ਸ਼ਬਾਨਾ ਆਜ਼ਮੀ ਦੇ ਕਾਨ ਸਰੋਕਾਰ

ਪੰਜ ਵਾਰ ਕੌਮੀ ਪੁਰਸਕਾਰ ਜਿੱਤ ਚੁੱਕੀ ਬੜੀ ਜਾਨਦਾਰ ਅਦਾਕਾਰਾ ਅਤੇ ਧੜੱਲੇਦਾਰ ਸਮਾਜਕ ਕਾਰਕੁਨ ਸ਼ਬਾਨਾ ਆਜ਼ਮੀ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਫਰਾਂਸ ਦਾ ਕਾਨ ਫਿਲਮ ਮੇਲਾ ਫੈਸ਼ਨ ਸ਼ੋਅ ਨਹੀਂ ਬਣਦਾ ਚਾਹੀਦਾ। ਯਾਦ ਰਹੇ ਕਿ ਫਰਾਂਸ ਦੇ ਇਸ ਫਿਲਮ ਮੇਲੇ ਦੌਰਾਨ ਅੱਜ ਕੱਲ੍ਹ ਵੱਖ ਵੱਖ ਦੇਸ਼ਾਂ ਦੀਆਂ ਫਿਲਮ ਅਭਿਨੇਤਰੀਆਂ ਫੈਸ਼ਨ ਸ਼ੋਅ ਵਿਚ ਹਿੱਸਾ ਲੈਣ ਵਾਂਗ ਸਜ-ਧਜ ਕੇ ਪੁੱਜਦੀਆਂ ਹਨ ਅਤੇ ਰੈੱਡ ਕਾਰਪੈੱਟ ‘ਤੇ ਉਨ੍ਹਾਂ ਦਾ ਸਵਾਗਤ ਵੀ ਫੈਸ਼ਨ ਸ਼ੋਅ ਦੇ ਕਿਸੇ ਰੈਂਪ ਵਾਂਗ ਹੀ ਹੁੰਦਾ ਹੈ।

ਇਸ ਵਾਰ ਭਾਰਤ ਤੋਂ ਫਿਲਮ ਅਦਾਕਾਰਾ ਕੈਟਰੀਨਾ ਕੈਫ ਪਹਿਲੀ ਵਾਰ ਇਸ ਮੇਲੇ ਵਿਚ ਰੈੱਡ ਕਾਰਪੈੱਟ ਉਤੇ ਮਟਕਦੀ ਨਜ਼ਰ ਆਈ। ਉਸ ਤੋਂ ਇਲਾਵਾ ਐਸ਼ਵਰਿਆ ਰਾਏ ਬੱਚਨ ਅਤੇ ਸੋਨਮ ਕਪੂਰ ਨੇ ਇਸੇ ਹਿਸਾਬ ਨਾਲ ਇਸ ਮੇਲੇ ਵਿਚ ਹਿੱਸਾ ਲਿਆ। ਰੈੱਡ ਕਾਰਪੈੱਟ ਉਤੇ ਤੁਰਨਾ ਹੁਣ ਸ਼ਾਨ ਸਮਝੀ ਜਾਣ ਲੱਗੀ ਹੈ।
ਸ਼ਬਾਨਾ ਆਜ਼ਮੀ ਮੁਤਾਬਕ ਇਹ ਮੇਲਾ ਸੰਸਾਰ ਭਰ ਦੀਆਂ ਚੰਗੀਆਂ ਫਿਲਮਾਂ ਦਾ ਗੰਭੀਰ ਕੌਮਾਂਤਰੀ ਮੇਲਾ ਹੈ ਅਤੇ ਇਸ ਦਾ ਇਹ ਅਕਸ ਵਿਗੜਨਾ ਨਹੀਂ ਚਾਹੀਦਾ, ਇਸ ਦੀ ਸੰਜੀਦਗੀ ਬਰਕਰਾਰ ਰਹਿਣੀ ਚਾਹੀਦੀ ਹੈ। ਉਨ੍ਹਾਂ ਮੁਤਾਬਕ ਅਜਿਹੇ ਫੈਸ਼ਨ ਸ਼ੋਅਜ਼ ਲਈ ਤਾਂ ਹੋਰ ਬਥੇਰੇ ਮੰਚ ਹਨ, ਇਸ ਲਈ ਕਾਨ ਵਿਚ ਇਸ ਤਰ੍ਹਾਂ ਦੇ ਸ਼ੋਅ ਜੇ ਨਾ ਹੋਣ ਤਾਂ ਚੰਗਾ ਹੈ। ਗੌਰਤਲਬ ਹੈ ਕਿ ਕਾਨ ਫਿਲਮ ਮੇਲਾ 1946 ਵਿਚ ਸ਼ੁਰੂ ਕੀਤਾ ਗਿਆ ਸੀ। ਉਂਝ ਇਸ ਨੂੰ 1930ਵਿਆਂ ਵਿਚ ਫਰਾਂਸ ਦੇ ਸਿੱਖਿਆ ਮੰਤਰੀ ਜੀਨ ਜੇਅ ਵੱਲੋਂ ਸ਼ੁਰੂ ਕਰਵਾਏ ਕੌਮਾਂਤਰੀ ਸਿਨੇਮਾ ਆਟੋਗ੍ਰਾਫਿਕ ਮੇਲੇ ਨਾਲ ਵੀ ਜੋੜਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਕੌਮਾਂਤਰੀ ਸਿਨੇਮਾ ਆਟੋਗ੍ਰਾਫਿਕ ਮੇਲਾ ਹੀ ਅਗਾਂਹ ਜਾ ਕੇ ਕਾਨ ਫਿਲਮ ਮੇਲਾ ਬਣਿਆ। ਉਂਝ ਇਹ ਗੱਲ ਹੈ ਵੀ ਸੱਚ ਕਿ ਇਹ ਮੇਲਾ ਆਏ ਸਾਲ ਆਪਣਾ ਸਰੂਪ ਬਦਲਦਾ ਰਿਹਾ ਹੈ। ਹਰ ਸਾਲ ਇਸ ਮੇਲੇ ਵਿਚ ਕੁਝ ਨਾ ਕੁਝ ਨਵਾਂ ਜੁੜਦਾ ਰਿਹਾ ਹੈ।
