿੱਤਾ। ਤੇ ਦਿਲਾਸਾ ਦੇ ਕੇ ਪੁੱਛਿਆ ਤਾਂ ਉਹ ਧੀਮੀ ਆਵਾਜ਼ ‘ਚ ਬੋਲੀ, “ਮੈਂ ਡਰਦੀ ਹਾਂ ਜੇ ਕੋਈ ਮੈਨੂੰ ਲਭਦਾ ਇਥੇ ਆ ਗਿਆ!”
“ਫ਼ਿਕਰ ਨਾ ਕਰ, ਆਪਾਂ ਪਿਛਲੇ ਕਮਰੇ ਵਿਚ ਜਾ ਕੇ ਵਿਚਕਾਰਲਾ ਬੂਹਾ ਢੋਅ ਦਿੰਦੇ ਹਾਂ। ਲੈ ਮੈਂ ਅੰਦਰੋਂ ਤਾਲਾ ਲਗਾ ਦਿਆਂ, ਫੇਰ ਕਿਸੇ ਨੂੰ ਵੀ ਸ਼ੱਕ ਨਹੀਂ ਪਵੇਗਾ।”
ਕਮਰੇ ਦੀ ਠੰਢ ਕਾਰਨ, ਉਹ ਇਕ ਦੂਸਰੇ ਨਾਲ ਢੁੱਕ ਕੇ ਬੇਸਮੈਂਟ ਦੀ ਫ਼ਰਸ਼ ‘ਤੇ ਪਏ ਫੱਟੇ ‘ਤੇ ਹੀ ਬੈਠ ਗਏ।
“ਪਤਾ ਨਹੀਂ, ਕਿੱਥੋਂ ਸ਼ੁਰੂ ਕਰਾਂ? ਇਹ ਬੜੀ ਲੰਮੀ ਦਾਸਤਾਨ ਹੈ। ਕਰਨਲ ਪਾਚਾ ਸਾਡਾ ਕੁਝ ਨਹੀਂ ਲੱਗਦਾ। ਸਾਡਾ ਕੁਨਬਾ ਗ਼ਜ਼ਨੀ ਦਾ ਰਹਿਣ ਵਾਲਾ ਹੈ। ਤਿੰਨ ਸਾਲ ਪਹਿਲਾਂ ਜਦੋਂ ਰੂਸ ਦੀ ਬੰਬਾਰੀ ਵਿਚ ਸਾਡਾ ਸ਼ਹਿਰ ਢਹਿ ਢੇਰੀ ਹੋ ਗਿਆ ਤਾਂ ਸਾਡੇ ਸ਼ਹਿਰ ਦੇ ਲੁੱਟੇ-ਪੁੱਟੇ ਲੋਕ ਆਪਣੀਆਂ ਜਾਨਾਂ ਬਚਾ ਕੇ ਪਾਕਿਸਤਾਨ ਵੱਲ ਭੱਜ ਆਏ। ਸਾਡੇ ਟੱਬਰ ਨੂੰ ਪਿਸ਼ਾਵਰ ਦੇ ਰਿਫ਼ਿਊਜ਼ੀ ਕੈਂਪਾਂ ਵਿਚ ਪਨਾਹ ਲੈਣੀ ਪਈ। ਕਰਨਲ ਪਾਚਾ ਬੜੇ ਸਾਲਾਂ ਤੋਂ ਪਾਕਿਸਤਾਨ ਵਿਚ ਰਹਿੰਦਾ ਰਿਹੈ ਹੈ। ਇਹ ਸਾਡੇ ਕੈਂਪ ਦਾ ਇੰਚਾਰਜ ਸੀ। ਬੜਾ ਲੁੱਚਾ ਆਦਮੀ ਹੈ। ਕੈਂਪ ਦੀ ਹਰ ਸੋਹਣੀ ਕੁੜੀ ਨੂੰ ਉਸ ਦੀ ਹਵਸ ਦਾ ਸ਼ਿਕਾਰ ਹੋਣਾ ਪੈਂਦਾ ਸੀ। ਜਦੋਂ ਕੋਈ ਹੋਰ ਸ਼ਿਕਾਰ ਨਾ ਮਿਲਦਾ ਤਾਂ ਮੈਨੂੰ ਕਿਸੇ ਨਾ ਕਿਸੇ ਬਹਾਨੇ ਦਫ਼ਤਰ ਵਿਚ ਬੁਲਾ ਕੇæææ। ਮੇਰੇ ਦੁਖੀ ਮਾਂ ਬਾਪ ਕੁਝ ਵੀ ਨਹੀਂ ਸਨ ਬੋਲ ਸਕਦੇ।” ਤੇ ਉਹ ਫੇਰ ਡੁਸਕ ਪਈ। ਹਰਪਾਲ ਨੇ ਉਸ ਦੀ ਪਿੱਠ ਥਾਪੜ ਕੇ ਉਸ ਨੂੰ ਧਰਵਾਸ ਦੇਣ ਦਾ ਯਤਨ ਕੀਤਾ।
ਉਸ ਗੱਲ ਜਾਰੀ ਰਖੀ, ਇਹ ਸਿਲਸਿਲਾ ਬੜਾ ਚਿਰ ਚਲਦਾ ਰਿਹਾ। ਫਿਰ ਇਹ ਮੇਰੇ ਅੱਬੂ ਨੂੰ ਕਹਿਣ ਲੱਗਾ ਕਿ ਮੈਂ ਰੋਸ਼ਨ ਆਰਾ ਨਾਲ ਨਿਕਾਹ ਕਰਾਉਣਾ ਚਾਹੁੰਦਾ ਹਾਂ। ਅੱਜ ਕਲ੍ਹ ਅਮਰੀਕਾ ਵਾਲੇ ਅਫ਼ਗ਼ਾਨ ਲੋਕਾਂ ਨੂੰ ਸਿਆਸੀ ਪਨਾਹ ਦੇ ਰਹੇ ਨੇ। ਅਮਰੀਕਾ ਚਲੇ ਜਾਵਾਂਗੇ ਤਾਂ ਸਾਰਿਆਂ ਦੀ ਜ਼ਿੰਦਗੀ ਸੰਵਰ ਜਾਏਗੀ। ਬਦਨਾਮੀ ਦੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ।
