1947 ਦੇ ਵੰਡਾਰੇ ਦਾ ਦਰਦ ਹੱਡੀਂ ਹੰਢਾਉਣ ਵਾਲੀ ਪੀੜ੍ਹੀ ਤਾਂ ਭਾਵੇਂ ਹੌਲੀ-ਹੌਲੀ ਮਰ-ਮੁੱਕ ਰਹੀ ਹੈ ਪਰ ਸਾਹਿਤ ਅਤੇ ਹੋਰ ਕਲਾ ਰੂਪਾਂ ਵਿਚ ਪੱਕਾ ਰਚ ਚੁੱਕੇ ਇਸ ਦਰਦ ਦੇ ਵੇਰਵੇ ਅਗਲੀਆਂ ਪੀੜ੍ਹੀਆਂ ਨੂੰ ਵੀ ਰੋਣਹਾਕੇ ਕਰਦੇ ਰਹਿੰਦੇ ਹਨ। ਪੰਜਾਬ ਲਈ ਇਹ ਵੰਡ ਵੱਖਰੀ ਕਿਸਮ ਦੀ ਹੈ। ਵੰਡ ਬਾਰੇ ਜਦੋਂ ਵੀ ਕਿਤੇ ਗੱਲ ਚੱਲਦੀ ਹੈ ਤਾਂ ਇਹ ਪੰਜਾਬੀ ਬੰਦੇ ਨੂੰ ਬੇਹਦ ਜਜ਼ਬਾਤੀ ਕਰ ਜਾਂਦੀ ਹੈ। ਅਸਲ ਵਿਚ ਇਹ ਜ਼ਖ਼ਮ ਹੈ ਹੀ ਇੰਨਾ ਭੈੜਾ ਤੇ ਡੂੰਘਾ ਕਿ ਇਹ ਲਗਾਤਾਰ ਰਿਸ ਰਿਹਾ ਹੈ; ਜਾਪਦਾ ਹੈ ਕਿ ਇਸ ਨੇ ਪਰਲੋ ਤੱਕ ਬੰਦੇ ਦਾ ਪਿੱਛਾ ਕਰਦੇ ਰਹਿਣਾ ਹੈ। ਜਨਾਬ ਅਨਵਰ ਅਨਾਇਤ ਅੱਲਾ ਦੀ ਕਹਾਣੀ ‘ਇਸ ਅੱਗ ਨੂੰ ਬੁਝਾਉਣਾ ਏ’ ਵਿਚ ਇਹ ਦਰਦ ਦੋਹਰਾ ਹੈ ਕਿਉਂਕਿ ਵੰਡ ਤੋਂ ਬਾਅਦ ਇਕ-ਦੂਜੇ ਖ਼ਿਲਾਫ ਜੋ ਨਫਰਤ ਲਗਾਤਾਰ ਬੀਜੀ ਜਾ ਰਹੀ ਹੈ, ਉਸ ਦੀ ‘ਫਸਲ’ ਅਗਲੀਆਂ ਪੀੜ੍ਹੀਆਂ ਉਤੇ ਥੋੜ੍ਹੀ-ਬਹੁਤ ਤਾਂ ਅਸਰਅੰਦਾਜ਼ ਹੁੰਦੀ ਹੀ ਹੈ ਪਰ ਤਸੱਲੀ ਵਾਲੀ ਗੱਲ ਹੈ ਕਿ ਬਹੁਤ ਔਖੇ ਹਾਲਾਤ ਵਿਚ ਵੀ ਬੰਦੇ ਦੇ ਮਨ ਅੰਦਰ ਸਰਬੱਤ ਦੇ ਭਲੇ ਵਾਲੇ ਸੁਨੇਹੇ ਦਾ ਬੀਜ ਪੁੰਗਰਦਾ ਰਹਿੰਦਾ ਹੈ ਅਤੇ ਡੋਲਦੇ ਮਨਾਂ ਨੂੰ ਥਾਂ ਸਿਰ ਕਰ ਜਾਂਦਾ ਹੈ। ਇਹ ਹੋਰ ਕੁਝ ਨਹੀਂ ‘ਪੰਜਾਬ ਵਸਦਾ ਗੁਰਾਂ ਦੇ ਨਾਂ ਤੇ’ ਦੀਆਂ ਹੀ ਬਰਕਤਾਂ ਹਨ। -ਸੰਪਾਦਕ
ਅਨਵਰ ਅਨਾਇਤ ਅੱਲਾ
ਜਿਹੜੀ ਔਰਤ ਮੇਰੇ ਸਾਹਮਣੇ ਆਣ ਖੜ੍ਹੀ ਹੋਈ ਸੀ; ਉਹ, ਉਹ ਬਿਲਕੁਲ ਨਹੀਂ ਸੀ ਲੱਗ ਰਹੀ ਜਿਸ ਨੂੰ ਮਿਲਣ ਵਾਸਤੇ ਮੈਂ ਇੱਥੇ ਆਇਆ ਸਾਂæææਨਾ ਸੁੰਦਰ-ਸੁਸ਼ੀਲ ਸੀ, ਨਾ ਨਾਜ਼ੁਕ-ਮਲੂਕ ਤੇ ਨਾ ਹੀ ਮਿਲਣਸਾਰ। ਇਹ ਤਾਂ ਕੋਈ ਹੋਰ ਹੀ ਜਾਪਦੀ ਸੀ। ਸਮਾਂ ਕਾਫੀ ਅਗਾਂਹ ਲੰਘ ਆਇਆ ਹੈ, ਪਰ ਸੜਕਾਂ ਤੇ ਮੁਹੱਲਿਆਂ ਦੀ ਹਾਲਤ ਉਹੋ-ਜਿਹੀ ਹੀ ਸੀ। ਕਦੀ ਇਹ ਨਿੱਕਾ ਜਿਹਾ ਸ਼ਾਂਤਮਈ ਸ਼ਹਿਰ ਹੁੰਦਾ ਸੀ। ਹੁਣ ਇਸ ਦੀ ਆਬਾਦੀ ਖਾਸੀ ਵਧੀ ਹੋਈ ਹੈ। ਕਈ ਨਵੇਂ-ਨਵੇਂ ਮੁਹੱਲੇ ਤੇ ਬਸਤੀਆਂ ਵਸ ਗਏ ਹੈਨ, ਪਰ ਪੁਰਾਣੇ ਮੁਹੱਲੇ ਜਿਵੇਂ ਦੇ ਤਿਵੇਂ ਸਨ; ਜਿਵੇਂ ਸਮੇਂ ਨੇ ਉਨ੍ਹਾਂ ਦਾ ਕੁਝ ਵੀ ਨਾ ਵਿਗਾੜਿਆ ਹੋਵੇ।
ਮੈਂ ਜਾਣੇ-ਪਛਾਣੇ ਦਰਵਾਜ਼ੇ ‘ਤੇ ਘੰਟੀ ਵਜਾਈ। ਅੰਦਰੋਂ ਫੌਰਨ ਪੈੜ-ਚਾਲ ਸੁਣੀ। ਦਰਵਾਜ਼ਾ ਖੁੱਲ੍ਹ ਗਿਆ ਤੇ ਫਿਰ ਉਹ ਔਰਤ ਮੇਰੇ ਸਾਹਮਣੇ ਆਣ ਖੜ੍ਹੀ ਹੋਈæææਤੁੱਥ-ਮੁੱਥ ਜਿਹੀ ਔਰਤ ਜਿਸ ਦੇ ਚਿਹਰੇ ਉਪਰ ਕੁਰਖ਼ਤੀ ਤੇ ਚਿੜਚਿੜੇਪਨ ਦੇ ਨਿਸ਼ਾਨ ਸਨ, ਪਰ ਜਦੋਂ ਉਸ ਨੇ ਜ਼ਰਾ ਗੌਰ ਨਾਲ ਮੇਰੇ ਵੱਲ ਦੇਖਿਆ ਤਾਂ ਉਸ ਦੇ ਚਿਹਰੇ ਦੀ ਕੁਰਖ਼ਤੀ ਤੇ ਚਿੜਚਿੜਾਹਟ ਗ਼ਾਇਬ ਹੋ ਗਈ ਤੇ ਫਿਰæææ।
“ਓ ਤੁਸੀਂæææਯਾਨਿ ਕਿ ਤੂੰ! ਅਖ਼ਤਰ ਵੀਰ? ਕਦ ਆਇਆ ਏਂ? ਕੀ ਹਾਲ-ਚਾਲ ਨੇ? ਕਿੱਥੇ ਠਹਿਰਿਆ ਹੋਇਆ ਏਂ? ‘ਕੱਲਾ ਈ ਆਇਆ ਏਂæææਭਾਬੀ ਤੇ ਬੱਚੇ ਕਿੱਥੇ ਨੇ?” ਮੁਸਕਰਾ ਕੇ ਉਸ ਨੇ ਇੱਕੇ ਸਾਹ ਕਈ ਸਵਾਲ ਕਰ ਦਿੱਤੇ ਸਨ ਤੇ ਮੇਰੇ ਜੁਆਬ ਦੀ ਉਡੀਕ ਕੀਤੇ ਬਿਨਾਂ ਹੀ ਮੇਰਾ ਹੱਥ ਫੜ ਕੇ ਖਿੱਚਦੀ ਹੋਈ ਉਹ ਮੈਨੂੰ ਅੰਦਰ ਲੈ ਤੁਰੀ ਸੀ, “ਆ ਨਾ, ਅੰਦਰ ਲੰਘ ਆæææਇੱਥੇ ਹੀ ਕਿਉਂ ਖਲੋ ਗਿਐਂ?” ਉਦੋਂ ਹੀ ਅੰਦਰੋਂ ਆਵਾਜ਼ ਆਈ,
“ਮੀਰਾ, ਕੌਣ ਐ? ਨੰਦੂ ਵਾਪਸ ਆ ਗਿਆ ਕਿæææ?”
“ਨਹੀਂ ਮਾਂæææਕੋਈ ਹੋਰ ਈ ਬੁੱਧੂ ਆਇਐ। ਅੰਦਰ ਆ ਕੇ ਈ ਦੱਸਦੀ ਆਂ।” ਕਹਿੰਦੀ ਹੋਈ ਉਹ ਮੈਨੂੰ ਡਰਾਇੰਗ ਰੂਮ ਵਿਚ ਲੈ ਗਈ। ਉਦੋਂ ਮੈਨੂੰ ਇੰਜ ਮਹਿਸੂਸ ਹੋਇਆ ਸੀ ਜਿਵੇਂ ਅਠੱਤੀ ਵਰ੍ਹੇ ਪੁਰਾਣੀ ਉਹ ਕੰਧ ਢਹਿ-ਢੇਰੀ ਹੋ ਗਈ ਹੈ ਜਿਹੜੀ ਸਰਹੱਦ ਦੇ ਦੋਵੇਂ ਪਾਸੇ ਵੱਸਦੇ ਲੋਕਾਂ ਦੇ ਦਿਲਾਂ ਵਿਚ ਨਫ਼ਰਤ, ਬੇਪ੍ਰਤੀਤੀ ਤੇ ਈਰਖਾ ਦੀ ਅੱਗ ਬਣ ਕੇ ਖੜ੍ਹੀ ਹੋਈ ਸੀ ਜਿਸ ਨੇ ਮੈਨੂੰ ਅਜਿਹੇ ਕਈ ਮਿੱਤਰਾਂ-ਪਿਆਰਿਆਂ ਤੋਂ ਦੂਰ ਕੀਤਾ ਹੋਇਆ ਸੀ ਜਿਨ੍ਹਾਂ ਨਾਲ ਮੇਰੇ ਬਚਪਨ ਦੀ ਸਾਂਝ ਸੀ ਤੇ ਜਿਹੜੇ ਕਦੀ ਮੇਰੇ ਆਪਣੇ ਹੁੰਦੇ ਸਨ।
ਮੈਨੂੰ ਇਸ ਨਿੱਘੇ ਸਵਾਗਤ ਦੀ ਆਸ ਵੀ ਨਹੀਂ ਸੀ, ਕਿਉਂਕਿ ਇਕ ਅਰਸਾ ਪਹਿਲਾਂ ਮਹਿਬੂਬ ਦੇ ਖ਼ਤ ਰਾਹੀਂ ਪਤਾ ਲੱਗਿਆ ਸੀ ਕਿ ਮੀਰਾ ਦਾ ਇਕਲੌਤਾ ਭਰਾ ਤੇ ਮੇਰੇ ਬਚਪਨ ਦਾ ਸਭ ਤੋਂ ਪਿਆਰਾ ਸਾਥੀ ਕ੍ਰਿਸ਼ਨ 1965 ਦੀ ਜੰਗ ਵਿਚ ਮਾਰਿਆ ਗਿਆ ਸੀæææਪਰ ਦਿੱਲੀ ਵਿਚ ਹੋ ਰਹੀ ਕਾਨਫਰੰਸ ਜਦ ਖ਼ਤਮ ਹੋਈ ਤਾਂ ਮੈਂ ਉਚੇਚਾ ਇਕ ਦਿਨ ਇਸ ਸ਼ਹਿਰ ਵਿਚ ਬਿਤਾਉਣ ਦੀ ਇਜਾਜ਼ਤ ਲੈ ਲਈ। ਇੱਥੇ ਮੇਰਾ ਬਚਪਨ ਤੇ ਜਵਾਨੀ ਦੇ ਪਹਿਲੇ ਕਈ ਸਾਲ ਬੀਤੇ ਸਨ, ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਸਨ ਇਸ ਸ਼ਹਿਰ ਨਾਲ। ਉਂਜ, ਜਹਾਜ਼ ਵਿਚ ਸਵਾਰ ਹੋਣ ਪਿੱਛੋਂ ਮੈਂ ਫ਼ੈਸਲਾ ਕਰ ਲਿਆ ਸੀ ਕਿ ਮੈਂ ਆਪਣੇ ਪੁਰਾਣੇ ਮੁਹੱਲੇ ਵਿਚ ਤਾਂ ਜਾਵਾਂਗਾ, ਪਰ ਕ੍ਰਿਸ਼ਨ ਹੁਰਾਂ ਦੇ ਘਰ ਨਹੀਂæææਉਥੇ ਪਹੁੰਚ ਕੇ ਜਦ ਮੈਨੂੰ ਉਨ੍ਹਾਂ ਦਾ ਜੱਦੀ ਮਕਾਨ ਨਜ਼ਰ ਆਇਆ ਤਾਂ ਮੇਰੇ ਸਾਰੇ ਫ਼ੈਸਲੇ ਧਰੇ ਧਰਾਏ ਰਹਿ ਗਏ। ਇਹ ਉਹ ਘਰ ਸੀ ਜਿੱਥੇ ਹਮੇਸ਼ਾ ਮੈਨੂੰ ਅਥਾਹ ਪਿਆਰ ਤੇ ਅਪਣੱਤ ਮਿਲਦੀ ਸੀ। ਦਿਲ ਬੇਕਾਬੂ ਹੋ ਗਿਆ ਤੇ ਬੇਵੱਸ ਹੋ ਕੇ ਮੈਂ ਸੋਚਿਆ, “ਜਦ ਇੱਥੇ ਤੀਕ ਪਹੁੰਚ ਹੀ ਗਿਆ ਹਾਂ ਤਾਂ ਉਸ ਕੁੜੀ ਨੂੰ ਮਿਲੇ ਬਗ਼ੈਰ ਵਾਪਸ ਕਿਵੇਂ ਚਲਾ ਜਾਵਾਂ ਜਿਸ ਨੇ ਕਦੀ ਮੇਰੇ ਗੁੱਟ ‘ਤੇ ਰੱਖੜੀ ਬੰਨ੍ਹ ਕੇ ਮੈਨੂੰ ਆਪਣਾ ਭਰਾ ਬਣਾਇਆ ਸੀ ਤੇ ਹਮੇਸ਼ਾ ਹੀ ਆਪਣੇ ਵੱਡੇ ਭਰਾ ਵਾਂਗ ਪਿਆਰਿਆ ਤੇ ਸਤਿਕਾਰਿਆ ਸੀ?”
ਜਿਸ ਘਰ ਵਿਚ ਮੇਰਾ ਐਨਾ ਜਾਣਾ-ਆਉਣਾ ਸੀ ਕਿ ਮੈਂ ਉਸੇ ਪਰਿਵਾਰ ਦਾ ਜੀਅ ਬਣ ਗਿਆ ਸਾਂ ਤੇ ਕ੍ਰਿਸ਼ਨ ਸਾਡੇ ਪਰਿਵਾਰ ਦਾ ਆਪਣਾ। ਸਮੇਂ ਦੇ ਗੇੜ ਨਾਲ ਸਿਆਸੀ ਹਾਲਾਤ ਬਦਲੇ; ਸ਼ਹਿਰ ਵਿਚ ਹਿੰਦੂ-ਮੁਸਲਮਾਨ ਫਸਾਦ ਹੋਣ ਲੱਗ ਪਏ; ਪਰ ਸਾਡੀ ਦੋਸਤੀ ਵਿਚ ਫ਼ਰਕ ਨਹੀਂ ਪਿਆ। ਫਿਰ ਮੈਂ ਉਚ-ਵਿਦਿਆ ਹਾਸਲ ਕਰਨ ਵਾਸਤੇ ਲੰਡਨ ਚਲਾ ਗਿਆ ਤੇ ਕ੍ਰਿਸ਼ਨ ਨੂੰ ਆਪਣੇ ਪਿਤਾ ਦੀ ਮੌਤ ਪਿੱਛੋਂ ਜਾਇਦਾਦ ਦੀ ਦੇਖ-ਭਾਲ ਕਰਨ ਲਈ ਪੜ੍ਹਾਈ ਛੱਡਣੀ ਪਈ। ਉਸੇ ਜ਼ਮਾਨੇ ਵਿਚ ਆਜ਼ਾਦੀ ਦਾ ਸੂਰਜ ਚੜ੍ਹਿਆ; ਦੁਨੀਆਂ ਦੇ ਨਕਸ਼ੇ ਉਪਰ ਦੋ ਆਜ਼ਾਦ ਮੁਲਕ ਬਣ ਗਏ। ਮੇਰੇ ਮਾਂ-ਬਾਪ ਪਾਕਿਸਤਾਨ ਹਿਜ਼ਰਤ ਕਰ ਗਏ। ਪੜ੍ਹਾਈ ਪੂਰੀ ਕਰਨ ਤੱਕ ਦੇ ਸਮੇਂ ਨੇ ਮੈਨੂੰ ਨਵੇਂ ਦੇਸ਼ ਦਾ ਸ਼ਹਿਰੀ ਬਣਾ ਦਿੱਤਾ। ਮੈਂ ਅਠੱਤੀ ਵਰ੍ਹਿਆਂ ਬਾਅਦ ਪਹਿਲੀ ਵਾਰੀ ਭਾਰਤ ਆਇਆ ਸਾਂ ਤੇ ਪਹਿਲੀ ਹੀ ਵਾਰੀ ਆਪਣੇ ਇਸ ਇਤਿਹਾਸਕ ਸ਼ਹਿਰ ਵਿਚ।
ਵਰ੍ਹਿਆਂ ਦੀ ਕਹਾਣੀ ਪਲਾਂ ਵਿਚ ਅੱਖਾਂ ਅੱਗਿਓਂ ਲੰਘ ਗਈ। ਉਹ ਮੈਨੂੰ ਡਰਾਇੰਗ ਰੂਮ ਵਿਚ ਬਿਠਾ ਕੇ ਵਾਪਸ ਜਾ ਚੁੱਕੀ ਸੀ ਤੇ ਮੈਂ ਇਕੱਲਾ ਬੀਤੇ ਦੇ ਹਨੇਰਿਆਂ ਵਿਚ ਭਟਕ ਰਿਹਾ ਸਾਂ। ਕੁਝ ਚਿਰ ਬਾਅਦ ਜਦ ਉਹ ਵਾਪਸ ਆਈ ਤਾਂ ਉਸ ਦੀ ਮਾਂ ਵੀ ਨਾਲ ਸੀ ਉਹਦੇ। ਮਾਂ ਜੀ ਨੂੰ ਉਹਨੇ ਸਹਾਰਾ ਦਿੱਤਾ ਹੋਇਆ ਸੀ ਤੇ ਉਨ੍ਹਾਂ ਦੀਆਂ ਅੱਖਾਂ ‘ਤੇ ਕਾਲੇ ਸ਼ੀਸ਼ਿਆਂ ਦੀ ਐਨਕ ਲੱਗੀ ਹੋਈ ਸੀ, “ਅੱਛਾ, ਤਾਂ ਤੂੰ ਆਇਐਂ ਅਖ਼ਤਰ ਪੁੱਤਰ!” ਉਨ੍ਹਾਂ ਖਲਾਅ ਵਿਚ ਤੱਕਦਿਆਂ ਕਿਹਾ, “ਐਨੇ ਸਾਲਾਂ ਪਿੱਛੋਂ ਜੀਅ ਕਿਵੇਂ ਕਰ ਆਇਆ ਤੇਰਾ? ਕਿੱਦੇਂ ਆਇਆ ਸੈਂ? ਹੋਰ ਕੀ ਹਾਲ-ਚਾਲ ਨੇ ਉਥੇ? ‘ਕੱਲਾ ਕਿਉਂ ਆਇਆ ਏਂ? ਬਹੂ ਤੇ ਬੱਚਿਆਂ ਨੂੰ ਨਾਲ ਕਿਉਂ ਨਹੀਂ ਲਿਆਇਆ?”
ਇਸ ਤੋਂ ਪਹਿਲਾਂ ਕਿ ਮੈਂ ਆਦਾਬ ਕਹਿੰਦਾ, ਉਨ੍ਹਾਂ ਵੀ ਮੀਰਾ ਵਾਂਗ ਹੀ ਸਵਾਲਾਂ ਦੀ ਵਾਛੜ ਕਰ ਦਿੱਤੀ ਸੀ।
“ਦੱਸਦਾਂ ਮਾਂ ਜੀæææਤੁਸੀਂ ਸੁਣਾਓ ਕੀ ਹਾਲ-ਚਾਲ ਨੇ? ਸਿਹਤ ਤਾਂ ਠੀਕ ਰਹਿੰਦੀ ਏ ਨਾ?” ਮੈਂ ਆਦਾਬ ਕਰ ਕੇ ਪੁੱਛਿਆ।
“ਬੱਸ, ਜੀਅ ਰਹੀ ਆਂ ਪੁੱਤਰ; ਤੂੰ ਦੇਖ ਈ ਰਿਹੈਂ। ਬੱਸ ਦੇਖ ਨਹੀਂ ਸਕਦੀ, ਉਂਜ ਚੰਗੀ ਭਲੀ ਆਂ।” ਫਿਰ ਉਨ੍ਹਾਂ ਆਪਣੀ ਧੀ ਨੂੰ ਕਿਹਾ, “ਮੀਰਾ, ਦੇਖ ਵੀਰ ਆਇਐ ਐਨਿਆਂ ਸਾਲਾਂ ਪਿੱਛੋਂ। ਜਾਹ, ਲਿਆ ਕੇ ਇਹਨੂੰ ਨਿੰਬੂ ਪਾਣੀ ਪਿਲਾ ਪਹਿਲਾਂ। ਇਹ ਤਾਂ ਦਿਨ ‘ਚ ਕਈ ਕਈ ਵਾਰੀ ਪੀਂਦਾ ਹੁੰਦਾ ਸੀ।” ਫਿਰ ਮੇਰੇ ਵੱਲ ਭੌਂ ਕੇ ਬੋਲੇ, “ਦੇਖ ਪੁੱਤਰ, ਮੈਂ ਰੋਟੀ ਖਾਧੇ ਬਗ਼ੈਰ ਜਾਣ ਨਹੀਓਂ ਦੇਣਾ। ਹੁਣੇ ਨੌਕਰ ਨੂੰ ਕਹਿ ਕੇ ਕੋਫਤੇ ਬਣਵਾਉਂਦੀ ਆਂ, ਤੈਨੂੰ ਪਨੀਰ ਦੇ ਕੋਫਤੇ ਪਸੰਦ ਐ ਨਾ?”
