ਪਿਕਾਸੋ ਦਾ ਜਵਾਬ ਨਹੀਂ

ਕੀਰਤ ਕਾਸ਼ਣੀ
ਸੰਸਾਰ ਪ੍ਰਸਿੱਧ ਚਿੱਤਰਕਾਰ ਪਾਬਲੋ ਪਿਕਾਸੋ ਦੀ ਪੇਂਟਿੰਗ ‘ਵਿਮੈਨ ਆਫ ਅਲਜੀਰਸ’ ਨਿਊ ਯਾਰਕ ਵਿਚ ਹੋਈ ਨਿਲਾਮੀ ਦੌਰਾਨ 179 ਮਿਲੀਅਨ ਡਾਲਰ (17æ90 ਕਰੋੜ ਡਾਲਰ) ਦੀ ਵਿਕੀ ਹੈ ਅਤੇ ਇਹ ਹੁਣ ਤੱਕ ਦਾ ਸੰਸਾਰ ਭਰ ਦਾ ਰਿਕਾਰਡ ਹੈ। ਇਹ ਨਿਲਾਮੀ ਕ੍ਰਿਸਟੀ ਨੇ ਕਰਵਾਈ ਸੀ।

ਪਾਬਲੋ ਪਿਕਾਸੋ ਨੇ 1945-55 ਵਿਚ 15 ਪੇਂਟਿੰਗਾਂ ਦੀ ਲੜੀ ਤਿਆਰ ਕੀਤੀ ਸੀ ਅਤੇ ਇਹ ਲੜੀ ਪਿਕਾਸੋ ਨੇ ਫਰਾਂਸੀਸੀ ਚਿੱਤਰਕਾਰ ਯੂਜੇਨ ਦੈਲਾਕਰੋਕਸ ਵਲੋਂ ਤਿਆਰ ਇਸੇ ਨਾਂ ਦੀ ਪੇਂਟਿੰਗ ਤੋਂ ਪ੍ਰਭਾਵਿਤ ਹੋ ਕੇ ਬਣਾਈ ਸੀ। ਇਸ ਲੜੀ ਦੀ ਬੜੀ ਧੁੰਮ ਪਈ। ਇਸੇ ਲੜੀ ਵਿਚ ਸ਼ਾਮਲ ਪੇਟਿੰਗਾਂ ਵਿਚ ‘ਵਿਮੈਨ ਆਫ ਅਲਜੀਰਸ’ ਨਾਂ ਦੀ ਪੇਟਿੰਗ ਇਕ ਸੀ।
ਪਾਬਲੋ ਪਿਕਾਸੋ (25 ਅਕਤੂਬਰ 1881-8 ਅਪਰੈਲ 1973) ਸਪੇਨੀ ਚਿੱਤਰਕਾਰ ਸੀ ਪਰ ਉਸ ਨੇ ਆਪਣਾ ਬਹੁਤਾ ਸਮਾਂ ਫਰਾਂਸ ਵਿਚ ਹੀ ਗੁਜ਼ਾਰਿਆ। ਉਸ ਨੂੰ 20ਵੀਂ ਸਦੀ ਦੇ ਮੁੱਖ ਚਿੱਤਰਕਾਰਾਂ ਵਿਚ ਸ਼ੁਮਾਰ ਕੀਤਾ ਜਾਂਦਾ ਹੈ ਜਿਸ ਨੇ ਆਉਣ ਵਾਲੀਆਂ ਸਾਰੀਆਂ ਪੀੜ੍ਹੀਆਂ ਨੂੰ ਬਹੁਤ ਪ੍ਰਭਾਵਿਤ ਕੀਤਾ। ਉਸ ਨੇ ਕਲਾ ਵਿਚ ਕਿਊਬ ਅੰਦੋਲਨ ਛੇੜਨ ਦਾ ਮੁੱਢ ਬੰਨ੍ਹਿਆ। ਉਸ ਦੇ ਆਪਣੇ ਚਿੱਤਰਾਂ ਵਿਚ ਵੀ ਇਹ ਕਿਊਬ ਬਹੁਤ ਸੁਹਜ ਅਤੇ ਸਹਿਜ ਨਾਲ ਉਤਰੇ ਮਿਲਦੇ ਹਨ। ਉਸ ਨੇ ਇਹ ਕਿਊਬ ਅੰਦੋਲਨ 1909 ਦੌਰਾਨ ਚਿੱਤਰਕਾਰ ਜਾਰਜਸ ਬਰਾਕ ਨਾਲ ਮਿਲ ਕੇ ਸ਼ੁਰੂ ਕੀਤਾ ਸੀ।
ਪਾਬਲੋ ਪਿਕਾਸੋ ਦੀ ਜੰਗ-ਵਿਰੋਧੀ ਤਸਵੀਰ ‘ਗੁਰਨਿਕਾ’ ਦਾ ਸੰਸਾਰ ਭਰ ਵਿਚ ਕੋਈ ਜਵਾਬ ਨਹੀਂ। ਇਹ ਪੇਂਟਿੰਗ ਬਹੁਤ ਮਸ਼ਹੂਰ ਹੋਈ। ਇਹ ਵਿਰਾਟ ਪੇਂਟਿੰਗ 11 ਫੁੱਟ ਉਚੀ ਅਤੇ 25æ6 ਫੁੱਟ ਚੌੜੀ ਹੈ। ਇਹ ਪੇਂਟਿੰਗ ਪਿਕਾਸੋ ਨੇ 1937 ਵਿਚ ਬਣਾਈ ਸੀ। ਅੱਜ ਕੱਲ੍ਹ ਇਹ ਮੈਡਰਿਡ (ਸਪੇਨ) ਦੇ ਸੋਫੀਆ ਅਜਾਇਬ ਘਰ ਵਿਚ ਪਈ ਹੈ। ਇਹ ਸਪੇਨੀ ਖਾਨਾਜੰਗ ਨਾਲ ਸਬੰਧਤ ਹੈ, ਜਦੋਂ ਜਰਮਨ ਅਤੇ ਇਟਲੀ ਦੇ ਜੰਗੀ ਜਹਾਜਾਂ ਨੇ ਸਪੇਨੀ ਕੌਮਪ੍ਰਸਤਾਂ ਉਤੇ ਹਮਲਾ ਕਰ ਦਿੱਤਾ ਸੀ। ਬਾਅਦ ਵਿਚ ਇਹ ਚਿੱਤਰ ਜੰਗ ਨਾਲ ਹੁੰਦੀ ਤਬਾਹੀ ਅਤੇ ਵਿਕਰਾਲਤਾ ਨੂੰ ਦਰਸਾਉਣ ਦਾ ਬਿੰਬ ਹੋ ਨਿਬੜੀ। ਜੰਗ-ਵਿਰੋਧੀ ਅੰਦੋਲਨਾਂ ਵਿਚ ਇਸ ਚਿੱਤਰ ਦਾ ਨਾਂ ਅੱਜ ਵੀ ਸਭ ਤੋਂ ਪਹਿਲਾਂ ਆਉਂਦਾ ਹੈ।
ਦੂਜੇ ਸੰਸਾਰ ਯੁੱਧ ਤੋਂ ਬਾਅਦ ਜਦੋਂ ਜਰਮਨਾਂ ਨੇ ਪੈਰਿਸ ਉਤੇ ਕਬਜ਼ਾ ਕਰ ਲਿਆ ਤਾਂ ਨਾਜ਼ੀ ਜਰਮਨਾਂ ਨੇ ਪਾਬਲੋ ਨੂੰ ਬੜਾ ਤੰਗ ਕੀਤਾ। ਇਕ ਵਾਰ ਇਹ ਧਾੜਵੀ ਉਸ ਦੇ ਘਰੇ ਆਣ ਵੜੇ ਅਤੇ ‘ਗੁਰਨਿਕਾ’ ਪੇਂਟਿੰਗ ਦੀ ਫੋਟੋ ਦੇਖਦਿਆਂ ਸਾਰ ਭੜਕ ਉਠੇ, “ਇਹ ਸਭ ਤੂੰ ਕੀਤਾ ਹੈ?” ਉਸ ਨੇ ਬੜੇ ਸਹਿਜ ਨਾਲ ਉਤਰ ਦਿੱਤਾ, “ਨਹੀਂ, ਇਹ ਤੁਸੀਂ ਕੀਤਾ ਹੈ।” ਉਸ ਦਾ ਭਾਵ ਜੰਗ ਦੌਰਾਨ ਜਰਮਨਾਂ ਵਲੋਂ ਸਪੇਨ ਵਿਚ ਮਚਾਈ ਤਬਾਹੀ ਤੋਂ ਸੀ। ‘ਗੁਰਨਿਕਾ’ ਵਿਚ ਉਹਨੇ ਜੰਗ ਦੀ ਤਬਾਹੀ ਦਿਖਾਈ ਹੈ।
ਪਿਕਾਸੋ ਦੀ ਪੇਂਟਿੰਗ ‘ਵਿਮੈਨ ਆਫ ਅਲਜੀਰਸ’ ਨੂੰ ਰਿਕਾਰਡ ਕੀਮਤ ਤੱਕ ਪੁੱਜਣ ਲਈ ਸਿਰਫ 11 ਮਿੰਟ ਲੱਗੇ। ਇਸ ਤੋਂ ਪਹਿਲਾਂ 2013 ਵਿਚ ਬ੍ਰਿਟਿਸ਼ ਚਿੱਤਰਕਾਰ ਫਰਾਂਸਿਸ ਬੇਕਨ ਦੀ ਤਸਵੀਰ ਰਿਕਾਰਡ 142 ਮਿਲੀਅਨ ਡਾਲਰ (14æ20 ਕਰੋੜ ਡਾਲਰ) ਦੀ ਵਿਕੀ ਸੀ। ‘ਵਿਮੈਨ ਆਫ ਅਲਜੀਰਸ’ ਖਰੀਦਣ ਵਾਲੇ ਦਾ ਨਾਂ ਫਿਲਹਾਲ ਨਸ਼ਰ ਨਹੀਂ ਕੀਤਾ ਗਿਆ। ਹੁਣ ਤਾਂ ਇਹ ਬਹਿਸ ਵੀ ਚੱਲ ਪਈ ਹੈ ਕਿ ਇੰਨੀ ਮਹਿੰਗੀ ਪੇਂਟਿੰਗ ਜਾਂ ਕੋਈ ਹੋਰ ਕਲਾ ਵਸਤੂ ਖਰੀਦਣ ਦੀ ਕੋਈ ਤੁਕ ਵੀ ਬਣਦੀ ਹੈ ਜਦਕਿ ਸੰਸਾਰ ਭਰ ਵਿਚ ਹਰ ਇਕ ਮਿੰਟ ਬਾਅਦ 5 ਸਾਲ ਤੋਂ ਘੱਟ ਉਮਰ ਦੇ 21 ਬੱਚੇ ਮੌਤ ਦੇ ਮੂੰਹ ਵਿਚ ਜਾ ਰਹੇ ਹਨ, ਪਰ ਸਮਾਜ ਦੇ ਇਨ੍ਹਾਂ ਪ੍ਰਸੰਗਾਂ ਅਤੇ ਸਰੋਕਾਰਾਂ ਬਾਰੇ ਸੋਚਦਾ ਭਲਾ ਕੌਣ ਹੈ? ਅਸਲ ਵਿਚ ਅਜਿਹੀਆਂ ਕਲਾ ਕਿਰਤਾਂ ਖਰੀਦਣ ਵਾਲਿਆਂ ਦੀ ਦੁਨੀਆਂ ਹੀ ਹੋਰ ਹੁੰਦੀ ਹੈ ਅਤੇ ਇਸ ਮਾਮਲੇ ‘ਤੇ ਉਹ ਪੈਸਾ, ਪਾਣੀ ਵਾਂਗ ਵਹਾਉਂਦੇ ਹਨ। ਫਿਰ ਵੀ ਇਸ ਵਿਚ ਕੋਈ ਸ਼ੱਕ ਨਹੀਂ ਕਿ ਪਿਕਾਸੋ 20ਵੀਂ ਸਦੀ ਦਾ ਮੁੱਖ ਚਿੱਤਰਕਾਰ ਸੀ ਅਤੇ ਉਸ ਦੇ ਬਣਾਏ ਚਿੱਤਰ ਅਨਮੋਲ ਹਨ।
_________________________
ਜਦੋਂ ਫੌਕਸ ਨਿਊਜ਼ ਨੂੰ ਸ਼ਰਮ ਆਈ
ਪਾਬਲੋ ਪਿਕਾਸੋ ਦੀ ਪੇਂਟਿੰਗ ‘ਵਿਮੈਨ ਆਫ ਅਲਜੀਰਸ’ ਬਾਰੇ ਖਬਰ ਨਸ਼ਰ ਕਰਨ ਵੇਲੇ ਫੌਕਸ ਨਿਊਜ਼ ਨੇ ਇਹ ਪੇਂਟਿੰਗ ਧੁੰਦਲੀ ਕਰ ਕੇ ਵਿਖਾਈ। ਚੈਨਲ ਵਾਲਿਆਂ ਦਾ ਖਿਆਲ ਸੀ ਕਿ ਪੇਂਟਿੰਗ ਵਿਚ ਦਿਸ ਰਹੀਆਂ ਔਰਤ ਦੀਆਂ ਛਾਤੀਆਂ ਨਹੀਂ ਦਿਖਾਉਣੀਆਂ ਚਾਹੀਦੀਆਂ। ਇਹ ਗੱਲ ਵੱਖਰੀ ਹੈ ਕਿ ਇਨ੍ਹਾਂ ਚੈਨਲਾਂ ਦੀਆਂ ਨਿਊਜ਼ ਐਂਕਰ ਅਕਸਰ ਹੀ ਭੜਕੀਲੇ ਲਿਬਾਸ ਪਾ ਕੇ ਖਬਰਾਂ ਪੜ੍ਹਦੀਆਂ ਹਨ। ਨਿਊਜ਼ ਚੈਨਲ ਦੀ ਇਸ ਹਰਕਤ ਦੀ ਚਾਰ-ਚੁਫੇਰਿਓਂ ਬਹੁਤ ਨੁਕਤਾਚੀਨੀ ਹੋਈ ਹੈ। ਇਸ ਨੂੰ ਨਿਊਜ਼ ਫੌਕਸ ਵੀ ਬਿਮਾਰ ਮਾਨਸਿਕਤਾ ਕਰਾਰ ਦਿੱਤਾ ਗਿਆ ਹੈ।