ਮੇਰੇ ਸਿੱਧੇ ਸਾਧੇ ਅੱਬੂ ਉਸ ਦੇ ਇਸ ਭੁਚਲਾਵੇ ਵਿਚ ਆ ਗਏ ਤੇ ਅਸੀਂ ਸਾਰੇ ਇਥੇ ਪਹੁੰਚ ਗਏ। ਇਥੇ ਆਏ ਹੋਰ ਅਫਗਾਨਾਂ ਨੂੰ ਮਿਲਣ ਕਰਕੇ ਅੱਬੂ ਨੂੰ ਕੁਝ ਹੌਸਲਾ ਹੋ ਗਿਆ ਤੇ ਉਨ੍ਹਾਂ ਨੇ ਇਸ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ।
ਮੇਰੀ ਤੇ ਇਸ ਦੀ ਉਮਰ ਵਿਚ 15-16 ਸਾਲਾਂ ਦਾ ਫ਼ਰਕ ਹੈ। ਮੈਂ ਇਸ ਨੂੰ ਨਫ਼ਰਤ ਕਰਦੀ ਹਾਂ। ਮੈਂ ਤਾਂ ਇਸ ਨਾਲ ਸ਼ਾਦੀ ਦੇ ਉਕਾ ਹੱਕ ਵਿਚ ਨਹੀਂ ਹਾਂ। ਇਹ ਗੱਲ-ਗੱਲ ਤੇ ਬਲੈਕ ਮੇਲ ਕਰਨ ਦੇ ਡਰਾਵੇ ਦਿੰਦਾ ਰਹਿੰਦਾ ਹੈ।
ਜਿੰਨਾ ਚਿਰ ਅਸਾਈਲਮ ਦਾ ਕੇਸ ਕਿਸੇ ਪਾਸੇ ਨਹੀਂ ਲਗਦਾ, ਓਨਾ ਚਿਰ ਚੁੱਪ ਕਰ ਕੇ ਜਰ ਰਹੀ ਹਾਂ। ਸਰਕਾਰੀ ਇਮਦਾਦ ਨਾਲ ਏਡੇ ਵੱਡੇ ਕੁਨਬੇ ਵਿਚ ਪੂਰੀ ਕਿੱਥੇ ਪੈਂਦੀ ਹੈ? ਮੇਰੇ ਭਰਾਵਾਂ ਦੀ ਤਾਲੀਮ, ਕੱਪੜੇ-ਲੱਤੇ, ਹੋਰ ਜ਼ਰੂਰਤਾਂ। ਇਹ ਕਹਿੰਦੈ, ਉਨ੍ਹਾਂ ਨੂੰ ਕੰਮ ‘ਤੇ ਲੁਆ ਦੇਹ। ਮੈਂ ਚਾਹੁੰਦੀ ਹਾਂ ਕਿ ਉਹ ਪੜ੍ਹ-ਲਿਖ ਜਾਣ, ਫੇਰ ਸ਼ਾਇਦ ਚੰਗੇ ਕੰਮਾਂ ‘ਤੇ ਲੱਗ ਸਕਣਗੇ।
ਅੱਜ ਕੱਲ੍ਹ ਇਸ ਨੇ ਪਾਕਿਸਤਾਨ ਦੇ ਰਸਤੇ ਅਫ਼ੀਮ ਸਮਗਲ ਕਰਨੀ ਸ਼ੁਰੂ ਕੀਤੀ ਹੋਈ ਹੈ। ਬੜੀ ਚਾਲਾਕੀ ਨਾਲ ਮਖਮਲੀ ਰਜ਼ਾਈਆਂ ਦੇ ਪਾਰਸਲਾਂ ਰਾਹੀਂ, ਕਦੇ ਓਰੀਐਂਟਲ ਗਲੀਚਿਆਂ ਦੀਆਂ ਤੈਹਾਂ ਵਿਚ, ਕਦੇ ਖੁਸ਼ਕ ਮੇਵਿਆਂ ਦੇ ਬੰਡਲਾਂ ਥੱਲੇ। ਸਭ ਸਾਡੇ ਐਡਰੈਸ ‘ਤੇ ਮੰਗਾਉਂਦੈ। ਹਰ ਦੂਸਰੇ ਹਫ਼ਤੇ ਕਿੰਨੀਂ ਸਾਰੀ ਅਫ਼ੀਮ ਆਉਂਦੀ ਹੈ। ਅੱਬੂ ਨੂੰ ਤਾਂ ਥੋੜ੍ਹੇ ਜਿਹੇ ਡਾਲਰ ਦੇ ਕੇ ਟਰਕਾ ਦਿੰਦੈ। ਆਪ ਗੁਲਸ਼ੱਰੇ ਉੜਾ ਰਿਹੈ।
ਜਦੋਂ ਦਿਲ ਕਰਦੈ ਮੈਨੂੰ ਆਪਣੇ ਅਪਾਰਟਮੈਂਟ ‘ਤੇ ਬੁਲਾ ਲੈਂਦਾ। ਅੱਬੂ ਕਦੇ ਉਜ਼ਰ ਕਰਦੇ ਨੇ ਤਾਂ ਪੁਲਿਸ ਵਿਚ ਫੜਾਉਣ ਦੀ ਧਮਕੀ ਦੇ ਦਿੰਦਾ ਹੈ। ਇਕ ਦਿਨ ਤਾਂ ਮੇਰੇ ਇਕ ਭਰਾ ਨੇ ਗੁੱਸੇ ਵਿਚ ਆ ਕੇ ਪੁਲਿਸ ਨੂੰ ਖਬਰ ਵੀ ਕਰ ਦਿੱਤੀ ਕਿ ਇਹ ਸਮਗਲਰ ਹੈ।
ਰਾਤੀਂ ਮੈਂ ਇਸ ਦੇ ਅਪਾਰਟਮੈਂਟ ਵਿਚ ਆਈ ਹੋਈ ਸਾਂ। ਅਸੀਂ ਕਿੰਨਾਂ ਚਿਰ ਅਫਗਾਨੀ ਮੌਸੀਕੀ ਸੁਣਦੇ ਰਹੇ। ਕੋਈ ਅੱਧਾ ਕੁ ਘੰਟਾ ਪਹਿਲਾਂ ਕਿਸੇ ਨੇ ਅਪਾਰਟਮੈਂਟ ਦਾ ਬੂਹਾ ਖੜਕਾਇਆ। ਮੈਂ ਉਠ ਕੇ ਦਰਵਾਜ਼ਾ ਖੋਲ੍ਹੇ ਬਿਨਾ ਹੀ ਪੁੱਛਿਆ।
“ਕੌਣ ਹੈ?”
ਜਵਾਬ ਆਇਆ, “ਪੁਲਿਸ।”
ਮੈਂ ਕਿਹਾ, “ਅਸੀਂ ਸੁੱਤੇ ਹੋਏ ਸੀ। ਕੀ ਕੰਮ ਏ?” ਕਹਿਣ ਲੱਗੇ, “ਅਸਾਂ ਕੁਝ ਪੁੱਛ ਗਿੱਛ ਕਰਨੀ ਹੈ।”
ਮੇਰਾ ਮੱਥਾ ਠਣਕਿਆ। ਸੋਚਾਂ ਭਲੇ ਲੋਕ ਹੀ ਹੋਣੇ ਨੇ ਜਿਹੜਾ ਬੂਹਾ ਨਹੀਂ ਭੰਨਿਆ ਕਿ ਕਿਧਰੇ ਗੁਆਂਢੀ ਨਾ ਡਿਸਟਰਬ ਹੋ ਜਾਣ।
ਅੱਛਾ ਇਕ ਮਿੰਟ, ਮੈਂ ਨਾਈਟ-ਗਾਊਨ ਪਾ ਲਵਾਂ। ਮੈਂ ਡਰਦਿਆਂ-ਡਰਦਿਆਂ ਕਿਹਾ, ਤੇ ਪਾਚਾ ਦੀ ਅੱਖ ਬਚਾ ਕੇ, ਪਿਛਲਾ ਬੂਹਾ ਖੋਲ੍ਹ ਕੇ ਨੱਸ ਆਈ। ਬੜਾ ਡਰ ਲੱਗਦੈ, ਹਰਪਾਲ।” ਤੇ ਉਹ ਬੱਚਿਆਂ ਵਾਂਗੂੰ ਰੋਂਦੀ-ਰੋਂਦੀ ਉਸ ਦੇ ਹੋਰ ਨਾਲ ਜਾ ਲੱਗੀ। ਉਸ ਬੇਬਸੀ ਦੀ ਹਾਲਤ ਵਿਚ ਉਹ ਸੱਚ ਮੁੱਚ ਉਸ ਦੀ ਭੈਣ ਪ੍ਰੀਤੀ ਲੱਗ ਰਹੀ ਸੀ।
ਹਰਪਾਲ ਨੇ ਉਹਦੇ ਅੱਥਰੂ ਪੂੰਝ ਕੇ ਠਰੰਮਾ ਦਿੱਤਾ ਤੇ ਉਸ ਦਾ ਡਰ ਦੂਰ ਕਰਨ ਲਈ ਕਹਿਣ ਲੱਗਾ, “ਰੋਸ਼ੀ! ਤੈਨੂੰ ਸੱਚੋ-ਸੱਚ ਦੱਸਾਂ? ਇਹ ‘ਬਦ-ਦਾ-ਤੁਖਮ’ ਤੁਹਾਡਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਅਮਰੀਕਾ ਬੜਾ ਵਿਸ਼ਾਲ ਮੁਲਕ ਹੈ। ਤੂੰ ਆਪਣੇ ਅੱਬੂ ਨੂੰ ਕਹਿ ਕੇ ਇਥੋਂ ਕਿਧਰੇ ਦੂਰ ਚਲੀ ਜਾਹ। ਲੋੜ ਪਵੇ ਤਾਂ ਮੇਰੇ ਨਾਲ ਕਦੀ ਵੀ ਸੰਪਰਕ ਕਰ ਲਵੀਂ। ਮੈਂ ਸੱਤ ਕੰਮ ਛੱਡ ਕੇ ਤੇਰੇ ਕੋਲ ਪਹੁੰਚਾਂਗਾ। ਮੈਂ ਕਦੇ ਕਿਸੇ ਕਿਰਾਏਦਾਰ ਬਾਰੇ ਏਨੀ ਨੇੜਤਾ ਨਹੀਂ ਰੱਖੀ ਪਰ ਚਿਰਾਂ ਤੋਂ ਵਿਛੜੀ ਸਾਡੀ ਪ੍ਰੀਤੀ ਵਰਗੀ ਤੇਰੀ ਪਾਕਿ ਤੱਕਣੀ ਪਤਾ ਨਹੀਂ ਮੈਨੂੰ ਕਿਉਂ ਏਨੀਂ ਨੇੜਤਾ ਦਿਖਾਉਣ ‘ਤੇ ਮਜਬੂਰ ਕਰ ਰਹੀ ਹੈ। ਜੀਅ ਤਾਂ ਨਹੀਂ ਕਰਦਾ, ਪਰ ਕਿਧਰੇ ਤੈਨੂੰ ਕੋਈ ਲੱਭਦਾ ਹੀ ਨਾ ਆ ਜਾਵੇ। ਹੋ ਸਕੇ ਤਾਂ ਅੱਜ ਦੀ ਰਾਤ ਔਖੀ-ਸੌਖੀ ਇਸ ਫੱਟੇ ‘ਤੇ ਹੀ ਲੇਟ ਕੇ ਕੱਟ ਲਵੀਂ, ਤੇ ਸਵੇਰ ਹੁੰਦਿਆਂ ਚਲੀ ਜਾਵੀਂ। ਜਾਂ ਮੈਂ ਸਵੇਰੇ ਸਵਖ਼ਤੇ ਆ ਕੇ ਤੈਨੂੰ ਤੇਰੇ ਅੱਬੂ ਕੋਲ ਛੱਡ ਆਵਾਂਗਾ। ਮੈਂ ਬੇਸਮੈਂਟ ਦਾ ਤਾਲਾ ਬਾਹਰੋਂ ਲਾ ਜਾਵਾਂਗਾ। ਇਹ ਅੰਦਰੋਂ ਆਰਾਮ ਨਾਲ ਖੁੱਲ੍ਹ ਜਾਂਦੈ। ਕੋਈ ਆਵਾਜ਼ ਦੇਵੇ ਤਾਂ ਹੁੰਗਾਰਾ ਨਾ ਭਰੀਂ। ਬੱਸ ਦੜ ਵੱਟ ਕੇæææ।” ਉਸ ਨੇ ਧੀਮੀ ਆਵਾਜ਼ ਵਿਚ ਜਿਵੇਂ ਕੋਈ ਹੁਕਮ ਸੁਣਾਇਆ ਹੋਵੇ। ਰੋਸ਼ਨ ਆਰਾ ਨੂੰ ਉਸ ਦੀਆਂ ਹਮਦਰਦੀ ਭਰੀਆਂ ਗੱਲਾਂ ‘ਤੇ ਧਰਵਾਸ ਬੱਝ ਗਿਆ ਜਾਪਦਾ ਸੀ।
ਹਰਪਾਲ ਨੇ, ਟੁਰਨ ਲੱਗਿਆਂ ਨਿਮਰਤਾ ਨਾਲ ਜੁੜੇ ਉਸ ਦੇ ਕੋਮਲ ਹੱਥਾਂ ਨੂੰ ਆਪਣੇ ਸੁਹਜ ਭਰੇ ਹੋਠਾਂ ਨਾਲ ਛੋਹ ਕੇ ਇਕ ਛੋਟੀ ਭੈਣ ਵਾਂਗ ਦੁਲਾਰਿਆ ਤੇ ਬਾਹਰ ਨਿੱਕਲ ਗਿਆ।
ਪਰ੍ਹੇ ਸੜਕ ‘ਤੇ ਪੁਲਿਸ ਦੀਆਂ ਕਾਰਾਂ ਦੀਆਂ ਲਾਲ ਬੱਤੀਆਂ ਘੁੰਮ ਰਹੀਆਂ ਸਨ। ਉਹ ਬਿਨਾਂ ਖੜਾਕ ਕੀਤਿਆਂ, ਪਿਛਲੇ ਪਾਸਿਓਂ ਹੀ ਖਿਸਕ ਗਿਆ। ਅਗਲੀ ਸ਼ਾਮ ਹਰਪਾਲ ਨੇ ਹਾਸ਼ਮੀ ਦੇ ਅਪਾਰਟਮੈਂਟ ‘ਤੇ ਫੋਨ ਕੀਤਾ। ਉਨ੍ਹਾਂ ਦੀ ਬੇਗ਼ਮ ਨੇ ਫ਼ੋਨ ਚੁੱਕਿਆ। ਪਰ ਉਸ ਦੀ ਭਾਸ਼ਾ ਸਮਝਣ ਤੋਂ ਅਸਮਰੱਥ ਹੋਣ ਕਰਕੇ ਉਨ੍ਹਾਂ ਰਿਸੀਵਰ ਰੋਸ਼ਨ ਆਰਾ ਨੂੰ ਫੜਾ ਦਿੱਤਾ।
“ਹੈਲੋ!”
“ਰੋਸ਼ਨ!”
“ਹਾਂ।”
“ਸਭ ਕੁਝ ਠੀਕ ਠਾਕ ਹੈ ਨਾ?”
“ਹੂੰ।”
“ਕਿੰਨੇ ਵਜੇ ਘਰ ਪਹੁੰਚੀ?”
“ਕੋਈ ਸਾਢੇ ਛੇ ਵਜੇ।”
“ਮੈਂ ਤੈਨੂੰ ਸੱਤ ਵਜੇ ਵੇਖਣ ਆਇਆ ਸਾਂ, ਪਰæææ। ਮੱਥੇ ਦਾ ਜ਼ਖਮ ਕੈਸਾ ਹੈ?”
“ਕੋਈ ਖਾਸ ਨਹੀਂ, ਜ਼ਰਾ ਕੁ ਜਿੰਨੀ ਝਰੀਟ ਹੈ। ਮੈਂ ਪੱਟੀ ਲਾਹ ਦਿੱਤੀ ਸੀ।”
“ਕਿਸੇ ਨੇ ਘਰੇ ਪੁੱਛਿਆ ਤਾਂ ਹੋਣੈ।”
“ਮੈਂ ਕੀ ਦੱਸਦੀ? ਇਹ ਵੀ ਕੋਈ ਗੱਲ ਕਰਨ ਵਾਲੀ ਸੀ?”
“ਜ਼ਖਮ ਵਾਲੀ ਥਾਂ ‘ਤੇ ਹੁਣ ਪੀੜ ਤਾਂ ਨਹੀਂ ਹੁੰਦੀ?”
“ਤੇਰੇ ਬੋਲਾਂ ਵਿਚ ਕਿੰਨੀ ਸ਼ਫ਼ਾ ਹੈ…?”
ਉਹ ਕੁਝ ਨਾ ਬੋਲਿਆ।
“ਤੇਰੀ ਜੈਕਿਟ ਮੇਰੇ ਕੋਲ ਪਈ ਹੈ। ਕਦੋਂ ਲੈਣ ਆਵੇਂਗਾ?” ਜਿਵੇਂ ਤਰਲਾ ਕਰਦੀ ਹੋਵੇ ਕਿ ‘ਫੇਰ ਕਦੋਂ ਵਿਖਾਲੀ ਦੇਵੇਂਗਾ?’
