ਸ਼ਿਵ ਬਟਾਲਵੀ ਤੋਂ ਬਿਆਲੀ ਵਰ੍ਹੇ ਬਾਅਦ

ਗੁਲਜ਼ਾਰ ਸਿੰਘ ਸੰਧੂ
ਸ਼ਿਵ ਕੁਮਾਰ ਬਟਾਲਵੀ ਨੂੰ ਇਸ ਦੁਨੀਆਂ ਤੋਂ ਕੂਚ ਕੀਤਿਆਂ ਬਿਆਲੀ ਵਰ੍ਹੇ ਹੋ ਗਏ ਹਨ। ਸਾਹਿਤ ਦੀ ਦੁਨੀਆਂ ਵਿਚ ਉਹ ਮੇਰੀ ਪਸੰਦ ਦੇ ਤਿੰਨ ਬੰਦਿਆਂ ਵਿਚੋਂ ਇੱਕ ਸੀ। ਦੂਜੇ ਦੋ ਡਾæ ਮਹਿੰਦਰ ਸਿੰਘ ਰੰਧਾਵਾ ਤੇ ਕੁਲਵੰਤ ਸਿੰਘ ਵਿਰਕ ਸਨ। ਡਾæ ਰੰਧਾਵਾ 78 ਵਰ੍ਹੇ ਜੀਵਿਆ, ਵਿਰਕ 67 ਵਰ੍ਹੇ ਤੇ ਸ਼ਿਵ ਕੇਵਲ 36 ਵਰ੍ਹੇ।

ਡਾæ ਰੰਧਾਵਾ ਆਪਣੇ ਕੰਮਾਂ, ਵਿਰਕ ਆਪਣੀਆਂ ਲਿਖਤਾਂ ਤੇ ਸ਼ਿਵ ਆਪਣੇ ਬੋਲਾਂ ਸਦਕਾ-ਤਿੰਨੇ ਅੱਜ ਵੀ ਲੋਕ ਮਨਾਂ ਵਿਚ ਜਿਊਂਦੇ ਹਨ। ਡਾæ ਰੰਧਾਵਾ ਦਾ ਖੇਤਰ ਵਿਸ਼ਾਲ ਸੀ, ਵਿਰਕ ਦਾ ਪ੍ਰਭਾਵੀ ਤੇ ਸ਼ਿਵ ਦਾ ਸਰਬਵਿਆਪੀ। ਪੰਜਾਬ ਕਲਾ ਪ੍ਰੀਸ਼ਦ ਦੇ ਰੰਧਾਵਾ ਆਡੀਟੋਰੀਅਮ ਵਿਚ ਸ਼ਿਵ ਦੀ ਯਾਦ ਵਿਚ ਮਨਾਏ ਗਏ ਸਮਾਗਮ ਨੇ ਮੈਨੂੰ ਤਿੰਨੇ ਚੇਤੇ ਕਰਵਾ ਦਿੱਤੇ। ਡਾæ ਰੰਧਾਵਾ ਪ੍ਰੀਸ਼ਦ ਦਾ ਬਾਨੀ ਚੇਅਰਮੈਨ ਸੀ ਤੇ ਵਿਰਕ ਬਾਨੀ ਸਕੱਤਰ।
ਜੇ ਡਾæ ਰੰਧਾਵਾ ਦੀ ਯਾਦ ਵਿਚ ਹਰ ਵਰ੍ਹੇ ਸਮਾਗਮ ਹੁੰਦੇ ਹਨ ਤੇ ਸ਼ਿਵ ਦੀ ਯਾਦ ਸੰਗੀਤਮਈ ਸ਼ਾਮਾਂ, ਤਾਂ ਵਿਰਕ ਦੀ ਯਾਦ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪਿਛਲੇ ਦਿਨੀਂ ਉਸ ਦੀਆਂ ਚੋਣਵੀਆਂ ਕਹਾਣੀਆਂ ਦਾ ਅੰਗਰੇਜ਼ੀ ਅਨੁਵਾਦ ਕਰਵਾ ਕੇ ਉਨ੍ਹਾਂ ਵਿਚ ਉਸ ਦੇ ਮੂਲ ਅੰਗਰੇਜ਼ੀ ਲੇਖ ਤੇ ਮਿਡਲ ਪ੍ਰਕਾਸ਼ਤ ਕਰਕੇ ਅੰਗਰੇਜ਼ੀ ਭਾਸ਼ਾ ਵਿਚ ਇੱਕ ਤਿੰਨ ਗ੍ਰੰਥੀ ਪ੍ਰਕਾਸ਼ਤ ਕੀਤੀ ਹੈ।
ਇਹ ਰਚਨਾਵਲੀ ਵੀਹਵੀਂ ਸ਼ਤਾਬਦੀ ਦੇ ਪੰਜਾਬੀ ਜੀਵਨ ਦਾ ਸਮਾਜਕ ਇਤਿਹਾਸ ਹੈ। ਭਾਵੇਂ ਕੁਲਵੰਤ ਸਿੰਘ ਵਿਰਕ ਦੇ ਮੱਦਾਹ ਚੋਣਵੇਂ ਤੇ ਸੀਮਤ ਹਨ ਪਰ ਹਨ ਸਦੀਵੀ। ਡਾæ ਰੰਧਾਵਾ ਨੂੰ ਯਾਦ ਕਰਨ ਵਾਲੀਆਂ ਕਈ ਸੰਸਥਾਵਾਂ ਤੇ ਵਿਅਕਤੀ ਹਨ, ਸ਼ਿਵ ਬਟਾਲਵੀ ਸਮੁੱਚੇ ਪੰਜਾਬੀਆਂ ਦੇ ਮਨਾਂ ਵਿਚ ਵਸਦਾ ਹੈ, ਉਸ ਦੇ ਬੋਲ ਕਿਸੇ ਨਾ ਕਿਸੇ ਰੂਪ ਵਿਚ ਲੋਕ ਮਨਾਂ ਵਿਚ ਵਸੇ ਹੋਏ ਹਨ।
ਸਜਰਾ ਸਮਾਗਮ ਪੰਜਾਬ ਸੰਗੀਤ ਨਾਟਕ ਅਕਾਡਮੀ ਤੇ ਸੁਰ ਸੰਗਮ ਦਾ ਨਾ ਹੋ ਕੇ ਨਾਰਥ ਜ਼ੋਨ ਕਲਚਰਲ ਸੈਂਟਰ-ਪਟਿਆਲਾ ਅਤੇ ਹਰਿਆਣਾ ਤੇ ਚੰਡੀਗੜ੍ਹ ਪ੍ਰਸ਼ਾਸਨ ਦਾ ਵੀ ਹੋ ਨਿਬੜਿਆ। ਸਮਾਗਮ ਦਾ ਮੁਖ ਮਹਿਮਾਨ ਪੰਜਾਬ ਰਾਜਪਾਲ ਦਾ ਸਲਾਹਕਾਰ ਵਿਜੇ ਕੁਮਾਰ ਦੇਵ ਸੀ, ਜਿਸ ਦਾ ਪੁਸ਼ਤੈਨੀ ਪਿੰਡ ਸ਼ਿਵ ਦੇ ਪੁਸ਼ਤੈਨੀ ਪਿੰਡ ਦੇ ਨੇੜੇ ਹੀ ਸੀ, ਨਾਰੋਵਾਲ ਦੀ ਤਹਿਸੀਲ ਵਿਚ ਜੋ ਹੁਣ ਪਾਕਿਸਤਾਨ ਦਾ ਹਿੱਸਾ ਬਣ ਚੁੱਕੀ ਹੈ। ਵੱਡੀ ਗੱਲ ਇਹ ਕਿ ਉਸ ਨੂੰ ਸ਼ਿਵ ਦੇ ਏਨੇ ਗੀਤ ਮੂੰਹ ਜ਼ੁਬਾਨੀ ਕੰਠ ਸਨ, ਜਿੰਨੇ ਸ਼ਾਇਦ ਸ਼ਾਮ ਦੀ ਮਹਿਫਿਲ ਵਿਚ ਗਾਉਣ ਵਾਲੇ ਐਸ ਡੀ ਸ਼ਰਮਾ, ਰੀਤਾ ਗੰਗਾਹਰ, ਐਸ ਡੀ ਕੈਲੇ ਤੇ ਡਾæ ਕੋਮਲ ਚੁੱਘ ਨੂੰ ਵੀ ਨਹੀਂ ਸਨ। ਰੰਧਾਵਾ ਆਡੀਟੋਰੀਅਮ ਪੂਰੇ ਢਾਈ ਘੰਟੇ ‘ਇੱਕ ਮੇਰੀ ਅੱਖ ਕਾਸ਼ਨੀ ਦੂਜਾ ਰਾਤ ਦੇ ਉਣੀਂਦਰੇ ਨੇ ਮਾਰਿਆ’ ਅਤੇ ‘ਮਾਏ ਨੀ ਮਾਏਂ ਮੇਰੇ ਗੀਤਾਂ ਦਿਆਂ ਨੈਣਾਂ ਵਿਚ ਬਿਰਹੋਂ ਦੀ ਰੜਕ ਪਵੇ’ ਵਰਗੇ ਗੀਤਾਂ ਨਾਲ ਭਰਿਆ ਪਿਆ ਸੀ। ਐਸ਼ ਡੀæ ਸ਼ਰਮਾ ਨੇ ‘ਇਕ ਕੁੜੀ ਜੀਹਦਾ ਨਾਮ ਮੁਹੱਬਤ, ਸ਼ਹਿਰ ਤੇਰੇ ਤਰਕਾਲਾਂ ਢਲੀਆਂ’ ਤੇ ‘ਮੈਂ ਅਧੂਰੇ ਗੀਤ ਦੀ ਇਕ ਸਤਰ ਹਾਂ’ ਪੇਸ਼ ਕਰਕੇ ਸਰੋਤਿਆਂ ਨੂੰ ਨਿਹਾਲ ਕੀਤਾ ਅਤੇ ਆਰ ਡੀ ਕੈਲੇ ਨੇ ਸਰੋਤਿਆਂ ਦੀਆਂ ਇਕ ਦਰਜਨ ਫਰਮਾਇਸ਼ਾਂ ਉਤੇ ਪੂਰਾ ਉਤਰ ਕੇ। ‘ਜੋਬਨ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ’ ਕਹਿਣ ਵਾਲਾ ਸ਼ਿਵ ਇਕ ਪੂਰੀ ਸ਼ਾਮ ਰੰਧਾਵਾ ਆਡੀਟੋਰੀਅਮ ਵਿਚ ਛਾਇਆ ਰਿਹਾ, ਕੁਝ ਏਸ ਤਰ੍ਹਾਂ ਜਿਵੇਂ ਉਹ ਰੰਧਾਵਾ ਤੇ ਵਿਰਕ ਨੂੰ ਮਾਤ ਪਾ ਗਿਆ ਸੀ। ਜੇ ਅੱਜ ਨਹੀਂ ਤਾਂ ਕੱਲ ਪਾ ਜਾਵੇਗਾ। ਪਹਾੜਾਂ ਵਿਚ ਉਗੀ ਕੰਡਿਆਲੀ ਥੋਹਰ ਵੀ ਇਹੀਓ ਕਹਿ ਰਹੀ ਸੀ।