ਪਿਆਰ ਦੇ ਇਸ ਤੂਫ਼ਾਨ ਵਿਚ ਇੱਦਾਂ ਵਹਿ ਗਿਆ ਸਾਂ ਮੈਂ ਕਿ ਮੇਰਾ ਉਨ੍ਹਾਂ ਨਾਲ ਜੱਫੀ ਪਾ ਕੇ ਰੋਣ ਨੂੰ ਜੀਅ ਕਰ ਰਿਹਾ ਸੀ। ਮੇਰੀ ਆਪਣੀ ਮਾਂ ਤਾਂ ਮੇਰੇ ਬਚਪਨ ਵਿਚ ਹੀ ਮਰ ਗਈ ਸੀ, ਉਦੋਂ ਤੋਂ ਇਹੋ ਮੇਰੀ ਮਾਂ ਸੀ।
“ਵੀਰ ਤੂੰ ਬੈਠ ਕੇ ਮਾਂ ਨਾਲ ਗੱਲਾਂ ਕਰæææਮੈਂ ਜ਼ਰਾ ਰਾਮ ਭਰੋਸੇ ਨੂੰ ਖਾਣੇ ਬਾਰੇ ਕਹਿ ਕੇ ਹੁਣੇ ਆਈ।” ਕਹਿੰਦੀ ਹੋਈ ਉਹ ਚਲੀ ਗਈ। ਕੁਝ ਚਿਰ ਲਈ ਕਮਰੇ ਵਿਚ ਚੁੱਪ ਪਸਰ ਗਈ। ਫਿਰ ਮਾਂ ਜੀ ਨੇ ਧੀਮੀ ਆਵਾਜ਼ ਵਿਚ ਪੁੱਛਿਆ, “ਮੀਰਾ ਚਲੀ ਗਈæææ?”
“ਹਾਂ ਜੀ, ਚਲੀ ਗਈ।” ਮੈਂ ਵੀ ਹੌਲੀ ਜਿਹੀ ਕਿਹਾ।
“ਰੋਟੀ ਵਾਸਤੇ ਤਾਂ ਮੈਂ ਤੈਨੂੰ ਉਂਜ ਈ ਕਹਿ ਦਿੱਤਾ ਸੀæææਤੂੰ ਚਲਾ ਜਾਹ ਪੁੱਤਰ, ਉਸ ਦੇ ਆਉਣ ਤੋਂ ਪਹਿਲਾਂ ਪਹਿਲਾਂæææ।” ਉਸ ਆਵਾਜ਼ ਵਿਚ ਨਾ ਨਫ਼ਰਤ ਸੀ ਤੇ ਨਾ ਹੀ ਗੁੱਸਾ, ਸਗੋਂ ਅਪਣੱਤ ਸੀ ਕੋਈ।
“ਚਲਾ ਜਾਵਾਂæææਪਰ ਕਿਉਂ?” ਮੈਂ ਪ੍ਰੇਸ਼ਾਨ ਜਿਹਾ ਹੋ ਕੇ ਪੁੱਛਿਆ ਸੀ, “ਮੈਂ ਕੁਝ ਸਮਝਿਆ ਨਹੀਂæææ।”
“ਗੱਲ ਸਮਝਣ-ਸਮਝਾਉਣ ਦੀ ਨਹੀਂ, ਗੱਲ ਅਮਲ ਕਰਨ ਦੀ ਐ। ਤੈਨੂੰ ਨਹੀਂ ਪਤਾ, ਮੀਰਾ ਵਿਧਵਾ ਹੋ ਗਈ ਐ? ਉਹਦਾ ਪਤੀ ਮੇਰੇ ਕ੍ਰਿਸ਼ਨ ਵਾਂਗ ਹੀ 71 ਦੀ ਜੰਗ ਵਿਚ ਮਾਰਿਆ ਗਿਆ ਸੀ।” ਸੁਣ ਕੇ ਮੇਰਾ ਤ੍ਰਾਹ ਨਿਕਲ ਗਿਆ। ਮੈਨੂੰ ਇਸ ਗੱਲ ਦਾ ਉਕਾ ਹੀ ਪਤਾ ਨਹੀਂ ਸੀ। ਅਸਲ ਵਿਚ ਮਹਿਬੂਬ ਦੀ ਬੇਵਕਤ ਮੌਤ ਪਿੱਛੋਂ ਮੇਰਾ ਇਸ ਸ਼ਹਿਰ ਨਾਲੋਂ ਸਬੰਧ ਹੀ ਟੁੱਟ ਗਿਆ ਸੀ। ਜੇ ਮੈਨੂੰ ਪਤਾ ਹੁੰਦਾ ਕਿ ਜੰਗ ਦੇ ਭਿਆਨਕ ਦੈਂਤ ਨੇ ਇਸ ਘਰ ਦੇ ਦੋ ਜੀਅ ਹੜੱਪ ਲਏ ਸਨ ਤਾਂ ਮੈਂ ਕਦੀ ਵੀ ਇੱਥੇ ਆਉਣ ਦਾ ਹੀਆ ਨਾ ਕਰਦਾ।
