ਹਕੀਕਤ ਦੇ ਰੂ-ਬ-ਰੂ ਸਿਨੇਮਾ

ਕੁਲਦੀਪ ਕੌਰ
ਫੋਨ: +91-98554-04330
1941 ਵਿਚ ਫਿਲਮਸਾਜ਼ ਵੀæ ਸ਼ਾਂਤਾਰਾਮ ਨੇ ਵੱਖ-ਵੱਖ ਫਿਰਕਿਆਂ ਦੀ ਸਹਿ-ਹੋਂਦ ‘ਤੇ ਆਧਾਰਿਤ ਫਿਲਮ ‘ਪੜੋਸੀ’ ਬਣਾਈ। ਅਗਲੇ ਸਾਲ 1942 ਵਿਚ ਮਹਿਬੂਬ ਖਾਨ ਨੇ ‘ਰੋਟੀ’ ਬਣਾ ਕੇ ਵਰਗ-ਵੰਡ ਦੀ ਵਿਚਾਰਧਾਰਾ ਅਤੇ ਮਜ਼ਦੂਰਾਂ ਦੇ ਤਰਸਯੋਗ ਹਾਲਾਤ ਦੀ ਗੱਲ ਕੀਤੀ। ਉਸ ਸਮੇਂ ਦੇ ਨੌਜਵਾਨਾਂ ਦੇ ਮਾਨਸਿਕ ਦਵੰਦਾਂ ਨੂੰ ਆਵਾਜ਼ ਦਿੰਦੀ ‘ਕਿਸਮਤ’ ਨੂੰ ਭਾਰਤ ਦੀ ਪਹਿਲੀ ਸੁਪਰਹਿੱਟ ਫ਼ਿਲਮ ਮੰਨਿਆ ਜਾਂਦਾ ਹੈ।

ਇਸ ਫਿਲਮ ਦੇ ਨਿਰਦੇਸ਼ਕ ਗਿਆਨ ਮੁਖਰਜੀ ਸਨ ਅਤੇ ਇਸ ਵਿਚ ਮੁੱਖ ਭੂਮਿਕਾ ਅਸ਼ੋਕ ਕੁਮਾਰ ਤੇ ਮੁਮਤਾਜ਼ ਸ਼ਾਂਤੀ ਦੀ ਸੀ। ਫਿਲਮ ਵਿਚ ਅਸ਼ੋਕ ਕੁਮਾਰ ਅਜਿਹੇ ਨੌਜਵਾਨ ਦੀ ਭੂਮਿਕਾ ਵਿਚ ਹੈ ਜੋ ਬੇਰੁਜ਼ਗਾਰੀ ਤੇ ਗਰੀਬੀ ਤੋਂ ਤੰਗ ਆ ਕੇ ਜੇਬਕਤਰਾ ਬਣ ਜਾਂਦਾ ਹੈ। ਅਪਰਾਧ ਦੀ ਦੁਨੀਆਂ ਵਿਚ ਰਹਿੰਦਿਆਂ ਵੀ ਉਸ ਅੰਦਰਲੀ ਸੰਵੇਦਨਸ਼ੀਲਤਾ, ਮਮਤਾ ਅਤੇ ਮੋਹ ਨਹੀਂ ਮਰਦਾ। ਇਸ ਫਿਲਮ ਦੀ ਜ਼ਿਆਦਾ ਚਰਚਾ ਇਸ ਦੇ ਗੀਤ ‘ਦੂਰ ਹਟੋ, ਦੂਰ ਹਟੋ, ਐ ਦੁਨੀਆਂ ਵਾਲੋæææ ਹਿੰਦੋਸਤਾਨ ਹਮਾਰਾ ਹੈ’ ਕਰ ਕੇ ਹੁੰਦੀ ਹੈ ਜਿਸ ਦਾ ਬ੍ਰਿਟਿਸ਼ ਸਰਕਾਰ ਨੇ ਸਖ਼ਤ ਨੋਟਿਸ ਲਿਆ ਸੀ।
ਨੌਜਵਾਨਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੀ ਇਕ ਹੋਰ ਫਿਲਮ ‘ਚਲ ਚਲ ਰੇ ਨੌਜਵਾਨ’ 1944 ਵਿਚ ਫਿਲਮ ਆਈ। ਇਸ ਫਿਲਮ ਦੀ ਪਟਕਥਾ ਸਾਅਦਤ ਹਸਨ ਮੰਟੋ ਨੇ ਲਿਖੀ ਸੀ। 1944 ਵਿਚ ‘ਫੂਲ’ ਰਾਹੀਂ ਪੱਤਰਕਾਰ-ਲੇਖਕ ਖ਼ਵਾਜਾ ਅਹਿਮਦ ਅੱਬਾਸ ਨੇ ਫਿਲਮ ਸੰਸਾਰ ਵਿਚ ਪਹਿਲੀ ਦਸਤਕ ਦਿੱਤੀ। 1946 ਵਿਚ ਮਹਿਬੂਬ ਖ਼ਾਨ ਦੀ ਫਿਲਮ ‘ਅਨਮੋਲ ਘੜੀ’ ਨੇ ਭਾਰਤੀ ਸਿਨੇਮਾ ਵਿਚ ਗੀਤ-ਸੰਗੀਤ ਦੀ ਸਰਦਾਰੀ ਨੂੰ ਪੱਕੇ ਪੈਰੀਂ ਕੀਤਾ, ਨਾਲ ਹੀ ਨੂਰ ਜਹਾਂ ਵਰਗੀ ਖੂਬਸੂਰਤ ਅਦਾਕਾਰਾ ਤੇ ਮਖਮਲੀ ਆਵਾਜ਼ ਰਾਤੋ-ਰਾਤ ਘਰ-ਘਰ ਪਹੁੰਚਾ ਦਿੱਤੀ। ਇਸ ਫਿਲਮ ਦੇ ਗਾਣੇ ‘ਆਵਾਜ਼ ਦੇ ਕਹਾਂ ਹੈ’, ‘ਜਵਾਂ ਹੈ ਮੁਹੱਬਤ’ ਅਜਿਹੀਆਂ ਸਦਾਬਹਾਰ ਧੁਨਾਂ ਹੋ ਨਿਬੜੀਆਂ।
1946 ਦਾ ਵਰ੍ਹਾ ਭਾਰਤੀ ਸਿਨੇਮਾ ਵਿਚ ਬੇਹੱਦ ਮਹੱਤਵਪੂਰਨ ਸੀ। 1946 ਤੱਕ ਆਉਂਦਿਆਂ ਜਿੱਥੇ ਆਲਮੀ ਪੱਧਰ ‘ਤੇ ਦੂਜੀ ਵੱਡੀ ਜੰਗ ਨੇ ਜ਼ਿਆਦਾਤਰ ਮੁਲਕਾਂ ਦੀ ਆਰਥਿਕਤਾ ਨੂੰ ਤੋੜ ਸੁੱਟਿਆ ਸੀ, ਉਥੇ ਇਸ ਦੇ ਪ੍ਰਭਾਵ ਕਾਰਨ ਬ੍ਰਿਟਿਸ਼ ਸਾਮਰਾਜਵਾਦ ਦੀਆਂ ਚੂਲਾਂ ਵੀ ਜਰਕ ਰਹੀਆਂ ਸਨ। 1941 ਵਿਚ ਨਜ਼ਰਬੰਦੀ ਤੋਂ ਛੁੱਟ ਕੇ ਸ਼ੁਭਾਸ ਚੰਦਰ ਬੋਸ ਅਚਾਨਕ ਫ਼ਰਾਰ ਹੋ ਗਏ। ਬਰਲਿਨ ਪਹੁੰਚ ਕੇ ਹਿਟਲਰ ਨਾਲ ਮਿਲ ਕੇ ਉਨ੍ਹਾਂ ਅੰਗਰੇਜ਼ਾਂ ਖਿਲਾਫ਼ ਮੋਰਚਾ ਖੋਲ੍ਹ ਲਿਆ। ਉਧਰ 1942 ਤੱਕ ਆਉਂਦਿਆਂ ‘ਭਾਰਤ ਛੱਡੋ’ ਦਾ ਨਾਅਰਾ ਬੁਲੰਦ ਹੋਣਾ ਸ਼ੁਰੂ ਹੋ ਗਿਆ ਜਿਸ ਨੇ ਸਾਰੇ ਮੁਲਕ ਵਿਚ ਆਉਣ ਵਾਲੀ ‘ਆਜ਼ਾਦੀ’ ਦੀ ਉਮੀਦ ਜਗਾਈ। 1943-44 ਵਿਚ ਹੀ ਬੰਗਾਲ ਵਿਚ ਭਿਅੰਕਰ ਅਕਾਲ ਪਿਆ। 1944 ਵਿਚ ਹੀ ਕਮਿਊਨਿਸਟ ਪਾਰਟੀ ਨੇ ਆਪਣੀ ਸਭਿਆਚਾਰਕ ਇਕਾਈ ਦੇ ਤੌਰ ਉਤੇ ‘ਇਪਟਾ’ (ਇੰਡੀਅਨ ਪੀਪਲਜ਼ ਥਿਏਟਰ ਐਸ਼ੋਸੀਏਸ਼ਨ) ਬਣਾਈ। ਇਸ ਦੇ ਨਾਲ ਹੀ ਮੁਸਲਿਮ ਲੀਗ ਨੇ ਨਵੇਂ ਰਾਸ਼ਟਰ ਦੀ ਸਥਾਪਨਾ ਦੀ ਮੰਗ ਚੁੱਕਣੀ ਸ਼ੁਰੂ ਕਰ ਦਿੱਤੀ। ਬ੍ਰਿਟਿਸ਼ ਸਰਕਾਰ ਦੁਆਰਾ ਸਿਆਸੀ ਸਥਿਤੀ ਦਾ ਫ਼ਾਇਦਾ ਲੈਣ ਲਈ ਅਤੇ ਵੋਟਾਂ ਦੇ ਆਧਾਰ ‘ਤੇ ਫ਼ਿਰਕਾਪ੍ਰਸਤੀ ਦੇ ਉਭਾਰ ਲਈ ਚੋਣਾਂ ਕਰਵਾਈਆਂ ਗਈਆਂ। ਕਾਂਗਰਸ ਪਾਰਟੀ ਜੇਤੂ ਰਹੀ, ਪਰ ਮੁਸਲਿਮ ਬਹੁ-ਗਿਣਤੀ ਵਾਲੇ ਖ਼ੇਤਰਾਂ ਤੋਂ ਮੁਸਲਿਮ ਨੇਤਾ ਚੁਣੇ ਗਏ। ਇਸ ਤੋਂ ਉਤਸ਼ਾਹਿਤ ਹੁੰਦਿਆਂ 16 ਅਗਸਤ 1946 ਤੋਂ ਮੁਹੰਮਦ ਜਿਨਾਹ ਨੇ ਭਾਰਤ ਦੀ ਵੰਡ ਅਤੇ ਮੁਸਲਮਾਨਾਂ ਲਈ ਵੱਖਰੇ ਮੁਲਕ ਦੀ ਪ੍ਰਾਪਤੀ ਲਈ ਅੰਦੋਲਨ ਸ਼ੁਰੂ ਕਰ ਦਿੱਤਾ। ਬ੍ਰਿਟਿਸ਼ ਹਕੂਮਤ ਲਈ ਇਹ ਸਾਰੀ ਉਥਲ-ਪੁਥਲ ਭਾਰਤ ਵਿਚੋਂ ਆਪਣੀ ਬੋਰੀਆ-ਬਿਸਤਰ ਸਮੇਟਣ ਦੀ ਘੰਟੀ ਸੀ। ਉਂਝ ਵੀ ਦੂਜੀ ਵੱਡੀ ਜੰਗ ਦੀ ਝੰਬੀ ਅੰਗਰੇਜ਼ੀ ਹਕੂਮਤ ਲਈ ਬਸਤੀਆਂ ਦਾ ਸ਼ਾਸਨ ਤੇ ਪ੍ਰਬੰਧ ਗਲੇ ਦੀ ਹੱਡੀ ਬਣ ਰਿਹਾ ਸੀ। ਬੰਗਾਲ ਦਾ ਅਕਾਲ 1946 ਵਿਚ ਫਿਲਮਸਾਜ਼ ਖਵਾਜਾ ਅਹਿਮਦ ਅੱਬਾਸ ਦੀ ਫਿਲਮ ‘ਧਰਤੀ ਕੇ ਲਾਲ’ ਦਾ ਆਧਾਰ ਬਣਿਆ। ਇਹ ਫਿਲਮ ‘ਇਪਟਾ’ ਨੇ ਬਣਾਈ ਸੀ ਜਿਹੜੀ ਅਕਾਲ ਦੀ ਤਬਾਹੀ ਦੇ ਬਾਵਜੂਦ ਸਮੂਹਿਕ ਚੇਤਨਾ ਅਤੇ ਸੰਘਰਸ਼ ਵਿਚ ਉਮੀਦ ਦੀ ਕਿਰਨ ਤਲਾਸ਼ਦੀ ਹੈ। ਫਿਲਮ ਨੂੰ ਯਥਾਰਥਵਾਦੀ ਸਿਨੇਮਾ ਨਾਲ ਜੋੜ ਕੇ ਵੀ ਸਮਝਿਆ ਜਾ ਸਕਦਾ ਹੈ। ਇਸੇ ਸਮੇਂ ਦੌਰਾਨ ਹੀ ਵੀæ ਸ਼ਾਂਤਾਰਾਮ ਨੇ ਖਵਾਜਾ ਅਹਿਮਦ ਅੱਬਾਸ ਦੀ ਕਹਾਣੀ ‘ਐਂਡ ਵੰਨ ਡਿਡ ਨੌਟ ਕਮ ਬੈਕ’ ਉਤੇ ਫਿਲਮ ਬਣਾਈ ‘ਡਾæ ਕੋਟਨਿਸ ਕੀ ਅਮਰ ਕਹਾਨੀ’। ਇਹ ਫਿਲਮ ਕਈ ਪੱਖਾਂ ਤੋਂ ਮਹੱਤਵਪੂਰਨ ਹੈ। ਫਿਲਮ ਵਿਚ ਅਜਿਹੇ ਨੌਜਵਾਨ ਡਾਕਟਰ ਦੀ ਕਹਾਣੀ ਹੈ ਜਿਸ ਨੂੰ ਅੰਗਰੇਜ਼ੀ ਹਕੂਮਤ ਦੂਜੀ ਵੱਡੀ ਜੰਗ ਵਿਚ ਲੜ ਰਹੇ ਚੀਨੀ ਸੈਨਿਕਾਂ ਦੇ ਇਲਾਜ ਲਈ ਚੀਨ ਭੇਜਦੀ ਹੈ। ਚੀਨੀ ਸੈਨਿਕਾਂ ਦੇ ਇਲਾਜ ਦੌਰਾਨ ਡਾæ ਕੋਟਨਿਸ ਦੀ ਮੁਲਾਕਾਤ ਚੀਨੀ ਕੁੜੀ ਚਿੰਗ ਲਾਨ ਨਾਲ ਹੁੰਦੀ ਹੈ ਤੇ ਉਹ ਉਸ ਨਾਲ ਪ੍ਰੇਮ-ਵਿਆਹ ਕਰ ਲੈਂਦਾ ਹੈ। ਜ਼ਖਮੀਆਂ ਦੇ ਇਲਾਜ ਦੌਰਾਨ ਉਹਨੂੰ ਵੀ ਭਿਅੰਕਰ ਰੋਗ ਲਪੇਟ ਵਿਚ ਲੈ ਲੈਂਦਾ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ।
‘ਇਪਟਾ’ ਦਾ ਕਲਾ ਦੇ ਜਮਹੂਰੀਕਰਨ ਵਿਚ ਮਹੱਤਵਪੂਰਨ ਰੋਲ ਰਿਹਾ ਹੈ। ਇਪਟਾ ਦੀ ਟੀਮ ਦੀ ਮਦਦ ਨਾਲ 1946 ਵਿਚ ਚੇਤਨ ਆਨੰਦ ਨੇ ਆਪਣੀ ਪਹਿਲੀ ਫਿਲਮ ‘ਨੀਚਾ ਨਗਰ’ ਦਾ ਨਿਰਮਾਣ ਕੀਤਾ। ਮੈਕਿਸਮ ਗੋਰਕੀ ਦੀ ਕਹਾਣੀ ‘ਤੇ ਆਧਾਰਿਤ ਇਸ ਫਿਲਮ ਵਿਚ ਕਿਸਾਨਾਂ/ਮਜ਼ਦੂਰਾਂ/ਨਿਮਨ ਵਰਗਾਂ ਦੇ ਜਿਉਣ ਹਾਲਾਤ ਨੂੰ ਯਥਾਰਥਕ ਢੰਗ ਨਾਲ ਦਿਖਾਇਆ ਗਿਆ ਸੀ। ਫਿਲਮ ਅਜਿਹੇ ਜ਼ਿਮੀਦਾਰ ਦੀ ਸੋਚ ਅਤੇ ਕਾਰਜਸ਼ੈਲੀ ਪੇਸ਼ ਕਰਦੀ ਹੈ ਜਿਸ ਲਈ ਮਜ਼ਦੂਰ-ਕਿਸਾਨ ਕੀੜੇ-ਮਕੌੜਿਆਂ ਵਾਂਗ ਹਨ। ਇਸ ਫਿਲਮ ਨੂੰ ਫ਼ਰਾਂਸ ਦੇ ਕਾਨ ਫਿਲਮ ਫੈਸਟੀਵਲ ਵਿਚ ਖ਼ਾਸ ਪੁਰਸਕਾਰ ਵੀ ਦਿੱਤਾ ਗਿਆ।
