ਬਲਜੀਤ ਬਾਸੀ
ਧਰਤੀ, ਸੂਰਜ, ਤਾਰੇ, ਗ੍ਰਹਿ, ਚੰਦ ਆਦਿ ਮਨੁਖ ਦੇ ਕਦੀਮੀ ਸਾਥੀ ਰਹੇ ਹਨ। ਇਨ੍ਹਾਂ ਦੇ ਅਨੁਭਵ ਤੋਂ ਮਨੁਖ ਨੇ ਬਹੁਤ ਸਾਰੇ ਸ਼ਬਦ ਘੜੇ ਹਨ। ਅਕਾਸ਼ੀ ਪਿੰਡ ਚੰਦ ਲਈ ਸਾਡੇ ਪਾਸ ਅਨੇਕਾਂ ਸ਼ਬਦ ਹਨ ਜਿਨ੍ਹਾਂ ਤੋਂ ਅੱਗੇ ਬਹੁਤ ਸਾਰੇ ਹੋਰ ਸ਼ਬਦਾਂ ਤੇ ਅਰਥਾਂ ਦਾ ਵਿਸਤਾਰ ਹੋਇਆ ਹੈ। ‘ਚੰਦ ਤੇ ਉਸ ਦਾ ਪਰਿਵਾਰ’ ਵਾਲੇ ਲੇਖ ਵਿਚ ਅਸੀਂ ਚੰਦ ਤੋਂ ਬਣੇ ਚੰਦਰਮਾ ਸ਼ਬਦ ਦੀ ਗੱਲ ਕਰਦਿਆਂ ਦੱਸਿਆ ਸੀ ਕਿ ਚੰਦਰ ਦੇ ਨਾਲ ‘ਮਾ’ ਧਾਤੂ ਲੱਗਣ ਨਾਲ ਇਹ ਸ਼ਬਦ ਬਣਿਆ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਜਦ ‘ਚੰਦਰਮਾ’ ਸ਼ਬਦ ਬਣ ਗਿਆ ਤਾਂ ਇਸ ਦੇ ਪਿਛੇ ਲੱਗੇ ‘ਮਾ’ ਤੋਂ ਮਾਮਾ ਯਾਨਿ ‘ਚੰਦਾ ਮਾਮਾ’ ਦਾ ਵਿਚਾਰ ਆਉਣਾ ਇਕ ਕਦਮ ਹੀ ਅੱਗੇ ਦੀ ਗੱਲ ਹੈ ਅਰਥਾਤ ਚੰਦ ਨੂੰ ਮਾਮਾ ਕਹਿਣ ਦਾ ਸੁਝਾਅ ਇਸ ਦੇ ਪਿਛੇ ਲੱਗੇ ‘ਮਾ’ ਤੋਂ ਹੋ ਸਕਦਾ ਹੈ। ਇਸ ‘ਮਾ’ ਧਾਤੂ ਦਾ ਪਾਰਾਵਾਰ ਬੇਅੰਤ ਹੈ। ਬਹੁਤ ਸਾਰੀਆਂ ਰਾਵਾਂ ਅਨੁਸਾਰ ‘ਮਾ’ ਦਾ ਮੁਢਲਾ ਅਰਥ ਚੰਦ ਹੀ ਹੈ। ਚੰਦ ਦੀਆਂ ਕਲਾਵਾਂ ਕਿਉਂਕਿ ਘਟਦੀਆਂ ਵਧਦੀਆਂ ਰਹਿੰਦੀਆਂ ਹਨ ਅਰਥਾਤ ਚੰਦ ਅੰਸ਼ ਦਰ ਅੰਸ਼ ਵਡਾ ਛੋਟਾ ਹੁੰਦਾ ਰਹਿੰਦਾ ਹੈ, ਇਸ ਲਈ ‘ਮਾ’ ਸ਼ਬਦ ਇਕ ਤਰ੍ਹਾਂ ਅੰਸ਼ ਜਾਂ ਭਾਗ ਦੇ ਅਰਥਾਂ ਵਜੋਂ ਰੂੜ੍ਹ ਹੋ ਕੇ ਇਕ ਧਾਤੂ ਹੀ ਬਣ ਗਿਆ ਜੋ ‘ਮਾਪ’ ਦਾ ਅਰਥ ਦੇਣ ਲੱਗ ਪਿਆ। ਸੱਚਾਈ ਤਾਂ ਇਹ ਹੈ ਕਿ ਮਾਪ ਸ਼ਬਦ ਵੀ ‘ਮਾ’ ਤੋਂ ਹੀ ਬਣਿਆ ਹੈ। ਪਰ ਇਸ ਧਾਤੂ ਵਿਸ਼ੇਸ਼ ਤੋਂ ਮਾਪ ਦੇ ਅਰਥਾਂ ਵਾਲੇ ਸ਼ਬਦਾਂ ਦੀ ਚਰਚਾ ਫਿਰ ਕਦੇ ਕਰਾਂਗੇ।
ਅੱਜ ਅਸੀਂ ‘ਮਾ’ ਧਾਤੂ ਤੋਂ ਚੰਦ ਸਬੰਧੀ ਬਣੇ ਸ਼ਬਦਾਂ ਦੀ ਹੀ ਗੱਲ ਕਰਨੀ ਹੈ। ‘ਚੰਦ’ ਅਤੇ ‘ਮਹੀਨਾ’ ਸੰਕਲਪ ਨਾਲ ਜੁੜੇ ਸ਼ਬਦ ਇਸ ਤਰ੍ਹਾਂ ਇਕਮਿਕ ਹੋਏ ਪਏ ਹਨ ਕਿ ਇਨ੍ਹਾਂ ਦਾ ਇਕ ਦੂਜੇ ਤੋਂ ਨਿਖੇੜਾ ਕਰਨਾ ਮੁਸ਼ਕਿਲ ਲਗਦਾ ਹੈ। ਅਸਲ ਵਿਚ ਪੁਰਾਣੀਆਂ ਸਭਿਅਤਾਵਾਂ ਵਿਚ ਚੰਦ ਦੀ ਗਤੀ ਤੋਂ ਹੀ ਸਮੇਂ ਤੇ ਰੁੱਤਾਂ ਦੀ ਗਣਨਾ ਦੇ ਢੰਗ ਲੱਭੇ ਗਏ। ਚੰਦ ਤਕਰੀਬਨ ਦੋ ਸਪਤਾਹ ਘਟਦਾ ਹੈ ਤੇ ਦੋ ਸਪਤਾਹ ਵਧਦਾ ਹੈ। ਮੋਟੇ ਤੌਰ ‘ਤੇ ਇਸ ਸਮੇਂ ਨੂੰ ਮਹੀਨਾ ਸਮਝਿਆ ਗਿਆ। ਬਹੁਤੀਆਂ ਤਕਨੀਕੀ ਗੱਲਾਂ ਵਿਚ ਨਾ ਪੈਂਦੇ ਹੋਏ ਅਸੀਂ ‘ਮਹਾਨ ਕੋਸ਼’ ਵਿਚ ਦਰਜ ‘ਮਾਸ’ ਸ਼ਬਦ ਦੇ ਇੰਦਰਾਜ ਤੋਂ ਕੁਝ ਸਹਾਇਤਾ ਲੈਂਦੇ ਹਾਂ: ਜੋ ਸਮੇਂ ਨੂੰ ਮਾਪੇ ਉਹ ਮਾਸ ਹੈ। ਵਿਸ਼ਨੂੰ ਪੁਰਾਣ ਅਨੁਸਾਰ ਮਾਸ ਦੇ ਚਾਰ ਭੇਦ ਹਨ: 1æ ਚਾਨਣੇ ਪੱਖ ਦੀ ਏਕਮ ਤੋਂ ਅਮਾਵਸ ਤੱਕ 30 ਤਿਥਾਂ ਵਾਲਾ ‘ਚਾਂਦਰਮਾਸ’ 2æ ਕਿਸੇ ਤਿਥੀ ਤੋਂ ਕਿਸੇ ਤਿਥੀ ਤੱਕ 30 ਦਿਨਾਂ ਦੀ ਅਵਧੀ ‘ਸਾਵਨਮਾਸ’ 3æ ਜਿੰਨੇ ਸਮੇਂ ਵਿਚ ਸੂਰਜ ਇਕ ਰਾਸ਼ੀ ਨੂੰ ਭੋਗੇ ‘ਸੌਰ ਮਾਸ’ 4æ ਜਿੰਨੇ ਦਿਨਾਂ ਵਿਚ ਨਛੱਤਰ ਆਪਣਾ ਚੱਕਰ ਪੂਰਾ ਕਰਨ ਉਹ ‘ਨਛੱਤਰ ਮਾਸ।’ ਏਨੇ ਵੇਰਵੇ ਵਿਚ ਜਾਣ ਦਾ ਮੰਤਵ ਇਹ ਦਰਸਾਉਣਾ ਹੀ ਹੈ ਕਿ ਚੰਦ ਦੀ ਗਤੀ ਦੇ ਸਮੇਂ ਨੂੰ ਦਰਸਾਉਂਦਾ ਮਹੀਨੇ ਦਾ ਭਾਵ ਸੂਰਜ ਅਤੇ ਨਛੱਤਰਾਂ ‘ਤੇ ਵੀ ਲਾਗੂ ਹੋ ਗਿਆ।
‘ਮਾ’ ਧਾਤੂ ਤੋਂ ‘ਮਾਸ’ ਸ਼ਬਦ ਬਣਿਆ ਜਿਸ ਦਾ ਮੁਢਲਾ ਅਰਥ ਚੰਦ ਹੈ ਪਰ ਇਸ ਅਰਥ ਵਿਚ ਇਹ ਅੱਜ ਕੱਲ੍ਹ ਬਹੁਤਾ ਵਰਤਿਆ ਨਹੀਂ ਜਾਂਦਾ। ਹਾਂ, ਅਸੀਂ ਪੂਰਨਮਾਸ਼ੀ ਸ਼ਬਦ ਵਿਚ ਇਸ ਨੂੰ ਰੜਕਦਾ ਦੇਖ ਸਕਦੇ ਹਾਂ: ਪੂਰਨਮਾਸ਼ੀ = ਪੂਰਨ+ਮਾਸ਼ੀ। ਪਰ ਮਾਸ ਸ਼ਬਦ ਦਾ ਪ੍ਰਯੋਗ ਸਭ ਤੋਂ ਵਧ ਮਹੀਨਾ ਦੇ ਅਰਥਾਂ ਵਿਚ ਹੁੰਦਾ ਹੈ, “ਪੜੀਅਹਿ ਜੇਤੇ ਬਰਸ ਪੜੀਅਹਿ ਜੇਤੇ ਮਾਸ” -ਗੁਰੂ ਨਾਨਕ। “ਦਸੀ ਮਾਸੀ ਮਾਨਸੁ ਕੀਆ ਵਣਜਾਰਿਆ ਮਿਤ੍ਰਾ ਕਰ ਮੁਹਲਤਿ ਕਰਮਿ ਕਮਾਹਿ” -ਗੁਰੂ ਅਰਜਨ ਦੇਵ। ਅਰਥਾਤ (ਗਰਭ ਦੇ) ਦਸਵੇਂ ਮਹੀਨੇ ਤੂੰ ਮਨੁਖ ਦੀ ਜੂਨੇ ਪਿਆ ਹੈਂ, ਚੰਗੇ ਕੰਮ ਕਰਨ ਦੀ ਤੈਨੂੰ ਮੁਹਲਤ ਦਿੱਤੀ ਗਈ ਹੈ। ਚੰਦ ਤਕਰੀਬਨ ਸਾਢੇ ਉਨੱਤੀ ਦਿਨਾਂ ਵਿਚ ਆਪਣੇ ਧੁਰੇ ਅਤੇ ਧਰਤੀ ਦੁਆਲੇ ਚੱਕਰ ਕੱਟ ਕੇ ਮੁੜ ਉਨ੍ਹਾਂ ਨਛੱਤਰਾਂ ਕੋਲ ਆ ਜਾਂਦਾ ਹੈ। ਇਸ ਤਰ੍ਹਾਂ ਚੰਦ ਦੇ ਇਕ ਚੱਕਰ ਦੇ ਸਮੇਂ ਨੂੰ ਮਾਸ ਕਿਹਾ ਜਾਂਦਾ ਹੈ। ਬਾਅਦ ਵਿਚ ਸੂਰਜੀ ਮਹੀਨੇ ਲਈ ਵੀ ਮਾਸ ਸ਼ਬਦ ਦੀ ਹੀ ਵਰਤੋਂ ਹੋਣ ਲੱਗੀ। ਮਾਸ ਤੋਂ ਹੀ ਅੱਗੇ ਮਾਸਿਕ, ਦੁਮਾਸਕ, ਤ੍ਰੈਮਾਸਿਕ ਸ਼ਬਦ ਬਣੇ ਹਨ। ਇਸ ਤੋਂ ਲੌਂਦ ਦੇ ਅਰਥਾਂਵਾਲਾ ‘ਮਲਮਾਸ’ ਸ਼ਬਦ ਬਣਿਆ। ਮਲਮਾਸ ਚੰਦ੍ਰਮਾ ਦਾ ਅਧਿਕ ਮਾਸ ਹੈ ਅਰਥਾਤ ਸਾਲ ਦਾ ਹਿਸਾਬ ਠੀਕ ਰੱਖਣ ਵਾਸਤੇ ਤੀਜੇ ਵਰ੍ਹੇ ਵਧਾਇਆ ਹੋਇਆ ਮਹੀਨਾ। ਇਸ ਮਹੀਨੇ ਸੰਗਰਾਂਦ ਨਹੀਂ ਆਉਂਦੀ, ਇਸ ਮਹੀਨੇ ਕੋਈ ਮੰਗਲਕਾਰਜ ਨਹੀਂ ਹੋ ਸਕਦਾ। ਇਸ ਸਾਲ ਦੇ ਤੇਰਾਂ ਮਹੀਨੇ ਹੁੰਦੇ ਹਨ। ਮਾਸ ਤੋਂ ਹੀ ਚੌਮਾਸਾ ਸ਼ਬਦ ਬਣਿਆ। ਭਾਵੇਂ ਕੋਈ ਵੀ ਚਾਰ ਮਹੀਨੇ ਵਿਚ ਹੋਣ ਵਾਲਾ ਕਰਮ ਚੌਮਾਸਾ ਹੈ ਪਰ ਆਮ ਤੌਰ ‘ਤੇ ਹਾੜ, ਸੌਣ, ਭਾਦੋਂ, ਅੱਸੂ ਦੇ ਮਹੀਨੇ ਨੂੰ ਚੌਮਾਸਾ ਕਹਿੰਦੇ ਹਨ। ਇਨ੍ਹਾਂ ਮਹੀਨਿਆਂ ਵਿਚ ਹੀ ਖਰੀਫ ਦੀ ਫਸਲ ਹੁੰਦੀ ਹੈ। ਭਾਈ ਕਾਹਨ ਸਿੰਘ ਅਨੁਸਾਰ ਇਨ੍ਹਾਂ ਚਾਰ ਮਹੀਨਿਆਂ ਵਿਚ ਪੁਰਾਣੇ ਜ਼ਮਾਨੇ ਵਿਚ ਠਹਿਰਨ ਦਾ ਪ੍ਰਬੰਧ ਨਾ ਹੋਣ ਕਾਰਨ ਧਨੀ ਲੋਕ ਸਾਧੂ ਵਿਦਵਾਨਾਂ ਨੂੰ ਆਪਣੇ ਨਗਰਾਂ ਵਿਚ ਠਹਿਰਾ ਲੈਂਦੇ ਸਨ। ਗੁਰਬਾਣੀ ਵਿਚ ਮਾਸ ਸ਼ਬਦ ਦੀ ਚੋਖੀ ਵਰਤੋਂ ਮਿਲਦੀ ਹੈ ਪਰ ਅੱਜ ਕਲ੍ਹ ਆਮ ਬੋਲ-ਚਾਲ ਵਿਚ ਇਹ ਸ਼ਬਦ ਬਹੁਤਾ ਪ੍ਰਚਲਤ ਨਹੀਂ।
ਮਾਸ ਸ਼ਬਦ ਨਾਲੋਂ ਮਹੀਨੇ ਦੇ ਹੀ ਅਰਥਾਂ ਵਾਲੇ ਫਾਰਸੀ ਵਲੋਂ ਆਏ ‘ਮਾਹ’ ਸ਼ਬਦ ਦੀ ਮੁਕਾਬਲਤਨ ਵਧੇਰੇ ਵਰਤੋਂ ਹੁੰਦੀ ਹੈ, “ਗੰਢੇਦਿਆਂ ਛਿਅ ਮਾਹ ਤੁੜੰਦਿਆ ਹਿਕ ਖਿਨੋ” -ਸ਼ੇਖ ਫਰੀਦ। “ਕਵਣਿ ਸਿ ਰੁਤੀ ਮਾਹੁ ਕਵਣਿ ਜਿਤੁ ਹੋਆ ਆਕਾਰੁ” -ਗੁਰੂ ਨਾਨਕ। ਫਾਰਸੀ ਵਿਚ ਮਾਹ ਸ਼ਬਦ ਦਾ ਵੀ ਮੁਢਲਾ ਅਰਥ ਚੰਦ ਹੀ ਹੈ। ਮਾਹ ਤੋਂ ਵਿਉਤਪਤ ਹੋਏ ਹੋਰ ਸ਼ਬਦ ਆਮ ਬੋਲ-ਚਾਲ ਵਿਚ ਕਾਫੀ ਗਿਣਤੀ ਵਿਚ ਮਿਲਦੇ ਹਨ। ਮਾਹ ਤੋਂ ਸਤਮਾਹਾ, ਅਠਮਾਹਾ ਸ਼ਬਦ ਬਣੇ ਜੋ ਸਮਾਂ ਪੁਗਣ ਤੋਂ ਪਹਿਲਾਂ ਹੋਏ ਬੱਚੇ ਲਈ ਵਰਤੇ ਜਾਂਦੇ ਹਨ। ਤਿਮਾਹੀ, ਛਿਮਾਹੀ, ਨੌਮਾਹੀ ਸ਼ਬਦ ਸਬੰਧਤ ਸ਼ਬਦ ਵਿਚ ਆਏ ਗਿਣਤੀ ਵਾਲੇ ਮਹੀਨੇ ਬਾਅਦ ਹੁੰਦੇ ਬਾਕਾਇਦਾ ਕਰਮ ਦੇ ਸੂਚਕ ਹਨ ਜਿਵੇਂ ਕਿਸੇ ਰਸਾਲੇ ਦਾ ਛਪਣਾ ਜਾਂ ਇਮਤਿਹਾਨ ਦਾ ਹੋਣਾ। ‘ਵਰ੍ਹੇ-ਛਿਮਾਹੀ’ ਸਮਾਸ ਦਾ ਅਰਥ ਹੈ, ਕਦੇ ਕਦੇ ਚਿਰ ਬਾਅਦ ਹੋਣ ਵਾਲਾ ਕੰਮ। ਇਸੇ ਤੋਂ ਬਣਿਆ ਇਕ ਕਾਵਿ ਰੂਪ ਹੈ ਬਾਰਾਮਾਹ। ਵਿਸ਼ੇਸ਼ਣ ਦੇ ਤੌਰ ‘ਤੇ ਮਾਹਵਾਰੀ ਦਾ ਮਤਲਬ ਹੈ ‘ਜੋ ਹਰ ਮਹੀਨੇ ਵਾਪਰੇ’ ਤੇ ਨਾਂਵ ਦੇ ਤੌਰ ‘ਤੇ ਇਸਤਰੀ ਦਾ ਮਾਸਕ ਧਰਮ। ਫਾਰਸੀ ਦਾ ਇਕ ਖੂਬਸੂਰਤ ਸ਼ਬਦ ਹੈ ‘ਮਾਹ-ਜਬੀਂ’ ਜਿਸ ਦੀ ਉਰਦੂ ਸ਼ਾਇਰੀ ਅਤੇ ਫਿਲਮੀ ਗਾਣਿਆਂ ਵਿਚ ਚੋਖੀ ਵਰਤੋਂ ਹੋਈ ਹੈ। ਇਸ ਦਾ ਅਰਥ ਚੰਦ ਵਰਗੇ ਮੱਥੇ ਵਾਲਾ ਹੈ- ਵਾਲੀ ਹੀ ਕਹਾਂ ਤਾਂ ਵਧੇਰੇ ਠੀਕ ਹੈ ਕਿਉਂਕਿ ਇਸ ਦਾ ਆਮ ਅਰਥ ਹੁਸੀਨ ਔਰਤ ਹੈ:
ਕਭੀ ਕਭੀ ਵੋ ਏਕ ਮਾਹ-ਜਬੀਂ
ਡੋਲਤੀ ਹੈ ਦਿਲ ਕੇ ਪਾਸ ਕਹੀਂ
ਕੇ ਹੈਂ ਜੋ ਯਹੀਂ ਬਾਤੇਂ ਤੋ ਹੋਗੀ ਮੁਲਾਕਾਤੇਂ
ਕਭੀ ਵਹਾਂ ਨਹੀਂ ਤੋ ਯਹਾਂ। -ਮਜਰੂਹ ਸੁਲਤਾਨਪੁਰੀ
‘ਮਾ’ ਧਾਤੂ ਦੇ ਪਿਛੇ ‘ਤਾਬ’ ਲੱਗ ਕੇ ਮਹਿਤਾਬ ਬਣਿਆ ਜਿਸ ਦਾ ਅਰਥ ਚਾਨਣੀ ਵੀ ਤੇ ਚੰਨ ਵੀ ਹੁੰਦਾ ਹੈ: (ਫਾਰਸੀ) ਤਾਬ=(ਸੰਸਕ੍ਰਿਤ) ਤਾਪ, “ਕੇਹੀ ਹੀਰ ਦੇ ਕਰੇ ਤਾਰੀਫ ਸ਼ਾਇਰ ਮੱਥੇ ਚਮਕਦਾ ਹੁਸਨ ਮਹਿਤਾਬ ਦਾ ਜੀ।” -ਵਾਰਿਸ ਸ਼ਾਹ। ਮਤਾਬੀ (ਮਾਹਤਾਬੀ) ਇਕ ਦੀਆ-ਸਿਲਾਈ ਹੁੰਦੀ ਹੈ ਜਿਸ ਨੂੰ ਜਲਾਉਣ ਨਾਲ ਮਤਾਬੀ ਲਾਟ ਪੈਦਾ ਹੁੰਦੀ ਹੈ:
ਬਹੁ ਝਾਰ ਮਤਾਬੀ ਬਾਰੀ