“ਮੈਨੂੰ ਬੜਾ ਦੁੱਖ ਹੋਇਆ ਏ ਮਾਂ ਜੀ।” ਮੈਂ ਖਾਸੀ ਮੱਧਮ ਤੇ ਥਿੜਕਦੀ ਜਿਹੀ ਆਵਾਜ਼ ਵਿਚ ਕਿਹਾ, “ਖ਼ੁਦਾ ਦੀ ਕਸਮ, ਮੈਨੂੰ ਉਕਾ ਹੀ ਨਹੀਂ ਸੀ ਪਤਾ, ਬਈ ਵਕਤ ਨੇ ਤੁਹਾਡੇ ਉਪਰ ਐਨੇ ਜ਼ੁਲਮ ਢਾਏ ਨੇ।”
“ਪੁੱਤਰ, ਨਾ ਮੈਂ ਵਕਤ ਨੂੰ ਉਲਾਂਭਾ ਦੇ ਰਹੀ ਆਂ, ਤੇ ਨਾ ਹੀ ਤੈਨੂੰæææਇਹ ਤਾਂ ਤਕਦੀਰ ਦੀ ਗੱਲ ਐ ਜੋ ਨਾ ਤੇਰੇ ਵੱਸ ਐ ਤੇ ਨਾ ਸਾਡੇ। ਦੁੱਖ ਐ ਤਾਂ ਸਿਰਫ ਇਸ ਗੱਲ ਦਾ ਕਿ ਪੁੱਤਰ ਤੇ ਜਵਾਈ ਵਾਂਗ ਦੋਹਤਾ ਵੀ ਫੌਜ ਵਿਚ ਭਰਤੀ ਹੋਣਾ ਚਾਹੁੰਦਾ ਐ; ਮੀਰਾ ਦਾ ਇਕੋ ਇਕ ਮੁੰਡਾæææ।”
ਸਾਡੀ ਗੱਲ ਅਜੇ ਇੱਥੇ ਹੀ ਪੁੱਜੀ ਸੀ ਕਿ ਕਿਸੇ ਦੇ ਪੈਰਾਂ ਦਾ ਖੜਾਕ ਸੁਣ ਕੇ ਮਾਂ ਜੀ ਚੁੱਪ ਹੋ ਗਏ। ਦੂਜੇ ਪਲ ਮੀਰਾ ਅੰਦਰ ਆ ਗਈ। ਉਸ ਦੇ ਨਾਲ ਪੰਦਰਾਂ ਕੁ ਵਰ੍ਹਿਆਂ ਦਾ ਸੋਹਣਾ-ਸੁਨੱਖਾ ਮੁੰਡਾ ਵੀ ਸੀ।
“ਬੇਟਾ, ਤੇਰੇ ਮਾਮਾ ਜੀ ਨੇ।” ਫਿਰ ਮੈਨੂੰ ਦੱਸਿਆ, “ਇਹ ਮੋਹਨ ਏ ਵੀਰæææਮੇਰਾ ਪੁੱਤਰ।”
ਮੁੰਡੇ ਨੇ ਸਤਿਕਾਰ ਨਾਲ ਦੋਵੇਂ ਹੱਥ ਜੋੜ ਕੇ ਮੈਨੂੰ ਨਮਸਤੇ ਆਖੀ ਤੇ ਪੂਰੇ ਉਤਸ਼ਾਹ ਨਾਲ ਅੱਗੇ ਵਧ ਕੇ ਹੱਥ ਮਿਲਾਇਆ।
“ਪੂਰੇ ਅਠੱਤੀ ਸਾਲ ਬਾਅਦ ਆਏ ਨੇ ਇਹ। ਮੋਹਨ, ਜਦੋਂ ਇਹ ਇੱਥੇ ਰਹਿੰਦੇ ਸਨ ਨਾ, ਆਪਣੇ ਨਾਲ ਇਨ੍ਹਾਂ ਦੀ ਮੇਲ-ਮੁਲਾਕਾਤ ਐਨੀ ਹੁੰਦੀ ਸੀ ਕਿ ਦੇਖਣ ਵਾਲੇ ਅਸਾਨੂੰ ਭੈਣ-ਭਰਾ ਹੀ ਸਮਝਦੇ ਹੁੰਦੇ ਸੀ। ਤੇਰੇ ਕ੍ਰਿਸ਼ਨ ਮਾਮਾ ਜੀ ਤੇ ਇਹ ਬਚਪਨ ਦੇ ਸਾਥੀ ਨੇ। ਦੋਵੇਂ ਨਾਲੋ-ਨਾਲ ਪਲੇ ਤੇ ਵੱਡੇ ਹੋਏæææਇਹ ਸਾਨੂੰ ਬੜੇ ਪਿਆਰੇ ਹੁੰਦੇ ਸਨ।” ਮੀਰਾ ਨੇ ਭਰਪੂਰ ਜਾਣ-ਪਛਾਣ ਕਰਵਾਈ।
“ਮੈਨੂੰ ਵੀ ਪਿਆਰੇ ਲੱਗਦੇ ਪਏ ਨੇ, ਮੰਮੀ।” ਮੁੰਡੇ ਨੇ ਖਿੜੇ-ਮੱਥੇ ਕਿਹਾ, “ਤੁਸੀਂ ਕਿੱਥੇ ਰਹਿੰਦੇ ਓ, ਮਾਮਾ ਜੀ?æææਬੰਬਈ?”
“ਨਹੀਂ ਬੇਟਾ ਇਹ ਬੰਬਈ ਨਹੀਂ, ਪਾਕਿਸਤਾਨ ਵਿਚ ਰਹਿੰਦੇ ਨੇ, ਤੇ ਉਥੋਂ ਈ ਆਏ ਨੇ ਸਾਨੂੰ ਮਿਲਣ ਵਾਸਤੇ।” ਸੁਣ ਕੇ ਮੋਹਨ ਦੇ ਚਿਹਰੇ ਉਤੇ ਪ੍ਰਤੱਖ ਤਬਦੀਲੀ ਆ ਗਈ, ਚਿਹਰੇ ਦੀ ਮੁਸਕਾਨ ਲੋਪ ਹੋ ਗਈ ਤੇ ਉਸ ਦੀ ਜਗ੍ਹਾ ਕੁਰਖ਼ਤੀ ਤੇ ਚਿੜਚਿੜੇਪਨ ਨੇ ਲੈ ਲਈ। ਇਹੀ ਕੁਰਖ਼ਤੀ ਤੇ ਚਿੜਚਿੜਾਪਨ ਕੁਝ ਚਿਰ ਪਹਿਲਾਂ ਮੈਂ ਮੀਰਾ ਦੇ ਚਿਹਰੇ ਉਪਰ ਦੇਖ ਚੁੱਕਿਆ ਸਾਂ, ਪਰ ਉਸ ਤਬਦੀਲੀ ਵਲੋਂ ਲਾਪ੍ਰਵਾਹ ਮੀਰਾ ਕਹਿ ਰਹੀ ਸੀ, “ਗੌਰ ਨਾਲ ਦੇਖ ਲੈ ਪੁੱਤਰ, ਇਹ ਵੀ ਸਾਡੇ ਵਰਗੇ ਇਨਸਾਨ ਈ ਹੁੰਦੇ ਨੇ। ਕੋਈ ਖਤਰਨਾਕ ਭੁੱਖੇ-ਦੈਂਤ ਨਹੀਂ ਜਿਹੜੇ ਆਦਮੀ ਨੂੰ ਖਾ ਜਾਂਦੇ ਨੇ।”
“ਮੰਮੀæææ!” ਮੋਹਨ ਨੇ ਹੈਰਾਨੀ ਨਾਲ ਆਪਣੀ ਮਾਂ ਵੱਲ ਤੱਕਿਆ ਤੇ ਕੁਝ ਕਹਿਣਾ ਚਾਹਿਆ, ਪਰ ਮੀਰਾ ਬੋਲਦੀ ਰਹੀ, “ਸੱਚ ਜਾਣੀ ਮੋਹਨæææਜੇ ਤੂੰ ਆਪਣੇ ਕ੍ਰਿਸ਼ਨ ਮਾਮੇ ਨੂੰ ਦੇਖਿਆ ਹੁੰਦਾ ਤਾਂ ਅੱਜ ਤੈਨੂੰ ਉਸ ਤੇ ਇਨ੍ਹਾਂ ਵਿਚ ਕੋਈ ਫ਼ਰਕ ਨਹੀਂ ਸੀ ਲੱਗਣਾ।” ਕਹਿੰਦਿਆਂ ਹੋਇਆਂ ਉਸ ਦਾ ਗੱਚ ਭਰ ਆਇਆ ਸੀ। ਉਦੋਂ ਹੀ ਮਾਂ ਜੀ ਬੋਲੇ, “ਤੂੰ ਠੀਕ ਕਹਿ ਰਹੀ ਐਂ ਮੀਰਾ?”
“ਹਾਂ, ਠੀਕ ਕਹਿ ਰਹੀ ਹਾਂ ਮਾਂ”, ਉਸ ਕਿਹਾ, “ਚੰਗਾ ਹੋਇਆ ਜੇ ਅਖ਼ਤਰ ਵੀਰ ਆ ਗਿਆ; ਮੈਂ ਬੜੀ ਦੇਰ ਦੀ ਮੋਹਨ ਨੂੰ ਕਿਸੇ ਪਾਕਿਸਤਾਨੀ ਨਾਲ ਮਿਲਾਉਣਾ ਚਾਹੁੰਦੀ ਸਾਂ ਤਾਂ ਕਿ ਇਹ ਆਪਣੀਆਂ ਅੱਖਾਂ ਨਾਲ ਦੇਖ ਲਏ ਕਿ ਉਹ ਲੋਕ ਵੀ ਸਾਡੇ ਵਰਗੇ ਆਦਮੀ ਹੀ ਹੁੰਦੇ ਨੇ; ਨੰਗੇ, ਭੁੱਖੇ, ਜਜ਼ਬਾਤੀ, ਅੰਤਾਂ ਦਾ ਪਿਆਰ ਕਰਨ ਵਾਲੇ, ਜੰਗਾਂ ਵੀ ਜੋਸ਼ ਨਾਲ ਲੜਨ ਵਾਲੇ। ਜੇ ਉਨ੍ਹਾਂ ਨੇ ਸਾਡੇ ਸੂਰਮਿਆਂ ਨੂੰ ਕਤਲ ਕੀਤਾ ਹੈ ਤਾਂ ਅਸੀਂ ਵੀ ਤਾਂ ਉਨ੍ਹਾਂ ਦੇ ਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਹੈ; ਇੰਜ ਸਾਡੇ ਮਸਲੇ ਤਾਂ ਹੱਲ ਨਹੀਂ ਹੋਣ ਲੱਗੇæææ।” ਕਹਿੰਦੀ ਹੋਈ ਉਹ ਰੋਣ ਲੱਗ ਪਈ।
“ਨਾ ਰੋ ਕੁੜੀਏ, ਮੈਂ ਅਖ਼ਤਰ ਨੂੰ ਸਮਝਾ ਦਿੱਤੈ। ਉਹ ਜਾ ਰਿਹੈ ਹੁਣੇ।” ਮਾਂ ਜੀ ਨੇ ਦੁਖੀ ਆਵਾਜ਼ ਵਿਚ ਕਿਹਾ।
“ਇਹ ਤੂੰ ਕੀ ਕੀਤਾ ਈ ਮਾਂ?” ਉਹ ਤਿੜਕੀ, “ਮੈਂ ਵੀਰ ਨੂੰ ਹਰਗਿਜ਼ ਨਹੀਂ ਜਾਣ ਦਿਆਂਗੀ। ਜੇ ਅੱਜ ਇਹ ਚਲਾ ਗਿਆ ਤਾਂ ਸਾਡੇ ਬਾਰੇ ਕਈ ਗ਼ਲਤ ਧਾਰਨਾਵਾਂ ਲੈ ਕੇ ਜਾਏਗਾ ਤੇ ਆਪਣੇ ਬੱਚਿਆਂ ਨੂੰ ਦੱਸਿਆ ਕਰੇਗਾ ਕਿ ਹਿੰਦੁਸਤਾਨ ਵਿਚ ਕੋਈ ਉਨ੍ਹਾਂ ਦਾ ਆਪਣਾ ਨਹੀਂæææਸਭ ਦੁਸ਼ਮਣ ਵੱਸਦੇ ਨੇ।” ਉਸ ਉਪਰ ਅਜੀਬ ਪਾਗਲਪਨ ਸਵਾਰ ਹੋਇਆ ਹੋਇਆ ਸੀ। ਫਿਰ ਮੇਰੇ ਵੱਲ ਭੌਂ ਕੇ ਬੋਲੀ, “ਮੈਂ ਗ਼ਲਤ ਤਾਂ ਨਹੀਂ ਨਾ ਕਹਿ ਰਹੀ ਵੀਰਾ? ਅਸੀਂ ਬੀਤੇ ਦੀ ਕੁਸੈਲ ਨੂੰ ਭੁੱਲ ਕੇ ਚੰਗੇ ਗੁਆਂਢੀਆਂ ਵਾਂਗ ਨਹੀਂ ਰਹਿ ਸਕਦੇ? ਨਫ਼ਰਤ ਦਾ ਜ਼ਹਿਰ ਜਿਹੜਾ ਕਦੀ ਸਰਹੱਦ ਦੇ ਦੋਵੇਂ ਪਾਸੇ ਫੈਲਿਆ ਸੀ, ਉਹ ਹੁਣ ਖ਼ਤਮ ਨਹੀਂ ਹੋਣਾ ਚਾਹੀਦਾ? ਜੇ ਅਸੀਂ ਇੰਜ ਨਾ ਕੀਤਾ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਇਸੇ ਨਫ਼ਰਤ ਦੀ ਅੱਗ ਵਿਚ ਸੜਦੀਆਂ ਰਹਿਣਗੀਆਂ, ਤੇ ਵੀਰ, ਮੈਂ ਇੰਜ ਨਹੀਂ ਚਾਹੁੰਦੀ ਕਿ ਇੰਜ ਹੀ ਹੋਵੇæææ।”
ਉਹ ਚੁੱਪ ਹੋ ਗਈ। ਆਪਣੀਆਂ ਅੱਖਾਂ ਦੇ ਅੱਥਰੂ ਤੇ ਮੱਥੇ ਦੇ ਪਸੀਨੇ ਨੂੰ ਆਪਣੀ ਸਾੜ੍ਹੀ ਦੇ ਪੱਲੇ ਨਾਲ ਪੂੰਝਣ ਲੱਗੀ। ਅਸਾਂ ਸਾਰਿਆਂ ਨੂੰ ਜਿਵੇਂ ਸੱਪ ਸੁੰਘ ਗਿਆ ਹੋਵੇ। ਸਭ ਤੋਂ ਪਹਿਲਾਂ ਉਹ ਹੀ ਹੋਸ਼ ਵਿਚ ਆਈ, “ਖੜ੍ਹਾ ਮੂੰਹ ਕੀ ਦੇਖ ਰਿਹੈਂ, ਅੱਗੇ ਵਧ ਕੇ ਮਾਮੇ ਦੇ ਸੀਨੇ ਨਾਲ ਲੱਗ ਜਾ। ਅਜਿਹੇ ਮੌਕੇ ਵਾਰ-ਵਾਰ ਨਹੀਂ ਆਉਂਦੇ।”
ਮੋਹਨ ਦੀ ਸਮਝ ਵਿਚ ਸ਼ਾਇਦ ਕੁਝ ਵੀ ਤਾਂ ਨਹੀਂ ਸੀ ਆ ਰਿਹਾ। ਸ਼ਾਇਦ ਇਸੇ ਕਰ ਕੇ ਉਹ ਜਕੋ-ਤਕੀ ਵਿਚ ਪਿਆ ਹੋਇਆ ਸੀ। ਫਿਰ ਅੱਲਾ ਜਾਣੇ ਉਸ ਨੂੰ ਆਪਣੀ ਮਾਂ ਦੀਆਂ ਅੱਖਾਂ ਵਿਚ ਕੀ ਨਜ਼ਰ ਆਇਆ ਸੀ ਕਿ ਹੌਲੀ-ਹੌਲੀ ਅਗਾਂਹ ਵਧ ਕੇ ਉਸ ਮੈਨੂੰ ਗਲਵੱਕੜੀ ਪਾ ਲਈ ਸੀ। ਅਚਾਨਕ ਮੈਨੂੰ ਇੰਜ ਲੱਗਿਆ ਜਿਵੇਂ ਮੈਨੂੰ ਬਿਜਲੀ ਦਾ ਕਰੰਟ ਲੱਗ ਗਿਆ ਹੋਵੇ। ਮੀਰਾ ਦੀ ਆਵਾਜ਼ ਕਿਤੋਂ ਦੂਰੋਂ ਆ ਰਹੀ ਲੱਗੀ। ਉਹ ਮਾਂ ਜੀ ਨੂੰ ਕਹਿ ਰਹੀ ਸੀ, “ਤੂੰ ਚਿੰਤਾ ਨਾ ਕਰਿਆ ਕਰ ਮਾਂ; ਮੇਰੇ ਦਿਲ ਦੇ ਸਾਰੇ ਜ਼ਖ਼ਮ, ਸਾਰੀ ਨਫ਼ਰਤ, ਸਾਰੀ ਜ਼ਹਿਰ, ਮੇਰੇ ਹੰਝੂਆਂ ਨੇ ਧੋ ਦਿੱਤੀ ਹੈ। ਮੈਂ ਨਹੀਂ ਚਾਹੁੰਦੀ ਕਿ ਮੇਰਾ ਪੁੱਤਰ ਹਮੇਸ਼ਾ ਇਸ ਹਨੇਰੇ ਗੁਬਾਰ ਦਾ ਸ਼ਿਕਾਰ ਰਹੇ।”
ਰੱਬ ਜਾਣੇ ਉਹ ਹੋਰ ਕੀ ਕੁਝ ਕਹਿੰਦੀ ਰਹੀ ਸੀ, ਪਰ ਮੋਹਨ ਨੂੰ ਛਾਤੀ ਨਾਲ ਲਾ ਕੇ ਮੈਨੂੰ ਇੰਜ ਮਹਿਸੂਸ ਹੋਇਆ ਸੀ ਜਿਵੇਂ ਮੈਨੂੰ ਆਪਣਾ ਉਹ ਪੁੱਤਰ ਮਿਲ ਗਿਆ ਹੋਵੇ ਜਿਹੜਾ 71 ਦੀ ਜੰਗ ਵਿਚ ਸ਼ਹੀਦ ਹੋ ਗਿਆ ਸੀ।
ਅਨੁਵਾਦ: ਮਹਿੰਦਰ ਬੇਦੀ, ਜੈਤੋ
Leave a Reply