ਇਸ ਦੌਰ ਦੇ ਸਿਨੇਮਾ ਵਿਚ ਬਹੁਤ ਸਾਰੇ ਨਿਰਦੇਸ਼ਕ ਤੇ ਅਦਾਕਾਰ ਮੁਸਲਿਮ ਸਨ। ਮੁਸਲਿਮ ਸਮਾਜ ਦੀਆਂ ਸਮੱਸਿਆਵਾਂ ਅਤੇ ਵਰਗ ਸ਼ੰਘਰਸ ‘ਤੇ ਆਧਾਰਿਤ ਫਿਲਮ ‘ਐਲਾਨ’ 1947 ਵਿਚ ਰਿਲੀਜ਼ ਹੋਈ। ਇਸ ਫਿਲਮ ਰਾਹੀਂ ਸ਼ੋਅਮੈਨ ਰਾਜਕਪੂਰ ਅਤੇ ਅਦਾਕਾਰਾ ਮਧੂਬਾਲਾ ਨੇ ਆਪਣਾ ਫਿਲਮੀ ਸਫ਼ਰ ਸ਼ੁਰੂ ਕੀਤਾ। ਇਉਂ ਭਾਰਤੀ ਸਿਨੇਮਾ ਵਿਚ 1940 ਤੋਂ 1950 ਦਾ ਸਮਾਂ ਜਿਥੇ ਸਿਆਸੀ ਪੱਧਰ ਤੇ ਰਾਸ਼ਟਰੀ ਉਥਲ-ਪੁਥਲ ਵਾਲਾ ਸੀ, ਉਥੇ ਸਮਾਜਕ ਤੌਰ ‘ਤੇ ਇਹ ਸਮਾਂ ਧਾਰਮਿਕ ਅਸਹਿਣਸ਼ੀਲਤਾ, ਸਮਾਜ ਸੁਧਾਰ ਲਹਿਰਾਂ, ਰਾਸ਼ਟਰੀ ਅੰਦੋਲਨਾਂ ਦਾ ਸਮਾਂ ਵੀ ਸੀ। ਇਸ ਦੌਰ ਦਾ ਸਿਨੇਮਾ ਇਕ ਪਾਸੇ ਇਨ੍ਹਾਂ ਹਾਲਾਤ ਪ੍ਰਤੀ ਯਥਾਰਥਵਾਦੀ ਨਜ਼ਰੀਆ ਰੱਖਦਾ ਸੀ, ਦੂਜੇ ਪਾਸੇ ਫਿਲਮਾਂ ਗੀਤ-ਸੰਗੀਤ ਪੱਖੋਂ ਮੁਹੱਬਤ ਤੇ ਰੂਮਾਨੀਅਤ ਵੱਲ ਵੀ ਵਧ ਰਹੀਆਂ ਸਨ। ਫਿਲਮ ਬਣਾਉਣਾ ਉਸ ਸਮੇਂ ਵੀ ਵੰਗਾਰ ਤੋਂ ਘੱਟ ਨਹੀਂ ਸੀ। ਫਿਲਮ ਲੇਖਕ ਤੋਂ ਲੈ ਕੇ ਅਦਾਕਾਰ ਤੱਕ ਸਾਰੇ, ਕੰਪਨੀਆਂ ਦੀਆਂ ਤਨਖਾਹਾਂ ‘ਤੇ ਕੰਮ ਕਰਦੇ ਸਨ। ਇਸ ਦੇ ਬਾਵਜੂਦ ਜੇ ਸਿਨੇਮਾ ਆਪਣੀਆਂ ਕਲਾਤਮਿਕ ਅਤੇ ਸਮਾਜਕ ਜ਼ਿੰਮੇਵਾਰੀਆਂ ਤੋਂ ਅਵੇਸਲਾ ਨਹੀਂ ਹੋਇਆ ਤਾਂ ਬੇਸ਼ੱਕ, ਇਸ ਦਾ ਸਿਹਰਾ ਉਸ ਸਮੇਂ ਦੇ ਸਮਰੱਥ ਫਿਲਮਸਾਜ਼ਾਂ ਨੂੰ ਜਾਂਦਾ ਹੈ।
(ਚਲਦਾ)