“ਅੱਜ ਤਾਂ ਜ਼ਰਾ ਬਿਜ਼ੀ ਹਾਂ। ਕਿਸੇ ਨੂੰ ਭੇਜ ਦਿਆਂਗਾ।”
“ਆਪੇ ਦੇ ਕੇ ਗਿਆ ਸੀ। ਜਦੋਂ ਵਿਹਲ ਮਿਲੀ, ਆਪੇ ਆ ਕੇ ਲੈ ਜੀਂ।” ਉਹ ਜ਼ਰਾ ਚਾਂਭਲ ਕੇ ਬੋਲੀ।
“ਝੱਲੀ ਤਾਂ ਨਹੀਂ ਹੋ ਗਈ?” ਉਸ ਨੇ ਹੱਸ ਕੇ ਕਿਹਾ।
“ਕਲ੍ਹ ਤੱਕ ਤਾਂ ਨਹੀਂ ਸਾਂ। ਪਤਾ ਨਹੀਂ ਤੂੰ ਰਾਤੀ ਮੈਨੂੰ ਕੀ…?” ਉਹ ਆਪਣੇ ਸਾਹਾਂ ‘ਚ ਹੀ ਕੁਝ ਕਹਿ ਰਹੀ ਸੀ।
ਹਰਪਾਲ ਨੂੰ ਡਰ ਭਾਸਣ ਲੱਗਾ। ਸ਼ਾਇਦ ਉਸ ਦੀ ਹਮਦਰਦੀ ਦੀ ਪੇਸ਼ਕਸ ਨੇ ਕਿਧਰੇ ਕੋਈ ਗਲਤ ਸੰਦੇਸ਼ ਨਾ ਦੇ ਦਿੱਤਾ ਹੋਵੇ।
ਫੇਰ ਪਤਾ ਨਹੀਂ ਕਦੋਂ ਤੇ ਕਿਹੜੇ ਦਿਨ, ਹਾਸ਼ਮੀ ਪਰਿਵਾਰ ਦੇ ਮੈਂਬਰ ਅਪਾਰਟਮੈਂਟ ਖ਼ਾਲੀ ਕਰਕੇ ਕਿੱਥੇ ਚਲੇ ਗਏ। ਕਰਨਲ ਪਾਚਾ ਦਾ ਇਕ ਦਿਨ ਫ਼ੋਨ ਆਇਆ ਪਰ ਹਰਪਾਲ ਨੇ ਉਸ ਨੂੰ ਕੋਈ ਘਾਹ ਨਾ ਪਾਇਆ। ਉਹ ਖੁਸ਼ ਸੀ ਕਿ ਵਿਚਾਰੀ ਰੋਸ਼ਨ ਆਰਾ ਨੂੰ ਇਕ ਮਾੜੇ ਬੰਦੇ ਦੇ ਜ਼ੁਲਮ ਤੋਂਂ ਨਿਜਾਤ ਮਿਲ ਗਈ ਸੀ।
ਹਰ ਸਾਲ ਕਿੰਨੇ ਹੀ ਕਿਰਾਏਦਾਰ ਆਉਂਦੇ-ਜਾਂਦੇ ਰਹਿੰਦੇ ਸਨ। ਪਰ ਪਤਾ ਨਹੀਂ ਕਿਉਂ, ਕਈ ਵਾਰੀਂ ਉਸ ਦੀਆਂ ਅੱਖਾਂ ਮੂਹਰੇ ਉਸ ਕੁੜੀ ਦਾ ਮਾਸੂਮ ਚਿਹਰਾ ਆ ਖਲੋਂਦਾ। ਉਹ ਸ਼ੁਭ ਕਾਮਨਾਵਾਂ ਨਾਲ ਸੋਚਣ ਲੱਗ ਜਾਂਦਾ। ‘ਹੇ ਵਾਹਿਗੁਰੂ! ਉਨ੍ਹਾਂ ਬੇ-ਸਹਾਰਾ ਲੋਕਾਂ ਦੀ ਰੱਖਿਆ ਕਰੀਂ।’
ਕੋਈ ਦੋ ਸਾਲਾਂ ਬਾਅਦ, ਇਕ ਦਿਨ ਹਰਪਾਲ ਨੂੰ ਰੋਸ਼ਨ ਆਰਾ ਦਾ ਖ਼ਤ ਮਿਲਿਆ। ਉਸ ਨੇ ਬੜੀ ਉਤਸਕਤਾ ਨਾਲ ਖੋਲ੍ਹ ਕੇ ਪੜ੍ਹਿਆ।
ਲਾਸ-ਏਂਜਲਸ
“ਹਰਪਾਲ! ਹੈਰਾਨ ਹੋਇਆ ਹੋਵੇਂਗਾ, ਇਹ ਗੁਰਮੁਖੀ ਵਿਚ ਲਿਖੀ ਚਿੱਠੀ ਵੇਖ ਕੇ। ਭਲਾ ਹੋਵੇ ਸਾਡੇ ਗੁਆਂਢੀ ਸਰਦਾਰਾਂ ਦੀ ਕੁੜੀ ਦਾ, ਜੋ ਮੇਰੀ ਸਹੇਲੀ ਵੀ ਹੈ ਤੇ ਹਮਰਾਜ਼ ਵੀ।
ਕਿਨ੍ਹਾਂ ਲਫਜ਼ਾਂ ਨਾਲ ਮੈਂ ਤੇਰਾ ਸ਼ੁਕਰੀਆ ਅਦਾ ਕਰਾਂ। ਮੈਨੂੰ ਅਫ਼ਸੋਸ ਹੈ ਕਿ ਮੈਂ ਤੈਨੂੰ ਮਿਲ ਕੇ ਨਾ ਜਾ ਸਕੀ। ਕੁਝ ਹਾਲਾਤ ਹੀ ਐਸੇ ਹੋ ਗਏ ਸਨ। ਪਰ ਮੈਂ ਤੇਰੀ ਹਦਾਇਤ ‘ਤੇ ਫੁੱਲ ਚੜ੍ਹਾਏ, ਤੇ ਅੱਜ ਸਾਡਾ ਸਾਰਾ ਕੁਨਬਾ ਤੇਰਾ ਪੁਰ-ਪੁਰ ਅਹਿਸਾਨਮੰਦ ਹੈ। ਉਸ ਰਾਤ ਮੈਂ ਏਨੀ ਡਰੀ ਹੋਈ ਸਾਂ, ਪਤਾ ਨਹੀਂ ਕੀ ਕੁਝ ਬੋਲ ਗਈ ਹੋਵਾਂਗੀ। ਯਾਦ ਹੈ, ਜਿਸ ਰੋਜ਼ ਮੈਂ ਤੈਨੂੰ ਪਹਿਲੀ ਵਾਰ ਤੇਰੇ ਦਫ਼ਤਰ ਵਿਚ ਵੇਖਿਆ ਸੀ, ਤੇ ਤੇਰੇ ਕੋਲੋਂ ਗੁਰਦੁਆਰੇ ਤੋਂ ਲਿਆਂਦਾ ਪ੍ਰਸ਼ਾਦ ਲਿਆ ਸੀ? ਤੇਰੇ ਹੱਥ ਦੇ ਸਪਰਸ਼ ਨੇ ਮੈਨੂੰ ਧੁਰ ਅੰਦਰੋਂ ਲਰਜ਼ਾ ਦਿੱਤਾ ਸੀ। ਮੈਂ ਤਾਂ ਉਸੇ ਦਿਨ ਤੋਂ ਹੀ ਆਪਣਾ ਆਪ ਤੇਰੇ ਕਦਮਾਂ ‘ਤੇ ਨਿਛਾਵਰ ਕਰਨ ਦਾ ਸੰਕਲਪ ਕਰੀ ਬੈਠੀ ਸਾਂ।
ਫੇਰ ਆਖੇਂਗਾ ਕਿ ਮੈਂ ਝੱਲੀ ਹਾਂ। ਕੁਝ ਵੀ ਸਮਝ ਲੈ। ਮੈਂ ਤੈਨੂੰ ਆਪਣੇ ਬਚਪਨ ਦੀ ਇਕ ਦਾਸਤਾਨ ਦੱਸਦੀ ਹਾਂ। ਗ਼ਜ਼ਨੀ ਵਿਚ ਸਾਡੇ ਗੁਆਂਢ ਇਕ ਸਿੱਖ ਪਰਿਵਾਰ ਰਹਿੰਦਾ ਸੀ, ਚਾਚਾ ਕਸ਼ਮੀਰਾ ਸਿੰਘ ਦਾ। ਸਾਡੇ ਦੋਹਾਂ ਘਰਾਂ ਦੀ ਕੰਧ ਸਾਂਝੀ ਸੀ। ਉਹ ਵਿਦੇਸ਼ੀ ਕਰੰਸੀ ਦਾ ਵਪਾਰ ਕਰਦੇ ਸਨ। ਉਨ੍ਹਾਂ ਦਾ ਲੜਕਾ ਚਾਨਣ ਸਿੰਘ ਮੇਰਾ ਹਾਣੀ ਸੀ। ਅਸੀਂ ਇਕੱਠੇ ਖੇਡਦੇ ਵੱਡੇ ਹੋਏ ਸਾਂ। ਵੱਡੇ ਹੋ ਕੇ ਸਾਡੀ ਉਹ ਖੇਡ, ਇਕ ਮੋਹ ਭਰਿਆ ਰਿਸ਼ਤਾ ਬਣ ਗਿਆ। ਜਵਾਨ ਉਮਰ ਦੇ ਹੋਣ ਕਰਕੇ ਅਸੀਂ ਲੋਕਾਂ ਸਾਹਮਣੇ ਖੁੱਲ੍ਹ ਕੇ ਨਹੀਂਂ ਸਾਂ ਮਿਲ ਸਕਦੇ। ਬੱਸ ਕੰਧ ਓਹਲੇ ਖਲੋ ਕੇ ਹੀ ਕਿੰਨਾ-ਕਿੰਨਾ ਚਿਰ ਗੱਲਾਂ ਕਰਦੇ ਰਹਿੰਦੇ। ਪਹਿਲਾਂ ਮੇਰਾ ਪਠਾਣੀ ਨਾਮ ਸਾਲਿਹਾ ਹੁੰਦਾ ਸੀ। ਮੈਂ ਉਸ ਨੂੰ ਕਹਿੰਦੀ, ਤੇਰਾ ਨਾਮ ਚਾਨਣ ਕਿੰਨਾ ਪਿਆਰਾ ਹੈ। ਤੇ ਉਹ ਆਖਦਾ, ਇਹ ਤਾਂ ਤੇਰੇ ਚਾਨਣ ਸਦਕੇ ਰੋਸ਼ਨ ਹੈ। ਮੇਰੀ ਅਸਲੀ ਰੋਸ਼ਨੀ ਤਾਂ ਤੂੰ ਹੈਂ। ਮੇਰਾ ਵੱਸ ਚੱਲੇ ਤਾਂ ਤੇਰਾ ਨਾਮ ਬਦਲ ਕੇ ਰੋਸ਼ਨ ਆਰਾ ਰੱਖ ਦਿਆਂ। ਮੈਂ ਅੰਮੀ ਨੂੰ ਇਸ ਬਾਰੇ ਮਨਾ ਲਿਆ ਤੇ ਉਨ੍ਹਾਂ ਅੱਬੂ ਨੂੰ ਕਹਿ ਕੇ ਮੇਰਾ ਨਾਮ ਬਦਲ ਲੈਣ ਦੀ ਜ਼ਿੱਦ ਪੂਰੀ ਕਰ ਦਿੱਤੀ। ਅਸੀਂ ਇਕ ਦੂਸਰੇ ‘ਤੇ ਏਨਾ ਕੁਰਬਾਨ ਜਾਂਦੇ ਸਾਂ, ਮੈਂ ਦੱਸ ਨਹੀਂ ਸਕਦੀ। ਕਦੇ-ਕਦੇ ਅਸੀਂ ਮਜ਼੍ਹਬੀ ਅਕੀਦਿਆਂ ਦੇ ਖੋਖਲੇਪਨ ਬਾਰੇ ਸੋਚਦੇ ਸਲਾਹੀਂ ਪੈ ਜਾਂਦੇ। ਪਈ ਵੇਖੋ, ਦੋਵੇਂ ਹੀ ਪਗੜੀ ਬੰਨ੍ਹਦੇ ਨੇ ਤੇ ਦਾਹੜੀ ਰੱਖਦੇ ਨੇ। ਦੋਵੇਂ ਬੁੱਤ-ਪ੍ਰਸਤੀ ਦੇ ਖਿਲਾਫ ਤੇ ਇਕ ਪਰਵਰਦਗਾਰ ਦੇ ਪੈਰੋਕਾਰ ਨੇ। ਜੇ ਅਸੀਂ ਪੰਜ ਨਮਾਜ਼ਾਂ ਪੜ੍ਹਦੇ ਹਾਂ ਤਾਂ ਸਿੱਖ ਵੀ ਪੰਜ ਬਾਣੀਆਂ ਪੜ੍ਹਦੇ ਨੇ। ਤਾਂ ਫੇਰ ਅਸੀਂ ਆਪਸ ਵਿਚ ਵਿਆਹ ਕਿਉਂ ਨਹੀਂਂ ਕਰਾ ਸਕਦੇ?
