ਮੇਰਾ ਸ਼ਾਮ

‘ਮੇਰਾ ਸ਼ਾਮ’ ਨਾਂ ਦੇ ਇਸ ਨਿੱਕੇ ਜਿਹੇ ਲੇਖ ਵਿਚ ਕਾਨਾ ਸਿੰਘ ਨੇ ਬਹੁਤ ਵੱਡਾ ਸਵਾਲ ਸਾਡੇ ਸਭਨਾਂ ਲਈ ਛੱਡਿਆ ਹੈ। ਇਹ ਉਹ ਸਵਾਲ ਹੈ ਜੋ ਸਦੀਆਂ ਤੋਂ ਸਾਡਾ ਖਹਿੜਾ ਨਹੀਂ ਛੱਡ ਰਿਹਾ; ਅੰਤਾਂ ਦੀ ਤਰੱਕੀ ਦੇ ਬਾਵਜੂਦ ਇਹ ਜਿਉਂ ਦਾ ਤਿਉਂ ਸਮਾਜ ਦੀਆਂ ਜੜ੍ਹਾਂ ਵਿਚ ਕੁੰਡਲੀ ਮਗਰ ਕੇ ਬੈਠਾ ਹੋਇਆ ਹੈ ਅਤੇ ਅਕਸਰ ਆਪਣਾ ਫਨ ਉਤਾਂਹ ਉਲਾਰ ਕੇ ਜ਼ਹਿਰ ਛਿੜਕਾ ਜਾਂਦਾ ਹੈ।

ਇਹ ਸਵਾਲ ਜਾਤ ਬਾਰੇ ਹੈ ਜਿਸ ਕਾਰਨ ਅਨੇਕਾਂ ਜਿਉੜਿਆਂ ਨੂੰ ਬੇਵਜ੍ਹਾ ਨਾਮੋਸ਼ੀ ਨਾਲ ਦੋ-ਚਾਰ ਹੋਣਾ ਪੈਂਦਾ ਹੈ। ਕਾਨਾ ਸਿੰਘ ਨੇ ਇਹ ਸਵਾਲ ਬਹੁਤ ਭਾਵੁਕ ਹੋ ਕੇ ਉਠਾਇਆ ਹੈ ਅਤੇ ਆਪਣੇ ਇਕ ਹੋਣਹਾਰ ਵਿਦਿਆਰਥੀ ਦੀ ਕਥਾ ਛੋਹੀ ਹੈ। ਇਹ ਕਥਾ ਉਦਾਸ ਕਰਨ ਵਾਲੀ ਤਾਂ ਹੈ, ਪਰ ਅਜਿਹੀਆਂ ਉਦਾਸੀਆਂ ਵਿਚੋਂ ਹੀ ਤਾਂ ਫਿਰ ਪਿਆਰ ਦੇ ਬੀਜ ਪੁੰਗਰਦੇ ਹਨ! -ਸੰਪਾਦਕ

ਕਾਨਾ ਸਿੰਘ
ਫੋਨ:+91-95019-44944
ਸੰਨ 1957æææਪ੍ਰਾਇਮਰੀ ਸਕੂਲ ਦੀ ਅਧਿਆਪਕਾ ਸਾਂ ਮੈਂ, ਤੀਜੀ ਜਮਾਤ ਦੀ। ਸ਼ਾਮ ਮਨੀਟਰ ਸੀ ਮੇਰੀ ਜਮਾਤ ਦਾ, ਤੇ ਮੇਰਾ ਮਨਭਾਉਂਦਾ ਵਿਦਿਆਰਥੀ। ਸਕੂਲ ਦੁਪਹਿਰੇ ਲਗਦਾ ਸੀ, ਇਕ ਵਜੇ। ਸਵੇਰੇ ਘਰਾਂ ਦੀ ਸਫ਼ਾਈ ਕਰਨ ਮਗਰੋਂ, ਸ਼ਾਮ ਨਹਾ ਧੋ ਕੇ ਸਾਫ਼ ਸੁਥਰੀ ਵਰਦੀ ਵਿਚ ਸਕੂਲ ਆਉਂਦਾ ਸੀ। ਉੱਚੀਆਂ ਜਾਤਾਂ ਦੇ ਬਾਲਕ ਭਾਵੇਂ ਕਦੇ ਬਿਨਾਂ ਵਰਦੀ ਦੇ ਜਾਂ ਮੈਲੇ ਕੱਪੜਿਆਂ ਵਿਚ ਸਕੂਲ ਆ ਜਾਵਣ, ਪਰ ਸ਼ਾਮ ਹਮੇਸ਼ਾਂ ਬਿਲਕੁਲ ਸਹੀ ਤੇ ਸਾਫ਼ ਵਰਦੀ ਵਿਚ ਹੁੰਦਾ। ਨਹੁੰ ਕੱਟੇ ਹੋਏ, ਦੰਦ ਸਾਫ਼ ਤੇ ਲਿਸ਼ ਲਿਸ਼ ਕਰਦੇ, ਤੇਲ ਲੱਗੇ, ਕੰਘੀ ਕੀਤੇ ਲਿਸ਼ਕਦੇ ਪਟੇ। ਉਹ ਕਾਲਾ ਸੀ, ਸ਼ਾਹ ਕਾਲਾ ਪਰ ਤਿੱਖੇ ਨੈਣ-ਨਕਸ਼ਾਂ ਵਾਲਾ ਹੋਣਹਾਰ ਬੱਚਾ। ਬੜੀ ਉੱਜ ਨਾਲ ਸ਼ਾਮ ਮੇਰੀ ਸੇਵਾ ਦੀ ਖੁਸ਼ੀ ਲੈਂਦਾ। ਦਫ਼ਤਰ ‘ਚੋਂ ਚਾਕ ਮੰਗਾਵਾਂ ਜਾਂ ਝਾੜਨ ਜਾਂ ਗਲੋਬ, ਉਹ ਦੌੜ ਕੇ ਮੇਰੇ ਅੱਗੇ ਲਿਆ ਪੇਸ਼ ਕਰਦਾ।
ਅੱਧੀ ਛੁੱਟੀ ਵੇਲੇ ਜ਼ਿਆਦਾ ਕਰ ਕੇ ਮੈਂ ਆਪਣੀ ਜਮਾਤ ਦੇ ਕਮਰੇ ਵਿਚ ਹੀ ਨਾਸ਼ਤਾ ਕਰਦੀ ਤੇ ਨਾਲੋ-ਨਾਲ ਵਿਦਿਆਰਥੀਆਂ ਦੇ ਘਰ ਦੇ ਕੰਮ ਦੀਆਂ ਕਾਪੀਆਂ ਚੈੱਕ ਕਰਦੀ ਰਹਿੰਦੀ। ਬੱਚੇ ਆਪੋ-ਆਪਣੇ ਟਿਫ਼ਨ ਖਾਂਦੇ ਤੇ ਮੈਂ ਆਪਣਾ ਚਾਰਾ। ਕਦੇ ਖੀਰੇ, ਮੂਲੀਆਂ, ਟਮਾਟਰ ਤੇ ਕਦੇ ਫਲ। ਇਹ ਸਭ ਕੁਝ ਸ਼ਾਮ ਬੜੇ ਚਾਅ ਨਾਲ ਧੋਂਦਾ, ਕੱਟਦਾ ਤੇ ਮੈਨੂੰ ਪਰੋਸਦਾ। ਇੰਜ ਨੇੜੇ ਦੀ ਸਾਂਝ ਮੈਨੂੰ ਵੀ ਮਾਫ਼ਕ ਸੀ ਤੇ ਬੱਚਿਆਂ ਨੂੰ ਵੀ। ਜਿਹੜੇ ਚਾਹੁਣ ਕਮਰੇ ਵਿਚ ਬੈਠਣ, ਜਿਹੜੇ ਚਾਹੁਣ ਮੈਦਾਨ ਵਿਚ ਜਾ ਖੇਡਣ। ਮੈਂ ਵੀ ਤਾਂ ਕਦੇ ਕਦੇ ਸਟਾਫ਼ ਰੂਮ ਵਿਚ ਸਾਰੀਆਂ ਅਧਿਆਪਕਾਵਾਂ ਨਾਲ ਚਾਹ-ਪਾਣੀ ਵੇਲੇ ਸ਼ਾਮਲ ਹੁੰਦੀ ਸਾਂ। ਜ਼ਿਆਦਾ ਕਰ ਕੇ ਇੰਜ ਇਮਤਿਹਾਨਾਂ ਦੌਰਾਨ ਹੀ ਹੁੰਦਾ ਸੀ ਜਦੋਂ ਕੁੜੀਆਂ-ਮੁੰਡੇ ਪਰਚੇ ਦੇ ਕੇ ਘਰੋ-ਘਰ ਚਲੇ ਜਾਂਦੇ ਜਾਂ ਮੈਦਾਨ ਵਿਚ ਖੇਡਣ ਲਗਦੇ ਤੇ ਅਸੀਂ ਸਾਰੀਆਂ ਉਸਤਾਨੀਆਂ ਸਟਾਫ਼ ਰੂਮ ਵਿਚ ਬਹਿ ਕੇ ਪਰਚੇ ਚੈੱਕ ਕਰਦੀਆਂ।
ਇਹੋ ਜਿਹਾ ਹੀ ਇਕ ਦਿਨ ਸੀ। ਹਾਸਾ-ਠੱਠਾ, ਚਾਹ-ਪਕੌੜੇ। ਮੁੱਖ ਅਧਿਆਪਕਾ ਸ਼ੀਲਾ ਜੈਨ ਲੰਮੀ ਛੁੱਟੀ ‘ਤੇ ਸੀ। ਉਹਦੀ ਥਾਂ ‘ਤੇ ਮੈਂ ਹੀ ਮੁਖ਼ਤਿਆਰ ਸਾਂ। ਮਾਤਹਿਤ ਸਨ ਮੇਰੀ ਮਾਂ ਵਰਗੀ ਹਰਦਈ ਭੈਣ ਜੀ, ਕੰਵਲਜੀਤ, ਚੰਚਲ, ਸਰਲਾ ਸ਼ਰਮਾ ਤੇ ਅੱਧਖੜ ਉਮਰ ਦੀਆਂ ਪ੍ਰਕਾਸ਼ਵਤੀ ਤੇ ਅਸ਼ਰਫ਼ੀ ਦੇਵੀ। ਇਹ ਦੋਵੇਂ ਵਿਧਵਾ ਸਨ, ਦਿੱਲੀ ਦੇ ਮੂਲ ਨਿਵਾਸੀ ਪਰਿਵਾਰਾਂ ਨਾਲ ਸਬੰਧਤ। ਅਕਸਰ ਇਕੱਠੀਆਂ ਹੀ ਰਹਿੰਦੀਆਂ। ਲੜਗੁੱਚ। ਸਾਂਝੇ ਪੂਜਾ-ਪਾਠ, ਰਸਮ-ਰਿਵਾਜ ਤੇ ਨੇਮ-ਬਰਤ। ਅਸ਼ਰਫ਼ੀ ਦੇਵੀ ਆਪਣੀ ਹਿੰਮਤ ਤੇ ਬਲਬੁੱਤੇ ਆਪਣੇ ਪੁੱਤਰ ਨੂੰ ਡਾਕਟਰੀ ਕਰਵਾ ਰਹੀ ਸੀ, ਤੇ ਪ੍ਰਕਾਸ਼ਵਤੀ ਦੀਆਂ ਦੋਵੇਂ ਧੀਆਂ ਅਧਿਆਪਕ ਸਨ।
ਕੰਵਲਜੀਤ ‘ਨਾ ਯੇਹ ਚਾਂਦ ਹੋਗਾ ਨਾ ਤਾਰੇ ਰਹੇਂਗੇ’ ਹੁਣੇ ਹੁਣੇ ਗਾ ਕੇ ਹਟੀ ਸੀ ਤੇ ਸਰਲਾ ‘ਜਾਨੇ ਕਿਆ ਤੂਨੇ ਕਹੀ ਜਾਨੇ ਕਿਆ ਮੈਨੇ ਸੁਨੀæææ’ ਛੁਹਣ ਵਾਲੀ। ਇਹ ਉਸ ਦਾ ਮਨਭਾਉਂਦਾ ਗੀਤ ਸੀ ਤੇ ਅਸਾਂ ਸਾਰੀਆਂ ਦੀ ਹਮੇਸ਼ਾਂ ਦੀ ਫਰਮਾਇਸ਼।
ਮਾਹੌਲ ਖੁਸ਼ਗਵਾਰ ਸੀ।
“ਅਰੇ ਭਸੀਨ ਜੀ (ਮੈਂ) ਪਾਨੀ ਤੋਂ ਮੰਗਵਾਈਏ।”
ਦਇਆਵਤੀ ਚਪੜਾਸਣ ਜਾਂ ਛੁੱਟੀ ‘ਤੇ ਸੀ, ਜਾਂ ਫਿਰ ਕਿਧਰੇ ਅੱਗੇ-ਪਿੱਛੇ।
“ਅਰੇ ਸ਼ਾਮ ਜ਼ਰਾ ਪਾਨੀ ਤੋ ਲਾ ਦੇ।”
ਮੈਂ ਪਾਣੀ ਦਾ ਜੱਗ ਚੁੱਕਿਆ ਤੇ ਸਾਹਮਣੇ ਮੈਦਾਨ ਵਿਚ ਖੇਡਦੇ ਸ਼ਾਮ ਨੂੰ ਆਵਾਜ਼ ਲਗਾਈ।
ਸ਼ਾਮ ਦੌੜਦਾ ਗਿਆ। ਨਲਕੇ ਤੋਂ ਜੱਗ ਭਰ ਲਿਆਇਆ ਤੇ ਗਲਾਸ ਚੁੱਕੀ ਸਭ ਨੂੰ ਵਾਰੋਵਾਰ ਪਾਣੀ ਪਿਲਾਣ ਲੱਗਾ। ਅਸ਼ਰਫ਼ੀ ਦੇਵੀ ਨੇ ਵੀ ਪੀ ਲਿਆ। ਪਰਚਾ ਵੇਖਦੀ ਨੇ ਜਦੋਂ ਜੂਠਾ ਗਲਾਸ ਫੜਾਉਂਦਿਆਂ ਸਿਰ ਚੁੱਕ ਕੇ ਸ਼ਾਮ ਵੱਲ ਵੇਖਿਆ ਤਾਂ ਤੜਫ਼ ਉੱਠੀ: “ਅਰੇ ਭਸੀਨ ਜੀ, ਯੇਹ ਕਿਆ ਕੀਆ ਆਪ ਨੇ? ਆਪ ਨੇ ਤੋ ਹਮਾਰਾ ਜਨਮ ਹੀ ਭ੍ਰਸ਼ਟ ਕਰ ਦੀਆ। ਯੇਹ ਤੋ ਅਛੂਤ ਹੈ, ਭੰਗੀ। ਹਮਾਰੀ ਗਲੀ ਕੀ ਨਾਲੀਆਂ ਧੋਤਾ ਹੈ।”
ਸ਼ਾਮ ਉਥੇ ਹੀ ਜੰਮ ਗਿਆ, ਫੱਕ। ਬੁੱਤ ਦਾ ਬੁੱਤ ਤੇ ਮੈਂ ਫਿੱਸ ਪਈ। ਫੁੱਟ ਫੁੱਟ ਅੱਥਰੂ।
ਉਸ ਤੋਂ ਬਾਅਦ ਮੈਂ ਕਦੇ ਵੀ ਸ਼ਾਮ ਨਾਲ ਅੱਖ ਨਾ ਮਿਲਾ ਸਕੀ।
ਉਦੋਂ ਪਹਿਲੀ ਤੋਂ ਪੰਜਵੀਂ ਜਮਾਤ ਤਕ ਇਕੋ ਹੀ ਅਧਿਆਪਕਾ ਹੁੰਦੀ ਸੀ। ਉਹ ਵਿਦਿਆਰਥੀਆਂ ਦੇ ਨਾਲੋ-ਨਾਲ ਪਰੋਮੋਟ ਹੁੰਦੀ। ਇੱਦਾਂ ਬਾਲਕਾਂ ਦੀ ਅਧਿਆਪਕ ਨਾਲ ਭਾਵੁਕ ਸਾਂਝ ਪੈ ਜਾਂਦੀ ਜੋ ਬਾਲ-ਮਨ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ।