ਗਦਰ ਪਾਰਟੀ ਲਹਿਰ ਦੀ ਪੈੜ ਨੱਪਣ ਵਾਲੇ: ਗਦਰ ਪਾਰਟੀ ਲਹਿਰ ਆਪਣੀ ਸਥਾਪਨਾ ਦੇ ਸੌ ਵਰ੍ਹੇ ਪੂਰੇ ਕਰ ਚੁੱਕੀ ਹੈ। 1913 ਵਿਚ ਇਸਦੀ ਸ਼ਤਾਬਦੀ ਮਨਾਉਣ ਦੇ ਪ੍ਰਸੰਗ ਵਿਚ ਅਨੇਕਾਂ ਪ੍ਰੋਗਰਾਮ ਨੇਪਰੇ ਚੜ੍ਹੇ। ਭਾਰਤ ਦੇ ਸੁਤੰਤਰਤਾ ਸੰਗਰਾਮ ਵਿਚ ਇਸ ਦੀ ਏਨੀ ਮਹੱਤਤਾ ਹੈ ਕਿ ਇਸ ਦੀ ਪੈੜ ਨੱਪਣ ਵਾਲੇ ਕੋਈ ਨਾ ਕੋਈ ਰਚਨਾ ਲੈ ਕੇ ਹਾਜ਼ਰ ਹੋ ਜਾਂਦੇ ਹਨ। 2014 ਵਿਚ ਭਾਰਤ ਸਰਕਾਰ ਨੇ ਡਾæ ਰਘਬੀਰ ਸਿੰਘ ਤੋਂ ‘ਗਦਰ ਪਾਰਟੀ ਲਹਿਰ: ਸੰਖੇਪ ਇਤਿਹਾਸ’ ਲਿਖਵਾ ਕੇ ਸਮੁੰਦਰ ਨੂੰ ਕੁੱਜੇ ਵਿਚ ਬੰਦ ਕਰਨ ਵਰਗਾ ਉਪਰਾਲਾ ਕੀਤਾ ਹੈ। ਭਾਵੇਂ ਰਘਬੀਰ ਸਿੰਘ ਇਸ ਲਹਿਰ ਦੀ ਉਤਪਤੀ ਅਤੇ ਵਿਕਾਸ ਖੋਜਣ ਵਿਚ ਲੰਮੇ ਅਰਸੇ ਤੋਂ ਜੁੜਿਆ ਹੋਇਆ ਸੀ ਪਰ ਇਸ ਦੀ ਪੁਸਤਕੀ ਪੇਸ਼ਕਾਰੀ ਪਿਛਲੇ ਸਾਲ ਹੀ ਹੋ ਸਕੀ ਹੈ।
ਇਸ ਲਹਿਰ ਬਾਰੇ ਵੱਖ-ਵੱਖ ਨਾਂਵਾਂ ਥੱਲੇ ਕਈ ਦਸਤਾਵੇਜ਼ ਛਪ ਚੁੱਕੇ ਹਨ ਜਿਨ੍ਹਾਂ ਵਿਚੋਂ ਜਗਜੀਤ ਸਿੰਘ, ਗੁਰਚਰਨ ਸਿੰਘ ਸਹਿੰਸਰਾ, ਭਗਤ ਸਿੰਘ ਬਿਲਗਾ ਤੇ ਸੋਹਣ ਸਿੰਘ ਜੋਸ਼ ਦੀ ਪੇਸ਼ਕਾਰੀ ਤੇ ਪ੍ਰਸੰæਸਾ ਦਾ ਵਿਸ਼ਾ ਰਹੀ ਹੈ। ਰਘਬੀਰ ਸਿੰਘ ਦੀ ਵਡਿਆਈ ਇਸ ਵਿਚ ਹੈ ਕਿ ਉਸ ਨੇ ਆਪਣੀ ਸੰਖੇਪ ਰਚਨਾ ਵਿਚ ਗਦਰ ਲਹਿਰ ਦੀ ਸੈਕੂਲਰ ਸੋਚ ਨੂੰ ਇਸ ਦਾ ਬਣਦਾ ਸਥਾਨ ਦਿੱਤਾ ਹੈ। ਗਦਰ ਪਾਰਟੀ ਲਹਿਰ ਨੂੰ ਪ੍ਰਣਾਏ ਸੂਰਮਿਆਂ ਦੀ ਦੇਣ ਨੂੰ ਭੁਲਾਉਣ ਵਾਲਾ ਤਾਂ ਕੋਈ ਨਹੀਂ ਜੰਮਿਆ ਪਰ ਦੇਸ਼ ਭਰ ਵਿਚ ਆਏ ਫਿਰਕਾਪ੍ਰਸਤੀ ਦੇ ਨਵੇਂ ਦੌਰ ਨੇ ਇਸ ਦੇ ਸੈਕੂਲਰ ਸੁਭਾਅ ਉਤੇ ਪੋਚਾ ਫੇਰਨਾ ਸ਼ੁਰੂ ਕਰ ਦਿੱਤਾ ਹੈ। ਇਸ ਨੂੰ ਰੋਕਣ ਵਿਚ ਬਣਦਾ-ਸਰਦਾ ਯੋਗਦਾਨ ਪਾਉਣਾ ਹਰ ਬੁੱਧੀਜੀਵੀ ਲਈ ਅਵਸ਼ਕ ਹੋ ਗਿਆ ਹੈ। ਜੇ ਮਲਵਿੰਦਰ ਜੀਤ ਸਿੰਘ ਵੜੈਚ ਨੇ ‘ਸਾਕਾ ਕਾਮਾਗਾਟਾ ਮਾਰੂ’ ਦੀ ਦੇਣ ਨੂੰ ਪਹਿਚਾਣਿਆ ਹੈ ਤਾਂ ਕਿਰਪਾਲ ਸਿੰਘ ਕਸੇਲ ਨੇ ਗਦਰ ਲਹਿਰ ਦੇ ਨਾਇਕਾਂ ਊਧਮ ਸਿੰਘ ਕਸੇਲ ਤੇ ਹਰਨਾਮ ਸਿੰਘ ਕਸੇਲ ਦੀ ਦੇਣ ਨੂੰ ਓਸੇ ਤਰ੍ਹਾਂ ਚੇਤੇ ਕੀਤਾ ਹੈ ਜਿਵੇਂ ਚਰੰਜੀ ਲਾਲ ਕੰਗਣੀਵਾਲ ਨੇ ਬਾਬਾ ਭਗਵਾਨ ਸਿੰਘ ਦੁਸਾਂਝ ਦੀ ਜੀਵਨੀ ਤੇ ਸੰਘਰਸ਼ ਨੂੰ। ਅੱਜ ਦੇ ਦਿਨ ਸਾਨੂੰ ਫਿਰਕੂ ਕਟੜਪੁਣੇ ਤੋਂ ਬਚਣ ਦੀ ਕਿੰਨੀ ਲੋੜ ਹੈ ਕਿਸੇ ਨੂੰ ਭੁੱਲੀ ਹੋਈ ਨਹੀਂ। ਇਨ੍ਹਾਂ ਬੁੱਧੀਜੀਵੀਆਂ ਦੇ ਦਸਤਾਵੇਜ਼ਾਂ ਦਾ ਸਵਾਗਤ ਹੈ।
ਅੰਤਿਕਾ: (ਸ਼ਕੀਲ ਬਦਾਯੂੰਨੀ)
ਵਹੀ ਕਾਰਵਾਂ, ਵਹੀ ਰਾਸਤੇ
ਵਹੀ ਜ਼ਿੰਦਗੀ, ਵਹੀ ਮਰਹਲੇ,
ਮਗਰ ਅਪਨੇ ਅਪਨੇ ਮੁਕਾਮ ਪਰ
ਕਭੀ ਤੁਮ ਨਹੀਂ ਕਭੀ ਹਮ ਨਹੀਂ।