1947 ਵਿਚ ਇਸ ਫਿਲਮ ਮੇਲੇ ਵਿਚ ਸਿਰਫ 16 ਦੇਸ਼ਾਂ ਨੇ ਸ਼ਿਰਕਤ ਕੀਤੀ ਸੀ। ਮਗਰੋਂ ਯੂਰਪੀ ਫਿਲਮਾਂ ਲਈ ਇਹ ਮੇਲਾ ਬੜਾ ਵੱਡਾ ਮੰਚ ਸਾਬਤ ਹੋਇਆ। ਫਿਲਮ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਫਿਲਮ ਮੇਲੇ ਨੇ ਵਪਾਰਕ ਅਤੇ ਅਲੋਚਨਾ ਪੱਖੋਂ ਯੂਰਪੀ ਫਿਲਮਾਂ ਨੂੰ ਉਭਾਰਨ ਵਿਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਇਹੀ ਨਹੀਂ, ਹੁਣ ਤਾਂ ਇਸ ਫਿਲਮ ਮੇਲੇ ਦਾ ਘੇਰਾ ਸਮੁੱਚੇ ਸੰਸਾਰ ਤੱਕ ਫੈਲ ਗਿਆ ਹੈ ਅਤੇ ਪੂਰਬੀ ਦੇਸ਼ਾਂ ਨੂੰ ਵੀ ਇਸ ਵਿਚ ਨੁਮਾਇੰਦੀ ਮਿਲਣੀ ਸ਼ੁਰੂ ਹੋ ਗਈ ਹੈ। ਇਸ ਵਾਰ ਭਾਰਤ ਦੀਆਂ ਵੀ ਦੋ ਫਿਲਮਾਂ ਇਸ ਮੇਲੇ ਵਿਚ ਦਿਖਾਈਆਂ ਜਾ ਰਹੀਆਂ ਹਨ। ਇਨ੍ਹਾਂ ਵਿਚੋਂ ਇਕ ਫਿਲਮ ਤਾਂ ਫਿਲਮਸਾਜ਼ ਗੁਰਵਿੰਦਰ ਸਿੰਘ ਵੱਲੋਂ ਪੰਜਾਬੀ ਵਿਚ ਬਣਾਈ ਫਿਲਮ ‘ਚੌਥੀ ਕੂਟ’ ਹੈ ਅਤੇ ਦੂਜੀ ਫਿਲਮ ‘ਮਸਾਣ’ ਫਿਲਮਸਾਜ਼ ਨੀਰਜ ਗਵਾਨ ਨੇ ਬਣਾਈ ਹੈ। ਚੌਥੀ ਕੂਟ ਪੰਜਾਬੀ ਕਹਾਣੀਕਾਰ ਵਰਿਆਮ ਸੰਧੂ ਦੀਆਂ ਦੋ ਕਹਾਣੀਆਂ ਚੌਥੀ ਕੂਟ ਅਤੇ ਹੁਣ ਮੈਂ ਠੀਕ-ਠਾਕ ਹਾਂ ਉਤੇ ਆਧਾਰਤ ਹੈ। ਇਨ੍ਹਾਂ ਕਹਾਣੀਆਂ ਵਿਚ ਪੰਜਾਬ ਦੇ ਉਸ ਸੰਕਟ ਦਾ ਜ਼ਿਕਰ ਕੀਤਾ ਗਿਆ ਹੈ, ਜਦੋਂ ਪੰਜਾਬੀ ਲੋਕ ਦਹਿਸ਼ਤਗਰਦਾਂ ਅਤੇ ਸਰਕਾਰੀ ਦਹਿਸ਼ਤਗਰਦੀ ਵਿਚਾਲੇ ਪਿਸ ਰਹੇ ਸਨ। ਬਹੁਤ ਸਾਰੇ ਕਲਾ ਪ੍ਰੇਮੀਆ ਨੇ ਸ਼ਬਾਨਾ ਆਜ਼ਮੀ ਦੇ ਇਸ ਖਿਆਲ ਦੀ ਡਟ ਕੇ ਹਮਾਇਤ ਕੀਤੀ ਹੈ ਅਤੇ ਕਿਹਾ ਹੈ ਕਿ ਕਾਨ ਫਿਲਮ ਮੇਲੇ ਵਰਗੇ ਗੰਭੀਰ ਮੰਚ ਦੇ ਸਰੋਕਾਰ ਧੁੰਦਲੇ ਨਹੀਂ ਪੈਣੇ ਚਾਹੀਦੇ ਅਤੇ ਉਥੇ ਹੀਰੋਇਨਾਂ ਦੇ ਲਿਬਾਸ ਦੀ ਥਾਂ ਚੰਗੀਆਂ ਫਿਲਮਾਂ ਬਾਰੇ ਹੀ ਚਰਚਾ ਹੋਣੀ ਚਾਹੀਦੀ ਹੈ।