‘ਪੰਜਾਬ ਟਾਈਮਜ਼’ ਦੇ 9 ਮਈ ਦੇ ਅੰਕ ਵਿਚ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਦਲਜੀਤ ਅਮੀ ਦਾ ਲੰਮਾ ਖਤ ਪੜ੍ਹਿਆ। ਪੜ੍ਹ ਕੇ ਮਨ ਨੂੰ ਸਕੂਨ ਮਿਲਿਆ ਕਿ ਪੰਜਾਬੀ ਪੱਤਰਕਾਰਾਂ ਵਿਚ ਹਾਲੇ ਵੀ ਅਣਖ ਅਤੇ ਇਮਾਨਦਾਰੀ ਬਾਕੀ ਹੈ। ਹੋਰ ਕਿਸੇ ਨੇ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਤੱਥਾਂ ਦਾ ਵੇਰਵਾ ਦੇ ਕੇ ਝੰਜੋੜਨ ਦੀ ਕੋਸ਼ਿਸ਼ ਨਹੀਂ ਕੀਤੀ।
ਬੁਢਾਪੇ ਵਿਚ ਬੰਦੇ ਦਾ ਦਿਮਾਗ ਅਤੇ ਨਿਗ੍ਹਾ ਕਮਜ਼ੋਰ ਹੋ ਜਾਂਦੇ ਹਨ ਅਤੇ ਜੇ ‘ਮਾਇਆ’ ਦੀ ਮੋਟੀ ਤਹਿ ਦੋਵਾਂ ‘ਤੇ ਹੀ ਚੜ੍ਹ ਜਾਵੇ ਫਿਰ ਤਾਂ ਮਨੁੱਖ ਅੰਨ੍ਹਾ ਹੀ ਹੋ ਜਾਂਦਾ ਹੈ; ਉਸ ਦਾ ਦਿਮਾਗ ਅਤੇ ਅੱਖਾਂ ਦੋਵੇਂ ਹੀ ਚੀਜ਼ਾਂ ਦੇ ਸਹੀ ਅਤੇ ਗਲਤ ਹੋਣ ਦੀ ਪਛਾਣ ਕਰਨਾ ਭੁੱਲ ਜਾਂਦੇ ਹਨ; ਕੀ ਪਤਾ ਦਲਜੀਤ ਅਮੀ ਦਾ ਖਤ ਪੜ੍ਹ ਕੇ ਲੋਕ ਜਾਗ ਪੈਣ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਸਹੀ ਤੇ ਗਲਤ ਦੀ ਪਛਾਣ ਕਰਨ ਲਈ ਮਜਬੂਰ ਕਰ ਦੇਣ। ਜਿਉਂਦੇ ਜੀਅ ਆਸ ਨਹੀਂ ਛੱਡਣੀ ਚਾਹੀਦੀ।
ਸ਼ਾਇਦ 2012 ਦੀ ਗੱਲ ਹੈ ਜਦੋਂ ਸਾਅਦਤ ਹਸਨ ਮੰਟੋ ਦੀ 100ਵੀਂ ਵਰ੍ਹੇਗੰਢ ਉਸ ਦੇ ਪਿੰਡ ਪਪੜੌਦੀ (ਸਮਰਾਲਾ) ਮਨਾਈ ਗਈ ਸੀ। ਦਲਜੀਤ ਅਮੀ ਦਾ ਮੰਟੋ ਬਾਰੇ ਲੇਖ ‘ਪੰਜਾਬ ਟਾਈਮਜ਼’ ਵਿਚ ਛਪਿਆ ਸੀ ਜਿਸ ਦਾ ਸਿਰਲੇਖ ਸ਼ਾਇਦ ‘ਮੰਟੋ-ਮੇਰਾ ਗਰਾਈਂ’ ਕਰ ਕੇ ਸੀ। ਦਲਜੀਤ ਅਮੀ ਦਾ ਪਿੰਡ ਦਊਦ ਪੁਰ ਸਮਰਾਲੇ ਅਤੇ ਖੰਨੇ ਦੇ ਵਿਚਕਾਰ ਜਿਹੇ ਪੈਂਦਾ ਹੈ। ਮੇਰਾ ਪਿੰਡ ਸਮਰਾਲੇ ਤੋਂ ਚੰਡੀਗੜ੍ਹ ਵਾਲੇ ਪਾਸੇ 5-6 ਕਿਲੋਮੀਟਰ ਦੇ ਫਾਸਲੇ ‘ਤੇ ਹੈ। ਪਪੜੌਦੀ ਨਾਲ ਮੇਰੇ ਬਚਪਨ ਦੀ ਸਾਂਝ ਹੈ। ਪਪੜੌਦੀ ਤੋਂ ਮੇਰੀ ਨਜ਼ਦੀਕੀ ਰਿਸ਼ਤੇਦਾਰ ਕੁੜੀ ਗੁਰਮੀਤ ਤੇ ਮੈਂ ਸਮਰਾਲੇ ਕੁੜੀਆਂ ਦੇ ਗੌਰਮਿੰਟ ਹਾਈ ਸਕੂਲ ਵਿਚ ਸੱਤਵੀਂ ਤੋਂ ਦਸਵੀਂ ਤੱਕ ਇਕੱਠੀਆਂ ਪੜ੍ਹੀਆਂ ਸਾਂ। ਇਸ ਲਈ ਅਸੀਂ ਸਦਾ ਇਕੱਠੀਆਂ ਘੁੰਗਰਾਲੀ ਮੇਰੇ ਪਿੰਡ, ਤੇ ਜਾਂ ਪਪੜੌਦੀ ਉਸ ਦੇ ਪਿੰਡ ਹੁੰਦੀਆਂ ਸਾਂ। ਜਿੰਨੇ ਮਾਣ ਨਾਲ ਦਲਜੀਤ ਅਮੀ ਨੇ ਉਦੋਂ ਮੰਟੋ ਨੂੰ ਆਪਣਾ ਗਰਾਈਂ ਕਿਹਾ ਸੀ, ਉਵੇਂ ਹੀ ਕਹਿਣ ਨੂੰ ਮੇਰਾ ਵੀ ਜੀਅ ਕਰਦਾ ਹੈ,’ਦਲਜੀਤ ਅਮੀ-ਮੇਰਾ ਗਰਾਈਂ’। ਉਹ ਮੈਥੋਂ ਉਮਰ ਵਿਚ ਕਾਫੀ ਛੋਟਾ ਹੈ ਪਰ ਇਸ ਖੱਤ ਵਿਚ ਜਿੰਨੀ ਦਲੇਰੀ ਉਸ ਨੇ ਸੱਚ ਨੂੰ ਸੱਚ ਕਹਿਣ ਦੀ ਦਿਖਾਈ ਹੈ, ਮੇਰਾ ਸਿਰ ਉਸ ਦੇ ਸਤਿਕਾਰ ਵਿਚ ਝੁਕਦਾ ਹੈ। ਵਰਨਾ ਅਜ ਬਹੁਤੇ ਪੱਤਰਕਾਰ ਤਾਂ ਹਾਕਮਾਂ ਦੇ ਪਿਠੂ ਹੀ ਬਣੇ ਹੋਏ ਹਨ। ਵਾਹਿਗੁਰੂ ਅੱਗੇ ਅਰਦਾਸ ਹੈ ਕਿ ਉਹ ਉਸ ਉਤੇ ਆਪਣੀ ਮਿਹਰ ਇਸੇ ਤਰ੍ਹਾਂ ਬਣਾਈ ਰੱਖੇ।
-ਗੁਰਨਾਮ ਕੌਰ, ਕੈਨੇਡਾ
ਬਾਲਟੀਮੋਰ ਦਾ ਲੋਕ ਉਭਾਰ
‘ਪੰਜਾਬ ਟਾਈਮਜ਼’ (ਅੰਕ 20, 16 ਮਈ) ਵਿਚ ਪਰਮਜੀਤ ਰੋਡੇ ਦਾ ਲੇਖ ‘ਬਾਲਟੀਮੋਰ ਦਾ ਲੋਕ ਉਭਾਰ’ ਪੜ੍ਹ ਕੇ ਮਸਲੇ ਦੀ ਜੜ੍ਹ ਦਾ ਪਤਾ ਲੱਗਿਆ। ਇਹ ਗੱਲ ਸਹੀ ਹੈ ਕਿ ਮੁਲਕ ਕੋਈ ਵੀ ਹੋਵੇ, ਸਰਕਾਰ, ਪ੍ਰਸ਼ਾਸਨ ਅਤੇ ਮੀਡੀਆ ਹਰ ਵਾਰ ਅਜਿਹੇ ਲੋਕ ਉਭਾਰ ਨੂੰ ਕਾਨੂੰਨ-ਵਿਵਸਥਾ ਦੀ ਮਾੜੀ ਹਾਲਤ ਦੇ ਖਾਤੇ ਪਾ ਕੇ ਲੋਕਾਂ ਨੂੰ ਗੁੰਮਰਾਹ ਕਰਦਾ ਹੈ। ਇਸ ਪੱਖੋਂ ਪਰਮਜੀਤ ਰੋਡੇ ਵਧਾਈ ਦਾ ਹੱਕਦਾਰ ਹੈ ਜਿਸ ਨੇ ਇੰਨੇ ਘੱਟ ਸ਼ਬਦਾਂ ਵਿਚ ਅਤੇ ਪੂਰਾ ਟਿਕਾ ਕੇ ਇਸ ਮੁੱਦੇ ਦੀ ਪੁਣ-ਛਾਣ ਕੀਤੀ ਹੈ। ‘ਪੰਜਾਬ ਟਾਈਮਜ਼’ ਵਿਚ ਅਜਿਹੇ ਅਰਟੀਕਲ ਅਕਸਰ ਨਜ਼ਰੀਂ ਪੈ ਜਾਂਦੇ ਹਨ ਜਿਹੜੇ ਹੋਰਾਂ ਨਾਲੋਂ ਬਿਲਕੁੱਲ ਵੱਖਰੇ ਹੁੰਦੇ ਹਨ। ਇਸ ਲਈ ਅਜਿਹੇ ਲੇਖਕਾਂ ਤੇ ਪਾਠਕਾਂ ਨੂੰ ‘ਪੰਜਾਬ ਟਾਈਮਜ਼’ ਦਾ ਮੰਚ ਮੁਹੱਈਆ ਕਰਵਾਉਣ ਲਈ ਤੁਹਾਡਾ ਵੀ ਸ਼ੁਕਰੀਆ।
ਇਸੇ ਅੰਕ ਵਿਚ ਕਾਲਮ ਨਵੀਸ ਦਲਜੀਤ ਅਮੀ ਦਾ ਲੇਖ ‘ਜਿਥੇ ਜਿਉਂਦੇ ਰਹਿਣ ਦਾ ਸੁਫ਼ਨਾ ਇਰਾਦਾ ਕਤਲ ਹੈ’ ਅਤੇ ਨਵਚੇਤਨ ਲੰਡਨ ਦਾ ਲੇਖ ‘ਡਾਢਿਆਂ ਦੀ ਮੰਡੀ ਵਿਚ ਜ਼ਿੰਦਗੀ ਦਾ ਮੁੱਲ’ ਵੀ ਝੰਜੋੜਨ ਵਾਲੀਆਂ ਲਿਖਤਾਂ ਸਨ। 9 ਮਈ ਦੇ ਅੰਕ ਵਿਚ ਦਲਜੀਤ ਅਮੀ ਦਾ ‘ਮੁੱਖ ਮੰਤਰੀ ਦੇ ਨਾਂ ਖੁੱਲ੍ਹਾ ਖਤ’ ਪੂਰੇ ਦਿਲ-ਗੁਰਦੇ ਨਾਲ ਲਿਖਿਆ ਗਿਆ ਲੇਖ ਸੀ। ਲਿਖਤਾਂ ਵਿਚ ਇੰਨੀ ਹੀ ਜਾਨ ਹੋਣੀ ਚਾਹੀਦੀ ਹੈ। ਜਿਵੇਂ ਬੁਲਗਾਰੀਆ ਦੇ ਕਿਸੇ ਸ਼ਾਇਰ ਨੇ ਲਿਖਿਆ ਸੀ, ‘ਇਸ ਤਰ੍ਹਾਂ ਲਿਖੋ ਜਿਵੇਂ ਤੁਹਾਡੇ ਨਹੁੰਆਂ ਵਿਚੋਂ ਲਹੂ ਸਿੰਮ ਰਿਹਾ ਹੋਵੇæææ।’ ਇਹ ਲੇਖ ਵੀ ਸਿੰਮਦੇ ਪੋਟਿਆਂ ਨਾਲ ਲਿਖੇ ਗਏ ਹਨ।
-ਕੁਲਤਾਰ ਸਿੰਘ ਬੈਂਸ, ਰਿਚਮੰਡ ਹਿੱਲ (ਨਿਊ ਯਾਰਕ)