ਚੌਥੀ ਤੇ ਪੰਜਵੀਂ, ਹੋਰ ਦੋ ਸਾਲ ਸ਼ਾਮ ਮੇਰੇ ਨਾਲ ਰਿਹਾ, ਮੇਰੀ ਜਮਾਤ ਵਿਚ। ਜਮਾਤ ਦਾ ਮਨੀਟਰ ਪਰ ਮੇਰਾ ਉਸ ਦਾ ਰਿਸ਼ਤਾ ਚੁੱਪ ਦਾ ਹੀ ਸੀ, ਗੁੱਝੀ ਪੀੜ ਦਾ ਰਿਸ਼ਤਾ।
ਅੱਖਾਂ ਹੀ ਅੱਖਾਂ ਰਾਹੀਂ ਦਰਦ ਦਾ ਸੰਚਾਰ।
ਮੈਂ ਅਸ਼ਰਫ਼ੀ ਦੇਵੀ ਨੂੰ ਕੁਝ ਤਾਂ ਕਹਿ ਸਕਦੀ ਸਾਂ। ਸਟਾਫ ਵਿਚ ਸੰਵਾਦ ਤਾਂ ਛੇੜ ਸਕਦੀ ਸਾਂ। ਉਸ ਦੇ ਖਿਲਾਫ਼ ਰਿਪੋਰਟ ਤਾਂ ਕਰ ਸਕਦੀ ਸਾਂ? ਆਖ਼ਰ ਮੁੱਖ ਅਧਿਆਪਕਾ ਦੇ ਅਹੁਦੇ ‘ਤੇ ਸਾਂ।
ਮੈਂ ਕਿਉਂ ਚੁੱਪ ਰਹਿ ਗਈ?
ਮੇਰੇ ਅੱਥਰੂ ਮੇਰੀ ਕਮਜ਼ੋਰੀ ਸਨ, ਬੇਵਸੀ ਜਾਂ ਉਮਰ ਦਾ ਲਿਹਾਜ਼?
ਅਸ਼ਰਫੀ ਦੇਵੀ ਸਦਾ ਵਿਚਕਾਰ ਰਹੀ। ਮੇਰੇ ਤੇ ਸ਼ਾਮ ਦੇ।
ਪੰਜਵੀਂ ਦਾ ਨਤੀਜਾ ਨਿਕਲਿਆ। ਸ਼ਾਮ ਅੱਵਲ ਆਇਆ। ਪਹਿਲੀ ਵਾਰ।
“ਸ਼ਾਮ ਮਿਠਾਈ ਨਹੀਂ ਖਿਲਾਈ ਤੂਨੇ।” ਸਰਟੀਫਿਕੇਟ ਫੜਾਉਂਦਿਆਂ ਮੈਂ ਸ਼ਾਮ ਦੀ ਗੱਲ੍ਹ ‘ਤੇ ਚੁਟਕੀ ਲਈ।
“ਅਭੀ ਲਾਤਾ ਹੂੰ ਦੀਦੀ।” ਸ਼ਾਮ ਦੌੜ ਗਿਆ। ਜਲਦੀ ਹੀ ਪਰਤ ਆਇਆ ਲੱਡੂਆਂ ਦੇ ਡੱਬੇ ਨਾਲ। ਅੱਧਾ ਲੱਡੂ ਉਹਨੂੰ ਖੁਆ ਕੇ ਅੱਧਾ ਮੈਂ ਆਪਣੇ ਮੂੰਹ ਵਿਚ ਪਾ ਲਿਆ।
ਅੱਖਾਂ ਭਰ ਆਈਆਂ ਸ਼ਾਮ ਦੀਆਂ ਵੀ ਤੇ ਮੇਰੀਆਂ ਵੀ।æææ ਬਸ ਇਕ ਤਰਲਾ ਮਾਤਰ ਹੀ ਸੀ ਗੁਨਾਹ ਦੇ ਅਹਿਸਾਸ ਤੋਂ ਮੁਕਤ ਹੋਣ ਦਾ।
ਪਰ ਕੀ ਇੰਨੀ ਹੀ ਸੌਖੀ ਹੈ ਮੁਕਤੀ?