ਜਨੁ ਫੂਲ ਰਹੀ ਬਨਵਾਰੀ। -ਗੁਰੂ ਪ੍ਰਤਾਪ ਸੂਰਜ
ਪੰਜਾਬੀ ਦੇ ਸਵਿਟਜ਼ਰਲੈਂਡ ਵਸਦੇ ਸ਼ਾਇਰ ਦੇਵ ਦੇ ਇਕ ਕਾਵਿ-ਸੰਗ੍ਰਿਹ ਦਾ ਨਾਂ ‘ਮਤਾਬੀ ਮਿੱਟੀ’ ਹੈ। ਚਕੋਤਰੇ ਨੂੰ ਵੀ ਇਸ ਦੇ ਬੀਜਾਂ ਦੇ ਰੰਗ ਤੋਂ ਮਾਹਤਾਬੀ ਕਹਿੰਦੇ ਹਨ। ਮਹਿਤਾਬ ਵਿਅਕਤੀਆਂ ਦੇ ਨਾਂ ਵੀ ਹੁੰਦੇ ਹਨ। ਪਰ ‘ਮਾ’ ਧਾਤੂ ਤੋਂ ਮਾਹ ਦੇ ਅਰਥਾਂ ਵਾਲਾ ਬਣਿਆ ਸਭ ਤੋਂ ਵਧ ਵਰਤੀਂਦਾ ਸ਼ਬਦ ਹੈ-ਮਹੀਨਾ। ਇਹ ਸ਼ਬਦ ਵੀ ਫਾਰਸੀ ਵਲੋਂ ਆਇਆ ਹੈ, ਮਾਹ+ਈਨਾ। ਗੋਸ਼ਤ ਖਾਣ ਦੇ ਸ਼ੌਕੀਨਾਂ ਵਿਚ ਪ੍ਰਚਲਤ ਕਹਾਵਤ ਹੈ:
ਲਿਆਵੀਂ ਸੀਨਾ ਭਾਵੇਂ ਲੱਗ ਜਾਏ ਮਹੀਨਾ।
ਲਿਆਵੀਂ ਪੁੱਠ ਨਹੀਂ ਤਾਂ ਜਾਵੀਂ ਉਠ।
ਮਹੀਨਾ ਦਾ ਅਰਥ ਮਾਸਿਕ ਵੇਤਨ ਜਾਂ (ਜਬਰੀ) ਉਗਰਾਹੀ ਵੀ ਹੈ।
ਚੰਦ ਨਾਲ ਸਬੰਧਤ ਇਨ੍ਹਾਂ ਸ਼ਬਦਾਂ ਦੀਆਂ ਹੋਰ ਹਿੰਦ-ਯੂਰਪੀ ਭਾਸ਼ਾਵਾਂ ਨਾਲ ਪੂਰੀ ਸਾਂਝ ਹੈ। ਇਸ ਦਾ ਭਾਰੋਪੀ ਮੂਲ ਵੀ ਮe(ਨ)ਸeਸ- ਲਭਿਆ ਗਿਆ ਹੈ ਜਿਸ ਦਾ ਅਰਥ ਚੰਦ ਜਾਂ ਮਹੀਨਾ ਹੀ ਹੈ। ਅੰਗਰੇਜ਼ੀ ਦਾ ਮੋਨ ਸ਼ਬਦ ਪੁਰਾਣੀ ਜਰਮੈਨਿਕ ਦੇ ਮeਨੋਨ ਸ਼ਬਦ ਤੋਂ ਬਣਿਆ। ਇਸ ਦਾ ਪੁਰਾਣੀ ਅੰਗਰੇਜ਼ੀ ਵਿਚ ਰੂਪ ਮੋਨਅ ਸੀ। ਹੋਰ ਭਾਸ਼ਾਵਾਂ ਜਿਵੇਂ ਜਰਮਨ ਵਿਚ ਮੋਂਡ, ਡਚ ਵਿਚ ਮਾਨ, ਗੌਥਿਕ ਵਿਚ ਮੇਨਾ, ਗਰੀਕ ਵਿਚ ਮੇਨੇ, ਲਾਤੀਨੀ ਵਿਚ ਮੈਨਸਿਸ ਚੰਦ ਜਾਂ ਮਹੀਨਾ ਦੇ ਅਰਥ ਦਿੰਦੇ ਹਨ। ਸੋਮਵਾਰ ਲਈ ਅੰਗਰੇਜ਼ੀ ਦਾ ਸ਼ਬਦ ੰੋਨਦਅੇ (ਚੰਦ ਦਾ ਦਿਨ) ਮੋਨਅ ਤੋਂ ਬਣਾਇਆ ਗਿਆ ਹੈ ਜੋ ਜਰਮੈਨਿਕ ਅਸਲੇ ਦਾ ਹੈ। ਪੰਜਾਬੀ ਸੋਮਵਾਰ ਵਿਚ ਸੋਮ ਦਾ ਅਰਥ ਵੀ ਚੰਦ ਹੀ ਹੁੰਦਾ ਹੈ। ਮੋਨਸਹਨਿe ਦਾ ਲਾਖਣਿਕ ਅਰਥ ਫੋਕਾ ਦਿਖਾਵਾ ਹੈ, ਜਿਵੇਂ ਪਾਣੀ ਵਿਚ ਚੰਦ ਦਾ ਪਰਛਾਵਾਂ। ਇਸ ਦਾ ਇਕ ਹੋਰ ਅਰਥ ਨਾਜਾਇਜ਼ ਸ਼ਰਾਬ ਹੈ। ਨਾਜਾਇਜ਼ ਸ਼ਰਾਬ ਕੱਢਣ ਅਤੇ ਵੇਚਣ ਦਾ ਧੰਦਾ ਚੰਨ ਚਾਨਣੀ ਵਿਚ ਹੁੰਦਾ ਹੈ। ਸਬੱਬ ਦੀ ਗੱਲ ਹੈ ਕਿ ਸੋਮਰਸ ਵਿਚ ਸੋਮ ਸ਼ਬਦ ਦਾ ਅਰਥ ਜਿਵੇਂ ਪਹਿਲਾਂ ਦੱਸਿਆ ਹੈ, ਚੰਦ ਹੁੰਦਾ ਹੈ! ਚਾਨਣੀ ਰਾਤ ਵਿਚ ਕੱਢਿਆ ਰਸ? ਇਸਤਰੀਆਂ ਦੀ ਮਾਹਵਾਰੀ ਲਈ ਅੰਗਰੇਜ਼ੀ ਸ਼ਬਦ ਮeਨਸeਸ ਲਾਤੀਨੀ ਮeਨਸeਸ ਤੋਂ ਬਣਿਆ ਹੈ ਜਿਸ ਦਾ ਮਤਲਬ ਮਹੀਨਾ ਹੁੰਦਾ ਹੈ। ਮeਨਸਟਰੁਅਲ, ਮeਨੋ ਪਅੁਸe ਵੀ ਇਸੇ ਕੜੀ ਵਿਚ ਆਉਂਦੇ ਹਨ। ਮਹੀਨੇ ਲਈ ਅੰਗਰੇਜ਼ੀ ਦਾ ਸ਼ਬਦ ਮੋਨਟਹ ਵੀ ਇਸੇ ਧਾਤੂ ਨਾਲ ਜੁੜਦਾ ਹੈ। ਇਸ ਸ਼ਬਦ ਦਾ ਪੁਰਾਣੀ ਜਰਮੈਨਿਕ ਵਿਚ ਰੂਪ ਮੈਨੋਥ ਸੀ ਤੇ ਇਸ ਦਾ ਅੰਤਮ ਪਿਛੋਕੜ ਮੈਨੋਨ ਹੈ।
Leave a Reply