ਇਕ ਦਿਨ ਚਾਨਣ, ਗੁਰਦੁਆਰੇ ਤੋਂ ਮੇਰੇ ਲਈ ਪ੍ਰਸ਼ਾਦ ਲੈ ਕੇ ਆਇਆ, ਤੇ ਬੜੇ ਚਾਅ ਨਾਲ ਕਹਿਣ ਲੱਗਾ, “ਮੈਂ ਅੱਜ ਇਕ ਸੁੱਖਣਾ ਸੁੱਖੀ ਹੈ।”
ਮੈਂ ਕਿਹਾ, “ਕੀ?”
ਕਹਿਣ ਲੱਗਾ, “ਮੈਂ ਗੁਰਦੁਆਰੇ ਦੇ ਭਾਈ ਜੀ ਕੋਲੋਂ, ਤੈਨੂੰ ਆਪਣੀ ਹਮਸਫ਼ਰ ਬਣਾਉਣ ਨਮਿੱਤ ਅਰਦਾਸ ਕਰਾ ਕੇ ਆਇਆ ਹਾਂ।
ਤੇ ਪਤੈ ਮੈਂ ਕੀ ਕਿਹਾ? “ਚਾਨਣ! ਤੇਰੇ ਅੱਬੂ ਤਾਂ ਵਿਦੇਸ਼ੀ ਕਰੰਸੀ ਦੇ ਵਪਾਰ ਲਈ ਅਕਸਰ ਵਲੈਤਾਂ ‘ਚ ਜਾਂਦੇ ਰਹਿੰਦੇ ਨੇ। ਤੂੰ ਮੈਨੂੰ ਕਿਸੇ ਦੂਸਰੇ ਮੁਲਕ ਨਸਾ ਕੇ ਕਿਓਂ ਨਹੀਂ ਲੈ ਜਾਂਦਾ। ਮੈਂ ਸੱਚ-ਮੁੱਚ ਇਕ ਸਿੱਖਣੀ ਬਣ ਕੇ ਤੇਰੇ ਲੜ ਲੱਗਣਾ ਚਾਹੁੰਦੀ ਹਾਂ।” ਉਹ ਕਹਿੰਦਾ, “ਨਾ, ਮੈਂ ਏਨਾ ਬੇ-ਗ਼ੈਰਤ ਨਹੀਂ ਹਾਂ। ਇਸ ਤਰ੍ਹਾਂ ਕਰਨ ਨਾਲ ਹਾਸ਼ਮੀ ਚਾਚੇ ਨਾਲ ਵਿਸਾਹਘਾਤ ਹੋਵੇਗਾ। ਮੈਂ ਇਕ ਰਿਸ਼ਤਾ ਜੋੜਨ ਲਈ ਹੋਰ ਸਾਰੇ ਰਿਸ਼ਤੇ ਕਿਵੇਂ ਤੋੜ ਦਿਆਂ?” ਸੱਚੀਂ ਉਹਦੇ ਏਨੇ ਉਚੇ ਆਦਰਸ਼ ਸੁਣ ਕੇ ਸਤਿਕਾਰ ਨਾਲ ਮੇਰੀਆਂ ਅੱਖਾਂ ਛਲਕ ਉਠੀਆਂ ਸਨ।
ਫੇਰ ਪਤਾ ਕੀ ਹੋਇਆ? ਜਿਸ ਦਿਨ ਸਾਡੇ ਮੁਹੱਲੇ ‘ਤੇ ਬੰਬ ਡਿੱਗੇ, ਸਾਡੀ ਤਾਂ ਜਾਨ ਬਚ ਗਈ, ਪਰ ਚਾਨਣ ਹੋਰਾਂ ਦਾ ਖੁਰਾ-ਖੋਜ ਵੀ ਨਾ ਲੱਭਾ। ਮੈਂ ਉਸ ਨੂੰ ਯਾਦ ਕਰਕੇ ਜ਼ਾਰ-ਜ਼ਾਰ ਰੋਈ ਸਾਂ। ਪਰ ਉਸ ਹਫੜਾ-ਦਫ਼ੜੀ ਵਿਚ ਸਾਰੇ ਸ਼ਹਿਰ ਨੂੰ ਭਾਜੜ ਪੈ ਗਈ ਤੇ ਅੱਬੂ ਹੋਰਾਂ ਨੇ ਦੱਰਾ ਖ਼ੈਬਰ ਵੱਲ ਕੂਚ ਕਰ ਦਿੱਤਾ।
ਤੇਰੀ ਸ਼ਕਲ ਵੇਖ ਕੇ ਤਾਂ ਕਦੀ-ਕਦੀ ਅੱਬੂ ਵੀ ਚਾਨਣ ਨੂੰ ਯਾਦ ਕਰਦੇ ਡੁਲ੍ਹ ਪੈਂਦੇ ਸਨ। ਸੱਚ ਪੁੱਛੇਂ ਤਾਂ ਤੂੰ ਮੈਨੂੰ ਉਹਦੇ ਵਰਗਾ ਹੀ ਸਾਫ ਦਿਲ ਲੱਗਾ ਸੈਂ। ਜੇ ਸਾਫ ਦਿਲ ਨਾ ਹੁੰਦਾ ਤਾਂ ਜਿਵੇਂ ਉਸ ਰਾਤ ਦੇ ਹਨੇਰੇ ਵਿਚ ਅਸੀਂ ਏਨਾ ਸਮਾਂ ਇਕ ਦੂਸਰੇ ਦੀ ਬੁੱਕਲ ਵਿਚ ਤੇਰੀ ਬੇਸਮੈਂਟ ‘ਚ ਕੱਟਿਆ ਸੀ, ਮੈਂ ਤੇਰੇ ਕੋਲੋਂ ਬੇਦਾਗ਼ ਹੋਏ ਬਿਨਾ ਕਿਵੇਂ ਪਰਤ ਸਕਦੀ ਸਾਂ? ਪਤਾ ਨਹੀਂ, ਮੇਰੇ ਹੱਥਾਂ ‘ਤੇ ਤੇਰੀ ਉਹ ਇਕ ਮਹਿਬੂਬ ਦਾ ਚੁੰਬਨ ਸੀ ਜਾਂ ਇਕ ਲਡਿੱਕੇ ਵੀਰ ਵਾਲਾ। ਦਰਅਸਲ ਮੇਰੀ ਤਾਂ ਉਕਾ ਰੂਹ ਨਹੀਂ ਸੀ ਕਰਦੀ, ਉਸ ਘੜੀ ਤੈਥੋਂ ਵੱਖ ਹੋਣ ਨੂੰ। ਵਕਤ ਨੇ ਵਫ਼ਾ ਨਾ ਕੀਤੀ। ਸਾਡੇ ਵਿਚਕਾਰ ਏਨੀ ਵਿੱਥ ਪਾ ਦਿੱਤੀ। ਕਈ ਵਾਰੀ ਜੀ ਕਰਦਾ ਸੀ, ਤੈਨੂੰ ਆਵਾਜ਼ ਦਿਆਂ। ਫੇਰ ਸੋਚਿਆ, ਮੈਂ ਇਕ ਬਦਨਾਮ ਲੜਕੀ ਤੇਰੇ ਲਾਇਕ ਕਿਵੇਂ ਹੋ ਸਕਦੀ ਹਾਂ?
ਯਾਦ ਹੈ, ਤੂੰ ਇਕ ਵਾਰੀ ਕਿਹਾ ਸੀ? ਮੈਂ ਜਦੋਂ ਵੀ ਤੈਨੂੰ ਯਾਦ ਕੀਤਾ, ਤੂੰ ਸੱਤ ਕੰਮ ਛੱਡ ਕੇ ਵੀ ਮੇਰੇ ਕੋਲ ਪੁੱਜੇਂਗਾ। ਤੇਰਾ ਫ਼ੋਨ ਨੰਬਰ ਮੈਥੋਂ ਕਿਧਰੇ ਗੁਆਚ ਗਿਆ ਸੀ। ਆਖਿਰ ਹਿੰਮਤ ਕਰਕੇ ਹੁਣ ਜਦੋਂ ਆਪਣੀ ਨਿਊ ਯਾਰਕ ਰਹਿੰਦੀ ਸਹੇਲੀ ਰਾਹੀਂ ਤੇਰਾ ਪਤਾ ਕਰਨਾ ਚਾਹਿਆ ਤਾਂ ਉਹ ਕਹਿਣ ਲੱਗੀ ਕਿ ਪਿਛਲੇ ਮਹੀਨੇ ਤੇਰਾ ਵਿਆਹ ਹੋ ਚੁੱਕਾ ਹੈ। ਮੈਂ ਤਾਂ ਸੁਣਦੇ ਸਾਰ ਸੁੰਨ ਹੀ ਹੋ ਗਈ। ਸੱਚ-ਮੁੱਚ ਮੇਰੀ ਕਿਸਮਤ ‘ਚ ਉਹ ਪਿਆਰ ਲਿਖਿਆ ਹੀ ਨਹੀਂ, ਜਿਸ ਦੀ ਰਿਸ਼ਮ ਮੇਰੇ ਚਾਨਣ ਨੇ ਵਿਖਾਈ ਸੀ ਤੇ ਜਿਸ ਦਾ ਸੇਕ ਤੇਰੇ ਬੁਲ੍ਹਾਂ ਦੀ ਛੋਹ ਨੇ ਕਦੇ ਨਵੇਂ ਸਿਰੇ ਜਗਾਇਆ ਸੀ।
ਮੇਰੇ ਵਲੋਂ ਵਿਆਹ ਦੀ ਮੁਬਾਰਕਬਾਦ ਕਬੂਲ ਕਰ ਲਵੀਂ ਤੇ ਆਪਣੀ ਖੁਸ਼ ਕਿਸਮਤ ਪਤਨੀ ਨੂੰ ਮੇਰੀ ਇਹ ਅਸੀਸ ਜ਼ਰੂਰ ਪਹੁੰਚਾ ਦੇਵੀਂ।
“ਅੜੀਏ ਤੂੰ ਸੱਚ-ਮੁਚ ਪਿਛਲੇ ਜਨਮ ਵਿਚ ਕੋਈ ਮੋਤੀ ਪੁੰਨ ਕੀਤੇ ਹੋਣਗੇ, ਜਿਹੜਾ ਤੈਨੂੰ ਏਨੇ ਉਚੇ ਆਚਰਣ ਵਾਲਾ ਗੁਰਸਿੱਖ ਪਤੀ ਮਿਲਿਐ। ਇਹ ਇਕ ‘ਬੇਸ਼-ਕੀਮਤ’ ਹੀਰਾ ਹੈ। ਵੇਖੀਂ ਸਾਂਭ ਕੇ ਰੱਖੀਂ!”
ਇਕ ਅਭਾਗਣ, ਜੋ ਤੇਰੀ ਹੋਣ ਦੇ ਸੁਫ਼ਨੇ ਲੈਂਦੀ ਹੀ ਰਹਿ ਗਈ।
-ਰੋਸ਼ਨ।